google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: ਪੰਜਾਬੀ ਸਾਹਿਤ ਅਕਾਡਮੀ ਵਲੋਂ ਸਾਹਿਤਿਕ ਸਮਾਗਮ 26 ਜੂਨ ਨੂੰ

Tuesday 21 June 2022

ਪੰਜਾਬੀ ਸਾਹਿਤ ਅਕਾਡਮੀ ਵਲੋਂ ਸਾਹਿਤਿਕ ਸਮਾਗਮ 26 ਜੂਨ ਨੂੰ

 ਮਿੰਨੀ ਕਹਾਣੀ ਪਾਠ ਤੇ ਵਿਸ਼ਲੇਸ਼ਣ ਵਿਸ਼ੇ 'ਤੇ ਚਰਚਾ ਵੀ 


ਲੁਧਿਆਣਾ
: 20 ਜੂਨ 2022: (ਸਾਹਿਤ ਸਕਰੀਨ ਡੈਸਕ):: 

ਜਦੋਂ ਸੰਨ 1975 ਵਿੱਚ ਐਮਰਜੰਸੀ ਲੱਗੀ ਤਾਂ ਉਸ ਵੇਲੇ ਬਹੁਤ ਸਾਰੀਆਂ ਜ਼ਾਹਰਾ ਪਾਬੰਦੀਆਂ ਲਗਾਈਆਂ ਗਈਆਂ ਸਨ ਜਿਹੜੀਆਂ ਸਭਨਾਂ ਨੂੰ ਸਪਸ਼ਟ ਨਜ਼ਰ ਵੀ ਆਉਂਦੀਆਂ ਸਨ। ਉਦੋਂ ਕਿਸੇ ਵੀ ਤਰ੍ਹਾਂ ਅੱਜ  ਵਾਲੀ ਸਥਿਤੀ ਨਹੀਂ ਸੀ ਕਿਓਂਕਿ ਉਸ ਵੇਲੇ ਕੋਈ ਅਣਐਲਾਨੀ ਨਹੀਂ ਬਲਕਿ ਐਲਾਨੀ ਹੋਈ ਸਪਸ਼ਟ ਐਮਰਜੰਸੀ ਸੀ।
 
ਇਸ ਨੰਗੀ ਚਿੱਟੀ ਐਮਰਜੰਸੀ ਦੀਆਂ ਸਾਰੀਆਂ ਪਾਬੰਦੀਆਂ ਦੇ ਖਿਲਾਫ ਜੇ ਕੋਈ ਨਿਰੰਤਰ ਲੜਿਆ ਤਾਂ ਉਹ ਪੰਜਾਬੀ ਅਤੇ ਹਿੰਦੀ ਦੇ ਸਾਹਿਤਕਾਰ ਹੀ ਸਨ ਜਿਹਨਾਂ ਨੇ ਮੁਕੰਮਲ ਸ਼ਾਂਤਮਈ ਰਹਿੰਦਿਆਂ ਇਸ ਆਵਾਜ਼ ਬੰਦੀ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕੀਤੀ। ਇਹ ਆਵਾਜ਼ ਇੱਕ ਧਰਮ ਦੀ ਅਵਾਜ਼ ਵਾਂਗ ਨਿਕਲੀ। ਕੁਝ ਵੱਡੀਆਂ ਅਖਬਾਰਾਂ ਨੇ ਖੁੱਲ੍ਹ ਕੇ ਐਮਰਜੰਸੀ ਦੇ ਹੱਕ ਵਿਚ ਵੀ ਸਟੈਂਡ ਲਿਆ ਪਰ ਅਣੂ ਵਰਗੇ ਨਿੱਕੇ ਪਰਚਿਆਂ ਨੇ ਉਦੋਂ ਵੀ ਵੱਡਾ ਰੋਲ ਅਦਾ ਕੀਤਾ।

ਦਿਲਚਸਪ ਗੱਲ ਇਹ ਹੈ ਕਿ ਇਹ ਸਾਹਿਤਕਾਰ ਲੋਕ ਕਿਸੇ ਕੁਰਸੀ ਜਾਂ ਸੱਤਾ ਦੇ ਸਵਾਰਥ ਨੂੰ ਸਾਹਮਣੇ ਰੱਖ ਕੇ ਨਹੀਂ ਸਨ ਲੜ ਰਹੇ। ਇਹਨਾਂ ਨੇ ਕੋਈ ਕਾਉੰਸਿਲਰ, ਐਮ ਐਲ ਏ ਜਾਂ ਐਮ ਪੀ ਨਹੀਂ ਸੀ ਬਣਨਾ .ਉਸ ਵੇਲੇ ਇਸ ਕਿਸਮ ਦੀ ਦੌੜ ਵਾਲੇ ਲਾਲਚ ਆਮ ਨਹੀਂ ਸਨ ਹੋਏ। ਸਾਹਿਤਕਾਰ ਅਕਸਰ ਦਿਲ ਦੇ ਜਜ਼ਬਾਤੀ ਹੁੰਦੇ ਹਨ ਉਹਨਾਂ ਨੇ ਉਦੋਂ ਵੀ ਐਮਰਜੰਸੀ ਦੇ ਖਿਲਾਫ ਲਗਾਤਾਰ ਲਿਖਿਆ ਅਤੇ ਬਹੁਤ ਕੁਝ ਲਿਖਿਆ। ਉਹ ਇਹ ਵੀ ਭੁੱਲ ਗਏ ਕਿ ਸਿਆਸਤ ਵਾਲੇ ਲੋਕ ਦਿਲ ਦੀ ਨਹੀਂ ਸੁਣਦੇ ਉਹ ਦਿਮਾਗ ਨਾਲ ਚਲਦੇ ਹਨ। ਇਹੀ ਹੁੰਦੀ ਹੈ ਰਾਜਨੀਤੀ। ਐਮਰਜੰਸੀ ਦੇ ਖਿਲਾਫ ਲਿਖਣ ਵਾਲੇ ਕੋਈ ਕਾਂਗਰਸ ਪਾਰਟੀ ਦੇ ਵਿਰੋਧੀ ਨਹੀਂ ਸਨ ਪਰ ਉਹਨਾਂ ਦੀਆਂ ਲਿਖਤਾਂ ਦਾ ਫਾਇਦਾ ਜ਼ਰੂਰ ਕਾਂਗਰਸ ਨੂੰ ਹੋਇਆ। ਅੱਜ ਤੱਕ ਹੁੰਦਾ ਚਲਿਆ ਆ ਰਿਹਾ ਹੈ। 

ਇਸ ਤਰ੍ਹਾਂ ਕਾਂਗਰਸ ਦੇ ਵਿਰੋਧੀਆਂ ਨੇ ਇਹਨਾਂ ਸਭਨਾਂ ਦੀਆਂ ਲਿਖਤਾਂ ਨੂੰ ਰੱਜ ਕੇ ਸਲਾਹਿਆ ਅਤੇ ਅਪਣਾਇਆ ਵੀ। ਸ਼ਾਇਦ ਜਾਣੇ ਅਣਜਾਣੇ ਵਿਚ ਉਸ ਵੇਲੇ ਦੀ ਸਾਹਿਤਕਾਰੀ ਕਾਂਗਰਸ ਦਾ ਵਿਰੋਧ ਕਰਨ ਵਾਲੀਆਂ ਧਿਰਾਂ ਦੀ ਗੋਦੀ ਵਿਚ ਚਲੀ ਗਈ ਸੀ। ਅੱਜ ਤੱਕ ਵੀ ਇਹ ਰੁਝਾਣ ਜਾਰੀ ਹੈ। ਅਤੀਤ ਦੀ ਗੱਲ ਹੋ ਚੁੱਕੀ ਉਸ ਐਮਰਜੰਸੀ 'ਤੇ ਅੱਜ ਤੱਕ ਉਸ ਵੇਲੇ ਲਿਖੀਆਂ ਗਈਆਂ ਇਹਨਾਂ ਲਿਖਤਾਂ ਦੇ ਹਵਾਲਿਆਂ ਨਾਲ ਵਾਰ ਕੀਤੇ ਜਾਂਦੇ ਹਨ। 

ਡਾਕਟਰ ਗੁਲਜ਼ਾਰ ਪੰਧੇਰ ਵਰਗੇ ਜਿਹੜੇ ਸਾਹਿਤਕਾਰ ਉਸ ਵੇਲੇ ਹੀ ਫਾਸ਼ੀਵਾਦ ਦੇ ਆਉਣ ਵਾਲੇ ਖਤਰਿਆਂ ਨੂੰ ਭਾਂਪ ਰਹੇ ਸਨ ਉਹਨਾਂ ਨੇ ਵੀ ਇਹਨਾਂ ਲਿਖਤਾਂ ਵਾਲੇ ਕਲਮਕਾਰਾਂ ਨੂੰ ਵਰਜਣ ਦਾ ਕੋਈ ਉਪਰਾਲਾ ਨਾ ਕੀਤਾ ਕਿਓਂਕਿ ਵਰਜਣਾ ਹੈ ਈ ਨਾਮੁਮਕਿਨ ਸੀ। ਜਿਹੜੇ ਸਿਆਸੀ ਲੋਕ ਅਤੇ ਸਾਹਿਤ ਨਾਲ ਜੁੜੇ ਲੋਕ ਐਮਰਜੰਸੀ ਦੀਆਂ ਖੂਬੀਆਂ ਨੂੰ ਦੇਖ ਵੀ ਰਹੇ ਸਨ ਉਹ ਵੀ ਇੱਕ ਪਾਸੇ ਅਟੰਕ ਜਿਹੇ ਬਣੇ ਹੋਏ ਸਨ। ਐਮਰਜੰਸੀ ਦੇ ਖਿਲਾਫ ਚੱਲੀ ਉਸ ਹਨੇਰੀ ਦੇ ਸਾਹਮਣੇ ਕੋਈ ਨਹੀਂ ਸੀ ਆਉਣਾ ਚਾਹੁੰਦਾ। 

ਇਸ ਲਈ  ਡਾਕਟਰ ਗੁਲਜ਼ਾਰ ਪੰਧੇਰ ਵਰਗੇ ਦੂਰਅੰਦੇਸ਼ ਬੁਧੀਜੀਵੀ ਉਸ ਐਮਰਜੰਸੀ ਵੇਲੇ ਜਿਹਨਾਂ ਖਤਰਿਆਂ ਨੂੰ ਭਾਂਪ ਰਹੇ ਸਨ ਉਹਨਾਂ ਵਿਚ ਇੱਕ ਖਤਰਾ ਅੱਜ ਲੱਗੀ ਹੋਈ ਅਣ ਐਲਾਨੀ ਐਮਰਜੰਸੀ ਦਾ ਖਤਰਾ ਵੀ ਸ਼ਾਮਲ ਸੀ। ਦੇਸ਼ ਨੂੰ ਪੂਰੇ ਯੋਜਨਾਬੱਧ ਢੰਗ ਨਾਲ ਕਾਰਪੋਰੇਟਾਂ ਕੋਲ ਵੇਚਣ ਦਾ ਖਤਰਾ ਵੀ ਸ਼ਾਮਲ ਸੀ। ਪਹਿਲਾਂ ਅੱਤਵਾਦ ਅਤੇ ਹੁਣ ਗੈਂਗਸਟਰਵਾਦ ਦੀ ਦਹਿਸ਼ਤ ਵਾਲਾ ਵਾਲਾ ਖਤਰਾ ਵੀ ਸ਼ਾਮਲ ਸੀ। 

ਸ਼ਾਇਰ ਲਾਲ ਸਿੰਘ ਦਿਲ ਫਾਈਲ ਫੋਟੋ 
ਅਫਸੋਸ ਕਿ ਉਸ ਵੇਲੇ ਵੀ
ਇਸ  ਸਬੰਧੀ ਆਵਾਜ਼ ਓਨੀ ਨਹੀਂ ਉੱਠੀ ਜਿੰਨੀ ਕੁ ਉਠਣੀ ਚਾਹੀਦੀ ਸੀ। ਅੱਜ ਜਦੋਂ ਕਿ ਸਾਰੇ ਹੀ ਵੱਡੇ ਖਤਰੇ ਸਭਨਾਂ ਦੇ ਸਾਹਮਣੇ ਆ ਚੁੱਕੇ ਹਨ ਉਦੋਂ ਵੀ ਜੇ ਗੱਲ ਹੁੰਦੀ ਹੈ ਤਾਂ ਇੰਦਰਾ ਗਾਂਧੀ ਵਾਲੀ ਐਮਰਜੰਸੀ ਦੀ ਹੀ ਜ਼ਿਆਦਾ ਹੁੰਦੀ ਹੈ। ਉਸ ਤੋਂ ਬਾਅਦ ਲੱਗੀਆਂ ਪਾਬੰਦੀਆਂ ਅਤੇ ਕਾਨੂੰਨਾਂ ਦੀ ਨਹੀਂ ਹੁੰਦੀ। ਇਹ ਇੱਕ ਰੁਝਾਨ ਬਣ ਚੁੱਕਿਆ ਹੈ ਜਿਹੜਾ ਲਗਾਤਾਰ ਜਾਰੀ ਹੈ। ਜਿਵੇਂ 15 ਅਗਸਤ ਨੂੰ ਹੋਣ ਵਾਲਾ ਹਰ ਸਮਾਗਮ 15 ਅਗਸਤ ਨਾਲ ਸਬੰਧਤ ਲੱਗਦਾ ਹੈ ਅਤੇ 26 ਜਨਵਰੀ ਨੂੰ ਹੋਣ ਵਾਲਾ ਹਰ ਸਮਾਗਮ 26 ਜਨਵਰੀ ਨੂੰ ਸਮਰਪਿਤ ਲੱਗਦਾ ਹੈ ਉਸੇ ਤਰ੍ਹਾਂ ਇਸ ਸੋਚ ਵਾਲਾ ਰੁਝਾਨ ਵੀ  ਭਾਰੂ ਹੈ। 

ਇਸੇ ਰੁਝਾਨ ਅਧੀਨ ਇੱਕ ਸਾਹਿਤਿਕ ਸਮਾਗਮ 26 ਜੂਨ ਨੂੰ ਪੰਜਾਬੀ ਭਵਨ ਵਿਚ ਹੋ ਰਿਹਾ ਹੈ। ਉਹੀ 26 ਜੂਨ ਜਿਸ ਦਿਨ ਬਹੁਤ ਸਾਰੇ ਸੰਗਠਨ ਅਤੇ ਬਹੁਤ ਸਾਰੇ ਲੋਕ ਰਵਾਇਤ ਮੁਤਾਬਿਕ ਐਮਰਜੰਸੀ ਵਿਰੋਧੀ ਦਿਵਸ ਵੀ ਮਨਾ ਰਹੇ ਹਨ। ਉਸ ਕਾਲੇ ਦਿਨਾਂ ਦੇ ਕਾਲੇ ਦੌਰ ਨੂੰ ਯਾਦ ਵੀ ਕਰ ਰਹੇ ਹਨ। ਇਸ ਤਰ੍ਹਾਂ 26 ਜੂਨ ਨੂੰ ਬਹੁਤ ਕੁਝ ਹੋਣਾ ਹੈ। ਬਹੁਤ ਸਾਰੇ ਆਯੋਜਨ ਹੋਣੇ ਹਨ। ਪਤਾ ਨਹੀਂ ਪੰਜਾਬੀ ਭਵਨ ਵਿਚ 26 ਜੂਨ ਨੂੰ ਹੋਣ ਵਾਲਾ ਇਹ ਆਯੋਜਨ ਐਮਰਜੰਸੀ ਦੇ ਉਸ ਕਾਲੇ ਦੌਰ ਦੀ ਵਿਰੋਧਤਾ ਲਈ ਹੋਣਾ ਹੈ ਜਾਂ ਉਂਝ ਹੀ 26 ਜੂਨ ਦਾ ਦਿਨ ਪ੍ਰਬੰਧਕਾਂ ਨੂੰ ਚੰਗਾ ਲੱਗਿਆ ਅਤੇ ਇਹ ਦਿਨ ਇੱਕ ਇਤਫ਼ਾਕ ਬਣ ਗਿਆ ਹੈ। ਗੱਲ ਕੁਝ ਵੀ ਹੋਵੇ ਪਰ ਸਮੇਂ ਦੇ ਸੱਚ ਦੀ ਆਸ ਉਦੋਂ ਵੀ ਸਾਹਿਤਕਾਰਾਂ ਕੋਲੋਂ ਹੀ ਸੀ ਅਤੇ ਹੁਣ ਵੀ ਇਸ ਵੇਲੇ ਵੀ ਦੇ ਸਾਹਿਤਕਾਰਾਂ ਕੋਲੋਂ ਹੀ ਬੱਚੀ ਹੈ। ਗੋਦੀ ਮੀਡੀਆ ਦੇ ਇਸ ਨਾਜ਼ੁਕ ਜਿਹੇ ਦੌਰ ਵਿਚ ਲੇਖਕਾਂ ਤੋਂ ਲੋਕ ਉਮੀਦਾਂ ਲਗਾ ਕੇ ਬੈਠੇ ਹੈਂ। ਜਸਵੰਤ ਸਿੰਘ ਕੰਵਲ, ਵਰਿਆਮ ਸੰਧੂ, ਪਾਸ਼, ਲਾਲ ਸਿੰਘ ਦਿਲ, ਸੰਤ ਰਾਮ ਉਦਾਸੀ, ਸੁਰਜੀਤ ਪਾਤਰ ਅਤੇ ਹੋਰ ਬਹੁਤ ਸਾਰੇ ਸਨਮਾਨ ਯੋਗ ਲੇਖਕਾਂ ਵਾਂਗ ਅੱਜ ਦੇ ਲੇਖਕਾਂ ਕੋਲੋਂ ਵੀ ਆਮ ਜਨਤਾ ਨੂੰ ਬਹੁਤ ਉਮੀਦਾਂ ਹਨ। ਮਿੱਤਰ ਸੈਨ ਮੀਤ ਹੁਰਾਂ ਵੱਲੋਂ ਐਵਾਰਡਾਂ ਦਾ ਮਾਮਲਾ ਬੇਨਕਾਬ ਕੀਤੇ ਜਾਣ ਦੇ ਬਾਵਜੂਦ ਲੋਕਾਂ ਨੂੰ ਬਹੁਤ ਉਮੀਦਾਂ ਹਨ। 

ਇਸ ਆਯੋਜਨ ਦੇ ਮਿਲੇ ਵੇਰਵੇ ਮੁਤਾਬਿਕ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ 'ਮਿੰਨੀ ਕਹਾਣੀ ਪਾਠ ਤੇ ਵਿਸ਼ਲੇਸ਼ਣ' ਵਿਸ਼ੇ 'ਤੇ 26 ਜੂਨ, 2022 ਨੂੰ ਸਵੇਰੇ 10 ਵਜੇ ਪੰਜਾਬੀ ਭਵਨ, ਲੁਧਿਆਣਾ ਵਿਖੇ ਸਮਾਗਮ ਦਾ ਆਯੋਜਿਨ ਕੀਤਾ ਜਾ ਰਿਹਾ ਹੈ ਜਿਸ ਵਿਚ ਕੈਨੇਡਾ ਨਿਵਾਸੀ ਸ.ਰਵਿੰਦਰ ਸਿੰਘ ਕੰਗ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਪੁੱਜ ਰਹੇ ਹਨ।

ਮਿੰਨੀ ਕਹਾਣੀ ਪਾਠ ਤੇ ਵਿਸ਼ਲੇਸ਼ਣ ਪ੍ਰੋਗਰਾਮ ਦੇ ਇੰਚਾਰਜ ਡਾ.ਸ਼ਿਆਮ ਸੁੰਦਰ ਦੀਪਤੀ ਨੇ ਇਸ ਪ੍ਰੋਗਰਾਮ ਦਾ ਬਿਉਰਾ ਦਿੰਦੇ ਹੋਏ ਦੱਸਿਆਂ ਕਿ ਪੰਜਾਬ ਤੇ ਪੰਜਾਬ ਤੋਂ ਬਾਹਰੋਂ ਪੰਜਾਬੀ ਵਿਚ ਮਿੰਨੀ ਕਹਾਣੀ ਲਿਖਣ ਵਾਲੇ ਬਹੁਤ ਸਾਰੇ ਲੇਖਕ ਇਸ ਵਿਚ ਪੁੱਜ ਰਹੇ ਹਨ ਜਿਨ੍ਹਾਂ ਵਿਚ ਹਰਭਜਨ ਸਿੰਘ ਖੇਮਕਰਨੀ, ਸ਼ਿਆਮ ਸੁੰਦਰ ਅਗਰਵਾਲ, ਬਿਕਰਮ ਜੀਤ ਨੂਰ, ਨਿਰੰਜਨ ਬੋਹਾ, ਜਸਵੀਰ ਢੰਡ, ਡਾ.ਨਾਇਬ ਸਿੰਘ ਮੰਡੇਰ, ਡਾ.ਕਰਮਜੀਤ ਸਿੰਘ ਨਡਾਲਾ, ਦਰਸ਼ਨ ਬਰੇਟਾਂ, ਜਗਦੀਸ਼ ਰਾਏ ਕੁਲਰੀਆਂ, ਹਰਪ੍ਰੀਤ ਸਿੰਘ ਰਾਣਾ, ਸਤਪਾਲ ਖੁੱਲਾ, ਵਿਵੇਕ, ਕਰਮਵੀਰ ਸਿੰਘ ਸੂਰੀ, ਕੁਲਵਿੰਦਰ ਕੌਸ਼ਲ, ਗੁਰਸੇਵਕ ਸਿੰਘ ਰੌੜਨੀ, ਸੀਮਾ ਵਰਮਾ, ਸੁਖਦਰਸ਼ਨ ਗਰਗ, ਬੀਰਇੰਦਰ ਬਨਭੌਰੀ, ਰਣਜੀਤ ਆਜ਼ਾਦ ਕਾਂਝਲਾ, ਗੁਰਪ੍ਰੀਤ ਕੌਰ, ਮਹਿੰਦਰਪਾਲ ਅਤੇ ਸੁਰਿੰਦਰਦੀਪ ਆਦਿ ਨਾਮ ਸ਼ਾਮਲ ਹਨ।

ਇਸ ਸਮਾਗਮ ਦੇ ਕਨਵੀਨਰ ਸੁਰਿੰਦਰ ਕੈਲੇ ਹੋਰਾਂ ਦੱਸਿਆਂ ਕਿ ਇਸ ਪ੍ਰੋਗਰਾਮ ਨੂੰ ਦੋ ਹਿੱਸਿਆਂ ਵਿਚ ਵੰਡਿਆਂ ਗਿਆ ਹੈ–ਪਹਿਲੇ ਹਿੱਸੇ ਵਿਚ ਮਿੰਨੀ ਕਹਾਣੀ ਲੇਖਕ ਆਪਣੀਆਂ ਕਹਾਣੀਆਂ ਦਾ ਪਾਠ ਕਰਨਗੇ ਅਤੇ ਦੂਜੇ ਹਿੱਸੇ ਵਿਚ ਦੋ ਵਿਸ਼ੇਸ਼ਗ ਡਾ. ਕੁਲਦੀਪ ਸਿੰਘ ਦੀਪ ਅਤੇ ਪ੍ਰੋ. ਗੁਰਦੀਪ ਸਿੰਘ ਢਿੱਲੋਂ ਪੜ੍ਹੀਆਂ ਗਈਆਂ ਕਹਾਣੀਆਂ ਦੇ ਵਿਸ਼ਲੇਸ਼ਣ ਕਰਨਗੇ। ਇਸ ਸਮਾਗਮ ਵਿਚ ਮਿੰਨੀ ਕਹਾਣੀ ਸੰਗ੍ਰਹਿ 'ਇਕ ਮੋਰਚਾ ਇਹ ਵੀ' ਸੰਪਾਦਿਕਾ ਸਤਿੰਦਰ ਕੌਰ ਕਾਹਲੋਂ ਦਾ ਲੋਕ ਅਰਪਣ ਕੀਤਾ ਜਾਏਗਾ ਅਤੇ ਨਾਲ ਹੀ 'ਅਣੂ' ਦੇ ਸਤੰਬਰ 22 ਅੰਕ ਨੂੰ ਵੀ ਲੋਕ ਅਰਪਣ ਕੀਤਾ ਜਾਏਗਾ।

ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਡਾ.ਲਖਵਿੰਦਰ ਸਿੰਘ ਜੌਹਲ ਹੋਰਾਂ ਦੱਸਿਆਂ ਕਿ ਅਕਾਡਮੀ ਵਲੋਂ ਕਵਿਤਾ, ਕਹਾਣੀ, ਨਾਟਕ, ਕੋਮਲ ਕਲਾਵਾਂ ਆਦਿ 'ਤੇ ਵਰਕਸ਼ਾਪ ਤੇ ਸੈਮੀਨਾਰ ਦਾ ਆਯੋਜਿਨ ਵੀ ਆਉਣ ਵਾਲੇ ਸਮੇਂ ਵਿਚ ਯੋਜਨਾਬੱਧ ਕੀਤਾ ਗਿਆ ਹੈ।

ਸਮੂਹ ਅਹੁਦੇਦਾਰਾਂ ਵਲੋਂ ਅਤੇ ਪ੍ਰਬੰਧਕੀ ਬੋਰਡ ਦੇ ਮੈਂਬਰਾਂ ਵਲੋਂ ਇਸ ਸਮਾਗਮ ਵਿਚ ਸ਼ਾਮੂਲੀਅਤ ਲਈ ਸਾਹਿਤ ਪ੍ਰੇਮੀਆਂ ਨੂੰ ਖੁਲ੍ਹਾ ਸੱਦਾ ਹੈ ਕਿ ਉਹ ਵੱਧ ਚੜ੍ਹ ਕੇ ਇਸ ਪ੍ਰੋਗਰਾਮ ਦੀ ਰੌਣਕ ਨੂੰ ਵਧਾਉਣ। ਹੁਣ ਦੇਖਣਾ ਹੈ ਕਿ ਉਸ ਵੇਲੇ ਜੂਨ 1975 ਵਾਲੀ ਐਮਰਜੰਸੀ ਦੇ ਖਿਲਾਫ ਲਗਾਤਾਰ ਬੇਖੌਫ ਹੋ ਕੇ ਲਿਖਣ ਵਾਲੇ ਸਾਹਿਤਕਾਰ ਹੁਣ ਨਵੀਆਂ ਸਥਿਤੀਆਂ ਵਿਚ ਵੀ ਆਪਣੇ ਪੁਰਾਣੇ ਰਿਕਾਰਡਾਂ ਨੂੰ ਤੋੜ ਸਕਣ ਵਿਚ ਕਾਮਯਾਬ ਰਹਿੰਦੇ ਹਨ ਜਾਂ ਨਹੀਂ। ਹੁਣ ਦੀਆਂ ਸਥਿਤੀਆਂ ਜ਼ਿਆਦਾ ਨਾਜ਼ੁਕ ਅਤੇ ਗੰਭੀਰ ਹਨ। ਜੂਨ 1975 ਵਾਲੀ ਐਮਰਜੰਸੀ ਦਾ ਵਿਰੋਧ ਕਰਦੇ ਕਰਦੇ ਕਿਧਰੇ ਜਾਣੇ ਅਣਜਾਣੇ ਵਿੱਚ 2014 ਮਗਰੋਂ ਪੈਦਾ ਹੋਈਆਂ ਸਥਿਤੀਆਂ ਨੂੰ ਭੁੱਲ ਨਾ ਜਾਈਏ। 

ਲੋਕ ਨਾਇਕ ਜੈ ਪ੍ਰਕਾਸ਼ ਨਾਰਾਇਣ ਦੇ ਨਾਲ ਨਾਲ ਅੱਜ ਦੇ ਓਹ ਸਾਰੇ ਨਾਮ ਵੀ ਯਾਦ ਰਖਣੇ ਹਨ ਜਿਹੜੇ ਸਿਰਫ ਵਿਚਾਰਾਂ ਦੀ ਆਜ਼ਾਦੀ ਅਤੇ ਵਖਰੇਵਿਆਂ ਕਾਰਣ ਜੇਲ੍ਹਾਂ ਵਿਚ ਸਾੜੇ ਜਾ ਰਹੇ ਹਨ। ਅਤੀਤ ਵਾਲੀ ਐਮਰਜੰਸੀ ਦੀ ਗੱਲ ਕਰਦਿਆਂ ਅੱਜ ਵਾਲੀਆਂ ਹਾਲਤਾਂ ਨੂੰ ਵੀ ਹਰ ਪਲ ਜ਼ਹਿਨ ਵਿਚ ਰਖਣਾ ਜਰੂਰੀ ਹੈ। ਉਮੀਦ ਹੈ ਇਸ ਸੰਬੰਧੀ ਵੀ 26 ਜੂਨ ਵਾਲਾ ਸਾਹਿਤਿਕ ਸਮਾਗਮ ਹਾਂ ਪੱਖੀ ਰੋਲ ਨਿਭਾਏਗਾ। ਸ਼ਹੀਦ ਹੋ ਚੁੱਕੇ ਕਿਸਾਨਾਂ ਅਤੇ ਨੌਜਵਾਨਾਂ ਨੂੰ ਵੀ ਚੇਤੇ ਰੱਖਣਾ ਸਾਡੇ ਲਈ ਜ਼ਰੂਰੀ ਹੈ। ਇਹ ਸਾਡਾ ਨੈਤਿਕ ਫਰਜ਼ ਵੀ ਹੈ। ਇਸ ਵਾਰ ਵੀ 26 ਜੂਨ ਦਾ ਇਹ ਸਮਾਗਮ ਕੁਝ ਨਵਣਾ ਰਚੇਗਾ ਇਸਦੀ ਉਮੀਦ ਵੀ ਸਭਨਾਂ ਨੂੰ ਹੈ। 

No comments:

Post a Comment