google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: November 2020

Monday 23 November 2020

ਵੇਲੇ ਤੋਂ ਪਹਿਲੇ ਦੀ ਨਜ਼ਮ

 ਸੋਚਣ ਕੋਲੋਂ ਕਦੇ ਨਾ ਡਰੀਏ 

Noah windler Unsplash ने इस तस्वीर को क्लिक किया

ਨਦੀਮ ਅਫ਼ਜ਼ਲ ਨਦੀਮ
ਇੰਝ ਲਗਦਾ ਮੈਂ ਵੇਲੇ ਤੋਂ 

ਦੋ ਤਿੰਨ ਸਦੀਆਂ ਪਹਿਲੇ ਆ ਗਿਆ 

ਅਜੇ ਤੇ ਕਿੰਨ੍ਹੇ ਖੂਹ ਦੇ ਡੱਡੂ 

ਖੂਹ ਦੇ ਵਿੱਚੋਂ ਨਿਕਲੇ ਈ ਨਈਂ

ਜੋ ਜ਼ਹਿਨਾਂ ਦੇ ਲੂਲੇ ਲੰਗੜੇ 

ਸਮੇਂ ਦੀ ਦੌੜੋਂ ਪਿੱਛੇ ਰਹਿ ਗਏ

ਓਹ ਵੇਲੇ ਨੂੰ ਮਾੜਾ ਆਖਣ

ਅੇਹ ਬਲਦਾਂ ਦੇ ਪਿੱਛੇ ਪਿੱਛੇ

ਨਸਣ ਵਾਲੇ ਕੀਹ ਸਮਝਣਗੇ 

ਮੈਂ ਹਾਂ ਓਸ ਸਮੇਂ ਦਾ ਬੰਦਾ 

ਜੱਦ ਸੂਰਜ ਦੇ ਡੱਕਰੇ ਹੋ ਕੇ 

ਹਰ ਚੁੱਲ੍ਹੇ ਵਿੱਚ ਪੇ ਜਾਣੇ ਨੇਂ 

ਅਸਮਾਨਾਂ ਦੇ ਚੱਨ ਤੇ ਤਾਰੇ 

ਘਰ ਘਰ ਦੀ ਰੁੱਸ਼ਨਾਈ ਖ਼ਾਤਿਰ

ਧਰਤੀ ਉੱਤੇ ਲਹਿ ਜਾਣੇ ਨੇਂ 

ਅਲਫਾਜ਼-ਏ-ਅਦਬ ਗਰੁੱਪ
ਚੋਂ ਧੰਨਵਾਦ ਸਹਿਤ
ਇਹ ਕੀ ਜਾਨਣ 

ਮੈਂ ਹਾਂ ਓਸ ਸਮੇਂ ਦਾ ਬੰਦਾ 

ਜੱਦ ਇਨਸਾਨਾਂ ਧਰਤੀ ਛੱਡ ਕੇ 

ਮੁੱਸ਼ਤਰੀ ਜ਼ਹਿਲ ਮਰੀਖ਼ ਦੇ ਉੱਤੇ 

ਵਾਹੀ ਬੀਜੀ ਜਾ ਕਰਨੀ ਏ

ਇਹ ਜੀਵਣ ਤੋਂ ਡਿੱਠੇ ਲੋਕੀਂ 

ਇਹ ਕੀ ਜਾਨਣ 

ਮੈਂ ਹਾਂ ਓਸ ਸਮੇਂ ਦਾ ਬੰਦਾ 

ਜੀਵਣ ਤੋਂ ਜੱਦ ਕਿਸੇ ਨਈਂ ਡਰਨਾ

ਮੌਤਾਂ ਕੋਲੋਂ ਕਿਸੇ ਨਈਂ ਹਰਨਾ 

ਜਿੱਤਾਂ ਹਾਰਾਂ ਮੁੱਕ ਜਾਣਾਂ ਏਂ

ਜੱਦ ਅਸਮਾਨੋਂ ਧਰਤੀ ਵਲੇ 

ਖ਼ੂਬ ਟਰੈਫ਼ਿਕ ਚਲ ਪੈਣੀ ਏ

ਅੱਜ ਦੇ ਦੌਰ ਦੇ ਭੋਲੇ ਲੋਕੋ 

ਬੀਤੇ ਸਮੇਂ ਦਾ ਮਾਤਮ ਛੱਡੋ 

ਆਵਣ ਵਾਲੇ ਸਮੇਂ ਦੇ ਸਾਰੇ 

ਰਲ਼ ਮਿਲ਼ ਆਓ ਸੁਆਗਤ ਕਰੀਏ 

ਚੰਗੇ ਸਮੇਂ ਦੇ ਸੋਚਣ ਬਾਰੇ 

ਸੋਚਣ ਕੋਲੋਂ ਕਦੇ ਨਾਂ ਡਰੀਏ

ਮਨੂੰ ਵੀ ਫ਼ਿਰ ਕਦੇ ਨਾ ਲਗੇ 

ਮੈਂ ਵੇਲੇ ਤੋਂ 

ਦੋ ਤਿੰਨ ਸਦੀਆਂ ਪਹਿਲੇ ਆ ਗਿਆ

ਨਦੀਮ ਅਫ਼ਜ਼ਲ ਨਦੀਮ


” ویلے توں پہلے دی نظم “


انج لگداے میں ویلے توں

دو تِن صدیاں پہلے آ گیا

اجے تے کنہے کھوہ دے ڈھڈو

 کھوہ دے وچوں نکلے ای نہیں

جو زہناں دے لُولے لنگڑے

سمے دی دوڑوں پچھے رہ گئے

اوہ ویلے نوں ماڑا آکھن

ایہہ بلداں دے پچھے پچھے

نسن والے کیہ سمجھن گے

 میں ہاں اوس سمے دا بندہ 

جد سورج دے ڈکرے ہو کے

ہر چلہے وچ پے جانے نیں

اسماناں دے  چن تے تارے

  گھر گھر دی رشنائی خاطر

دھرتی اُتے لہہ جانے نیں

ایہہ کیہ جانن

 میں ہاں اوس سمے دا بندہ  

جد انساناں دھرتی چھڈ کے

مُشتری زحل مریخ دے اُتے

واہی بیجی جا کرنی ایں

ایہہ جیون توں ڈٹھے لوکیں

موتاں کولوں نٹھے لوکیں

ایہہ کیہ جانن

 میں ہاں اوس سمے دا بندہ 

جیون توں جد کسے نہیں ڈرنا

موتاں کولوں کسے نہیں ہرنا

جِتّاں ہاراں مُک جاناں ایں

جد اسمانوں دھرتی ولّے

خوب ٹریفک چل پینی ایں

اج دے دور دے بھولے لوکو

بیتے سمے دا ماتم چھڈو

آون والے سمے دا سارے

رل مل آؤ سواگت کرئیے

چنگے سمے دے سوچن بارے

سوچن کولوں کدے نہ ڈرئیے

مینوں وی فر کدے نہ لگے

میں ویلے توں 

دو تِن صدیاں پہلے آ گیا


۔۔۔ ندیم افضل ندیم

Thursday 19 November 2020

ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਵਿਸ਼ੇਸ਼ ਆਯੋਜਨ

          ਗੁਰਬਚਨ ਸਿੰਘ ਭੁੱਲਰ, ਡਾ. ਸਰਬਜੀਤ ਸਿੰਘ ਅਤੇ ਸੁਸ਼ੀਲ ਦੁਸਾਂਝ ਨੂੰ ਸਨਮਾਨ          


ਚੰਡੀਗੜ੍ਹ
: 18 ਨਵੰਬਰ 2020:: (ਪੁਸ਼ਪਿੰਦਰ ਕੌਰ ਨੀਲਮ//ਸਾਹਿਤ ਸਕਰੀਨ)::

ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਅਹੁਦੇਦਾਰਾਂ ਅਤੇ ਕਾਰਜਕਾਰਨੀ ਦੀ ਮੀਟਿੰਗ ਦੇਸ਼ ਭਗਤ ਯਾਦਗਾਰ ਹਾਲ, ਜਲੰਧਰ ਵਿਖੇ ਸ਼੍ਰੀ ਦਰਸ਼ਨ ਬੁੱਟਰ ਦੀ ਪ੍ਰਧਾਨਗੀ ਵਿਚ ਹੋਈ। ਕੇਂਦਰੀ ਸਭਾ ਦੇ ਪ੍ਰਧਾਨ ਸ਼੍ਰੀ ਦਰਸ਼ਨ ਬੁੱਟਰ ਨੇ ਆਏ ਸਾਹਿਤਕਾਰਾਂ ਦਾ ਸਵਾਗਤ ਕੀਤਾ। ਉਨਾਂ ਕਾਰੋਨਾ ਮਹਾਂਮਾਰੀ ਦੇ ਦੌਰ ਵਿਚ ਵੀ ਲੇਖਕਾਂ ਵੱਲੋਂ ਵਿਸ਼ੇਸ਼ ਤੌਰ ਉਤੇ ਕਿਸਾਨ ਸੰਘਰਸ਼ ਅਤੇ ਅਵਾਮ ਦੇ ਹੱਕਾਂ ਦੀ ਰਾਖੀ ਲਈ ਵੱਖ ਵੱਖ ਸ਼ਹਿਰਾਂ / ਪਿੰਡਾਂ ਵਿਚ ਸੰਘਰਸ਼ ਦਾ ਹਿੱਸਾ ਬਣਨ ਦੀ ਸ਼ਲਾਘਾ ਕੀਤੀ। ਮੀਟਿੰਗ ਦੇ ਅਰੰਭ ਵਿਚ ਪਿਛਲੇ ਸਮੇਂ ਵਿਚ ਸਦੀਵੀ ਵਿਛੋੜਾ ਦੇ ਗਏ ਸਾਹਿਤਕਾਰਾਂ ਅਤੇ ਮੈਬਰਾਂ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ।

ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦਾ ਬੁਲਿਟਨ 'ਪੰਜਾਬੀ ਲੇਖਕ ਅੰਕ-93 ਅਤੇ 94' ਲੋਕ-ਅਰਪਣ ਕੀਤਾ ਗਿਆ। ਦੂਜੀ ਆਲਮੀ ਪੰਜਾਬੀ ਕਾਨਫ਼ਰੰਸ ਵਿਚ ਪੇਸ਼ ਹੋਏ ਖੋਜ ਪੱਤਰਾਂ ਅਤੇ ਵਿਚਾਰ-ਚਰਚਾ 'ਤੇ  ਅਧਾਰਿਤ ਕੇਂਦਰੀ ਸਭਾ ਨੇ ਜੋ ਵੱਡ ਅਕਾਰੀ ਕਿਤਾਬ 'ਪੰਜਾਬ - ਦ੍ਰਿਸ਼ ਅਤੇ ਦ੍ਰਿਸ਼ਟੀ' ਛਾਪੀ ਗਈ ਅਤੇ ਹਾਜ਼ਰ ਮੈਂਬਰਾਂ ਨੂੰ ਵੰਡੀ ਗਈ। ਮੀਟਿੰਗ ਵਿਚ ਮੌਜੂਦਾ ਹਾਲਾਤ ਵਿਚ ਲੇਖਕਾਂ ਅਤੇ ਚਿੰਤਕਾਂ ਦੀ ਭੂਮਿਕਾ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਭਵਿੱਖ ਵਿਚ ਕੀਤੇ ਜਾਣ ਵਾਲੇ ਸਮਾਗਮਾਂ ਬਾਰੇ ਵਿਚਾਰ ਚਰਚਾ ਤੋਂ ਬਾਅਦ ਹੇਠ ਲਿਖੇ ਫ਼ੈਸਲੇ ਸਰਬਸੰਮਤੀ ਨਾਲ ਕੀਤੇ ਗਏ:-

ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਵੱਲੋਂ ਗਿਆਨੀ ਹੀਰਾ ਸਿੰਘ ਦਰਦ, ਡਾ. ਰਵਿੰਦਰ ਸਿੰਘ ਰਵੀ  ਅਤੇ ਡਾ. ਐਸ. ਤਰਸੇਮ ਦੀ ਯਾਦ ਵਿਚ ਦਿੱਤੇ ਜਾਣ ਵਾਲੇ ਸਨਮਾਨ ਇਸ ਵਾਰ ਕ੍ਰਮਵਾਰ ਸ਼੍ਰੀ ਸੁਸ਼ੀਲ ਦੁਸਾਂਝ (ਜਥੇਬੰਦਕ ਕੰਮਾਂ ਲਈ ਪੁਰਸਕਾਰ) , ਡਾ. ਸਰਬਜੀਤ ਸਿੰਘ (ਆਲੋਚਨਾ ਪੁਰਸਕਾਰ) ਅਤੇ ਸ਼੍ਰੀ ਗੁਰਬਚਨ ਸਿੰਘ ਭੁੱਲਰ (ਰਚਨਾਤਮਕ ਪੁਰਸਕਾਰ) ਨੂੰ ਦਿਤੇ ਜਾਣਗੇ।

ਕੇਂਦਰੀ ਸਭਾ ਵਲੋਂ 9 ਜ਼ੋਨਾਂ ਵਿਚ 'ਪੰਜਾਬੀ ਭਾਸ਼ਾ ਚੇਤਨਾ ਕਾਨਫ਼ਰੰਸਾਂ' ਫਰਵਰੀ - ਮਾਰਚ 2021 ਵਿਚ ਕਰਵਾਈਆਂ ਜਾਣਗੀਆਂ। ਜ਼ੋਨਲ ਕਾਨਫਰੰਸਾਂ ਵਿਚ ਡਾ. ਜੋਗਾ ਸਿੰਘ, ਡਾ. ਬੂਟਾ ਸਿੰਘ ਬਰਾੜ, ਡਾ. ਸਰਬਜੀਤ ਸਿੰਘ, ਡਾ. ਪਰਮਜੀਤ ਸਿੰਘ ਢੀਂਗਰਾ, ਡਾ. ਬਲਦੇਵ ਸਿੰਘ ਚੀਮਾ, ਡਾ. ਸੁਖਵਿੰਦਰ ਸਿੰਘ ਸੰਘਾ, ਡਾ. ਸੁਰਜੀਤ ਭੱਟੀ, ਡਾ. ਕਰਮਜੀਤ ਸਿੰਘ, ਡਾ. ਸੁਰਜੀਤ ਸਿੰਘ ਅਤੇ ਡਾ. ਭੀਮ ਇੰਦਰ ਸਿੰਘ ਬੁਲਾਰੇ ਹੋਣਗੇ।

ਕੇਂਦਰੀ ਪੰਜਾਬੀ ਲੇਖਕ ਸਭਾ ਕਿਸਾਨ ਸੰਘਰਸ਼ ਦੀ ਹਮਾਇਤ ਵਿਚ ਪੈਫ਼ਲਿਟ ਛਾਪੇਗੀ, ਜਿਸ ਨੂੰ ਸਾਰੇ ਪੰਜਾਬ ਵਿਚ ਵੰਡਿਆ ਜਾਵੇਗਾ।

ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਵਲੋਂ ਡੇਢ ਸਾਲਾ ਇਜਲਾਸ ਅਪ੍ਰੈਲ 2021 ਵਿਚ ਕੀਤਾ ਜਾਵੇਗਾ।

ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਵਲੋਂ ਤੀਜੀ ਆਲਮੀ ਪੰਜਾਬੀ ਕਾਨਫ਼ਰੰਸ ਫਰਵਰੀ 2022 ਵਿਚ ਚੰਡੀਗੜ੍ਹ ਵਿਖੇ ਕੀਤੀ ਜਾਵੇਗੀ।

ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਵਲੋਂ ਸੰਤੋਖ ਸਿੰਘ ਧੀਰ, ਤੇਰਾ ਸਿੰਘ ਚੰਨ, ਡਾ. ਹਰਿਭਜਨ ਸਿੰਘ, ਡਾ. ਹਰਨਾਮ ਦਾਸ ਸਹਿਰਾਈ ਨੂੰ ਸਮਰਪਿਤ ਸ਼ਤਾਬਦੀ ਸਮਾਗਮ ਜਾਂ ਵੈਬੀਨਾਰ ਕੀਤੇ ਜਾਣਗੇ। ਬਾਬਾ ਸੋਹਣ ਸਿੰਘ ਭਕਨਾ ਜੀ ਦੇ 150 ਵੇਂ ਜਨਮ ਵਰ੍ਹੇ ਨੂੰ ਸਮਰਪਿਤ ਸੈਮੀਨਾਰ ਬਟਾਲਾ ਵਿਖੇ, ਭਗਤ ਨਾਮਦੇਵ ਜੀ ਦੇ 750 ਵੇਂ ਜਨਮ ਵਰ੍ਹੇ ਨੂੰ ਸਮਰਪਿਤ ਸੈਮੀਨਾਰ ਘੁਮਾਣ (ਗੁਰਦਾਸਪੁਰ) ਵਿਖੇ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਬਾਬਾ ਬਕਾਲਾ ਵਿਖੇ ਕੀਤਾ ਜਾਵੇਗਾ।

ਸਰਵਸੰਮਤੀ ਨਾਲ ਤਿੰਨ ਮਤੇ ਪਾਸ ਕੀਤੇ:-

1) ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਭਾਰਤ ਸਰਕਾਰ ਤੋਂ ਮੰਗ ਕਰਦੀ ਹੈ ਕਿ ਪੰਜਾਬ ਯੁਨੀਵਰਸਿਟੀ, ਚੰਡੀਗੜ੍ਹ ਦੀ ਸੈਨਿਟ ਦੀ ਚੋਣ ਫੌਰੀ ਤੌਰ ਉਤੇ ਕਰਾਈ ਜਾਵੇ ਤਾਂ ਜੋ ਪੰਜਾਬ ਯੁਨੀਵਰਸਿਟੀ ਚੰਡੀਗੜ੍ਹ ਦੇ ਲੋਕਤਾਂਤ੍ਰਿਕ ਢਾਂਚੇ ਨੂੰ ਬਹਾਲ ਰੱਖਿਆ ਜਾਵੇ। 

2) ਕੇਂਦਰੀ ਸਭਾ ਪੰਜਾਬ ਸਰਕਾਰ ਤੋਂ ਮੰਗ ਕਰਦੀ ਹੈ ਬਠਿੰਡਾ ਜ਼ਿਲ੍ਹੇ ਦੇ ਲੇਖਕਾਂ ਅਤੇ ਲੋਕ ਹਿਤੈਸ਼ੀ ਕਾਰਕੂਨਾਂ ਨੂੰ ਪੁਲਿਸ ਵੱਲੋਂ ਬੇਲੋੜਾ ਤੰਗ ਪ੍ਰੇਸ਼ਾਨ ਕਰਨਾ ਅਤੇ ਘਰਾਂ ਵਿਚ ਜਬਰੀ ਘੁਸ ਕੇ ਨਿੱਜੀ ਜਾਣਕਾਰੀਆਂ ਇਕੱਤਰ ਕਰਨਾ ਆਦਿ ਫੌਰੀ ਤੌਰ ਤੇ ਬੰਦ ਕੀਤਾ ਜਾਵੇ। ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਪੁਲਿਸ ਦੀਆਂ ਵਧੀਕੀਆ ਦਾ ਜ਼ੋਰਦਾਰ ਵਿਰੋਧ ਕਰਦੀ ਹੈ। 

3) ਕੇਂਦਰੀ ਸਭਾ ਸ਼ਾਹੀਨਬਾਗ ਵਿਚ ਲੰਗਰ ਦੀ ਸੇਵਾ ਕਰਨ ਵਾਲੇ ਪੰਜਾਬੀ ਨੌਜਵਾਨ ਸ਼੍ਰੀ ਲਵਪ੍ਰੀਤ ਸਿੰਘ ਉਤੇ ਯੂ. ਏ. ਪੀ. ਏ ਲਾ ਕੇ ਜੇਲ ਵਿਚ ਡੱਕਣ ਦਾ ਸਖ਼ਤ ਸ਼ਬਦਾਂ ਵਿਚ ਵਿਰੋਧ ਕਰਦੀ ਹੈ। ਦਿੱਲੀ ਅਤੇ ਭਾਰਤ ਸਰਕਾਰ ਤੋਂ ਮੰਗ ਕਰਦੀ ਹੈ ਕਿ ਉਹ ਬੇਕਸੂਰ ਨੌਜਵਾਨ ਨੂੰ ਫੌਰੀ ਤੌਰ ਤੇ ਰਿਹਾ ਕਰੇ।

ਮੀਟਿੰਗ ਦੇ ਅੰਤ ਵਿਚ ਕੁਲਦੀਪ ਸਿੰਘ ਬੇਦੀ ਨੇ ਆਏ ਕਾਰਜਕਾਰਨੀ ਮੈਂਬਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਸਾਥੀਆਂ ਵੱਲੋਂ ਬਹੁਤ ਮਹੱਤਵਪੂਰਨ ਸੁਝਾਅ ਆਏ ਹਨ। ਹੁਣ ਸਾਰਿਆਂ ਨੂੰ ਬੁਲੰਦ ਇਰਾਦੇ ਨਾਲ ਮਿਥੇ ਹੋਏ ਵੱਡੇ ਕਾਰਜਾਂ ਨੂੰ ਸਫਲ ਕਰਨ ਲਈ ਕੰਮ ਵਿਚ ਜੁਟ ਜਾਣਾ ਚਾਹੀਦਾ ਹੈ।  

Saturday 14 November 2020

ਕਵਿਤਾ//ਦੀਵੇ//ਜਨਮੇਜਾ ਸਿੰਘ ਜੌਹਲ

13th November 2020at 8:06 PM

 ਇਹ ਕਾਵਿ ਰਚਨਾ ਦੱਸਦੀ ਹੈ ਕਿ ਦੀਵੇ ਕਿੱਥੇ ਜਗਾਈਏ 


ਆਓ 

ਜਗਾਈਏ ਦੀਵੇ 

ਉਹਨਾਂ ਘਰਾਂ ਵਿਚ 

ਜਿਹਨਾਂ ਦੀ ਮਿੱਟੀ 

ਵਿਕ ਗਈ ਹੈ 

ਰੂੰ ਦੇ ਫੰਬੇ 

ਜ਼ਖਮਾਂ ਤੇ 

ਲੱਗੇ ਹੋਏ ਹਨ 

ਤੇ ਤੇਲ 

ਕੋਈ ਉਹਨਾਂ ਦੇ 

ਜੜ੍ਹੀਂ ਦੇ ਗਿਆ ਹੈ । 

ਮਿੱਠੇ ਦੀ ਥਾਂ 

ਘੋਰ ਨਿਰਾਸ਼ਾ 

ਉਹਨਾਂ ਦੇ ਅੰਦਰ 

ਵੱਸ ਗਈ ਹੈ 

ਅੰਬਰ ਤੋਂ 

ਬਰਸਦੀ ਹਰ ਬੂੰਦ 

ਸੁੱਕੇ ਹੰਝੂਆਂ ਦਾ 

ਬਦਲ ਨਹੀਂ ਬਣਦੀ 

ਜਿਹਨਾਂ ਦੇ 

ਕੋਠੇ ਦੀ 

ਛੱਤ ਦਾ ਰੰਗ 

ਦਿਨੇ ਨੀਲਾ 

ਤੇ 

ਰਾਤ ਕਾਲਾ 

ਹੋ ਜਾਂਦਾ ਹੈ  

ਆਓ 

ਉੱਥੇ 

ਦੀਵੇ ਜਗਾਈਏ 

              --ਜਨਮੇਜਾ ਸਿੰਘ ਜੌਹਲ

ਜੰਗ ਅਤੇ ਪ੍ਰਮਾਣੂੰ ਸੰਧੀ ਸੰਬੰਧੀ ਡਾ. ਅਰੁਣ ਮਿੱਤਰਾ ਨਾਲ ਹੋਈ ਗੱਲਬਾਤ ਇਥੇ ਕਲਿੱਕ ਕਰਕੇ  ਸੁਣੋ 


Sunday 8 November 2020

ਕਰ ਰੋਸ਼ਨੀ, ਭਜਾਵਾਂ ਤੈਨੂੰ, ਰਾਤੇ ਕਾਲੀਏ !


ਬਲਦੀ ਦੁਨੀਆ 'ਚ , ਦੀਵਾ ਆਪਣਾ ਬਾਲੀਏ,  

ਕਰ ਰੋਸ਼ਨੀ, ਭਜਾਵਾਂ ਤੈਨੂੰ, ਰਾਤੇ ਕਾਲੀਏ,  

                               -ਜਨਮੇਜਾ ਸਿੰਘ ਜੌਹਲ

Saturday 7 November 2020

ਇੱਕ ਇਤਿਹਾਸਿਕ ਗੀਤ "ਉਡੀਕ"

 ਸ਼ਹੀਦੀਆਂ ਤੇਰੀਆਂ ਦੀ ਤੇ ਪੋਥੀਆਂ ਹਜ਼ਾਰ ਹਨ 

 ਜੰਗਾ ਮੇਰੀਆਂ ਦਾ ਨਾ ਕਿੱਤੇ ਬਖਾਣ ਹੈ 

World War 1 was called 'Laam Di Jang' in Punjabi, this beautiful song makes you feel the grief of the wife of a Punjabi soldier who was far away fighting in 'Laam di Jang'. It was originally written by Kartar Singh Blaggan and sung by Surinder Kaur.

ਵੇ ਮੁੜ ਆ ਲਾਮਾਂ ਤੋਂ

ਸਾਨੂ ਘਰੇ ਬੜਾ ਰੋਜ਼ਗਾਰ
ਕੇ ਕਣਕਾਂ ਨਿੱਸਰ ਪਈਆਂ
ਕਦੇ ਮੁੜ ਕੇ ਝਾਤੀ ਮਾਰ

ਵੇ ਮੁੜ ਆ ਲਾਮਾਂ ਤੋਂ
ਵੇ ਮੁੜ ਆ ਲਾਮਾਂ ਤੋਂ

ਸੂਤਰ ਕਤ ਕਤ ਰੇਜੇ ਬਣਾਔਉਣੀ ਆਂ
ਨਾਲੇ ਬਨੌਣੀ ਆਂ ਖੇਸੀ
ਓਹਨਾਂ ਨਾਰਾਂ ਦਾ ਕੀ ਏ ਜੀਣਾ
ਢੋਲ ਜਿਨਾਂ ਦੇ ਪਰਦੇਸੀ
ਤਰਿੰਝਨਾਂ ਚ ਪੈਂਦੀ ਐ
ਮੇਰੇ ਚੂੜੇ ਦੀ ਛਨ੍ਕਾਰ

ਵੇ ਮੁੜ ਆ ਲਾਮਾਂ ਤੋਂ
ਵੇ ਮੁੜ ਆ ਲਾਮਾਂ ਤੋਂ

ਕੋਠੇ ਚੜ ਚੜ ਕਾਗ ਉਡੌਣੀ ਆਂ
ਨਾਲੇ ਪਾਔਣੀਂ ਆਂ ਚੂਰੀ
ਔਣਾ ਹੋਵੇ ਤਾ ਪੱਲ ਨਾਹੀਓਂ ਲਗਦਾ
ਮੰਜਲਾਂ ਦੀ ਕਾਦੀ ਦੂਰੀ
ਵੇ ਉਂਝ ਘਰ ਆਪਣੇ ਨਾਹੀਓਂ
ਮੇਰੀ ਡੋਲੀ ਤੋਰ ਫੁਹਾਰ

ਵੇ ਮੁੜ ਆ ਲਾਮਾਂ ਤੋਂ
ਵੇ ਮੁੜ ਆ ਲਾਮਾਂ ਤੋਂ

ਚੂੜੇ ਮੇਰੇ ਦਾ ਰੰਗ ਨਾ ਉਤਰੇਯਾ
ਫਿੱਕੀ ਪਯੀ ਨਾ ਮਿਹੰਦੀ
ਸੱਜ ਵਿਆਹੀ ਨਾਰ ਤੇਰੇ ਬਾਜਓਂ
ਪਲ ਨਾ ਵਿਛਹੋੜਾ ਸਿਹੰਦੀ
ਵੇ ਛੇਤੀ ਘਰ ਆਜਾ ਮਾਹੀ
ਤੇਨੂ ਖੜ੍ਹੀ ਉਡੀਕਾਂ ਬਾਹਰ

ਮੁੜ ਆ ਲਾਮਾਂ ਤੋਂ
ਵੇ ਮੁੜ ਆ ਲਾਮਾਂ ਤੋਂ

ਵੇ ਮੁੜ ਆ ਲਾਮਾਂ ਤੋਂ
ਸਾਨੂ ਘਰੇ ਬੜਾ ਰੋਜ਼ਗਾਰ
ਕੇ ਕਣਕਾਂ ਨਿੱਸਰ ਪਈਆਂ
ਕਦੇ ਮੁੜ ਕੇ ਝਾਤੀ ਮਾਰ