google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: ਪੁਸਤਕ ਚਰਚਾ//ਗਿਆਰਾਂ ਵਿਸ਼ਵ ਪ੍ਰਸਿੱਧ ਕਹਾਣੀਆਂ

Saturday 28 December 2019

ਪੁਸਤਕ ਚਰਚਾ//ਗਿਆਰਾਂ ਵਿਸ਼ਵ ਪ੍ਰਸਿੱਧ ਕਹਾਣੀਆਂ

ਇੰਦਰਜੀਤ ਪਾਲ ਕੌਰ ਹੁਰਾਂ ਨੇ ਕੀਤਾ ਹੈ ਗਿਆਰਾਂ ਕਹਾਣੀਆਂ ਦਾ ਅਨੁਵਾਦ  
ਲੁਧਿਆਣਾ: 27 ਦਸੰਬਰ 2019: (ਰੈਕਟਰ ਕਥੂਰੀਆ//ਸਾਹਿਤ ਸਕਰੀਨ)::
ਇੰਦਰਜੀਤ ਪਾਲ ਕੌਰ 
ਪੰਜਾਬੀ ਭਵਨ ਦੇ ਖੁੱਲੇ ਗਰਾਊਂਡ ਨੁਮਾ ਪਾਰਕ ਵਿੱਚ ਇੱਕ ਦੀਵਾਰ ਡਾਕਖਾਨੇ ਨਾਲ ਲੱਗਦੀ ਹੈ। ਪਰਲੇ ਪਾਸੇ ਡਾਕਖਾਨਾ ਅਤੇ ਏਧਰਲੇ ਪਾਸੇ ਪੰਜਾਬੀ ਭਵਨ ਦੇ ਉੱਚੇ ਲੰਮੇ ਦਰੱਖਤਾਂ ਦੀ ਕਤਾਰ ਅਤੇ ਜ਼ਮੀਨ ਤੇ ਬੜੇ ਹੀ ਸਲੀਕੇ ਨਾਲ ਉਗਾਏ ਗਏ ਵੱਖ ਵੱਖ ਤਰਾਂ ਦੇ ਰੰਗ ਬਿਰੰਗੇ ਫੁੱਲ। ਇਹਨਾਂ ਉੱਤੇ ਮੰਡਰਾਉਂਦੀਆਂ ਤਿਤਲੀਆਂ ਏਥੋਂ ਦੇ ਕੁਦਰਤੀ ਨਜ਼ਾਰਿਆਂ ਨੂੰ ਚਾਰ ਚੰਨ ਲਾਉਂਦੀਆਂ ਹਨ। ਪੰਜਾਬੀ ਭਵਨ ਦੇ ਇਸ ਕਿਨਾਰੇ ਤੇ ਪਏ ਕਿਸੇ ਬੈਂਚ ਤੇ ਧੁੱਪ ਸਕਦੀ ਪ੍ਰਿੰਸੀਪਲ ਇੰਦਰਜੀਤ ਪਾਲ ਕੌਰ ਅਕਸਰ ਦੇਖੀ ਜਾ ਸਕਦੀ ਹੈ। ਪਿੱਠ ਪੰਜਾਬੀ ਭਵਨ ਦੇ ਖੁੱਲੇ ਗਰਾਊਂਡ ਵੱਲ ਅਤੇ ਮੂੰਹ ਡਾਕਖਾਨੇ ਵਾਲੀ ਦੀਵਾਰ ਵੱਲ। ਪੂਰੀ ਤਰਾਂ ਲਿਖਣ ਵਿੱਚ ਧਿਆਨ ਮਗਨ। ਵਿੱਚ ਵਿਚਾਲੇ ਕਦੇ ਕਦਾਈਂ ਸਾਹਿਤ ਅਕਾਦਮੀ ਦੇ ਦਫਤਰ ਵਾਲੇ ਕਮਰੇ ਵਿੱਚੋਂ "ਮਨ ਦੇ ਮੋਤੀ" ਵਾਲੀ ਸੁਰਿੰਦਰ ਦੀਪ ਕੌਰ ਆ ਬੁਲਾਉਂਦੀ ਹੈ। ਉਦੋਂ ਚਾਹ ਜਾਂ ਲੰਚ ਦੀ ਬਰੇਕ ਸਮਝੋ। ਵਰਨਾ ਇੰਦਰਜੀਤ ਪਾਲ ਕੌਰ ਹੁਰਾਂ ਨੇ ਉਸ ਬੈਂਚ ਤੇ ਹੀ ਆਪਣਾ ਲੰਚ ਬਾਕਸ ਖੋਹਲ ਕੇ ਲੰਚ ਕਰ ਲੈਣਾ ਹੈ। ਇਸ ਤਰਾਂ ਕੁਦਰਤ ਦੇ ਨੇੜੇ ਨੇੜੇ ਅਤੇ ਪੂਰੀ ਤਰਾਂ ਧਿਆਨ ਮਗਨ ਹੋ ਕੇ ਚੱਲਦੀ ਇਸ ਰਚਨਾ ਪ੍ਰਕਿਰਿਆ ਦੌਰਾਨ ਹੀ ਰਚੀ ਗਈ ਹੈ 138 ਸਫ਼ਿਆਂ ਦੀ ਪੁਸਤਕ "ਗਿਆਰਾਂ ਵਿਸ਼ਵ ਪ੍ਰਸਿੱਧ ਕਹਾਣੀਆਂ"। ਊਸ਼ਾ ਪ੍ਰੀਆਵੰਦਾ, ਸ਼ੇਖਰ ਜੋਸ਼ੀ ਅਤੇ ਅੰਮ੍ਰਿਤਲਾਲ ਨਾਗਰ ਸਮੇਤ ਦੁਨੀਆ ਦੀਆਂ ਦੂਜੀਆਂ ਭਾਸ਼ਾਵਾਂ ਦੇ ਲੇਖਕਾਂ ਦੀਆਂ ਕਹਾਣੀਆਂ ਹਨ। ਇਹਨਾਂ ਲੇਖਕਾਂ ਵਿੱਚ ਓ ਹੈਨਰੀ, ਐਂਟਨ ਚੈਖ਼ੋਵ, ਹੋਨੋਰ ਡਿ ਬਾਲਜ਼ਾਕ, ਲਿਓ ਟਾਲਸਟਾਏ, ਪਰਲ ਐਸ ਬੱਕ, ਕੈਥਰੀਨ ਮੇਨਸਫੀਲਡ ਅਤੇ ਸਾਲ ਬੇਲੋ। ਇਹ ਕਹਾਣੀਆਂ ਸਾਡੇ ਸਾਂਝੇ ਸੁੱਖਾਂ ਦੁੱਖਾਂ ਦੀ ਬਾਤ ਪਾਉਂਦੀਆਂ ਹਨ। ਇਹ ਦੱਸਦੀਆਂਹਨ ਕਿ ਸਾਡੀਆਂ ਮਜਬੂਰੀਆਂ, ਸਾਡੀਆਂ ਬੇਬਸੀਆਂ, ਸਾਡੇ ਹੰਝੂ, ਸਾਡੇ ਗਮ, ਸਾਡੀਆਂ ਖੁਸ਼ੀਆਂ, ਸਾਡੀਆਂ ਇੱਛਾਵਾਂ, ਸਾਡੇ ਹਾਲਾਤ ਤਕਰੀਬਨ ਸਾਰੀ ਦੁਨੀਆ ਵਿੱਚ ਇੱਕੋ ਜਿਹੇ ਹੀ ਹਨ। ਅਸੀਂ ਇੱਕ ਦੂਜੇ ਕੋਲੋਂ ਬਹੁਤੇ ਵੱਖਰੇ ਨਹੀਂ ਹਾਂ। ਫਿਰ ਵੀ ਅਸੀਂ ਸਿਆਸੀ ਨਕਸ਼ਿਆਂ ਅਤੇ ਦਿਲਾਂ ਦਿਮਾਗਾਂ ਦੇ ਨਕਸ਼ਿਆਂ 'ਤੇ ਕਿੰਨੀਆਂ ਲਕੀਰਾਂ ਖਿੱਚੀਆਂ ਹੋਈਆਂ ਹਨ। ਇੰਦਰਜੀਤ ਪਾਲ ਕੌਰ ਹੁਰਾਂ ਨੇ ਸਾਡੇ ਦੁੱਖਾਂ ਸੁੱਖਾਂ ਦੇ ਸਿਲਸਲੇ ਨੂੰ ਕਹਾਣੀਆਂ ਰਾਹੀਂ ਇੱਕੋ ਜਿਲਦ ਵਿੱਚ ਲਿਆ ਕੇ ਸਾਨੂੰ ਹੌਂਸਲਾ ਵੀ ਦਿੱਤਾ ਹੈ ਜਿਹੜਾ ਆਖਦਾ ਹੈ- 
ਦੁਨੀਆ ਮੈਂ ਕਿਤਨਾ ਗਮ ਹੈ!
ਮੇਰਾ ਗਮ ਕਿਤਨਾ ਕਮ ਹੈ!
ਇੰਦਰਜੀਤ ਪਾਲ ਕੌਰ ਆਪਣੀ ਇਸ ਸਫਲ ਪ੍ਰਾਪਤੀ ਬਾਰੇ ਦੱਸਦੀ ਹੈ ਕਿ ਇਹ ਇੱਕ ਔਖਾ ਕੰਮ ਸੀ। ਇਸ ਮਕਸਦ ਲਈ ਲੰਮੀ ਸਾਧਨਾ ਕਰਨੀ ਪਈ। ਦਿਨ-ਰਾਤ ਇੱਕ ਕਰਕੇ ਵੀ ਇੱਕ ਸਾਲ ਤੋਂ ਵਧੇਰੇ ਸਮਾਂ ਇਹਨਾਂ ਕਹਾਣੀਆਂ ਦੇ ਅਨੁਵਾਦ ਤੇ ਲੱਗ ਗਿਆ। ਇਹ ਕਿਤਾਬ ਬਿਨਾ ਕਿਸੇ ਭੂਮਿਕਾ ਜਾਂ ਮੁੱਖਬੰਦ ਤੋਂ ਤੁਹਾਨੂੰ ਸਿੱਧਾ ਕਹਾਣੀਆਂ ਵੱਲ ਲੈ ਜਾਂਦੀ ਹੈ ਅਤੇ ਅਖੀਰ ਤੱਕ ਕਹਾਣੀਆਂ ਸੁਣਾਉਂਦੀ ਹੈ। ਜਿਲਦ ਤੋਂ ਇਲਾਵਾ 138 ਸਫ਼ਿਆਂ ਵਾਲੀ ਇਸ ਪੁਸਤਕ ਦੀ ਕੀਮਤ ਹੈ ਸਿਰਫ 200/-ਰੁਪਏ ਅਤੇ ਇਸ ਨੂੰ ਬਹੁਤ ਹੀ ਖੂਬਸੂਰਤ ਦਿੱਖ ਅਤੇ ਛਪਾਈ ਵਿੱਚ ਪ੍ਰਕਾਸ਼ਿਤ ਕੀਤਾ ਹੈ ਚੇਤਨਾ ਪ੍ਰਕਾਸ਼ਨ ਵਾਲੇ ਸਤੀਸ਼ ਗੁਲਾਟੀ ਹੁਰਾਂ ਨੇ। ਕੁਲ ਮਿਲਾ ਕੇ ਇਹ ਪੁਸਤਕ ਪੜ੍ਹਨ ਵਾਲੀ ਵੀ ਹੈ ਅਤੇ ਸੌਗਾਤ ਵੱਜੋਂ ਦੇਣ ਵਾਲੀ ਵੀ। --ਰੈਕਟਰ ਕਥੂਰੀਆ 

No comments:

Post a Comment