google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: December 2019

Saturday 28 December 2019

ਗੀਤ ਕੰਧੇ ਸਰਹੰਦ ਦੀਏ ਅਮਰ ਆਡਿਓ ਵੱਲੋਂ ਲੋਕ ਅਰਪਨ

ਪ੍ਰੋਫੈਸਰ ਗੁਰਭਜਨ ਗਿੱਲ ਦਾ ਛੋਟੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਗੀਤ
ਲੁਧਿਆਣਾ: 28 ਦਸੰਬਰ 2019: (ਸਾਹਿਤ ਸਕਰੀਨ)::
ਪ੍ਰੋਫੈਸਰ ਗੁਰਭਜਨ ਗਿੱਲ ਇੱਕ ਅਜਿਹੀ ਸ਼ਖ਼ਸੀਅਤ ਹੈ ਜਿਸ ਨੇ ਸਮੇਂ ਦੀ ਨਬਜ਼ 'ਤੇ ਹੱਥ ਰੱਖ ਕੇ ਉਸ ਦੀ ਚਾਲ ਨੂੰ ਮਹਿਸੂਸ ਕੀਤਾ ਹੈ।  ਉਸ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਉਸਦੀਂ ਚੁਣੌਤੀਆਂ ਦਾ ਸਾਹਮਣਾ ਕੀਤਾ ਹੈ। ਬਿਨਾ ਕਿਸੇ ਸਿਆਸਤ ਦਾ ਲੇਬਲ ਆਪਣੀ ਕਲਮ ਤੇ ਲਗਵਾਏ ਗੁਰਭਜਨ ਗਿੱਲ ਨੇ ਪੰਜਾਬ ਦੀ ਗੱਲ ਵੀ ਕੀਤੀ, ਦੇਸ਼ ਦੀ ਵੀ ਅਤੇ ਵਿਸ਼ਵ ਦੀ ਵੀ। ਜਾਬਰਾਂ, ਹਮਲਾਵਰਾਂ ਅਤੇ ਮਨੁੱਖਤਾ ਦੇ ਵੈਰੀਆਂ ਦੀ ਗੱਲ ਕਰਦਿਆਂ ਉਸਦੀ ਕਲਮ ਨੇ ਕਦੇ ਲਿਹਾਜ਼ ਨਹੀਂ ਕੀਤਾ। ਏਸੇ ਤਰਾਂ ਸ਼ਹੀਦਾਂ ਨੂੰ ਆਪਣੀ ਸ਼ਰਧਾ ਦੇ ਫੁਲ ਅਰਪਿਤ ਕਰਦਿਆਂ ਕਦੇ ਸਿਆਸੀ ਜਾਂ ਮਜ਼ਹਬੀ ਵਿਚਾਰਾਂ ਨੂੰ ਦੀਵਾਰ ਵੀ ਨਹੀਂ ਬਣਨ ਦਿੱਤਾ। ਸਰਹਿੰਦ ਦੀਆਂ ਕੰਧਾਂ ਸਾਡਾ ਉਹ ਇਤਿਹਾਸ ਹੈ ਜਿਸ ਨਾਲ ਬਹੁਤੇ ਅਗਾਂਹਵਧੂ ਕਲਮਕਾਰਾਂ ਨੇ ਇਨਸਾਫ ਨਹੀਂ ਕੀਤਾ। ਉਹ ਆਗਰੇ, ਕਾਨਪੁਰ, ਮੇਰਠ ਦੇ ਨਾਲ ਮਾਸਕੋ ਅਤੇ ਬੀਜਿੰਗ ਦੀਆਂ ਗੱਲਾਂ ਤਾਂ ਕਰਦੇ ਰਹੇ ਪਰ ਸਰਹਿੰਦ ਨੂੰ ਅਕਸਰ ਭੁੱਲ ਜਾਂਦੇ ਰਹੇ। ਸਾਡੇ ਸਮਿਆਂ ਦੇ ਸਰਗਰਮ ਸ਼ਾਇਰ ਪ੍ਰੋਫੈਸਰ ਗੁਰਭਜਨ ਗਿੱਲ ਹੁਰਾਂ ਦਾ ਲਿਖਿਆ ਇੱਕ ਗੀਤ ਸਾਹਮਣੇ ਆਇਆ ਹੈ ਜਿਹੜਾ ਉਹਨਾਂ ਕੁਝ ਸਾਲ ਪਹਿਲਾਂ ਲਿਖਿਆ ਸੀ ਪਰ ਹੁਣ ਇੱਕ ਵਾਰ ਫੇਰ ਚਰਚਾ ਵਿੱਚ ਹੈ;ਦਸੰਬਰ ਦੇ ਮਹੀਨੇ ਦੌਰਾਨ ਜਦੋਂ ਅਸੀਂ ਅਕਸਰ ਹੀ ਸਰਹਿੰਦ ਨੂੰ ਭੁੱਲ ਜਾਂਦੇ ਹਾਂ। ਜਿਹੜੇ ਲੋਕ ਉੱਥੇ ਸਜਦਾ ਕਰਨ ਪਹੁੰਚ ਵੀ ਜਾਂਦੇ ਹਨ ਉਹ ਵੀ ਜੋੜ ਮੇਲੇ ਵਿੱਚ ਘੱਟ ਅਤੇ ਆਪੋ ਆਪਣੀਆਂ ਸਿਆਸੀ ਕਾਨਫਰੰਸਾਂ ਵਿੱਚ ਵਧੇਰੇ ਸ਼ਰਧਾ ਨਾਲ ਸ਼ਾਮਲ ਹੁੰਦੇ ਹਨ।  ਉੱਥੇ ਬਹੁਤਿਆਂ ਲਈ ਗੁਰੂ ਨਾਲੋਂ ਲੀਡਰ ਪਹਿਲਾਂ ਹੁੰਦਾ ਹੈ। ਅਜਿਹੇ ਮਾਹੌਲ ਵਿੱਚ ਜਦੋਂ ਸਿੱਖ ਇਤਿਹਾਸ ਦੇ ਸ਼ਹੀਦਾਂ ਨੂੰ  ਭੁਲਾਇਆ ਜਾ ਰਿਹਾ ਹੈ। ਸਿੱਖ ਇਤਿਹਾਸ ਦਾਨ ਨਿਸ਼ਾਨੀਆਂ ਨੂੰ  ਕਾਰਸੇਵਾ ਅਤੇ ਹੋਰਨਾਂ ਬਹਾਨਿਆਂ ਨਾਲ ਖਤਮ ਕੀਤਾ ਜਾ ਰਿਹਾ ਹੈ ਉਦੋਂ ਸ਼ਬਦ ਗੁਰੂ ਦਾ ਆਸਰਾ ਲੈ ਕੇ ਦਿਲ ਟੁੰਬਵੀਂ ਰਚਨਾ ਦਾ ਸਾਹਮਣੇ ਆਉਣਾ ਸਾਡੇ ਸਾਰਿਆਂ ਲਈ ਫਖਰ ਦੀ ਗੱਲ ਹੈ। 
ਪੰਜਾਬੀ ਸਾਹਿੱਤ ਅਕਾਡਮੀ  ਦੇ ਸਾਬਕਾ ਪ੍ਰਧਾਨ ਤੇ ਪੰਜਾਬੀ ਕਵੀ ਪ੍ਰੋ: ਗੁਰਭਜਨ ਗਿੱਲ ਵੱਲੋਂ ਲਿਖੇ ਗੀਤ ਕੰਧੇ ਸਰਹੰਦ ਦੀਏ, ਅੱਥਰੂ ਨਾ ਕੇਰ ਨੀ। ਦੱਸ ਕਿਹੜੀ ਰਾਤ ਜੀਹਦੀ ਹੁੰਦੀ ਨਾ ਸਵੇਰ ਨੀ... ਇਸ ਗੀਤ ਨੂੰ ਉੱਘੇ ਲੋਕ ਗਾਇਕ ਅਸ਼ਵਨੀ ਵਰਮਾ ਲੁਧਿਆਣਵੀ ਨੇ ਸੁਰੀਲੀ ਤੇ ਦਰਦੀਲੀ ਆਵਾਜ਼ ਚ ਰੀਕਾਰਡ ਕਰਕੇ ਪ੍ਰਸਿੱਧ ਕੰਪਨੀ ਅਮਰ ਆਡਿਉ ਵੱਲੋਂ ਰਿਲੀਜ਼ ਕੀਤਾ ਹੈ। 
ਪਿੰਕੀ ਧਾਲੀਵਾਲ ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੀ ਇਸ ਪੇਸ਼ਕਸ਼ ਨੂੰ ਯੂ ਟਿਊਬ ਤੇ ਹੋਰ ਸੰਚਾਰ ਮਾਧਿਅਮਾਂ ਰਾਹੀਂ ਅੱਜ ਸ਼ਾਮੀਂ ਲੋਕ ਅਰਪਨ ਕਰ ਦਿੱਤਾ ਗਿਆ ਹੈ। 
ਇਸ ਦਾ ਸੰਗੀਤ ਨੌਜਵਾਨ ਸੰਗੀਤਕਾਰ ਕਰਣ ਪ੍ਰਿੰਸ ਨੇ ਦਿੱਤਾ ਹੈ। ਛੋਟੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਸਮਰਪਿਤ ਇਹ ਗੀਤ ਗੁਰਭਜਨ ਗਿੱਲ ਨੇ 2004 ਚ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਤੀਸਰੀ ਸ਼ਤਾਬਦੀ ਵੇਲੇ ਲਿਖਿਆ ਸੀ।
ਇਹ ਗੀਤ ਸਿੱਖ ਸ਼ਹੀਦਾਂ ਦੀਆਂ ਪੇਂਟਿੰਗ ਤੇ ਆਧਾਰਿਤ ਤਸਵੀਰਾਂ ਨਾਲ ਸ਼ੁਰੂ ਹੁੰਦਾ ਹੈ ਅਤੇ ਹਰ ਸਤਰ ਦਿਲ ਨੂੰ ਹਲੂਣਾ ਦੇਂਦੀ ਹੈ। ਦਿਮਾਗ ਨੂੰ ਵੀ ਝੰਜੋੜਦੀ ਹੈ। ਨਵੇਂ ਸਾਲ ਅਤੇ ਕ੍ਰਿਸਮਿਸ ਦੀਆਂ ਵਧਾਈਆਂ ਵਿੱਚ ਗੁਆਚਿਆਂ ਨੂੰ ਉਹਨਾਂ ਸ਼ਹੀਦਾਂ ਦੀ ਯਾਦ ਕਰਾਉਂਦੀ ਹੈ ਜਿਹਨਾਂ ਨੂੰ ਭੁਲਾਉਣ ਦੀਆਂ ਸਾਜ਼ਿਸ਼ਾਂ ਲੰਮੇ ਸਮੇਂ ਤੋਂ ਜਾਰੀ ਹਨ। ਇਸ ਗੀਤ ਨੂੰ ਤੁਸੀਂ ਇਥੇ ਕਲਿੱਕ ਕਰਕੇ ਵੀ ਦੇਖ ਸੁਣ ਸਕਦੇ ਹੋ।  ਕਿਹੋ ਜਿਹਾ ਲੱਗਿਆ ਇਹ ਗੀਤ ਦੱਸਣਾ ਜ਼ਰੂਰ। --ਰੈਕਟਰ ਕਥੂਰੀਆ (+919915322407)

ਪੁਸਤਕ ਚਰਚਾ//ਗਿਆਰਾਂ ਵਿਸ਼ਵ ਪ੍ਰਸਿੱਧ ਕਹਾਣੀਆਂ

ਇੰਦਰਜੀਤ ਪਾਲ ਕੌਰ ਹੁਰਾਂ ਨੇ ਕੀਤਾ ਹੈ ਗਿਆਰਾਂ ਕਹਾਣੀਆਂ ਦਾ ਅਨੁਵਾਦ  
ਲੁਧਿਆਣਾ: 27 ਦਸੰਬਰ 2019: (ਰੈਕਟਰ ਕਥੂਰੀਆ//ਸਾਹਿਤ ਸਕਰੀਨ)::
ਇੰਦਰਜੀਤ ਪਾਲ ਕੌਰ 
ਪੰਜਾਬੀ ਭਵਨ ਦੇ ਖੁੱਲੇ ਗਰਾਊਂਡ ਨੁਮਾ ਪਾਰਕ ਵਿੱਚ ਇੱਕ ਦੀਵਾਰ ਡਾਕਖਾਨੇ ਨਾਲ ਲੱਗਦੀ ਹੈ। ਪਰਲੇ ਪਾਸੇ ਡਾਕਖਾਨਾ ਅਤੇ ਏਧਰਲੇ ਪਾਸੇ ਪੰਜਾਬੀ ਭਵਨ ਦੇ ਉੱਚੇ ਲੰਮੇ ਦਰੱਖਤਾਂ ਦੀ ਕਤਾਰ ਅਤੇ ਜ਼ਮੀਨ ਤੇ ਬੜੇ ਹੀ ਸਲੀਕੇ ਨਾਲ ਉਗਾਏ ਗਏ ਵੱਖ ਵੱਖ ਤਰਾਂ ਦੇ ਰੰਗ ਬਿਰੰਗੇ ਫੁੱਲ। ਇਹਨਾਂ ਉੱਤੇ ਮੰਡਰਾਉਂਦੀਆਂ ਤਿਤਲੀਆਂ ਏਥੋਂ ਦੇ ਕੁਦਰਤੀ ਨਜ਼ਾਰਿਆਂ ਨੂੰ ਚਾਰ ਚੰਨ ਲਾਉਂਦੀਆਂ ਹਨ। ਪੰਜਾਬੀ ਭਵਨ ਦੇ ਇਸ ਕਿਨਾਰੇ ਤੇ ਪਏ ਕਿਸੇ ਬੈਂਚ ਤੇ ਧੁੱਪ ਸਕਦੀ ਪ੍ਰਿੰਸੀਪਲ ਇੰਦਰਜੀਤ ਪਾਲ ਕੌਰ ਅਕਸਰ ਦੇਖੀ ਜਾ ਸਕਦੀ ਹੈ। ਪਿੱਠ ਪੰਜਾਬੀ ਭਵਨ ਦੇ ਖੁੱਲੇ ਗਰਾਊਂਡ ਵੱਲ ਅਤੇ ਮੂੰਹ ਡਾਕਖਾਨੇ ਵਾਲੀ ਦੀਵਾਰ ਵੱਲ। ਪੂਰੀ ਤਰਾਂ ਲਿਖਣ ਵਿੱਚ ਧਿਆਨ ਮਗਨ। ਵਿੱਚ ਵਿਚਾਲੇ ਕਦੇ ਕਦਾਈਂ ਸਾਹਿਤ ਅਕਾਦਮੀ ਦੇ ਦਫਤਰ ਵਾਲੇ ਕਮਰੇ ਵਿੱਚੋਂ "ਮਨ ਦੇ ਮੋਤੀ" ਵਾਲੀ ਸੁਰਿੰਦਰ ਦੀਪ ਕੌਰ ਆ ਬੁਲਾਉਂਦੀ ਹੈ। ਉਦੋਂ ਚਾਹ ਜਾਂ ਲੰਚ ਦੀ ਬਰੇਕ ਸਮਝੋ। ਵਰਨਾ ਇੰਦਰਜੀਤ ਪਾਲ ਕੌਰ ਹੁਰਾਂ ਨੇ ਉਸ ਬੈਂਚ ਤੇ ਹੀ ਆਪਣਾ ਲੰਚ ਬਾਕਸ ਖੋਹਲ ਕੇ ਲੰਚ ਕਰ ਲੈਣਾ ਹੈ। ਇਸ ਤਰਾਂ ਕੁਦਰਤ ਦੇ ਨੇੜੇ ਨੇੜੇ ਅਤੇ ਪੂਰੀ ਤਰਾਂ ਧਿਆਨ ਮਗਨ ਹੋ ਕੇ ਚੱਲਦੀ ਇਸ ਰਚਨਾ ਪ੍ਰਕਿਰਿਆ ਦੌਰਾਨ ਹੀ ਰਚੀ ਗਈ ਹੈ 138 ਸਫ਼ਿਆਂ ਦੀ ਪੁਸਤਕ "ਗਿਆਰਾਂ ਵਿਸ਼ਵ ਪ੍ਰਸਿੱਧ ਕਹਾਣੀਆਂ"। ਊਸ਼ਾ ਪ੍ਰੀਆਵੰਦਾ, ਸ਼ੇਖਰ ਜੋਸ਼ੀ ਅਤੇ ਅੰਮ੍ਰਿਤਲਾਲ ਨਾਗਰ ਸਮੇਤ ਦੁਨੀਆ ਦੀਆਂ ਦੂਜੀਆਂ ਭਾਸ਼ਾਵਾਂ ਦੇ ਲੇਖਕਾਂ ਦੀਆਂ ਕਹਾਣੀਆਂ ਹਨ। ਇਹਨਾਂ ਲੇਖਕਾਂ ਵਿੱਚ ਓ ਹੈਨਰੀ, ਐਂਟਨ ਚੈਖ਼ੋਵ, ਹੋਨੋਰ ਡਿ ਬਾਲਜ਼ਾਕ, ਲਿਓ ਟਾਲਸਟਾਏ, ਪਰਲ ਐਸ ਬੱਕ, ਕੈਥਰੀਨ ਮੇਨਸਫੀਲਡ ਅਤੇ ਸਾਲ ਬੇਲੋ। ਇਹ ਕਹਾਣੀਆਂ ਸਾਡੇ ਸਾਂਝੇ ਸੁੱਖਾਂ ਦੁੱਖਾਂ ਦੀ ਬਾਤ ਪਾਉਂਦੀਆਂ ਹਨ। ਇਹ ਦੱਸਦੀਆਂਹਨ ਕਿ ਸਾਡੀਆਂ ਮਜਬੂਰੀਆਂ, ਸਾਡੀਆਂ ਬੇਬਸੀਆਂ, ਸਾਡੇ ਹੰਝੂ, ਸਾਡੇ ਗਮ, ਸਾਡੀਆਂ ਖੁਸ਼ੀਆਂ, ਸਾਡੀਆਂ ਇੱਛਾਵਾਂ, ਸਾਡੇ ਹਾਲਾਤ ਤਕਰੀਬਨ ਸਾਰੀ ਦੁਨੀਆ ਵਿੱਚ ਇੱਕੋ ਜਿਹੇ ਹੀ ਹਨ। ਅਸੀਂ ਇੱਕ ਦੂਜੇ ਕੋਲੋਂ ਬਹੁਤੇ ਵੱਖਰੇ ਨਹੀਂ ਹਾਂ। ਫਿਰ ਵੀ ਅਸੀਂ ਸਿਆਸੀ ਨਕਸ਼ਿਆਂ ਅਤੇ ਦਿਲਾਂ ਦਿਮਾਗਾਂ ਦੇ ਨਕਸ਼ਿਆਂ 'ਤੇ ਕਿੰਨੀਆਂ ਲਕੀਰਾਂ ਖਿੱਚੀਆਂ ਹੋਈਆਂ ਹਨ। ਇੰਦਰਜੀਤ ਪਾਲ ਕੌਰ ਹੁਰਾਂ ਨੇ ਸਾਡੇ ਦੁੱਖਾਂ ਸੁੱਖਾਂ ਦੇ ਸਿਲਸਲੇ ਨੂੰ ਕਹਾਣੀਆਂ ਰਾਹੀਂ ਇੱਕੋ ਜਿਲਦ ਵਿੱਚ ਲਿਆ ਕੇ ਸਾਨੂੰ ਹੌਂਸਲਾ ਵੀ ਦਿੱਤਾ ਹੈ ਜਿਹੜਾ ਆਖਦਾ ਹੈ- 
ਦੁਨੀਆ ਮੈਂ ਕਿਤਨਾ ਗਮ ਹੈ!
ਮੇਰਾ ਗਮ ਕਿਤਨਾ ਕਮ ਹੈ!
ਇੰਦਰਜੀਤ ਪਾਲ ਕੌਰ ਆਪਣੀ ਇਸ ਸਫਲ ਪ੍ਰਾਪਤੀ ਬਾਰੇ ਦੱਸਦੀ ਹੈ ਕਿ ਇਹ ਇੱਕ ਔਖਾ ਕੰਮ ਸੀ। ਇਸ ਮਕਸਦ ਲਈ ਲੰਮੀ ਸਾਧਨਾ ਕਰਨੀ ਪਈ। ਦਿਨ-ਰਾਤ ਇੱਕ ਕਰਕੇ ਵੀ ਇੱਕ ਸਾਲ ਤੋਂ ਵਧੇਰੇ ਸਮਾਂ ਇਹਨਾਂ ਕਹਾਣੀਆਂ ਦੇ ਅਨੁਵਾਦ ਤੇ ਲੱਗ ਗਿਆ। ਇਹ ਕਿਤਾਬ ਬਿਨਾ ਕਿਸੇ ਭੂਮਿਕਾ ਜਾਂ ਮੁੱਖਬੰਦ ਤੋਂ ਤੁਹਾਨੂੰ ਸਿੱਧਾ ਕਹਾਣੀਆਂ ਵੱਲ ਲੈ ਜਾਂਦੀ ਹੈ ਅਤੇ ਅਖੀਰ ਤੱਕ ਕਹਾਣੀਆਂ ਸੁਣਾਉਂਦੀ ਹੈ। ਜਿਲਦ ਤੋਂ ਇਲਾਵਾ 138 ਸਫ਼ਿਆਂ ਵਾਲੀ ਇਸ ਪੁਸਤਕ ਦੀ ਕੀਮਤ ਹੈ ਸਿਰਫ 200/-ਰੁਪਏ ਅਤੇ ਇਸ ਨੂੰ ਬਹੁਤ ਹੀ ਖੂਬਸੂਰਤ ਦਿੱਖ ਅਤੇ ਛਪਾਈ ਵਿੱਚ ਪ੍ਰਕਾਸ਼ਿਤ ਕੀਤਾ ਹੈ ਚੇਤਨਾ ਪ੍ਰਕਾਸ਼ਨ ਵਾਲੇ ਸਤੀਸ਼ ਗੁਲਾਟੀ ਹੁਰਾਂ ਨੇ। ਕੁਲ ਮਿਲਾ ਕੇ ਇਹ ਪੁਸਤਕ ਪੜ੍ਹਨ ਵਾਲੀ ਵੀ ਹੈ ਅਤੇ ਸੌਗਾਤ ਵੱਜੋਂ ਦੇਣ ਵਾਲੀ ਵੀ। --ਰੈਕਟਰ ਕਥੂਰੀਆ 

Tuesday 24 December 2019

ਪ੍ਰਿੰ. ਪ੍ਰੇਮ ਸਿੰਘ ਬਜਾਜ ਦੇ ਦੇਹਾਂਤ ਤੇ ਡੂੰਘੇ ਦੁੱਖ ਤੇ ਅਫ਼ਸੋਸ ਦਾ ਪ੍ਰਗਟਾਵਾ

Tuesday: 24th December: 5:49 PM
ਪੰ.ਸਾ.ਅਕਾ. ਦੀ ਰੈਫ਼ਰੈਂਸ ਲਾਇਬ੍ਰੇਰੀ ਦੇ ਡਾਇਰੈਕਟਰ ਸਨ ਪ੍ਰਿੰਸੀਪਲ ਬਜਾਜ 
ਇੱਕ ਮੁਲਾਕਾਤ ਦੌਰਾਨ ਪੰਜਾਬ ਸਕਰੀਨ ਲਈ  ਆਪਣੇ ਸ਼ਗਿਰਦ ਪੱਤਰਕਾਰ ਐਮ ਐਸ ਭਾਟੀਆ ਨਾਲ ਗੱਲਬਾਤ ਕਰਦਿਆਂ ਪ੍ਰਿੰਸੀਪਲ ਪ੍ਰੇਮ ਸਿੰਘ ਬਜਾਜ 
ਲੁਧਿਆਣਾ: 24 ਦਸੰਬਰ 2019: (ਸਾਹਿਤ ਸਕਰੀਨ ਬਿਊਰੋ)::
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਅਹੁਦੇਦਾਰਾਂ ਅਤੇ ਸਮੂਹ ਮੈਂਬਰਾਂ ਵਲੋਂ ਰੈਫ਼ਰੈਂਸ ਲਾਇਬ੍ਰੇਰੀ ਦੇ ਡਾਇਰੈਕਟਰ ਅਤੇ ਉੱਘੇ ਸਿੱਖਿਆ ਸ਼ਾਸਤਰੀ ਪ੍ਰਿੰ. ਪ੍ਰੇਮ ਸਿੰਘ ਬਜਾਜ ਸਾਬਕਾ ਪ੍ਰਿੰਸੀਪਲ ਲਾਜਪਤ ਰਾਏ ਮੈਮੋਰੀਅਲ ਕਾਲਜ ਜਗਰਾਉਂ ਦੇ ਦੇਹਾਂਤ 'ਤੇ ਡੂੰਘੇ ਦੁੱਖ ਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਗਿਆ ਹੈ। ਅੱਜ ਸ਼ਾਮੀ 4.45 ਵਜੇ ਉਹਨਾਂ ਦਾ ਦੇਹਾਂਤ ਹੋ ਗਿਆ। ਪ੍ਰਿੰ. ਪ੍ਰੇਮ ਸਿੰਘ ਬਜਾਜ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਾਬਕਾ ਜਨਰਲ ਸਕੱਤਰ ਅਤੇ ਪਿਛਲੇ ਤਿੰਨ ਦਹਾਕਿਆਂ ਤੋਂ ਰੈਫ਼ਰੈਂਸ ਲਾਇਬ੍ਰੇਰੀ ਦੇ ਡਾਇਰੈਕਟਰ ਸਨ। ਸੰਨ 1947 ਵਿਚ ਦੇਸ਼ ਵੰਡ ਸਮੇਂ ਉਹ ਪਾਕਿਸਤਾਨ ਤੋਂ ਆਏ, ਇਧਰ ਆ ਕੇ ਇਕ
ਕਲਰਕ ਤੋਂ ਲੈ ਕੇ ਕਾਲਜ ਦੇ ਪ੍ਰਿੰਸੀਪਲ ਤੱਕ ਦੀ ਯਾਤਰਾ ਉਹਨਾਂ ਦੇ ਸਿਰੜ ਦੀ ਗਵਾਹੀ ਭਰਦੀ ਹੈ। ਉਹ ਲੰਮਾ ਸਮਾਂ ਲਾਜਪਤ ਰਾਏ ਮੈਮੋਰੀਅਲ ਕਾਲਜ ਜਗਰਾਉਂ ਦੇ ਪ੍ਰਿੰਸੀਪਲ ਰਹੇ ਅਤੇ ਉਹਨਾਂ ਦੇ ਯਤਨਾਂ ਸਦਕਾ ਹੀ ਇਹ ਕਾਲਜ ਡੀ. ਏ. ਵੀ. ਸੰਸਥਾਵਾਂ ਵਿਚ ਸ਼ਾਮਲ ਹੋਇਆ।
ਯਾਦ ਰਹੇ ਕਿ ਪ੍ਰਿੰ. ਬਜਾਜ 89 ਸਾਲਾਂ ਦੀ ਉਮਰ ਦੇ ਸਨ। ਉਹ ਆਪਣੇ ਪਿੱਛੇ ਆਪਣੀ ਜੀਵਨ ਸਾਥਣ ਆਗਿਆ ਕੌਰ, ਬੇਟਾ ਤੇਜਿੰਦਰਪਾਲ ਸਿੰਘ ਅਤੇ ਬੇਟੀ ਹਰਪ੍ਰੀਤ ਕੌਰ ਛੱਡ ਗਏ ਹਨ। ਉਹਨਾਂ ਡੀ. ਏ. ਵੀ. ਪਬਲਿਕ ਸਕੂਲ ਮੁਕੰਦਪੁਰ (ਨਵਾਂ ਸ਼ਹਿਰ) ਦੇ ਵੀ ਬਾਨੀ ਪ੍ਰਿੰਸੀਪਲ ਸਨ।
ਅਕਾਡਮੀ ਦੇ ਸਾਬਕਾ ਪ੍ਰਧਾਨ ਡਾ. ਸਰਦਾਰਾ ਸਿੰਘ ਜੌਹਲ ਨੇ ਪ੍ਰਿੰ. ਪ੍ਰੇਮ ਸਿੰਘ ਬਜਾਜ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਡਾ. ਪਰਮਿੰਦਰ ਸਿੰਘ ਤੋਂ ਬਾਅਦ ਅਕਾਡਮੀ ਦੀ ਰੀੜ ਦੀ ਹੱਡੀ ਸਨ ਜਿਹਨਾਂ ਨੇ ਰੈਫ਼ਰੈਂਸ ਲਾਇਬ੍ਰੇਰੀ ਨੂੰ 62 ਹਜ਼ਾਰ ਪੁਸਤਕਾਂ ਦੇ ਭੰਡਾਰ ਤੀਕ ਪਹੁੰਚਾਇਆ।
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਪ੍ਰੋ. ਰਵਿੰਦਰ ਸਿੰਘ ਭੱਠਲ ਅਤੇ ਜਨਰਲ
ਸਕੱਤਰ ਡਾ. ਸੁਰਜੀਤ ਸਿੰਘ ਨੇ ਡੂੰਘੇ ਦੁੱਖ ਦਾ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪ੍ਰਿੰ. ਪ੍ਰੇਮ ਸਿੰਘ ਬਜਾਜ ਸਾਡੇ ਸਾਰਿਆਂ ਦੇ ਪਿਤਾ ਸਮਾਨ ਸਨ। ਉਹਨਾਂ ਦੀ ਹਾਜ਼ਰੀ ਸਦਕਾ ਸਾਨੂੰ ਪੰਜਾਬੀ ਭਵਨ ਭਰਿਆ ਭਰਿਆ ਲਗਦਾ ਸੀ। ਉਹਨਾਂ  ਦਸਿਆ ਕਿ ਬਜਾਜ ਸਾਹਿਬ ਬਹੁ ਭਾਸ਼ਾਈ ਵਿਦਵਾਨ ਸਨ। 1994 ਤੋਂ ਭਾਸ਼ਾ ਵਿਭਾਗ ਪੰਜਾਬ ਦੀਆਂ ਉਰਦੂ ਆਮੋਜ਼ ਕਲਾਸਾਂ ਦੀ ਸਿਖਲਾਈ ਲਈ ਆਖਰੀ ਸੁਆਸਾਂ ਤੱਕ ਨਿਰੰਤਰਤਾ ਬਰਕਰਾਰ ਰੱਖੀ।
ਇਸ ਮੌਕੇ ਅਕਾਡਮੀ ਦੇ ਸਾਬਕਾ ਪ੍ਰਧਾਨ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ, ਸ੍ਰੀ ਦਰਸ਼ਨ ਬੁੱਟਰ, ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ ਨੇ ਸ਼ੌਕ ਸੰਦੇਸ਼ ਭੇਜਿਆ ਹੈ। ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਅਕਾਡਮੀ ਵਿਚ ਹਾਜ਼ਰ ਸਨ। ਉਹਨਾਂ ਕਿਹਾ ਕਿ ਪ੍ਰਿੰ. ਬਜਾਜ ਉਹਨਾਂ ਦੇ ਪਹਿਲੇ ਪੱਕੇ ਰੁਜ਼ਗਾਰ ਦਾਤਾ ਸਨ। ਪ੍ਰੋ. ਗਿੱਲ ਖ਼ੁਦ ਲਾਜਪਤ ਰਾਏ ਮੈਮੋਰੀਅਲ ਕਾਲਜ ਜਗਰਾਉਂ ਵਿਚ ਪੜ੍ਹਾਉਂਦੇ ਰਹੇ ਹਨ। ਪ੍ਰਿੰ. ਪ੍ਰੇਮ ਸਿੰਘ ਬਜਾਜ ਉਹ ਦੂਰਦਰਸ਼ੀ ਸਿੱਖਿਆ ਸ਼ਾਸਤਰੀ ਸਨ ਜਿਹਨਾਂ ਨੇ 1965 ਵਿਚ ਖੁਦ ਗ਼ਦਰ ਲਹਿਰ ਦੇ ਬਾਨੀ ਬਾਬਾ ਸੋਹਨ ਸਿੰਘ ਭਕਨਾ ਅਤੇ ਸਿਰਕੱਢ ਦੇਸ਼ ਭਗਤ ਅਤੇ ਚੋਟੀ ਦੇ ਕਵੀ ਮੁਨਸ਼ਾ ਸਿੰਘ ਦੁਖੀ ਦੀਆਂ ਵਿਸ਼ਾਲ ਮੁਲਾਕਾਤਾਂ ਕਰਕੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਤ੍ਰੈ ਮਾਸਿਕ ਪੱਤਰ ਆਲੋਚਨਾ ਵਿਚ ਪ੍ਰਕਾਸ਼ਤ ਕੀਤੀਆਂ ਜਿਹਨਾਂ ਨੂੰ 2004 ਵਿਚ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਸੰਪਾਦਤ ਕਰਕੇ ਦੋ ਪੈੜਾਂ ਇਤਿਹਾਸ ਦੇ ਨਾਂ ਹੇਠ ਪ੍ਰਕਾਸ਼ਿਤ ਕੀਤਾ ਗਿਆ।
ਅਫ਼ਸੋਸ ਦਾ ਪ੍ਰਗਟਾਵਾ ਕਰਨ ਵਾਲਿਆਂ ਵਿਚ ਡਾ. ਸੁਰਜੀਤ ਪਾਤਰ, ਡਾ. ਗੁਰਇਕਬਾਲ ਸਿੰਘ, ਸਹਿਜਪ੍ਰੀਤ ਸਿੰਘ ਮਾਂਗਟ, ਡਾ. ਗੁਲਜ਼ਾਰ ਸਿੰਘ ਪੰਧੇਰ, ਮਨਜੀਤ ਕੌਰ ਅੰਬਾਲਵੀ, ਖੁਸ਼ਵੰਤ ਸਿੰਘ ਬਰਗਾੜੀ, ਭੁਪਿੰਦਰ ਸਿੰਘ ਸੰਧੂ, ਮਨਜਿੰਦਰ ਸਿੰਘ ਧਨੋਆ, ਡਾ. ਜਗਵਿੰਦਰ ਜੋਧਾ, ਤ੍ਰੈਲੋਚਨ ਲੋਚੀ, ਸ੍ਰੀ ਰਾਮ ਅਰਸ਼, ਭਗਵੰਤ ਰਸੂਲਪੁਰੀ, ਕਮਲਜੀਤ ਨੀਲੋਂ, ਜਸਵੀਰ ਝੱਜ,
ਡਾ. ਸੁਦਰਸ਼ਨ ਗਾਸੋ, ਸੁਦਰਸ਼ਨ ਗਰਗ, ਤਰਸੇਮ, ਡਾ. ਸ਼ਰਨਜੀਤ ਕੌਰ, ਅਮਰਜੀਤ ਕੌਰ ਹਿਰਦੇ, ਸੁਰਿੰਦਰ ਨੀਰ, ਗੁਲਜ਼ਾਰ ਸਿੰਘ ਸ਼ੌਂਕੀ, ਪ੍ਰੇਮ ਸਾਹਿਲ, ਜਨਮੇਜਾ ਸਿੰਘ ਜੌਹਲ, ਸਤੀਸ਼ ਗੁਲਾਟੀ, ਸੁਰਜੀਤ ਸਿੰਘ ਲਾਂਬੜਾ, ਸਤਿਬੀਰ ਸਿੰਘ, ਪਰਮਜੀਤ ਸਿੰਘ ਸੋਹਲ, ਡਾ. ਗੁਰਚਰਨ ਕੌਰ ਕੋਚਰ, ਸੁਰਿੰਦਰ ਦੀਪ ਸਮੇਤ ਸਥਾਨਕ ਲੇਖਕ ਸ਼ਾਮਲ ਹਨ।


"ਅਣੂ" ਦੇ ਵਿਸ਼ੇਸ਼ ਅੰਕ ਲਈ ਕਹਾਣੀਆਂ ਭੇਜਣ ਦਾ ਸੱਦਾ

Tuesday: 24th December 2019:1:12 PM
ਅਣੂ (ਮਿੰਨੀ ਪੱਤ੍ਰਿਕਾ) ਦਾ ਆਗਾਮੀ ਵਿਸ਼ੇਸ਼ ਅੰਕ ਕਿਸਾਨੀ ਜਨ ਜੀਵਨ ਹੋਵੇਗਾ
ਲੁਧਿਆਣਾ: 24 ਦਸੰਬਰ 2019: (ਰੈਕਟਰ ਕਥੂਰੀਆ//ਸਾਹਿਤ ਸਕਰੀਨ ਬਿਊਰੋ)::
ਬੜੀ ਹੀ ਸਿਦਕਦਿਲੀ ਨਾਲ ਅਣੂ ਨਾਮ ਦੀ ਮਿੰਨੀ ਪਤ੍ਰਿਕਾ ਨੂੰ ਲਗਾਤਾਰ ਚਾਰ ਦਹਾਕਿਆਂ ਓਂ ਵੀ ਵੱਧ ਸਮੇਂ ਤੋਂ ਕੱਢਦੇ ਆ ਰਹੇ ਜਨਾਬ ਸੁਰਿੰਦਰ ਕੈਲੇ ਹੁਰਾਂ ਦਾ ਸ੍ਰੀਦ ਅਜੇ ਵੀ ਜਾਰੀ ਹੈ। ਜ਼ਿੰਦਗੀ ਦੇ ਬਹੁਤ ਸਾਰੇ ਰੁਝੇਵਿਆਂ ਦੇ ਬਾਵਜੂਦ ਉਹ ਸਾਹਿਤ ਰਚਨਾ ਰੇ ਸਾਹਿਤਿਕ ਸਰਗਰਮੀਆਂ ਲਈ ਸਮਾਂ ਕੱਢ ਹੀ ਲੈਂਦੇ ਹਨ। ਜਦੋਂ ਨਕਸਲਬਾੜੀ ਲਹਿਰ ਦਾ ਜ਼ੋਰ ਸੀ ਉਦੀਂ ਵੀ ਅਤੇ ਜਦੋਂ ਸਿੱਖ ਖਾੜਕੂ ਲਹਿਰ ਅਸਮਾਨੀਂ ਚੜ੍ਹੀ ਉਦੋਂ ਵੀ ਸੁਰਿੰਦਰ ਕੈਲੇ ਹੁਰਾਂ ਨਾ ਤਾਂ ਆਪਣੇ ਵਿਚਾਰ ਬਦਲੇ ਅਤੇ ਨਾ ਹੀ ਸਰਗਰਮੀਆਂ ਛੱਡੀਆਂ। ਅਣੂ ਉਦੋਂ ਵੀ ਜਾਰੀ ਰਿਹਾ। ਇਹ ਸਾਰਾ ਕੁਝ ਬਿਨਾ ਕਿਸੇ ਇਸ਼ਤਿਹਾਰ ਦੇ ਆਪਣੇ ਪੱਲਿਓਂ ਕਰਨਾ ਕਿਸੇ ਸਾਧਨਾ ਤੋਂ ਘੱਟ ਨਹੀਂ। "ਅਣੂ" ਨੂੰ ਚਾਹੁਣ ਵਾਲੇ  ਦੇਸ਼ ਵਿੱਚ ਵੀ ਹਨ ਅਤੇ ਵਿਦੇਸ਼ਾਂ ਵਿੱਚ ਵੀ। ਸੁਰਿੰਦਰ ਕੈਲੇ ਹੁਰਾਂ ਦਾ ਇੱਕ ਇਸ਼ਾਰਾ ਸਰਦੇ ਪੁੱਜਦੇ ਲੋਕਾਂ ਕੋਲੋਂ ਇਸ਼ਤਿਹਾਰਾਂ ਦਾ ਹੜ੍ਹ ਲਿਆ ਸਕਦਾ ਹੈ ਪਰ ਉਹਨਾਂ ਕਦੇ ਕਿਸੇ ਨੂੰ ਨਹੀਂ ਕਿਹਾ। ਅਣੂ ਦਾ ਇਹੀ ਆਕਾਰ, ਇਹੀ ਅੰਦਾਜ਼ ਲਗਾਤਾਰ ਜਾਰੀ ਹੈ ਬਿਨਾ ਕਿਸੇ ਕੋਲੋਂ ਕੋਈ ਮਦਦ ਮੰਗਿਆਂ। ਕਿ ਵਾਰ ਮਨ ਵਿੱਚ ਆਉਂਦਾ ਹੈ ਅਣੂ ਦਾਨ ਸਾਰੀਆਂ ਪੁਰਾਣੀਆਂ ਫਾਈਲਾਂ ਨੂੰ ਨੂੰ ਸਾਰੀਆਂ ਪ੍ਰਸਿੱਧ ਲਾਇਬ੍ਰੇਰੀਆਂ ਤੱਕ ਪਹੁੰਚਾਇਆ ਜਾਵੇ।  ਸਮੇਂ ਦਾ ਸੱਚ ਬੋਲਣ ਵਾਲੀ ਇਸ ਮਿੰਨੀ ਪੱਤ੍ਰਿਕਾ ਤੋਂ ਖੋਜ ਕਰਨ ਵਾਲੇ ਬਹੁਤ ਸਾਰੇ ਇੱਛੁਕ ਸ਼ਾਇਦ ਇਹਨਾਂ ਫਾਈਲਾਂ ਤੋਂ ਕੋਈ ਲਾਹਾ ਲੈ ਸਕਣ। ਹੁਣ ਕੈਲੇ ਹੁਰਾਂ ਨੇ ਕਿਸਾਨੀ ਮਸਲਿਆਂ ਬਾਰੇ ਅਣੂ ਦਾ ਵਿਸ਼ੇਸ਼ ਅੰਕ ਕੱਢਣ ਵਾਲਾ ਐਲਾਨ ਕੀਤਾ ਹੈ। ਜਦੋਂ ਕਿਸਾਨ ਖੁਦਕੁਸ਼ੀਆਂ ਕਰ ਰਿਹਾ ਹੈ। ਉਹ ਵੀ ਉਦੋਂ ਜਦੋਂ ਉਸ ਕੋਲੋਂ ਦਸ ਪੰਦਰਾਂ ਰੁਪਏ ਕਿੱਲੋ ਖਰੀਦਿਆ ਪਿਆਜ਼ ਸੌ  ਸੌ ਰੁਪਏ ਕਿੱਲੋ ਤੋਂ ਵੱਧ ਦੇ ਭਾਅ ਵਿਕ ਰਿਹਾ ਹੈ। ਸੱਤਾ ਅਤੇ ਆਪੋਜੀਸ਼ਨ ਵਿੱਚ ਬੈਠੀਆਂ ਸਿਆਸੀ ਪਾਰਟੀਆਂ ਸਰਕਾਰਾਂ ਸਮੇਤ ਕਿਸਾਨਾਂ ਦੀ ਭਲਾਈ ਦਾ ਖੇਖਣ ਕਰ ਰਹੀਆਂ ਹਨ। ਉਸ ਹਾਲਤ ਵਿੱਚ ਅਣੂ ਦੇ ਕਿਸਾਨੀ ਜੀਵਨ ਬਾਰੇ ਵਿਸ਼ਹਿਸ ਅੰਕ ਦਾ ਐਲਾਨ ਬਹੁਤ ਅਰਥਭਰਪੂਰ ਹੈ। ਕਿਸਾਨੀ ਜ਼ਿੰਦਗੀ ਬਾਰੇ ਸਮਝ ਰੱਖਣ ਵਾਲੇ ਆਪਣੀਆਂ ਕਹਾਣੀਆਂ ਛੇਤੀ ਨਾਲ ਦੱਸੇ ਗਏ ਪਤੇ ਤੇ ਭੇਜ ਦੇਣ। 
ਸਰਦਾਰ ਕੈਲੇ ਦੇ ਐਲਾਨ ਮੁਤਾਬਿਕ ਅਦਾਰਾ ਅਣੂ ਮੰਚ ਦੇ ਸਾਹਿਤਕ ਮਿੰਨੀ ਪੱਤਰ ਅਣੂ ਵਲੋਂ ਸਮੇਂ ਸਮੇਂ ਵਿਸ਼ੇਸ਼ ਅੰਕ ਪ੍ਰਕਾਸ਼ਿਤ ਕੀਤੇ ਜਾਂਦੇ ਹਨ। ਇਸੇ ਲੜੀ ਅਧੀਨ ਅਗਾਮੀ ਮਿੰਨੀ ਕਹਾਣੀ ਵਿਸ਼ੇਸ਼ ਅੰਕ 'ਕਿਸਾਨੀ ਜਨ ਜੀਵਨ' ਪ੍ਰਕਾਸ਼ਿਤ ਕੀਤਾ ਜਾਵੇਗਾ।
ਉਪਰੋਕਤ ਜਾਣਕਾਰੀ ਦਿੰਦਿਆਂ ਅਣੂ ਦੇ ਸੰਪਾਦਕ ਸ੍ਰੀ ਸੁਰਿੰਦਰ ਕੈਲੇ ਨੇ ਦਸਿਆ ਕਿ ਇਸ ਵਿਸ਼ੇਸ਼ ਅੰਕ ਵਿਚ ਕਿਸਾਨੀ ਪਰਿਵਾਰਕ, ਸਮਾਜਿਕ, ਆਰਥਿਕ, ਧਾਰਮਿਕ ਜੀਵਨ ਦੇ ਨਾਲ ਕਿਸਾਨੀ ਮਸਲੇ, ਮਾਨਸਿਕਤਾ ਆਦਿ ਸੰਬੰਧੀ ਕਹਾਣੀਕਾਰਾਂ ਨੂੰ ਆਪਣੀਆਂ ਨਵੀਆਂ ਅਣਛਪੀਆਂ ਦੋ ਦੋ ਮਿੰਨੀ ਕਹਾਣੀਆਂ ਭੇਜਣ ਦੀ ਬੇਨਤੀ ਕੀਤੀ ਜਾਂਦੀ ਹੈ। ਕਹਾਣੀਆਂ ਸਤਲੁਜ ਫ਼ੌਂਟ ਵਿਚ ਈਮੇਲ (kailayanu0gmail.com) ਤੇ ਪੀ.ਡੀ.ਐਫ ਅਤੇ ਵਰਡ ਫਾਈਲ ਜਾਂ ਡਾਕ ਰਾਹੀਂ ਅਣੂ ਦੇ ਪਤੇ ਤੇ ਭੇਜੀਆਂ ਜਾ ਸਕਦੀਆਂ ਹਨ।
ਸੁਰਿੰਦਰ ਕੈਲੇ, ਸੰਪਾਦਕ ਅਣੂ, ਮੋਬਾਈਲ ਨੰਬਰ: +9198725-91653

ਸਮੇਂ ਦਾ ਸੱਚ//ਇਸ ਵਾਰ ਪਾਲ ਕੌਰ ਹੁਰਾਂ ਦੇ ਵਿਚਾਰ ਅਤੇ ਕਾਵਿ ਰਚਨਾ

ਸਮੇਂ ਦਾ ਸੱਚ ਬੋਲਦੇ ਸ਼ਬਦ-ਜ਼ਰਾ ਪੜ੍ਹੋ-ਸਿੱਧਾ ਤੁਹਾਡੇ ਦਿਲ ਵਿੱਚ ਉਤਰ ਜਾਣਗੇ 
ਹੁਣ ਇਹ ਸਿਰਫ ਕਾਲੇ ਕਾਨੂੰਨ ਦਾ ਵਿਰੋਧ ਨਹੀਂ ਰਿਹਾ । ਲੋਕ ਜਿਆਦਤੀਆਂ ਤੋਂ ਤੰਗ ਆ ਚੁੱਕੇ ਹਨ । ਝੂਠਾਂ , ਲਾਰਿਆਂ ਤੇ ਜੁਮਲਿਆਂ ਨੂੰ ਸਮਝ ਚੁੱਕੇ ਹਨ । ਇਹ ਵਿਰੋਧ ਬਗ਼ਾਵਤ ਦਾ ਰੂਪ ਲੈ ਰਿਹਾ ਹੈ। ਚੰਗੀ ਗੱਲ ਇਹ ਹੈ ਕਿ ਇਹ ਬਗ਼ਾਵਤ ਵਿਦਿਆਰਥੀਆਂ ਤੇ ਨੌਜਵਾਨਾਂ ਵੱਲੋਂ ਹੋ ਰਹੀ ਹੈ, ਉਹ ਵੀ ਬੜੀ ਦੇਰ ਤੋਂ ਇਨ੍ਹਾਂ ਅਨਪੜ੍ਹਾਂ ਦੀਆਂ ਮੂਰਖਤਾਵਾਂ ਦਾ ਸ਼ਿਕਾਰ ਸਨ।   ਇਕ ਗੱਲ ਹੋਰ ਚੰਗੀ ਹੋਈ ਹੈ ਕਿ ਹਕੂਮਤ ਨੇ ਜਿੰਨੀ ਦ੍ਰਿੜ੍ਹਤਾ ਨਾਲ ਸੰਪਰਦਾਈ ਜ਼ਹਿਰ ਫੈਲਾਉਣ ਦੀ ਠਾਣ ਲਈ ਹੈ, ਇਹ ਮੁਹਿੰਮ ਉਤਨੇ ਹੀ ਜ਼ੋਰ ਨਾਲ ਇਸ ਦਾ ਪਰਦਾ ਫਾਸ਼ ਕਰ ਰਹੀ ਹੈ ਤੇ ਇੱਕ ਹੋਣ ਦਾ ਸੁਨੇਹਾ ਦੇ ਰਹੀ ਹੈ।
ਮੈਂ ਇਸ ਮੁਹਿੰਮ ਨਾਲ ਜੁੜੇ ਸਾਰੇ ਸਾਥੀਆਂ ਨੂੰ ਸਲਾਮ ਕਰਦੀ ਹਾਂ ਤੇ ਉਮੀਦ ਕਰਦੀ ਹਾਂ ਅਮਿਤ ਸ਼ਾਹ ਦੀ ਬਦਨੀਤੀ ਹਕੂਮਤ ਦਾ “ਅੰਤਿਮ ਸਾਹ” ਹੋਵੇਗੀ !
-----
ਮੌਜੂਦਾ ਹਾਲਾਤ ਬਾਰੇ ਲਿਖੀ ਪਾਲ ਕੌਰ ਹੁਰਾਂ ਦੀ ਲਿਖੀ ਕਾਵਿ ਰਚਨਾ ਜਿਹੜੈ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।  
ਸਬੂਤ
ਸਾਬਿਤ ਤਾਂ ਮੇਰੇ ਪੁਰਖਿਆਂ ਨੇ ਹੀ ਕਰ ਦਿੱਤਾ ਸੀ—
ਆ ਗਏ ਸਨ ਜਦ,
ਆਪਣੀ ਜਨਮ ਭੂਮੀ ਨੂੰ ਪਿੱਠ ਦੇ ਕੇ —-
ਤੇ ਉੱਗਣ ਲੱਗੇ ਸਨ ਇਸ ਜ਼ਮੀਨ ‘ਤੇ !
ਸੋਚਿਆ ਹੋਵੇਗਾ ਸ਼ਾਇਦ ਇਥੇ ਹੀ ਨੇ
ਉਨ੍ਹਾਂ ਦੇ ਆਪਣੇ ਲੋਕ !
ਜ਼ਹਿਰ ਦੀਆਂ ਫਸਲਾਂ ਲਹਿਲਹਾ ਰਹੀਆਂ ਸਨ,
ਗੱਡੀਆਂ ਭਰ ਭਰ ਲਾਸ਼ਾਂ ਆ ਜਾ ਰਹੀਆਂ ਸਨ—-
ਤੇ ਜੋ ਨਹੀਂ ਸਨ ਗਏ ਆਪਣੀ ਜਨਮ ਭੂਮੀ ਛੱਡ ਕੇ,
ਸਾਬਿਤ ਤਾਂ ਉਨ੍ਹਾਂ ਵੀ ਕਰ ਦਿੱਤਾ ਸੀ !
ਪਰ ਤੁਸੀਂ ਭੁੱਲਣ ਕਿੱਥੇ ਦੇਂਦੇ ਹੋ,
ਕਿ ਤੁਹਾਡੇ ਮਜ਼੍ਹਬ ਵੱਡੇ ਨੇ,
ਮਿੱਟੀ ਤੋਂ !

ਚੁਰਾਸੀ ਤੇ ਦੋ ਹਜ਼ਾਰ ਦੋ ਜਿਹੇ ਪਹਾੜ ਵੀ 
ਜਰ ਲਏ ਅਸੀਂ ਸੀਨਿਆਂ ‘ਤੇ ——-
ਤੇ ਫਿਰ ਵੀ ਲਿਖੇ ਜਾਂਦੇ ਰਹੇ ਅਸੀਂ 
ਤੁਹਾਡੇ ਰਜਿਸਟਰਾਂ ਵਿੱਚ !

ਸ਼ਰਨਾਰਥੀਆਂ ਦੀ ਸ਼ਨਾਖ਼ਤ ਹੰਢਾਉਦੇ ਪੁਰਖੇ,
ਨਹੀਂ ਜਾਣਦੇ ਸਨ ਕਿ ਦੋ ਪੀੜ੍ਹੀਆਂ ਮਗਰੋਂ ,
ਉਨ੍ਹਾਂ ਦੇ ਵਾਰਿਸ ਹੋ ਜਾਣਗੇ,
ਫਿਰ ਸਵਾਲੀਆ ਨਿਸ਼ਾਨ !
ਐਨੇ ਸਬੂਤ ਤਾਂ ਉਨ੍ਹਾਂ ਵੀ ਨਹੀਂ ਸਨ ਦਿੱਤੇ,
ਤੇ ਮਿਲ ਗਏ ਸਨ ਘਰ-ਬਾਰ,
ਜ਼ਮੀਨ ਮਕਾਨ !

ਛੱਜ ਦੇ ਛੱਟਿਓ , ਈਰਾਨੀਉ, ਪਰਾਸਤਾਨੀਉ !
ਤੁਹਾਡੀ ਹੈ, ਛੱਟਣ, ਛਾਨਣ,
ਪੁਣਨ ਤੇ ਚੁਣਨ ਦੀ ਰੀਤ ———
ਅਸੀਂ ਹੁਣ ਤੁਹਾਡੀ ਤੱਕੜੀ ਚ ਤੁਲਣ ਤੋਂ 
ਇਨਕਾਰ ਕਰਦੇ ਹਾਂ !

ਨਾ ਵਿਖਾਉ ਸਾਨੂੰ ਆਸਾਮ ‘ਚ ਚੱਲਦੇ,
ਆਪਣੇ ਨਾਜ਼ੀ ਕੈਂਪ ———
ਤੁਹਾਡੀ ਹਰ ਹੁੰਕਾਰ ਨੂੰ ਟੱਕਰਨ ਦਾ ਇਕਰਾਰ ਕਰਦੇ ਹਾਂ !

ਮਾਰ ਮਾਰ ਖੁਰ,
ਜੋ ਉਡਾ ਰਹੇ ਹੋ ਮਿੱਟੀ ——
ਤੁਹਾਡੀਆਂ ਅੱਖਾਂ, ਤੁਹਾਡੇ ਸਿਰਾਂ ਨੂੰ ,
ਉਹੀ ਹੁਣ ਸਾਡਾ ਪਤਾ ਦੇਵੇਗੀ !
               ---ਪਾਲ ਕੌਰ

Thursday 12 December 2019

ਸ਼ੰਗਾਰਾ ਸਿੰਘ ਭੁੱਲਰ ਹੁਰਾਂ ਦੇ ਤੁਰ ਜਾਣ ਤੇ ਸੋਗ ਦੀ ਲਹਿਰ

ਪੀਪਲਜ਼ ਮੀਡੀਆ ਲਿੰਕ ਵੱਲੋਂ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ 
ਚੰਡੀਗੜ੍ਹ: 11 ਦਸੰਬਰ 2019: (ਸਾਹਿਤ ਸਕਰੀਨ ਬਿਊਰੋ):: 
ਸੀਨੀਅਰ  ਪੱਤਰਕਾਰ ਸ਼ਿੰਗਾਰਾ ਸਿੰਘ ਭੁੱਲਰ ਨਹੀਂ ਰਹੇ। ਉਹ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ। ਉਹਨਾਂ ਦੇ ਇਸ ਬੇਵਕਤੀ ਵਿਛੋੜੇ ਤੇ ਪੀਪਲਜ਼ ਮੀਡੀਆ ਲਿੰਕ ਨੇ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਹਨਾਂ ਦੀ ਯਾਦ ਵਿੱਚ ਆਯੋਜਿਤ ਸੋਗ ਸਭਾ ਵਿੱਚ ਉਹਨਾਂ ਦੇ ਨੇੜੇ ਰਹੇ ਪੱਤਰਕਾਰ ਰੈਕਟਰ ਕਥੂਰੀਆ ਨੇ ਦੱਸਿਆ ਕਿ ਸਰਦਾਰ ਸ਼ਿੰਗਾਰਾ ਸਿੰਘ ਭੁੱਲਰ ਰੋਜ਼ਾਨਾ ਨਵਾਂ ਜ਼ਮਾਨਾ ਤੋਂ ਆਪਣਾ ਕਲਮੀ ਸਫ਼ਰ ਸ਼ੁਰੂ ਕਰਕੇ ਪੱਤਰਕਾਰਿਤਾ ਵਿੱਚ ਕਈ ਉੱਚੇ ਮੁਕਾਮਾਂ 'ਤੇ ਪਹੁੰਚੇ। ਕਈ ਦਹਾਕੇ ਪਹਿਲਾਂ ਉਹ ਰੋਜ਼ਾਨਾ "ਨਵਾਂ ਜ਼ਮਾਨਾ" ਦੇ ਡੈਸਕ ਤੇ ਕੰਮ ਕਰਦੇ ਰਹੇ।  ਫਿਰ ਆਰਥਿਕ ਤੰਗੀਆਂ ਅਤੇ ਜ਼ਿੰਦਗੀ ਦੀ ਦੌੜ ਉਹਨਾਂ ਨੂੰ ਦਿੱਲੀ ਲੈ ਗਈ ਜਿੱਥੇ ਉਹਨਾਂ ਦਿੱਲੀ ਸਰਕਾਰ ਦੇ ਤ੍ਰੈ ਮਾਸਿਕ ਪੰਜਾਬੀ ਪਰਚੇ ਦਿੱਲੀ ਵਿੱਚ ਸੰਪਾਦਕ ਵੱਜੋਂ ਕੰਮ ਕੀਤਾ। ਉੱਥੇ ਹੀ ਬਾਅਦ ਵਿੱਚ ਕਈ ਹੋਰ ਅਖਬਾਰੀ ਅਦਾਰਿਆਂ ਵਿੱਚ ਲਗਾਤਾਰ ਕੰਮ ਕਰਨ ਦੇ ਬਾਵਜੂਦ ਪੰਜਾਬ ਦੀ ਖਿੱਚ ਉਹਨਾਂ ਦੇ ਦਿਲ ਦਿਮਾਗ ਵਿੱਚ ਬਣੀ ਰਹੀ। ਉਹ ਦਿੱਲੀ ਦੇ ਗਲੈਮਰ ਤੋਂ ਪੱਕੇ ਤੌਰ ਤੇ ਪ੍ਰਭਾਵਿਤ ਨਾ ਹੋ ਸਕੇ। ਜਦੋਂ ਉਹਨਾਂ ਟ੍ਰਿਬਿਊਨ ਟ੍ਰਸਟ ਦੇ ਰੋਜ਼ਾਨਾ ਅਖਬਾਰ ਪੰਜਾਬੀ  ਟ੍ਰਿਬਿਊਨ ਵਿੱਚ ਕੰਮ ਸੰਭਾਲਿਆ ਤਾਂ ਨਵੇਂ ਲੇਖਕਾਂ ਅਤੇ ਕਲਮਕਾਰਾਂ ਲਈ ਇਹ ਇੱਕ  ਸੁਨਹਿਰੀ ਯੁਗ ਸੀ। ਉਹਨਾਂ ਨੇ ਬਹੁਤ ਸਾਰੇ ਲੇਖਕਾਂ ਅਤੇ ਨਵੇਂ ਪੱਤਰਕਾਰਾਂ ਨੂੰ ਛਪਣ ਦਾ ਮੌਕਾ ਦੇ ਕੇ ਉਤਸ਼ਾਹਿਤ ਕੀਤਾ।  "ਪੰਜਾਬੀ ਟ੍ਰਿਬਿਊਨ" ਤੋਂ ਰਿਟਾਇਰ ਹੋਣ ਵੇਲੇ ਬਹੁਤ ਸਾਰੇ ਨਵੇਂ ਲੇਖਕਾਂ ਨੂੰ ਉਦਾਸੀ ਵੀ ਹੋਈ। ਇਸਤੋਂ ਬਾਅਦ ਛੇਤੀ ਹੀ ਉਹ ਹਿੰਦੀ ਦੇ ਪ੍ਰਸਿੱਧ ਮੀਡੀਆ ਸੰਸਥਾਨ ਜਾਗਰਣ ਸਮੂਹ ਦੇ ਅਖਬਾਰ "ਪੰਜਾਬੀ ਜਾਗਰਣ" ਦੇ ਸੰਪਾਦਕ ਬਣ ਗਏ।  ਇਥੇ ਵੀ ਉਹਨਾਂ ਨੇ ਹਿੰਦੀ ਅਤੇ ਪੰਜਾਬੀ ਦੇ ਕਲਮਕਾਰਾਂ ਨੂੰ ਇੱਕ ਦੂਜੇ ਦੇ ਨੇੜੇ ਲਿਆਉਣ ਵਿੱਚ ਅਹਿਮ ਰੋਲ ਅਦਾ ਕੀਤਾ। ਕੁਝ ਦੇਰ ਬਾਅਦ ਨਿਯਮਾਂ ਅਨੁਸਾਰ ਇਥੋਂ ਵੀ ਰਿਟਾਇਰ ਹੋਣਾ ਹੀ ਸੀ।  ਅੱਜ ਕੱਲ੍ਹ ਉਹ  ਰੋਜ਼ਾਨਾ ਸਪੋਕਸਮੈਨ ਦੇ ਐਡੀਟਰ ਵੱਜੋਂ ਵੀ ਸੇਵਾ ਨਿਭਾ ਰਹੇ ਸਨ ਅਤੇ ਰੋਜ਼ਾਨਾ ਨਵਾਂ ਜ਼ਮਾਨਾ ਵਿੱਚ ਅਕਸਰ ਕਾਲਮ ਵੀ ਲਿਖਦੇ ਸਨ। ਇਸ ਵੇਲੇ ਉਹਨਾਂ ਦੀ ਉਮਰ ਭਾਵੇਂ 75 ਸਾਂ ਦੀ ਸੀ ਪਰ ਉਹਨਾਂ ਦੇ ਵਿਚਾਰਾਂ ਤੋਂ ਜਾਣੂ ਹੋ ਕੇ ਉਹ ਬਾਕੀਆਂ ਨੂੰ ਵੀ ਜਵਾਨੀ ਵਾਲੇ ਇਨਕਲਾਬੀ ਜੋਸ਼ ਨਾਲ ਭਰ ਦੇਂਦੇ ਸਨ। ਯਾਰਾਂ ਦੋਸਤਾਂ ਦੇ ਨਾਲ ਨਾਲ ਲੋੜਵੰਦਾਂ ਦੇ ਕੰਮ ਆਉਣ ਵਾਲੇ ਉੱਘੇ ਪੱਤਰਕਾਰ ਸਰਦਾਰ ਸ਼ਿੰਗਾਰਾ ਸਿੰਘ ਭੁੱਲਰ ਹੁਣ ਸਾਡੇ ਦਰਮਿਆਨ ਨਹੀਂ ਰਹੇ। ਅੱਜ ਸ਼ਾਮ ਪੰਜ ਵਜੇ ਉਹ ਅਕਾਲ ਚਲਾਣਾ ਕਰ ਗਏ। ਉਹ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਵੀ ਚੱਲ ਰਹੇ ਸਨ। ਉਹਨਾਂ ਦੇ ਤੁਰ ਜਾਣ ਨਾਲ ਕਲਮੀ ਹਲਕਿਆਂ ਵਿੱਚ ਇੱਕ ਡੂੰਘੀ ਉਦਾਸੀ ਛਾ ਗਈ ਹੈ। ਉਨ੍ਹਾਂ ਦਾ ਅੰਤਿਮ ਸੰਸਕਾਰ ਮਿਤੀ 12 ਦਸੰਬਰ ਨੂੰ ਦੁਪਹਿਰੇ ਤਿੰਨ ਵਜੇ ਮੁਹਾਲੀ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ  ਜਿੱਥੇ ਉਹਨਾਂ ਦੇ ਸੱਜਣਾਂ ਮਿੱਤਰਾਂ ਅਤੇ ਰਿਸ਼ਤੇਦਾਰਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ। ਉਹਨਾਂ ਦੇ  ਨੇੜੇ ਰਹੇ ਪੱਤਰਕਾਰ ਰੈਕਟਰ ਕਥੂਰੀਆ ਨੇ ਦੱਸਿਆ ਕਿ  ਹੱਥ ਮੁੜ ਮੁੜ ਮੋਬਾਈਲ ਫੋਨ ਵੱਲ ਜਾਂਦਾ ਹੈ ਪਰ ਫਿਰ ਰੁਕ ਜਾਂਦਾ ਹੈ।  ਪੁੱਛਦਾ ਹੈ ਹੁਣ ਕਿਸ ਨੂੰ ਕਰਨਾ ਹੈ ਫੋਨ? ਉੱਥੇ ਜਾ ਕੇ ਕੌਣ ਪਰਤਦਾ ਹੈ? ਕਿਓਂ ਨਹੀਂ ਸਮਾਂ ਕੱਢਿਆ ਇੱਕ ਵਾਰ ਹੋਰ ਮਿਲਣ ਦਾ? ਦਿਲ ਬਹੁਤ ਉਦਾਸ ਹੈ। ਜ਼ਿੰਦਗੀ ਦੇ ਝਮੇਲੇ ਸਾਨੂੰ ਕਿੰਨਾ ਬੇਬਸ ਕਰ ਦੇਂਦੇ ਹਨ।  ਕਾਸ਼ ਉਸ ਦੁਨੀਆ ਵਿੱਚ ਵੀ ਕੋਈ ਮੋਬਾਈਲ ਸੰਪਰਕ ਹੁੰਦਾ! ਕਾਸ਼ੀ ਅਸੀਂ ਅਚਾਨਕ ਵਿਛੜ ਗਏ ਸੱਜਣਾਂ ਨਾਲ ਕੋਈ ਵੀਡੀਓ ਕਾਲ ਹੀ ਕਰ ਸਕਦੇ! ਉਨ੍ਹਾ  ਦੀ ਰਿਹਾਇਸ਼ ਦਾ ਪਤਾ ਹੈ -ਕੋਠੀ ਨੰਬਰ 3602 ਸੈਕਟਰ -69 , ਮੁਹਾਲੀ। ਪੀਪਲਜ਼ ਮੀਡੀਆ ਲਿੰਕ ਦੀ ਇਸ ਸੋਗ ਸਭਾ ਵਿੱਚ ਐਮ ਐਸ ਭਾਟੀਆ, ਪ੍ਰਦੀਪ ਸ਼ਰਮਾ ਇਪਟਾ, ਕਾਰਤਿਕਾ ਸਿੰਘ , ਰੈਕਟਰ ਕਥੂਰੀਆ ਅਤੇ ਹੋਰਨਾਂ ਨੇ ਵੀ ਭਾਗ ਲਿਆ। 

Monday 2 December 2019

ਸਿਰਜਣਧਾਰਾ ਦੀ ਵਿਸ਼ੇਸ਼ ਬੈਠਕ ਵਿੱਚ ਪੰਜਾਬੀ ਦੀ ਚਰਚਾ

ਪ੍ਰਧਾਨ ਅਜੀਤ ਸਿੰਘ ਨੂੰ ਮੁੱਖ ਮਹਿਮਾਨ ਬਣਾਇਆ
ਲੁਧਿਆਣਾ: 1 ਦਸੰਬਰ 2019: (ਗੁਰਮੀਤ ਸਿੰਘ ਸੀਤਲ//ਸਾਹਿਤ ਸਕਰੀਨ):: 
ਸਿਰਜਨਧਾਰਾ ਦੀ ਮਾਸਿਕ ਇੱਕਤਰਤਾ 30 ਨਵੰਬਰ ਦਿਨ ਸ਼ਨੀਵਾਰ ਨੂੰ ਸ. ਕਰਮਜੀਤ ਸਿੰਘ ਔਜਲਾ ਦੀ ਪ੍ਰਧਾਨਗੀ ਹੇਠ ਪੰਜਾਬੀ ਭਵਨ ਵਿਖੇ ਹੋਈ । ਸ਼੍ਰੀ ਗੁਰੁ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਪ੍ਰਧਾਨ ਅਜੀਤ ਸਿੰਘ ਜੀ ਨੂੰ ਮੁੱਖ ਮਹਿਮਾਨ ਬਣਾਇਆ ਗਿਆ। ਸੱਭ ਨੂੰ ਜੀ ਆਇਆਂ ਆਖਦਿਆਂ ਮੰਚ ਸਚਾਲਕ ਗੁਰਨਾਮ ਸਿੰਘ ਸੀਤਲ ਨੇ ਸ੍ਰੀ ਮਿੱਤਰ ਸੈਨ ਮੀਤ ਨੂੰ ਦਰਖਾਸਤ ਕੀਤੀ ਕਿ ਆਪ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ-ਕਨੇਡਾ ਵਫਦ ਦੇ ਮੈਂਬਰਾਂ ਦੀ ਜਾਣ ਪਛਾਣ ਕਰਾਉਣ ਅਤੇ ਚੱਲ ਰਹੀਆਂ ਗਤੀ ਵਿਧੀਆਂ ਬਾਰੇ ਜਾਣਕਾਰੀ ਦੇਣ। 
ਸੱਭ ਤੋਂ ਪਹਿਲਾਂ ਮੀਤ ਸਾਹਬ ਨੇ ਦੱਸਿਆ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਨੇ 10 ਚਿੱਠੀਆਂ ਮੁੱਖ ਮੰਤਰੀ ਪੰਜਾਬ ਨੂੰ ਲਿਖੀਆਂ। ਲਗਾਤਾਰ ਕੋਸ਼ਿਸ਼ਾਂ ਸਦਕਾ ਪੰਜਾਬ ਸਰਕਾਰ ਨੇ ਇਹ ਮੰਨਿਆ ਕਿ ਸਰਕਾਰੀ ਕੰਮ ਕਾਜ ਵਿਚ ਪੰਜਾਬੀ ਦੀ ਵਰਤੋਂ ਠੀਕ ਢੰਗ ਨਾਲ ਨਹੀਂ ਹੋ ਰਹੀ। ਪੰਜਾਬ ਰਾਜ ਭਾਸ਼ਾ ਐਕਟ 1967 ਦੀਆਂ ਵਿਵਸਥਾਵਾਂ ਨੂੰ ਹੁਣ ਸਖਤੀ ਨਾਲ ਲਾਗੂ ਕੀਤਾ ਜਾਵੇਗਾ। ਇਸ ਮੰਤਵ ਦੀ ਪੂਰਤੀ ਲਈ ਪੰਜਾਬ ਸਰਕਾਰ ਵਲੋਂ ਇਕ ਨਵਾਂ ਹੁੰਕਮ 25 ਨਵੰਬਰ 2019 ਨੂੰ ਜਾਰੀ ਕੀਤਾ ਗਿਆ ਹੈ। 
ਵਫਦ ਦੇ ਪ੍ਰਧਾਨ ਸ. ਦਵਿੰਦਰ ਸਿੰਘ ਦੱਸਿਆ ਕਿ 1978 ਤੱਕ ਭਾਰਤ ਸਰਕਾਰ ਨੇ ਸਿੱਖਾਂ ਨੂੰ ਬਾਹਰਲੇ ਮੁਲਕਾਂ ਵਿਚ ਬਦਨਾਮ ਕਰਕੇ ਰੱਖਿਆ ਕਿ ਇਹ ਅਤਿਵਾਦੀ ਹਨ-ਨਤੀਜਾ ਸਿੱਖ ਨੇ ਵਾਲ ਕਟਵਾ ਕੇ ਰਹਿਣਾ ਸ਼ੁਰੂ ਕੀਤਾ। ਉਪਰੰਤ ਬਹਿਸ ਦਾ ਦੌਰ ਚੱਲਿਆ ਅਤੇ ਫੇਰ ਸੰਗੀਤ ਦਾ ਬੋਲਬਾਲਾ ਹੋਇਆ। ਇਹ ਸਾਰੇ ਤੰਤਰ  ਸਿੱਖਾਂ ਨੂੰ ਹੀ ਨਹੀਂ ਪੰਜਾਬੀ ਨੂੰ ਵੀ ਢਾਹ ਲਾਉਣ ਵਾਲੇ ਸਿੱਧ ਹੋਏ। ਸ੍ਰੀ ਮਤੀ ਗੁਰਚਰਨ ਕੋਰ ਥਿੰਦ ਨੇ ਬੜੀ ਹੀ ਰੋਚਕ ਜਾਣਕਾਰੀ ਦਿੱਤੀ ਕਿ ਕਨੇਡਾ ਵਿਚ ਪੰਜਾਬੀ ਤੀਸਰੀ ਭਾਸ਼ਾ ਵਜੋਂ ਲਾਗੂ ਕਰ ਦਿੱਤੀ ਗਈ ਹੈ ਜਿਸ ਨੇ ਪੰਜਾਬ ਸਰਕਾਰ ਦੀ ਅੱਖ ਹੀ ਨਹੀਂ, ਸਿਰ ਵੀ ਨੀਵਾਂ ਕਰ ਦਿੱਤਾ। ਪੰਜਾਬੀ ਭਾਸ਼ਾ ਪਸਾਰ ਭਾਈਚਾਰਾ-ਕਨੇਡਾ ਵਲੋਂ ਮੁੱਖ ਮੰਤਰੀ ਪੰਜਾਬ ਅਤੇ ਸ਼੍ਰੋ. ਗੁਰਦੁਆਰਾ ਪ੍ਰੰਬਧਕ ਕਮੇਟੀ ਨੂੰ ਪੰਜਾਬੀ ਨਾਲ ਹੋਣ ਵਾਲੀ ਦੁਰਗਤੀ ਬਾਰੇ ਪੱਤਰ ਲਿਖੇ।
ਅੱਜ ਦੀ ਇੱਕਤਰਤਾ ਵਿਸ਼ੇਸ਼ ਤੌਰ ਤੇ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਸੀ ਜਿਸ ਉਦਮਾਂ ਦੇ ਪ੍ਰਭਾਵ ਪੂਰਣ ਯਤਨਾ ਸਦਕਾ ਸਾਰੇ ਸਰਕਾਰੀ ਅਦਾਰਿਆਂ ਵਿਚ ਖਤੋ-ਖਿਤਾਬ ਮਾਤਰ ਭਾਸ਼ਾ ਵਿਚ ਕਰਨ ਲਈ ਜ਼ਾਰੀ ਲਈ ਸਖਤ ਪਹਿਲ ਕਦਮੀ ਕੀਤੀ  ਗਈ ਹੈ । ਪ੍ਰਾਂਤ ਦੇ ਲੋਕਾਂ ਦੀ ਸ਼ਖਸ਼ੀਅਤ ਦਾ ਮਿਆਰ ਉਥੋਂ ਦੀ ਮਾਤਰ ਭਾਸ਼ਾ ਤੇ ਨਿਰਭਰ ਕਰਦਾ ਹੈ। ਪਰ ਬੜੀ ਹੀ ਤਰਾਸਦੀ ਦੀ ਗੱਲ ਹੈ ਕਿ ਸਮੇ ਦੀਆਂ ਹਕੂਮਤਾਂ ਨੇ ਪੰਜਾਬੀ ਨਾਲ ਵਿਸ਼ੇਸ਼ ਤੌਰ ਤੇ ਧੱਕਾ ਕੀਤਾ।ਇਕ ਹੋਰ ਦਿਲਚਸਪ ਖਬਰ ਮੁਤਾਬਿਕ ਕੇਂਦਰ ਦੀਆਂ ਨੌਕਰੀਆਂ ਦੇ ਟੈਸਟ ਜੋ ਸਿਰਫ ਹਿੰਦੀ ਅਤੇ ਅੰਗਰੇਜ਼ੀ ਵਿਚ ਸੀ, ਹੁਣ ਪੰਜਾਬੀ ਵਿਚ ਵੀ ਹੋਇਆ ਕਰਨਗੇ।
ਸ਼੍ਰੀ ਪਰਦੀਪ ਸ਼ਰਮਾ ਅਤੇ ਗੁਰਸੇਵਕ ਸਿੰਘ ਮਦਰੱਸਾ ਜੋ ਕਿ ਰੰਗ-ਮੰਚ ਅਤੇ ਕੋਰੀੳਗਰਾਫੀ ਨਾਲ ਜੁੜੇ ਹੋਏ ਹਨ, ਬੜੀਆਂ ਰੋਚਕ ਗੱਲਾਂ ਕੀਤੀਆਂ ਕਿ ਕਿਵੇਂ ਸ਼੍ਰੋ. ਗੁਰਦੁਆਰਾ ਪ੍ਰੰਬਧਕ ਕਮੇਟੀ ਦੇ ਹੀ ਸਕੂਲ ਪੰਜਾਬੀ ਨਾਲ ਰੱਜ ਕੇ ਵਿਤਕਰਾ ਕਰ ਰਹੇ ਹਨ। ਉਥੇ ਇਕ ਦੱਸਵੀਂ ਦੀ ਕੁੜੀ ਨੂੰ ਇਹ ਵੀ ਨਹੀਂ ਸੀ ਪਤਾ ਕਿ ਹੀਰ ਕੋਣ ਸੀ ਅਤੇ ਮੁੰਡਿਆਂ ਨੂੰ ਨਹੀਂ ਸੀ ਪਤਾ ਪੰਤਦਰ ਕੋਣ ਹੁੰਦਾ ਹੈ।
ਅਖੀਰ ਵਿਚ ਸ਼੍ਰੀ ਅਮਰਜੀਤ ਸ਼ੇਰਪੂਰੀ ਨੇ ਗੀਤ ਪੇਸ਼ ਕੀਤਾ: ਮਿੱਠੀਆਂ ਲੋਰੀਆਂ ਮਿਲੀਆਂ ਵਿਚ ਪੰਜਾਬੀ ਦੇ ॥ ਅਤੇ ਗੁਰਨਾਮ ਸਿੰਘ ਸੀਤਲ : ਮੈਂ ਤਾਂ ਗੁਰੂਆਂ ਪੀਰਾਂ ਦੇ ਹੱਥ ਕੰਵਲਾਂ ਚ ਪਲੀ ਹਾਂ।   
 ਸਭਾ ਵਿਚ ਹੋਰ ਹਾਜਰ ਸੱਜਣ ਸਨ : ਸੀਨੀਅਰ ਮੀਤ ਪ੍ਰਧਾਨ ਸ਼੍ਰੀ ਦਵਿੰਦਰ ਸਿੰਘ ਸ਼ੇਖਾ, ਸ਼੍ਰੀ ਸੁਖਦੇਵ ਸਿੰਘ ਲਾਜ, ਹਰਬਖਸ਼ ਸਿੰਘ ਗਰੇਵਾਲ, ਸ. ਸੁਰਜਨ ਸਿੰਘ, ਹਰਭਜਨ ਸਿੰਘ ਫਲਵਾਲਦੀ, ਨਵਜੋਤ ਸਿੰਘ, ਹਰਭਜਨ ਸਿੰਘ ਕੋਹਲੀ, ਸਪੂੰਰਣ ਸਨਮ, ਪਰਮਿੰਦਰ ਅਲਬੇਲਾ, ਗੁਰਭੇਜ  ਸਿੰਘ, ਬਲਵੀਰ ਸਿੰਘ ਜੈਸਵਾਲ, ਰੈਕਟਰ ਕਥੂਰੀਆ, ਸਰਬਜੀਤ ਸਿੰਘ ਮਾਨ, ਸਰਬਜੀਤ ਸਿੰਘ ਵਿਰਦੀ , ਆਰ ਪੀ ਸਿੰਘ, ਅਤੇ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ- ਕਨੇਡਾ ਤੋਂ ਸ. ਜੋਗਿੰਦਰ ਸਿੰਘ, ਸੁਖਵਿੰਦਰ ਸਿੰਘ ਥਿੰਦ, ਸ੍ਰੀ ਮਤੀ ਗੁਰਚਰਨ ਕੋਰ ਥਿੰਦ 
ਅੰਤ ਵਿਚ ਸਕੱਤਰ ਵਲੋਂ ਹਾਜ਼ਰੀਨ ਸ਼ਖਸ਼ੀਅਤਾਂ ਨੂੰ ਜੀ ਆਇਆਂ  ਕਹਿ ਕੇ ਧੰਨਵਾਦ ਕੀਤਾ।