google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: ਪੁਰਸਕਾਰਾਂ ਦੇ ਉਧਾਲੇ ਰੋਕਣ ਲਈ ਸਾਹਿਤਿਕ ਆਵਾਜ਼ ਹੋਏਗੀ ਹੁਣ ਹੋਰ ਬੁਲੰਦ

Sunday 9 October 2022

ਪੁਰਸਕਾਰਾਂ ਦੇ ਉਧਾਲੇ ਰੋਕਣ ਲਈ ਸਾਹਿਤਿਕ ਆਵਾਜ਼ ਹੋਏਗੀ ਹੁਣ ਹੋਰ ਬੁਲੰਦ

ਕੇਂਦਰੀ ਪੰਜਾਬੀ ਲੇਖਕ ਸਭਾ ਅਤੇ ਮਿੱਤਰ ਸੈਨ ਮੀਤ ਆਏ ਨੇੜੇ ਨੇੜੇ  

ਤਸਵੀਰਾਂ-ਐਮ ਐਸ ਭਾਟੀਆ 
ਲੁਧਿਆਣਾ: 09 ਅਕਤੂਬਰ 2022: (ਸਾਹਿਤ ਸਕਰੀਨ ਡੈਸਕ//ਤਸਵੀਰਾਂ-ਐਮ ਐਸ ਭਾਟੀਆ)::

ਕਿਸੇ ਨੇ ਜਿੱਤ ਨਹੀਂ ਸੀ ਜਾਣਾ--ਕਿਸੇ ਨੇ ਹਾਰ ਨਹੀਂ ਸੀ ਜਾਣਾ। ਕਿਸੇ ਨੇ ਕਿਸੇ ਦੀ ਜ਼ਮੀਨ ਨਹੀਂ ਸੀ ਵੰਡ ਲੈਣੀ। ਕਿਸੇ ਦਾ ਬਿੱਲਾ ਨਹੀਂ ਸੀ ਲੱਗ ਜਾਣਾ ਤੇ ਕਿਸੇ ਦਾ ਬਿੱਲਾ ਨਹੀਂ ਸੀ ਲੱਥ ਜਾਣਾ। ਪਤਾ ਨਹੀਂ ਕਿਸ ਕਿਸ ਨੇ ਬਣਾ ਲਿਆ ਸੀ ਇਸਨੂੰ ਆਪਣੀ ਇੱਜ਼ਤ ਦਾ ਸੁਆਲ ਅਤੇ ਕਿਓਂ? ਪਤਾ ਨਹੀਂ ਪੁਰਸਕਾਰਾਂ ਦੇ ਉਧਾਲੇ ਵਰਗੇ ਦੋਸ਼ਾਂ ਨੂੰ ਲੈ ਕੇ ਵੱਡੇ ਵੱਡੇ ਅਦਾਰੇ, ਵੱਡੀਆਂ ਵੱਡੀਆਂ ਸੰਸਥਾਵਾਂ, ਵੱਡੇ ਨਾਮ ਅਤੇ ਵੱਡੇ ਵੱਡੇ ਮੀਡੀਆ ਹਾਊਸ ਚੁੱਪ ਕਿਓਂ ਹੋ ਗਏ ਸਨ?

ਕੋਈ ਅਯੋਗ ਬੰਦਾ ਸ਼੍ਰੋਮਣੀ ਪੁਰਸਕਾਰ ਨੂੰ ਵੀ ਅਗਵਾ ਕਰ ਕੇ ਲੈ ਜਾਵੇ ਇਹ ਸੱਚਮੁੱਚ ਨਮੋਸ਼ੀ ਵਾਲੀ ਗੱਲ ਸੀ। ਪਰ ਇਸ ਤਰ੍ਹਾਂ ਲਗਾਤਾਰ ਹੋਣ ਦੇ ਚਰਚੇ ਸੁਣਾਈ ਦੇਣ ਲੱਗ ਪਏ ਸਨ। ਇਹ ਨਮੋਸ਼ੀ ਕਿਸੇ ਇੱਕ ਵਿਅਕਤੀ ਜਾਂ ਇੱਕ ਧਿਰ ਲਈ ਤਾਂ ਨਹੀਂ ਸੀ। ਚਿੰਤਾ ਸਭਨਾਂ ਨੂੰ ਹੋਣੀ ਚਾਹੀਦੀ ਸੀ। ਸਮੂਹ ਸਾਹਿਤ ਸੰਸਥਾਵਾਂ ਨੂੰ ਇਸ ਬਾਰੇ ਸਿਰ ਜੋੜ ਕੇ ਸੋਚਣਾ ਚਾਹੀਦਾ ਸੀ। ਪਰ ਇਸ ਵਰਤਾਰੇ ਵਿੱਚ ਗਲਤਾਨ ਅਨਸਰਾਂ ਨੂੰ ਲੱਗਦਾ ਸੀ ਬੁੱਕਲ ਦੇ ਵਿਚ ਭੰਨੀ ਗੁੜ ਦੀ ਰੋੜੀ ਦਾ ਪਤਾ ਕਿਸ ਨੂੰ ਲੱਗਣਾ ਹੈ? ਓਹ ਲੋਕ ਆਪਣੀਆਂ ਮਰਜ਼ੀਆਂ ਵਿੱਚ ਰੁਝੇ ਰਹੇ। ਡਰਨ ਵਾਲੇ ਡਰੀ ਗਏ, ਵਿਕਣ ਵਾਲੇ ਵਿਕੀ ਗਏ, ਖਰੀਦਣ ਵਾਲੇ ਖਰੀਦੀ ਗਏ ਜਿਹੜੇ ਜ਼ਿੰਮੇਵਾਰ ਸਨ ਓਹ ਇਹੀ ਸਮਝਦੇ ਰਹੇ ਕਿ ਪਤਾ ਹੀ ਕਿਹਨੂੰ ਲੱਗਣਾ ਹੈ   ਯਾਦ ਆ ਰਹੀਆਂ ਨੇ ਦੋ ਸਤਰਾਂ ਜਿਹੜੀਆਂ ਇੱਕ ਇੱਕ ਪਾਕਿਸਤਾਨੀ ਸ਼ਾਇਰ ਨੇ ਕਦੇ ਲਿਖੀਆਂ ਸਨ-

ਮਾਲੀ ਕੇਡ ਕਰੇ ਰਖਵਾਲੀ, ਪਾਹਰੇ ਲੱਖ ਬਿਠਾਵੇ!

ਉੱਚੀਆਂ ਉੱਚੀਆਂ ਕੰਧਾਂ ਚੋਂ ਵੀ ਖੁਸ਼ਬੂ ਉਧਲ ਜਾਵੇ! 

ਇਹ ਗੱਲ ਵੱਖਰੀ ਹੈ ਕਿ ਇਸ ਜੰਗ ਦਾ ਬਿਗਲ ਇਕੱਲੇ ਮਿੱਤਰ ਸੈਨ ਮੀਤ ਨੇ ਹੀ ਵਜਾਇਆ ਜਦਕਿ ਇਸ ਜੰਗ ਦਾ ਐਲਾਨ ਉਹਨਾਂ ਸਭਨਾਂ ਨੂੰ ਕਰਨਾ ਚਾਹੀਦਾ ਸੀ ਜਿਹੜੇ ਕਲਮ ਦੇ ਧਰਮ ਨੂੰ ਸਮਰਪਿਤ ਹਨ, ਜਿਹੜੇ ਸੱਚ ਨੂੰ ਸਮਰਪਿਤ ਹਨ, ਜਿਹੜੇ ਸਾਹਿਤ ਨੂੰ ਸਮਰਪਿਤ ਹਨ। ਵੱਡੇ ਵੱਡੇ ਫਲਸਫਿਆਂ ਦੇ ਦਾਅਵੇ ਕਰਨ ਵਾਲੇ, ਸਰਕਾਰਾਂ ਖਿਲਾਫ ਵੱਡੇ ਵੱਡੇ  ਧਰਨਿਆਂ ਦਾ ਆਯੋਜਨ ਕਰਨ ਵਾਲੇ, ਵੱਡੇ ਵੱਡੇ ਐਕਸ਼ਨਾਂ ਦੀਆਂ ਚੇਤਾਵਨੀਆਂ ਦੇਣ ਵਾਲੇ ਅੰਦਰ ਖਾਤੇ ਇਸ ਤਰ੍ਹਾਂ ਸਰਕਾਰਾਂ ਸਾਹਮਣੇ ਲਿਫੇ ਪਏ ਸਨ? ਸਚਮੁਚ ਨਿਰਾਸ਼ਾ ਵਾਲਾ ਮਾਹੌਲ ਸੀ। ਸਾਹਿਤ ਦੇ ਯੋਧੇ ਕਹਾਉਣ ਵਾਲੇ ਹੀ ਕਾਰੋਬਾਰੀ ਬਣ ਗਏ ਸਨ। 

ਅਸਲ ਨਮੋਸ਼ੀ ਤਾਂ ਇਸ ਗੱਲ ਦੀ ਸੀ। ਆਰਥਿਕ ਸੰਕਟਾਂ ਨਾਲ ਜੂਝ ਰਹੇ ਲੋੜਵੰਦ ਲੋਕ ਤਾਂ ਜ਼ਿੰਦਗੀ ਦੀ ਜੰਗ ਵੀ ਲੜ ਰਹੇ ਸਨ ਅਤੇ ਕਲਮ ਦਾ ਧਰਮ ਵੀ ਨਿਭਾ ਰਹੇ ਸਨ ਪਰ ਪੱਲਿਉਂ  ਪੈਸੇ ਖਰਚ ਕੇ ਐਵਾਰਡਾਂ ਦੀ ਝਾਕ ਰੱਖਣ ਵਾਲੇ ਇਨਾਮਾਂ ਦੇ ਅਸਲੀ ਹੱਕਦਾਰਾਂ ਵੱਜੋਂ ਇਸ ਦੌੜ ਵਿੱਚ ਸ਼ਾਮਲ ਸਨ।  ਉਂਝ ਇਹ ਕੁਝ ਵੱਡੇ ਇਨਾਮਾਂ-ਸ਼ਨਾਮਾਂ ਦੇ ਮਾਮਲੇ ਵਿੱਚ ਹੀ ਨਹੀਂ ਛੋਟੇ ਛੋਟੇ ਇਨਾਮਾਂ ਅਤੇ ਚੌਧਰਾਂ ਦੇ ਮਾਮਲੇ ਵਿਚ ਵੀ ਇਸ ਤਰ੍ਹਾਂ ਹੀ ਹੁੰਦਾ ਹੈ। ਮੰਚ 'ਤੇ ਸਜਦੇ ਪ੍ਰਧਾਨਗੀ ਮੰਡਲ ਵਿਚ ਬੈਠਣ ਲਈ ਵੀ ਇਸਤਰ੍ਹਾਂ ਹੀ ਹੁੰਦਾ ਹੈ। ਨਿੱਕੀਆਂ ਨਿੱਕੀਆਂ ਹ੍ਪੋਰ ਪ੍ਰਾਪਤੀਆਂ ਦੇ ਮਾਮਲੇ ਵਿੱਚ ਵੀ ਹੁੰਦਾ ਹੈ। 

ਹੁਣ ਜਦੋਂ ਸਾਹਿਤ ਦੇ ਖੇਤਰ ਵਿਚ ਹੁੰਦੀ ਇਸ ਕੁਰੱਪਸ਼ਨ ਦਾ ਮਾਮਲਾ ਅਦਾਲਤੀ ਸਟੇਅ ਮਗਰੋਂ ਸਾਹਮਣੇ ਆਇਆ ਤਾਂ ਪਤਾ ਨਹੀਂ ਕਿਸ ਕਿਸ ਨੂੰ ਲੱਗਿਆ ਕਿ ਪੁਰਸਕਾਰਾਂ ਦਾ ਮੁੱਦਾ ਕੋਈ ਵੱਕਾਰ ਦਾ ਸੁਆਲ ਬਣ ਗਿਆ ਹੈ? ਪਤਾ ਨਹੀਂ ਇਹ ਮੁੱਦਾ ਖੜਾ ਹੋਣ 'ਤੇ ਨਮੋਸ਼ੀ ਘੱਟ ਪਰ ਖਾਮੋਸ਼ੀ ਜ਼ਿਆਦਾ ਭਾਰੂ ਕਿਓਂ ਹੋ ਗਈ ਸੀ? ਹੈਰਾਨੀ ਹੈ ਹੱਕ, ਸੱਚ ਅਤੇ ਇਨਸਾਫ ਲਈ ਸਾਹਿਤ ਲਿਖਣ ਵਾਲੇ ਬੁਲੰਦ ਆਵਾਜ਼ ਨਾਲ ਸਾਹਮਣੇ ਕਿਓਂ ਨਾ ਆਏ? ਉਹਨਾਂ ਖਾਮੋਸ਼ੀ ਕਿਓਂ ਧਾਰਨ ਕਰ ਲਈ? ਇਹ ਖਾਮੋਸ਼ੀ ਮੁਜਰਮਾਨਾ ਖਾਮੋਸ਼ੀ ਸੀ!  ਇਸ ਖਾਮੋਸ਼ੀ ਨੇ ਹੀ  ਇਸ ਸਾਰੇ ਵਰਤਾਰੇ ਨੂੰ। ਪੁਰਸਕਾਰ ਮੰਡੀਆਂ ਵਿਚ ਰੁਲਣ ਲੱਗੇ। ਇਹਨਾਂ ਦੇ ਖਰੀਦਾਰ ਭਾਵਾਂ ਨੂੰ ਵਧਾਉਣ ਘਟਾਉਣ ਵਿਚ ਲੱਗੇ ਰਹੇ। ਪਤਨੀਆਂ ਆਪਣੇ ਪਤੀਆਂ ਨੂੰ ਐਵਾਰਡ ਦਵਾਉਣ ਲੱਗੀਆਂ। ਪਤੀ ਆਪਣੀਆਂ ਪਤਨੀਆਂ ਨੂੰ ਸਨਮਾਨਿਤ ਕਰਾਉਣ ਲੱਗੇ। ਜਿਹਨਾਂ ਦਾ ਰਚਿਆ ਸਾਹਿਤ ਸੱਚਮੁੱਚ ਇਨਾਮਾਂ ਦੇ ਕਾਬਿਲ ਸੀ ਉਹ ਵਿਚਾਰੇ ਰੁਲਦੇ ਹੀ ਰਹਿ ਗਏ। ਸਾਜ਼ਿਸ਼ੀ ਕਾਰੋਬਾਰੀਆਂ ਦੀ ਬੱਲੇ ਬੱਲੇ ਹੋਣ ਲੱਗ ਪਈ।  ਅਫਸਰਸ਼ਾਹੀ ਅਤੇ ਸੱਤਾ ਸਿਆਸਤ ਨੂੰ ਇਹ ਲੋਕ ਆਪਣੀ ਜੇਬ ਵਿਚ ਸਮਝਣ ਲੱਗੇ। 

ਪਤਾ ਨਹੀਂ ਇਹ ਲੋਕ ਕਿਓਂ ਭੁੱਲ ਗਏ ਕਿ ਸਰਕਾਰਾਂ ਜਾਂ ਅਦਾਲਤਾਂ ਨਾ ਵੀ ਦਖਲ ਦੇਣ ਤਾਂ ਵੀ ਇਹ ਜਨਤਾ ਹੈ ਜੋ ਸਭ ਜਾਣਦੀ ਹੈ ਕਿ ਕੌਣ ਕੌਣ ਕਿਹੜੀ ਪ੍ਰਾਪਤੀ ਲਈ ਕਿਹੜੀਆਂ ਕਿਹੜੀਆਂ ਤਿਕੜਮਾਂ ਲੜਾਉਂਦਾ ਫਿਰਦਾ ਹੈ! ਕਿਹੜੇ ਕਿਹੜੇ ਪਾਪੜ ਵੇਲੜਾ ਫਿਰਦਾ ਹੈ! ਸ਼੍ਰੋਮਣੀ ਪੁਰਸਕਾਰਾਂ 'ਤੇ ਅਦਾਲਤੀ ਸਟੇਅ ਇੱਕ ਅਜਿਹਾ ਮੌਕਾ ਸੀ ਜਿਸ ਦਾ ਫਾਇਦਾ ਉਠਾ ਕੇ ਸਭਨਾਂ ਸੱਚੀਆਂ ਸੂਚੀਆਂ ਧਿਰਾਂ ਨੂੰ ਇੱਕ ਹੋ ਕੇ ਸਾਹਮਣੇ ਆਉਣਾ ਚਾਹੀਦਾ ਸੀ। ਇਸ ਅਦਾਲਤੀ ਸਟੇਅ 'ਤੇ ਵੀ ਕਾਫੀ ਲੰਮੇ ਸਮੇਂ ਤੱਕ ਨਜ਼ਰਅੰਦਾਜ਼ੀ ਅਤੇ ਖਾਮੋਸ਼ੀ ਦੇ ਹਥਿਆਰ ਨਾਲ ਮਿੱਟੀ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਸ਼ਾਇਦ ਇਹ ਸਾਜ਼ਿਸ਼ ਸਫਲ ਵੀ ਰਹਿੰਦੀ ਪਰ ਇਸ ਅਦਾਲਤੀ ਚਾਰਾਜੋਈ ਦੇ ਨਾਇਕ ਵੱਜੋਂ ਸਾਹਮਣੇ ਆਏ ਮਿੱਤਰ ਸੈਨ ਮੀਤ ਨੇ ਸਬੰਧਤ ਧਿਰਾਂ ਤੱਕ ਚਿੱਠੀ ਪੱਤਰ ਰਾਹੀਂ ਵੀ ਪਹੁੰਚ ਕੀਤੀ। ਜਿਊਂਦੀ ਜਾਗਦੀ ਜ਼ਮੀਰ ਵਾਲੇ ਮੀਡੀਆ ਵਾਲੇ ਮਿੱਤਰਾਂ ਦਾ ਵੀ ਸਹਿਯੋਗ ਲਿਆ। ਨਤੀਜਾ ਸਭਨਾਂ ਦੇ ਸਾਹਮਣੇ ਹੈ। 

ਅਖੀਰ ਕੇਂਦਰੀ ਲੇਖਕ ਸਭਾ ਦੀ ਲੀਡਰਸ਼ਿਪ ਇਸ ਗੱਲ ਲਈ ਮੰਨ ਗਈ ਕਿ ਇਸ ਨੂੰ ਅੱਠ ਅਕਤੂਬਰ 2022 ਵਾਲੀ ਮੀਟਿੰਗ ਦੀ ਐਗਜ਼ੈਕੁਟਿਵ ਸਾਹਮਣੇ ਵੀ ਏਜੰਡੇ ਵਾਂਗ ਰੱਖਿਆ ਜਾਵੇਗਾ। ਕੇਂਦਰੀ ਸਭਾ ਦੀ ਲੀਡਰਸ਼ਿਪ ਨੇ ਇਹ ਵਾਅਦਾ ਪੁਗਾਇਆ ਵੀ। ਇਸ ਦੀ ਸਾਰਥਕ ਚਰਚਾ ਪਹਿਲਾਂ ਪੰਜਾਬੀ ਭਵਨ ਲੁਧਿਆਣਾ ਵਿਖੇ ਚੱਲੀ ਕਾਰਜਕਾਰਨੀ ਦੀ ਮੀਟਿੰਗ ਵਿੱਚ ਵੀ ਹੋਈ ਅਤੇ ਮਗਰੋਂ ਜਨਰਲ ਅਜਲਾਸ ਵਿੱਚ ਵੀ। 

ਕਾਰਜਕਾਰਨੀ ਦੀ ਮੀਟਿੰਗ ਵਿੱਚ ਇੱਕ ਖੱਬੇਪੱਖੀ ਅਤੇ ਸਾਹਿਤ ਪ੍ਰਤੀ ਸੁਹਿਰਦ ਮੈਂਬਰ ਨੇ ਬੜੇ ਜ਼ੋਰਦਾਰ ਢੰਗ ਨਾਲ ਮਿੱਤਰ ਸੈਨ ਮੀਤ ਹੁਰਾਂ ਦੇ ਸਟੈਂਡ ਦੀ ਹਮਾਇਤ ਕੀਤੀ। ਹਮਾਇਤ ਵਾਲੇ ਇਸ ਇਕੱਲੇ ਮੈਂਬਰ ਨੇ ਹੀ ਸਭਨਾਂ ਨੂੰ ਏਨਾ ਪ੍ਰਭਾਵਿਤ ਕੀਤਾ ਕਿ ਕੋਈ ਵੀ ਇਸ ਮੁੱਦੇ ਤੇ ਮਿੱਤਰ ਸੈਨ ਮੀਤ ਹੁਰਾਂ ਦੇ ਖਿਲਾਫ ਨਾ ਬੋਲਿਆ। ਇਸਦੇ ਬਾਵਜੂਦ ਇਹ ਆਖ ਕੇ ਮਾਮਲਾ ਠੱਪ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਮਾਮਲਾ ਅਦਾਲਤ ਵਿਚ ਹੈ ਇਸ ਲਈ ਇਸ ਬਾਰੇ ਬੋਲਣਾ ਠੀਕ ਨਹੀਂ। 

ਇਸ ਤੋਂ ਬਾਅਦ ਜਨਰਲ ਹਾਊਸ ਵਾਲੇ ਅਜਲਾਸ ਵਿੱਚ ਬਹੁਤ ਸਾਰੇ ਬੁਲਾਰਿਆਂ ਨੂੰ ਸਮਾਂ ਦਿੱਤਾ  ਜਾਂਦਾ ਰਿਹਾ। ਬਹੁਤ ਸਾਰੇ ਮੁੱਦੇ ਉਠਾਏ ਜਾਂਦੇ ਰਹੇ। ਲੋਕ ਉਡੀਕ ਰਹੇ ਸਨ ਮਿੱਤਰ ਸੈਨ ਮੀਤ ਹੁਰਾਂ ਦੇ ਵਿਚਾਰਾਂ ਨੂੰ ਪਰ ਉਹਨਾਂ ਦਾ ਨਾਮ ਐਲਾਨਿਆ ਗਿਆ ਐਨ ਅਖੀਰ ਵੇਲੇ ਜਦੋਂ ਪ੍ਰੋਗਰਾਮ ਦੋ ਚਾਰ ਮਿੰਟਾਂ ਵਿੱਚ ਹੀ ਖਤਮ ਹੋਣ ਵਾਲਾ ਸੀ। ਇਸਦੇ ਬਾਵਜੂਦ ਮੀਤ ਸਾਹਿਬ ਸਟੇਜ 'ਤੇ ਆਏ ਤਾਂ ਉਦੋਂ ਹੀ ਇੱਕ ਬੇਹੱਦ ਸੀਨੀਅਰ ਅਹੁਦੇਦਾਰ ਨੇ ਆ ਕੇ ਮਾਈਕ ਫੜ੍ਹ ਲਿਆ ਅਤੇ ਚੇਤੇ ਕਰਾਇਆ ਕਿ ਇਹ ਮਾਮਲਾ ਅਦਾਲਤ ਵਿਚ ਹੈ ਇਸ ਲਈ ਇਸ ਬਾਰੇ ਕੋਈ ਜ਼ਿਆਦਾ ਗੱਲ ਨਾ ਕੀਤੀ ਜਾਵੇ। ਪ੍ਰਬੰਧਕਾਂ ਨੂੰ ਲੱਗਦਾ ਸੀ ਕਿ ਬਸ ਬਾਜ਼ੀ ਸਾਡੇ ਹੱਥ ਹੀ ਹੈ ਪਰ ਫਿਰ ਵੀ ਮੀਤ ਸਾਹਿਬ ਨੇ 15 ਮਿੰਟਾਂ ਤੋਂ ਵੱਧ ਸਮਾਂ ਲੈ ਹੀ ਲਿਆ ਅਤੇ ਆਰੰਭ ਵਿਚ ਹੀ ਪੇਸ਼ਕਸ਼ ਕਰ ਦਿੱਤੀ ਕਿ ਲਓ ਬਈ ਮੈਂ ਹੀ ਹਾਂ ਪਟੀਸ਼ਨਰ ਇਸ ਮਾਮਲੇ ਵਿਚ ਅਤੇ ਮੈਂ ਹੀ ਆਪਣੀ ਪਟੀਸ਼ਨ ਵਾਪਿਸ ਲੈਣ ਲਈ ਤਿਆਰ ਹਾਂ। ਇਸ ਲਈ ਨਾ ਇਸ ਬਾਰੇ ਅਦਾਲਤ ਨੇ ਕੋਈ ਉਜਰ ਕਰਨਾ ਹੈ ਨਾ ਹੀ ਕਿਸੇ ਹੋਰ ਨੂੰ ਕੋਈ ਇਤਰਾਜ਼ ਹੋਣਾ ਹੈ ਪਰ ਇਸ ਬਾਰੇ ਬਹਿਸ ਤਾਂ ਕਰੋ। ਅਦਾਲਤ ਵਿਚ ਜਾਣ ਦੀ ਲੋੜ ਹੀ ਕਿਓਂ ਪਈ ਇਸ ਬਾਰੇ ਵੀ ਵਿਚਾਰ ਤਾਂ ਕਰੋ। 

ਮਿੱਤਰ ਸੈਨ ਮੀਤ ਹੁਰਾਂ ਨੇ ਲਗਾਤਾਰ ਆਪਣੇ ਵਿਚਾਰ ਰੱਖੇ ਪਰ ਕਿਸੇ ਨੇ ਵੀ ਉਹਨਾਂ ਦਾ ਵਿਰੋਧ ਨਾ ਕੀਤਾ। ਪੂਰੇ ਹਾਲ ਵਿੱਚ ਮੌਜੂਦ ਸਰੋਤਿਆਂ//ਦਰਸ਼ਕਾਂ ਨੇ ਇੱਕ ਇੱਕ ਨੁਕਤੇ ਨੂੰ ਬੜੇ ਧਿਆਨ ਨਾਲ ਸੁਣਿਆ। ਸਭਨਾਂ ਨੂੰ ਗੱਲਾਂ ਸਹੀ ਲੱਗੀਆਂ। ਹੁਣ ਮਾਮਲਾ ਜਨਤਾ ਦੀ ਅਦਾਲਤ ਵਿੱਚ ਵੀ ਆ ਗਿਆ ਹੈ। ਇਹ ਕਟਹਿਰਾ ਕਲਮਾਂ ਵਾਲਿਆਂ ਦਾ ਹੈ ਜਿਸਨੇ ਹੁਣ ਨਿਤਾਰਾ ਕਰਨਾ ਹੈ ਕਿ ਕੌਣ ਹੈ ਅਸਲੀ ਲੋਕ ਪੱਖੀ ਲੇਖਕ ਅਤੇ ਕੌਣ ਹੈ ਇਨਾਮਾਂ ਸ਼ਨਾਮਾਂ ਪਿੱਛੇ ਭੱਜਣ ਵਾਲਾ ਲੁਕਵਾਂ ਸਰਕਾਰੀ ਲੇਖਕ। ਇਨਾਮ ਐਵਾਰਡ ਦੇਣ ਵਾਲੀ ਸੱਤਾ ਦੇ ਪੱਖ ਵਿਚ ਕੌਣ ਭੁਗਤਦੇ ਹਨ ਅਤੇ ਇਹਨਾਂ ਇਨਾਮਾਂ ਨੂੰ ਲੱਤ ਮਾਰ ਕੇ ਲੋਕਾਂ ਦੇ ਪੱਖ ਵਿਚ ਕੌਣ ਖੜੋਂਦੇ ਹਨ? ਇਹ ਸਭ ਬੜੀ ਛੇਤੀ ਸਾਹਮਣੇ ਆ ਜਾਣਾ ਹੈ। 

ਹੁਣ ਕਲਮਾਂ ਵਾਲਿਆਂ ਦੀ ਇਸ ਅਦਾਲਤ ਵਿੱਚ ਪਾਠਕ ਵੀ ਬਰਾਬਰ ਦੇ ਜ਼ਿੰਮੇਵਾਰ ਹਨ। ਉਹਨਾਂ ਨੇ ਫੈਸਲੇ ਵਿਚ ਆਪਣਾ ਸਰਗਰਮ ਯੋਗਦਾਨ ਪਾਉਣਾ ਹੈ। ਲੋੜ ਇਹਨਾਂ ਇਨਾਮਾਂ ਲਈ ਇੱਕ ਸੁਚੱਜਾ ਪਾਰਦਰਸ਼ੀ ਸਿਸਟਮ ਬਣਾਉਣ ਦੀ ਹੈ। ਕੌਣ ਬਣਾਏਗਾ ਅਜਿਹਾ ਸਿਸਟਮ? ਕੌਣ ਕਰੇਗਾ ਸਾਹਿਤ ਨੂੰ ਕੁਰੱਪਸ਼ਨ ਮੁਕਤ? ਉਂਝ ਮੁੱਦੇ ਇਹਨਾਂ ਪੁਰਸਕਾਰਾਂ ਤੋਂ ਇਲਾਵਾ ਵੀ ਕਾਫੀ ਹਨ ਪਰ ਉਹਨਾਂ ਦੀ ਚਰਚਾ ਫਿਰ ਕਦੇ ਸਹੀ। ਫਿਲਹਾਲ ਏਨਾ ਹੀ ਕਿ ਆਓ ਕਿਸੇ ਚੰਗੇ ਸਿਸਟਮ ਨੂੰ ਬਣਾਉਣ/ਬਣਵਾਉਣ ਦਾ ਉਪਰਾਲਾ ਕਰੀਏ ਜਿਸ ਵਿਚ ਪੁਰਸਕਾਰਾਂ ਅਤੇ ਹੋਰ ਚੌਧਰਾਂ ਦਾ ਉਧਾਲਾ ਨਾ ਹੋਵੇ। 

ਅਖੀਰ ਵਿੱਚ:

ਅੰਦਰੋ-ਅੰਦਰ ਧੁਖਦੇ ਮਸਲੇ ਨੂੰ ਸੁਲਝਾਇਆ ਜਾ ਸਕਦੈ।

ਛਡ ਮੱਕਾਰੀ ਹੱਥ ਸੁਲਾਹ ਦਾ ਫੇਰ ਵਧਾਇਆ ਜਾ ਸਕਦੈ।

                                                --ਨੂਰ ਮੁਹੰਮਦ ਨੂਰ

ਸਮਾਜਿਕ ਚੇਤਨਾ ਅਤੇ ਜਨਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ। 

No comments:

Post a Comment