google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: June 2022

Friday 24 June 2022

ਕਾਵਿ ਰਚਨਾ//ਜਿਸ ਦੀ ਦੀਦ ਹੀ ਉਤਸਵ ਹੋਵੇ//ਗੁਰਚਰਨ ਗਾਂਧੀ

 22nd June at 10:30 PM Via WhatsApp

ਰੂਹ ਤੋਂ ਰੂਹ ਦਾ ਸਫ਼ਰ ਕਰਨ ਦੀ//ਬਹੁਤ ਜਰੂਰਤ ਹੈ ਨਜ਼ਰਾਂ ਨੂੰ

ਚੰਦਨ

ਜੇਹੇ ਮਹਿਕੇ ਤਨ ਦੀ

ਬਹੁਤ ਜ਼ਰੂਰਤ ਹੈ ਨਜ਼ਰਾਂ ਨੂੰ

ਸਾਦ ਮੁਰਾਦੇ ਆਸ਼ਕ ਮਨ ਦੀ

ਬਹੁਤ ਜ਼ਰੂਰਤ ਹੈ ਨਜ਼ਰਾਂ ਨੂੰ।


ਸੋਨੇ ਦੇ ਵਰਕਾਂ ਵਿੱਚ ਲਿਪਟੇ

ਲੱਖਾਂ ਹੀ ਤਨ ਵੇਖ ਚੁੱਕਾ ਹਾਂ

ਸ਼ੀਸ਼ੇ ਦੇ ਟੁਟਦੇ ਤੇ ਜੁੜਦੇ

ਲੱਖਾਂ ਹੀ ਮਨ ਵੇਖ ਚੁੱਕਾ ਹਾਂ

ਪਰ ਇੱਕ ਰੂਹ ਵਿੱਚ ਭੋਲੇ ਪਨ ਦੀ

ਬਹੁਤ ਜ਼ਰੂਰਤ ਹੈ ਨਜ਼ਰਾਂ ਨੂੰ।


ਵੀਨਸ ਜੇਹੀ ਸ਼ਾਹਕਾਰ ਕੋਈ ਰਚਨਾ

ਜਿਸ ਦੇ ਪੈਰੀਂ ਹੋਵਣ ਛਾਲੇ

ਯਾ ਸਾਗਰ ਵਿੱਚ ਸਿਪ ਮੂੰਹ ਖੋਲ੍ਹੀ

ਇੱਕ ਸਵਾਂਤੀ ਬੂੰਦ ਨੂੰ ਭਾਲੇ

ਸੂਲ ਤੇ ਠਹਿਰੀ ਹੋਈ ਕਿਰਨ ਦੀ

ਬਹੁਤ ਜ਼ਰੂਰਤ ਹੈ ਨਜ਼ਰਾਂ ਨੂੰ।


ਜਿਸ ਦੀ ਦੀਦ ਹੀ ਉਤਸਵ ਹੋਵੇ

ਕਦੀ ਕਦਾਈਂ ਚੜਿਆ ਤਾਰਾ

ਲੰਘਦੀ ਹੋਈ ਅੰਬਰ ਦੀ ਬਿਹੀਉਂ 

ਜਿਉਂ ਹੋਵੇ ਕੌਸਰ ਦੀ ਧਾਰਾ

ਰੂਹ ਤੋਂ ਰੂਹ ਦਾ ਸਫ਼ਰ ਕਰਨ ਦੀ

ਬਹੁਤ ਜਰੂਰਤ ਹੈ ਨਜ਼ਰਾਂ ਨੂੰ।


ਯਾ ਓਹ ਦਰਿਆ ਜਿਸ ਦਾ ਕੋਈ

ਨਾ ਪੱਤਣ ਨਾ ਪਾਣੀ ਹੋਵੇ

ਆਪਣੇ ਆਪ ਚ ਜਿਸਦਾ ਰੇਤਾ

ਗੁਜ਼ਰੀ ਹੋਈ ਕਹਾਣੀ ਹੋਵੇ

ਆਸ ਨਾ ਹੋਵੇ ਫ਼ਿਰ ਛਲਕਣ ਦੀ

ਬਹੁਤ ਜ਼ਰੂਰਤ ਹੈ ਨਜ਼ਰਾਂ ਨੂੰ।


ਚੰਦਨ ਜੇਹੇ ਮਹਿਕੇ ਤਨ ਦੀ

ਬਹੁਤ ਜ਼ਰੂਰਤ ਹੈ ਨਜ਼ਰਾਂ ਨੂੰ 

ਸਾਦ ਮੁਰਾਦੇ ਆਸ਼ਕ ਮਨ ਦੀ

ਬਹੁਤ ਜ਼ਰੂਰਤ ਹੈ ਨਜ਼ਰਾਂ ਨੂੰ।

--ਡਾਕਟਰ ਗੁਰਚਰਨ ਗਾਂਧੀ

ਸੰਪਾਦਕ ਸੂਹੀ ਸਵੇਰ ਪੰਜਾਬੀ ਮੈਗਜ਼ੀਨ

ਸੂਹੀ ਸਵੇਰ ਪੰਜਾਬੀ ਮੈਗਜ਼ੀਨ ਦੇ ਸੰਪਾਦਕ ਡਾ. ਗੁਰਚਰਨ ਗਾਂਧੀ ਚੜ੍ਹਦੀ ਜਵਾਨੀ ਵੇਲੇ ਤੋਂ ਹੀ ਖੱਬੇਪੱਖੀ ਵਿਚਾਰਧਾਰਾ ਨਾਲ ਜੁੜੇ ਹੋਏ ਹਨ। ਪਰਿਵਾਰਿਕ ਮੁਸ਼ਕਲਾਂ, ਸਮਾਜਿਕ ਮੁਸ਼ਕਲਾਂ, ਨਿਜੀ ਮੁਸ਼ਕਲਾਂ ਅਤੇ ਪੰਜਾਬ ਦੇ ਅੱਸੀਵਿਆਂ ਵਾਲੇ ਹਾਲਾਤ--ਸਭ ਕੁਝ ਬਹੁਤ ਨਾਜ਼ੁਕ ਸੀ ਪਰ ਡਾ. ਗਾਂਧੀ ਡਟੇ ਰਹੇ। ਮੈਡੀਕਲ ਪ੍ਰੈਕਟਿਸ ਦੇ ਨਾਲ ਨਾਲ ਸਮਾਜਿਕ ਚੇਤਨਾ ਜਗਾਉਣ ਦਾ ਵੀ ਫਰਜ਼ ਜਾਰੀ ਰੱਖਦੇ ਹਨ। --ਰੈਕਟਰ ਕਥੂਰੀਆ 

Tuesday 21 June 2022

ਪੰਜਾਬੀ ਸਾਹਿਤ ਅਕਾਡਮੀ ਵਲੋਂ ਸਾਹਿਤਿਕ ਸਮਾਗਮ 26 ਜੂਨ ਨੂੰ

 ਮਿੰਨੀ ਕਹਾਣੀ ਪਾਠ ਤੇ ਵਿਸ਼ਲੇਸ਼ਣ ਵਿਸ਼ੇ 'ਤੇ ਚਰਚਾ ਵੀ 


ਲੁਧਿਆਣਾ
: 20 ਜੂਨ 2022: (ਸਾਹਿਤ ਸਕਰੀਨ ਡੈਸਕ):: 

ਜਦੋਂ ਸੰਨ 1975 ਵਿੱਚ ਐਮਰਜੰਸੀ ਲੱਗੀ ਤਾਂ ਉਸ ਵੇਲੇ ਬਹੁਤ ਸਾਰੀਆਂ ਜ਼ਾਹਰਾ ਪਾਬੰਦੀਆਂ ਲਗਾਈਆਂ ਗਈਆਂ ਸਨ ਜਿਹੜੀਆਂ ਸਭਨਾਂ ਨੂੰ ਸਪਸ਼ਟ ਨਜ਼ਰ ਵੀ ਆਉਂਦੀਆਂ ਸਨ। ਉਦੋਂ ਕਿਸੇ ਵੀ ਤਰ੍ਹਾਂ ਅੱਜ  ਵਾਲੀ ਸਥਿਤੀ ਨਹੀਂ ਸੀ ਕਿਓਂਕਿ ਉਸ ਵੇਲੇ ਕੋਈ ਅਣਐਲਾਨੀ ਨਹੀਂ ਬਲਕਿ ਐਲਾਨੀ ਹੋਈ ਸਪਸ਼ਟ ਐਮਰਜੰਸੀ ਸੀ।
 
ਇਸ ਨੰਗੀ ਚਿੱਟੀ ਐਮਰਜੰਸੀ ਦੀਆਂ ਸਾਰੀਆਂ ਪਾਬੰਦੀਆਂ ਦੇ ਖਿਲਾਫ ਜੇ ਕੋਈ ਨਿਰੰਤਰ ਲੜਿਆ ਤਾਂ ਉਹ ਪੰਜਾਬੀ ਅਤੇ ਹਿੰਦੀ ਦੇ ਸਾਹਿਤਕਾਰ ਹੀ ਸਨ ਜਿਹਨਾਂ ਨੇ ਮੁਕੰਮਲ ਸ਼ਾਂਤਮਈ ਰਹਿੰਦਿਆਂ ਇਸ ਆਵਾਜ਼ ਬੰਦੀ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕੀਤੀ। ਇਹ ਆਵਾਜ਼ ਇੱਕ ਧਰਮ ਦੀ ਅਵਾਜ਼ ਵਾਂਗ ਨਿਕਲੀ। ਕੁਝ ਵੱਡੀਆਂ ਅਖਬਾਰਾਂ ਨੇ ਖੁੱਲ੍ਹ ਕੇ ਐਮਰਜੰਸੀ ਦੇ ਹੱਕ ਵਿਚ ਵੀ ਸਟੈਂਡ ਲਿਆ ਪਰ ਅਣੂ ਵਰਗੇ ਨਿੱਕੇ ਪਰਚਿਆਂ ਨੇ ਉਦੋਂ ਵੀ ਵੱਡਾ ਰੋਲ ਅਦਾ ਕੀਤਾ।

ਦਿਲਚਸਪ ਗੱਲ ਇਹ ਹੈ ਕਿ ਇਹ ਸਾਹਿਤਕਾਰ ਲੋਕ ਕਿਸੇ ਕੁਰਸੀ ਜਾਂ ਸੱਤਾ ਦੇ ਸਵਾਰਥ ਨੂੰ ਸਾਹਮਣੇ ਰੱਖ ਕੇ ਨਹੀਂ ਸਨ ਲੜ ਰਹੇ। ਇਹਨਾਂ ਨੇ ਕੋਈ ਕਾਉੰਸਿਲਰ, ਐਮ ਐਲ ਏ ਜਾਂ ਐਮ ਪੀ ਨਹੀਂ ਸੀ ਬਣਨਾ .ਉਸ ਵੇਲੇ ਇਸ ਕਿਸਮ ਦੀ ਦੌੜ ਵਾਲੇ ਲਾਲਚ ਆਮ ਨਹੀਂ ਸਨ ਹੋਏ। ਸਾਹਿਤਕਾਰ ਅਕਸਰ ਦਿਲ ਦੇ ਜਜ਼ਬਾਤੀ ਹੁੰਦੇ ਹਨ ਉਹਨਾਂ ਨੇ ਉਦੋਂ ਵੀ ਐਮਰਜੰਸੀ ਦੇ ਖਿਲਾਫ ਲਗਾਤਾਰ ਲਿਖਿਆ ਅਤੇ ਬਹੁਤ ਕੁਝ ਲਿਖਿਆ। ਉਹ ਇਹ ਵੀ ਭੁੱਲ ਗਏ ਕਿ ਸਿਆਸਤ ਵਾਲੇ ਲੋਕ ਦਿਲ ਦੀ ਨਹੀਂ ਸੁਣਦੇ ਉਹ ਦਿਮਾਗ ਨਾਲ ਚਲਦੇ ਹਨ। ਇਹੀ ਹੁੰਦੀ ਹੈ ਰਾਜਨੀਤੀ। ਐਮਰਜੰਸੀ ਦੇ ਖਿਲਾਫ ਲਿਖਣ ਵਾਲੇ ਕੋਈ ਕਾਂਗਰਸ ਪਾਰਟੀ ਦੇ ਵਿਰੋਧੀ ਨਹੀਂ ਸਨ ਪਰ ਉਹਨਾਂ ਦੀਆਂ ਲਿਖਤਾਂ ਦਾ ਫਾਇਦਾ ਜ਼ਰੂਰ ਕਾਂਗਰਸ ਨੂੰ ਹੋਇਆ। ਅੱਜ ਤੱਕ ਹੁੰਦਾ ਚਲਿਆ ਆ ਰਿਹਾ ਹੈ। 

ਇਸ ਤਰ੍ਹਾਂ ਕਾਂਗਰਸ ਦੇ ਵਿਰੋਧੀਆਂ ਨੇ ਇਹਨਾਂ ਸਭਨਾਂ ਦੀਆਂ ਲਿਖਤਾਂ ਨੂੰ ਰੱਜ ਕੇ ਸਲਾਹਿਆ ਅਤੇ ਅਪਣਾਇਆ ਵੀ। ਸ਼ਾਇਦ ਜਾਣੇ ਅਣਜਾਣੇ ਵਿਚ ਉਸ ਵੇਲੇ ਦੀ ਸਾਹਿਤਕਾਰੀ ਕਾਂਗਰਸ ਦਾ ਵਿਰੋਧ ਕਰਨ ਵਾਲੀਆਂ ਧਿਰਾਂ ਦੀ ਗੋਦੀ ਵਿਚ ਚਲੀ ਗਈ ਸੀ। ਅੱਜ ਤੱਕ ਵੀ ਇਹ ਰੁਝਾਣ ਜਾਰੀ ਹੈ। ਅਤੀਤ ਦੀ ਗੱਲ ਹੋ ਚੁੱਕੀ ਉਸ ਐਮਰਜੰਸੀ 'ਤੇ ਅੱਜ ਤੱਕ ਉਸ ਵੇਲੇ ਲਿਖੀਆਂ ਗਈਆਂ ਇਹਨਾਂ ਲਿਖਤਾਂ ਦੇ ਹਵਾਲਿਆਂ ਨਾਲ ਵਾਰ ਕੀਤੇ ਜਾਂਦੇ ਹਨ। 

ਡਾਕਟਰ ਗੁਲਜ਼ਾਰ ਪੰਧੇਰ ਵਰਗੇ ਜਿਹੜੇ ਸਾਹਿਤਕਾਰ ਉਸ ਵੇਲੇ ਹੀ ਫਾਸ਼ੀਵਾਦ ਦੇ ਆਉਣ ਵਾਲੇ ਖਤਰਿਆਂ ਨੂੰ ਭਾਂਪ ਰਹੇ ਸਨ ਉਹਨਾਂ ਨੇ ਵੀ ਇਹਨਾਂ ਲਿਖਤਾਂ ਵਾਲੇ ਕਲਮਕਾਰਾਂ ਨੂੰ ਵਰਜਣ ਦਾ ਕੋਈ ਉਪਰਾਲਾ ਨਾ ਕੀਤਾ ਕਿਓਂਕਿ ਵਰਜਣਾ ਹੈ ਈ ਨਾਮੁਮਕਿਨ ਸੀ। ਜਿਹੜੇ ਸਿਆਸੀ ਲੋਕ ਅਤੇ ਸਾਹਿਤ ਨਾਲ ਜੁੜੇ ਲੋਕ ਐਮਰਜੰਸੀ ਦੀਆਂ ਖੂਬੀਆਂ ਨੂੰ ਦੇਖ ਵੀ ਰਹੇ ਸਨ ਉਹ ਵੀ ਇੱਕ ਪਾਸੇ ਅਟੰਕ ਜਿਹੇ ਬਣੇ ਹੋਏ ਸਨ। ਐਮਰਜੰਸੀ ਦੇ ਖਿਲਾਫ ਚੱਲੀ ਉਸ ਹਨੇਰੀ ਦੇ ਸਾਹਮਣੇ ਕੋਈ ਨਹੀਂ ਸੀ ਆਉਣਾ ਚਾਹੁੰਦਾ। 

ਇਸ ਲਈ  ਡਾਕਟਰ ਗੁਲਜ਼ਾਰ ਪੰਧੇਰ ਵਰਗੇ ਦੂਰਅੰਦੇਸ਼ ਬੁਧੀਜੀਵੀ ਉਸ ਐਮਰਜੰਸੀ ਵੇਲੇ ਜਿਹਨਾਂ ਖਤਰਿਆਂ ਨੂੰ ਭਾਂਪ ਰਹੇ ਸਨ ਉਹਨਾਂ ਵਿਚ ਇੱਕ ਖਤਰਾ ਅੱਜ ਲੱਗੀ ਹੋਈ ਅਣ ਐਲਾਨੀ ਐਮਰਜੰਸੀ ਦਾ ਖਤਰਾ ਵੀ ਸ਼ਾਮਲ ਸੀ। ਦੇਸ਼ ਨੂੰ ਪੂਰੇ ਯੋਜਨਾਬੱਧ ਢੰਗ ਨਾਲ ਕਾਰਪੋਰੇਟਾਂ ਕੋਲ ਵੇਚਣ ਦਾ ਖਤਰਾ ਵੀ ਸ਼ਾਮਲ ਸੀ। ਪਹਿਲਾਂ ਅੱਤਵਾਦ ਅਤੇ ਹੁਣ ਗੈਂਗਸਟਰਵਾਦ ਦੀ ਦਹਿਸ਼ਤ ਵਾਲਾ ਵਾਲਾ ਖਤਰਾ ਵੀ ਸ਼ਾਮਲ ਸੀ। 

ਸ਼ਾਇਰ ਲਾਲ ਸਿੰਘ ਦਿਲ ਫਾਈਲ ਫੋਟੋ 
ਅਫਸੋਸ ਕਿ ਉਸ ਵੇਲੇ ਵੀ
ਇਸ  ਸਬੰਧੀ ਆਵਾਜ਼ ਓਨੀ ਨਹੀਂ ਉੱਠੀ ਜਿੰਨੀ ਕੁ ਉਠਣੀ ਚਾਹੀਦੀ ਸੀ। ਅੱਜ ਜਦੋਂ ਕਿ ਸਾਰੇ ਹੀ ਵੱਡੇ ਖਤਰੇ ਸਭਨਾਂ ਦੇ ਸਾਹਮਣੇ ਆ ਚੁੱਕੇ ਹਨ ਉਦੋਂ ਵੀ ਜੇ ਗੱਲ ਹੁੰਦੀ ਹੈ ਤਾਂ ਇੰਦਰਾ ਗਾਂਧੀ ਵਾਲੀ ਐਮਰਜੰਸੀ ਦੀ ਹੀ ਜ਼ਿਆਦਾ ਹੁੰਦੀ ਹੈ। ਉਸ ਤੋਂ ਬਾਅਦ ਲੱਗੀਆਂ ਪਾਬੰਦੀਆਂ ਅਤੇ ਕਾਨੂੰਨਾਂ ਦੀ ਨਹੀਂ ਹੁੰਦੀ। ਇਹ ਇੱਕ ਰੁਝਾਨ ਬਣ ਚੁੱਕਿਆ ਹੈ ਜਿਹੜਾ ਲਗਾਤਾਰ ਜਾਰੀ ਹੈ। ਜਿਵੇਂ 15 ਅਗਸਤ ਨੂੰ ਹੋਣ ਵਾਲਾ ਹਰ ਸਮਾਗਮ 15 ਅਗਸਤ ਨਾਲ ਸਬੰਧਤ ਲੱਗਦਾ ਹੈ ਅਤੇ 26 ਜਨਵਰੀ ਨੂੰ ਹੋਣ ਵਾਲਾ ਹਰ ਸਮਾਗਮ 26 ਜਨਵਰੀ ਨੂੰ ਸਮਰਪਿਤ ਲੱਗਦਾ ਹੈ ਉਸੇ ਤਰ੍ਹਾਂ ਇਸ ਸੋਚ ਵਾਲਾ ਰੁਝਾਨ ਵੀ  ਭਾਰੂ ਹੈ। 

ਇਸੇ ਰੁਝਾਨ ਅਧੀਨ ਇੱਕ ਸਾਹਿਤਿਕ ਸਮਾਗਮ 26 ਜੂਨ ਨੂੰ ਪੰਜਾਬੀ ਭਵਨ ਵਿਚ ਹੋ ਰਿਹਾ ਹੈ। ਉਹੀ 26 ਜੂਨ ਜਿਸ ਦਿਨ ਬਹੁਤ ਸਾਰੇ ਸੰਗਠਨ ਅਤੇ ਬਹੁਤ ਸਾਰੇ ਲੋਕ ਰਵਾਇਤ ਮੁਤਾਬਿਕ ਐਮਰਜੰਸੀ ਵਿਰੋਧੀ ਦਿਵਸ ਵੀ ਮਨਾ ਰਹੇ ਹਨ। ਉਸ ਕਾਲੇ ਦਿਨਾਂ ਦੇ ਕਾਲੇ ਦੌਰ ਨੂੰ ਯਾਦ ਵੀ ਕਰ ਰਹੇ ਹਨ। ਇਸ ਤਰ੍ਹਾਂ 26 ਜੂਨ ਨੂੰ ਬਹੁਤ ਕੁਝ ਹੋਣਾ ਹੈ। ਬਹੁਤ ਸਾਰੇ ਆਯੋਜਨ ਹੋਣੇ ਹਨ। ਪਤਾ ਨਹੀਂ ਪੰਜਾਬੀ ਭਵਨ ਵਿਚ 26 ਜੂਨ ਨੂੰ ਹੋਣ ਵਾਲਾ ਇਹ ਆਯੋਜਨ ਐਮਰਜੰਸੀ ਦੇ ਉਸ ਕਾਲੇ ਦੌਰ ਦੀ ਵਿਰੋਧਤਾ ਲਈ ਹੋਣਾ ਹੈ ਜਾਂ ਉਂਝ ਹੀ 26 ਜੂਨ ਦਾ ਦਿਨ ਪ੍ਰਬੰਧਕਾਂ ਨੂੰ ਚੰਗਾ ਲੱਗਿਆ ਅਤੇ ਇਹ ਦਿਨ ਇੱਕ ਇਤਫ਼ਾਕ ਬਣ ਗਿਆ ਹੈ। ਗੱਲ ਕੁਝ ਵੀ ਹੋਵੇ ਪਰ ਸਮੇਂ ਦੇ ਸੱਚ ਦੀ ਆਸ ਉਦੋਂ ਵੀ ਸਾਹਿਤਕਾਰਾਂ ਕੋਲੋਂ ਹੀ ਸੀ ਅਤੇ ਹੁਣ ਵੀ ਇਸ ਵੇਲੇ ਵੀ ਦੇ ਸਾਹਿਤਕਾਰਾਂ ਕੋਲੋਂ ਹੀ ਬੱਚੀ ਹੈ। ਗੋਦੀ ਮੀਡੀਆ ਦੇ ਇਸ ਨਾਜ਼ੁਕ ਜਿਹੇ ਦੌਰ ਵਿਚ ਲੇਖਕਾਂ ਤੋਂ ਲੋਕ ਉਮੀਦਾਂ ਲਗਾ ਕੇ ਬੈਠੇ ਹੈਂ। ਜਸਵੰਤ ਸਿੰਘ ਕੰਵਲ, ਵਰਿਆਮ ਸੰਧੂ, ਪਾਸ਼, ਲਾਲ ਸਿੰਘ ਦਿਲ, ਸੰਤ ਰਾਮ ਉਦਾਸੀ, ਸੁਰਜੀਤ ਪਾਤਰ ਅਤੇ ਹੋਰ ਬਹੁਤ ਸਾਰੇ ਸਨਮਾਨ ਯੋਗ ਲੇਖਕਾਂ ਵਾਂਗ ਅੱਜ ਦੇ ਲੇਖਕਾਂ ਕੋਲੋਂ ਵੀ ਆਮ ਜਨਤਾ ਨੂੰ ਬਹੁਤ ਉਮੀਦਾਂ ਹਨ। ਮਿੱਤਰ ਸੈਨ ਮੀਤ ਹੁਰਾਂ ਵੱਲੋਂ ਐਵਾਰਡਾਂ ਦਾ ਮਾਮਲਾ ਬੇਨਕਾਬ ਕੀਤੇ ਜਾਣ ਦੇ ਬਾਵਜੂਦ ਲੋਕਾਂ ਨੂੰ ਬਹੁਤ ਉਮੀਦਾਂ ਹਨ। 

ਇਸ ਆਯੋਜਨ ਦੇ ਮਿਲੇ ਵੇਰਵੇ ਮੁਤਾਬਿਕ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ 'ਮਿੰਨੀ ਕਹਾਣੀ ਪਾਠ ਤੇ ਵਿਸ਼ਲੇਸ਼ਣ' ਵਿਸ਼ੇ 'ਤੇ 26 ਜੂਨ, 2022 ਨੂੰ ਸਵੇਰੇ 10 ਵਜੇ ਪੰਜਾਬੀ ਭਵਨ, ਲੁਧਿਆਣਾ ਵਿਖੇ ਸਮਾਗਮ ਦਾ ਆਯੋਜਿਨ ਕੀਤਾ ਜਾ ਰਿਹਾ ਹੈ ਜਿਸ ਵਿਚ ਕੈਨੇਡਾ ਨਿਵਾਸੀ ਸ.ਰਵਿੰਦਰ ਸਿੰਘ ਕੰਗ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਪੁੱਜ ਰਹੇ ਹਨ।

ਮਿੰਨੀ ਕਹਾਣੀ ਪਾਠ ਤੇ ਵਿਸ਼ਲੇਸ਼ਣ ਪ੍ਰੋਗਰਾਮ ਦੇ ਇੰਚਾਰਜ ਡਾ.ਸ਼ਿਆਮ ਸੁੰਦਰ ਦੀਪਤੀ ਨੇ ਇਸ ਪ੍ਰੋਗਰਾਮ ਦਾ ਬਿਉਰਾ ਦਿੰਦੇ ਹੋਏ ਦੱਸਿਆਂ ਕਿ ਪੰਜਾਬ ਤੇ ਪੰਜਾਬ ਤੋਂ ਬਾਹਰੋਂ ਪੰਜਾਬੀ ਵਿਚ ਮਿੰਨੀ ਕਹਾਣੀ ਲਿਖਣ ਵਾਲੇ ਬਹੁਤ ਸਾਰੇ ਲੇਖਕ ਇਸ ਵਿਚ ਪੁੱਜ ਰਹੇ ਹਨ ਜਿਨ੍ਹਾਂ ਵਿਚ ਹਰਭਜਨ ਸਿੰਘ ਖੇਮਕਰਨੀ, ਸ਼ਿਆਮ ਸੁੰਦਰ ਅਗਰਵਾਲ, ਬਿਕਰਮ ਜੀਤ ਨੂਰ, ਨਿਰੰਜਨ ਬੋਹਾ, ਜਸਵੀਰ ਢੰਡ, ਡਾ.ਨਾਇਬ ਸਿੰਘ ਮੰਡੇਰ, ਡਾ.ਕਰਮਜੀਤ ਸਿੰਘ ਨਡਾਲਾ, ਦਰਸ਼ਨ ਬਰੇਟਾਂ, ਜਗਦੀਸ਼ ਰਾਏ ਕੁਲਰੀਆਂ, ਹਰਪ੍ਰੀਤ ਸਿੰਘ ਰਾਣਾ, ਸਤਪਾਲ ਖੁੱਲਾ, ਵਿਵੇਕ, ਕਰਮਵੀਰ ਸਿੰਘ ਸੂਰੀ, ਕੁਲਵਿੰਦਰ ਕੌਸ਼ਲ, ਗੁਰਸੇਵਕ ਸਿੰਘ ਰੌੜਨੀ, ਸੀਮਾ ਵਰਮਾ, ਸੁਖਦਰਸ਼ਨ ਗਰਗ, ਬੀਰਇੰਦਰ ਬਨਭੌਰੀ, ਰਣਜੀਤ ਆਜ਼ਾਦ ਕਾਂਝਲਾ, ਗੁਰਪ੍ਰੀਤ ਕੌਰ, ਮਹਿੰਦਰਪਾਲ ਅਤੇ ਸੁਰਿੰਦਰਦੀਪ ਆਦਿ ਨਾਮ ਸ਼ਾਮਲ ਹਨ।

ਇਸ ਸਮਾਗਮ ਦੇ ਕਨਵੀਨਰ ਸੁਰਿੰਦਰ ਕੈਲੇ ਹੋਰਾਂ ਦੱਸਿਆਂ ਕਿ ਇਸ ਪ੍ਰੋਗਰਾਮ ਨੂੰ ਦੋ ਹਿੱਸਿਆਂ ਵਿਚ ਵੰਡਿਆਂ ਗਿਆ ਹੈ–ਪਹਿਲੇ ਹਿੱਸੇ ਵਿਚ ਮਿੰਨੀ ਕਹਾਣੀ ਲੇਖਕ ਆਪਣੀਆਂ ਕਹਾਣੀਆਂ ਦਾ ਪਾਠ ਕਰਨਗੇ ਅਤੇ ਦੂਜੇ ਹਿੱਸੇ ਵਿਚ ਦੋ ਵਿਸ਼ੇਸ਼ਗ ਡਾ. ਕੁਲਦੀਪ ਸਿੰਘ ਦੀਪ ਅਤੇ ਪ੍ਰੋ. ਗੁਰਦੀਪ ਸਿੰਘ ਢਿੱਲੋਂ ਪੜ੍ਹੀਆਂ ਗਈਆਂ ਕਹਾਣੀਆਂ ਦੇ ਵਿਸ਼ਲੇਸ਼ਣ ਕਰਨਗੇ। ਇਸ ਸਮਾਗਮ ਵਿਚ ਮਿੰਨੀ ਕਹਾਣੀ ਸੰਗ੍ਰਹਿ 'ਇਕ ਮੋਰਚਾ ਇਹ ਵੀ' ਸੰਪਾਦਿਕਾ ਸਤਿੰਦਰ ਕੌਰ ਕਾਹਲੋਂ ਦਾ ਲੋਕ ਅਰਪਣ ਕੀਤਾ ਜਾਏਗਾ ਅਤੇ ਨਾਲ ਹੀ 'ਅਣੂ' ਦੇ ਸਤੰਬਰ 22 ਅੰਕ ਨੂੰ ਵੀ ਲੋਕ ਅਰਪਣ ਕੀਤਾ ਜਾਏਗਾ।

ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਡਾ.ਲਖਵਿੰਦਰ ਸਿੰਘ ਜੌਹਲ ਹੋਰਾਂ ਦੱਸਿਆਂ ਕਿ ਅਕਾਡਮੀ ਵਲੋਂ ਕਵਿਤਾ, ਕਹਾਣੀ, ਨਾਟਕ, ਕੋਮਲ ਕਲਾਵਾਂ ਆਦਿ 'ਤੇ ਵਰਕਸ਼ਾਪ ਤੇ ਸੈਮੀਨਾਰ ਦਾ ਆਯੋਜਿਨ ਵੀ ਆਉਣ ਵਾਲੇ ਸਮੇਂ ਵਿਚ ਯੋਜਨਾਬੱਧ ਕੀਤਾ ਗਿਆ ਹੈ।

ਸਮੂਹ ਅਹੁਦੇਦਾਰਾਂ ਵਲੋਂ ਅਤੇ ਪ੍ਰਬੰਧਕੀ ਬੋਰਡ ਦੇ ਮੈਂਬਰਾਂ ਵਲੋਂ ਇਸ ਸਮਾਗਮ ਵਿਚ ਸ਼ਾਮੂਲੀਅਤ ਲਈ ਸਾਹਿਤ ਪ੍ਰੇਮੀਆਂ ਨੂੰ ਖੁਲ੍ਹਾ ਸੱਦਾ ਹੈ ਕਿ ਉਹ ਵੱਧ ਚੜ੍ਹ ਕੇ ਇਸ ਪ੍ਰੋਗਰਾਮ ਦੀ ਰੌਣਕ ਨੂੰ ਵਧਾਉਣ। ਹੁਣ ਦੇਖਣਾ ਹੈ ਕਿ ਉਸ ਵੇਲੇ ਜੂਨ 1975 ਵਾਲੀ ਐਮਰਜੰਸੀ ਦੇ ਖਿਲਾਫ ਲਗਾਤਾਰ ਬੇਖੌਫ ਹੋ ਕੇ ਲਿਖਣ ਵਾਲੇ ਸਾਹਿਤਕਾਰ ਹੁਣ ਨਵੀਆਂ ਸਥਿਤੀਆਂ ਵਿਚ ਵੀ ਆਪਣੇ ਪੁਰਾਣੇ ਰਿਕਾਰਡਾਂ ਨੂੰ ਤੋੜ ਸਕਣ ਵਿਚ ਕਾਮਯਾਬ ਰਹਿੰਦੇ ਹਨ ਜਾਂ ਨਹੀਂ। ਹੁਣ ਦੀਆਂ ਸਥਿਤੀਆਂ ਜ਼ਿਆਦਾ ਨਾਜ਼ੁਕ ਅਤੇ ਗੰਭੀਰ ਹਨ। ਜੂਨ 1975 ਵਾਲੀ ਐਮਰਜੰਸੀ ਦਾ ਵਿਰੋਧ ਕਰਦੇ ਕਰਦੇ ਕਿਧਰੇ ਜਾਣੇ ਅਣਜਾਣੇ ਵਿੱਚ 2014 ਮਗਰੋਂ ਪੈਦਾ ਹੋਈਆਂ ਸਥਿਤੀਆਂ ਨੂੰ ਭੁੱਲ ਨਾ ਜਾਈਏ। 

ਲੋਕ ਨਾਇਕ ਜੈ ਪ੍ਰਕਾਸ਼ ਨਾਰਾਇਣ ਦੇ ਨਾਲ ਨਾਲ ਅੱਜ ਦੇ ਓਹ ਸਾਰੇ ਨਾਮ ਵੀ ਯਾਦ ਰਖਣੇ ਹਨ ਜਿਹੜੇ ਸਿਰਫ ਵਿਚਾਰਾਂ ਦੀ ਆਜ਼ਾਦੀ ਅਤੇ ਵਖਰੇਵਿਆਂ ਕਾਰਣ ਜੇਲ੍ਹਾਂ ਵਿਚ ਸਾੜੇ ਜਾ ਰਹੇ ਹਨ। ਅਤੀਤ ਵਾਲੀ ਐਮਰਜੰਸੀ ਦੀ ਗੱਲ ਕਰਦਿਆਂ ਅੱਜ ਵਾਲੀਆਂ ਹਾਲਤਾਂ ਨੂੰ ਵੀ ਹਰ ਪਲ ਜ਼ਹਿਨ ਵਿਚ ਰਖਣਾ ਜਰੂਰੀ ਹੈ। ਉਮੀਦ ਹੈ ਇਸ ਸੰਬੰਧੀ ਵੀ 26 ਜੂਨ ਵਾਲਾ ਸਾਹਿਤਿਕ ਸਮਾਗਮ ਹਾਂ ਪੱਖੀ ਰੋਲ ਨਿਭਾਏਗਾ। ਸ਼ਹੀਦ ਹੋ ਚੁੱਕੇ ਕਿਸਾਨਾਂ ਅਤੇ ਨੌਜਵਾਨਾਂ ਨੂੰ ਵੀ ਚੇਤੇ ਰੱਖਣਾ ਸਾਡੇ ਲਈ ਜ਼ਰੂਰੀ ਹੈ। ਇਹ ਸਾਡਾ ਨੈਤਿਕ ਫਰਜ਼ ਵੀ ਹੈ। ਇਸ ਵਾਰ ਵੀ 26 ਜੂਨ ਦਾ ਇਹ ਸਮਾਗਮ ਕੁਝ ਨਵਣਾ ਰਚੇਗਾ ਇਸਦੀ ਉਮੀਦ ਵੀ ਸਭਨਾਂ ਨੂੰ ਹੈ। 

Monday 13 June 2022

ਰੇਗਿਸਤਾਨ ਦੀ ਸੈਰ//*ਸ਼ਾਇਰਾ ਛਿੰਦਰ ਕੌਰ

13th June 2022 at 01:04 PM Via WhatsApp

ਤੇਰੇ ਦਰ ਤੇ ਸੀਸ ਝੁਕਾਉਣਾ ਵੀ/ਮੰਜ਼ਿਲ ’ਤੇ ਅੱਪੜਣ ਜਿਹਾ


ਨਾ ਛੱਲਾਂ ਨਾ ਲਹਿਰਾਂ

ਨਾ ਕਿਨਾਰੇ

ਨਾ ਘੋਗੇ ਸਿੱਪੀਆਂ

ਰੇਤ ਦਾ ਸਮੁੰਦਰ

ਨਾ ਮੋਤੀਆਂ ਦੇ ਥਾਲ ਦੇਂਦਾ ਏ

ਤੇਰਾ ਹਾਸਲ ਮੰਜ਼ਿਲ ਤੇ ਹੈ ਹੀ

ਤੇਰੇ ਦਰ ਤੇ ਸੀਸ ਝੁਕਾਉਣਾ ਵੀ

ਮੰਜ਼ਿਲ ’ਤੇ ਅੱਪੜਣ ਜਿਹਾ

ਸਕੂਨ ਦੇਂਦਾ ਏ

ਕਿਸੇ ਨੂੰ ਛਾਂ ਜਾਂ ਹਵਾ ਦੇਣਾ

ਉਸ ਰੁੱਖ ਦੇ ਹੱਥ ਵੱਸ ਨਹੀਂ ਸੀ

ਮੇਰੀ ਫਿਤਰਤ ਹੀ ਕੁਛ ਐਸੀ ਸੀ।

ਉਂਝ ਰੇਗਿਸਤਾਨ ਦੀ ਸੈਰ ਕਰਨ

ਕੌਣ ਜਾਂਦਾ ਏ। (ਇਹ ਸਦੀ ਵੀ ਤੇਰੇ ਨਾਉਂ) ਵਿੱਚੋਂ 

ਸ਼ਾਇਰਾ ਛਿੰਦਰ ਕੌਰ ਲੇਖਿਕਾ ਹੋਣ ਦੇ ਨਾਲ ਨਾਲ ਸਿਰਸਾ ਵਿੱਚ ਰੇਡੀਓ ਅਨਾਊਂਸਰ ਵੀ ਹੈ 


Thursday 9 June 2022

ਸੂਰਜ-ਦੀਵਾ ਅਤੇ ਹਨੇਰਾ//ਹਰਭਗਵਾਨ ਭੀਖੀ

  ਦੀਵਿਆਂ ਦੇ ਬੁੱਝਣ ਤੋਂ ਧਰਤੀ ਸਦਾ ਡਰਦੀ ਹੈ 


ਸੂਰਜ ਕਿੰਨਾ ਗੁਮਾਨ ਕਰਦਾ ਹੈ!

ਤਾਹੀਂਓ ਅਸਮਾਨ ਚ ਚੜ੍ਹਦਾ ਹੈ!

ਪਰ ਧਰਤੀ ਤੇ ਆਉਣ ਤੋਂ ਡਰਦਾ ਹੈ!


ਦੀਵੇ ਨੇ ਗੁਮਾਨ 

ਕਦੇ ਕਰਿਆ ਨਹੀਂ!

ਹਨੇਰਿਆਂ ਤੋਂ ਵੀ ਡਰਿਆ ਨਹੀਂ। 


ਕਾਲੀ ਬੋਲੀ ਰਾਤ ਜਦ ਪੈਂਦੀ ਹੈ!

ਫਿਰ ਸੂਰਜ ਦੀ ਨਹੀਂ!

ਸਭ  ਨੂੰ ਦੀਵੇ ਦੀ ਹੀ ਤਾਂਘ ਰਹਿੰਦੀ ਹੈ। 


 ਭਾਵੇਂ ਸੂਰਜ ਨੂੰ 

ਮਘਾਉਣ ਦੀ ਹੀ ਗੱਲ ਚਲਦੀ ਹੈ!

ਪਰ  ਦੀਵਿਆਂ ਦੇ ਬੁੱਝਣ ਤੋਂ

ਧਰਤੀ ਸਦਾ ਡਰਦੀ ਹੈ। 


ਤੂਫ਼ਾਨ ਤੋਂ ਡਰ ਕੇ ਸੂਰਜ

 ਅਕਸਰ ਆਪਣੇ ਆਪ ਨੂੰ 

ਬੱਦਲਾਂ 

ਪਿੱਛੇ ਲੁਕੋਅ ਲੈਂਦਾ ਹੈ

ਪਰ ਨਿੱਕਾ ਜਿਹਾ ਦੀਵਾ

ਨਿੱਕੀ ਜਿਹੀ ਤੀਲੀ ਨਾਲ ਮਿਲ ਕੇ

ਸੂਰਜ ਦੀ ਰੌਸ਼ਨੀ ਨੂੰ 

ਆਪਣੇ ਵਿਚ ਸਮੋਅ ਲੈਂਦਾ ਹੈ।

                          .....ਹਰਭਗਵਾਨ ਭੀਖੀ

Wednesday 8 June 2022

ਇਸ ਜਗ੍ਹਾ ਕੋਈ ਨਹੀਂ ਆਪਣਾ ਤਾਂ ਉੱਥੇ ਕੌਣ ਹੈ!

ਮਨ ਦੀ ਇੱਕ ਧਰਵਾਸ ਲਈ;ਕੋਈ ਆਸਰਾ ਜਿਹਾ ਲਭ ਰਿਹਾਂ!


ਜ਼ਿੰਦਗੀ ਮੇਰੀ ਦਾ ਕੁਝ ਵੀ ਨਹੀਂ ਪਤਾ ਕਦ ਅੰਤ ਹੈ!

ਜਾਪਦਾ ਹੈ ਆਖਿਰੀ ਪਲ ਐਨ ਨੇੜੇ ਹੈ ਕਿਤੇ!


ਸੋਚਦਾਂ ਦੋ ਚਾਰ ਗੱਲਾਂ ਕਰ ਲਈਏ ਹੁਣ ਝੱਟ ਘੜੀ!

ਜੇ ਕੋਈ ਗੁਸਤਾਖੀਆਂ ਜਾਂ ਗਲਤੀਆਂ ਵੀ ਹੋਣ ਤਾਂ!


ਸੋਚਦਾਂ ਹੁਣ ਮੰਗ ਲਵਾਂ ਮਾਫੀ ਕਿਸੇ ਪਲ ਆਪ ਹੀ!

ਜਾ ਕੇ ਇਥੋਂ ਕੌਣ ਆਉਂਦਾ ਹੈ ਕਦੇ ਇਸ ਰਾਹ ਤੇ!


ਜਦ ਤੱਕ ਚੱਲਦੇ ਨੇ ਸਾਹ ਬਸ 

ਲੈ ਲਵਾਂ ਲਾਹਾ ਜ਼ਰਾ!


ਮਨ ਦੀਆਂ ਬੇਚੈਨੀਆਂ ਤੇ

ਮਨ ਦੀਆਂ ਉਦਾਸੀਆਂ

ਨਾਲ ਨਾ ਤੁਰ ਪੈਣ ਕਿਧਰੇ!

ਸੋਚਦਾਂ ਤੇ ਡਰ ਰਿਹਾਂ!


ਇਸ ਜਗ੍ਹਾ ਕੋਈ ਨਹੀਂ ਆਪਣਾ ਤਾਂ ਉੱਥੇ ਕੌਣ ਹੈ!

ਮਨ ਦੀ ਇੱਕ ਧਰਵਾਸ ਲਈ

ਕੋਈ ਆਸਰਾ ਜਿਹਾ ਲਭ ਰਿਹਾਂ!

       --ਰੈਕਟਰ ਕਥੂਰੀਆ

Monday 6 June 2022

ਕਾਵਿ ਪੁਸਤਕ 'ਜ਼ਰਦ ਰੁੱਤ ਦਾ ਹਲਫ਼ੀਆਂ ਬਿਆਨ ' ਦਾ ਲੋਕ ਅਰਪਣ

6th June 2022 at 1:55 PM

ਹਰਮੀਤ ਵਿਦਿਆਰਥੀ ਦੇ ਕਾਵਿ ਸੰਗ੍ਰਹਿ 'ਤੇ ਵਿਚਾਰ ਚਰਚਾ ਵੀ ਹੋਈ 

ਲੁਧਿਆਣਾ: 6 ਜੂਨ 2022: (ਐਮ ਐਸ ਭਾਟੀਆ//ਪ੍ਰਦੀਪ ਸ਼ਰਮਾ//ਸਾਹਿਤ ਸਕਰੀਨ)::

ਲੋਕ ਮੰਚ ਪੰਜਾਬ ਵਲੋਂ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਸਹਿਯੋਗ ਨਾਲ ਹਰਮੀਤ ਵਿਦਿਆਰਥੀ ਦੇ ਨਵ-ਪ੍ਰਕਾਸ਼ਿਤ ਕਾਵਿ-ਸੰਗ੍ਰਹਿ 'ਜ਼ਰਦ ਰੁੱਤ ਦਾ ਹਲਫ਼ੀਆ ਬਿਆਨ' ਦੇ ਲੋਕ ਅਰਪਣ ਅਤੇ ਵਿਚਾਰ ਚਰਚਾ ਲਈ ਇਕ ਭਾਵਪੂਰਤ ਸਮਾਗਮ ਪੰਜਾਬੀ ਭਵਨ, ਲੁਧਿਆਣਾ ਵਿਖੇ ਮਿਤੀ 4 ਜੂਨ, 2022 ਨੂੰ ਡਾ.ਸੁਰਜੀਤ ਸਿੰਘ ਪਾਤਰ ਦੀ ਪ੍ਰਧਾਨਗੀ ਵਿਚ ਕਰਵਾਇਆ ਗਿਆ ਜਿਸ ਵਿਚ ਪ੍ਰੋ.ਗੁਰਭਜਨ ਸਿੰਘ ਗਿੱਲ, ਸ੍ਰੀ ਸੁਰਿੰਦਰ ਸਿੰਘ ਸੁਨੱੜ ਅਤੇ ਸ੍ਰੀ ਜਸਪਾਲ ਘਈ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। 
ਡਾ. ਲਖਵਿੰਦਰ ਸਿੰਘ ਜੌਹਲ ਸਰਪ੍ਰਸਤ ਲੋਕ ਮੰਚ ਪੰਜਾਬ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਆਖਦਿਆਂ ਹਰਮੀਤ ਵਿਦਿਆਰਥੀ ਦੀ ਕਵਿਤਾ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਵਿਦਿਆਰਥੀ ਸਾਡਾ ਨਿਰੰਤਰ ਲਿਖਣ ਵਾਲਾ ਸ਼ਾਇਰ ਹੈ। ਹਰਮੀਤ ਵਿਦਿਆਰਥੀ ਨੇ ਆਪਣੀਆਂ ਚੋਣੀਂਦਾ ਕਵਿਤਾਵਾਂ ਦਾ ਪਾਠ ਕਰਦਿਆਂ ਮਾਹੌਲ ਨੂੰ ਕਾਵਿਕ ਬਣਾਇਆਂ ਤੇ ਸਰੋਤਿਆਂ ਦਾ ਭਰਵਾਂ ਹੁੰਗਰਾ ਪ੍ਰਾਪਤ ਕੀਤਾ।

ਡਾ.ਗੁਰਇਕਬਾਲ ਸਿੰਘ ਨੇ ਜ਼ਰਦ ਰੁੱਤ ਦਾ ਹਲਫ਼ੀਆਂ ਬਿਆਨ ਬਾਰੇ ਪੇਪਰ ਪੜ੍ਹਦਿਆਂ ਕਿਹਾ ਕਿ ਹਰਮੀਤ ਵਿਦਿਆਰਥੀ ਦੀ ਕਵਿਤਾ ਸਥਾਪਤੀ ਅਤੇ ਵਿਸਥਾਪਤੀ ਦੇ ਵਿਰੋਧ ਦੀ ਕਵਿਤਾ ਹੈ ਜਿਸ ਵਿਚ ਨਾਬਰੀ ਦੀ ਸੁਰ ਪ੍ਰਗਟ ਹੁੰਦੀ ਹੈ। ਉਨ੍ਹਾਂ ਕਿਹਾ ਕਿ ਹਰਮੀਤ ਵਿਦਿਆਰਥੀ ਆਪਣੀ ਸ਼ਾਇਰੀ ਵਿਚ ਸਵੈ ਚੇਤੰਨ ਹੋ ਕੇ ਸਮਾਜਕ ਸਰੋਕਾਰਾਂ ਨੂੰ ਚਿੰਤਨ ਰਾਹੀਂ ਸਮਝ ਕੇ ਅਮਲ ਵਿਚ ਢਾਲਣ ਦੇ ਜਤਨ ਵਿਚ ਹੈ ਤੇ ਆਪਣੇ ਵਿਚਾਰਾਂ ਨੂੰ ਤਨਜ਼, ਬੇਲਿਹਾਜ਼ੀ ਤੇ ਬੇਬਾਕੀ ਨਾਲ
ਪੇਸ਼ ਕਰਦਾ ਹੈ।   

ਡਾ. ਉਮਿੰਦਰ ਸਿੰਘ ਜੌਹਲ ਨੇ ਆਪਣੇ ਪੇਪਰ ਵਿਚ ਦੱਸਿਆ ਕਿ ਸਮੁੱਚੀ ਪੰਜਾਬੀ ਕਵਿਤਾ ਵਿਚ ਹਰਮੀਤ ਵਿਦਿਆਰਥੀ ਦੀ ਸ਼ਾਇਰੀ ਸਾਡੇ ਸਮਾਜ ਵਿਚ ਦੰਭ, ਪਾਖੰਡ, ਸ਼ੋਸਣ ਆਦਿ ਨੂੰ ਕਟਹਿਰੇ ਵਿਚ ਖੜ੍ਹਾ ਕਰਦੀ ਪ੍ਰਵਚਨੀ ਸੰਘਰਸ਼ ਤੋਂ ਅੱਗੇ ਵੱਧ ਕੇ ਸਾਹਿਤ ਨੂੰ ਕਰਮ ਨਾਲ ਜੋੜਦੀ ਹੈ।

ਡਾ.ਸੁਰਜੀਤ ਸਿੰਘ ਪਾਤਰ ਨੇ ਪ੍ਰਧਾਨਗੀ ਭਾਸ਼ਣ ਦਿੰਦਿਆ ਕਿਹਾ ਕਿ ਬਾਬਾ ਫ਼ਰੀਦ ਜੀ ਅਤੇ ਗੁਰੂ ਨਾਨਕ ਸਾਹਿਬ ਦੀ ਬਾਣੀ ਵੀ ਸਥਾਪਤੀ ਵਿਰੁੱਧ ਨਾਬਰੀ ਵਾਲੀ ਸੁਰ ਅਪਣਾਉਂਦੀ ਅਵਾਮ ਨੂੰ ਜਾਗਰਤ ਕਰਕੇ ਸੰਘਰਸ਼ ਵੱਲ ਤੋਰਦੀ ਹੈ। ਇਸੇ ਤਰ੍ਹਾਂ ਪ੍ਰੋ.ਪੂਰਨ ਸਿੰਘ ਅਤੇ ਪ੍ਰੋ.ਮੋਹਨ ਸਿੰਘ ਆਪਣੇ ਢੰਗ ਨਾਲ ਇਸ ਦਾ ਪ੍ਰਗਟਾਵਾ ਕਰਦੇ ਹਨ। ਹਰਮੀਤ ਦੀ ਸ਼ਾਇਰੀ ਸਮਾਜਕ
ਸਰੋਕਾਰਾਂ ਨਾਲ ਵਾਬਸਤਾ ਹੈ। ਜਿਹੜੀ ਸਮਾਜ ਵਿਚਲੀਆਂ ਅਣਮਨੁੱਖੀ ਸਥਿਤੀਆਂ ਨੂੰ ਸਥਾਪਤੀ ਅਤੇ ਮੌਜੂਦਾ ਸ਼ਾਇਰੀ ਦੇ ਪ੍ਰਸੰਗ ਵਿਚ ਬੇਬਾਕ ਜ਼ੁਬਾਨ ਪ੍ਰਦਾਨ ਕਰਦੀ ਹੈ। ਪ੍ਰੋ. ਗੁਰਭਜਨ ਸਿੰਘ ਗਿੱਲ ਹੋਰਾਂ ਨੇ ਹਰਮੀਤ ਵਿਦਿਆਰਥੀ ਨੂੰ ਉਸ ਦੀ ਸਾਰਥਿਕ ਤੇ ਮੁੱਲਵਾਨ ਸ਼ਾਇਰੀ ਲਈ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਉਸ ਦੀ ਸ਼ਾਇਰੀ ਨਿਮਨ ਵਰਗ ਤੇ ਨਿਮਨ ਮੱਧ ਵਰਗ ਦੇ ਮਸਲਿਆਂ ਨੂੰ ਬੜੇ ਸਰਲ, ਸਪਸ਼ਟ ਤੇ ਅਰਥ ਪੂਰਨਢੰਗ ਨਾਲ ਪੇਸ਼ ਕਰਦੀ ਹੈ।

ਪ੍ਰੋ.ਜਸਪਾਲ ਘਈ ਨੇ ਹਰਮੀਤ ਵਿਦਿਆਰਥੀ ਦੀ ਸ਼ਾਇਰੀ ਦੀਆਂ ਕਾਵਿਕ ਜੁਗਤਾਂ ਬਾਰੇ ਵਿਸਤਾਰਪੂਰਵਕ ਦੱਸਦਿਆਂ ਕਿਹਾ ਕਿ ਉਸ ਦੀ ਕਵਿਤਾ ਵਿਚ ਤਨਜ਼, ਵਿਅੰਗ, ਕਟਾਕਸ਼, ਵਿਰੋਧੀ ਸਥਿਤੀਆਂ ਅਤੇ ਵਿਰੋਧੀ ਪ੍ਰਵਚਨਾਂ ਦੇ ਪ੍ਰਸੰਗ ਨੂੰ ਉਭਾਰਦਿਆਂ ਆਪਣੀ ਗੱਲ ਕਹਿਣ ਵਿਚ ਸਫ਼ਲਤਾ ਹਾਸਲ ਕੀਤੀ ਹੈ।

ਹੋਰਾਂ ਤੋਂ ਇਲਾਵਾ ਸਮਾਗਮ ਵਿਚ ਸ੍ਰੀ ਗੁਰਤੇਜ ਕੁਹਾਰਵਾਲਾ, ਸਵਰਨਜੀਤ ਸਵੀ, ਸੁਰਿੰਦਰ ਖੰਨਾ, ਜਸਵੰਤ ਜ਼ਫ਼ਰ, ਗੁਰਮੀਤ ਕੜਿਆਲਵੀ, ਸ਼ਬਦੀਸ਼, ਪ੍ਰੋ.ਕੁਲਦੀਪ, ਰਾਜੀਵ ਖ਼ਿਆਲ, ਮੁਕੇਸ਼ ਆਲਮ, ਪ੍ਰੋ.ਰਵਿੰਦਰ ਭੱਲਠ, ਸੁਖਜਿੰਦਰ, ਸੁਰਿੰਦਰ ਕੰਬੋਜ਼, ਡਾ.ਚਰਨਦੀਪ ਸਿੰਘ, ਸ੍ਰੀ ਨਿਰਮਲ ਜੌੜਾ, ਤਰਸੇਮ ਨੂਰ, ਸ੍ਰੀ ਰਾਮ ਸਿੰਘ, ਦੀਪ ਜਗਦੀਪ, ਸੁਮਿਤ ਗੁਲਾਟੀ, ਰਵੀ ਰਵਿੰਦਰ, ਸਹਿਜਪ੍ਰੀਤ ਮਾਂਗਟ, ਪ੍ਰਭਜੋਤ ਸੋਹੀ, ਪਾਲੀ ਖਾਦਿਮ, ਡਾ.ਗੁਰਚਰਨ ਕੌਰ ਕੋਚਰ, ਜਸਪ੍ਰੀਤ ਅਮਲਤਾਸ, ਮਨਿੰਦਰ ਮਨ, ਜਤਿੰਦਰ ਗਿੱਲ ਸੰਧੂ, ਰਾਜਜੀਪ ਤੂਰ, ਜੋਗਿੰਦਰ ਨੂਰਮੀਤ, ਅਮਨ, ਕੇ.ਸਾਧੂ ਸਿੰਘ, ਸੁਖਵਿੰਦਰ ਅਨਹਦ, ਰਕੇਸ਼ ਤੇਜ਼ਪਾਲ ਜਾਨੀ ਸਮੇਤ ਬਹੁਤ ਸਾਰੇ ਸਾਹਿਤ ਪ੍ਰੇਮੀਆਂ ਨੇ ਪੁਸਤਕ ਬਾਰੇ ਹੋਈ ਵਿਚਾਰ ਚਰਚਾ ਨੂੰ ਗੰਭੀਰਤਾ ਨਾਲ ਸੁਣਿਆ। ਸਮਾਗਮ ਦੀ ਕਾਰਵਾਈ ਨੂੰ ਸੰਚਾਲਕ ਡਾ.ਹਰਜਿੰਦਰ ਸਿੰਘ ਅਟਵਾਲ ਨੇ ਬਾਖ਼ੂਬੀ ਨਿਭਾਇਆ। 
ਲੋਕ ਮੰਚ ਪੰਜਾਬ ਦੇ ਪ੍ਰਧਾਨ ਸੁਰਿੰਦਰ ਸਿੰਘ ਸੁੱਨੜ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਯਕੀਨ ਦਿਵਾਇਆ ਕਿ ਕਿਸੇ ਵੀ ਕਿਸਮ ਦੀ ਸਾਹਿਤਕ ਸਰਗਰਮੀ ਲਈ ਅਦਾਰਾ ਲੋਕ ਮੰਚ ਪੰਜਾਬ ਦਾ ਸਹਿਯੋਗ ਹਰ ਵੇਲੇ ਹਾਜ਼ਰ ਰਹੇਗਾ।