google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: October 2019

Monday 28 October 2019

ਪੰਜਾਬੀ ਕਵੀ ਤੇ ਪੀ ਏ ਯੂ ਵਿਗਿਆਨੀ ਡਾ: ਸੁਖਚੈਨ ਮਿਸਤਰੀ ਸੁਰਗਵਾਸ

Oct 28, 2019, 7:17 PM
ਅੰਤਿਮ ਸੰਸਕਾਰ 29 ਜਾਂ 30 ਅਕਤੂਬਰ ਨੂੰ ਹੋਵੇਗਾ
ਲੁਧਿਆਣਾ: 28 ਅਕਤੂਬਰ 2019: (ਸਾਹਿਤ ਸਕਰੀਨ ਬਿਊਰੋ)::
ਪੰਜਾਬ ਖੇਤੀ ਯੂਨੀਵਰਸਿਟੀ ਦੇ ਸੇਵਾ ਮੁਕਤ ਸੀਨੀਅਰ ਪਲਾਂਟ ਬਰੀਡਰ ਤੇ ਪੰਜਾਬੀ ਕਵੀ ਡਾ: ਸੁਖਚੈਨ ਸਦੀਵੀ ਅਲਵਿਦਾ ਕਹਿ ਗਏ।
ਪਿੰਡ ਗੋਸਲਾਂ (ਨੇੜੇ ਮਲੌਦ) ਦੇ ਜੰਮਪਲ ਡਾ: ਸੁਖਚੈਨ ਪੰਜਾਬ ਖੇਤੀ ਯੂਨੀਵਰਸਿਟੀ ਦੇ ਵਿਦਿਆਰਥੀ ਸਨ ਅਤੇ ਇਥੇ ਹੀ ਪੂਰੀ ਉਮਰ ਪੜ੍ਹਾਇਆ ਤੇ ਪਲਾਂਟ ਬਰੀਡਿੰਗ ਚ ਖੋਜ ਕਾਰਜ ਕੀਤੇ।
ਡਾ: ਸੁਰਜੀਤ ਪਾਤਰ ਤੇ ਡਾ: ਚਮਨ ਲਾਲ ਦੇ ਸਹਿਯੋਗ ਨਾਲ ਵਰਤਮਾਨ ਦੇ ਰੂਬਰੂ ਪੁਸਤਕ ਸੰਪਾਦਿਤ ਕੀਤੀ।
1976 ਚ ਉਸ ਦਾ ਪਹਿਲਾ ਮੌਲਿਕ ਕਾਵਿ ਸੰਗ੍ਰਹਿ ਮਿੱਟੀ ਦਾ ਮੋਰ ਉਨ੍ਹਾਂ ਦੇ ਮਿੱਤਰ ਡਾ: ਗੁਰਸ਼ਰਨ ਰੰਧਾਵਾ ਨੇ ਸੰਪਾਦਿਤ ਕੀਤਾ ਸੀ। ਦੂਜਾ ਕਾਵਿ ਸੰਗ੍ਰਿਹ ਘਰ ਸੀ। ਡਾ: ਸਤਿੰਦਰ ਬਜਾਜ ਦੀਆਂ ਅੰਗਰੇਜ਼ੀ ਕਵਿਤਾਵਾਂ ਦਾ ਸੰਗ੍ਰਹਿ ਹੁਨਾਲੀ ਧੁੱਪ ਨਾਮ ਹੇਠ ਪੰਜਾਬੀ ਚ ਅਨੁਵਾਦ ਕੀਤੀ।
ਇਹ ਜਾਣਕਾਰੀ ਦਿੰਦਿਆਂ ਡਾ: ਸੁਰਜੀਤ ਪਾਤਰ ਨੇ ਦੱਸਿਆ ਕਿ ਡਾ: ਸੁਖਚੈਨ ਦੇ ਸਪੁੱਤਰ ਗਗਨ ਦੇ ਬੈਂਗਲੌਰ ਤੋਂ ਪੁੱਜਣ ਤੇ ਹੀ ਸੰਭਾਵੀ ਤੌਰ ਤੇ 29 ਜਾਂ 30 ਅਕਤੂਬਰ ਨੂੰ ਅੰਤਿਮ ਸੰਸਕਾਰ ਕੀਤਾ ਜਾਵੇਗਾ।
ਪੰਜਾਬ ਆਰਟਸ ਕੌਸਲ ਦੇ ਚੇਅਰਮੈਨ ਡਾ: ਸੁਰਜੀਤ ਪਾਤਰ, ਸਕੱਤਰ ਜਨਰਲ ਡਾ: ਲਖਵਿੰਦਰ ਜੌਹਲ, ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ, ਪ੍ਰਧਾਨ ਪ੍ਰੋ: ਰਵਿੰਦਰ ਸਿੰਘ ਭੱਠਲ, ਪ੍ਰਿੰਸੀਪਲ ਪ੍ਰੇਮ ਸਿੰਘ ਬਜਾਜ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਡਾ: ਫਕੀਰ ਚੰਦ ਸ਼ੁਕਲਾ, ਹਰਬੰਸ ਮਾਲਵਾ, ਗੁਰਚਰਨ ਕੌਰ ਕੋਚਰ, ਡਾ: ਗੁਰਸ਼ਰਨ ਰੰਧਾਵਾ, ਇੰਦਰਜੀਤ ਕੌਰ ਭਿੰਡਰ, ਕਹਾਣੀਕਾਰ ਸੁਖਜੀਤ,ਰਾਗ ਮੈਗਜ਼ੀਨ ਦੇ ਸੰਪਾਦਕ ਅਜਮੇਰ ਸਿੱਧੂ, ਜਸਵੰਤ ਜਫ਼ਰ ਡਾ. ਗੁਰਇਕਬਾਲ ਸਿੰਘ, ਸਹਿਜਪ੍ਰੀਤ ਸਿੰਘ ਮਾਂਗਟ,ਮਨਜਿੰਦਰ ਸਿੰਘ ਧਨੋਆ, ਡਾ. ਜਗਵਿੰਦਰ ਜੋਧਾ, ਤ੍ਰੈਲੋਚਨ ਲੋਚੀ, ਡਾ: ਅਨਿਲ ਸ਼ਰਮਾ, ਨਿੰਦਰ ਘੁਗਿਆਣਵੀ , ਡਾ: ਗੁਲਜ਼ਾਰ ਪੰਧੇਰ,ਡਾ: ਦੇਵਿੰਦਰ ਦਿਲਰੂਪ, ਡਾ: ਸ ਨ ਸੇਵਕ ਨੇ ਵੀ ਡਾ: ਸੁਖਚੈਨ ਮਿਸਤਰੀ ਦੇ ਦੇਹਾਂਤ ਤੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ।
ਡਾਕਟਰ ਸੁਖਚੈਨ ਮਿਸਤਰੀ ਹੁਰਾਂ ਦੇ ਕੁਝ ਅਹਿਸਾਸ 
“ਬੱਚਾ ਜਲਦੀ ਜਲਦੀ ਵੱਡਾ ਹੁੰਦਾ ਹੈ।
ਸਕੂਲ ਉਹਦੇ ਸੁਫਨਿਆਂ ਨੂੰ ਫਰੇਮ ਕਰਦਾ ਹੈ।
ਅਧਿਆਪਕਾਵਾਂ ਬੱਚੇ ਨੂੰ ਦੱਸਦੀਆਂ ਨੇ-
ਆਦਮੀ ਸਮੁੰਦਰ ਨਹੀਂ ਹੁੰਦਾ,
ਸਗੋਂ ਬਾਰ੍ਹਾਂ ਜਰਬ ਬਾਰ੍ਹਾਂ ਦਾ ਕਮਰਾ ਹੁੰਦਾ ਹੈ,
ਮੁਹੱਬਤ ਗੁਨਾਹ ਹੈ
ਬੱਚਾ ਰਿਸ਼ਤਿਆਂ ਅਤੇ ਘਟਨਾਵਾਂ ਦੇ ਤੌਰ ਤਰੀਕਿਆਂ ਦੇ
ਜੰਗਲ ਵਿਚ ਜਕੜ ਦਿੱਤਾ ਗਿਆ ਹੈ
ਬੱਚਾ ਸੋਚਦਾ ਹੈ ਰੁੱਖਾਂ ਦੇ ਸਿਰਾਂ ‘ਤੇ ਨੱਚਦੇ
ਚੰਨ ਦੇ ਸੁਫਨੇ ਸਿਰਫ ਜੰਗਲ ਲੈਂਦਾ ਹੈ।”

Monday 21 October 2019

ਰੂਪ ਦੀਆਂ ਲਿਖਤਾਂ ਹਨ ਲੋਕ ਅਵਾਜ਼ – ਬੀਰ ਦਵਿੰਦਰ ਸਿੰਘ

Whats app: Monday:21st  October  2019: 11:37 AM 
ਰਿਪੁਦਮਨ ਸਿੰਘ ਰੂਪ ਦੇ ਕਾਵਿ ਸੰਗ੍ਰਹਿ “ਲਾਲਗੜ੍ਹ” ਤੇ ਕਹਾਣੀ ਸੰਗ੍ਰਹਿ “ਦਿਲ ਦੀ ਅੱਗ” ਦਾ ਹੋਇਆ ਲੋਕ ਅਰਪਣ
ਚੰਡੀਗੜ੍ਹ: 21 ਅਕਤੂਬਰ 2019: (ਸੰਜੀਵਨ ਸਿੰਘ//ਸਾਹਿਤ ਸਕਰੀਨ):: 
 ‘ਦਰਦ ਹੂੰ ਇਸਲੀਏ ਬਾਰ ਬਾਰ ਉਠਤਾ ਹੂੰ, ਜ਼ਖਮ ਹੋਤਾ ਤੋ ਕਬ ਕਾ ਭਰ ਗਿਆ ਹੋਤਾ’ ਸ਼ੇਅਰ ਸਾਂਝਾ ਕਰਦਿਆਂ ਪੰਜਾਬ ਦੇ ਸਾਬਕਾ ਡਿਪਟੀ ਸਪੀਕਰ ਸ਼੍ਰੀ ਬੀਰਦਵਿੰਦਰ ਸਿੰਘ ਨੇ ਪ੍ਰਸਿੱਧ ਪੰਜਾਬੀ ਲੇਖਕ ਰਿਪੁਦਮਨ ਸਿੰਘ ਰੂਪ ਦੇ ਨਵ-ਪ੍ਰਕਾਸ਼ਿਤ ਕਾਵਿ ਸੰਗ੍ਰਹਿ “ਲਾਲਗੜ੍ਹ” ਅਤੇ ਕਹਾਣੀ ਸੰਗ੍ਰਹਿ “ਦਿਲ ਦੀ ਅੱਗ” ਦੇ ਲੋਕ ਅਰਪਣ ਮੌਕੇ ਕਿਹਾ ਕਿ ਸ਼੍ਰੀ ਰੂਪ ਦਾ ਲੋਕਾਈ ਪ੍ਰਤੀ ਦਰਦ ਉਹਨਾਂ ਦੀਆਂ ਲਿਖਤਾਂ ਦਾ ਪ੍ਰਮੁੱਖ ਚਿੰਨ੍ਹ ਹੈ। ਉਹਨਾਂ ਕਿਹਾ ਕਿ ਆਪਣੇ ਪਿਤਾ ਪ੍ਰਸਿਧ ਲੋਕ ਕਵੀ ਗਿਆਨੀ ਇਸ਼ਰ ਸਿੰਘ ਦਰਦ ਅਤੇ ਆਪਣੇ ਵੱਡੇ ਵੀਰ ਸ਼ਿਰੋਮਣੀ ਸਹਿਤਕਾਰ ਸ਼੍ਰੀ ਸੰਤੋਖ ਸਿੰਘ ਧੀਰ ਦੀ ਵਿਰਾਸਤ ਨੂੰ ਸ਼੍ਰੀ ਰੂਪ ਪ੍ਰਤੀਬਧੱਤਾ ਅਤੇ ਸ਼ਿਦੱਤ ਨਾਲ ਅੱਗੇ ਵਧਾ ਰਹੇ ਹਨ। ਇਹ ਵਿਚਾਰ ਉਹਨਾਂ ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ੍ਹ ਵੱਲੋਂ ਅੱਜ ਪੰਜਾਬ ਕਲਾ ਭਵਨ, ਸੈਕਟਰ-16, ਚੰਡੀਗੜ੍ਹ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਸਹਿਤਕਾਰਾਂ, ਕਲਾਕਾਰਾਂ ਅਤੇ ਸਹਿਤ ਪ੍ਰੇਮੀਆਂ ਦੀ ਭਰਵੀਂ ਹਾਜ਼ਰੀ ਵਿੱਚ ਰੱਖੇ।ਜ਼ਿਕਰਯੋਗ ਹੈ ਕਿ ਸ੍ਰੀ ਰੂਪ ਵੱਲੋਂ ਹੁਣ ਤੱਕ ਕਾਵਿ ਸੰਗ੍ਰਹਿ “ਰਾਣੀ ਰੁੱਤ” , ਕਹਾਣੀ ਸੰਗ੍ਰਹਿ “ਬਹਾਨੇ ਬਹਾਨੇ”, “ਓਪਰੀ ਹਵਾ” ਅਤੇ “ਬਦਮਾਸ਼”, ਨਾਵਲ “ ਝੱਖੜਾਂ ਵਿਚ ਝੂਲਦਾ ਰੁੱਖ”, ਲੇਖ ਸੰਗ੍ਰਿਹ “ ਬੰਨੇ ਚੰਨੇ” ਅਤੇ ਸੰਪਾਦਿਤ ਕਾਵਿ ਸੰਗ੍ਰਹਿ “ ਧੂੜ ਹੇਠਲੀ ਕਵਿਤਾ” ਪੰਜਾਬੀ ਸਾਹਿਤ ਦੀ ਝੋਲੀ ਵਿਚ ਪਾਇਆ ਜਾ ਚੁੱਕਾ ਹੈ। ਆਪਣੀ ਸਿਰਜਣ ਪ੍ਰਕਿਰਿਆ ਬਾਰੇ ਸ਼੍ਰੀ ਰੂਪ ਨੇ ਕਿਹਾ ਕਿ ਜੋ ਘਟਨਾ ਮੇਨੂੰ ਪ੍ਰੇਸ਼ਾਨ ਕਰਦੀ ਹੈ ਮੈਂ ਉਸ ਬਾਰੇ ਲਿਖਦਾ ਹਾਂ, ਫੇਰ ਚਾਹੇ ਉਹ ਕਵਿਤਾ ਦੀ ਸ਼ਕਲ ਅਖਤਿਆਰ ਕਰੇ ਜਾਂ ਕਹਾਣੀ ਦੀ।     
ਕਾਵਿ-ਸੰਗ੍ਰਹਿ “ਲਾਲਗੜ੍ਹ” ਬਾਰੇ ਆਪਣੇ ਵਿਚਾਰ ਰੱਖਦਿਆਂ ਸ਼੍ਰੋਮਣੀ ਬਾਲ ਸਾਹਿਤਕਾਰ ਸ਼੍ਰੀ ਮਨਮੋਹਨ ਸਿੰਘ ਦਾਊਂ ਨੇ ਕਿਹਾ ਕਿ ਸ਼੍ਰੀ ਰੂਪ ਦੀਆਂ ਕਵੀਤਾਵਾਂ ਕਸੀਦਾਕਾਰੀ ਅਤੇ ਕਸ਼ੀਦਾਕਾਰੀ ਦਾ ਸੁਮੇਲ ਹਨ ਅਤੇ ਸੰਵੇਦਨਸ਼ੀਲ ਹਨ। ਉਹਨਾਂ ਕਿਹਾ ਕਿ ਬੁਲੰਦਗੀ ਸ਼੍ਰੀ ਰੂਪ ਦੀਆਂ ਕਵਿਤਾਵਾਂ ਦੀ ਖਾਸੀਅਤ ਹੈ। ਕਹਾਣੀ ਸੰਗ੍ਰਹਿ “ਦਿਲ ਦੀ ਅੱਗ” ਬਾਰੇ ਪ੍ਰਸਿੱਧ ਕਵਿਤਰੀ ਸ਼੍ਰੀਮਤੀ ਪਰਮਜੀਤ ਕੌਰ ਸਰਹਿੰਦ ਨੇ ਕਿਹਾ ਕਿ ਸ਼੍ਰੀ ਰੂਪ ਦੀਆਂ ਕਹਾਣੀਆਂ ਜਿੱਥੇ ਔਰਤ-ਮਨ ਦੀਆਂ ਵੇਦਨਾ-ਸੰਵੇਦਨਾਂ ਦੀ ਗੱਲ ਕਰਦੀਆਂ ਹਨ, ਉਥੇ ਸਮਾਜਿਕ ਕਦਰਾਂ ਕੀਮਤਾਂ ਵਿੱਚ ਆਈ ਗਿਰਾਵਟ ਉਤੇ ਕਰਾਰੀ ਚੋਟ ਕਰਦੀਆਂ ਹਨ। ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜਨਰਲ ਸੱਕਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਸ਼੍ਰੀ ਰੂਪ ਦੀਆਂ ਰਚਨਾਵਾਂ ਅੱਜ ਦੇ ਕਾਲੇ ਦੌਰ ਵਿੱਚ ਅੱਤ ਪ੍ਰਸੰਗਕ ਹਨ। ਇਸ ਮੌਕੇ ਪ੍ਰਸਿਧ ਕਵਿਤਰੀ ਮਨਜੀਤ ਇੰਦਰਾ ਨੇ ਕਿਹਾ ਕਿ ਰੂਪ ਦੀ ਕਵਿਤਾ ‘ਵਸੀਅਤ’ ਉਹਨਾਂ ਦੀ ਨਿਗਰ ਸੋਚ ਅਤੇ ਵਿਰਾਸਤ ਦਾ ਪ੍ਰਤੀਕ ਹਨ ਜੋ ਉਹ ਆਪਣੀਆਂ ਆਉਣ ਵਾਲੀਆਂ ਪੀੜੀਆਂ ਨੂੰ ਦੇਣਾ ਚਾਹੁੰਦੇ ਹਨ। ਰਿਪੁਦਮਨ ਸਿੰਘ ਰੂਪ ਦੇ ਪੋਤਰੇ ਰਿਸ਼ਮ ਰਾਗ ਸਿੰਘ ਨੇ ਕਿਹਾ ਕਿ ਸਾਨੂ ਆਪਣੇ ਸਹਿਤਕ ਵਿਰਸੇ ਅਤੇ ਪ੍ਰੀਵਾਰ ਉੱਤੇ ਮਾਣ ਹੈ।ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ੍ਹ ਦੇ ਪ੍ਰਧਾਨ ਬਲਕਾਰ ਸਿੱਧੂ ਨੇ ਸੱਭਦਾ ਸਵਾਗਤ ਕੀਤਾ ਅਤੇ ਜਨਰਲ ਸੱਕਤਰ ਦੀਪਕ ਸ਼ਰਮਾ ਚਨਾਰਥਲ ਨੇ ਧੰਨਵਾਦ ਕੀਤਾ। ਮੰਚ ਦੀ ਕਾਰਵਾਈ ਡਾ. ਗੁਰਮੇਲ ਸਿੰਘ ਨੇ ਬੜੇ ਹੀ ਭਾਵਪੂਰਤ ਤਰੀਕੇ ਨਾਲ ਕੀਤੀ।  
--------------------------------

ਗੁਹਾਟੀ ਵਿੱਚ ਮਨਾਇਆ ਗਿਆ ਯੁਗ ਕਵੀ ਪ੍ਰੋ. ਮੋਹਨ ਸਿੰਘ ਦਾ ਜਨਮ ਦਿਨ


Monday: Oct 21, 2019, 10:46 AM
ਨਾਨਕਾਇਣ ਨੂੰ 550ਵੇਂ ਪ੍ਰਕਾਸ਼ ਪੁਰਬ ਮੌਕੇ ਹਰ ਘਰ ਵਿੱਚ ਪਹੁੰਚਾਉਣ ਦੀ ਲੋੜ 
ਪ੍ਰੋ. ਮੋਹਨ ਸਿੰਘ ਦਰਿਆ ਦਿਲ ਇਨਸਾਨ ਤੇ ਸੰਵੇਦਨਸ਼ੀਲ ਯੁਗ ਦ੍ਰਸ਼ਟਾ ਕਵੀ ਸੀ---ਡਾ: ਤੇਜਵੰਤ ਸਿੰਘ ਗਿੱਲ
ਗੁਹਾਟੀ: 21 ਅਕਤੂਬਰ 2019: (ਪੰਜਾਬ ਸਕ੍ਰੀਨ ਬਿਊਰੋ)::
ਭਾਰਤੀ ਸਾਹਿੱਤ ਅਕਾਡਮੀ ਨਵੀਂ ਦਿੱਲੀ ਦੇ ਬੁਲਾਵੇ ਤੇ ਗੁਹਾਟੀ(ਆਸਾਮ) ਆਏ ਪੰਜਾਬੀ ਲੇਖਕਾਂ ਨੇ ਬੀਤੀ ਸ਼ਾਮ ਯੁਗ ਕਵੀ ਪ੍ਰੋ: ਮੋਹਨ ਸਿੰਘ ਜੀ ਦਾ 115ਵਾਂ ਜਨਮ ਦਿਨ ਮਨਾਇਆ ਜਿਸ ਦੀ ਪ੍ਰਧਾਨਗੀ ਡਾ. ਦੀਪਕ ਮਨਮੋਹਨ ਸਿੰਘ ਨੇ ਕੀਤੀ।  
ਪ੍ਰੋ. ਮੋਹਨ ਸਿੰਘ ਜੀਵਨ ਤੇ ਕਾਵਿ ਰਚਨਾ ਬਾਰੇ ਚਰਚਾ ਛੇੜਦਿਆਂ ਸਿਰਕੱਢ ਵਿਦਵਾਨ ਡਾ. ਤੇਜਵੰਤ ਸਿੰਘ ਗਿੱਲ ਨੇ ਕਿਹਾ ਕਿ ਉਹ ਦਰਿਆ ਦਿਲ ਇਨਸਾਨ ਤੇ ਅਤਿ ਸੰਵੇਦਨਸ਼ੀਲ ਕਵੀ ਸਨ ਜਿੰਨ੍ਹਾਂ ਨੇ ਸਿਰਫ਼ ਆਪ ਹੀ ਸਾਹਿੱਤ ਸਿਰਜਣਾ ਨਹੀਂ ਕੀਤੀ ਸਗੋਂ  ਨੌਜਵਾਨ ਲੇਖਕਾਂ ਨੂੰ ਵੀ ਪ੍ਰੇਰਨਾ ਦੇ ਕੇ ਸਾਹਿੱਤ ਖੇਤਰ ਚ ਸਰਗਰਮ ਕੀਤਾ। 
ਉਨ੍ਹਾਂ ਦੱਸਿਆ ਕਿ ਪ੍ਰੋ. ਮੋਹਨ ਸਿੰਘ ਜੀ ਨੇ ਆਪਣੀ ਆਖਰੀ ਕਿਤਾਬ ਬੂਹੇ ਦਾ ਮੁੱਖ ਬੰਦ ਮੇਰੇ ਤੋਂ ਸ: ਜਗਦੇਵ ਸਿੰਘ ਜੱਸੋਵਾਲ ਦੇ ਘਰ ਸੁਰਜੀਤ ਪਾਤਰ ਦੀ ਹਾਜ਼ਰੀ ਚ ਇਹ ਕਹਿ ਕੇ ਲਿਖਵਾਇਆ ਕਿ ਮੇਰੀ ਪਹਿਲੀ ਕਿਤਾਬ ਦਾ ਮੁੱਖ ਬੰਦ ਪ੍ਰਿੰਸੀਪਲ ਤੇਜਾ ਸਿੰਘ ਨੇ ਲਿਖੀ ਸੀ ਤੇ ਹੁਣ ਤੇਜਵੰਤ ਸਿੰਘ ਲਿਖੇਗਾ। 
ਇਹ ਗੱਲ ਵੀ ਮਹੱਤਵ ਪੂਰਨ ਸੀ ਕਿ ਪ੍ਰੋ: ਮੋਹਨ ਸਿੰਘ ਆਪਣੇ ਸਮਕਾਲੀਆਂ ਲਈ ਵੀ ਹਮੇਸ਼ਾਂ ਸਹਿਯੋਗੀ ਧਿਰ ਬਣੇ। 
ਡਾ. ਦੀਪਕ ਮਨਮੋਹਨ ਸਿੰਘ ਨੇ ਕਿਹਾ ਕਿ ਪ੍ਰੋ. ਮੋਹਨ ਸਿੰਘ ਦੀ ਕਵਿਤਾ ਜੀਵਨ ਵਿਹਾਰ ਤੇ ਕਰਮਸ਼ੀਲ ਰਹਿਣ ਦੀ ਕਵਿਤਾ ਹੈ। ਪਲ ਪਲ ਰੰਗ ਵਟਾਉਂਦੇ ਸ਼ਾਇਰ ਦਾ ਕਾਵਿ ਮੈਨੀਫੈਸਟੋ ਕਮਾਲ ਦਾ ਸੀ। ਹੈ ਜੀਵਨ ਅਦਲਾ ਬਦਲੀ ਤੇ ਹੋਣਾ ਰੰਗ ਬਰੰਗਾ। ਸੌ ਮੁਰਦੇ ਭਗਤਾਂ ਗੇ ਨਾਲੋਂ ਇੱਕ ਖੋਜੀ ਕਾਫਰ ਚੰਗਾ। 
ਡਾ. ਜਗਬੀਰ ਸਿੰਘ ਨੇ ਕਿਹਾ ਕਿ ਮੈਨੂੰ ਨਿਜੀ ਤੌਰ ਤੇ ਪ੍ਰੋ. ਮੋਹਨ ਸਿੰਘ ਦੇ ਨੇੜੇ ਰਹਿਣ ਦਾ ਮੌਕਾ ਨਹੀਂ ਮਿਲਿਆ ਪਰ ਉਨ੍ਹਾਂ ਦੀ ਕਵਿਤਾ ਮੇਰੇ ਲਈ ਹਮੇਸ਼ਾਂ ਪ੍ਰੇਰਨਾ ਸਰੋਤ ਰਹੀ ਹੈ। 
ਪੰਜਾਬੀ ਅਕਾਡਮੀ ਦਿੱਲੀ ਦੇ ਸਕੱਤਰ ਗੁਰਭੇਜ ਸਿੰਘ ਗੁਰਾਇਆ ਨੇ ਕਿਹਾ ਕਿ ਮੋਹਨ ਸਿੰਘ ਸਰਬਕਾਲੀ ਮਹੱਤਵ ਵਾਲਾ ਸਮਰੱਥ ਕਵੀ ਸੀ ਜਿਸਨੇ ਹਰ ਸਮਾਂ ਕਾਲ ਵਿੱਚ ਸਿਰਫ਼ ਪਾਠਕਾਂ ਨੂੰ ਹੀ ਨਹੀਂ ਸਗੋਂ ਲੇਖਕਾਂ ਨੂੰ ਵੀ ਉਂਗਲੀ ਫੜ ਕੇ ਨਾਲ ਨਾਲ ਤੋਰਿਆ। 
ਦਿੱਲੀ ਯੂਨੀ: ਦਿੱਲੀ ਦੇ ਪ੍ਰੋਫੈਸਰ ਡਾ. ਰਵੀ ਰਵਿੰਦਰ ਕੁਮਾਰ ਨੇ ਕਿਹਾ ਕਿ ਮੋਹਨ ਸਿੰਘ ਦੇਸ਼ ਪਿਆਰ ਕਵਿਤਾ ਰਾਹੀਂ ਉਸ ਸਿਖ਼ਰ ਤੇ ਪਹੁੰਚ ਗਿਆ ਹੈ ਜਿੱਥੇ ਮੁਲਕਾਂ ਦੀਆਂ ਹੱਦਾਂ ਸਰਹੱਦਾਂ ਅਰਥਹੀਣ ਨੇ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਹਿੱਤ ਅਧਿਐਨ ਵਿਭਾਗ ਦੇ ਮੁਖੀ ਡਾ: ਭੀਮ ਇੰਦਰ ਸਿੰਘ ਨੇ ਕਿਹਾ ਅੱਜ ਦੀਆਂ ਚੁਣੌਤੀਆਂ ਦੇ ਟਾਕਰੇ ਲਈ ਪ੍ਰੋ. ਮੋਹਨ ਸਿੰਘ ਦੀ ਇਹ ਕਵਿਤਾ 
ਦਾਤੀਆਂ ਕਲਮਾਂ ਅਤੇ ਹਥੌੜੇ 
ਕੱਠੇ ਕਰ ਲਉ ਸੰਦ ਓ ਯਾਰ। 
ਤਕੜੀ ਇੱਕ ਤ੍ਰਿਸ਼ੂਲ ਬਣਾਉ 
ਯੁੱਧ ਕਰੋ ਪ੍ਰਚੰਡ ਓ ਯਾਰ
ਇਹ ਕਾਵਿਕ ਰਸ ਅਗਵਾਈ ਕਰਨ  ਦੇ ਸਮਰੱਥ ਹੈ। ਦਿੱਲੀ ਯੂਨੀਵਰਸਿਟੀ ਦੇ ਪ੍ਰੋ. ਮਨਜੀਤ ਸਿੰਘ ਨੇ ਕਿਹਾ ਕਿ ਪ੍ਰੋ. ਮੋਹਨ ਸਿੰਘ ਦੀ ਰਚਨਾ ਨਾਨਕਾਇਣ ਸਾਖੀ ਕਾਵਿ ਦੀ ਪ੍ਰਮਾਣੀਕ ਕਿਰਤ ਹੈ। 
ਭਾਰਤੀ ਸਾਹਿੱਤ ਅਕਾਡਮੀ ਪੁਰਸਕਾਰ ਵਿਜੇਤਾ ਕਵਿੱਤਰੀ ਡਾ: ਵਨੀਤਾ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ 500ਵੇਂ ਪ੍ਰਕਾਸ਼ ਪੁਰਬ ਮੌਕੇ ਲਿਖੀ ਨਾਨਕਾਇਣ ਨੂੰ 550ਵੇਂ ਪ੍ਰਕਾਸ਼ ਉਤਸਵ ਮੌਕੇ ਹਰ ਘਰ ਵਿੱਚ ਪਹੁੰਚਾਉਣ ਦੀ ਲੋੜ ਹੈ। 
ਭਾਰਤੀ ਸਾਹਿੱਤ  ਅਕਾਡਮੀ ਦੇ ਸੰਪਾਦਕ ਅਨੂਪਮ ਤਿਵਾੜੀ ਨੇ ਸੁਝਾਅ ਦਿੱਤਾ ਕਿ ਅੱਜ ਵਾਂਗ ਆਪਣੇ ਪੁਰਖੇ ਲਿਖਾਰੀਂਆਂ ਨੂੰ ਯਾਦ ਕਰਨਾ ਚਾਹੀਦਾ ਹੈ। ਬਾਤ ਰਸ ਦੀ ਆਪਣੀ ਮਹੱਤਤਾ ਹੈ। 
ਸਮੂਹ ਵਿਦਵਾਨਾਂ ਦਾ ਧੰਨਵਾਦ ਕਰਦਿਆਂ ਪ੍ਰੋ ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਦੇ ਸਰਪ੍ਰਸਤ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਮੈਨੂੰ ਪ੍ਰੋ. ਮੋਹਨ ਸਿੰਘ ਜੀ ਦੀ ਸੰਗਤ ਮਾਨਣ ਦਾ ਆਪਣੇ ਅਧਿਆਪਕ ਡਾ. ਐੱਸ ਪੀ ਸਿੰਘ ਤੇ ਸ: ਜਗਦੇਵ ਸਿੰਘ ਜੱਸੋਵਾਲ ਜੀ ਕਾਰਨ ਲਗਪਗ ਸੱਤ ਸਾਲ ਮੌਕਾ ਮਿਲਿਆ ਹੈ। ਉਹ ਦਿਲਦਾਰ ਇਨਸਾਨ ਸਨ ਜਿੰਨ੍ਹਾਂ ਦੀ ਹਾਜ਼ਰੀ  ਚ ਨਿੱਕੇ ਹੋਣ ਦਾ ਅਹਿਸਾਸ ਨਹੀਂ ਸੀ ਹੁੰਦਾ।  
ਉਹ ਸਮਕਾਲੀ ਘਟਨਾਵਾਂ ਤੇ ਬੜੀ ਸਟੀਕ ਕਾਵਿ ਟਿਪਣੀ ਕਰਨੀ ਜਾਣਦੇ ਸਨ। ਜਨਤਾ ਸਰਕਾਰ ਬਣਨ ਤੇ 1977 ਚ ਜਦ ਵੱਖ ਵੱਖ ਸਿਆਸੀ ਧਿਰਾਂ ਨੇ ਇਸ ਤਬਦੀਲੀ ਨੂੰ ਲੋਕ ਉਭਾਰ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪ੍ਰੋ. ਮੋਹਨ ਸਿੰਘ ਜੀ ਨੇ ਲਿਖਿਆ। 
ਨਾ ਹਿਣਕੋ ਘੋੜਿਉ! 
ਬੇਸ਼ੱਕ ਨਵਾਂ ਨਿਜ਼ਾਮ ਆਇਆ। 
ਨਵਾਂ ਨਿਜ਼ਾਮ ਹੈ ਲੈ ਕੇ ਨਵੀਂ ਲਗਾਮ ਆਇਆ। 
ਅਯੁੱਧਿਆ ਵਿੱਚ ਅਜੇ ਵੀ ਭੁੱਖਿਆਂ ਦੀ ਭੀੜ ਬੜੀ, 
ਪਿਆ ਕੀ ਫ਼ਰਕ ਜੇ ਰਾਵਣ ਗਿਆ ਤੇ ਰਾਮ ਆਇਆ। 
ਉਨ੍ਹਾਂ ਦੀ ਯਾਦ ਵਿੱਚ ਲੱਗਣ ਵਾਲੇ ਮੇਲੇ ਚ ਮੈਂ 1978 ਤੋਂ 2014 ਤੀਕ ਵੱਖ ਵੱਖ ਜ਼ਿੰਮੇਵਾਰੀਆਂ ਨਿਭਾਉਂਦਾ ਰਿਹਾ ਹਾਂ। ਸਿਰਫ਼ ਤਿੰਨ ਮੌਕੇ ਅਜਿਹੇ ਹਨ ਜਦ ਮੈਂ 20 ਮਈ ਨੂੰ ਪ੍ਰੋ. ਮੋਹਨ ਸਿੰਘ ਦੇ ਜਨਮ ਦਿਹਾੜੇ ਮੌਕੇ ਮੈਂ ਲੁਧਿਆਣਾ ਚ ਨਹੀਂ ਸਾਂ। ਦੋ ਵਾਰ ਕੈਨੇਡਾ ਚ ਸਾਂ ਤੇ ਐਤਕੀਂ ਗੁਹਾਟੀ ਚ ਹਾਂ ਮੈਂ ਪ੍ਰੋ. ਮੋਹਨ ਸਿੰਘ ਫਾਉਂਡੇਸ਼ਨ ਵੱਲੋਂ ਸਭ ਦਾ ਧੰਨਵਾਦੀ ਹਾਂ ਜਿੰਨ੍ਹਾਂ ਨੇ ਮੇਰੀ ਬੇਨਤੀ ਪ੍ਰਵਾਨ ਕਰਕੇ ਇਹ ਵਿਚਾਰ ਚਰਚਾ ਕੀਤੀ।

ਸਰਹੱਦੀ ਇਲਾਕੇ ਫਿਰੋਜ਼ਪੁਰ ਵਿੱਚ ਕਲਾਪੀਠ ਵੱਲੋਂ ਵਿਸ਼ੇਸ਼ ਆਯੋਜਨ

Sunday: 20th October 2019: 2:13 PM Messenger
ਸਾਹਿਤਿਕ ਖੇਤਰ ਦੀਆਂ ਸਿਰਕੱਢ ਸ਼ਖਸੀਅਤਾਂ ਨੇ ਕੀਤੀ ਸ਼ਮੂਲੀਅਤ
ਫ਼ਿਰੋਜ਼ਪੁਰ: 20 ਅਕਤੂਬਰ 2019:(ਪੰਜਾਬ ਸਕਰੀਨ ਬਿਊਰੋ)::

ਫ਼ਿਰੋਜ਼ਪੁਰ ਵਰਗੇ ਸਰਹੱਦੀ ਇਲਾਕੇ ਵਿੱਚ ਸ਼ਬਦ ਸਭਿਆਚਾਰ ਦੇ ਪਸਾਰ ਲਈ ਨਿਰੰਤਰ ਯਤਨਸ਼ੀਲ ਸੰਸਥਾ ਕਲਾਪੀਠ (ਰਜਿ:)ਵੱਲੋਂ ਕੈਨੇਡਾ ਵਿੱਚ ਵੱਸਦੇ ਪੰਜਾਬੀ ਸ਼ਾਇਰ ਪ੍ਰੀਤ ਮਨਪ੍ਰੀਤ ਦੇ ਸਨਮਾਨ ਵਿੱਚ ਇੱਕ ਸਾਹਿਤਕ ਸਮਾਗਮ ਕਰਵਾਇਆ ਗਿਆ। ਇਸ ਸਾਦੇ ਪਰ ਭਾਵਪੂਰਤ ਸਮਾਗਮ ਦੀ ਪ੍ਰਧਾਨਗੀ ਉੱਘੇ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਨੇ ਕੀਤੀ ਜਦੋਂਕਿ ਪ੍ਰਧਾਨਗੀ ਮੰਡਲ ਵਿੱਚ ਮਹਿਮਾਨ ਸ਼ਾਇਰ ਪ੍ਰੀਤ ਮਨਪ੍ਰੀਤ ਦੇ ਨਾਲ ਸ਼ਾਇਰ ਗੁਰਤੇਜ ਕੋਹਾਰਵਾਲਾ, ਕਲਾਪੀਠ ਦੇ ਪ੍ਰਧਾਨ ਪ੍ਰੋ.ਜਸਪਾਲ ਘਈ ਅਤੇ ਚਰਚਿਤ ਕਥਾਕਾਰ ਗੁਰਮੀਤ ਕੜਿਆਲਵੀ ਸ਼ਾਮਲ ਹੋਏ। ਨੌਜਵਾਨ ਸ਼ਾਇਰ ਅਨਿਲ ਆਦਮ ਵੱਲੋਂ ਨਿਭਾਏ ਗਏ ਬੜੇ ਕਾਵਿਕ ਅਤੇ ਰੋਚਕ ਸੰਚਾਲਨ ਵਿੱਚ ਪ੍ਰੋ ਜਸਪਾਲ ਘਈ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਪ੍ਰੀਤ ਮਨਪ੍ਰੀਤ ਦੀਆਂ ਗ਼ਜ਼ਲਾਂ ਦੇ ਗੁਣਾਂ ਦੀ ਗੱਲ ਛੇੜੀ। ਗੁਰਮੀਤ ਕੜਿਆਲਵੀ ਨੇ ਮਹਿਮਾਨ ਸ਼ਾਇਰ ਦੀ ਸਖ਼ਸ਼ੀਅਤ,ਸੁਭਾਅ, ਸੰਵੇਦਨਾ ਅਤੇ ਸਿਰਜਣਾ ਦੀ ਗੱਲ ਛੇੜੀ। ਮੋਗੇ ਜ਼ਿਲ੍ਹੇ ਦੇ ਮਨਾਵਾਂ ਪਿੰਡ ਚੋਂ ਉੱਠ ਕੇ ਕੈਨੇਡਾ ਦੀ ਧਰਤੀ ਤੇ ਰਹਿ ਕੇ ਵੀ ਪੰਜਾਬੀ ਜ਼ੁਬਾਨ, ਰਹਿਤਲ ਅਤੇ ਸਭਿਆਚਾਰ ਨਾਲ ਪ੍ਰੀਤ ਦੇ ਮੋਹ ਦੀ ਬਾਤ ਪਾਈ।ਉਪਰੰਤ ਸਰੋਤਿਆਂ ਦੇ ਰੂਬਰੂ ਹੋਇਆ ਪ੍ਰੀਤ ਮਨਪ੍ਰੀਤ, ਜਿਸ ਨੇ ਆਪਣੀ ਜ਼ਿੰਦਗੀ ਦੇ ਸਫ਼ਰ ਦੀ ਗੱਲ ਛੋਹੀ। ਨਿੱਕੇ ਨਿੱਕੇ ਸੁਪਨਿਆਂ ਲਈ ਕੀਤੇ ਸੰਘਰਸ਼ ਦੀ ਕਹਾਣੀ ਸੁਣਾਉਂਦਿਆਂ ਉਹ ਭਾਵੁਕ ਵੀ ਹੋਇਆ। ਮਨਪ੍ਰੀਤ ਨੇ ਆਪਣੀਆਂ ਕੁਝ ਰਚਨਾਵਾਂ ਵੀ ਸੁਣਾਈਆਂ
ਉਹ ਮੇਰੀ ਪੀੜ ਦੇ ਅਹਿਸਾਸ ਤੋਂ ਏਨਾ ਕੁ ਵਾਕਿਫ਼ ਸੀ
ਕਿ ਵਰ੍ਹਦੇ ਮੀਂਹ ‘ਚ ਵੀ, ਮੇਰੇ ਜੋ ਹੰਝੂ ਸਿਆਣ ਸਕਦਾ ਸੀ।

ਆ ਕਿ ਮੁੜ ਤੋਂ ਸੁਪਨਿਆਂ ਦੇ ਬੀਅ ਉਗਾ ਕੇ ਦੇਖੀਏ
ਉਸਨੇ ਆਪਣੇ ਸਾਹਿਤਕ ਸਫ਼ਰ ਨੂੰ ਹੱਲਾਸ਼ੇਰੀ ਦੇਣ ਲਈ ਕਲਾਪੀਠ ਦਾ ਸ਼ੁਕਰੀਆ ਅਦਾ ਕੀਤਾ। ਪ੍ਰੋ.ਗੁਰਤੇਜ ਕੋਹਾਰਵਾਲਾ ਨੇ ਕਿਹਾ ਕਿ ਮਨਪ੍ਰੀਤ ਨੂੰ ਸੁਣ ਕੇ ਚੰਗਾ ਲੱਗਦਾ ਹੈ ਅਤੇ ਖੁਸ਼ੀ ਦੀ ਗੱਲ ਹੈ ਕਿ ਪੰਜਾਬੀ ਗ਼ਜ਼ਲ ਵਿੱਚ ਪੰਜਵੀਂ ਪੀੜ੍ਹੀ ਸਰਗਰਮ ਹੋ ਗਈ ਹੈ। ਗੁਰਤੇਜ ਕੋਹਾਰਵਾਲਾ ਨੇ ਆਪਣੀਆਂ ਗ਼ਜ਼ਲਾਂ ਦੇ ਕੁਝ ਸ਼ੇਅਰ ਸੁਣਾ ਕੇ ਕਵੀ ਦਰਬਾਰ ਦਾ ਆਗ਼ਾਜ਼ ਕੀਤਾ। ਗਿੱਲ ਗੁਲਾਮੀਵਾਲਾ, ਵਿਜੇ ਵਿਕਟਰ ਬੌਬੀ ਅਤੇ ਗੁਰਨਾਮ ਸਿੱਧੂ ਨੇ ਗੀਤਾਂ ਨਾਲ ਸਾਂਝ ਪਾਈ।ਕੁਲਦੀਪ ਜਲਾਲਾਬਾਦ, ਸੁਖਜਿੰਦਰ ਫ਼ਿਰੋਜ਼ਪੁਰ,ਅਨਿਲ ਆਦਮ, ਗੁਰਮੀਤ ਕੜਿਆਲਵੀ, ਹਰਮੀਤ ਵਿਦਿਆਰਥੀ ਅਤੇ ਪ੍ਰੋ.ਜਸਪਾਲ ਘਈ ਨੇ ਕਵਿਤਾਵਾਂ ਨਾਲ ਸ਼ਾਮ ਨੂੰ ਕਾਵਿਕ ਕਰ ਦਿੱਤਾ। ਕਲਾਪੀਠ ਵੱਲੋਂ ਮਨਪ੍ਰੀਤ ਨੂੰ ਯਾਦ ਨਿਸ਼ਾਨੀ ਵਜੋਂ ਪੁਸਤਕਾਂ ਦਾ ਸੈੱਟ ਭੇਂਟ ਕੀਤਾ। ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਬਲਦੇਵ ਸਿੰਘ ਸੜਕਨਾਮਾ ਨੇ ਮਨਪ੍ਰੀਤ ਦੀ ਸ਼ਲਾਘਾ ਕਰਦਿਆਂ ਕਲਾਪੀਠ ਦੇ ਇਸ ਸਮਾਗਮ ਨੂੰ ਸ਼ਾਇਰੀ ਦੇ ਪੱਧਰ ਪੱਖੋਂ ਇੱਕ ਵੱਡਾ ਸਮਾਗਮ ਦੱਸਿਆ।
ਧਰਤ ਸਾਡੇ ਪਿਆਰ ਦੀ, ਜ਼ਰਖੇਜ਼ ਹੈ, ਬੰਜ਼ਰ ਨਹੀਂ।
ਰਾਜੀਵ ਖਯਾਲ,ਪ੍ਰੋ.ਅਨਿਲ ਧੀਮਾਨ,ਪ੍ਰੋ.ਲਕਸ਼ਮਿੰਦਰ,ਡਾ.ਅਮਨਦੀਪ, ਪ੍ਰੋ.ਆਜ਼ਾਦਵਿੰਦਰ, ਮਿਹਰਦੀਪ,ਸੁਰਿੰਦਰ ਕੰਬੋਜ਼ ਸਮੇਤ ਬਹੁਤ ਸਾਰੇ ਸਾਹਿਤ ਪ੍ਰੇਮੀਆਂ ਨੇ ਭਾਗ ਲਿਆ।ਅੰਤ ਵਿੱਚ ਹਰਮੀਤ ਵਿਦਿਆਰਥੀ ਨੇ ਸਭ ਦਾ ਧੰਨਵਾਦ ਕੀਤਾ।