ਡਾ. ਗੁਲਜ਼ਾਰ ਪੰਧੇਰ ਵਾਲੇ ਪੈਨਲ ਦੀ ਹਮਾਇਤ ਹੋਈ ਹੋਰ ਤੇਜ਼
ਅਗਾਂਹਵਧੂ ਲੇਖਕ, ਸੰਘਰਸ਼ਸ਼ੀਲ ਪੱਤਰਕਾਰ ਅਤੇ ਸਮਾਜਿਕ ਤਬਦੀਲੀਆਂ ਬਾਰੇ ਸੁਚੇਤ ਅਤੇ ਸਰਗਰਮ ਰਹਿਣ ਵਾਲੇ ਗੰਭੀਰ ਚਿੰਤਕ ਅਸ਼ੋਕ ਵਸ਼ਿਸ਼ਠ ਨੇ ਜ਼ੋਰਦਾਰ ਅਪੀਲ ਕੀਤੀ ਹੈ ਕਿ ਪੰਜਾਬੀ ਸਾਹਿਤ ਅਕਾਦਮੀ ਦੀਆਂ 30 ਜਨਵਰੀ ਨੂੰ ਹੋ ਰਹੀਆਂ ਚੋਣਾਂ ਵਿੱਚ ਸਰਗਰਮ ਅਤੇ ਜੱਥੇਬੰਦ ਹੋ ਕੇ ਡਾ. ਗੁਲਜ਼ਾਰ ਪੰਧੇਰ ਦੇ ਹੱਕ ਵਿੱਚ ਹੀ ਵੋਟਾਂ ਪਾਉਣ।ਸਾਹਿਤ ਅਤੇ ਸਾਹਿਤ ਅਕਾਦਮੀ ਦੇ ਵਡੇਰੇ ਹਿੱਤਾਂ ਲਈ ਇਹੀ ਸਹੀ ਹੋਵੇਗਾ।
ਜ਼ਿਕਰਯੋਗ ਹੈ ਕਿ ਅਸ਼ੋਕ ਵਸ਼ਿਸ਼ਠ ਹਾਲ ਹੀ ਵਿੱਚ ਪੰਜਾਬੀ ਸਾਹਿਤ ਅਕਾਦਮੀ ਦੀ ਨਵੀਂ ਟੀਮ ਲਈ ਬਿਨਾ ਮੁਕਾਬਲਾ ਪ੍ਰਬੰਧਕੀ ਬੋਰਡ ਦੇ ਮੈਂਬਰ ਚੁਣੇ ਗਏ ਹਨ। ਪ੍ਰਬੰਧਕੀ ਬੋਰਡ ਦੇ ਪੰਦਰਾਂ ਮੈਂਬਰ ਚੁਣੇ ਜਾਣੇ ਹਨ ਜਿਨ੍ਹਾਂ ਵਿਚ ਦੋ ਇਸਤਰੀ ਮੈਂਬਰਾਂ ਵਿਚ ਸ੍ਰੀਮਤੀ ਇੰਦਰਾ ਵਿਰਕ ਅਤੇ ਸ੍ਰੀਮਤੀ ਪਰਮਜੀਤ ਕੌਰ ਮਹਿਕ ਵੀ ਬਿਨ੍ਹਾਂ ਮੁਕਾਬਲਾ ਜੇਤੂ ਹਨ। ਇੱਕ ਮੈਂਬਰ ਹਰਿਆਣਾ, ਹਿਮਾਚਲ ਅਤੇ ਜੰਮੂ ਕਸ਼ਮੀਰ ਤੋਂ ਸ. ਬਲਜੀਤ ਸਿੰਘ ਰੈਣਾਂ ਅਤੇ ਬਾਕੀ ਭਾਰਤ ਵਿਚੋਂ ਸ੍ਰੀ ਅਸ਼ੋਕ ਵਸ਼ਿਸ਼ਠ ਬਿਨ੍ਹਾਂ ਮੁਕਾਬਲਾ ਜੇਤੂ ਹਨ ਜਦ ਕਿ ਗਿਆਰਾਂ ਮੈਂਬਰ ਅਜੇ ਹੋਰ ਚੁਣੇ ਜਾਣੇ ਹਨ। ਇਹਨਾਂ ਬਾਰੇ ਵੀ ਸਹਿਮਤੀ ਦੀਆਂ ਕੋਸ਼ਿਸ਼ਾਂ ਜਾਰੀ ਹਨ।
ਇਸ ਤਰ੍ਹਾਂ ਬਿਨਾ ਮੁਕਾਬਲਾ ਪ੍ਰਬੰਧਕੀ ਬੋਰਡ ਦੇ ਮੈਂਬਰ ਵੱਜੋਂ ਚੁਣੇ ਗਏ ਅਸ਼ੋਕ ਵਸ਼ਿਸ਼ਠ ਨੇ ਕਿਹਾ ਕਿ ਡਾਕਟਰ ਗੁਲਜ਼ਾਰ ਪੰਧੇਰ ਨੂੰ ਜਨਰਲ ਸਕੱਤਰ ਵੱਜੋਂ ਦੇਖਣਾ ਉਹਨਾਂ ਦੀ ਹੀ ਨਹੀਂ ਬਹੁ ਗਿਣਤੀ ਦੀ ਇੱਛਾ ਹੈ ਜਿਸ ਲਈ ਉਹ ਪੂਰਾ ਤਾਣ ਲਾਉਣਗੇ। ਉਹਨਾਂ ਯਾਦ ਕਰਾਇਆ ਕਿ ਡਾ. ਗੁਲਜ਼ਾਰ ਪੰਧੇਰ ਨੇ ਸਾਹਿਤ ਨੂੰ ਲੋਕਾਂ ਲਈ ਸਮਰਪਿਤ ਰੱਖਣ ਦੇ ਮਿਸ਼ਨ ਦੀ ਸਫਲਤਾ ਲਈ ਪੂਰੀ ਉਮਰ ਲਾਈ ਹੈ। ਉਹਨਾਂ ਸਰਕਾਰੀ ਜਬਰ ਅਤੇ ਫਿਰਕੂ ਚੁਣੌਤੀਆਂ ਦਾ ਡਟ ਕੇ ਸਾਹਮਣਾ ਕੀਤਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਦਿਨਰਾਤ ਆਪਣੀ ਡਿਊਟੀ ਨੂੰ ਤਨਦੇਹੀ ਨਾਲ ਨਿਭਾਉਂਦਿਆਂ ਸਾਹਿਤ ਸਿਰਜਣਾ ਅਤੇ ਸਾਹਿਤਿਕ ਸੰਗਠਨਾਂ ਲਈ ਵੀ ਉਚੇਚ ਨਾਲ ਸਮਾਂ ਕੱਢਿਆ ਹੈ। ਖੋਜ ਕਾਰਜਾਂ ਵਿੱਚ ਸਰਗਰਮ ਰਹਿਣ ਦੇ ਨਾਲ ਨਾਲ ਕਿਤਾਬਾਂ ਵੀ ਲਿਖੀਆਂ ਹਨ। ਸਾਹਿਤਕਾਰਾਂ ਦੀ ਨਿਜੀ ਜ਼ਿੰਦਗੀ ਵਾਲੀਆਂ ਔਕੜਾਂ ਵਿਚ ਵੀ ਉਹਨਾਂ ਦੀ ਸਹਾਇਤਾ ਕੀਤੀ ਹੈ ਅਤੇ ਕਦੇ ਇਸਦਾ ਜ਼ਿਕਰ ਆਪਣੀ ਜ਼ੁਬਾਨ ਤੇ ਨਹੀਂ ਆਉਣ ਦਿੱਤਾ।
ਇਸ ਲਈ ਸਾਹਿਤ ਜਗਤ ਦੇ ਵਡੇਰੇ ਹਿੱਤਾਂ ਨੂੰ ਸਾਹਮਣੇ ਰੱਖਦਿਆਂ ਜ਼ਰੂਰੀ ਹੈ ਕਿ ਡਾਕਟਰ ਗੁਲਜ਼ਾਰ ਪੰਧੇਰ ਵਰਗੀਆਂ ਸ਼ਖਸੀਅਤਾਂ ਉਹਨਾਂ ਅਹੁਦਿਆਂ ਤੇ ਬਿਰਾਜਮਾਨ ਹੋਣ ਜਿਨ੍ਹਾਂ ਰਾਹੀਂ ਸਾਹਿਤ ਜਗਤ ਦਾ ਕੁਝ ਸੁਆਰਿਆ ਜਾ ਸਕਦਾ ਹੋਵੇ। ਸਾਡਾ ਨਿਜੀ ਤੌਰ ਤੇ ਕਿਸੇ ਉਮੀਦਵਾਰ ਨਾਲ ਕੋਈ ਵਿਰੋਧ ਨਹੀਂ ਪਰ ਵਿਚਾਰਧਾਰਕ ਅਤੇ ਪ੍ਰਤੀਬੱਧਤਾ ਨੂੰ ਦੇਖਦਿਆਂ ਅਸੀਂ ਡਾਕਟਰ ਗੁਲਜ਼ਾਰ ਪੰਧੇਰ ਦੇ ਨਾਲ ਖੜੇ ਹਾਂ।
ਡਾਕਟਰ ਗੁਲਜ਼ਾਰ ਪੰਧੇਰ ਦੇ ਸਨੇਹੀਆਂ ਵੱਲੋਂ ਚੱਲ ਰਹੀ ਇੱਸੇ ਮੁਹਿੰਮ ਅਧੀਨ ਕਈ ਹੋਰਾਂ ਨੇ ਵੀ ਇਸ ਪੈਨਲ ਦੀ ਹਮਾਇਤ ਕੀਤੀ ਹੈ। ਇਸ ਦਾ ਵੇਰਵਾ ਇਸ ਖਬਰ ਦੇ ਨਾਲ ਹੀ ਦਿੱਤਾ ਗਿਆ ਹੈ।
No comments:
Post a Comment