google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: ਸਮੇਂ ਦਾ ਸੱਚ//ਇਸ ਵਾਰ ਪਾਲ ਕੌਰ ਹੁਰਾਂ ਦੇ ਵਿਚਾਰ ਅਤੇ ਕਾਵਿ ਰਚਨਾ

Tuesday 24 December 2019

ਸਮੇਂ ਦਾ ਸੱਚ//ਇਸ ਵਾਰ ਪਾਲ ਕੌਰ ਹੁਰਾਂ ਦੇ ਵਿਚਾਰ ਅਤੇ ਕਾਵਿ ਰਚਨਾ

ਸਮੇਂ ਦਾ ਸੱਚ ਬੋਲਦੇ ਸ਼ਬਦ-ਜ਼ਰਾ ਪੜ੍ਹੋ-ਸਿੱਧਾ ਤੁਹਾਡੇ ਦਿਲ ਵਿੱਚ ਉਤਰ ਜਾਣਗੇ 
ਹੁਣ ਇਹ ਸਿਰਫ ਕਾਲੇ ਕਾਨੂੰਨ ਦਾ ਵਿਰੋਧ ਨਹੀਂ ਰਿਹਾ । ਲੋਕ ਜਿਆਦਤੀਆਂ ਤੋਂ ਤੰਗ ਆ ਚੁੱਕੇ ਹਨ । ਝੂਠਾਂ , ਲਾਰਿਆਂ ਤੇ ਜੁਮਲਿਆਂ ਨੂੰ ਸਮਝ ਚੁੱਕੇ ਹਨ । ਇਹ ਵਿਰੋਧ ਬਗ਼ਾਵਤ ਦਾ ਰੂਪ ਲੈ ਰਿਹਾ ਹੈ। ਚੰਗੀ ਗੱਲ ਇਹ ਹੈ ਕਿ ਇਹ ਬਗ਼ਾਵਤ ਵਿਦਿਆਰਥੀਆਂ ਤੇ ਨੌਜਵਾਨਾਂ ਵੱਲੋਂ ਹੋ ਰਹੀ ਹੈ, ਉਹ ਵੀ ਬੜੀ ਦੇਰ ਤੋਂ ਇਨ੍ਹਾਂ ਅਨਪੜ੍ਹਾਂ ਦੀਆਂ ਮੂਰਖਤਾਵਾਂ ਦਾ ਸ਼ਿਕਾਰ ਸਨ।   ਇਕ ਗੱਲ ਹੋਰ ਚੰਗੀ ਹੋਈ ਹੈ ਕਿ ਹਕੂਮਤ ਨੇ ਜਿੰਨੀ ਦ੍ਰਿੜ੍ਹਤਾ ਨਾਲ ਸੰਪਰਦਾਈ ਜ਼ਹਿਰ ਫੈਲਾਉਣ ਦੀ ਠਾਣ ਲਈ ਹੈ, ਇਹ ਮੁਹਿੰਮ ਉਤਨੇ ਹੀ ਜ਼ੋਰ ਨਾਲ ਇਸ ਦਾ ਪਰਦਾ ਫਾਸ਼ ਕਰ ਰਹੀ ਹੈ ਤੇ ਇੱਕ ਹੋਣ ਦਾ ਸੁਨੇਹਾ ਦੇ ਰਹੀ ਹੈ।
ਮੈਂ ਇਸ ਮੁਹਿੰਮ ਨਾਲ ਜੁੜੇ ਸਾਰੇ ਸਾਥੀਆਂ ਨੂੰ ਸਲਾਮ ਕਰਦੀ ਹਾਂ ਤੇ ਉਮੀਦ ਕਰਦੀ ਹਾਂ ਅਮਿਤ ਸ਼ਾਹ ਦੀ ਬਦਨੀਤੀ ਹਕੂਮਤ ਦਾ “ਅੰਤਿਮ ਸਾਹ” ਹੋਵੇਗੀ !
-----
ਮੌਜੂਦਾ ਹਾਲਾਤ ਬਾਰੇ ਲਿਖੀ ਪਾਲ ਕੌਰ ਹੁਰਾਂ ਦੀ ਲਿਖੀ ਕਾਵਿ ਰਚਨਾ ਜਿਹੜੈ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।  
ਸਬੂਤ
ਸਾਬਿਤ ਤਾਂ ਮੇਰੇ ਪੁਰਖਿਆਂ ਨੇ ਹੀ ਕਰ ਦਿੱਤਾ ਸੀ—
ਆ ਗਏ ਸਨ ਜਦ,
ਆਪਣੀ ਜਨਮ ਭੂਮੀ ਨੂੰ ਪਿੱਠ ਦੇ ਕੇ —-
ਤੇ ਉੱਗਣ ਲੱਗੇ ਸਨ ਇਸ ਜ਼ਮੀਨ ‘ਤੇ !
ਸੋਚਿਆ ਹੋਵੇਗਾ ਸ਼ਾਇਦ ਇਥੇ ਹੀ ਨੇ
ਉਨ੍ਹਾਂ ਦੇ ਆਪਣੇ ਲੋਕ !
ਜ਼ਹਿਰ ਦੀਆਂ ਫਸਲਾਂ ਲਹਿਲਹਾ ਰਹੀਆਂ ਸਨ,
ਗੱਡੀਆਂ ਭਰ ਭਰ ਲਾਸ਼ਾਂ ਆ ਜਾ ਰਹੀਆਂ ਸਨ—-
ਤੇ ਜੋ ਨਹੀਂ ਸਨ ਗਏ ਆਪਣੀ ਜਨਮ ਭੂਮੀ ਛੱਡ ਕੇ,
ਸਾਬਿਤ ਤਾਂ ਉਨ੍ਹਾਂ ਵੀ ਕਰ ਦਿੱਤਾ ਸੀ !
ਪਰ ਤੁਸੀਂ ਭੁੱਲਣ ਕਿੱਥੇ ਦੇਂਦੇ ਹੋ,
ਕਿ ਤੁਹਾਡੇ ਮਜ਼੍ਹਬ ਵੱਡੇ ਨੇ,
ਮਿੱਟੀ ਤੋਂ !

ਚੁਰਾਸੀ ਤੇ ਦੋ ਹਜ਼ਾਰ ਦੋ ਜਿਹੇ ਪਹਾੜ ਵੀ 
ਜਰ ਲਏ ਅਸੀਂ ਸੀਨਿਆਂ ‘ਤੇ ——-
ਤੇ ਫਿਰ ਵੀ ਲਿਖੇ ਜਾਂਦੇ ਰਹੇ ਅਸੀਂ 
ਤੁਹਾਡੇ ਰਜਿਸਟਰਾਂ ਵਿੱਚ !

ਸ਼ਰਨਾਰਥੀਆਂ ਦੀ ਸ਼ਨਾਖ਼ਤ ਹੰਢਾਉਦੇ ਪੁਰਖੇ,
ਨਹੀਂ ਜਾਣਦੇ ਸਨ ਕਿ ਦੋ ਪੀੜ੍ਹੀਆਂ ਮਗਰੋਂ ,
ਉਨ੍ਹਾਂ ਦੇ ਵਾਰਿਸ ਹੋ ਜਾਣਗੇ,
ਫਿਰ ਸਵਾਲੀਆ ਨਿਸ਼ਾਨ !
ਐਨੇ ਸਬੂਤ ਤਾਂ ਉਨ੍ਹਾਂ ਵੀ ਨਹੀਂ ਸਨ ਦਿੱਤੇ,
ਤੇ ਮਿਲ ਗਏ ਸਨ ਘਰ-ਬਾਰ,
ਜ਼ਮੀਨ ਮਕਾਨ !

ਛੱਜ ਦੇ ਛੱਟਿਓ , ਈਰਾਨੀਉ, ਪਰਾਸਤਾਨੀਉ !
ਤੁਹਾਡੀ ਹੈ, ਛੱਟਣ, ਛਾਨਣ,
ਪੁਣਨ ਤੇ ਚੁਣਨ ਦੀ ਰੀਤ ———
ਅਸੀਂ ਹੁਣ ਤੁਹਾਡੀ ਤੱਕੜੀ ਚ ਤੁਲਣ ਤੋਂ 
ਇਨਕਾਰ ਕਰਦੇ ਹਾਂ !

ਨਾ ਵਿਖਾਉ ਸਾਨੂੰ ਆਸਾਮ ‘ਚ ਚੱਲਦੇ,
ਆਪਣੇ ਨਾਜ਼ੀ ਕੈਂਪ ———
ਤੁਹਾਡੀ ਹਰ ਹੁੰਕਾਰ ਨੂੰ ਟੱਕਰਨ ਦਾ ਇਕਰਾਰ ਕਰਦੇ ਹਾਂ !

ਮਾਰ ਮਾਰ ਖੁਰ,
ਜੋ ਉਡਾ ਰਹੇ ਹੋ ਮਿੱਟੀ ——
ਤੁਹਾਡੀਆਂ ਅੱਖਾਂ, ਤੁਹਾਡੇ ਸਿਰਾਂ ਨੂੰ ,
ਉਹੀ ਹੁਣ ਸਾਡਾ ਪਤਾ ਦੇਵੇਗੀ !
               ---ਪਾਲ ਕੌਰ

No comments:

Post a Comment