google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: October 2022

Thursday 27 October 2022

ਹਰਪ੍ਰੀਤ ਸਿੰਘ ਸੇਖੋਂ ਦੀ ਪਲੇਠੀ ਕਾਵਿ ਪੁਸਤਕ ' ਚਾਨਣ ' ਦਾ ਲੋਕ ਅਰਪਣ 29 ਨੂੰ

Thursday 27 October 2022 at 6:34 PM

ਗੀਤਕਾਰ ਬਾਬੂ ਸਿੰਘ ਮਾਨ (ਮਾਨ ਮਰਾੜ੍ਹਾਂ ਵਾਲਾ) ਹੋਣਗੇ ਮੁੱਖ ਮਹਿਮਾਨ

ਲੁਧਿਆਣਾ: 27 ਅਕਤੂਬਰ 2022: (ਕਾਰਤਿਕਾ ਸਿੰਘ//ਸਾਹਿਤ ਸਕਰੀਨ)::

ਸਿਆਸੀ ਸਰਗਰਮੀਆਂ, ਨੇੜ ਭਵਿੱਖ ਦੇ ਖ਼ਤਰੇ, ਗੈਂਗਸਟਰਾਂ ਦੀਆਂ ਫਾਇਰਿੰਗ ਘਟਨਾਵਾਂ, ਖੁਦਕੁਸ਼ੀਆਂ ਦੀਆਂ ਖਬਰਾਂ ਅਤੇ ਲਗਾਤਾਰ ਵੱਧ ਰਹੀ ਮਹਿੰਗਾਈ ਦੇ ਦਰਮਿਆਨ
ਭਾਵੈਂ ਹੁਣ ਕੁਝ ਵੀ ਸੁਖਾਵਾਂ ਜਿਹਾ ਨਹੀਂ ਲੱਗਦਾ ਪਰ ਫਿਰ ਵੀ ਕੁਝ ਚੰਗੀਆਂ ਖਬਰਾਂ ਆ ਹੀ ਰਹੀਆਂ ਹਨ। ਚੰਗੀ ਗੱਲ ਹੈ ਕਿ ਇਹ ਖਬਰਾਂ ਸਾਹਿਤ, ਸੱਭਿਆਚਾਰ ਅਤੇ ਸੰਗੀਤ ਨਾਲ ਸਬੰਧਤ ਹੁੰਦੀਆਂ ਹਨ। ਹੁਣ ਨਵੀਂ ਖਬਰ ਆਈ ਹੈ ਪੁਸਤਕ ਦੇ ਲੋਕ ਅਰਪਣ ਦੀ ਜਿਹੜਾ ਸ਼ਨੀਵਾਰ 29 ਅਕਤੂਬਰ ਨੂੰ ਹੋਣਾ ਹੈ।

ਨਵੇਂ ਉਭਰਦੇ ਲੇਖਕ ਹਰਪ੍ਰੀਤ ਸਿੰਘ ਸੇਖੋਂ ਦੀ ਪਲੇਠੀ ਕਾਵਿ ਪੁਸਤਕ 'ਚਾਨਣ' ਦਾ ਲੋਕ ਅਰਪਣ ਚੰਡੀਗੜ੍ਹ ਵਿਖੇ 29 ਅਕਤੂਬਰ ਦਿਨ ਸ਼ਨੀਵਾਰ ਨੂੰ ਹੋਣ ਜਾ ਰਿਹਾ ਹੈ। ਇਸ ਸਮਾਗਮ ਵਿੱਚ ਗੀਤਕਾਰ ਸ੍ਰ ਬਾਬੂ ਸਿੰਘ ਮਾਨ (ਮਾਨ ਮਰਾੜ੍ਹਾਂ ਵਾਲਾ) ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਇਹ ਸਮਾਗਮ ਬੋਲ ਪੰਜਾਬ ਦੇ ਸੱਭਿਆਚਾਰਕ ਮੰਚ (ਰਜਿ) ਵੱਲੋਂ ਪੰਜਾਬ ਕਲਾ ਪ੍ਰੀਸ਼ਦ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ।  

ਇਸ ਸਬੰਧੀ ਪੰਜਾਬ ਕਲਾ ਪ੍ਰੀਸ਼ਦ ਦੇ ਨੁਮਾਇੰਦਿਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸਮਾਗਮ ਸਵੇਰੇ 10:30 ਵਜੇ ਪੰਜਾਬ ਕਲਾ ਪ੍ਰੀਸ਼ਦ ਆਡੀਟੋਰੀਅਮ, ਸੈਕਟਰ 16 ਬੀ, ਚੰਡੀਗੜ੍ਹ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਸਮਾਗਮ ਦੀ ਪ੍ਰਧਾਨਗੀ ਸ਼੍ਰੀ ਵਰਿੰਦਰ ਸ਼ਰਮਾ, ਆਈ ਏ ਐੱਸ ਕਰਨਗੇ। ਜਦਕਿ ਮੋਹਾਲੀ ਦੇ ਵਿਧਾਇਕ ਸ੍ਰ ਕੁਲਵੰਤ ਸਿੰਘ, ਪ੍ਰੋਫੈਸਰ ਸਾਧੂ ਸਿੰਘ ਸਾਬਕਾ ਲੋਕ ਸਭਾ ਮੈਂਬਰ, ਪਦਮਸ਼੍ਰੀ ਡਾਕਟਰ ਸੁਰਜੀਤ ਪਾਤਰ, ਸ਼੍ਰੀ ਸੁਰਿੰਦਰ ਸ਼ਿੰਦਾ ਸ਼ਰੋਮਣੀ ਗਾਇਕ, ਡਾਕਟਰ ਲਖਵਿੰਦਰ ਜੌਹਲ, ਸ਼੍ਰੀ ਬਾਲ ਮੁਕੰਦ ਸ਼ਰਮਾ, ਪ੍ਰੋ. ਬ੍ਰਹਮਜਗਦੀਸ਼ ਸਿੰਘ, ਸ. ਭੁਪਿੰਦਰ ਸਿੰਘ, ਆਈ.ਏ.ਐੱਸ., ਹੈਪੀ ਰਾਏਕੋਟੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਣਗੇ।  

ਇੱਕ ਤਰ੍ਹਾਂ ਨਾਲ ਗੀਤਕਾਰ ਸ੍ਰ ਬਾਬੂ ਸਿੰਘ ਮਾਨ (ਮਾਨ ਮਰਾੜ੍ਹਾਂ ਵਾਲਾ) ਦੀ ਚੜ੍ਹਤ ਵਾਲਾ ਉਹ ਪੁਰਾਣਾ ਯੁਗ ਇੱਕ ਵਾਰ ਫੇਰ ਪਰਤ ਆਏਗਾ। ਸੁਰਿੰਦਰ ਸ਼ਿੰਦਾ ਅਤੇ ਹੋਰਾਂ ਦੀ ਮੌਜੂਦਗੀ ਇਸ ਦੀ ਗਵਾਹੀ ਵੀ ਦੇਵੇਗੀ। 

ਚੱਲਦੇ ਚੱਲਦੇ:
ਬਾਬੂ ਸਿੰਘ ਮਾਨ ਮਾਨ ਮਰਾੜ੍ਹਾਂ ਵਾਲਾ ਛੇਵੀਂ ਜਮਾਤ ਵਿੱਚ ਕਵਿਤਾ ਲਿਖਣ ਲੱਗ ਪਿਆ।  ਪ੍ਰਸਿੱਧ ਗਾਇਕਾਂ ਨੇ ਬਹੁਤ ਬਸਰੇ ਗੀਤ ਗਾਏ। ਇੱਕ ਬਹੁਤ ਪ੍ਰਸਿੱਧ ਹੋਇਆ ਸੀ-ਦੁੱਧ ਕਾੜ੍ਹ ਕੇ ਜਾਗ ਨਾ ਲਾਵਾਂ, ਤੇਰੀਆਂ ਉਡੀਕਾਂ ਹਾਣੀਆਂ ਕਰਤਾਰ ਸਿੰਘ ਬਲੱਗਣ ਦੇ ਰਸਾਲੇ ਵਿੱਚ ਛਪਿਆ। ਪਹਿਲੀ ਪੁਸਤਕ  ਗੀਤਾਂ ਦਾ ਵਣਜਾਰਾ, 1963 ਵਿੱਚ ਛਪੀ।  ਇਹਨਾਂ ਦਾ ਪਹਿਲਾ ਰਿਕਾਰਡ ਗੀਤ ਗੁਰਪਾਲ ਸਿੰਘ ਪਾਲ ਨੇ ਗਾਇਆ

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ। 

ਸ਼੍ਰੀ ਗੁਰਚਰਨ ਰਾਮਪੁਰੀ, ਦੂਸਰਾ ਪੁਰਸਰਕਾਰ, ਬਹੁਪ੍ਰਤਿਭੀ ਸ਼ਾਇਰ ‘ਬੀਬਾ ਬਲਵੰਤ’ ਨੂੰ

Thursday 27th October 2022 at 3:39 PM

ਰਾਮਪੁਰ ਵਿਖੇ ਸਨਮਾਨ ਸਮਾਗਮ ਅਤੇ ਸਾਂਝਾ ਸਮ੍ਰਿਤੀ ਕਵੀ ਦਰਬਾਰ 6 ਨੂੰ

ਦੋਰਾਹਾ: 27 ਅਕਤੂਬਰ 2022: (ਕਾਰਤਿਕਾ ਸਿੰਘ//ਸਾਹਿਤ ਸਕਰੀਨ):: 
ਬੀਬਾ ਬਲਵੰਤ
ਕਦਮ ਕਦਮ 'ਤੇ ਨਵਾਂ ਜਿਹਾ ਅਤੇ ਨਾਲ ਹੀ ਅਰਕਾਈਵ ਜਿਹਾ ਅਹਿਸਾਸ ਕਰਾਉਣ ਵਰਗੀ ਸ਼ਖ਼ਸੀਅਤ ਬੀਬਾ ਬਲਵੰਤ ਦੇ ਸਨਮਾਨ ਵਾਲੀ ਖਬਰ ਇੱਕ ਸ਼ੁਭ ਸ਼ਗਨ ਦੀ ਖਬਰ ਵਾਂਗ ਆਈ ਹੈ। ਇਸ ਸਮਾਗਮ ਵਿੱਚ ਹੀ ਹੋਣਾ ਹੈ 
ਪੰਜਾਬੀ ਲਿਖਾਰੀ ਸਭਾ ਰਾਮਪੁਰ ਸਭਾ ਦੇ ਸਰਪ੍ਰਸਤ ਸੁਰਿੰਦਰ ਰਾਮਪੁਰੀ, ਪ੍ਰਧਾਨ ਜਸਵੀਰ ਝੱਜ, ਮੀਤ ਪ੍ਰਧਾਨ ਬਲਦੇਵ ਸਿੰਘ ਝੱਜ, ਜਨਰਲ ਸਕੱਤਰ ਹਰਬੰਸ ਮਾਲਵਾ, ਸਕੱਤਰ ਨੀਤੂ ਰਾਮਪੁਰ, ਗੁਰਦਿਆਲ ਦਲਾਲ ਦੇ ਅਨੁਸਾਰ 7 ਅਗਸਤ 1953 ਨੂੰ ਸਥਾਪਤ ਹੋਈ, ਪੰਜਾਬ ਦੀ ਸਭ ਤੋਂ ਪੁਰਾਣੀ ਪੇਂਡੂ, ਪੰਜਾਬੀ ਲਿਖਾਰੀ ਸਭਾ (ਰਜਿ.) ਰਾਮਪੁਰ ਵੱਲੋਂ ਸ਼੍ਰੀ ਗੁਰਚਰਨ ਰਾਮਪੁਰੀ ਦੂਸਰਾ ਸਨਮਾਨ ਸਮਾਗਮ 6 ਨਵੰਬਰ ਦਿਨ ਐਤਵਾਰ ਨੂੰ ਕਰਨਾ ਤਹਿ ਕੀਤਾ ਗਿਆ ਹੈ। ਇਸ ਮੌਕੇ ਸੁਖਮਿੰਦਰ ਰਾਮਪੁਰੀ ਯਾਦਗਾਰੀ ਕਵੀ ਦਰਬਾਰ ਵੀ ਹੋਵੇਗਾ। ਰਾਮਪੁਰ ਦੇ ਇਹ ਦੋਏਂ ਕਲਮਕਾਰ ਸ਼ਾਇਰੀ ਵਿਚ ਮਹਾਂਰਥੀ ਰਹੇ ਹਨ। ਇਸ ਲਈ ਇਹਨਾਂ ਦੀ ਯਾਦ ਵਿਚ ਇਸ ਸਾਂਝੇ ਕਵੀ ਦਰਬਾਰ ਵਿੱਚ ਵੀ ਯਾਦਗਾਰੀ ਕਾਵਿ ਰਚਨਾਵਾਂ ਪੜ੍ਹੀਆਂ ਜਾਣਗੀਆਂ। 
ਸਮਾਗਮ ਦੀ ਪ੍ਰਧਾਨਗੀ ਡਾ. ਲਖਵਿੰਦਰ ਜੌਹਲ ਪ੍ਰਧਾਨ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਕਰਨਗੇ। ਇਸ ਵਾਰ ਦੂਸਰਾ ਸ਼੍ਰੀ ਗੁਰਚਰਨ ਰਾਮਪੁਰੀ ਸਨਮਾਨ, ਨੌ ਪੁਸਤਕਾਂ ਦੇ ਬਿਹਤਰੀਨ ਸ਼ਾਇਰ ਤੋਂ ਬਿਨ ਚਿੱਤਰਕਾਰ, ਫੋਟੋਗ੍ਰਾਫਰ ਅਦਾਕਾਰ ਅਤੇ ਨਾਟਕ ਨਿਰਦੇਸ਼ਕ ‘ਬੀਬਾ ਬਲਵੰਤ’ ਨੂੰ ਦਿੱਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਪੰਜਾਬੀ ਲਿਖਾਰੀ ਸਭਾ ਰਾਮਪੁਰ ਦੇ ਮੋਢ੍ਹੀ ਮੈਂਬਰ ਅਤੇ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਸ਼ਾਇਰ ਸ਼੍ਰੀ ਗੁਰਚਰਨ ਰਾਮਪੁਰੀ ਦੀਆਂ ਕਨੇਡਾ ਵਸਦੀਆਂ ਧੀਆਂ ਦਵਿੰਦਰ ਕੌਰ ਭੰਗੂ, ਹਰਮੋਹਿੰਦਰ ਕੌਰ ਭੰਗੂ ਅਤੇ ਪੁੱਤਰ ਜਸਵੀਰ ਸਿੰਘ ਰਾਮਪੁਰੀ ਤੇ ਰਵਿੰਦਰ ਸਿੰਘ ਰਾਮਪੁਰੀ ਨੇ ਸਮੂਹ ਪਰਿਵਾਰ ਦੀ ਸਲਾਹ ਨਾਲ ਸਭਾ ਦੇ ਸਾਲਾਨਾ ਸਥਾਪਨਾ ਦਿਵਸ ‘ਤੇ ਆਪਣੇ ਪਿਤਾ ਸ਼੍ਰੀ ‘ਗੁਰਚਰਨ ਰਾਮਪੁਰੀ’ ਦੇ ਨਾਮ ਤੇ ਇੱਕ ਯਾਦਗਾਰੀ ਸਨਮਾਨ ਹਰ ਸਾਲ ਦੇਣ ਦਾ ਐਲਾਨ ਕੀਤਾ ਹੈ। ਜਿਸ ਵਿਚ ਇੱਕ ਸਨਮਾਨ ਚਿੰਨ, ਇੱਕ ਦੁਸ਼ਾਲਾ ਤੇ ਨਕਦ ਇੱਕੀ ਹਜ਼ਾਰ ਰੁਪਏ ਦੀ ਸਨਮਾਨ ਰਾਸ਼ੀ ਭੇਂਟ ਕੀਤੀ ਜਾਵੇਗੀ।

ਚਲਦੇ ਚਲਦੇ ਬੀਬਾ ਬਲਵੰਤ ਹੁਰਾਂ ਵੱਲੋਂ ਦਿੱਤੇ ਗੁਰਮੰਤਰ ਵਰਗੇ ਮੰਤਰ 'ਤੇ ਵੀ ਇੱਕ ਨਜ਼ਰ:

ਆਮ ਤੌਰ  ਤੇ ਲੋਕ  ਕਿਸੇ ਮਤਲਬ ਲਈ  ਰਿਸ਼ਤੇ ਗੰਢਦੇ ਹਨ। ਬਿਨਾ ਕਿਸੇ ਲੁਕਵੇਂ ਏਜੰਡੇ ਤੋਂ ਰਿਸ਼ਤੇ ਬਣਾ ਕੇ ਦੇਖ ਲਓ ਤੁਹਾਡੇ ਸਾਰੇ ਕੰਮ  ਆਪਣੇ ਆਪ  ਹੁੰਦੇ ਰਹਿਣਗੇ।

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ। 

Friday 14 October 2022

ਸਾਜ਼ਿਸ਼ਾਂ ਤੋਂ ਪਰਦਾ ਚੁੱਕਦੀ ਅਸਲੀ ਕਹਾਣੀ

Saturday 1st October 2022 at 05:08 PM

ਕਹਾਣੀ//ਕਥਾ ਕਾਲੇ ਕਲਾਮ ਦੀ//ਲਾਲ ਸਿੰਘ

ਕਹਾਣੀਕਾਰ ਲਾਲ ਸਿੰਘ ਹੁਰਾਂ ਦੀ ਹਰ ਇਕ ਰਚਨਾ ਵਿੱਚ ਅਗਾਂਹਵਧੂ ਸੁਨੇਹਾ ਹੁੰਦਾ ਹੈ। ਹਰ ਰਚਨਾ ਵਿੱਚ ਕੋਈ ਮਕਸਦ ਹੁੰਦਾ ਹੈ। ਹਰ ਰਚਨਾ ਵਿੱਚ ਬਾਹਰਲੇ ਮਾਹੌਲ ਦੇ ਨਾਲ ਨਾਲ ਅੰਦਰ ਦੇ ਸੰਸਾਰ ਦੀ ਵੀ ਇੱਕ ਸਪਸ਼ਟ ਝਲਕ ਦਿਖਾਈ ਦੇਂਦੀ ਹੈ। ਇਹ ਸਭ ਕੁਝ ਅਜਿਹੀਆਂ ਖੂਬੀਆਂ ਹਨ ਜਿਹੜੀਆਂ ਕਹਾਣੀਕਾਰ ਲਾਲ ਸਿੰਘ ਨੂੰ ਇੱਕ ਵਿਲੱਖਣ ਰਚਨਾਕਾਰ ਬਣਾਉਂਦੀਆਂ ਹਨ। ਉਮੀਦ ਹੈ ਸਾਹਿਤ ਸਕਰੀਨ ਦੇ ਪਾਠਕ ਇਸ ਕਹਾਣੀ ਨੂੰ ਵੀ ਪਸੰਦ ਕਰਨਗੇ। ਇਹ ਕਹਾਣੀ ਵੀ ਦਫਤਰਾਂ ਦੀ ਜ਼ਿੰਦਗੀ ਦਾ ਹਾਲ ਦੱਸਦੀ ਹੈ। ਅੱਤਿਆਚਾਰਾਂ, ਵਧੀਕੀਆਂ, ਬੇਇਨਸਾਫੀਆਂ ਅਤੇ ਸਾਡੇ ਆਮ ਕਿਰਤੀਆਂ ਨਾਲ ਹੁੰਦੇ ਜ਼ੁਲਮਾਂ ਦੀਆਂ ਪਰਤਾਂ ਖੋਹਲਦੀ ਹੈ। ਇਹ ਰਚਨਾ ਦੱਸਦੀ ਹੈ ਕਿ ਕੌਣ ਸਿਰਜਦਾ ਹੈ ਖ਼ੁਦਕੁਸ਼ੀਆਂ ਦੇ ਹਾਲਾਤ। ਕੌਣ ਹਨ ਜ਼ਿੰਮੇਵਾਰ?-ਕਾਰਤਿਕਾ ਸਿੰਘ (ਕੋਆਰਡੀਨੇਸ਼ਨ ਸੰਪਾਦਕ) 

ਐਓਂ ਕਰੀਂ ਜ਼ਰਾ ਸਹਿਜ ਨਾਲ ਜਾ ਬੈਠੀਂ। ਉਸਦੇ ਮੰਜੇ ਲਾਗੇ। ਕਿਸੇ ਵੀ ਕੁਰਸੀ ਸਟੂਲ ਤੇ। ਬਿੜਕ ਹੁੰਦਿਆ-ਕਰਦਿਆਂ ਉਹ ਅੱਖਾਂ ਖੋਲੇਗੀ। ਤੈਨੂੰ ਦੇਖਦਿਆਂ ਸਾਰ ਪਹਿਲਾ ਸਵਾਲ ਇਹ ਕਰੇਗੀ–‘ਭਾਅ ਜੀ ਮੇਰਾ ਇੱਕ ਕੰਮ ਕਰੋਗੇ?‘ ਤੇਰੀ ਹਾਂ-ਨਾਂਹ ਉਡੀਕੇ ਬਿਨਾਂ ਉਹ ਅਗਲਾ ਵਾਕ ਫਿਰ ਉਹੀ ਬੋਲੇਗੀ, ਥੋੜਾ ਬਦਲ ਕੇ–“ ਮੇਰਾ ਇਹ ਕੰਮ ਜ਼ਰੂਰ ਕਰੋ, ਮੈਨੂੰ ਘਰ ਛੱਡ ਆਓ।“ ਤੂੰ ਹੈਰਾਨ ਹੋਵੇਂਗਾ ਤੇ ਚਿੰਤਾਵਾਨ ਵੀ। ਅਪਣੇ ਘਰ ਬੈਠੀ ਇਹ ਕਿਹੜੀ ਥਾਂ ਜਾਣ ਨੂੰ ਆਖ ਰਹੀ ਐ। ਉਸ ਦੇ ਅਗਲੇ ਬੋਲ ਸੁਨਣ ਤੋਂ ਪਹਿਲਾਂ ਤੂੰ ਆਖੇਂਗਾ–“ਅਪਣੇ ਘਰ ਈ ਤਾਂ ਬੈਠੀ ਏਂ ਤੂੰ। ਇਹ ਤੇਰਾ ਈ ਘਰ ਆ ਬੀਬਾ। “ਉਸਦਾ ਝੱਟ ਉੱਤਰ ਹੋਵੇਗਾ–“ਨਹੀਂ,ਇਹ ਮੇਰਾ ਘਰ ਨਈਂ। ਇਹ ਪਤਾ ਨਈਂ ਕੇਦਾਂ,ਮੈਂ ਜਿੱਦਣ ਦੀ ਆਈ ਆ ਓਦਣ ਦੀ ਈ ਬੀਮਾਰ ਆਂ। ਅਪਣੇ ਘਰ ਮੈਂ ਕਦੀ ਬੀਮਾਰ ਨਹੀਂ ਸੀ ਹੋਈ। ਮੈਨੂੰ ਉਥੇ ਲੈ ਕੇ ਚੱਲ ਵੀਰ ਬਣ ਕੇ। ਮੈਂ ਹੱਥ ਜੋੜਦੀ ਆ, ਪੈਰੀ ਪੈਨੀਂ ਆ ਤੇਰੇ। “ਤੇ ਸੱਚ-ਮੁੱਚ ਉਹ ਹੱਥ ਜੋੜ ਕੇ ਤੇਰੇ ਪੈਰਾਂ ਵਲ੍ਹ ਨੂੰ ਝੁਕੇਗੀ। ਤੂੰ ਉਸਨੂੰ ਰੋਕੇਂਗਾ। ਉਸ ਨੂੰ ਪਿਆਰ ਦਏਂਗਾ। ਉਸ ਦੇ ਸਿਰ ਤੇ ਹੱਥ ਫੇਰੇਂਗਾ। ਤੂੰ ਇਹ ਨਾ ਸਮਝਣਾ ਉਹਨੇ ਤੈਨੂੰ ਪਛਾਣਿਆਂ ਨਹੀਂ। ਸਭ ਜਾਣਦੀ ਐ, ਚੰਗੀ ਤਰਾਂ ਪਛਾਣਦੀ ਆ ਤੈਨੂੰ। ਤੇਰਾ ਹੱਥ ਲੱਗਦਿਆ ਸਾਰ ਉਸਨੇ ਰੋਣ ਲੱਗ ਪੈਣਾ।ਪਹਿਲਾਂ ਹਟਕੋਰੀਂ, ਫਿਰ ਉੱਚੀ ਉੱਚੀ ਭੁਬਾਂ ਮਾਰਕੇ। ਬਿਲਕੁਲ ਉਸੇ ਤਰਾਂ ਜਿਵੇਂ ਉਹ ਦਫ਼ਤਰ ਆ ਕੇ ਰੋਈ ਸੀ, ਤੇਰੀ ਮੁਅੱਤਲੀ ਵੇਲੇ। ਹੋਰ ਵੀ ਕਰਮਚਾਰੀ ਸਨ ਹੀ ਉਸ ਵਰਗੇ। ਬਿਲਕੁਲ ਨਾਲ ਦੇ ਕਮਰੇ ‘ਚ। ਲਾਗੇ-ਲਾਗੇ ਬੈਠਦੇ ਸਨ ਸਾਰੇ। ਸਭ ਨੂੰ ਇਕ ਸਾਰ ਪਤਾ ਲੱਗ ਗਿਆ ਕਿ ਨਵੇਂ ਆਏ ਸਾਬ੍ਹ ਦੀ ਬਦਲੀ ਨਹੀਂ ਮੁਅੱਤਲੀ ਹੋਈ ਐ। ਕਾਰਨ ਝੱਟ ਸਮਝ ਗਏ ਸਨ ਉਹ,’ਕਿ ਨਵੇਂ ਸਾਬ ਉੱਪਰਲੀਆਂ ਆਸਾਂ ਤੇ ਪੂਰੇ ਨਹੀਂ ਸੀ ਉੱਤਰੇ। ਪੂਰਾ ਛੱਡ ਕੇ ਥੋੜ੍ਹਾ-ਬਹੁਤ ਹੁੰਗਾਰਾ ਵੀ ਨਹੀਂ ਸੀ ਭਰਿਆ। ਦਫ਼ਤਰੀ ਰੁਟੀਨ ‘ਚ ਵਿਚਰਦਿਆਂ ਤੂੰ ਦਫ਼ਤਰੀ  ਨਿਯਮਾਂ ਦੀ ਪਾਲਣਾ ਵੱਧ ਕਰਦਾ। ਮਹਿਕਮਾਂ ਕੁਝ ਹੋਰ ਭਾਲਦਾ ਸੀ ਤੇਰੇ ਤੋਂ ਤੂੰ ਉੱਪਰਲੇ-ਹੇਠਲੇ ਹੁਕਮਾਂ ਵਲ੍ਹ ਧਿਆਨ ਨਹੀਂ ਸੀ ਦਿੱਤਾ। ਧਿਆਨ ਦੇਣਾ ਤਾਂ ਇਕ ਪਾਸੇ ਰਿਹਾ ਬਹੁਤੀ ਵਾਰ ਨਾਂਹ-ਨੁੱਕਰ ਹੀ ਕਰ ਦਿੱਤੀ। ਭਲਾ-ਚੰਗਾ ਪਤਾ ਸੀ ਤੈਨੂੰ ਕਿ ਉੱਪਰਲੇ ਹੁਕਮ ਹੁਣ ਪਹਿਲੋਂ ਵਰਗੇ ਨਹੀਂ ਸੀ ਰਹੇ। ਤਾਸੀਰ ਬਦਲ ਗਈ ਸੀ ਇਹਨਾਂ ਦੀ। ਹੇਠੋਂ ਲੈ ਕੇ ਉੱਪਰ ਤੱਕ। ਇਹ ਨਾਂਹ-ਨੁੱਕਰ ਤਾਂ ਕੀ ਕਿਸੇ ਦੀ ਤਰਾਂ ਦੀ ਅਪੀਲ-ਦਲੀਲ ਬਰਦਾਸ਼ਤ ਨਹੀਂ ਸੀ ਕਰਦੇ। ਜਿਵੇਂ ਪਹਿਲਾਂ ਵਾਲੇ ਕਰ ਲਿਆ ਕਰਦੇ ਸਨ। ਉਹਨਾਂ ਨਾਲ ਤਾਂ ਬਹਿਸ-ਮੁਬਾਸਾ ਵੀ ਕਰ ਲੈਂਦਾ ਸੀ। ਉਹ ਤੇਰਾ ਪੱਖ ਸੁਣ ਵੀ ਲਿਆ ਕਰਦੇ ਸਨ। ਜੇ ਚਾਰੇ ਸਿਰੇ ਗੱਲ ਕਿਸੇ ਤਣ-ਪੱਛਣ ਨਾ ਲੱਗੇ, ਤਾਂ ਵੱਧ ਤੋਂ ਵੱਧ ਚਿਤਾਵਨੀ ਜਾਂ ਚਾਰਜ਼ਸ਼ੀਟ। ਜੇ ਤਲਖ਼-ਕਲਾਸੀਂ ਬਾਹਲੀ ਈ ਇਤਰਾਜ਼ਯੋਗ ਹੁੰਦੀ ਤਾਂ ਵੱਡੀ ਤੋਂ ਵੱਡੀ ਸਜ਼ਾ ਹੁੰਦੀ ਬਦਲੀ। ਜਿਸ ਨੂੰ ਆਮ ਵਰਤਾਰਾ ਸਮਝਣ ਲੱਗ ਪਿਆ  ਸੀ ਤੂੰ। ਪਰ, ਇਸ ਵਾਰ ਤਾਂ ਗੱਲ ਵੀ ਕੋਈ ਖਾਸ ਨਹੀਂ ਸੀ ਹੋਈ। ਤੈਨੂੰ ਆਪਦੇ ਦਫ਼ਤਰ ਦੇ ਇਕ ਸਿਆਣੇ-ਬਿਆਣੇ ਕਰਮਚਾਰੀ ਦੀਆਂ ਦਫ਼ਤਰੋਂ ਬਾਹਰਲੀਆਂ ਗਤੀਵਿਧੀਆਂ ਦੱਸਣ ਲਈ ਕਿਹਾ ਗਿਆ, ਗੁਪਤ ਢੰਗ ਨਾਲ। ਤੇਰਾ ਉੱਤਰ ਸੀ– “ਮੇਰਾ ਵਾਹ-ਵਾਸਤਾ ਉਸਦੇ ਦਫ਼ਤਰੀ ਕਾਰ-ਵਿਹਾਰ ਨਾਲ ਐ, ਉਸਦੇ ਨਿੱਜੀ ਜੀਵਨ ਨਾਲ ਨਹੀਂ। ਡਿਊਟੀਓਂ ਬਾਅਦ ਉਹ ਆਜ਼ਾਦ ਐ, ਕੋਈ ਵੀ ਸਮਾਜਿਕ ਕੰਮ ਕਰੇ ਜਾਂ ਸੱਭਿਆਚਾਰਕ ਮੈਂ ਉਸ ਨੂੰ ਕਿਵੇਂ ਰੋਕ ਸਕਦਾਂ।“

ਵਾਰ-ਵਾਰ ਪੁੱਛੇ ਜਾਣੇ ਤੇ ਤੇਰਾ ਉਸ ਵਾਰ ਦਾ ਉੱਤਰ ਥੋੜੀ ਕੁ ਤਲ਼ਖ-ਬਾਣੀ ‘ਚ ਬਦਲ ਗਿਆ।

ਕਹਾਣੀਕਾਰ ਲਾਲ ਸਿੰਘ
ਫਿਰ ਵੀ ਸ਼ੁਕਰ ਕਰ ਤੂੰ ਨੇੜੇ ਹੀ ਬੱਚ ਗਿਆ। ਨਹੀਂ ਤਾਂ ਦੇਸ਼-ਧਰੋਹੀ,ਜੇਲ੍ਹ-ਬੰਦੀ ਵਰਗੇ ਤਗ਼ਮੇਂ ਸੋਖਿਆਂ ਹੀ ਲਟਕ ਜਾਣੇ ਸਨ ਤੇਰੇ ਗਲ੍ਹੇ ‘ਚ । ਇਹ ਤੇਰੀ ਕਾਬਲੀਅਤ ਸੀ ਜਾਂ ਮਹਿਕਮਾਨਾਂ ਬਾਰੀਕੀਆਂ ਦੀ ਡੂੰਘੀ ਜਾਣਕਾਰੀ ਕਿ ਤੈਨੂੰ ਮਿਲੀ ਸਜ਼ਾ ਕੇਵਲ ਮੁਅੱਤਲੀ ਤੱਕ ਹੀ ਸੀਮਤ ਰਹੀ । ਪਰ ,ਪੱਕੀ  ਗੱਲ ਇਹ ਐ ਕਿ ਤੂੰ ਇਸ ਨੂੰ ਵਾਰਨਿੰਗ ਹੀ ਸਮਝ-‘ਜੇ ਮੁੜ ਕਿਸੇ ਨਾਲ ਐਹੀ ਜਿਹੀ ਬਹਿਸਬਾਜ਼ੀ
ਕੀਤੀ ਤਾਂ ਬਰਖਾਸਤੀ ਨੋਟਸ ਤੇਰੇ ਹੱਥਾਂ ‘ਚ ਹੋਵੇਗਾ । ਫਿਰ ਤੁਰਿਆ ਫਿਰੀਂ ਐਧਰ-ਓਧਰ ਟੱਕਰਾਂ ਮਾਰਦਾ । ਕੋਰਟ ਕਚਿਹਰੀ ਸਮੇਤ ਉੱਪਰ ਤੱਕ ਤੇਰੀ ਇਕ ਨਹੀਂ ਸੁਨਣੀ ਕਿਸ ਨੇ । ‘

ਤੇ ਬੱਸ...ਤੇਰੀ ਉਸ ਵਾਰ ਦੀ ਹੁਕਮ-ਅਦੂਲੀ ਦਾ ਸਿੱਟਾ ਸੀ-ਤੇਰੇ ਦਫ਼ਤਰੀ ਲੈਪ-ਟਾਪ ਤੇ ਛਪੀ ਤੇਰੀ ਮੁਅੱਤਲੀ ਦੀ ਇਬਾਰਤ, ਜਿੱਸ ਨੂੰ ਪੜ੍ਹ ਕੇ ਇਹ ਬਹੁਤ ਰੋਈ ਸੀ। ਪਹਿਲਾਂ ਅਪਣੀ ਸੀਟ ਤੇ ਬੈਠੀ ਫਿਰ ਤੇਰੇ ਕਮਰੇ ‘ਚ ਆ ਕੇ। ਤੂੰ ਇਬਾਰਤੀ-ਹੁਕਮ ਪੜ੍ਹ ਕੇ ਏਨਾਂ ਪ੍ਰੇਸ਼ਾਨ ਨਹੀਂ ਸੀ ਹੋਇਆ, ਜਿੰਨਾਂ ਇਹਨੂੰ ਰੋਂਦੀ ਨੂੰ ਦੇਖ ਕੇ ਹੋਇਆ ਸੀ। ਕਈ ਸਾਰੇ ਯਤਨ ਕਰਨੇ ਪਏ ਸਨ ਤੈਨੂੰ ਇਸਨੂੰ ਢਾਰਸ ਦੇਣ ਲਈ, ਤੂੰ ਬੇ-ਹੱਦ ਠਰੱਮੇਂ ਨਾਲ ਆਖਿਆ ਸੀ ਇਸਨੂੰ– “ਹੌਸਲਾ ਰੱਖ ਬੀਬਾ, ਹਿੰਮਤ ਕਰ। ਮੇਰੇ ਲਈ ਇਹ ਕੋਈ ਨਵੀਂ ਗੱਲ ਨਈਂ  ਇਹ ਬਦਲੀਆਂ ਚਾਰਜ਼ਸ਼ੀਟਾਂ-ਮੁਅੱਤਲੀਆਂ ਤਾਂ ਮੇਰੇ ਪਿੱਛੇ-ਪਿੱਛੇ ਹੀ ਰਹਿੰਦੀਆਂ ਕਈ ਵਾਰ ਤਾਂ ਮੇਰੇ ਪੁੱਜਣ ਤੋਂ ਪਹਿਲਾਂ ਹੀ ਅੱਪੜ ਜਾਂਦੀਆਂ ਅਗਲੀ ਥਾਂ ਤੇ। ਤੂੰ ਕਾਨੂੰ ਦਿਲ ਛੋਟਾ ਕਰਦੀ ਐਂ। ਹਿੰਮਤ ਰੱਖ ਹਿੰਮਤ। ਜਿਹਨੇ ਵੀ ਗਲ਼ਤ-ਮਲਤ਼ ਹੁਕਮਾਂ ਤੋਂ ਇਨਕਾਰੀ ਹੋਣਾ, ਉਹਨੂੰ ਐਹੋ ਜਿਹੀ ਬਦਸਲੂਕੀ ਤਾਂ ਝੱਲਣੀ –ਸਹਾਰਨੀ ਹੀ ਪਊ!”

“ਨਈਂ ਝੱਲ ਹੋਈ....ਈ....ਸਰ ਏਨ੍ਹਾਂ ਤੋਂ! ...ਮੁੜ ਘੜੀ ਦੀ ਬਦਲੀ ਨੂੰ ...ਹੇਠੀ ਮੰਨਿਆ ਸੀਈ ਇਨ੍ਹਾਂ।...ਡਾਵਾਡੋਲ ਹੋਏ ਸਲਫਾਸ ਨਿਗਲ ਕੇ ....”, ਰੁੱਕ-ਰੁੱਕ ਕੇ ਦੱਸਦੀ ਦਾ ਉਸ ਦਿਨ ਜਿਵੇਂ ਕੜ੍ਹ ਹੀ ਪਾੜ ਸੀ ਇਸਦਾ।‘

ਉਸ ਵਾਰ ਦਾ ਵਿਰਲਾਪ ਤੇਰੇ ਤੋਂ ਦੇਖ-ਸਹਾਰ ਨਹੀਂ  ਸੀ ਹੋਇਆ। ਆਪਣੀ ਸੀਟ ਤੋਂ ਉੱਠਕੇ ਤੂੰ ਇਸਦੇ ਲਾਗੇ ਜਾ ਖੜੋਇਆ ਸੀ। ਇਸਦਾ ਸਿਰ-ਮੂੰਹ ਪਲੋਸਦੇ ਨੇ ਮਸਾਂ ਰੋਣੋ ਰੋਕਿਆ ਸੀ ਇਸਨੂ। ਇਸ ਦੇ ਘਰ-ਬਾਹਰ, ਬਾਲ-ਬੱਚਿਆਂ ਬਾਰੇ ਪੁੱਛਣਾ , ਤੈਨੂੰ ਉਸ ਦਿਨ ਮਨਾਸਿਬ ਨਹੀਂ ਸੀ ਲੱਗਾ। ਉਂਝ ਉਸ ਦਿਨ ਦੇ ਤੇਰੇ ਵਿਵਹਾਰ ਨੇ ਇਸ ਨੂੰ ਢਾਰਸ ਵੀ ਬਹੁਤ ਦਿੱਤੀ ਸੀ ਅਤੇ ਤੇਰੇ ਲਈ ਬਣਿਆ ਮਾਣ-ਸੱਤਿਕਾਰ ਹੋਰ ਵੀ ਕਿੰਨਾ ਸਾਰਾ ਵੱਧ ਗਿਆ ਸੀ ਇਸ ਅੰਦਰ।

ਇਹ ਉਸ ਮਾਣ-ਸੱਤਿਕਾਰ ਦਾ ਹੀ ਹਿੱਸਾ ਕਿ ਤੂੰ ਹੁਣ ਤੱਕ ਯਾਦ ਰੱਖਿਆ ਇਸ ਨੂੰ। ਮੁਅੱਤਲੀ ਹੁਕਮ ਰੱਦ ਕਰਵਾ ਕੇ ਮੁੜੇ ਨੂੰ ਤੈਨੂੰ ਇਹ ਦਫ਼ਤਰ ਨਾਹੀਂ ਸੀ ਲੱਭੀ। ਲੱਭਦੀ ਵੀ ਕਿਵੇਂ! ਇਸ ਨੂੰ ਮੰਜੇ ਤੱਕ ਸੀਮਤ ਕਰਨ ਵਿੱਚ ਇਸਦੇ ਘਰ ਨਾਲੋਂ ਵੱਧ ਤੇਰੇ ਦਫ਼ਤਰ ਦਾ ਹਿੱਸਾ ਐ!...ਤੇਰੀ ਥਾਂ ਆਉਣ ਵਾਲਾ ਅਧਿਕਾਰੀ ਤੇਰੇ ਵਰਗਾ ਕੋਮਲ ਚਿੱਤ ਨਹੀਂ ਸੀ। ਪੂਰਾ ਹਠੀ ਤੇ ਅੜੀਅਲ ਸੀ ਉਹ। ਉਝ ਵੀ ਹੁਸ਼ਿਆਰ ਸੀ ਹਰ ਪਾਸਿਉਂ। ਪੂਰੀ ਬਿੜਕ ਰੱਖਦਾ ਸੀ ਉੱਪਰ–ਹੇਠਾਂ ਦੀ।  ਇਕੱਲੀ ਬਿੜਕ ਹੀ ਨਹੀਂ ਪੂਰੀ ਸਮਰੱਥਾ ਰੱਖਦਾ ਸੀ ਆਸੇ–ਪਾਸੇ ਉੱਪਰ–ਹੇਠਾਂ ਅਨੁਸਾਰ ਢਲਣ-ਸਮੋਣ ਦੀ । ਇਸਨੂੰ ਵੀ ਉਸਨੇ ਆਪਣੇ ਹਿਸਾਬ ਨਾਲ ਢਾਲਣ-ਤੋਰਨ ਦੇ ਯਤਨ ਕੀਤੇ। ਬਣਦੀ ਹੱਦ ਤੱਕ ਇਹ ਤੁਰਦੀ ਵੀ ਰਹੀ ਉਸਦੇ ਨਾਲ ਨਾਲ। ਪਰ, ਇੱਕ ਥਾਂ ਪੁੱਜ ਕੇ ਇਸ ਤੋਂ ਉਸਦੀ ਹਰਕਤ ਬਰਦਾਸ਼ਤ ਨਹੀਂ ਸੀ ਹੋਈ। ਉਸ ਵਲੋਂ ਬੋਲੀ ਇਬਾਰਤ-ਕਾਪੀ ਵਗਾਹ ਕੇ ਮਾਰੀ ਸੀ ਇਸ ਨੇ। ਸਹਿਬਨ ਇਹ ਕਾਪੀ ਮੇਜ਼ ਤੇ ਤਿਲਕਣ ਦੀ ਥਾਂ ਥੋੜੀ ਕੁ ਹਵਾ ‘ਚ ਉੱਲਰ ਗਈ। ਸਾਹਮਣੇ ਆਰਾਮ ਕੁਰਸੀ ਵਰਗੀ ਲੇਟਵੀਂ ਮੁੱਦਰਾ ‘ਚ ਝੂਲਦੇ ਸਾਹਬ ਦੇ ਮੂੰਹ-ਸਿਰ ‘ਚ ਨਹੀਂ ਵੱਜੀ, ਤਾਂ ਵੀ ਇਸ ਨੂੰ ਹੁਕਮ-ਅਦੂਲੀ ਸਮੇਤ ਸਖ਼ਸ਼ੀ-ਹਮਲਾ ਸੌਖਿਆ ਹੀ ਗਰਦਾਨ ਦਿੱਤਾ ਗਿਆ।ਸਿੱਟੇ ਵਜੋਂ ਅਗਲੇ ਹੀ ਦਿਨ ਤੋਂ ਇਹ ਹਰਕਤ ਚਾਰਜ਼ਸ਼ੀਟ ਤੇ ਤੁਰਦੀ ਛਾਂਟੀ ਨੋਟਿਸ ਤੱਕ ਪੁੱਜ ਗਈ ਸੀ। ਇਸ ਦੇ ਕੌਮਲ-ਚਿੱਤ ਵਰਤਾਰੇ ਲਈ ਦੂਜਾ ਵੱਡਾ ਝਟਕਾ ਸੀ ਇਹ। ਇਸ ਤੋਂ ਰਤੀ ਭਰ ਵੀ ਬਰਦਾਸ਼ਤ ਨਹੀਂ ਸੀ ਹੋਇਆ। ਆਪਣੇ ਆਪ ਨੂੰ ਨਿਰਦੇਸ਼ ਸਾਬਤ ਕਰਨ ਦੀ ਨਾ ਹਿੰਮਤ ਬਚੀ ਸੀ ਇਸ ‘ਚ ਨਾ ਸੁੱਧ-ਬੁੱਧ। ਛੇਤੀ ਹੀ ਇਹ ਮਨੋ-ਸਥਿਤੀ ਦਿਮਾਗੀ-ਅਸਥਿਰਤਾ ‘ਚ ਬਦਲ ਗਈ, ਕਿਸੇ ਨਾ-ਮੁਰਾਦ ਬੀਮਾਰੀ ਨੇ ਕਿੰਨਾਂ ਕੁਝ ਭੁੱਲਦਾ ਕਰ ਦਿੱਤਾ। ਜੋ ਕੁਝ ਯਾਂਦ ਰਿਹਾ, ਉਹ ਅਸਲੋਂ ਹੀ ਬੇ-ਤਰਤੀਬਾ। ਲਗਾਤਾਰ ਬੋਲੀ ਜਾਣ ਨੂੰ ਡਾਕਟਰ ਵੱਖਰੀ ਤਰਾਂ ਦਾ ਨੁਕਸ ਦੱਸਦੇ ਰਹੇ। ਕੋਈ ਵੀ ਦੁਆਈ ਕਾਰਗਰ ਸਿੱਧ ਨਾ ਹੋਈ। ਇਹ ਕਦੀ ਕਿਧਰੇ ਉੱਠ ਤੁਰਦੀ ਕਦੀ ਕਿਧਰੇ। ਛੋਟੇ ਛੋਟੇ ਬਾਲ ਇਹਨੂੰ ਫੜ੍ਹ-ਪਕੜ੍ਹ ਕੇ ਮਸਾਂ ਘਰ ਲਿਆਉਂਦੇ।

ਇਸ ਬੇ-ਹਿਸਾਬੀ ਹਿਲਜੁਲ ਨੇ ਇਸਦੀ ਸਰੀਰਕ ਸਮਰਥਾ ਸਮੇਤ ਯਾਦ-ਸ਼ਕਤੀ ਨੂੰ ਹੋਰ ਦੀ ਘੱਟਦਾ ਕਰ ਦਿੱਤਾ। ਪਰ, ‘ਮੈਨੂੰ ਮੇਰੇ ਘਰ ਛੱਡ ਆਓ ‘ਦੀ ਇਬਾਰਤ ਜਿਵੇਂ ਪੱਕੀ-ਠੱਕੀ ਇਸਦੇ ਮਨ-ਮਸਤਕ ਤੇ ਉੱਕਰੀ ਰਹੀ, ਰਾਤ-ਪੁਰ-ਦਿਨੇ ਬੱਸ ਇਕੋ ਹੀ ਰਟ-‘ਏਹ ਮੇਰਾ ਘਰ ਨਈਂ, ਮੈਨੂੰ ਮੇਰੇ .....।‘ ਜਿੱਸ ਨੂੰ ਇਹ ਮੇਰਾ ਘਰ ਕਹਿੰਦੀ ਐ, ਉਸਦੀ ਇਕ ਛੋਟੀ ਜਿਹੀ ਦਾਸਤਾਨ ਐਂ। ਤੈਨੂੰ ਇਹ ਭਾਵੇਂ ਐਵੇਂ-ਕਿਵੇਂ ਵੀ ਲੱਗੇ, ਪਰ ਹੈ ਥੋੜਾ ਅਰਥ-ਭਰਪੂਰ।

...ਪਤੀ ਨੂੰ ਸਰਕਾਰੀ ਨੌਕਰੀ ਮਿਲਣ ਤੇ ਇਹਨੂੰ ਪਿੰਡ ਤੋਂ ਸ਼ਹਿਰ ‘ਚ ਆਉਣਾ ਪਿਆ। ਥੋੜਾ ਕੁ ਚਿਰ ਕਿਰਾਏ ਦੇ ਕਮਰਿਆਂ ‘ਚ ਰਹੀ, ਫਿਰ ਆਏ ਦਿਨ ਦੀ ਅਦਲਾ-ਬਦਲੀ ਤੋਂ ਮੁਕਤ ਹੋਣ ਲਈ ਇਕ ਘਰ ਖ਼ਰੀਦ ਲਿਆ, ਛੋਟਾ ਜਿਹਾ। ਸੰਘਣੀ ਵਸੋਂ, ਨਾਲ ਨਾਲ ਜੁੜਵੇਂ ਮਕਾਨ। ਤੰਗ ਜਿਹੀ ਗਲ੍ਹੀ। ਖੜੇ ਪੈਰ ਏਨੀਂ ਕੁ ਹੀ ਗੁਜ਼ਾਇਸ਼ ਬਣੀ। ਤਾਂ ਵੀ, ਇਸ ਨੂੰ ਆਪਣਾ ਕਹਿਣ ਦਾ ਚਾਅ ਅਪਣੀ ਤਰਾਂ ਦਾ ਹੁਲਾਸ ਦਿੰਦਾ ਸੀ। ਇਹ ਹੁਲਾਸ ਸੀ ਜਾਂ ਪਤੀ ਦਾ ਅਫ਼ਸਰੀ ਅਹੁਦਾ, ਇਹ ਪੈਂਦੀ ਸੱਟੇ ਆਂਢ-ਗੁਆਂਢ ‘ਚ ਭਿੱਜੀ ਨਾ। ਆਂਢੀ-ਗੁਆਂਢੀ ਸਨ ਵੀ ਸਾਧਾਰਨ ਲੋਕ। ਬਹੁਤੇ ਕੰਮ-ਕਾਜੀ, ਥੋੜੇ ਕੁ ਨੌਕਰੀ-ਪੇਸ਼ਾ। ਕੰਮ-ਕਾਜ ਵੀ ਨਿੱਕਾ-ਮੋਟਾ, ਸਾਈਕਲ –ਸਕੂਟਰ ਮਕੈਨਿਕ, ਦਿਹਾੜੀਦਾਰ ਮਿਸਤਰੀ ਜਾਂ ਆਈ-ਚਲਾਈ ਵਾਲੇ ਛੋਟੇ ਦੁਕਾਨਦਾਰ। ਪਰ, ਘਰ ਮਾਲਕੀ ਸਭ ਦੀ ਅਪਣੀ। ਉਹ ਇਕ ਦੂਜੇ ਘਰੀਂ–ਵਿਹੜੀਂ ਬੇ-ਝਿਜਕ ਹੋ ਕੇ ਵਿਚਰਦੇ। ਕਿਸੇ ਦੀ ਜਾਤ-ਵਰਗ, ਉੱਚੇ–ਨੀਵੇਂ ਆਹੁਦੇ-ਰੁਤਰੇ ਦੀ ਕਦੀ ਗਿਣਤੀ-ਮਿਣਤੀ ਨਹੀਂ ਸੀ ਕਰਦੇ। ਇਹਨੂੰ ਵੀ ਅਪਣੀ ਭੁੱਲ ਦਾ ਪਛਤਾਵਾ ਹੋਣ ਲੱਗਾ। ਪਹਿਲਾਂ ਵਾਲੀ ਸੰਗ-ਝਿਜਕ ਛੱਡ-ਛਡਾ ਕੇ ਇਹ ਵੀ ਉਹਨਾਂ ਵਰਗੀ ਬਣਦੀ ਗਈ। ਕਿਸ਼ੋਰ ਉਮਰੀ ਸੁਆਣੀਆਂ ਸਿਰੇ ਦਾ ਹਾਸਾ-ਠੱਠਾ ਕਰਦੀਆਂ ਇਹ ਨੂੰ ਵੀ ਸ਼ਾਮਿਲ ਕਰਦੀਆਂ ਗਈਆਂ। ਇਸ ਦੇ ਘਰ ਜਨਮੇਂ ਦੋਨੋਂ ਬਾਲ ਵੀ ਜਿਵੇਂ ਇਸਦੇ ਘੱਟ ਉਹਨਾਂ ਦੇ ਵੱਧ ਹੋਣ। ਇਹਨੇ ਹੋਰ ਵੇਲਾ ਸਾਂਭਿਆ। ਅਧਵਾਟੇ ਰੁਕੀ , ਦਫ਼ਤਰੀ ਨੌਕਰੀ ਲਈ ਲੋੜੀਂਦੀ ਯੋਗਤਾ ਪੂਰੀ ਕਰ ਲਈ। ਪਤੀ ਨੇ ਨੱਠ-ਭੱਜ ਕਰਕੇ ਤੇਰੇ ਮਹਿਕਮੇਂ ‘ਚ ਸਟੈਨੋ ਭਰਤੀ ਕਰਵਾ ਲਿਆ। ਬੱਸ ਐਥੇ ਕੁ ਪੁੱਜ ਕੇ ਇਹਦੇ ਪੈਰ ਥੋੜਾ ਕੁ ਉੱਖੜ ਜਿਹੇ ਗਏ। ਥੋੜੀ ਕੁ ਅਟਕ-ਮਟਕ ਦੀ ਲਿਪੇਟ ‘ਚ ਆ ਗਈ। ਇਹ ਦੇ ਤਨਖਾਹਾਂ ਦੀ ਹਊ ਸੀ ਜਾਂ ਹੋਰ ਕੋਈ ਲਾਲਸਾ, ਇਹਨੇ ਪਤੀ ਦੇਵ ਤੇ ਜ਼ੋਰ ਪਾ ਕੇ ਇਕ ਪਲਾਟ ਖ਼ਰੀਦ ਲਿਆ, ਨਵੀਂ ਉੱਸਰਦੀ ਕਾਲੋਨੀ ‘ਚ। ਦੌੜ-ਭੱਜ ਕਰਦਿਆਂ ਵੀ ਕੋਠੀ ਉਸਾਰਨ ‘ਚ ਦੋ ਸਾਲ ਲੱਗ ਗਏ। ਕੋਠੀ ਸੀ ਤਾਂ ਸ਼ਹਿਰੋ ਬਾਹਰ ਬਾਹਰ। ਖੁੱਲ੍ਹੀ-ਮੋਕਲ੍ਹੀ ਫਿਜ਼ਾ। ਇਸ ਦੇ ਸੱਜੇ-ਖੱਬੇ ਵੀ ਇਕੋ-ਜਿਹੀਆਂ ਹੀ ਇਮਾਰਤਾਂ। ਕੋਈ ਇਕ-ਮੰਜ਼ਲੀ ਕੋਈ ਦੋ-ਢਾਈ। ਧੁਰ ਉੱਪਰ ਮੱਮਟੀਆਂ। ਪਾਣੀ ਟੈਂਕੀਆਂ ਜਿਵੇਂ ਸਾਵੇਂ-ਪੰਧੇਰ ਆਕਾਸ਼ ਨਾਲ ਗੱਲਾਂ ਕਰਦਿਆਂ ਹੋਣ। ਪਰ, ਇਹਨਾਂ ਘਰਾਂ-ਕੋਠੀਆਂ ਦਾ ਆਪਸੀ ਮੇਲ-ਮਿਲਾਪ ਕਰੀਬ ਕਰੀਬ ਜ਼ੀਰੋ। ਨਾ ਕਿਸੇ ਦੀ ਇਕ-ਦੂਜੇ ਨਾਲ ਹੈਲੋ-ਹੈਲੋ , ਨਾ ਇਕ –ਦੂਜੇ ਦਾ ਦੁੱਖ-ਸੁੱਖ। ਜਿਹੋ ਜਿਹੇ ਵੱਡੇ ਜੀਅ , ਅਗਾਂਹ ਉਹੋ ਜਿਹੇ ਛੋਟੇ ਬਾਲ। ਸਭ ਅਪਣੇ ਅਪਣੇ ਮੋਬਾਇਲਾਂ ‘ਚ ਗੁੰਮ। ਨਾ ਕੋਈ ਖੇਡ ਦਿਲਚਸਪੀ ਨਾ ਰੰਗ ਰੰਗੀਲੀ ਦੌੜ-ਭੱਜ। ਇਸ ਥਾਂ ਰਹਿਣ ਵਾਲੇ ਜਾਂ ਤਾਂ ਵੱਡੇ ਕਾਰੋਬਾਰੀ ਸਨ ਜਾਂ ਅਧਿਕਾਰੀ, ਉਹਨਾਂ ਦਾ ਸਵੇਰੇ ਘਰੋਂ ਜਾਣ ਦਾ ਸਮਾਂ ਤਾਂ ਨਿੱਸਚਤ, ਪਰ ਪਰਤ ਕੇ ਆਉਣ ਦਾ ਕੋਈ ਨਾ। ਕੋਈ ਵੀ ਦਿਨ-ਖੜੇ ਘਰ ਨਾ ਪੁੱਜਦਾ। ਸਭ ਹਨੇਰਾ ਹੁੰਦਿਆਂ-ਕਰਦਿਆਂ ਪਰਤਣ ਲਗਦੇ, ਉਹ ਵੀ ਉੱਖੜੇ ਪੈਰੀਂ। ਇਹਨਾਂ ਦੀਆਂ ਘਰ-ਗ੍ਰਹਿਣੀਆਂ ਹੋਰ ਵੀ ਅੰਤਰ-ਮੁਖੀ, ਇਕੱਲ-ਵਾਸੀ। ਉਹਨਾਂ ਦਾ ਬਹੁਤਾ ਸਮਾਂ ਮੂੰਹ-ਸਿਰ ਸੁਆਰਨੇ ‘ਚ ਲੱਗਦਾ ਜਾਂ ਬਾਜ਼ਾਰੀ ਗੇੜਿਆਂ ਵਿ । ਹਰ ਕਿਸੇ ਦਾ ਅਪਣਾ –ਆਪਣਾ ਦਾਇਰਾ, ਅਪਣੇ-ਅਪਣੇ ਖੋਲ। ਜਿਹਨਾਂ ਵਿੱਚੋਂ ਕਦੇ-ਕਿਦਾਈਂ ਬਾਹਰ ਵਲ੍ਹ ਝਾਕਦੀਆਂ, ਇਹ ਕਿਸੇ ਓਪਰੇ ਗ੍ਰਹਿ ਦੇ ਜੀਵ-ਜੰਤੂ ਜਾਪਦੀਆਂ।

ਨਵੀਂ ਕੋਠੀ ‘ਚ ਪੁੱਜ ਕੇ ਇਹਨੂੰ ਹੋਈ ਨਿਰਾਸ਼ਾ ਪਹਿਲਾਂ ਫਿਕਰਮੰਦੀ ‘ਚ ਬਦਲ ਗਈ ਫਿਰ ਉਦਾਸੀ ‘ਚ। ‘ਸਵੇਰੇ ਸਕੂਲ ਗਏ ਬੱਚੇ ਛੁੱਟੀ ਵੇਲੇ ਪੁਰਾਣੇ ਘਰ ਚਲੇ ਜਾਂਦੇ। ਬਿਨਾਂ ਕੁਝ ਖਾਦੇ-ਪੀਤੇ ਮੇਲੀਆ-ਹਮਜੋਲੀਆਂ ਨਾਲ ਖੇਡਦੇ ਰਹਿੰਦੇ। ਸ਼ਾਮੀਂ ਦਫ਼ਤਰੋਂ ਮੁੜਦੀ ਇਹ ਆਪ ਉਹਨਾਂ ਨੂੰ ਓਧਰੋਂ ਲਿਆ ਕੇ ਸੰਭਲਦੀ। ਅਦਲੀਆਂ-ਬਦਲੀਆਂ ਦੇ ਘੇੜ ‘ਚ ਉਲਝਿਆ ਪਤੀ ਕਿਧਰੇ ਛੁੱਟੀ ਨਾਲੇ ਦਿਨ ਹੀ  ਘਰ ਹੁੰਦਾ। ਸਾਰਾ ਹਫ਼ਤਾ ਤੇਰੀ ਸਟੈਨੋ ਜਿਵੇਂ ਸੂਲੀ ਤੇ ਟੰਗ ਹੋਈ ਰਹਿੰਦੀ।

ਇਹ ਵਰਤਾਰਾ ਵੀ ਬਹੁਤਾ ਚਿਰ ਨਾ ਚੱਲਿਆ, ਬਸ...ਥੋੜੇ ਕੁ ਚਿਰੀਂ ਚਾਨਚੱਕ ਇਹਦੇ ਗਲ੍ਹੇ ਆ ਪਏ ਨਾਗ਼ਵਲੀ ਫੰਦੇ ਨੇ ਤਾਂ ਜਿਵੇਂ ਇਹਦਾ ਸਾਹ-ਸੱਤ ਹੀ ਘੁੱਟਦਾ ਕਰ ਦਿੱਤਾ।

ਉਸ ਵਾਰ ਘਰ ਪਰਤਿਆ ਪਤੀ ਅਗਲੇ ਦਿਨ ਵਾਪਿਸ ਨਾ ਗਿਆ। ਉਸ ਤੋਂ ਅਗਲੇ ਦਿਨ ਵੀ। ਚਾਰ-ਪੰਜ ਦਿਨ ਇਵੇਂ ਲੰਘ ਗਏ। ਉਹ ਨਾ ਕੁਝ ਬੋਲੇ, ਨਾ ਦੱਸੇ। ਇਸ ਦੇ ਪੁੱਛਣ ਤੇ ਹੂੰ-ਹਾਂ ਕਰ ਛੱਡੇ। ਆਖਿਰ ਤੰਗ ਪਏ ਨੇ ਹੋਰ ਈ ਘੁੰਢੀ ਖੋਲ਼ ਦਿੱਤੀ–‘ਉਸਦੀ ਹੱਦੀ–ਸਰਹੱਦੀ ਜ਼ਿਲੇ ‘ਚ ਕੀਤੀ ਬਦਲੀ ਉਸਤੋਂ ਬਰਦਾਸ਼ਤ ਨਹੀਂ ਸੀ ਹੋਈ। ਉਸ ਥਾਂ ਤਾਇਨਾਤ ਸਾਰੇ ਅਫ਼ਸਰ ਇਕੋ ਰਾਹ ਤੇ ਰਾਹੀਂ ਗਿਣ ਹੁੰਦੇ ਸਨ। ਇਸ ਵਾਰ ਉਸ ਨੂੰ ਜਾਣ-ਬੁੱਝ ਕੇ ਸਰਹੱਦੀ ਰੰਗ ‘ਚ ਰੰਗਿਆ ਗਿਆ ਸੀ। ਉਸਨੇ ਸੌ ਉੱਪਰਾਲੇ ਕੀਤੇ। ਵੱਡੀ ਤੋਂ ਵੱਡੀ ਕੁਰਸੀ ਤੱਕ ਦੇ ਤਰਲੇ–ਮਿਨਤਾਂ ਕੀਤੀਆਂ ਪਰ, ਸਭ ਵਿਅਰਥ।‘

ਹੇਠੀ-ਨਿਮੋਸ਼ੀ ‘ਚ ਘਿਰਿਆ ਉਹ ਇਕ ਦਿਨ ਨੂਰੀ ਦੇ ਘਰ ਪਰਤਣ ਤੋਂ ਪਹਿਲਾਂ ਹੀ ਦੂਰ-ਪਾਰ ਦੀ ਉਡਾਰੀ ਮਾਰ ਗਿਆ। ਸਾਹਮਣੇ ਪਈ ਲਾਸ਼ ਵਲ੍ਹ ਦੇਖਦੀ, ਇਹ ਸਿਰ ਤੋਂ ਲੈ ਕੇ ਪੈਰਾਂ ਤੱਕ ਮਿੱਟੀ ਹੋ ਗਈ। ਸੁੰਨ-ਵੱਟਾ ਹੋਈ ਨੂੰ ਘੜੀ-ਪਲ ਤਾਂ ਸਮਝ ਹੀ ਨਾ ਲੱਗੀ ਇਹ ਹੋਇਆ ਕੀ ਐ! ਉਸਦੇ ਪਤੀ ਨੇ ਕੀਤਾ ਕੀ ਐ? ਉਸਦੇ ਸਾਲਮ-ਸਬੂਤੇ ਮਰਦ ਨੇ ਧੋਖਾ ਕਿਉਂ ਦਿੱਤਾ ਉਸਨੂੰ, ਉਸਦੇ ਬਾਲ-ਪ੍ਰਵਾਹ ਨੂੰ !..... ਇਹੋ ਜਿਹੀਆਂ ਤਾਂ ਅਖ਼ਬਾਰੀ ਖ਼ਬਰਾਂ ਹੀ ਉਸਦਾ ਸਾਹ-ਸੂਤ ਲਿਆ ਕਰਦਿਆਂ ਸਨ। ਉਹ ਅਕਸਰ ਪੁੱਛ ਲਿਆ ਕਰਦੀ ਸੀ ਪਤੀ ਸਮੇਤ ਉਸਦੇ ਹਰ ਸੰਗੀ–ਸਨੇਹੀ ਤੋਂ। ਬਹੁਤੀ ਵਾਰ ਤਲ਼ਖ ਹੋਈ ਸਿੱਧਾ ਆਖ ਦਿਆ ਕਰਦੀ –‘ ਇਸ ਥਾਂ ਦੇ ਵੱਡੇ ਵਡਰਿਆਂ ਤਾਂ ਉਮਰਾਂ ਗਾਲ ਦਿੱਤੀਆਂ ਸਨ, ਕੰਢਿਆਲੇ ਰਾਹਾਂ ਤੇ ਤੁਰਦਿਆ। ਨਿੱਕੇ-ਨਿੱਕੇ ਬਾਲਾਂ ਤੋਂ ਲੈ ਕੇ ਗਭਰੂਆਂ-ਬਿਰਧਾਂ,ਗੁਰੂਆਂ-ਪੀਰਾਂ ਤੱਕ ਦੀ ਬਲ੍ਹੀ ਚਾੜ੍ਹ ਦਿੱਤੀ ਸੀ ਆਪਣੀ ਹੋਂਦ-ਅਣ਼ਖ ਨੂੰ ਬੱਚਦਾ ਰੱਖਣ ਲਈ। ਸਾਹ-ਘੁੱਟਵੀਆਂ ਕੋਠੜੀਆਂ, ਦੇਹ-ਸਾੜਵੇਂ ਪਿੰਜਰਿਆਂ ‘ਚ ਗੁੱਛਾ ਰੋਇਆਂ ਵੀ ਕਦੀ ਆਤਮ-ਹੱਤਿਆ ਨਈਂ ਸੀ ਕੀਤੀ, ਤੇ ਹੁਣ....ਹੁਣ , ਕੋਈ ਦਿਨ ਖਾਲੀ ਗਿਆ। ਕਦੀ ਇਕ-ਦੋ , ਕਦੀ ਇਸ ਤੋਂ ਵੀ ਵੱਧ। ਆਤਮ-ਹੱਤਿਆ ਤਾਂ ਜਿਵੇਂ ਇੱਥੋਂ ਦੀ ਕਿਸੇ ਫ਼ਸਲ-ਬੂਟੀ ਦਾ ਨਾਂ ਹੋ ਗਿਆ ਹੋਵੇ। ਇਹ ਹੁਣ, ਖੇਤਾਂ ‘ਚ ਵੀ ਉੱਗਦੀ ਐ ਤੇ, ਘਰਾਂ-ਹਵੇਲੀਆਂ ‘ਚ ਵੀ। ਕੀ ਹੋ ਗਿਆ ਐ ਇਸ ਮਿੱਟੀ ਦੀ ਅਣ਼ਖ ਨੂੰ !?” ਇਸ ਦੇ ਪਤੀ ਸਮੇਤ ਕਿਸੇ ਦੀ ਵੀ ਸਮਝ –ਬੂਝ ਨੇ ਇਸ ਦਾ ਸੰਸਾ ਦੂਰ ਨਹੀਂ ਸੀ ਕੀਤਾ।

ਉਹੀ ਵਰਤਾਰਾ ਅਪਣੇ ਘਰ, ਅਪਣੇ ਸੋਣ ਕਮਰੇ ‘ਚ ਵਾਪਰਿਆ ਦੇਖ, ਉਸ ਅੰਦਰੋਂ ਉੱਠਿਆ ਰੋਣ-ਉਬਾਲ, ਇਕ-ਦੋ ਚੀਕਾਂ-ਲੇਰਾਂ ਪਿੱਛੋਂ ਬੰਦ ਹੋ ਗਿਆ। ਸ਼ਾਹ-ਕਾਲੀ ਘੇਰਨੀ ‘ਚ ਘਿਰੀ ਦੀ ਪਹਿਲਾਂ ਸੁੱਧ-ਬੁੱਧ ਜਾਂਦੀ ਰਹੀ, ਫਿਰ ਬੇ-ਹੋਸ਼ ਹੋਈ ਹੇਠਾਂ ਡਿੱਗ ਪਈ ਫ਼ਰਸ਼ ਤੇ। ਉਸਦੀ ਸਕੂਟਰੀ ਪਿੱਛੇ ਬੈਠ ਕੇ ਘਰ ਆਏ ਦੋਨੋਂ ਬੱਚੇ, ਨਾ ਉਸ ਨੂੰ ਉਠਾਲਣ ਜੋਗੇ ਸਨ ਨਾ ਸੰਭਾਲਣ ਜੋਗੇ। ਰੋਣ-ਕੁਰਲਾਉਣ ਤੋਂ ਸਿਵਾ,  ਉਹਨਾਂ ਪਾਸ ਕੋਈ ਚਾਰਾ ਨਹੀ ਸੀ ਬਚਿਆ। ਮੋਢੇ ਲਟਕਦਾ ਬਸਤਾ ਵਿਗਾਹ ਕੇ  ਸੁੱਟਦਾ ਇਕ ਜਣਾ ਦੋ ਕੁ ਪਲਾਟ ਹਟਵੇਂ ਨੇੜਲੇ ਘਰ ਵਲ ਦੌੜਿਆ। ਕਾਫੀ ਸਾਰੀ ਉਡੀਕ ਪਿੱਛੋਂ ਇਕ ਅੱਧ-ਨੰਗੀ ਸੁਆਣੀ ਉਬਾਸੀਆਂ ਲੈਂਦੀ ਗੇਟ ਖੋਲ ਕੇ ਉਸਦੇ ਸਾਹਮਣੇ ਸੀ। ਖਿੱਲਰੇ ਵਾਲ੍ਹ ਸੁਆਰਦੀ ਨੇ ਉੱਸਨੇ ਬੱਚੇ ਦਾ ਰੋਣ-ਧੋਣ ਸੁਣਿਆ। ‘ਚੱਲ ਮੈਂ ਆਈ ‘ ਆਖੀ ਕੇ ਉਹ ਵਾਪਿਸ ਅੰਦਰ ਮੁੜ ਗਈ। ਅੰਦਰੋਂ, ਕਿਸੇ ਥਾਂ ਟੈਲੀਫੂਨ ਕਰਕੇ ਉਸਨੇ ਗੁਆਂਢ ਵਾਪਰੇ ਹਾਦਸੇ ਦਾ ਸਾਰ-ਅੰਸ਼ ਦੱਸ ਦਿੱਤਾ। ਥੋੜੇ ਕੁ ਚਿਰ ਪਿੱਛੋਂ ਉਸਦੇ ਪਤੀ ਦੇ ਬਜਾਏ ਕੋਈ ਨੌਕਰ ਮੁੰਡਾ ਸਕੂਟਰ ਭਜਾਉਂਦਾ ਪਹਿਲਾਂ ਉਸ ਪਾਸ ਪੁੱਜਾ ਫਿਰ ਬੇ-ਹੋਸ਼ ਡਿੱਗੀ ਨੂਰੀ ਪਾਸ। ਉਸਨੇ ਹਿੰਮਤ ਕਰਕੇ ਨੂਰੀ ਦੇ ਸਿਰ ਮੂੰਹ ਤੇ ਛਿੱਟੇ ਮਾਰੇ। ਉਸ ਨੂੰ ਬੈਠਦੀ ਕਰਕੇ ਰੋਣ ਜੋਗਾ ਕਰ ਲਿਆ। ਪਰ, ਝੱਟ ਹੀ ਕਮਲਿਆ-ਯਮਲਿਆਂ ਵਾਂਗ ਅਵਾ-ਤਵਾ ਬੋਲਦੀ, ਡੋਲਦੀ-ਡੁਲਕਦੀ, ਅੰਦਰ-ਬਾਹਰ ਘੁੱਮਣ ਲੱਗੀ ਨੂੰ ਰੋਕਣ-ਸੰਭਾਲਣ ਦੀ ਉਸਦੀ ਹਿੰਮਤ ਨਾ ਹੋਈ।

ਦਿਨ ਢਲਦਿਆਂ–ਕਰਦਿਆਂ ਨੂਰੀ ਦੇ ਨਵੇਂ ਘਰ ਦੇ ਆਂਢ-ਗੁਆਂਢ ਨਾਲੋਂ ਕਿਤੇ ਵੱਧ ਉਸਦੇ ਪਹਿਲੇ ਘਰ ਦੇ ਮੇਲੀ-ਗੇਲੀ,ਉਸ ਸਮੇਤ ਬਾਲਾਂ ਨੂੰ ਸੰਭਾਂਲਦੇ-ਵਰਚਾਉਂਦੇ ਅਗਲੇ ਕਿਰਿਆ–ਕਾਰਜ ਵਿੱਚ ਰੁਝੇ ਰਹੇ।

ਨਵੇਂ ਘਰ ‘ਚ ਆਈ ਨੂੰ ਲੱਗੇ ਇਸ ਪਹਿਲੇ ਝਟਕੇ ਨੇ ਇਸ ਨੂੰ ਸਾਲ ਭਰ ਪੈਰੀਂ ਨਹੀਂ ਸੀ ਆਉਣ ਦਿੱਤਾ। ਕਿਸੇ ਵੀ ਸਾਕ-ਸਬੰਧੀ ਨੇ  ਡਿਗੀ-ਢੱਠੀ ਦੀ ਬਾਂਹ ਨਾ ਫੜੀ। ਆਖਿਰ ਇਸਦੀ ਬਿਰਧ ਮਾਂ ਨੂੰ ਹੀ ਹੱਡ –ਗੋਢੇ ਜੋੜਨੇ ਪਏ, ਮਾਵਾਂ ਤੋਂ ਬਿਨਾਂ ਹੋਰ ਕਿੱਸਦਾ, ਅੰਦਰ ਵਿਲਕਦਾ, ਐਹੋ ਜਿਹੀ ਔਖ-ਵੇਲੇ! ਮਾਂ ਸੀ ਵੀ ਨਾ ਹੋਇਆ ਨਾਲ ਦੀ। ਇਕ ਉਮਰੋਂ ਆਤਰ, ਇਕ ਅੱਖਾਂ ਤੋਂ ਹੀਣੀ। ਦਿਨ ਵੇਲੇ ਉਸ ਨੂੰ ਥੋੜਾ-ਬਹੁਤ ਦਿੱਸਦਾ ਸੀ, ਰਾਤ ਵੇਲੇ ਉਹ ਵੀ ਖ਼ਤਮ। ਉਹਨੇ ਟੋਹ-ਟੱਕਰਾਂ ਮਾਰਦੀ ਨੇ ਲਾਵਾਰਸ ਹੋਏ ਦੋਨੋਂ ਬਾਲ ਸਾਂਭੇ ਤਾਂ ਜ਼ਰੂਰ, ਪਰ ਨਾ ਤਾਂ ਉਹ ਠੀਕ ਤਰਾਂ ਪੜ੍ਹ ਸਕੇ, ਨਾ ਠੀਕ ਤਰਾਂ ਰਹਿ-ਵਿਚਰ ਸਕੇ। ਜਿੰਨਾ ਕੁ ਮਿਲਿਆ, ਜਿਵੇਂ ਦਾ ਮਿਲਿਆ ਖਾ-ਪੀ ਲਿਆ। ਨਹੀਂ ਤਾਂ ਭੁੱਖੇ–ਤਿਹਾਏ ਡੌਰ-ਭੌਰ ਹੋਏ ਰਹਿੰਦੇ। ਲਚਾਰਗੀ ਬੱਸ, ਉਹ ਥੋੜੀ-ਬਹੁਤ ਹਿੰਮਤ ਵੀ ਕਰਦੇ, ਪਰ ਬਾਲ ਸਨ ਕਿੰਨਾਂ ਕੁ ਧੋਅ-ਸੁਆਰ ਲੈਣਾ ਸੀ ਉਹਨਾਂ ਆਪਣਾ-ਆਪ।

ਡੂਡ-ਦੋ-ਸਾਲ ਸਾਰਾ ਟੱਬਰ ਸੁੰਨ–ਵੱਟਾ ਹੋਇਆ ਮਨੂਰ–ਪੱਥਰ ਜਿਹਾ ਬਣਿਆ ਰਿਹਾ।

ਕਿਧਰੋਂ ਦੇਸੀ ਦੁਆਈ ਖਾਂਦੀ,ਥੋੜੀ ਕੁ ਠੀਕ ਦਿੱਸਦੀ ਨੂਰੀ ਦਫ਼ਤਰ ਗਈ ਈ ਗਈ ਤਾਂ ਤੇਰੀ ਥਾਂ ਆਏ ਨਵੇਂ ਸਾਬ੍ਹ ਨੇ ਹੋਰ ਈ ਚੰਦ ਚਾੜ੍ਹ ਦਿੱਤਾ। ਇਹ ਕਿਸੇ ਪਾਸੇ ਜੋਗੀ ਨਾ ਰਹੀ। ਇਸ ਦਾ ਰੋਜ਼ਗਾਰ ਵੀ ਖੁੱਸਦਾ ਹੋ ਗਿਆ ਤੇ ਥੋੜ੍ਹੀ ਕੁ ਠੀਕ ਹੋਈ ਸੁਰਤੀ ਮੁੜ ਵਿਚਲ ਗਈ। ਵਿਚਲ ਕਾਹਦੀ ਗਈ, ਇਕ ਤਰ੍ਹਾਂ ਨਾਲ ਨੀਮ-ਪਾਗ਼ਲਾਂ ‘ਚ ਸ਼ਾਮਿਲ ਹੋ ਗਈ ! ..... ਹੁਣ ਇਸ ਨੂੰ ਸਮਝ ਨਹੀਂ ਲੱਗਦੀ, ਕਰਨਾ  ਕੀ ਐ ਕੀ ਨਹੀਂ ਕਰਨਾ! ਬੋਲਣਾ ਕੀ ਐ , ਕੀ ਨਹੀਂ ਬੋਲਣਾ!! ਬੱਸ ਇੱਕੋ-ਇਕ ਵਹਿਮ ਇਸ ਦਾ ਸਾਰੇ ਦਾ ਸਾਰਾ ਅੰਦਰ ਜਿਵੇਂ ਮੱਲ ਦੇ ਬੈਠ ਗਿਆ ਹੋਵੇ। ਇਸ ਨੂੰ ਲੱਗਦਾ, ਇਸਦੀ ਇਹ ਹਾਲਤ ਨਵੀਂ ਥਾਂ ਨੇ ਬਣਾਈ ਐ। ਇਸ ਦੀ ਭਲੀ-ਚੰਗੀ ਚੱਲਦੀ ਚਾਲ ਏਸੇ ਨੇ ਉੱਖੜਦੀ ਕੀਤੀ ਐ। ਇਸ ਦੇ ਪਤੀ ਸਮੇਤ ਇਸ ਦਾ ਰੋਜ਼ਗਾਰ ਵੀ ਇਸੇ ਥਾਂ ਨੇ ਖੋਹਿਆ। ਇਹਦੀਂ ਦਿਨੀਂ ਇਹ ਨਵੇਂ ਘਰ ਨੂੰ ਹੀ ਸਭ ਤੋਂ ਵੱਡਾ ਦੋਸ਼ੀ ਗਰਦਾਨਦੀ। ਹਰ ਆਏ-ਗਏ ਮੂਹਰੇ ਪਹਿਲਾ ਤਰਲਾ ਇਹੀ ਕਰੇਗੀ –“ਮੈਨੂੰ ਮੇਰੇ ਘਰ ਛੱਡ ਆਓ...!”

ਪੰਜ-ਛੇ ਦਿਨ ਪਹਿਲਾਂ ਵੀ ਇਵੇਂ ਹੀ ਵਾਪਰਿਆ । ਇਸ ਦੇ ਪਤੀ ਦਾ ਕਿੰਨ੍ਹਾ ਸਾਰਾ ਦਫ਼ਤਰੀ ਅਮਲਾ ਅਫ਼ਸੋਸ ਕਰਨ ਆਇਆ। ਸੱਚ-ਮੁੱਚ ਦੀ ਹਮਦਰਦੀ ਵਜੇਂ ਜਾਂ ਐਵੇਂ ਮੂੰਹ-ਪੋਚੀ ਕਰਨ। ਇਸ ਦੀ ਨੂਰੀ ਨੂੰ ਬਹੁਤੀ ਸਮਝ ਨਹੀਂ ਸੀ ਲੱਗੀ। ਸਮਝਣ ਜੋਗੀ ਰਹੀ ਵੀ ਕਿੱਥੇ ਸੀ! ਇਹ ਡੌਰ-ਭੌਰ ਹੋਈ ਉਹਨਾਂ ਵਲ੍ਹ ਨੂੰ ਦੇਖਦੀ ਰਹੀ। ਵਿਚ-ਵਾਰ ਪਹਿਲੋਂ ਵੀ ਆਉਂਦੇ ਰਿਹਾਂ ਦੋ-ਤਿੰਨਾਂ ਨੂੰ ਪਛਾਣਦੀ ਵੀ ਰਹੀ। ਉਹ ਜਿੰਨਾ ਚਿਰ ਬੈਠੇ, ਇਸ ਦੇ ਪਤੀ ਦੀ ਸਿਫ਼ਤ-ਸਲਾਹ ਕਰਦੇ ਰਹੇ। ਉਸਨੂੰ ਨੇਕ-ਦਿਲ, ਮਿਹਨਤੀ, ਨਿੰਦਿਆ-ਚੁੱਗਲੀ ਤੋਂ ਨਿਰਲੇਪ, ਇਮਾਨਦਾਰ, ਆਪਣੇ ਕੰਮ ਨਾ ਕੰਮ ਰੱਖਣ ਵਾਲਾ ਵਰਗੇ ਵਿਸ਼ੇਸ਼ਣਾਂ ਦੇ ਸਰੋਪੇ ਦਿੰਦੇ ਰਹੇ। ਹੋਰ ਕਰਦੇ ਵੀ ਕੀ ਹੁਣ! ਉਝੇ ਉਸ ਨਾਲ ਰਹਿੰਦੇ–ਵਿਚਰਦੇ ਤਾਂ ਉਸਨੂੰ ਝੁੱਡੂ-ਭੋਂਦੂ, ਡਰਾਕਲ ਵਰਗੇ ਲੱਕਵਾਂ ਨਾਲ ਹੀ ਨਿਵਾਜਦੇ ਰਹੇ ਸਨ। ਦਫ਼ਤਰੀ ਹਿੱਸੇ-ਪੱਤੀ ‘ਚ ਵਿਗਨਪਾਊ ਅੰਨਸਰ ਹੀ ਸਮਝਦੇ, ਉਸ ਨੂੰ ਊਲ-ਜਲੂਲ ਦੀਆਂ ਟਾਂਚਾ-ਟਕੋਰਾਂ ਵੀ ਕਰਦੇ ਰਹੇ ਸਨ। ਪਰ ਹੁਣ, ਉਸਦੇ ਘਰ ਪੁੱਜ ਕੇ ਉਹਨਾਂ ਪੂਰਾ ਜ਼ਬਤ ਰੱਖਿਆ ਸੀ, ਉਸਨੂੰ ਅਪਣੇ ਘਰ-ਪ੍ਰੀਵਾਰ ਦਾ ਸੁਗੜ-ਸਿਆਣਾ ਜੀਅ ਆਖ ਕੇ ਉਸਦੇ ਬਾਲ-ਬੱਚਿਆਂ ਦੀ ਪੂਰੀ ਪੂਰੀ ਸਹਾਇਤਾ ਕਰਦੇ ਰਹਿਣ ਦੇ ਵਾਹਦੇ ਕੀਤੇ ਸਨ।

ਇਹ ਉਹਨਾਂ ਦੀ ਬਾਤ-ਚੀਤ ਦਾ ਅਸਰ ਸੀ ਜਾਂ ਹੋਰ ਕਿਸੇ ਕਿਸਮ ਦੀ ਰਾਹਤ, ਨੂਰੀ ਆਮ ਕਰਕੇ ਚੁੱਪ ਹੀ ਰਹੀ, ਲਗਾਤਾਰ ਸੁਣਦੀ ਰਹੀ ਥੋੜਾ-ਬਹੁਤ ਸਮਝਦੀ ਵੀ ਰਹੀ। ਉਹਨਾਂ ‘ਚੋਂ ਤਿੰਨ ਕੁ ਜਣੇ-ਇਸ ਨੇ ਪਛਾਣੇ ਵੀ ਸਨ। ਉਹਨਾਂ ‘ਚ ਇਕ ਰਾਜਵੀਰ ਨਾਮ ਦਾ ਬੰਦਾ ਪਹਿਲਾ ਵੀ ਕਈ ਵਾਰ ਆਉਂਦਾ ਰਿਹਾ  ਸੀ ਇਸਦੇ ਪਤੀ ਨਾਲ। ਸ਼ਾਮੀ ਹਲਕੇ ਜਿਹੇ ਸਰੂਰ ‘ਚ ਹੋਏ ਦੋਨੋਂ ਵਾਹਵਾ ਚਿਰ ਗੱਲੀਂ ਪਏ ਰਹਿੰਦੇ। ਘਰ-ਗ੍ਰਿਸਤੀ ਤੋਂ, ਦੇਸ਼-ਮੁਲਕ ਤੋਂ, ਮੰਤਰੀਆਂ-ਮੰਤਰੀਆਂ, ਤੋਂ ਸ਼ੁਰੂ ਹੋਏ ਉਹ ਬਹੁਤਾ ਸਮਾਂ ਮਹਿਕਮਾਨਾ ਕਾਰਜ਼ੁਗਾਰੀ ‘ਚ ਹੀ ਉਲਝਦੇ ਰਹੇ। ਮੰਡਾਂ-ਝੰਗਾਂ ਦਾ ਭੱਠੀ-ਕਾਰੋਬਾਰ, ਪੈਕਟਾਂ-ਖੇਪਾਂ ਦੀ ਲੰਘ –ਲੰਘਾਈ , ਬਾਰਡਰ ਫੋਰਸਾਂ ਨਾਲ ਮਿਲੀ-ਭੁਗਤ , ਜ਼ੋਨ-ਪੱਧਰੀ , ਜ਼ਿਲਾ ਪੱਧਰੀ ਕਮਿਸ਼ਨਾਂ , ਹਿੱਸੇ-ਕੋਟੇ ਆਮ ਕਰਕੇ ਉਹਨਾਂ ਦੀ ਬਾਤ-ਚੀਤ ‘ਚ ਸ਼ਾਮਿਲ ਹੁੰਦੇ ਸਨ । ਇਸਦਾ ਪਤੀ ਹੁੰਗਾਰਾ ਤਾਂ ਭਰਦਾ ਸੀ , ਪਰ ਐਵੇਂ ਢਿੱਲਾ-ਢਿੱਲਾ ਜਿਹਾ । ਜਿਵੇਂ ਉਸਨੂੰ ਅੱਧ-ਪਚੱਧ ਦੀ ਹੀ ਜਾਣਕਾਰੀ ਹੋਵੇ, ਜਾਂ ਉਸ ਤੋਂ ਵੀ ਘੱਟ । ਪਰ, ਰਾਜਵੀਰ ਦੀ ਹਰ ਗੱਲ ਬੜੀ ਨਿੱਠਵੀਂ ਹੁੰਦੀ ਸੀ,ਤੱਥ ਮੂਲਕ ਹੁੰਦੀ ਸੀ। ਜਿਹਨਾਂ ਦਾ ਜ਼ਿਕਰ ਵੀ  ਉਹ ਬੜੇ ਠਰੱਮੇਂ ਨਾਲ, ਬੜੀ ਸੰਜੀਦਗੀ ਨਾਲ ਕਰਦਾ। ਇਹ ਠਰੱਮਾਂ , ਇਹ ਸੰਜੀਦਗੀ ਉਸਦੇ ਮੂੰਹ-ਚਿਹਰੇ ਨੂੰ ਹੋਰ ਵੀ ਨਿੱਖਰਦਾ  ਕਰਦੇ ਜਾਪਦੇ ਸਨ ਨੂਰੀ ਨੂੰ। ਇਹ ਆਨੀ-ਬਹਾਨੀਂ ਉਹਨਾਂ ਲਾਗੇ ਆ ਵਹਿੰਦੀ। ਬਹੁਤੀ ਘਰ ਭੁਜੀਆਂ-ਸਲਾਦ ਰੱਖਣ-ਦੇਖਣ ਦੇ ਬਹਾਨੇ। ਉੰਝ ਇਸਦਾ ਧਿਆਨ ਰਾਜਵੀਰ ਵਲ੍ਹ ਹੁੰਦਾ ।ਉਸਦੇ ਹੋਰ ਵੀ ਸੁੰਦਰ ਦਿੱਸਣ ਲੱਗੇ ਚਿਹਰੇ ਵਲ੍ਹ ਹੁੰਦਾ। ਇਸਦੇ ਪਤੀ ਦੇ ਹਮ –ਉਮਰ ਰਾਜਵੀਰ ਨੇ ਵੀ ਇਸਨੂੰ ਨਿਰਾਸ਼ ਨਹੀਂ ਸੀ ਕੀਤਾ । ਇਸ ਦੀ ਕਰੀਬ ਹਰ ਇਕ ਤੱਕਣੀ ਨੂੰ ਪ੍ਰਵਾਨ ਕਰਦਿਆਂ, ਢੁੱਕਵੀਂ ਮੁੱਸਕਾਨ ਮੋੜੀ ਸੀ ਨੂਰੀ ਵਲ੍ਹ ਨੂੰ। ਪੂਰੇ ਜ਼ਾਬਤੇ ‘ਚ ਰਹਿੰਦਿਆਂ।

ਉਸਦਾ ਇਹ ਵਿਵਹਾਰ ਨੂਰੀ ਨੂੰ ਕਲ ਹੋਏ –ਵਾਪਰੇ ਵਾਂਗ ਕਿੰਨਾਂ ਕਿੰਨਾਂ ਚਿਰ ਯਾਦ ਰਹਿੰਦਾ ਰਿਹਾ। ਬਹੁਤੀ ਵਾਰ ਇਹ ਯਾਦ ਉਸਦੀ ਅਗਲੇ ਫੇਰੀ ਦੀ  ਕਰਨ ਲਈ ਉਤਾਵਲੀ ਵੀ ਹੋਈ ਰਹਿੰਦੀ।

...ਪਤੀ ਦੇ ਦਫ਼ਤਰੀ ਅਮਲੇ ਨਾਲ ਆਏ ਰਾਜਵੀਰ ਨੂੰ ਦੇਖਦਿਆਂ ਸਾਰ, ਇਹਨੀਂ ਦਿਨੀਂ ਝੱਲ-ਵਲੱਲੀ ਹੋਈ ਵਿਚਰਦੀ ਨੂਰੀ ਦੇ ਤਨ-ਬਦਨ ਤੇ ਜਿਵੇਂ ਚੈਨ-ਆਰਾਮ ਦੇ ਛਿੱਟੇ ਤਰੌਂਕੇ ਗਏ ਹੋਣ। ਆਏ ਬੰਦਿਆਂ ਲਾਗੇ ਮਾਂ ਨਾਲ ਬੈਠੀ ਨੇ ਇਸਨੇ ਕੋਈ ਓਪਰੀ-ਉਕਾਊ ਹਿੱਲ-ਜੁੱਲ ਨਾ ਕੀਤੀ। ਇਹਦੀ ਨੀਵੇਂ ਡਿਗੀ ਨਿਗਾਹ ਵਿਚ-ਵਾਰ ਉੱਪਰ ਵਲ੍ਹ ਨੂੰ ਉੱਠੀ ਰਾਜਵੀਰ ਦੇ ਮੂੰਹ-ਚਿਹਰੇ ਦੀ ਪ੍ਰਕਰਮਾਂ  ਜ਼ਰੂਰ ਕਰਦੀ ਸੀ। ਇਉਂ ਕਰਨ ਤੇ ਇਸ ਨੂੰ ਆਪਣਾ ਆਪ ਹੋਰ ਵੀ ਸਹਿਜ ਹੋਇਆ ਜਾਪਦਾ ਸੀ। ਫਿਰ ਵੀ ਇਸਦੀ ਵਿਚਲੱਤ ਹੋਈ ਸੁਰਤ-ਬੂਝ ਤੋਂ ਜਿਵੇਂ ਸਾਂਭ ਨਹੀਂ ਹੋਇਆ, ਆਪਣਾ ਆਪ। ਸ਼ੋਕ-ਵਾਰਤਾ ਮੁੱਕੀ ਤੇ ਕਮਰਿਉਂ ਬਾਹਰ ਨਿਕਲਦਿਆਂ ਸਭ ਤੋਂ ਪਿਛੋਂ ਜਾਣ ਲੱਗੇ ਰਾਜਵੀਰ ਨਾਲ ਇਹ ਧਾਅ ਕੇ ਆ ਚਿਮੜੀ। ਉਸ ਦੁਆਲੇ ਬਾਹਾਂ ਬਗਲ੍ਹ ਕੇ ਉੱਚੀ ਉੱਚੀ ਰੋਣ ਲੱਗ ਪਈ। ਰੌਦੀ ਰੋਂਦੀ ਮੁੜ ਉਹੀ ਰੱਟ ਲਾਉਂਦੀ ਰਹੀ– “ ਮੈਨੂੰ ਮੇਰੇ ਘਰ ਛੱਡ  ਆਓ ...ਮੈਨੂ ਮੇਰੇ ਘਰ ਛੱਡ ਆਓ ...।‘ ਨਾਲ ਨਾਲ ਰੋਣ , ਨਾਲ ਨਾਲ ਰੱਟ! ਅਜੀਬ ਸਥਿਤੀ ‘ਚ ਫਸਿਆ ਇਸਦੇ ਪਤੀ ਦਾ ਹਮ-ਉਮਰ ਰਾਜਵੀਰ ਨੀਵੀਂ ਪਾਈ ਖੜਾ ਰਿਹਾ। ਨਾ ਉਸਤੋਂ ਨੂਰੀ ਨੂੰ ਵਗਲਗੀਰ ਕਰਨ ਲਈ ਇਸ ਦੁਆਲੇ ਬਾਹਾਂ ਵਗਲ ਹੋਈਆਂ, ਨਾ ਇਸਦੀ ਜਕੜ ਖੋਲ-ਤੋੜ ਕੇ ਇਸ ਤੋਂ ਵੱਖਰਾ ਹੋ ਸਕਿਆ।ਸ਼ਸ਼ੋਪੰਜ ‘ਚ ਘਿਰਿਆ ਉਹ ਨੂਰੀ ਨੂੰ ਇਹ ਵੀ ਨਾ ਕਹਿ ਸਕਿਆ–‘ਏਹ ਤੇਰਾ ਈ ਘਰ ਐ , ਹੋਰ ਕਿਸੇ ਦਾ ਨਹੀਂ। ‘

ਉਵੇਂ ਚੁਪ-ਚਾਪ ਖੜੋਤੇ ਨੇ ੳਸਨੇ ਨੂਰੀ ਨੂੰ ਰੋਈ ਜਾਣ ਦਿੱਤਾ, ਰੋਈ ਜਾਣ ਦਿੱਤਾ । ਫਿਰ ਚਾਨਚੱਕ ਜਿਵੇਂ ਨੂਰੀ ਨੂੰ ਅਪਣੀ ਭੁੱਲ-ਭੱਟਕ ਦਾ ਅਹਿਸਾਸ ਹੋ ਗਿਆ ਹੋਵੇ। ਰਾਜਵੀਰ ਦੁਆਲਿਉਂ ਝੱਟ ਦੇਣੀ ਬਾਹਾਂ ਖੋਲਕੇ , ਬਿਨਾਂ ਉਸ ਵਲ੍ਹ ਦੇਖੇ ਕਮਰਿਉਂ ਬਾਹਰ ਨਿਕਲ ਗਈ।

ਦਫ਼ਤਰੀ ਅਮਲੇ ਨੂੰ ਗੇਟ ਤੱਕ ਛੱਡ ਕੇ ਮੁੜੀ ਇਸ ਦੀ ਮਾਂ ਨੂੰ ਨੂਰੀ ਦੇ ਉਸ ਦਿਨ ਦੇ ਵਿਵਹਾਰ ‘ਚੋਂ ਇਸਦੇ ਤੰਦਰੁਸਤੀ ਵਲ੍ਹ ਨੂੰ ਪੁੱਟ ਹੋਏ ਪਹਿਲੇ ਕਦਮ ਦੀ ਆਹਟ ਵੀ ਸੁਣਾਈ ਦਿੱਤੀ ਸੀ।

ਇਹ ਆਹਟ ਉਸਨੂੰ ਦੋ ਕੁ ਦਿਨ ਪਿੱਛੋਂ, ਨੂਰੀ ਦੇ ਸਹੁਰੇ ਪਿੰਡ ਸ਼ੇਰਗੜੋ ਆਈ ਮਕਾਣ ਸਮੇਂ ਹੋਰ ਵੀ ਪੱਸਰਦੀ ਮਹਿਸੂਸ ਹੋਈ। ਮਾਂ ਤਾਂ ਖੈਰ ਜਾਣਦੀ ਸੀ ਸਾਰਾ ਕੁਝ। ਉਸ ਸਮੇਤ ਉਸਦੀ ਸਾਰੀ ਪੀੜੀ ਹੀ ਵਾਕਿਫ਼ ਸੀ ਮਕਾਣੀ ਰਸਮਾਂ ਤੋਂ। ਨੂਰੀ ਵੀ ਜਾਣਦੀ ਸੀ ਕਿੰਨਾ ਕੁਝ। ਵਿਹੜੇ ਸਮੇਤ ਸੁਹਰੇ ਪਿੰਡ ਦੇ ਗੂੜ੍ਹੀ ਸਾਂਝ ਵਾਲੇ ਟੱਬਰਾਂ ਦੇ ਕਿੰਨੇ ਸਾਰੇ ਇਸਤਰੀਆਂ-ਮਰਦ, ਉਸ ਦਿਨ ਆਏ ਸਨ ਨੂਰੀ ਨਾਲ ਦੁੱਖ ਸਾਂਝਾ ਕਰਨ। ਚਿੱਟੇ ਦੁੱਪਟੇ-ਚਿੱਟੀਆਂ ਪੱਗਾਂ ਸਿਰਾਂ ਤੇ। ਉਹ ਸਾਰੇ ਨੂਰੀ ਦੇ  ਘਰ ਤੋਂ ਕਾਫੀ ਸਾਰੀ ਵਿੱਥ ਤੇ ਪਿਛਾਂਹ ਟੈਂਪੂ ‘ਚੋਂ ਉੱਤਰ ਕੇ ਪੈਦਲ ਚੱਲ ਪਏ। ਮੂਹਰੇ ਇਸਤਰੀਆਂ, ਪਿੱਛੇ ਮਰਦ। ਨਾਲ ਆਈ ਨੈਣ ਨੇ ਉੱਚੀ ਸਾਰੀ ਲੇਅਰ ਮਾਰਕੇ ਸਭ ਦੀ ਅਗਵਾਈ ਸਾਂਭ ਲਈ। ਅੱਗੇ–ਅੱਗੇ ਨੈਣ, ਪਿੱਛੇ ਮਾਈਆਂ ,ਬੀਬੀਆਂ ਦੀ ਵੈਣ-ਸੁਰ। ਘਰ ਸਾਹਮਣੇ ਪੁੱਜ ਕੇ ਉਹਨਾਂ ਥੋੜਾ ਕੁ ਚਿਰ ਹੋਰ ਪਿੱਟ-ਸਿਆਪਾ ਕੀਤਾ, ਗੋਲ-ਘੇਰਾ ਬਣਾ ਕੇ। ਨੂਰੀ ਦੇ ਨਵੇਂ ਆਂਢ-ਗੁਆਂਢ ਲਈ ਅਜੀਬ ‘ਨਜ਼ਾਰਾ’ ਸੀ ਇਹ। ਉਹਨਾਂ ਗੇਟਾਂ ਤੇ ਖੜੋਕੇ ਜਾਂ ਛੱਤਾਂ ਤੇ ਚੜ੍ਹ ਕੇ ਇਸਦਾ ‘ਅਨੰਦ ਮਾਣਿਆ’।

ਫਿਰ, ਛੇਤੀ ਹੀ ਉੱਚੀ ਸੁਰ ਦਾ ਰੋਣ-ਧੋਣ ਬੰਦ ਹੋਏ ਤੇ ਸਭ ਜਣੇ ਅੰਦਰ ਚਲੇ ਗਏ। ਮਰਦ ਬਾਹਰ ਬਰਾਂਡੇ ‘ਚ ਬੈਠ, ਨੂਰੀ ਦੇ ਪਹਿਲੇ ਘਰ ਦੇ ਗੁਆਂਢੀਆਂ ਨਾਲ ਗੱਲੀਂ ਪਏ ਅਫ਼ਸੋਸ ਕਰਕੇ ਰਹੇ , ਇਸਤਰੀਆਂ ਦਾ ਸੱਚਾ-ਝੂਠਾ ਰੋਣ-ਡੁਸਕਣ ਅੰਦਰਲੇ ਕਮਰੇ ‘ਚ ਪੁੱਜਣ ਤੱਕ ਦੀ ਜਾਰੀ ਰਿਹਾ। ਉਹ ਵਾਰੀ ਵਾਰੀ ਨੂਰੀ ਗਲ੍ਹ ਲੱਗ ਕੇ ਆਪ ਵੀ ਰੋਈਆਂ, ਉਸ ਨੂੰ ਵੀ ਰੁਆਇਆ।

ਇਹ ਸਾਰਾ ਕੁਝ ਕਰਦਿਆਂ, ਨੂਰੀ ਦੀ ਮਾਂ ਨੂੰ ਉਸਦੇ ਵਰਤਾਓ ‘ਚ ਥੋੜਾ ਨਹੀਂ ਕਾਫੀ ਸਾਰੀ ਠਰੱਮਾਂ ਦਿੱਸਿਆ ਸੀ। ਨਾਂ ਇਹ ਤਿਲਮਲਾਈ ਸੀ ਨਾ ਆਵਾ-ਤਵਾ ਬੋਲੀ ਸੀ।  ਸਗੋਂ ਬਰਾਂਡ ‘ਚ ਬੇਠੇ ਮਰਦਾਂ ਕੋਲ ਪੁੱਜ ਕੇ ਇਸ ਨੇ ਪੁੱਛਿਆ ਸੀ ਚਾਚੇ ਫੁੱਮਣ ਬਾਰੇ , ਤਾਏ ਸੰਤੇ ਬਾਰੇ ਬਾਬੇ ਈਸ਼ਰ ਸਮੇਤ ਹੋਰ ਕਈਆਂ ਬਾਰੇ। ਅੱਗੋਂ ਮਰਦਾਂ ਵੱਲੋਂ ਮਿਲੇ ਉੱਤਰ ਨੇ ਜਿਵੇਂ ਇਸ ਨੂੰ ਹੋਰ ਵੀ ਸਹਿਜ ਕਰ ਦਿੱਤਾ ਹੋਵੇ । ਉਹਨਾਂ ਕਿਹਾ ਸੀ –“ ਉਹ ਸਾਰੇ ਮੋਚਰੇ ‘ਚ ਪੁੱਜੇ ਪਏ ਆ। ਜਦ ਦੇ ਗਏ ਆ ਕੋਈ ਨਹੀਂ ਮੁੜਿਆ। ਸਿਵਾ ਲੱਛਮਣ ਬਾਬੇ ਤੋਂ। ਉਹ ਵੀ ਜੀਉਂਦਾ ਨਈਂ ਲਾਸ਼ ਬਣ ਕੇ ਮੁੜਿਆ ਸੀ ਦਿੱਲੀਉਂ। ਥੋੜੇ ਕੁ ਦਿਨ ਪਹਿਲਾਂ। ਜ਼ੋਰਦਾਰ ਮੀਂਹ ਕਾਰਨ ਉਹਦਾ ਤੰਬੂ ਰਾਤ ਭਰ ਡੁਬਾ ਰਿਹਾ ਸੀ ਪਾਣੀ ‘ਚ। ਉਹਨੇ ਵੀ ਪਿਓ ਦੇ ਪੁੱਤ ਨੇ ਪੂਰਾ ਹੱਠ ਰੱਖਿਆ।  ਜਿੰਨਾ ਹੋ ਸਕਿਆ ਤੰਬੂ ਸਾਂਭੀ ਰੱਖਿਆ। ਆਖਿਰ ਵਧੇ ਝੱਖੜ-ਝਾਂਜੇ ਨੇ ਉਸਨੂੰ ਬੇ-ਬੱਸ ਕਰ ਦਿੱਤਾ। ਅਗਲੇ ਕਈ ਦਿਨ ਲਗਾਤਾਰ  ਚੜੇ ਪੰਜ-ਭੱਠ ਬੁਖਾਰ ਨੇ ਆਖਿਰ ਉਹਦੇ ਪ੍ਰਾਣ ਵੀ ਖੋਹ ਲਏ ਸੀ ਉਸਤੋਂ।

ਨੂਰੀ ਨੂੰ ਇਕ-ਦੰਮ ਝੱਟਕਾ ਤਾਂ ਲੱਗਾ ਸੀ ਲੱਛਮਣ ਬਾਬੇ ਦਾ ਸੁਣ ਕੇ, ਪਰ ਇਹ ਡੋਲੀ-ਘਬਰਾਈ ਨਾ । ਉਸੇ ਹੀ ਪਲ ਇਸ ਦੇ ਸਾਹਮਣੇ ਜਿਵੇਂ ਦੋ ਲਾਸ਼ਾਂ ਬਰਾਬਰ-ਬਰਾਬਰ ਵਿੱਛ ਗਈਆਂ ਹੋਣ। ਚਿੱਟੇ ਕੱਫਣਾਂ ‘ਚ ਢੱਕ ਹੋਈਆਂ। ਇਕ ਦੇ ਹੇਠਾਂ ਇਸਦਾ ਵੱਡਾ-ਵਡੇਰਾ ਲਛੱਮਣ ਬਾਬਾ, ਦੂਜੇ ਹੇਠ ਇਸਦਾ ਪਤੀ ਮਲਕੀਤ। ਇਕ ਨੇ ਵਾਰੀ-ਯੋਗ ਖੇਤਾਂ-ਬੰਨਿਆਂ ਦੀ ਰਾਖੀ ਕਰਦਿਆਂ ਜਾਨ ਦਿੱਤੀ ਸੀ, ਦੂਜੇ ਨੇ ਆਪਣੀ ਅਣਖ਼-ਇੱਜਤ ਨੂੰ ਹਰਫ਼ ਆਉਦਾ ਦੇਖ ਕੇ ਆਤਮ ਹੱਤਿਆ ਕੀਤੀ। ਨਾ ਇਕ ਨੇ ਪੂਰੀ ਉਮਰ ਭੋਗੀ ਨਾ ਦੂਜੇ ਨੇ। ਪਰ ਕਿਉਂ ? ਕਿੱਸ ਨੇ ਕੀਤੇ ਸਨ ਇਹ ਅੱਤਿਆਚਾਰ ਉਹਨਾਂ ਤੇ। ਇਹ ਪ੍ਰਸ਼ਨ ਵਿਕਰਾਲ ਰੂਪ ਧਾਰ ਕੇ ਨੂਰੀ ਸਾਹਮਣੇ ਆ ਖੜੋਇਆ। ਇਹ ਪ੍ਰਸ਼ਨ ਇਸਨੇ ਰਾਜਵੀਰ ਤੋਂ ਵੀ ਪੁੱਛਿਆ ਸੀ ਦੋ-ਤਿੰਨ ਵਾਰ। ਥੋੜਾ ਕੁ ਰੰਗ ‘ਚ ਹੋਏ ਨੂੰ। ਪੁੱਛਿਆ ਨਹੀਂ ਇਕ ਤਰਾਂ ਦੱਸਿਆ ਸੀ ਉਸਨੂੰ ਨੂਰੀ ਨੇ –‘ਹਰ ਰੋਜ਼ ਤਾਂ ਕੁਝ ਨਾ ਕੁਝ ਵਾਪਰਦਾ ਐਧਰ-ਓਧਰ। ਕਦੀ ਕਿਸੇ ਨੇ ਆਤਮ-ਹੱਤਿਆ ਕੀਤੀ ਹੁੰਦੀ , ਕਦੀ ਕਿਸੇ ਨੂੰ ਜਾਨੋਂ ਮਾਰ ਦਿੱਤਾ ਹੁੰਦਾ। ਨਾ ਬਾਲ-ਬੱਚੇ ਬਚੇ ਹੁੰਦੇ , ਨਾ ਬੁੱਢੇ-ਠੇਰੇ , ਨਾ ਜੁਆਨ ਗਭਰੂ। ਕਾਰਨ ਵੀ ਕੋਈ ਨਾ ਕੋਈ ਜੋੜ ਦਿੱਤਾ ਹੁੰਦਾ ਨਾਲ।ਇਕ ਵਾਰ ਤਾਂ ਨੂਰੀ  ਨੇ ਰਾਜਵੀਰ ਨੂੰ ਸਿੱਧਾ ਹੀ ਪੁੱਛ ਲਿਆ ਸੀ ਕਿ ਕਿਸਾਨੀ ਘਰਾਂ ‘ਚ ਹੁੰਦੀਆਂ ਮੌਤਾਂ ਆਤਮ-ਹੱਤਿਆਵਾਂ ਹਨ, ਜਾਂ ਜ਼ੋਰ-ਜ਼ਬਰੀ ਖੋਹੀਆਂ ਜਾਨਾਂ !?

ਆਪਣੀ ਸਮਝ-ਸੂਝ ਤੇ ਪੂਰਾ ਜ਼ੋਰ ਪਾ ਕੇ ਦੱਸਿਆ ਸੀ ਉਸ ਦਿਨ ਰਾਜਵੀਰ ਨੇ ਨੂਰੀ ਨੂੰ –“ਇਹ ਮੌਤਾਂ ਸਾਧਾਰਨ ਮੌਤਾਂ ਹਰਗਿਜ਼ ਨਈਂ । ਇਹਨਾਂ ਨਾਲ ਇਕ ਤਰ੍ਹਾਂ ਸਾਡੇ ਮੁਲਕ ਵਿਸ਼ੇਸ਼ ਕਰਕੇ ਸੂਬੇ ਦੀ ਅੱਧਿਉਂ ਵੱਧ ਵਸੋਂ ਦਾ ਅਰਥਚਾਰਾ ਜੁੜਿਆ ਪਿਆ। ਮਾਂ ਤੋਂ ਵੀ ਵੱਧ ਗੁਣਕਾਰ ਗਿਣ ਹੁੰਦੀ ਧਰਤੀ ਦੀ ਹਿੱਕ ਤੇ ਉੱਗਦੀਆਂ ਫ਼ਸਲਾਂ, ਇਕੱਲੇ ਮਨੁੱਖ ਦੀ ਨਹੀਂ, ਲੱਖਾਂ-ਅਰਬਾਂ ਪਸ਼ੂਆਂ –ਪੰਛੀਆਂ ਤੇ ਹੋਰਨਾਂ ਜੀਵ-ਜੰਤੂਆਂ ਦੀ ਵੰਨ-ਸੁਵੱਨੀ ਭੁੱਖ ਦਾ ਸਮਾਧਾਨ ਕਰਦੀਆਂ। ਪਰ, ਅਜੀਬ ਗੱਲ ਦੇਖੋ , ਇਹਨਾਂ ਫਸਲਾਂ ਨੂੰ ਬੀਜਣ –ਵੱਢਣ ਵਾਲੇ ਹੱਥ ਕਿਸੇ ਗਿਣਤੀ –ਮਿਣਤੀ ‘ਚ ਨਈਂ। ਇਹਨਾਂ ਫ਼ਸਲਾਂ ਨੂੰ ਉਗਾਉਣ–ਸਾਂਭਣ ਵਾਲੀ ਕਿਰਤ –ਮਿਹਨਤ ਦੀ ਕੋਈ ਕਦਰ-ਕੀਮਤ ਨਈਂ। ਸਾਡੇ ਮੁਲਕ ਦੇ ਰਾਜਕੀ ਟੋਲਿਆਂ ਨੇ ਤਾਂ ਜਿਵੇਂ ਖੇਤੀ-ਘਰਾਂ ਦੀ ਅਰਥ –ਵਿਵਸਥਾ ਦਾ ਫਿਕਰ ਕਰਨਾ ਊਈਂ ਛੱਡ ਦਿੱਤਾ ਐ। ਖੇਤੀ ਕਿੱਤੇ ‘ਚ ਲੱਗਾ ਕੌਣ ਜੀਉਂਦਾ, ਕੌਣ ਮਰਦਾ ਇਹਨਾਂ ਨੂੰ ਕੋਈ ਚਿੰਤਾ ਨਈਂ। ਉਹ ਕਿਉਂ ਮਰਦਾ, ਕਿਵੇਂ ਮਰਦਾ ਇਸਦੀ ਕੋਈ ਪ੍ਰਵਾਹ ਨਈਂ। ਤੂੰ ਈ ਦੱਸ ਨੂਰੀ ਜੀਊਣ ਨੂੰ ਕਿਸਦਾ ਜੀਅ ਨਈਂ ਕਰਦਾ। ਮਰਨਾ ਜਾਂ ਅਪਣੇ ਆਪ ਨੂੰ ਮਾਰਨਾ ਕੋਈ ਸੌਖਾ ਕੰਮ ਆਂ। ਕੋਈ ਐਮੇਂ-ਕਿਮੇਂ ਦਾ ਖੇਲ ਐ!? ਸੱਚ ਇਹ ਐ ਇਸ ਖੇਲ ਪਿੱਛੇ ਇਕ ਵੱਡਾ ਛੜਜੰਤਰ ਕਾਰਜਸ਼ੀਲ ਐ ਨੂਰੀ। ,ਇਹ ਮੌਤਾਂ, ਇਹ ਹੱਤਿਆਵਾਂ ਜ਼ੋਰ-ਜ਼ਬਰੀ ਕੀਤੇ ਗਏ ਕਤਲ ਐ ਨੂਰੀ, ਕਤਲ।“

ਅਚਨਚੇਤ ਰਾਜਵੀਰ ਤੋਂ ਨੂਰੀ ਦਾ ਨਾਂ ਪਤਾ ਨਹੀਂ ਵਾਰ-ਵਾਰ ਕਿਵੇਂ ਸ਼ਾਮਿਲ ਹੋ ਗਿਆ ।

ਲਗਾਤਾਰ ਬੋਲੀ ਗਿਆ ਰਾਜਵੀਰ, ਸੱਚ –ਮੁੱਚ ਭਾਵੁਕ ਹੋ ਗਿਆ ਸੀ, ਉਸ ਨੇ ਸਾਹਮਣੇ ਪਏ ਜੱਗ ‘ਚੋਂ ਠੰਡੇ ਪਾਣੀ ਦੇ ਚਾਰ-ਪੰਜ ਘੁੱਟ ਇੱਕੋ ਡੀਕੇ  ਅੰਦਰ ਲੰਘਾਏ। ਫਿਰ ਮੋਢੇ ਤੇ ਪਏ ਰੁਮਾਲ ਨਾਲ ਮੂੰਹ ਸਾਫ਼ ਕੀਤਾ, ਨਾਲ ਹੀ ਅੱਖਾਂ।

ਥੋੜਾ ਕੁ ਚਿਰ ਚੁੱਪ ਰਹਿਣ  ਪਿਛੋਂ ਉਸ ਅੰਦਰੋਂ ਦੋ-ਬਾਰਾ ਨਿਕਲੇ ਬੋਲ ਜਿਵੇਂ ਡੂੰਘੇ ਖੂਹ ‘ਚੋਂ ਸੁਣਾਈ ਦਿੱਤੇ ਹੋਣ। ਉਹਨੇ ਆਖਿਆ ਸੀ – “ਕਸੂਰ ਇਕੱਲੇ ਪ੍ਰਬੰਧ ਦਾ ਹੀ ਨਈਂ, ਅਪਣਾ ਵੀ ਐ  ਸਾਡਾ। ਕਿਸਾਨੀ ਰਹਿਤਲ ਦਾ। ਅਸੀਂ ਵੀ ਅਪਣੀ ਜੱਟਕੀਂ ਹਓਂ ‘ਚ ਵਿਚਰਦੇ, ਖਾਹ-ਮੁਖਾਹ ਦੇ ਕਰਜਈ ਹੁੰਦੇ ਰਹਿੰਨੇ ਆਂ। “

ਨੂਰੀ ਅੱਗੇ ਚੁੱਪ। ਇਹ ਚੁੱਪ ਰਾਜਵੀਰ ਦੇ ਆਖੇ –ਦੱਸੇ ਨਾਲ ਸਹਿਮਤ ਹੋਣ ਦੀ ਸੀ ਜਾਂ ਅਸਹਿਮਤ। ਉਸਤੋਂ ਝੱਟ-ਪੱਟ ਕੋਈ ਨਿਰਨਾ ਨਹੀਂ ਸੀ ਹੋ ਸਕਿਆ। ਫਿਰ , ਕਿੰਨਾ ਹੀ ਚਿਰ ਪਿੱਛੋਂ ਤੱਕ ਵੀ ਉਹ ਰਾਜਵੀਰ ਦੇ ਸ਼ਬਦਾਂ-ਬੋਲਾਂ ਦ ਪੈੜ-ਚਾਲੇ ਤੁਰੀ, ਹਾਂ-ਨਾਂਹ ਦੀ ਸੰਗਿਆ ਵਿਚਕਾਰ ਵਿਚਰਦੀ ਰਹੀ।

ਹੁਣ....ਹੁਣ ਉਹ ਮੁੜ ਉਸੇ ਤਰ੍ਹਾਂ ਦੀ ਅਵਲ ਉਸਤੋਂ ਵੀ ਵੱਧ ਡਰਾਉਣੀ ਘਟਨਾ ਦੀ ਮਾਰ ਹੇਠ ਸੀ। ਹੁਣ ਤਾਂ ਸਗੋਂ ਇਸਦੇ ਆਪਣੇ ਘਰ ਅਪਣੇ ਸੌਣ ਕਮਰੇ ‘ਚ ਆ ਲਟਕਿਆ ਸੀ ਉਹੀ ਪ੍ਰਸ਼ਨ। ਹੁਣ ਇਹ ਕਿੱਸ ਤੋਂ ਪੁੱਛੇਗੀ ਕਿ ਇਸਦੇ ਪਤੀ ਨੇ ਆਤਮ –ਹੱਤਿਆ ਕੀਤੀ ਜਾਂ ਉਸ ਨੂੰ ਜ਼ੋਰ-ਜ਼ਬਰੀ ਕਤਲ ਕੀਤਾ ਗਿਆ। ਸਹੁਰੇ ਪਿੰਡੋਂ ਅਫਸੋਸ ਕਰਨ ਆਏ ਵੱਡੇ-ਵਡੇਰਿਆਂ ਤੋਂ ਪੁੱਛਣ ਦੀ ਇਸਦੀ ਹਿੰਮਤ ਨਾ ਹੋਈ, ਤੇ...ਤੇ ਇਸ ਦੀ ਰੂਹ-ਜਾਨ ਤੇ ਲਟਕਦੇ ਭਾਰ ਕਾਰਨ ਜੋ ਕੁਝ ਹੋਇਆ–ਵਾਪਰਿਆ, ਉਹ ਸਭ ਲਈ ਹੈਰਾਨੀ-ਜਨਕ। ਹੈਰਾਨੀ-ਜਨਕ ਵੀ ਚਿੰਤਾਜਨਕ ਵੀ। ਵਾਪਿਸ ਪਿੰਡ ਨੂੰ ਜਾਣ ਲਈ ਉੱਠ ਤੁਰਨ ਲੱਗੇ ਫੁੱਮਣ। ਚਾਚੇ ਨਾਲ ਝੱਟ ਦੇਣੀ ਚਿੱਮੜ ਕੇ ਨੂਰੀ ਫਿਰ ਉਹੀ ਰਾਗ ਅਲਾਪਣ ਲੱਗ ਪਈ– “ਮੈਨੂੰ ਮੇਰੇ ਘਰ ਛੱਡ ਆਓ ...ਏਹ ਮੇਰਾ ਘਰ ਨਈਂ ....ਮੈਨੂੰ ਮੇਰੇ ਘਰ ਛੱਡ ਆਓ।‘ ਉਸ ਦਿਨ, ਉਦਾਸੀ –ਪ੍ਰੇਸ਼ਾਨੀ ‘ਚ ਘਿਰੇ ਪਿੰਡ ਵਾਸੀ, ਹੋਰ ਵੀ ਫਿਰਕਮੰਦ ਹੋ ਕੇ ਵਾਪਿਸ ਮੁੜੇ ਸਨ।ਥੋੜੀ ਕੁ ਆਸਮੰਦ ਹੋਈ ਨੂਰੀ ਦੀ ਮਾਂ ਮੁੜ ਨਿਰਾਸ਼ਾ ‘ਚ ਘਿਰ ਗਈ। ਤਾਂ ਵੀ ਉਸਨੇ ਆਸ-ਉਮੀਦ ਦਾ ਪੱਲਾ ਨਹੀਂ ਸੀ ਛੱਡਿਆ। ਉਸਦਾ ਯਕੀਨ ਸੀ ਕਿ ਸਿਆਣੇ-ਸੂਝਵਾਨ ਜੀਆਂ ਦੀ ਸੰਗਤ, ਨੂਰੀ ਦੀ ਵਿਚਲੱਤ- ਹੋਈ ਸੁਰਤੀ ਨੂੰ ਕਿਸੇ ਵੀ ਦੁਆ-ਦਰਮਲ ਨਾਲੋਂ ਵੱਧ ਰਾਹਤ ਦਿੰਦੀ ਐ। ਮਲਕੀਤ ਦਾ ਅਫ਼ਸੋਸ ਕਰਨ ਆਏ ਹਰ ਕਿਸੇ ਨਾਲ ਹੋਈ ਬਾਤ-ਚੀਤ ‘ਚ ਉਸਨੇ ਨੂਰੀ ਨੂੰ ਵੀ ਸ਼ਾਮਿਲ ਕੀਤੀ ਰੱਖਿਆ, ਭਾਵੇ, “ ਮੈਨੂੰ ਮੇਰੇ ਘਰ ....’ ਵਾਲੀ ਰਟ ਨੂਰੀ ਤੋਂ ਬਹੁਤੀ ਨਹੀਂ ਸੀ ਤਿਆਗ ਹੋਈ ਅਜੇ ।

ਤੈਨੂੰ ਵੀ ਜਾਂਦੇ ਨੂੰ ਉਹ ਇਹੀ ਕਹੇਗੀ –‘ਭਾਅ ਬਣ ਕੇ ਮੇਰਾ ਇਹ ਕੰਮ ਜ਼ਰੂਰ ਕਰ! ਕਹੇਗੀ ਹੀ ਨਹੀਂ ਤਰਲੇ ਮਾਰੇਗੀ , ਲੇਹਲੜੀਆਂ ਕੱਢੇਗੀ, ਹੱਥ ਵੀ ਜੋੜੇਗੀ। ਜੁੜੇ ਹੱਥ ਸੱਚ-ਮੁੱਚ ਤੇਰੇ ਪੈਰਾਂ ਵਲ੍ਹ ਨੂੰ ਝੁਕਣਗੇ। ਤੂੰ ਇਸ ਨੂੰ ਇਉਂ ਕਰਨੋਂ ਮਸਾਂ ਰੋਕੇਗਾ। ਇਸ ਦਾ ਸਿਰ ਮੂੰਹ ਪਲੋਸੇਗਾਂ। ਇਸ ਨੂੰ ਢਾਰਸ ਦੇਵੇਗਾ। ਬਿਲਕੁਲ ਉਵੇਂ  ਜਿਵੇਂ ਆਪਦੇ ਦਫ਼ਤਰ ‘ਚ ਦਿੱਤੀ ਸੀ। ਤੇਰਾ ਹੱਥ ਲੱਗਦਿਆਂ ਸਾਰ ਇਹ ਵਿਲਕ ਉੱਠੇਗੀ, ਪਹਿਲਾਂ ਹੱਟ ਕੋਰੀ ਫਿਰ ਉੱਚੀ –ਉੱਚੀ। ਤੇਰੇ ਨਾਲ ਚਿੱਮੜ ਕੇ ਇਸ ਨੇ ਧੁਰ ਅੰਦਰ ਤੱਕ ਰੋ-ਕਲਪ ਲੈਣਾ, ਹਲਕਾ ਕਰ ਲੈਣਾ ਅਪਣਾ ਆਪ। ਹੋਰ ਘੜੀ-ਪਲ ਨੂੰ ਤੈਨੂੰ ਇਹ ਬਿਲਕੁਲ ਸਹਿਜ ਜਾਪੇਗੀ। ਸਾਰਾ ਕੁਝ ਨਹੀਂ ਤਾਂ ਕਿੰਨਾ ਕੁਝ ਸੁਨਣ-ਸਮਝਣ ਲੱਗੇਗੀ।

ਹੁਣ, ਇਹ ਤੇਰੇ  ਤੇ  ਨਿਰਭਰ ਐ, ਕਿ ਤੂੰ ਅਗਾਂਹ ਕੀ ਕਰਨਾ! ਤੂੰ ਇਸ ਨੂੰ ਹੋਸ਼ੀ –ਬੇ-ਹੋਸ਼ੀ ਵਿਚਕਾਰ ਲਟਕਦਾ ਰੱਖਣਾ ਜਾਂ ਇਸ ਨੂੰ ਸੁਰਤ ਸਿਰ ਕਰਨ ਦਾ ਕੋਈ ਉਪਰਾਲਾ ਕਰਨਾ। ਇਕ ਪੱਕ ਐ , ਤੂੰ ਕੁਝ ਨਾ ਕੁਝ ਜ਼ਰੂਰ ਕਰੇਗਾ, ਇਸ ਨੂੰ ਤ੍ਰਿਸ਼ੰਕੂ ਸਥਿਤੀ ‘ਚੋਂ ਬਾਹਰ ਕੱਢਣ ਲਈ ਜ਼ਰੂਰ ਹੰਭਲਾ ਮਾਰੇਂਗਾ। ਤੂੰ...ਤੂੰ.... ਇਸ ਨੂੰ ਦੱਸੇਗਾ –‘ਤੇਰੀ ਇਹ ਹਾਲਤ ਕੇਵਲ ਨੌਕਰੀ ਖੁਸ ਜਾਣ ਕਾਰਨ ਜਾਂ ਪਤੀ ਦੀ ਆਤਮ ਹੱਤਿਆ ਕਾਰਨ ਹੀ ਨਹੀਂ ਬਣੀ। ਇਹ ਤਾਂ ਹਕੂਮਤੀ ਕਿਸਮ ਦੀਆਂ ਘਟਨਾਵਾਂ, ਜੋ ਇਸ ਵਾਰ ਤੇਰੇ  ਸਿਰ ਤੇ  ਆ ਡਿਗਿਆਂ, ਇਕੱਠੀਆਂ। ਵਿਵੇਕਹੀਣ ਵਾਰਤਾਵਾਂ ਨੇ ਜੋ ਤੇਰੇ ਮੱਥੇ ਤੇ ਆ ਚਿੱਪਕੀਆਂ। ਸੱਚ ਇਹ ਐ, ਇਹ ਵਾਰਤਾਵਾਂ ਇਹ ਘਟਨਾਵਾਂ ਨਾ ਆਪਣੇ ਆਪ ਵਾਪਦੀਆਂ, ਨਾ ਲਿੱਖ ਹੁੰਦੀਆਂ। ਇਹਨਾਂ ਦੀ ਤਹਿ ‘ਚ ਵਾਪਰਦਾ ਵੱਡਾ ਵਰਤਾਰਾ ਕੁਝ ਹੋਰ ਐ। ਉਹ ਬਹੁਤ ਵੱਖਰੀ ਤਰ੍ਹਾਂ ਦਾ। ਦੇਖਣ-ਛੂਹਣ ਨੂੰ ਮੁਲਾਇਮ, ਪਰ ਹੇਠਲੀ ਪਰਤੋਂ ਚੁੱਭਵਾਂ, ਇਕ ਕਮ ਖੁਰਦੜਾ। ਇਸ ਨੂੰ  ਸੁਣਦੇ-ਪੜ੍ਹਦੇ ਸਾਰੇ, ਪਰ ਸਮਝਦੇ ਬਹੁਤ ਘੱਟ। ‘

ਨਿਸਚੈ ਹੀ ਤੈਨੂੰ ਉਸ ਵਰਤਾਰੇ ਦੀ ਪੂਰੀ ਜਾਣਕਾਰੀ ਐ। ਤੂੰ...ਤੂੰ ਇਸ ਦੀ ਇਬਾਰਤ ਦੇ  ਕੁਝ ਨਾ ਕੁਝ ਬਿੰਦੂ ਜ਼ਰੂਰ ਦੱਸੀਂ ....ਨੂਰੀ ਨੂੰ। ਤੂੰ ਬਹਤਾ ਨਹੀਂ, ਤਾ ਸ਼ਾਮਯੁੱਗੀ ਸ਼ਿਕਾਰ –ਕਰਮ ਤੋਂ ਸ਼ੁਰੂ ਕਰਕੇ ਸਰਮਾਇਆ ਯੁੱਗ ਦੇ ਪੁਲਾੜੀ ਸਫ਼ਰ ਤੱਕ ਦਾ ਮੋਟਾ-ਮੋਟਾ ਜ਼ਿਕਰ ਜ਼ਰੂਰ ਕਰੀਂ। ਗਾਰਾ-ਗੁਫਾਵਾਂ ਦੇ ਸਿਰ –ਢੱਕਣ ਤੋਂ ਲੈ ਕੇ ਸ਼ੀਸ਼ ਮਹਿਲਾਂ ਵਰਗੇ ਰੈਣ-ਵਸੇਰਿਆਂ ਤੱਕ ਪੁੱਜੇ ਅੱਜ ਦੇ ਮਾਨੁੱਖ ਦੇ ਚੰਗੇ –ਮਾੜੇ ਵਰਤਾਓ ਦਾ ਖੁਲਾਸਾ ਕਰਦਾ ਤੂੰ ਸਾਮੰਤੀ ਤੇ ਰਾਜਾਵਾਦੀ ਪ੍ਰਬੰਧਾਂ ਅੰਦਰ ਖੇਤੀ ਕਾਮਿਆਂ ਸਮੇਤ ਖੇਤੀ ਜਿਣਸਾਂ ਦੀ ਹੁੰਦੀ ਰਹੀ ਦਰਗੱਤ ਦਾ ਵਿਸਥਾਰ ਜ਼ਰੂਰ ਦੇਈਂ। ਬੀਤੇ ਸਮਿਆਂ ਵਿੱਚ ਖੇਤ-ਮਾਲੀਏ ਦੀ ਧੋਣ ਮਰੋੜ ਕੇ  ਸਾਮੰਤੀ ਸਰਦਾਰਾ, ਪ੍ਰਸ਼ਾਸ਼ਕੀ ਆਹੁਦਿਆਂ, ਰਾਜ ਗੱਦੀਆਂ ਦੇ ਖ਼ਰਚ-ਖਰਾਬਿਆਂ ਦਾ ਖੁਲਾਸਾ ਕਰਦੇ ਨੇ ਤੂੰ ਨੂਰੀ ਦੇ ਕਈ ਸਾਰੇ ਸ਼ੰਕਿਆਂ ਦੀ ਨਵਿਰਤੀ ਸਹਿ-ਸੁਭਾ ਹੀ ਕਰੀ ਜਾਦੀ ਆਂ। ਮਾਨਵੀ ਮੁੱਲਾਂ ਨੂੰ ਪਿਛਾਂੜ ਕੇ ਖਾਹ–ਮਖਾਹ ਦੀ ਹਵਸ-ਹੋੜ ਪਿੱਛੇ ਵਿਆਕਲ ਹੋਈ ਅਜੋਕੇ ਸਮਿਆਂ ਦੀ ਮਾਨਸਿੱਕਤਾ ਨੂਰੀ ਨੂੰ ਪਤੀ ਦੀ ਹੱਤਿਆ ਪਿੱਛੇ ਕਾਰਜਸ਼ੀਲ ਵੱਡੇ ਕਾਰਨਾਂ ਦੀ ਪਛਾਣ ਵੀ ਕਰਵਾਏਗੀ।

ਤੇ ਸੱਚੀ ਗੱਲ ਐ, ਇਹ ਸਭ ਕੁਝ ਸੁਣੇਗੀ ਵੀ ਤੇ ਸਮਝੇਗੀ ਵੀ । ਇਹ ਮੁੱਢ-ਸ਼ੁਰੂ ਤੋਂ ਸੂਝਵਾਨ ਰਹੀ ਐ, ਇਸ ਪੱਖੋਂ। ਜਿਉਂ-ਜਿਉਂ ਤੂੰ ਇਸ ਦਾ ਜੀਣ-ਥੀਣ ਵਿਚਲੱਤ ਕਰਨ ਵਾਲੀ ਉਸ ਕਲਮੂੰਹੀ ਲਿਖਤ ਦੇ ਪੱਤਰੇ ਪਰਤਾਈ ਜਾਏਗਾ। ਤਿਉਂ-ਤਿਉਂ ਇਸ ਦੀ ਉਲਝੀ-ਬਿਖ਼ਰੀ ਸੁਰਤ-ਸ਼ਕਤੀ ਤਹਿ ਸਿਰ ਹੁੰਦੀ ਜਾਣੀ।

ਤੈਨੂੰ ਇਹ ਯਤਨ ਇਕ-ਦੋ ਵਾਰ ਨਹੀਂ, ਕਈ ਵਾਰ ਆ ਕੇ ਕਰਨੇ ਪੈਣੇ।

ਪੁਰਾਣੇ ਘਰ ਜਾ ਨਵੇਂ ਘਰ ਦਾ ਹਿਸਾਬ-ਕਿਤਾਬ ਤੁੰ ਆਪ ਜੁੜਦਾ ਕਰ ਲਈ , ਮੌਕਾ ਵਿਚਾਰ ਕੇ ।

------- 

ਪਤਾ : ਨੇੜੇ ਸੈਂਟ ਪਾਲ ਕਾਨਵੈਂਟ ਸਕੂਲ, ਨਿਹਾਲਪੁਰ-144205 (ਦਸੂਹਾ)

    ਜਿਲ੍ਹਾ : ਹੁਸ਼ਿਆਰਪੁਰ

  ਸੰਪਰਕ : 9465574866

ਨੋਟ:ਆਲੇ ਦੁਆਲੇ ਧਿਆਨ ਮਾਰਿਆਂ ਇਹ ਕਹਾਣੀ ਤੁਹਾਨੂੰ ਬਹੁਤ ਸਾਰੀਆਂ ਥਾਂਵਾਂ ਤੇ ਵਾਪਰਦੀ ਮਿਲ ਜਾਵੇਗੀ ਬਸ ਇਥੇ ਕਹਾਣੀ ਵਿਚਲੀਆਂ ਥਾਂਵਾਂ ਅਤੇ ਪਾਤਰਾਂ ਦੇ ਨਾਮ ਬਦਲ ਦਿੱਤੇ ਗਏ ਹਨ। 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ। 

Thursday 13 October 2022

ਗੁਰਚਰਨ ਰਾਮਪੁਰੀ ਦੂਸਰਾ ਸਨਮਾਨ ਸਮਾਗਮ 6 ਨਵੰਬਰ ਨੂੰ

Thursday13th October 2022 at 8:32 AM

ਰਾਮਪੁਰ ਸਭਾ ਵੱਲੋਂ ਕੌਮਾਂਤਰੀ ਪ੍ਰਸਿੱਧੀ ਹਾਸਲ ਸ਼ਾਇਰ ਦੀ ਯਾਦ ਵਿੱਚ ਇੱਕ ਹੋਰ ਉਪਰਾਲਾ 

ਦੋਰਾਹਾ: 12 ਅਕਤੂਬਰ 2022: (ਸਾਹਿਤ ਸਕਰੀਨ ਬਿਊਰੋ):: 
7 ਅਗਸਤ 1953 ਨੂੰ  ਸਥਾਪਤ ਹੋਈ, ਪੰਜਾਬ ਦੀ ਸਭ ਤੋਂ ਪੁਰਾਣੀ ਪੰਜਾਬੀ ਲਿਖਾਰੀ ਸਭਾ (ਰਜਿ.) ਰਾਮਪੁਰ ਵੱਲੋਂ ਨਵੰਬਰ ਮਹੀਨੇ ਦੇ ਪਹਿਲੇ ਐਤਵਾਰ 6 ਨਵੰਬਰ ਨੂੰ  ਕੌਮਾਂਤਰੀ ਪ੍ਰਸਿੱਧੀ ਹਾਸਲ ਸ਼ਾਇਰ ਗੁਰਚਰਨ ਰਾਮਪੁਰੀ ਸਨਮਾਨ ਸਮਾਗਮ ਕਰਵਾਉਣ ਦਾ ਫੈਸਲਾ ਲਿਆ ਗਿਆ ਹੈ। ਸਭਾ ਦੇ ਸਰਪ੍ਰਸਤ ਸੁਰਿੰਦਰ ਰਾਮਪੁਰੀ, ਪ੍ਰਧਾਨ ਜਸਵੀਰ ਝੱਜ, ਮੀਤ ਪ੍ਰਧਾਨ ਬਲਦੇਵ ਸਿੰਘ ਝੱਜ, ਜਨਰਲ ਸਕੱਤਰ ਹਰਬੰਸ, ਸਕੱਤਰ ਨੀਤੂ ਰਾਮਪੁਰ, ਕਾਰਜਕਾਰੀ ਮੈਂਬਰ ਗੁਰਦਿਆਲ ਦਲਾਲ, ਬਲਵੰਤ ਮਾਂਗਟ, ਅਨਿੱਲ ਫਤਿਹਗੜ੍ਹ ਜੱਟਾਂ, ਵਿਸ਼ਵਿੰਦਰ ਵਸ਼ਿਸ਼ਟ ਦੇ ਅਨੁਸਾਰ ਪੰਜਾਬੀ ਲਿਖਾਰੀ ਸਭਾ ਰਾਮਪੁਰ ਦੇ ਮੋਢ੍ਹੀ ਮੈਂਬਰ ਸ਼੍ਰੀ ਗੁਰਚਰਨ ਰਾਮਪੁਰੀ ਦੀਆਂ ਕਨੇਡਾ ਵਸਦੀਆਂ ਧੀਆਂ ਦਵਿੰਦਰ ਕੌਰ ਭੰਗੂ, ਹਰਮੋਹਿੰਦਰ ਕੌਰ ਭੰਗੂ ਅਤੇ ਪੁੱਤਰ ਜਸਵੀਰ ਸਿੰਘ ਰਾਮਪੁਰੀ ਤੇ ਰਵਿੰਦਰ ਸਿੰਘ ਰਾਮਪੁਰੀ ਸਮੂਹ ਪਰਿਵਾਰ ਵੱਲੋਂ ਆਪਣੇ ਪਿਤਾ ਸ਼੍ਰੀ 'ਗੁਰਚਰਨ ਰਾਮਪੁਰੀ' ਦੇ ਨਾਮ ਤੇ ਯਾਦਗਾਰੀ ਸਨਮਾਨ, ਲੋਕਪੱਖੀ ਪ੍ਰਤੀਵੱਧ ਸ਼ਾਇਰ ਨੂੰ  ਉਸ ਦੀ ਜੀਵਨ ਭਰ ਦੀ ਪ੍ਰਾਪਤੀ ਲਈ ਹਰ ਸਾਲ ਦਿੱਤਾ ਜਾਂਦਾ ਹੈ ਜਿਸ ਵਿਚ ਇੱਕ ਸਨਮਾਨ ਚਿੰਨ, ਇੱਕ ਦੁਸ਼ਾਲਾ ਤੇ ਨਕਦ ਇੱਕੀ ਹਜ਼ਾਰ ਰੁਪਏ ਦੀ ਸਨਮਾਨ ਰਾਸ਼ੀ ਭੇਂਟ ਕੀਤੀ ਜਾਂਦੀ ਹੈ।
 'ਗੁਰਚਰਨ ਰਾਮਪੁਰੀ' ਭਾਵੇਂ 1965 ਵਿਚ ਕਨੇਡਾ ਜਾ ਵਸੇ ਪਰ ਆਖਰੀ ਸਾਹ ਤੱਕ ਸਭਾ ਨਾਲ਼ ਬਾ-ਵਾਸਤਾ ਰਹੇ। ਆਪਣੇ ਪਿਤਾ ਮੋਹਣ ਸਿੰਘ ਦੀ ਯਾਦ ਵਿਚ ਸਭਾ ਦਾ ਲਾਇਬ੍ਰੇਰੀ ਲਈ ਹਾਲ ਬਣਵਾਇਆ। ਉਹ ਆਪਣੇ ਪਹਿਲੇ ਹੀ ਕਾਵਿ ਸੰਗ੍ਰਹਿ 'ਕਣਕਾਂ ਦੀ ਖ਼ੂਸ਼ਬੋ' ਨਾਲ਼ ਕੌਮਾਂਤਰੀ ਪ੍ਰਸਿੱਧੀ ਹਾਸਲ ਕਰ ਗਏ ਸਨ।  ਉਨ੍ਹਾਂ ਦੀਆਂ ਕੁੱਲ ਬਾਰਾਂ ਕਾਵਿ ਪੁਸਤਕਾਂ ਪੰਜਾਬੀ, ਹਿੰਦੀ, ਉਰਦੂ ਅਤੇ ਅੰਗਰੇਜ਼ੀ ਭਾਸ਼ਾ ਵਿਚ ਛਪੀਆਂ ਹਨ ਅਤੇ ਕਵਿਤਾਵਾਂ ਰੂਸੀ ਭਾਸ਼ਾ ਵਿਚ ਅਨੁਵਾਦ ਹੋਈਆਂ ਹਨ। ਉਨ੍ਹਾਂ ਦੀਆਂ ਬਹੁਤ ਸਾਰੀਆਂ ਗ਼ਜ਼ਲਾਂ ਨੂੰ  ਸਮੇਂ ਦੇ ਪ੍ਰਸਿੱਧ ਗਾਇਕਾਂ ਨੇ ਆਪਣੀ ਆਵਾਜ਼ ਦਿੱਤੀ। ਉਨ੍ਹਾਂ ਦੀ ਗ਼ਜ਼ਲ ਦਾ ਇੱਕ ਸ਼ੇਅਰ ਹਮੇਸ਼ ਯਾਦ ਕੀਤਾ ਜਾਂਦਾ ਰਹੇਗਾ, 
'ਮੋਰ ਨੱਚਦੇ ਵੀ ਰੋਈ ਜਾਂਦੇ ਨੇ, ਹੰਸ ਮਰਦੇ ਸਮੇਂ ਵੀ ਗਾਉਂਦਾ ਹੈ |' ਗੁਰਚਰਨ ਰਾਮਪੁਰੀ ਦੀ ਸ਼ਾਇਰੀ 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ। 

Sunday 9 October 2022

ਪੁਰਸਕਾਰਾਂ ਦੇ ਉਧਾਲੇ ਰੋਕਣ ਲਈ ਸਾਹਿਤਿਕ ਆਵਾਜ਼ ਹੋਏਗੀ ਹੁਣ ਹੋਰ ਬੁਲੰਦ

ਕੇਂਦਰੀ ਪੰਜਾਬੀ ਲੇਖਕ ਸਭਾ ਅਤੇ ਮਿੱਤਰ ਸੈਨ ਮੀਤ ਆਏ ਨੇੜੇ ਨੇੜੇ  

ਤਸਵੀਰਾਂ-ਐਮ ਐਸ ਭਾਟੀਆ 
ਲੁਧਿਆਣਾ: 09 ਅਕਤੂਬਰ 2022: (ਸਾਹਿਤ ਸਕਰੀਨ ਡੈਸਕ//ਤਸਵੀਰਾਂ-ਐਮ ਐਸ ਭਾਟੀਆ)::

ਕਿਸੇ ਨੇ ਜਿੱਤ ਨਹੀਂ ਸੀ ਜਾਣਾ--ਕਿਸੇ ਨੇ ਹਾਰ ਨਹੀਂ ਸੀ ਜਾਣਾ। ਕਿਸੇ ਨੇ ਕਿਸੇ ਦੀ ਜ਼ਮੀਨ ਨਹੀਂ ਸੀ ਵੰਡ ਲੈਣੀ। ਕਿਸੇ ਦਾ ਬਿੱਲਾ ਨਹੀਂ ਸੀ ਲੱਗ ਜਾਣਾ ਤੇ ਕਿਸੇ ਦਾ ਬਿੱਲਾ ਨਹੀਂ ਸੀ ਲੱਥ ਜਾਣਾ। ਪਤਾ ਨਹੀਂ ਕਿਸ ਕਿਸ ਨੇ ਬਣਾ ਲਿਆ ਸੀ ਇਸਨੂੰ ਆਪਣੀ ਇੱਜ਼ਤ ਦਾ ਸੁਆਲ ਅਤੇ ਕਿਓਂ? ਪਤਾ ਨਹੀਂ ਪੁਰਸਕਾਰਾਂ ਦੇ ਉਧਾਲੇ ਵਰਗੇ ਦੋਸ਼ਾਂ ਨੂੰ ਲੈ ਕੇ ਵੱਡੇ ਵੱਡੇ ਅਦਾਰੇ, ਵੱਡੀਆਂ ਵੱਡੀਆਂ ਸੰਸਥਾਵਾਂ, ਵੱਡੇ ਨਾਮ ਅਤੇ ਵੱਡੇ ਵੱਡੇ ਮੀਡੀਆ ਹਾਊਸ ਚੁੱਪ ਕਿਓਂ ਹੋ ਗਏ ਸਨ?

ਕੋਈ ਅਯੋਗ ਬੰਦਾ ਸ਼੍ਰੋਮਣੀ ਪੁਰਸਕਾਰ ਨੂੰ ਵੀ ਅਗਵਾ ਕਰ ਕੇ ਲੈ ਜਾਵੇ ਇਹ ਸੱਚਮੁੱਚ ਨਮੋਸ਼ੀ ਵਾਲੀ ਗੱਲ ਸੀ। ਪਰ ਇਸ ਤਰ੍ਹਾਂ ਲਗਾਤਾਰ ਹੋਣ ਦੇ ਚਰਚੇ ਸੁਣਾਈ ਦੇਣ ਲੱਗ ਪਏ ਸਨ। ਇਹ ਨਮੋਸ਼ੀ ਕਿਸੇ ਇੱਕ ਵਿਅਕਤੀ ਜਾਂ ਇੱਕ ਧਿਰ ਲਈ ਤਾਂ ਨਹੀਂ ਸੀ। ਚਿੰਤਾ ਸਭਨਾਂ ਨੂੰ ਹੋਣੀ ਚਾਹੀਦੀ ਸੀ। ਸਮੂਹ ਸਾਹਿਤ ਸੰਸਥਾਵਾਂ ਨੂੰ ਇਸ ਬਾਰੇ ਸਿਰ ਜੋੜ ਕੇ ਸੋਚਣਾ ਚਾਹੀਦਾ ਸੀ। ਪਰ ਇਸ ਵਰਤਾਰੇ ਵਿੱਚ ਗਲਤਾਨ ਅਨਸਰਾਂ ਨੂੰ ਲੱਗਦਾ ਸੀ ਬੁੱਕਲ ਦੇ ਵਿਚ ਭੰਨੀ ਗੁੜ ਦੀ ਰੋੜੀ ਦਾ ਪਤਾ ਕਿਸ ਨੂੰ ਲੱਗਣਾ ਹੈ? ਓਹ ਲੋਕ ਆਪਣੀਆਂ ਮਰਜ਼ੀਆਂ ਵਿੱਚ ਰੁਝੇ ਰਹੇ। ਡਰਨ ਵਾਲੇ ਡਰੀ ਗਏ, ਵਿਕਣ ਵਾਲੇ ਵਿਕੀ ਗਏ, ਖਰੀਦਣ ਵਾਲੇ ਖਰੀਦੀ ਗਏ ਜਿਹੜੇ ਜ਼ਿੰਮੇਵਾਰ ਸਨ ਓਹ ਇਹੀ ਸਮਝਦੇ ਰਹੇ ਕਿ ਪਤਾ ਹੀ ਕਿਹਨੂੰ ਲੱਗਣਾ ਹੈ   ਯਾਦ ਆ ਰਹੀਆਂ ਨੇ ਦੋ ਸਤਰਾਂ ਜਿਹੜੀਆਂ ਇੱਕ ਇੱਕ ਪਾਕਿਸਤਾਨੀ ਸ਼ਾਇਰ ਨੇ ਕਦੇ ਲਿਖੀਆਂ ਸਨ-

ਮਾਲੀ ਕੇਡ ਕਰੇ ਰਖਵਾਲੀ, ਪਾਹਰੇ ਲੱਖ ਬਿਠਾਵੇ!

ਉੱਚੀਆਂ ਉੱਚੀਆਂ ਕੰਧਾਂ ਚੋਂ ਵੀ ਖੁਸ਼ਬੂ ਉਧਲ ਜਾਵੇ! 

ਇਹ ਗੱਲ ਵੱਖਰੀ ਹੈ ਕਿ ਇਸ ਜੰਗ ਦਾ ਬਿਗਲ ਇਕੱਲੇ ਮਿੱਤਰ ਸੈਨ ਮੀਤ ਨੇ ਹੀ ਵਜਾਇਆ ਜਦਕਿ ਇਸ ਜੰਗ ਦਾ ਐਲਾਨ ਉਹਨਾਂ ਸਭਨਾਂ ਨੂੰ ਕਰਨਾ ਚਾਹੀਦਾ ਸੀ ਜਿਹੜੇ ਕਲਮ ਦੇ ਧਰਮ ਨੂੰ ਸਮਰਪਿਤ ਹਨ, ਜਿਹੜੇ ਸੱਚ ਨੂੰ ਸਮਰਪਿਤ ਹਨ, ਜਿਹੜੇ ਸਾਹਿਤ ਨੂੰ ਸਮਰਪਿਤ ਹਨ। ਵੱਡੇ ਵੱਡੇ ਫਲਸਫਿਆਂ ਦੇ ਦਾਅਵੇ ਕਰਨ ਵਾਲੇ, ਸਰਕਾਰਾਂ ਖਿਲਾਫ ਵੱਡੇ ਵੱਡੇ  ਧਰਨਿਆਂ ਦਾ ਆਯੋਜਨ ਕਰਨ ਵਾਲੇ, ਵੱਡੇ ਵੱਡੇ ਐਕਸ਼ਨਾਂ ਦੀਆਂ ਚੇਤਾਵਨੀਆਂ ਦੇਣ ਵਾਲੇ ਅੰਦਰ ਖਾਤੇ ਇਸ ਤਰ੍ਹਾਂ ਸਰਕਾਰਾਂ ਸਾਹਮਣੇ ਲਿਫੇ ਪਏ ਸਨ? ਸਚਮੁਚ ਨਿਰਾਸ਼ਾ ਵਾਲਾ ਮਾਹੌਲ ਸੀ। ਸਾਹਿਤ ਦੇ ਯੋਧੇ ਕਹਾਉਣ ਵਾਲੇ ਹੀ ਕਾਰੋਬਾਰੀ ਬਣ ਗਏ ਸਨ। 

ਅਸਲ ਨਮੋਸ਼ੀ ਤਾਂ ਇਸ ਗੱਲ ਦੀ ਸੀ। ਆਰਥਿਕ ਸੰਕਟਾਂ ਨਾਲ ਜੂਝ ਰਹੇ ਲੋੜਵੰਦ ਲੋਕ ਤਾਂ ਜ਼ਿੰਦਗੀ ਦੀ ਜੰਗ ਵੀ ਲੜ ਰਹੇ ਸਨ ਅਤੇ ਕਲਮ ਦਾ ਧਰਮ ਵੀ ਨਿਭਾ ਰਹੇ ਸਨ ਪਰ ਪੱਲਿਉਂ  ਪੈਸੇ ਖਰਚ ਕੇ ਐਵਾਰਡਾਂ ਦੀ ਝਾਕ ਰੱਖਣ ਵਾਲੇ ਇਨਾਮਾਂ ਦੇ ਅਸਲੀ ਹੱਕਦਾਰਾਂ ਵੱਜੋਂ ਇਸ ਦੌੜ ਵਿੱਚ ਸ਼ਾਮਲ ਸਨ।  ਉਂਝ ਇਹ ਕੁਝ ਵੱਡੇ ਇਨਾਮਾਂ-ਸ਼ਨਾਮਾਂ ਦੇ ਮਾਮਲੇ ਵਿੱਚ ਹੀ ਨਹੀਂ ਛੋਟੇ ਛੋਟੇ ਇਨਾਮਾਂ ਅਤੇ ਚੌਧਰਾਂ ਦੇ ਮਾਮਲੇ ਵਿਚ ਵੀ ਇਸ ਤਰ੍ਹਾਂ ਹੀ ਹੁੰਦਾ ਹੈ। ਮੰਚ 'ਤੇ ਸਜਦੇ ਪ੍ਰਧਾਨਗੀ ਮੰਡਲ ਵਿਚ ਬੈਠਣ ਲਈ ਵੀ ਇਸਤਰ੍ਹਾਂ ਹੀ ਹੁੰਦਾ ਹੈ। ਨਿੱਕੀਆਂ ਨਿੱਕੀਆਂ ਹ੍ਪੋਰ ਪ੍ਰਾਪਤੀਆਂ ਦੇ ਮਾਮਲੇ ਵਿੱਚ ਵੀ ਹੁੰਦਾ ਹੈ। 

ਹੁਣ ਜਦੋਂ ਸਾਹਿਤ ਦੇ ਖੇਤਰ ਵਿਚ ਹੁੰਦੀ ਇਸ ਕੁਰੱਪਸ਼ਨ ਦਾ ਮਾਮਲਾ ਅਦਾਲਤੀ ਸਟੇਅ ਮਗਰੋਂ ਸਾਹਮਣੇ ਆਇਆ ਤਾਂ ਪਤਾ ਨਹੀਂ ਕਿਸ ਕਿਸ ਨੂੰ ਲੱਗਿਆ ਕਿ ਪੁਰਸਕਾਰਾਂ ਦਾ ਮੁੱਦਾ ਕੋਈ ਵੱਕਾਰ ਦਾ ਸੁਆਲ ਬਣ ਗਿਆ ਹੈ? ਪਤਾ ਨਹੀਂ ਇਹ ਮੁੱਦਾ ਖੜਾ ਹੋਣ 'ਤੇ ਨਮੋਸ਼ੀ ਘੱਟ ਪਰ ਖਾਮੋਸ਼ੀ ਜ਼ਿਆਦਾ ਭਾਰੂ ਕਿਓਂ ਹੋ ਗਈ ਸੀ? ਹੈਰਾਨੀ ਹੈ ਹੱਕ, ਸੱਚ ਅਤੇ ਇਨਸਾਫ ਲਈ ਸਾਹਿਤ ਲਿਖਣ ਵਾਲੇ ਬੁਲੰਦ ਆਵਾਜ਼ ਨਾਲ ਸਾਹਮਣੇ ਕਿਓਂ ਨਾ ਆਏ? ਉਹਨਾਂ ਖਾਮੋਸ਼ੀ ਕਿਓਂ ਧਾਰਨ ਕਰ ਲਈ? ਇਹ ਖਾਮੋਸ਼ੀ ਮੁਜਰਮਾਨਾ ਖਾਮੋਸ਼ੀ ਸੀ!  ਇਸ ਖਾਮੋਸ਼ੀ ਨੇ ਹੀ  ਇਸ ਸਾਰੇ ਵਰਤਾਰੇ ਨੂੰ। ਪੁਰਸਕਾਰ ਮੰਡੀਆਂ ਵਿਚ ਰੁਲਣ ਲੱਗੇ। ਇਹਨਾਂ ਦੇ ਖਰੀਦਾਰ ਭਾਵਾਂ ਨੂੰ ਵਧਾਉਣ ਘਟਾਉਣ ਵਿਚ ਲੱਗੇ ਰਹੇ। ਪਤਨੀਆਂ ਆਪਣੇ ਪਤੀਆਂ ਨੂੰ ਐਵਾਰਡ ਦਵਾਉਣ ਲੱਗੀਆਂ। ਪਤੀ ਆਪਣੀਆਂ ਪਤਨੀਆਂ ਨੂੰ ਸਨਮਾਨਿਤ ਕਰਾਉਣ ਲੱਗੇ। ਜਿਹਨਾਂ ਦਾ ਰਚਿਆ ਸਾਹਿਤ ਸੱਚਮੁੱਚ ਇਨਾਮਾਂ ਦੇ ਕਾਬਿਲ ਸੀ ਉਹ ਵਿਚਾਰੇ ਰੁਲਦੇ ਹੀ ਰਹਿ ਗਏ। ਸਾਜ਼ਿਸ਼ੀ ਕਾਰੋਬਾਰੀਆਂ ਦੀ ਬੱਲੇ ਬੱਲੇ ਹੋਣ ਲੱਗ ਪਈ।  ਅਫਸਰਸ਼ਾਹੀ ਅਤੇ ਸੱਤਾ ਸਿਆਸਤ ਨੂੰ ਇਹ ਲੋਕ ਆਪਣੀ ਜੇਬ ਵਿਚ ਸਮਝਣ ਲੱਗੇ। 

ਪਤਾ ਨਹੀਂ ਇਹ ਲੋਕ ਕਿਓਂ ਭੁੱਲ ਗਏ ਕਿ ਸਰਕਾਰਾਂ ਜਾਂ ਅਦਾਲਤਾਂ ਨਾ ਵੀ ਦਖਲ ਦੇਣ ਤਾਂ ਵੀ ਇਹ ਜਨਤਾ ਹੈ ਜੋ ਸਭ ਜਾਣਦੀ ਹੈ ਕਿ ਕੌਣ ਕੌਣ ਕਿਹੜੀ ਪ੍ਰਾਪਤੀ ਲਈ ਕਿਹੜੀਆਂ ਕਿਹੜੀਆਂ ਤਿਕੜਮਾਂ ਲੜਾਉਂਦਾ ਫਿਰਦਾ ਹੈ! ਕਿਹੜੇ ਕਿਹੜੇ ਪਾਪੜ ਵੇਲੜਾ ਫਿਰਦਾ ਹੈ! ਸ਼੍ਰੋਮਣੀ ਪੁਰਸਕਾਰਾਂ 'ਤੇ ਅਦਾਲਤੀ ਸਟੇਅ ਇੱਕ ਅਜਿਹਾ ਮੌਕਾ ਸੀ ਜਿਸ ਦਾ ਫਾਇਦਾ ਉਠਾ ਕੇ ਸਭਨਾਂ ਸੱਚੀਆਂ ਸੂਚੀਆਂ ਧਿਰਾਂ ਨੂੰ ਇੱਕ ਹੋ ਕੇ ਸਾਹਮਣੇ ਆਉਣਾ ਚਾਹੀਦਾ ਸੀ। ਇਸ ਅਦਾਲਤੀ ਸਟੇਅ 'ਤੇ ਵੀ ਕਾਫੀ ਲੰਮੇ ਸਮੇਂ ਤੱਕ ਨਜ਼ਰਅੰਦਾਜ਼ੀ ਅਤੇ ਖਾਮੋਸ਼ੀ ਦੇ ਹਥਿਆਰ ਨਾਲ ਮਿੱਟੀ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਸ਼ਾਇਦ ਇਹ ਸਾਜ਼ਿਸ਼ ਸਫਲ ਵੀ ਰਹਿੰਦੀ ਪਰ ਇਸ ਅਦਾਲਤੀ ਚਾਰਾਜੋਈ ਦੇ ਨਾਇਕ ਵੱਜੋਂ ਸਾਹਮਣੇ ਆਏ ਮਿੱਤਰ ਸੈਨ ਮੀਤ ਨੇ ਸਬੰਧਤ ਧਿਰਾਂ ਤੱਕ ਚਿੱਠੀ ਪੱਤਰ ਰਾਹੀਂ ਵੀ ਪਹੁੰਚ ਕੀਤੀ। ਜਿਊਂਦੀ ਜਾਗਦੀ ਜ਼ਮੀਰ ਵਾਲੇ ਮੀਡੀਆ ਵਾਲੇ ਮਿੱਤਰਾਂ ਦਾ ਵੀ ਸਹਿਯੋਗ ਲਿਆ। ਨਤੀਜਾ ਸਭਨਾਂ ਦੇ ਸਾਹਮਣੇ ਹੈ। 

ਅਖੀਰ ਕੇਂਦਰੀ ਲੇਖਕ ਸਭਾ ਦੀ ਲੀਡਰਸ਼ਿਪ ਇਸ ਗੱਲ ਲਈ ਮੰਨ ਗਈ ਕਿ ਇਸ ਨੂੰ ਅੱਠ ਅਕਤੂਬਰ 2022 ਵਾਲੀ ਮੀਟਿੰਗ ਦੀ ਐਗਜ਼ੈਕੁਟਿਵ ਸਾਹਮਣੇ ਵੀ ਏਜੰਡੇ ਵਾਂਗ ਰੱਖਿਆ ਜਾਵੇਗਾ। ਕੇਂਦਰੀ ਸਭਾ ਦੀ ਲੀਡਰਸ਼ਿਪ ਨੇ ਇਹ ਵਾਅਦਾ ਪੁਗਾਇਆ ਵੀ। ਇਸ ਦੀ ਸਾਰਥਕ ਚਰਚਾ ਪਹਿਲਾਂ ਪੰਜਾਬੀ ਭਵਨ ਲੁਧਿਆਣਾ ਵਿਖੇ ਚੱਲੀ ਕਾਰਜਕਾਰਨੀ ਦੀ ਮੀਟਿੰਗ ਵਿੱਚ ਵੀ ਹੋਈ ਅਤੇ ਮਗਰੋਂ ਜਨਰਲ ਅਜਲਾਸ ਵਿੱਚ ਵੀ। 

ਕਾਰਜਕਾਰਨੀ ਦੀ ਮੀਟਿੰਗ ਵਿੱਚ ਇੱਕ ਖੱਬੇਪੱਖੀ ਅਤੇ ਸਾਹਿਤ ਪ੍ਰਤੀ ਸੁਹਿਰਦ ਮੈਂਬਰ ਨੇ ਬੜੇ ਜ਼ੋਰਦਾਰ ਢੰਗ ਨਾਲ ਮਿੱਤਰ ਸੈਨ ਮੀਤ ਹੁਰਾਂ ਦੇ ਸਟੈਂਡ ਦੀ ਹਮਾਇਤ ਕੀਤੀ। ਹਮਾਇਤ ਵਾਲੇ ਇਸ ਇਕੱਲੇ ਮੈਂਬਰ ਨੇ ਹੀ ਸਭਨਾਂ ਨੂੰ ਏਨਾ ਪ੍ਰਭਾਵਿਤ ਕੀਤਾ ਕਿ ਕੋਈ ਵੀ ਇਸ ਮੁੱਦੇ ਤੇ ਮਿੱਤਰ ਸੈਨ ਮੀਤ ਹੁਰਾਂ ਦੇ ਖਿਲਾਫ ਨਾ ਬੋਲਿਆ। ਇਸਦੇ ਬਾਵਜੂਦ ਇਹ ਆਖ ਕੇ ਮਾਮਲਾ ਠੱਪ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਮਾਮਲਾ ਅਦਾਲਤ ਵਿਚ ਹੈ ਇਸ ਲਈ ਇਸ ਬਾਰੇ ਬੋਲਣਾ ਠੀਕ ਨਹੀਂ। 

ਇਸ ਤੋਂ ਬਾਅਦ ਜਨਰਲ ਹਾਊਸ ਵਾਲੇ ਅਜਲਾਸ ਵਿੱਚ ਬਹੁਤ ਸਾਰੇ ਬੁਲਾਰਿਆਂ ਨੂੰ ਸਮਾਂ ਦਿੱਤਾ  ਜਾਂਦਾ ਰਿਹਾ। ਬਹੁਤ ਸਾਰੇ ਮੁੱਦੇ ਉਠਾਏ ਜਾਂਦੇ ਰਹੇ। ਲੋਕ ਉਡੀਕ ਰਹੇ ਸਨ ਮਿੱਤਰ ਸੈਨ ਮੀਤ ਹੁਰਾਂ ਦੇ ਵਿਚਾਰਾਂ ਨੂੰ ਪਰ ਉਹਨਾਂ ਦਾ ਨਾਮ ਐਲਾਨਿਆ ਗਿਆ ਐਨ ਅਖੀਰ ਵੇਲੇ ਜਦੋਂ ਪ੍ਰੋਗਰਾਮ ਦੋ ਚਾਰ ਮਿੰਟਾਂ ਵਿੱਚ ਹੀ ਖਤਮ ਹੋਣ ਵਾਲਾ ਸੀ। ਇਸਦੇ ਬਾਵਜੂਦ ਮੀਤ ਸਾਹਿਬ ਸਟੇਜ 'ਤੇ ਆਏ ਤਾਂ ਉਦੋਂ ਹੀ ਇੱਕ ਬੇਹੱਦ ਸੀਨੀਅਰ ਅਹੁਦੇਦਾਰ ਨੇ ਆ ਕੇ ਮਾਈਕ ਫੜ੍ਹ ਲਿਆ ਅਤੇ ਚੇਤੇ ਕਰਾਇਆ ਕਿ ਇਹ ਮਾਮਲਾ ਅਦਾਲਤ ਵਿਚ ਹੈ ਇਸ ਲਈ ਇਸ ਬਾਰੇ ਕੋਈ ਜ਼ਿਆਦਾ ਗੱਲ ਨਾ ਕੀਤੀ ਜਾਵੇ। ਪ੍ਰਬੰਧਕਾਂ ਨੂੰ ਲੱਗਦਾ ਸੀ ਕਿ ਬਸ ਬਾਜ਼ੀ ਸਾਡੇ ਹੱਥ ਹੀ ਹੈ ਪਰ ਫਿਰ ਵੀ ਮੀਤ ਸਾਹਿਬ ਨੇ 15 ਮਿੰਟਾਂ ਤੋਂ ਵੱਧ ਸਮਾਂ ਲੈ ਹੀ ਲਿਆ ਅਤੇ ਆਰੰਭ ਵਿਚ ਹੀ ਪੇਸ਼ਕਸ਼ ਕਰ ਦਿੱਤੀ ਕਿ ਲਓ ਬਈ ਮੈਂ ਹੀ ਹਾਂ ਪਟੀਸ਼ਨਰ ਇਸ ਮਾਮਲੇ ਵਿਚ ਅਤੇ ਮੈਂ ਹੀ ਆਪਣੀ ਪਟੀਸ਼ਨ ਵਾਪਿਸ ਲੈਣ ਲਈ ਤਿਆਰ ਹਾਂ। ਇਸ ਲਈ ਨਾ ਇਸ ਬਾਰੇ ਅਦਾਲਤ ਨੇ ਕੋਈ ਉਜਰ ਕਰਨਾ ਹੈ ਨਾ ਹੀ ਕਿਸੇ ਹੋਰ ਨੂੰ ਕੋਈ ਇਤਰਾਜ਼ ਹੋਣਾ ਹੈ ਪਰ ਇਸ ਬਾਰੇ ਬਹਿਸ ਤਾਂ ਕਰੋ। ਅਦਾਲਤ ਵਿਚ ਜਾਣ ਦੀ ਲੋੜ ਹੀ ਕਿਓਂ ਪਈ ਇਸ ਬਾਰੇ ਵੀ ਵਿਚਾਰ ਤਾਂ ਕਰੋ। 

ਮਿੱਤਰ ਸੈਨ ਮੀਤ ਹੁਰਾਂ ਨੇ ਲਗਾਤਾਰ ਆਪਣੇ ਵਿਚਾਰ ਰੱਖੇ ਪਰ ਕਿਸੇ ਨੇ ਵੀ ਉਹਨਾਂ ਦਾ ਵਿਰੋਧ ਨਾ ਕੀਤਾ। ਪੂਰੇ ਹਾਲ ਵਿੱਚ ਮੌਜੂਦ ਸਰੋਤਿਆਂ//ਦਰਸ਼ਕਾਂ ਨੇ ਇੱਕ ਇੱਕ ਨੁਕਤੇ ਨੂੰ ਬੜੇ ਧਿਆਨ ਨਾਲ ਸੁਣਿਆ। ਸਭਨਾਂ ਨੂੰ ਗੱਲਾਂ ਸਹੀ ਲੱਗੀਆਂ। ਹੁਣ ਮਾਮਲਾ ਜਨਤਾ ਦੀ ਅਦਾਲਤ ਵਿੱਚ ਵੀ ਆ ਗਿਆ ਹੈ। ਇਹ ਕਟਹਿਰਾ ਕਲਮਾਂ ਵਾਲਿਆਂ ਦਾ ਹੈ ਜਿਸਨੇ ਹੁਣ ਨਿਤਾਰਾ ਕਰਨਾ ਹੈ ਕਿ ਕੌਣ ਹੈ ਅਸਲੀ ਲੋਕ ਪੱਖੀ ਲੇਖਕ ਅਤੇ ਕੌਣ ਹੈ ਇਨਾਮਾਂ ਸ਼ਨਾਮਾਂ ਪਿੱਛੇ ਭੱਜਣ ਵਾਲਾ ਲੁਕਵਾਂ ਸਰਕਾਰੀ ਲੇਖਕ। ਇਨਾਮ ਐਵਾਰਡ ਦੇਣ ਵਾਲੀ ਸੱਤਾ ਦੇ ਪੱਖ ਵਿਚ ਕੌਣ ਭੁਗਤਦੇ ਹਨ ਅਤੇ ਇਹਨਾਂ ਇਨਾਮਾਂ ਨੂੰ ਲੱਤ ਮਾਰ ਕੇ ਲੋਕਾਂ ਦੇ ਪੱਖ ਵਿਚ ਕੌਣ ਖੜੋਂਦੇ ਹਨ? ਇਹ ਸਭ ਬੜੀ ਛੇਤੀ ਸਾਹਮਣੇ ਆ ਜਾਣਾ ਹੈ। 

ਹੁਣ ਕਲਮਾਂ ਵਾਲਿਆਂ ਦੀ ਇਸ ਅਦਾਲਤ ਵਿੱਚ ਪਾਠਕ ਵੀ ਬਰਾਬਰ ਦੇ ਜ਼ਿੰਮੇਵਾਰ ਹਨ। ਉਹਨਾਂ ਨੇ ਫੈਸਲੇ ਵਿਚ ਆਪਣਾ ਸਰਗਰਮ ਯੋਗਦਾਨ ਪਾਉਣਾ ਹੈ। ਲੋੜ ਇਹਨਾਂ ਇਨਾਮਾਂ ਲਈ ਇੱਕ ਸੁਚੱਜਾ ਪਾਰਦਰਸ਼ੀ ਸਿਸਟਮ ਬਣਾਉਣ ਦੀ ਹੈ। ਕੌਣ ਬਣਾਏਗਾ ਅਜਿਹਾ ਸਿਸਟਮ? ਕੌਣ ਕਰੇਗਾ ਸਾਹਿਤ ਨੂੰ ਕੁਰੱਪਸ਼ਨ ਮੁਕਤ? ਉਂਝ ਮੁੱਦੇ ਇਹਨਾਂ ਪੁਰਸਕਾਰਾਂ ਤੋਂ ਇਲਾਵਾ ਵੀ ਕਾਫੀ ਹਨ ਪਰ ਉਹਨਾਂ ਦੀ ਚਰਚਾ ਫਿਰ ਕਦੇ ਸਹੀ। ਫਿਲਹਾਲ ਏਨਾ ਹੀ ਕਿ ਆਓ ਕਿਸੇ ਚੰਗੇ ਸਿਸਟਮ ਨੂੰ ਬਣਾਉਣ/ਬਣਵਾਉਣ ਦਾ ਉਪਰਾਲਾ ਕਰੀਏ ਜਿਸ ਵਿਚ ਪੁਰਸਕਾਰਾਂ ਅਤੇ ਹੋਰ ਚੌਧਰਾਂ ਦਾ ਉਧਾਲਾ ਨਾ ਹੋਵੇ। 

ਅਖੀਰ ਵਿੱਚ:

ਅੰਦਰੋ-ਅੰਦਰ ਧੁਖਦੇ ਮਸਲੇ ਨੂੰ ਸੁਲਝਾਇਆ ਜਾ ਸਕਦੈ।

ਛਡ ਮੱਕਾਰੀ ਹੱਥ ਸੁਲਾਹ ਦਾ ਫੇਰ ਵਧਾਇਆ ਜਾ ਸਕਦੈ।

                                                --ਨੂਰ ਮੁਹੰਮਦ ਨੂਰ

ਸਮਾਜਿਕ ਚੇਤਨਾ ਅਤੇ ਜਨਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ। 

Friday 7 October 2022

ਸਾਹਿਤ ਵਿੱਚ ਕੁਰੱਪਸ਼ਨ....ਮੀਤ ਸਾਹਿਬ ਕੀ ਬਾਤੋਂ ਕਾ ਅਸਰ ਦੇਖੇਂਗੇ

ਸੰਕਲਪ ਹੈ-ਲਿਆ ਕੇ ਰਹਾਂਗੇ ਕੁਰੱਪਸ਼ਨ ਰਹਿਤ ਸੂਹੀ ਸਵੇਰ 


ਲੁਧਿਆਣਾ
: 08 ਅਕਤੂਬਰ 2022: (ਸਾਹਿਤ ਸਕਰੀਨ ਡੈਸਕ):: 

ਸਾਹਿਤ ਵਿੱਚ ਕੁਰੱਪਸ਼ਨ ਨੂੰ ਹਰਮਨ ਪਿਆਰਾ ਹੁੰਦਿਆਂ ਦਹਾਕੇ ਲੰਘ ਚੁੱਕੇ ਹਨ। ਜਿਵੇਂ ਸਿਆਸੀ ਸੱਤਾ  ਲਈ ਸਿਆਸੀ ਪਾਰਟੀਆਂ ਨੇ ਵਾਰੀ ਬੰਨੀ ਹੁੰਦੀ ਹੈ ਉਵੇਂ ਹੀ ਸਾਹਿਤ ਦੀ ਸਿਆਸਤ ਨਾਲ ਜੁੜੀਆਂ ਧਿਰਾਂ ਨੇ ਵੀ ਵਾਰੀ ਬੰਨੀ ਹੁੰਦੀ ਹੈ। ਅਹੁਦਿਆਂ ਲਈ ਵੀ ਅਤੇ ਸਰਕਾਰੀ ਐਵਾਰਡਾਂ ਲਈ ਵੀ। ਇਸ ਬਾਰੇ ਮਾੜਾ ਮੋਟਾ ਰੌਲਾ ਰੱਪ ਪੈਣਾ ਤਾਂ ਬਹੁਤ ਪਹਿਲਾਂ ਸ਼ੁਰੂ ਹੋ ਗਿਆ ਸੀ ਪਰ ਗੱਲ ਕਿਸੇ ਸਿਰੇ ਨਹੀਂ ਸੀ ਲੱਗਦੀ। ਚਾਰ ਦਿਨਾਂ ਦੇ ਰੌਲੇ ਮਗਰੋਂ ਗੱਲ ਫਿਰ ਠੱਪ ਹੋ ਜਾਂਦੀ ਸੀ ਘਟੋਘਟ ਅਗਲੀ ਵਾਰੀ ਆਉਣ ਤੱਕ। ਸੰਗਠਨਾਂ ਦੀਆਂ ਪ੍ਰਧਾਨਗੀਆਂ, ਜਨਰਲ ਸਕੱਤਰੀਆਂ, ਸਕੱਤਰੀਆਂ, ਮੀਤ ਪ੍ਰਧਾਨਗੀਆਂ ਅਤੇ ਕਾਰਜਕਾਰਨੀ ਮੈਂਬਰੀਆਂ ਤੋਂ ਲੈ ਕੇ ਸਰਕਾਰੀ ਐਵਾਰਡਾਂ ਦੀਆਂ ਪ੍ਰਾਪਤੀਆਂ ਤੱਕ। ਨਾਅਰੇ ਵੀ ਸਰਕਾਰਾਂ ਦੇ ਖਿਲਾਫ ਲਾਉਣੇ ਅਤੇ ਐਵਾਰਡ ਵੀ ਸਰਕਾਰਾਂ ਤੋਂ ਲੈਣੇ। ਕਮਾਲ ਦੇ ਦੋਗਲੇ ਚਰਿੱਤਰ ਸਾਹਮਣੇ ਆਉਂਦੇ ਰਹੇ। ਆਖਿਰ ਜੰਗ ਦਾ ਬਿਗਲ ਵਜਾਇਆ ਸਾਹਿਤ ਅਤੇ ਕਾਨੂੰਨ ਦੀਆਂ ਡੂੰਘੀਆਂ ਜਾਣਕਾਰੀਆਂ ਦੇ ਮਹਾਂਰਥੀ ਮਿੱਤਰ ਸੈਨ ਮੀਤ ਨੇ। ਆਪਣੀ 33 ਸਾਲ ਦੀ ਸਰਕਾਰੀ ਵਕਾਲਤ ਦੌਰਾਨ ਉਹ ਲੁਧਿਆਣਾ ਵਿੱਚ ਜ਼ਿਲਾ ਅਟਾਰਨੀ ਵੀ ਰਹੇ। ਕਾਨੂੰਨ ਦੀ ਮੁਹਾਰਤ ਅਤੇ ਨਿਆਂ ਪ੍ਰਣਾਲੀ ਦੇ ਸਿਸਟਮ ਨੂੰ ਉਹਨਾਂ ਡੂੰਘਾਈ ਨਾਲ ਦੇਖਿਆ। ਇਹ ਸਾਰੀ ਸਮਝ ਉਹਨਾਂ ਦੀਆਂ ਰਚਨਾਵਾਂ ਵਿਚ ਵੀ ਝਲਕਦੀ ਹੈ। 

ਉਹਨਾਂ ਵੀ ਸਾਹਿਤ ਵਿਚ ਕੁਰੱਪਸ਼ਨ ਦੇ ਖਿਲਾਫ ਆਵਾਜ਼ ਉਠਾਈ ਪਰ ਜਦੋਂ ਗੱਲ ਨਾ ਬਣੀ ਤਾਂ ਉਹ ਅਦਾਲਤ ਵਿਚ ਚਲੇ ਗਏ। ਅਦਾਲਤ ਨੇ ਸ਼੍ਰੋਮਣੀ ਐਵਾਰਡਾਂ 'ਤੇ ਸਟੇਅ ਦੇ ਦਿੱਤਾ। ਸਟੇਅ ਦੇ ਇਸ ਹੁਕਮ ਨਾਲ ਹੰਗਾਮਾ ਜਿਹਾ ਤਾਂ ਹੋਇਆ ਪਰ ਗੱਲ ਬਣਦੀ ਨਜ਼ਰ ਨਾ ਆਈ। ਮੀਤ ਸਾਹਿਬ ਤਾਂ ਦੁਸ਼ਿਅੰਤ ਕੁਮਾਰ ਦੇ ਸ਼ਬਦਾਂ ਵਿੱਚ ਇਸੇ ਭਾਵਨਾ ਦੇ ਧਾਰਨੀ ਰਹੇ ਕਿ 

ਸਿਰਫ ਹੰਗਾਮਾ ਖੜ੍ਹਾ ਕਰਨਾ ਮੇਰਾ ਮਕਸਦ ਨਹੀਂ; ਮੇਰਾ ਮਕਸਦ ਤੋਂ ਹੈ ਯੇਹ ਸੂਰਤ ਬਦਲਣੀ ਚਾਹੀਏ!

ਮੇਰੇ ਸੀਨੇ ਮੈਂ ਨਹੀਂ ਤੋਂ ਤੇਰੇ ਸੀਨੇ ਮੈਂ ਸਹੀ, ਹੋ ਕਹੀਂ ਭੀ ਆਗ ਲੇਕਿਨ ਆਗ ਜਲਨੀ ਚਾਹੀਏ!

ਅੱਗ ਤਾਂ ਜਲ ਗਈ ਪਰ ਫਿਰ ਵੀ ਖਾਮੋਸ਼ੀ ਨਹੀਂ ਸੀ ਟੁੱਟਦੀ। ਜਿਹੜੀਆਂ ਧਿਰਾਂ ਨੂੰ ਕੁਰਪਸ਼ਨ ਦੇ ਦੋਸ਼ਾਂ ਅਤੇ ਅਦਾਲਤ ਦੇ ਸਟੇਅ ਬਾਰੇ ਤੁਰੰਤ ਬੋਲਣਾ ਚਾਹੀਦਾ ਸੀ ਉਹ ਖੁੱਲ੍ਹ ਕੇ ਨਹੀਂ ਸਨ ਬੋਲ ਰਹੀਆਂ। ਅੰਦਰ ਖਾਤੇ ਮੀਤ ਸਾਹਿਬ ਨੂੰ ਸੁਨੇਹੇ ਆਉਂਦੇ ਕਿ ਛੱਡੋ ਪਰ੍ਹਾਂ। ਏਨਾ ਕੁ ਤਾਂ ਚੱਲਦਾ ਈ ਹੈ। ਮਿੱਤਰ ਸੈਨ ਮੀਤ ਅੜੇ ਰਹੇ ਕਿ ਇਸ ਬਾਰੇ ਬਹਿਸ ਤਾਂ ਕਰੋ। ਆਪਣੀ ਗੱਲ ਤਾਂ ਖੁੱਲ ਕੇ ਰੱਖੋ। ਉਹਨਾਂ ਜ਼ੁਬਾਨੀ ਸੁਨੇਹੇ ਵੀ ਭੇਜੇ ਅਤੇ ਚਿੱਠੀਆਂ ਵੀ ਲਿਖੀਆਂ। ਇੱਕ ਚਿੱਠੀ ਵਿੱਚ ਉਹਨਾਂ ਲਿਖਿਆ-

ਜਰਨਲ ਸਕੱਤਰ ਸਾਹਿਬ  

ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:)

ਵਿਸ਼ਾ: ਇਕ ਸੁਝਾਅ

ਸ੍ਰੀਮਾਨ ਜੀ 

ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜਲਦੀ ਹੋਣ ਵਾਲੇ ਜਨਰਲ ਅਜਲਾਸ ਵਿਚ, ਆਮ ਮੈਂਬਰਾਂ ਦੇ ਵਿਚਾਰ ਵਟਾਂਦਰੇ ਲਈ, ਹੇਠ ਲਿਖਿਆ ਮਹੱਤਵਪੂਰਨ ਏਜੰਡਾ ਵੀ ਰੱਖਿਆ ਜਾਵੇ:

' ਭਾਸ਼ਾ ਵਿਭਾਗ ਦੇ ਸਲਾਹਕਾਰ ਬੋਰਡ ਵਲੋਂ ਸਾਲ 2020 ਵਿਚ, ਸ਼੍ਰੋਮਣੀ ਪੁਰਸਕਾਰਾਂ ਲਈ ਜੋ ਚੌਣ ਕੀਤੀ ਗਈ, ਉਸ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਨੁਮਾਇੰਦਿਆਂ ਦੀ ਭੂਮਿਕਾ !'

-- ਮਿੱਤਰ ਸੈਨ ਮੀਤ

ਇਹਨਾਂ ਕੋਸ਼ਿਸ਼ਾਂ ਦਾ ਅਸਰ ਵੀ ਹੋਇਆ। ਇਸ ਚਿੱਠੀ ਦਾ ਜੁਆਬ ਵੀ ਆਇਆ। ਕੇਂਦਰੀ ਪੰਜਾਬੀ ਲੇਖਕ ਸਭ (ਰਜਿਸਟਰਡ)ਦੇ ਜਨਰਲ ਸਕੱਤਰ ਸੁਖਦੇਵ ਸਿੰਘ ਸਿਰਸਾ ਹੁਰਾਂ ਨੇ ਆਪਣੇ ਜੁਆਬ ਵਿਚ ਸਪਸ਼ਟ ਲਿਖਿਆ ਕਿ ਇਸ ਨੂੰ ਏਜੰਡੇ ਵੱਜੋਂ ਸ਼ਾਮਲ ਕੀਤਾ ਜਾਵੇਗਾ। ਉਹਨਾਂ ਆਪਣੇ ਪੱਤਰ ਵਿੱਚ ਲਿਖਿਆ:

ਸਤਿਕਾਰ ਯੋਗ ਮਿੱਤਰ ਸੈਨ ਮੀਤ ਜੀ,

ਕੇਂਦਰੀ ਪੰਜਾਬੀ ਲੇਖਕ ਸਭਾ ( ਰਜਿ) ਦੇ 8 ਅਕਤੂਬਰ ,  2022 ਨੂੰ ਹੋਣ ਜਾ ਰਹੇ ਆਮ ਅਜਲਾਸ ਵਿੱਚ ਆਪ ਜੀ ਦਾ ਸੁਝਾਅ  “ਭਾਸ਼ਾ ਵਿਭਾਗ ਦੇ ਸਲਾਹਕਾਰ ਬੋਰਡ ਵੱਲੋਂ ਸਾਲ 2020 ਵਿੱਚ, ਸ਼੍ਰੋਮਣੀ ਪੁਰਸਕਾਰਾਂ  ਲਈ ਜੋ ਚੋਣ ਕੀਤੀ ਗਈ, ਉਸ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਨੁਮਾਇੰਦਿਆਂ ਦੀ ਭੂਮਿਕਾ ।”  ਵਿਚਾਰ ਚਰਚਾ ਲਈ ਰੱਖ ਦਿੱਤਾ ਜਾਵੇਗਾ । 

    ਸੁਖਦੇਵ ਸਿੰਘ ਸਿਰਸਾ

    ਜਨਰਲ ਸਕੱਤਰ

    ਕੇਂਦਰੀ ਪੰਜਾਬੀ ਲੇਖਕ ਸਭਾ ( ਰਜਿ)

 ਇਸੇ ਲੜੀ ਵਿੱਚ ਇੱਕ ਹੋਰ ਪੱਤਰ ਵੀ ਲਿਖਿਆ ਗਿਆ ਜਿਸ ਵਿੱਚ ਕੁਝ ਸੁਆਲ ਸਨ ਭਾਸ਼ਾ ਵਿਭਾਗ ਦੇ ਸਲਾਹਕਾਰ ਬੋਰਡ ਦੀ ਮੈਂਬਰੀ ਮਿਲਣ ਬਾਰੇ। ਇਸ ਪੱਤਰ ਵਿੱਚ ਮਿੱਤਰ ਸੈਨ ਮੀਤ ਹੁਰਾਂ ਨੇ ਲਿਖਿਆ: 

ਜਰਨਲ ਸਕੱਤਰ ਅਤੇ ਪ੍ਰਧਾਨ ਸਾਹਿਬ

ਕੇਂਦਰੀ ਪੰਜਾਬੀ ਲੇਖਕ ਸਭਾ

 ਵਿਸ਼ਾ: ਸ਼੍ਰੋਮਣੀ ਪੁਰਸਕਾਰਾਂ ਦੀ ਚੋਣ ਵਿੱਚ ਕੇਂਦਰੀ ਸਭਾ ਦੇ ਨੁਮਾਇੰਦਿਆਂ ਦੀ ਭੂਮਿਕਾ 

ਸ਼੍ਰੀ ਮਾਨ ਜੀ

ਤੁਸੀਂ ਸਾਡੇ ਸੁਝਾਅ ਤੇ ਅਮਲ ਕੀਤਾ ਅਤੇ ਕੇਂਦਰੀ ਸਭਾ ਦੇ ਅਜਲਾਸ ਵਿਚ, ਮੈਂਬਰਾਂ ਦੇ ਵਿਚਾਰ ਵਟਾਂਦਰੇ ਲਈ ਉਕਤ ਮੁੱਦਾ ਸ਼ਾਮਲ ਕੀਤਾ ਉਸ ਲਈ ਸਬੰਧਤ ਅਧਿਕਾਰੀਆਂ ਦਾ ਧੰਨਵਾਦ।

ਮੈਂਬਰਾਂ ਦਾ ਕੀਮਤੀ ਸਮਾਂ, ਵਾਧੂ ਦੀ ਬਹਿਸ ਤੇ ਬਰਬਾਦ ਨਾ ਹੋਵੇ ਇਸ ਲਈ, ਕਿਰਪਾ ਕਰਕੇ, ਹੇਠ ਲਿਖੇ ਪ੍ਰਸ਼ਨਾਂ ਦੇ ਉਤਰ, ਮੁੱਢਲੀ ਰਿਪੋਰਟ ਵਿਚ ਹੀ ਸ਼ਾਮਿਲ ਕਰ ਲਏ ਜਾਣ।

1.  ਕੀ ਦਰਸ਼ਨ ਸਿੰਘ ਬੁੱਟਰ ਸਾਹਿਬ, ਭਾਸ਼ਾ ਵਿਭਾਗ ਦੇ ਸਲਾਹਕਾਰ ਬੋਰਡ ਦੇ ਮੈਂਬਰ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦੇ ਆਹੁਦੇ ਕਾਰਨ ਬਣੇ ਹਨ ਜਾਂ ਨਿੱਜੀ ਹੈਸੀਅਤ ਵਿਚ?

2.  ਜੇ ਉਹ ਨਿੱਜੀ ਹੈਸੀਅਤ ਵਿਚ ਮੈਂਬਰ ਬਣੇ ਹਨ ਤਾਂ ਕੇਂਦਰੀ ਸਭਾ ਦੀ ਨੁਮਾਇੰਦਗੀ ਕੌਣ ਕਰ ਰਿਹਾ ਹੈ?

3.  ਜੇ ਬੁੱਟਰ ਸਾਹਿਬ ਕੇਂਦਰੀ ਸਭਾ ਦੀ ਨੁਮਾਇੰਦਗੀ ਕਰ ਰਹੇ ਹਨ ਤਾਂ ਸ਼੍ਰੋਮਣੀ ਪੁਰਸਕਾਰਾਂ ਦੀ ਚੋਣ ਪ੍ਰਕਿਰਿਆ ਵਿਚ ਹਿੱਸਾ ਲੈਣ ਤੋਂ ਪਹਿਲਾਂ, ਕੀ ਉਨ੍ਹਾਂ ਨੇ ਕੇਂਦਰੀ ਸਭਾ ਨਾਲ ਸਬੰਧਤ ਸਾਹਿਤ ਸਭਾਵਾਂ ਨਾਲ ਜਾਂ ਕੇਂਦਰੀ ਸਭਾ ਦੇ ਹੋਰ ਅਹੁਦੇਦਾਰਾਂ ਨਾਲ ਪੁਰਸਕਾਰਾਂ ਲਈ ਕਿਹੜੀ ਕਿਹੜੀ ਸਖ਼ਸ਼ੀਅਤ ਯੋਗ ਹੈ, ਬਾਰੇ ਸਲਾਹ ਮਸ਼ਵਰਾ ਕੀਤਾ?

4.  ਕੀ ਸਬੰਧਤ ਸਾਹਿਤ ਸਭਾਵਾਂ ਦੇ ਅਹੁਦੇਦਾਰਾਂ ਨੂੰ, ਉਚਿਤ ਸਮੇਂ ਤੇ, ਪੁਰਸਕਾਰਾਂ ਲਈ ਯੋਗ ਵਿਅਕਤੀਆਂ ਦੇ ਜੀਵਨ ਵੇਰਵੇ ਭੇਜਣ ਲਈ ਆਖਿਆ ਗਿਆ ? 

ਪ੍ਰਾਰਥੀ

ਮਿੱਤਰ ਸੈਨ ਮੀਤ

ਇਸੇ ਤਰ੍ਹਾਂ ਕੁਝ ਹੋਰ ਸੁਆਲ, ਕੁਝ ਹੋਰ ਗੱਲਾਂ ਵੀ ਜ਼ਰੁਰ ਹੋਣਗੀਆਂ ਜਿਹੜੀਆਂ ਅਜੇ ਦਿਲਾਂ ਵਿੱਚ ਹੋਣਗੀਆਂ। ਉਮੀਦ ਹੈ ਮਿਲ ਬੈਠਾਂ ਤੇ ਓਹ ਵੀ ਜ਼ੁਬਾਨ ਤੇ ਆ ਜਾਣਗੀਆਂ। 

ਜਾਨ ਲੇਵਾ ਹੈ ਕੁਰੱਪਸ਼ਨ ਕਾ ਸਮਾਂ ਆਜ ਕੀ ਰਾਤ

ਸ਼ਮਾ ਹੋ ਜਾਏਗੀ ਜਲ ਜਲ ਕੇ ਧੂਆਂ ਅੱਜ ਕਿ ਰਾਤ--

ਆਜ ਕੀ ਰਾਤ ਬਚੇਂਗੇ ਤੋਂ ਸਹਰ ਦੇਖੇਂਗੇ!

ਮਿੱਤਰ ਸੈਨ ਮੀਤ ਅਤੇ ਉਹਨਾਂ ਦੀ ਟੀਮ ਦੇ ਮੈਂਬਰ ਇਸ ਗੱਲ ਲਈ ਪੂਰੀ ਤਰ੍ਹਾਂ ਸੰਕਲਪਸ਼ੀਲ ਹਨ। ਸ਼ਮਾ ਵੀ ਬਚਾਉਣੀ ਹੈ ਅਤੇ ਰਾਤ ਦਾ ਹਨੇਰਾ ਵੀ ਦੂਰ ਕਰਨਾ ਹੈ। ਉਹ ਨਵੀਂ ਸੂਹੀ ਸਵੇਰ ਦੀ ਦਸਤਕ ਨੂੰ ਮਹਿਸੂਸ ਕਰ ਰਹੇ ਹਨ। ਇਸ ਲਈ ਕਿਹਾ ਜਾ ਸਕਦਾ ਹੈ-ਆਜ ਮੀਤ ਸਾਹਿਬ ਕੀ ਬਾਤੋਂ ਕਾ ਅਸਰ ਦੇਖੇਂਗੇ! ਇਰਾਦੋਂ ਕਾ ਅਸਰ ਦੇਖੇਂਗੇ!


ਸਮਾਜਿਕ ਚੇਤਨਾ ਅਤੇ ਜਨਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ। 

ਸੰਘਰਸ਼ਾਂ ਦੇ ਰਾਹੀ ਇਨਾਮਾਂ-ਸ਼ਨਾਮਾਂ ਲਈ ਜੁਗਾੜਾਂ ਦੇ ਨਿਘਾਰ ਤੱਕ ਕਿਵੇਂ ਪੁੱਜੇ?

ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦਾ ਅਹਿਮ ਇਕੱਠ ਅੱਠ ਨੂੰ ਲੁਧਿਆਣਾ ਵਿੱਚ

ਭਾਸ਼ਾ ਵਿਭਾਗ ਦੇ ਸਨਮਾਨਾਂ ਪ੍ਰਤੀ ਕੇਂਦਰੀ ਸਭਾ ਦੀ ਪਹੁੰਚ ਸੰਬੰਧੀ ਵੀ ਵਿਚਾਰਾਂ 

*ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦਾ ਵਿਚਾਰਕ ਮੈਦਾਨ ਇਸ ਵਾਰ ਵੀ ਚੁਣੌਤੀਆਂ ਭਰਪੂਰ 

*ਕਾਰਜਕਾਰਣੀ  ਦੀ ਮੀਟਿੰਗ ਅਤੇ ਜਨਰਲ ਇਜਲਾਸ 08 ਅਕਤੂਬਰ ਨੂੰ 

*ਕਾਰਜਕਾਰਣੀ ਅਤੇ ਜਨਰਲ ਇਜਲਾਸ ਦੋਹਾਂ ਵਿੱਚ ਹੋ ਸਕਦੀ ਹੈ ਭਖਵੀਂ ਬਹਿਸ 

ਚੰਡੀਗੜ੍ਹ07 ਅਕਤੂਬਰ 2022: (ਸਾਹਿਤ ਸਕਰੀਨ ਬਿਊਰੋ):: 

ਸਾਦਗੀ ਭਰੀ ਜ਼ਿੰਦਗੀ ਜਿਊਣ, ਸੱਚ ਲਈ ਕੁਰਬਾਨੀਆਂ ਕਰਨ, ਅਹੁਦਿਆਂ ਨੂੰ ਲੱਤ ਮਾਰਨ ਦੀਆਂ ਗੱਲਾਂ ਅਤੇ ਦੁਨਿਆਵੀ ਮਾਣ ਸਨਮਾਨਾਂ ਤੋਂ ਉੱਪਰ ਉੱਠ ਕੇ ਜਿਊਣ ਵਾਲਿਆਂ ਵਰਗੀਆਂ ਜ਼ਿੰਦਗੀਆਂ ਜਿਊਣ ਦੀ ਪ੍ਰੇਰਨਾ ਦੇਣ ਵਾਲਾ ਸਾਹਿਤ ਵੱਡੀ ਪੱਧਰ 'ਤੇ ਰਚਿਆ ਜਾਂਦਾ ਰਿਹਾ ਹੈ। ਅਤੀਤ ਵਿਚ ਵੀ ਰਚਿਆ ਗਿਆ ਅਤੇ ਹੁਣ ਵੀ ਰਚਿਆ ਜਾ ਰਿਹਾ ਹੈ। ਨਾਂਵਾਂ ਦੀ ਸੂਚੀ ਬੜੀ ਵੱਡੀ ਹੈ। ਮੌਲਿਕ ਕਿਤਾਬਾਂ ਦੀ ਸੂਚੀ ਵੀ ਬਹੁਤ ਵੱਡੀ ਹੈ ਅਤੇ ਅਨੁਵਾਦਿਤ ਸਾਹਿਤ ਵਾਲੀਆਂ ਪੁਸਤਕਾਂ ਦੀ ਵੀ। ਰਚਨਾਕਾਰਾਂ ਦੀ ਲਿਸਟ ਵੀ ਕਾਫੀ ਲੰਮੀ ਹੈ। 
ਇਹਨਾਂ ਕਿਤਾਬਾਂ ਨੇ ਜਨਸਾਧਾਰਨ ਨੰ ਪ੍ਰਭਾਵਿਤ ਵੀ ਬਹੁਤ ਕੀਤਾ।  ਬਹੁਤ ਸਾਰੇ ਲੋਕ ਕਿਸੇ ਨ ਕਿਸੇ ਅਜਿਹੇ ਫਲਸਫੇ ਵੱਲ ਖਿੱਚੇ ਗਏ ਜਿਹੜਾ ਫਲਸਫਾ ਲੋਕਾਂ ਦੇ ਸੰਘਰਸ਼ਾਂ ਦੀ ਗੱਲ ਕਰਦਾ ਸੀ। ਸਿਰਫ ਮੈਕਸਿਮ ਗੋਰਕੀ ਦੇ ਨਾਵਲ ਮਾਂ ਨੇ ਹੀ ਲੋਕਾਂ ਨੂੰ ਸੰਘਰਸ਼ਾਂ ਵਾਲੇ ਰਸਤਿਆਂ ਤੇ ਨਹੀਂ ਸੀ ਤੋਰਿਆ ਇਸਦੇ ਨਾਲ ਨਾਲ ਸਾਹਿਰ ਲੁਧਿਆਣਵੀ ਸਾਹਿਬ ਦੇ ਗੀਤਾਂ ਅਤੇ ਜਸਵੰਤ ਸਿੰਘ ਕੰਵਲ ਹੁਰਾਂ ਦੇ ਨਾਵਲਾਂ ਨੇ ਵੀ ਆਪਣੇ ਆਪਣੇ ਪਾਠਕਾਂ ਨੂੰ ਲੋਕਾਂ ਦੇ ਸੰਘਰਸ਼ਾਂ ਲਈ ਤਿਆਰ ਕੀਤਾ ਸੀ। ਸੁਜਾਨ ਸਿੰਘ ਦੀ ਕਹਾਣੀ ਕੁਲਫੀ ਇੱਕ ਅਜਿਹਾ ਜ਼ਬਰਦਸਤ ਹਲੂਣੇ ਵਾਲਾ ਸੁਨੇਹਾ ਦੇਂਦੀ ਹੈ ਜਿਹੜਾ ਅੱਜ ਵੀ ਅਹਿਮੀਅਤ ਰੱਖਦਾ ਹੈ। ਸੰਤੋਖ ਸਿੰਘ ਧੀਰ ਹੁਰਾਂ ਦੀ ਕਹਾਣੀ "ਕੋਈ ਇੱਕ ਸਵਾਰ" ਵੀ ਦਹਾਕਿਆਂ ਪਹਿਲਾਂ ਉਹਨਾਂ ਸੰਘਰਸ਼ਾਂ ਦੀ ਲੋੜ ਵੱਲ ਸਪਸ਼ਟ ਇਸ਼ਾਰਾ ਕਰ ਗਈ ਸੀ ਜਿਹੜੇ ਅੱਜ ਸਾਡੇ ਸਾਹਮਣੇ ਹਕੀਕਤ ਬਣ ਕੇ ਆ ਚੁੱਕੇ ਹਨ। ਅਜਿਹੇ ਸਾਹਿਤ ਨੇ ਲੋਕ ਪੱਖੀ ਸਾਹਿਤਕਾਰਾਂ ਦਾ ਇੱਕ ਵਿਸ਼ਾਲ ਕਾਫ਼ਿਲਾ ਵੀ ਤਿਆਰ ਕੀਤਾ। ਇਹ ਗੱਲ ਵੱਖਰੀ ਹੈ ਕਿ ਇਹ ਸਾਹਿਤਕਾਰ ਵੱਖ ਵੱਖ ਸੰਗਠਨਾਂ ਅਤੇ ਫਿਰ ਛੋਟੇ ਛੋਟੇ ਧੜਿਆਂ ਵਿੱਚ ਵੀ ਵੰਡੇ ਗਏ। ਇਥੋਂ ਤੱਕ ਵੀ ਸਭ ਠੀਕ ਹੈ। ਅਜਿਹੀਆਂ ਸੰਭਾਵਨਾਵਾਂ ਵੀ ਕੋਈ ਗੈਰ ਮੁਮਕਿਨ ਨਹੀਂ ਸਨ ਪਰ ਲੋਕ ਪੱਖੀ ਧਾਰਾ ਦੇ ਨਾਲ ਨਾਲ ਚੱਲਦਿਆਂ ਬਹੁਤ ਸਾਰੇ ਲੇਖਕ ਸਰਕਾਰੀ ਇਨਾਮਾਂ ਸਨਮਾਨਾਂ ਵੱਲ ਕਿਵੇਂ ਖਿੱਚੇ ਗਏ। ਮਿੱਤਰ ਸੈਨ ਮੀਤ ਹੁਰਾਂ ਨੂੰ ਇਹ ਭਾਣਾ ਵਾਪਰਨ ਦੇ ਇਸ ਇਤਿਹਾਸ ਬਾਰੇ ਵੀ ਉਚੇਚ ਨਾਲ ਖੋਜ ਕਰਨੀ ਚਾਹੀਦੀ ਹੈ। ਕਿਥੋਂ ਸ਼ੁਰੂ ਹੋਇਆ ਸੀ ਨਿਘਾਰ ਦਾ ਇਹ ਅੰਤਹੀਣ ਸਿਲਸਿਲਾ?

ਭਾਸ਼ਾ ਵਿਭਾਗ ਨੇ ਕਿਵੇਂ ਕਿਵੇਂ ਢਾਹ ਲਾਈ--ਦੱਸ ਰਹੇ ਹਨ ਮਿੱਤਰ ਸੈਨ ਮੀਤ 

ਇਹਨਾਂ ਇਨਾਮਾਂ ਸਨਮਾਨਾਂ ਲਈ ਕਈ ਕਈ ਤਰ੍ਹਾਂ ਦੇ ਜੁਗਾੜ ਲੋਕ ਪੱਖੀ ਅਖਵਾਉਂਦੇ ਲੇਖਕਾਂ ਲਈ ਵੀ ਕਿਓਂ ਜ਼ਰੂਰੀ ਹੋ ਗਏ? ਕੀ ਥੁੜਿਆ ਪਿਆ ਸੀ ਇਹਨਾਂ ਜੁਗਾੜੀ ਐਵਾਰਡਾਂ, ਇਨਾਮਾਂ ਅਤੇ ਸਨਮਾਨਾਂ ਬਿਨਾ? ਕੀ ਲੋਕਾਂ ਦਾ ਪ੍ਰੇਮ, ਪਾਠਕਾਂ ਦਾ ਪ੍ਰੇਮ ਕਾਫੀ ਨਹੀਂ ਸੀ? ਕੀ ਸਮਾਜ ਨੇ ਇਹਨਾਂ ਦੀਆਂ ਆਰਥਿਕ ਲੋੜਾਂ ਨੂੰ ਨਜ਼ਰ ਅੰਦਾਜ਼ ਕੀਤਾ ਸੀ ਤਾਂ ਏਧਰ ਝੁਕਾਅ ਹੋਇਆ? ਇਹ ਸਾਰੀ ਗੜਬੜ ਕਿਥੋਂ ਸ਼ੁਰੂ ਹੋਈ?

ਸ਼ੁਕਰ ਹੈ ਮੁਨਸ਼ੀ ਪ੍ਰੇਮ ਚੰਦ ਵਰਗੇ ਸਾਹਿਤਕਾਰਾਂ ਨੇ ਇਸ ਦੌਰ ਦਾ ਇਹ ਨਿਘਾਰ ਨਹੀਂ ਦੇਖਿਆ ਵਰਨਾ ਉਹਨਾਂ ਭਰੇ ਦਿਲ ਨਾਲ ਇਸ ਸੰਬੰਧੀ ਵੀ ਕੁਝ ਨਾ ਕੁਝ ਸਾਹਿਤ ਜ਼ਰੂਰ ਰਚਿਆ ਹੁੰਦਾ। ਧਰਨਿਆਂ ਮੁਜ਼ਾਹਰਿਆਂ ਵਿਚ ਸਰਕਾਰਾਂ ਨੂੰ ਚੇਤਾਵਨੀਆਂ ਦੇਣ ਵਾਲੇ ਕਲਮਕਾਰ ਅੰਦਰਖਾਤੇ ਇਨਾਮਾਂ ਸਨਮਾਨਾਂ ਦੀਆਂ ਪੌੜੀਆਂ ਕਿਵੇਂ ਚੜ੍ਹਨ ਲੱਗ ਪਏ ਅਤੇ ਕਿਓਂ? ਇਸ ਦੌਰ ਬਾਰੇ ਸਾਹਿਤ ਰਚਨਾ ਸ਼ੁਰੂ ਹੋ ਚੁੱਕੀ ਹੈ। ਆਉਣ ਵਾਲੇ ਸਮੇਂ ਵਿਚ ਤੇਜ਼ ਵੀ ਹੋਣੀ ਹੈ। ਸਮਾਂ ਆਉਣ ਤੇ ਅਹਿਮ ਖੁਲਾਸੇ ਵੀ ਹੋਣੇ ਹਨ। ਲੇਖਕਾਂ ਦੇ ਇਨਾਮਾਂ ਸਨਮਾਨਾਂ ਬਾਰੇ ਜਸਬੀਰ ਭੁੱਲਰ ਹੁਰਾਂ ਦਾ ਨਾਵਲ ਖਿੱਦੋ ਕਿਸੇ ਦਸਤਾਵੇਜ਼ੀ ਵਾਂਗ ਸਾਹਮਣੇ ਆਇਆ। ਇਸਨੇ ਲੇਖਕਾਂ ਨੂੰ ਸ਼ੀਸ਼ਾ ਵੀ ਦਿਖਾਇਆ ਪਰ ਇਸ ਰੁਝਾਨ ਨੂੰ ਠੱਲ ਫਿਰ ਵੀ ਨਾ ਪਈ। ਇੱਕ ਦਿਨ  ਮਿੱਤਰ ਸੈਨ ਮੀਤ ਹੁਰਾਂ ਦਾ ਕਾਫ਼ਿਲਾ ਰੰਗ ਲਿਆਇਆ। ਸ਼੍ਰੋਮਣੀ ਐਵਾਰਡਾਂ ਉੱਤੇ ਅਦਾਲਤ ਨੇ ਹੀ ਸਟੇਅ ਦੇ ਦਿੱਤਾ। ਇਸਦੇ ਬਾਵਜੂਦ ਬਹੁਤ ਸਾਰੇ ਉਹ ਲੋਕ ਲੰਮੇ ਸਮੇਂ ਤੱਕ ਖਾਮੋਸ਼ ਰਹੇ ਜਿਹਨਾਂ ਨੰ ਆਪਣਾ ਪ੍ਰਤੀਕਰਮ ਤੁਰੰਤ ਪ੍ਰਗਟ ਕਰਨਾ ਚਾਹੀਦਾ ਸੀ। ਅਖੀਰ  ਈ ਖ਼ਾਮੋਸ਼ੀ ਵੀ ਟੁੱਟਣ ਲੱਗੀ। ਇਸਦਾ ਵੇਰਵਾ ਤੁਸੀਂ ਇਹ ਲਿੰਕ ਕਲਿੱਕ ਕਰਕੇ ਵੀ ਪੜ੍ਹ ਸਕਦੇ ਹੋ। ਕੇਂਦਰੀ ਪੰਜਾਬੀ ਲੇਖਕ ਸਭਾ ਦੀ ਅੱਠ ਅਕਤੂਬਰ ਵਾਲੀ ਮੀਟਿੰਗ ਵਿੱਚ ਇਸ ਸੰਬੰਧੀ ਵੀ ਚਰਚਾ ਹੋਣੀ ਹੈ। 

ਸ਼੍ਰੋਮਣੀ ਐਵਾਰਡਾਂ 'ਤੇ ਅਦਾਲਤੀ ਸਟੇਅ ਮਗਰੋਂ ਪੈਦਾ ਹੋਈ ਖਾਮੋਸ਼ੀ ਟੁੱਟਣ ਲੱਗੀ

ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਪ੍ਰਧਾਨ ਸ਼੍ਰੀ ਦਰਸ਼ਨ ਬੁੱਟਰ ਅਤੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਸਾਂਝੇ ਬਿਆਨ ਰਾਹੀਂ ਦਸਿਆ ਕਿ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੀ ਕਾਰਜਕਾਰਨੀ ਦੀ ਮੀਟਿੰਗ ਮਿਤੀ 08 ਅਕਤੂਬਰ 2022 ਦਿਨ ਸ਼ਨੀਵਾਰ ਨੂੰ ਪੰਜਾਬੀ ਭਵਨ, ਲੁਧਿਆਣਾ ਵਿਖੇ ਠੀਕ 10 ਵਜੇ ਕੀਤੀ ਜਾਵੇਗੀ। ਕਾਰਜਕਾਰਣੀ ਮੀਟਿੰਗ ਦਾ ਏਜੰਡਾ ਜਥੇਬੰਦਕ ਰਿਪੋਰਟ ਦੀ ਪ੍ਰਵਾਨਗੀ, ਵਿੱਤ ਰਿਪੋਰਟ ਦੀ ਪ੍ਰਵਾਨਗੀ, ਭਾਸ਼ਾ ਵਿਭਾਗ ਦੇ ਸਨਮਾਨਾਂ ਪ੍ਰਤੀ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੀ ਪਹੁੰਚ ਸੰਬੰਧੀ ਵਿਚਾਰ, ਨਵੀਂ ਮੈਂਬਰਸ਼ਿਪ ਬਾਰੇ ਵਿਚਾਰ ਅਤੇ ਕੋਈ ਫੁਟਕਲ ਏਜੰਡਾ ਪ੍ਰਧਾਨ ਜੀ ਦੀ ਆਗਿਆ ਨਾਲ ਲਿਆ ਜਾ ਸਕੇਗਾ। 

ਕਾਰਜਕਾਰਣੀ ਦੀ ਮੀਟਿੰਗ ਉਪਰੰਤ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦਾ ਜਨਰਲ ਇਜਲਾਸ 11.30 ਵਜੇ ਸ਼ੁਰੂ ਹੋਵੇਗਾ।  ਜਨਰਲ ਇਜਲਾਸ ਦੌਰਾਨ ਪਿਛਲੇ ਤਿੰਨ ਸਾਲਾਂ ਦੌਰਾਨ ਕਿਤੇ ਸੈਮੀਨਾਰਾਂ ਬਾਰੇ ਜਥੇਬੰਦਕ ਰਿਪੋਰਟ ਅਤੇ ਵਿੱਤ ਦੀ ਰਿਪੋਰਟ ਪੇਸ਼ ਕੀਤੀ ਜਾਵੇਗੀ। ਕੇਂਦਰੀ ਸਭਾ ਦੇ ਮੈਂਬਰਾਂ ਨਾਲ ਵਿਚਾਰ ਵਟਾਂਦਰਾ ਕਰਕੇ ਭਵਿੱਖ ਵਿਚ ਕੀਤੇ ਜਾਣ ਵਾਲੇ ਕਾਰਜਾਂ ਦੀ ਰੂਪਰੇਖਾ ਤਹਿ ਕੀਤੀ ਜਾਵੇਗੀ। 

ਲੋਕ ਪੱਖੀ ਲੇਖਕ ਲੋਕਾਂ ਦੇ ਨਾਲ ਖੜ੍ਹਦੇ ਰਹੇ ਹਨ। ਉਹਨਾਂ ਸਰਕਾਰ ਕੋਲੋਂ ਕਦੇ ਇਨਾਮ ਸ਼ਨਾਮ ਨਹੀਂ ਮੰਗੇ। ਉਹਨਾਂ ਹਮੇਸ਼ਾਂ ਤਿਆਗ, ਸਾਦਗੀ ਅਤੇ ਸੰਘਰਸ਼ ਦੇ ਸੁਨੇਹੇ ਦਿੱਤੇ ਹਨ। ਹੁਣ ਕੀ ਭਾਣਾ ਵਾਪਰ ਗਿਆ ਹੈ? ਨਿੱਤ ਨਵੀਆਂ ਕਹਾਣੀਆਂ ਕਿਓਂ ਸਾਹਮਣੇ ਆ ਰਹੀਆਂ ਹਨ। ਮਿੱਤਰ ਸੈਨ ਮੀਤ ਹੁਰਾਂ ਨੇ ਬਹੁਤ ਸਾਰੇ ਸੁਆਲ ਪੁਛੇ ਹਨ। ਇਹ ਸੁਆਲ ਲੁੜੀਂਦੀ ਪੜਤਾਲ ਮਗਰੋਂ ਹੀ ਪੁਛੇ ਗਏ ਹਨ। ਉਹਨਾਂ ਸੁਆਲਾਂ ਦਾ ਜੁਆਬ ਦੇਣਾ ਸਬੰਧਤ ਧਿਰਾਂ ਵਿੱਚੋਂ ਜ਼ਿੰਮੇਵਾਰ ਸੱਜਣਾਂ ਦਾ ਪੂਰਾ ਫਰਜ਼ ਬਣਦਾ ਹੈ। ਉਹਨਾਂ ਨੂੰ ਆਪਣੇ ਦਰਮਿਆਨ ਬਿਠਾ ਕੇ ਸਾਰੇ ਸ਼ੰਕੇ ਨਵਿਰਤ ਕਰਦੇ ਤਾਂ ਕਿੰਨਾ ਚੰਗਾ ਹੁੰਦਾ! ਸੰਘਰਸ਼ਾਂ ਦੇ ਰਾਹੀ ਇਨਾਮਾਂ-ਸ਼ਨਾਮਾਂ ਲਈ ਜੁਗਾੜਾਂ ਦੇ ਨਿਘਾਰ ਤੱਕ ਕਿਵੇਂ ਪੁੱਜੇ? ਕੌਣ ਹੈ ਜ਼ਿੰਮੇਦਾਰ? ਅਮੀਰ ਲੇਖਕ ਵੀ ਕਿਓਂ ਗਾਉਣ ਲੱਗੇ--ਸਬਸੇ ਬੜਾ ਰੁਪਈਆ! ਕੀ ਹੁਣ ਪਾਸ਼ ਦਾ ਉਹ ਸੁਨੇਹਾ ਕਿਸੇ ਨੂੰ ਯਾਦ ਹੈ--ਅਸੀਂ ਲੜਾਂਗੇ ਸਾਥੀ--!

ਕੇਂਦਰੀ ਪੰਜਾਬੀ ਲੇਖਕ ਸਭਾ ਨਾਲ ਸਬੰਧਤ ਕੁਝ ਹੋਰ ਖਬਰਾਂ//ਪੋਸਟਾਂ ਇਥੇ ਕਲਿੱਕ ਕਰ ਕੇ ਵੀ ਦੇਖ//ਪੜ੍ਹ ਸਕਦੇ ਹੋ 


ਸਮਾਜਿਕ ਚੇਤਨਾ ਅਤੇ ਜਨਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।