google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: May 2024

Sunday 5 May 2024

ਸਵਰਨਜੀਤ ਸਵੀ ਦੀ ਪੁਸਤਕ ‘ਮਨ ਦੀ ਚਿੱਪ’ ਬਾਰੇ ਵਿਚਾਰ ਗੋਸ਼ਟੀ

Sunday 5th May 2024 at 3:47 PM

ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਹੋਇਆ ਯਾਦਗਾਰੀ ਆਯੋਜਨ


ਲੁਧਿਆਣਾ: 05 ਮਈ 2024: (ਕਾਰਤਿਕਾ ਕਲਿਆਣੀ ਸਿੰਘ//ਸਾਹਿਤ ਸਕਰੀਨ ਡੈਸਕ)::

ਸਵਰਨਜੀਤ ਸਵੀ ਵੱਲੋਂ ਬਣਾਏ ਗਏ ਸਰਵਰਕ ਕਈ ਦਹਾਕੇ ਪਹਿਲਾਂ ਹੀ ਮਨ ਨਾਲ ਸਬੰਧਤ ਦੁਨੀਆ ਦੀ ਥਾਹ ਪਾਉਣ ਲੱਗ ਪਏ ਸਨ ਉਹਨਾਂ ਤੇ ਹੋਈ ਚਿੱਤਰਕਾਰੀ ਇਸ ਕਿਸਮ ਦੀਆਂ ਬਾਤਾਂ ਹੀ ਪਾਇਆ ਕਰਦੀ ਸੀ। ਇੱਸੇ ਕਾਰਨ ਇਹਨਾਂ ਸਾਰੇ ਸਰਵਰਕਾਂ ਦੀ ਕਲਾਕਾਰੀ ਬਹੁਤ ਚੰਗੀ ਚੰਗੀ ਵੀ ਲੱਗਦੀ ਸੀ ਕਿਓਂਕਿ ਮਨ ਦੇ ਅੰਦਰਲੇ ਭੇਡਾਂ ਨਾਲ ਇੱਕ ਸੁਰ ਵੀ ਕਰਦੀ ਸੀ। 

ਇਹੀ ਅਹਿਸਾਸ ਸਵੀ ਹੁਰਾਂ ਦੀਆਂ ਕਾਵਿ ਰਚਨਾਵਾਂ ਪੜ੍ਹ ਕੇ ਵੀ ਹੁੰਦਾ ਸੀ। ਜਦੋਂ ਕੁਝ ਸਮੇਂ ਲਈ ਜਾ ਕੇ ਸਟੂਡੀਓ ਬੈਠੋ ਤਾਂ ਉਦੋਂ ਵੀ ਇਹੀ ਜਾਪਦਾ ਸੀ ਕਿ ਜਾਂ ਤਾਂ ਵਿਅਕਤੀ ਮਨ ਤੋਂ ਬਾਹਰ ਅ-ਮਨ ਵਾਲੀ ਦੁਨੀਆ ਵਿੱਚ ਪੁੱਜ ਗਿਆ ਹੈ ਜਾਂ ਫਿਰ ਮਨ ਦੇ ਪਾਤਾਲ  ਅਤੇ ਮਨ ਦੇ ਆਕਾਸ਼ ਦਾ ਵਿਚਰਨ ਕਰ ਰਿਹਾ ਹੈ। 

ਉਦੋਂ ਇੱਛਾ ਜਿਹੀ ਵੀ ਜਾਗਦੀ ਸੀ ਕਿ ਕਾਸ਼ ਕਦੇ ਮਨ ਦੀ ਕੋਈ ਚਿਪ ਬਣ ਸਕੇ ਜਿਹੜੀ ਇਹਨਾਂ ਸਾਰੇ ਦ੍ਰਿਸ਼ਾਂ, ਉਡਾਨਾਂ ਅਤੇ ਅਹਿਸਾਸਾਂ ਨੂੰ ਸੰਜੋ ਕੇ ਰੱਖ ਸਕੇ, ਸਾਂਭ ਕੇ ਰੱਖ ਸਕੇ ਅਤੇ ਲੋੜ ਪੈਣ 'ਤੇ ਇਹਨਾਂ ਨੂੰ ਮੰਨ ਦੀ ਸ਼ਕਤੀ ਵਧਾਉਣ ਲਈ ਵੀ ਵਰਤ ਸਕੇ। ਉਦੋਂ ਮਨ ਦੀ ਦੁਨੀਆ ਵਾਲੀ ਇਸ ਝਲਕ ਨੂੰ ਦੇਖ ਕੇ ਇਹ ਵੀ ਯਕੀਨ ਆਉਣ ਲੱਗਦਾ ਕਿ ਸ਼ਾਇਦ ਸੱਤ ਸਰੀਰਾਂ ਬਾਰੇ ਜਿਹੜੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ ਉਹ ਕਾਲਪਨਿਕ ਨਹੀਂ ਹਨ। 

ਸੱਤਾਂ ਸਰੀਰਾਂ ਅਤੇ ਅਜਿਹੀਆਂ ਹੀ ਹੋਰ ਬਹੁਤ ਸਾਰੀਆਂ ਗੱਲਾਂ ਦੀ ਹਕੀਕਤ ਬਾਕਾਇਦਾ ਮੌਜੂਦ ਹੈ ਜਿਸਨੂੰ ਤੰਤਰ ਅਤੇ ਯੋਗਸਾਧਨਾ ਵਰਗੇ ਕਿਸੇ ਵਿਗਿਆਨ ਨਾਲ ਸਮਝਿਆ ਵੀ ਜਾ ਸਕਦਾ ਹੈ। ਇਹ ਗੱਲ ਵੱਖਰੀ ਹੈ ਕਿ ਕਲਾਕਾਰਾਂ ਅਤੇ ਲਿਖਾਰੀਆਂ ਦਾ ਮਨ ਇਹਨਾਂ ਹਕੀਕਤਾਂ ਦਾ ਥਹੁ ਪਤਾ ਆਪਣੀ ਕਲਪਨਾਸ਼ੀਲਤਾ ਆਸਰੇ ਬਹੁਤ ਸਹਿਜਤਾ ਨਾਲ ਪਹਿਲਾਂ ਹੀ ਲਗਾ ਲੈਂਦਾ ਹੈ ਅਤੇ ਉਹ ਵੀ ਬਿਨਾ ਕਿਸੇ ਬਿਖੜੇ ਪੈਂਡੇ ਵਾਲੀ ਸਾਧਨਾ ਤੋਂ।  

ਇਸ ਕਿਸਮ ਦੀਆਂ ਗੁੰਝਲਾਂ ਅਤੇ ਭੇਦਾਂ ਬਾਰੇ ਅੱਜ ਦੇ  ਸਾਹਿਤਿਕ ਆਯੋਜਨ ਵਿੱਚ ਵੀ ਆਪਸੀ ਪੱਧਰ 'ਤੇ ਖੁੱਲ੍ਹ ਕੇ ਗੱਲਾਂ ਬਾਤਾਂ ਅਤੇ ਵਿਚਾਰਾਂ ਹੋਈਆਂ। ਇਹ ਮੌਕਾ ਉਘੇ ਕਲਾਕਾਰ ਸਵਰਨਜੀਤ ਸਵੀ ਦੀ ਨਵੀਂ ਪੁਸਤਕ ਬਾਰੇ ਬੁਲਾਈ ਗਈ ਵਿਚਾਰ ਗੋਸ਼ਟੀ ਨਾਲ ਸਬੰਧਤ ਸੀ ਜਿਸ ਵਿੱਚ ਉੱਘੀਆਂ ਸ਼ਖਸੀਅਤਾਂ ਨੇ ਬੜੇ ਉਚੇਚ ਨਾਲ ਸ਼ਿਕਰਤ ਕੀਤੀ। 

ਇਥੇ ਜ਼ਿਕਰਯੋਗ ਹੈ ਕਿ ਦਿਮਾਗ ਇੱਕ ਗੁੰਝਲਦਾਰ ਅੰਗ ਹੈ ਜੋ ਹਰ ਵਾਰ ਜਦੋਂ ਅਸੀਂ ਸੋਚਦੇ ਹਾਂ ਤਾਂ ਇੱਕ ਨਿਊਰੋਨ ਤੋਂ ਦੂਜੇ ਨਿਊਰੋਨ ਵਿੱਚ ਬਿਜਲਈ ਪ੍ਰਭਾਵ ਭੇਜ ਕੇ ਕੰਮ ਕਰਦਾ ਹੈ, ਅਤੇ ਸਾਡੇ ਕੋਲ 86 ਬਿਲੀਅਨ ਨਿਊਰੋਨ ਹਨ। ਦਿਮਾਗ-ਕੰਪਿਊਟਰ ਇੰਟਰਫੇਸ ਟੈਕਨਾਲੋਜੀ ਇਸ ਗਤੀਵਿਧੀ ਵਿੱਚੋਂ ਕੁਝ ਨੂੰ ਇੱਕ ਚਿੱਪ ਦੁਆਰਾ ਹਾਸਲ ਕਰਨ ਦੀ ਕੋਸ਼ਿਸ਼ ਕਰਦੀ ਹੈ ਜੋ ਦਿਮਾਗ ਅਤੇ ਇੱਕ ਡਿਜੀਟਲ ਡਿਵਾਈਸ ਦੇ ਵਿਚਕਾਰ ਇੱਕ ਪੁਲ ਦਾ ਕੰਮ ਕਰਦੀ ਹੈ। ਪੁਸਤਕ ਦਾ ਸਿਰਲੇਖ ਵੀ ਉਸ ਦੁਨੀਆ ਵੱਲ ਇਸ਼ਾਰਾ ਕਰਦਾ ਹੈ ਜਿਸ ਨੂੰ ਨਾ ਤਾਂ ਕਦੇ ਨਕਾਰਿਆ ਜਾ ਸਕਿਆ ਅਤੇ ਨਾ ਹੀ ਉਸ 'ਤੇ ਇਤਬਾਰ ਕੀਤਾ ਜਾ ਸਕਿਆ। 

ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਸਵਰਨਜੀਤ ਸਵੀ ਦੀ ਸਾਹਿਤ ਅਕਾਦਮੀ ਪੁਰਸਕਾਰ (2023) ਵਿਜੇਤਾ ਕਾਵਿ ਪੁਸਤਕ ‘ਮਨ ਦੀ ਚਿੱਪ’ ਬਾਰੇ ਵਿਚਾਰ ਗੋਸ਼ਟੀ ਪੰਜਾਬੀ ਭਵਨ, ਲੁਧਿਆਣਾ ਵਿਖੇ ਆਯੋਜਿਤ ਕੀਤੀ ਗਈ। ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਪ੍ਰੋ. ਅਤੈ ਸਿੰਘ, ਅਮਰਜੀਤ ਸਿੰਘ ਗਰੇਵਾਲ, ਅਕਾਡਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ, ਸਵਰਨਜੀਤ ਸਵੀ, ਸਵੀ ਦੇ ਜੀਵਨ ਸਾਥੀ ਮਨਜੀਤ ਕੌਰ ਹਾਜ਼ਰ ਸਨ।

ਸਮਾਗਮ ਦੀ ਪ੍ਰਧਾਨਗੀ ਟਿੱਪਣੀ ਕਰਦਿਆਂ ਪ੍ਰੋ. ਅਤੈ ਸਿੰਘ ਨੇ ਕਿਹਾ ਕਿ ਜਿੰਨੀ ਨਵੀਂ ਤੇ ਤਾਜ਼ਗੀ ਭਰਪੂਰ ਸਵੀ ਦੀ ਕਵਿਤਾ ਹੈ ਓਨੇ ਹੀ ਚੰਗੇ ਪੇਪਰ ਲਿਖੇ ਗਏ ਹਨ। ਵਿਸ਼ੇਸ਼ ਕਰਕੇ ਡਾ. ਪਰਵੀਨ ਕੁਮਾਰ ਸ਼ੇਰੋਂ ਵਾਲਾ ਪੇਪਰ। ਦੂਸਰੇ ਦੋ ਪੇਪਰ ਡਾ. ਅਕਾਲ ਅੰਮ੍ਰਿਤ ਕੌਰ ਅਤੇ ਡਾ. ਅਮਰਜੀਤ ਸਿੰਘ (ਜਗਤ ਗੁਰੂ ਨਾਨਕ ਦੇਵ ਓਪਨ ਯੂਨੀਵਰਸਿਟੀ, ਪਟਿਆਲਾ) ਗੋਂਦ ਪੱਖੋਂ ਏਨੀ ਗੰਭੀਰ ਚਰਚਾ ਛੇੜਦੇ ਹਨ ਕਿ ਵਰਤੀ ਗਈ ਚੁੱਪ ਵਿਚ ਸੁਣੇ ਗਏ ਹਨ। ਇਸ ਵਿਚ ਯੋਗਦਾਨ ਪੇਪਰ ਪੜ੍ਹਨ ਵਾਲਿਆਂ ਗੁਰਜੰਟ ਰਾਜੇਆਣਾ ਤੇ ਬੀਬਾ ਪਰਵੀਨ ਬਾਠ ਦਾ ਵੀ ਹੈ।

ਪ੍ਰੋਫੈਸਰ ਸਾਹਿਬ ਨੇ ਅੱਗੇ ਕਿਹਾ ਸਵੀ ਦੀ ਕਵਿਤਾ ਅਤੇ ਕਵਿਤਾ ’ਤੇ ਹੋਇਆ ਚਿੰਤਨ ਗੰਭੀਰ ਪ੍ਰਸ਼ਨ ਖੜ੍ਹੇ ਕਰਦਾ ਹੈ ਜਿਨ੍ਹਾਂ ਦੇ ਜਵਾਬ ਲੱਭਦਿਆਂ ਅਸੀਂ ਲਾਜ਼ਮੀ ਤੌਰ ’ਤੇ ਚੰਗੀ ਸਿਰਜਨਾ ਦੇ ਰਾਹ ’ਤੇ ਤੁਰਾਂਗੇ। ਸ. ਅਮਰਜੀਤ ਸਿੰਘ ਗਰੇਵਾਲ ਨੇ ਬੋਲਦਿਆਂ ਕਿਹਾ ਬਾਬੇ ਨਾਨਕ ਨੇ ਸਾਨੂੰ ਸ਼ਬਦ ਨਾਲ ਜੋੜਿਆ ਹੈ ਅਰਥ ਨਾਲ ਨਹੀਂ। ਅਰਥ ਤਾਂ ਸ਼ਬਦਾਂ ਦਾ ਆਪਸੀ ਰਿਸ਼ਤਾ ਪੈਦਾ ਕਰਦਾ ਹੈ। ਮੁੱਖ ਪੇਪਰ ਲੇਖਕ ਡਾ. ਪਰਵੀਨ ਕੁਮਾਰ ਸ਼ੇਰੋਂ ਨੇ ਚਿੰਤਨ ਦੇ ਪੱਧਰ ਤੇ ਖੁੱਲ੍ਹੇ ਮਨ ਨਾਲ ਵਿਚਾਰ ਦਿੱਤੇ। ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਨੇ ਸਮੂਹਿਕ ਸਿਆਣਪ ਨਾਲ ਪ੍ਰੋਗਰਾਮ ਕਰਾਉਣੇ ਸ਼ੁਰੂ ਕਰਕੇ ਮਨ ਜਿਤਿਆ ਹੈ। ਸੋ ਪੰਜਾਬ ਤੇ ਪੰਜਾਬੀ ਭਾਸ਼ਾ ਵਲੋਂ ਦੁਨੀਆਂ ਵਿਚ ਕੁਝ ਨਵਾਂ ਫੇਰ ਕਰਨ ਦੀ ਆਸ ਬੱਝੀ ਹੈ।

ਇਸ ਮੌਕੇ ਸਵਰਨਜੀਤ ਸਵੀ ਨੇ ਆਪਣੀਆਂ ਚੋਣਵੀਆਂ ਕਵਿਤਾਵਾਂ ਪਾਠਕਾਂ ਨਾਲ ਸਾਂਝੀਆਂ ਕੀਤੀਆਂ। ਇਸ ਮੌਕੇ ‘ਮਨ ਦੀ ਚਿੱਪ’ ਪੁਸਤਕ ਬਾਰੇ ਡਾ. ਪਰਵੀਨ ਸ਼ੇਰੋਂ ਨੇ ਆਪਣਾ ਪੇਪਰ ਪੇਸ਼ ਕੀਤਾ। ਡਾ. ਅਕਾਲ ਅੰਮਿ੍ਰਤ ਕੌਰ ਦਾ ਲਿਖਿਆ ਪੇਪਰ ਡਾ. ਸੰਦੀਪ ਬਾਠ ਅਤੇ ਡਾ. ਅਮਰਜੀਤ ਸਿੰਘ ਦਾ ਲਿਖਿਆ ਪੇਪਰ ਡਾ. ਗੁਰਜੰਟ ਰਾਜੇਆਣਾ ਨੇ ਪੇਪਰ ਪੇਸ਼ ਕੀਤੇ। ਅਕਾਡਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਮੰਚ ਸੰਚਾਲਨ ਕਰਦਿਆਂ ਖ਼ੁਦ ਵੀ ਪ੍ਰਸ਼ਨ ਪੁੱਛੇ ਅਤੇ ਪ੍ਰਸ਼ਨ ਪੁੱਛਣ ਵਾਲਿਆਂ ਨੂੰ ਉਤਸ਼ਾਹਿਤ ਵੀ ਕੀਤਾ। 

ਡਾ. ਪੰਧੇਰ ਨੇ ਮਈ ਮਹੀਨੇ ਵਿਚ 19 ਮਈ ਨੂੰ ਪ੍ਰਸ਼ਨ ਪੁੱਛੇ ਜਾਣ ਦਾ ਸਤਿਕਾਰ ਕਰਨ ਵਾਲੇ ਮਰਹੂਮ ਡਾ. ਰਵਿੰਦਰ ਰਵੀ ਨੂੰ ਯਾਦ ਕੀਤਾ ਤੇ ਇਸ ਦੇ ਨਾਲ ਹੀ ਅੱਜ ਵਲਾਦੀਮੀਰ ਇਲੀਅਚ ਲੈਨਿਨ ਨੂੰ ਮਨੁੱਖੀ ਭਲਾਈ ਦੇ ਨਾਇਕ ਵਜੋਂ ਉਨ੍ਹਾਂ ਦੇ ਜਨਮ ਦਿਨ ’ਤੇ ਯਾਦ ਕੀਤਾ। ਇਸ ਵਾਰ ਵੀ ਸਵਰਨਜੀਤ ਸਵੀ ਨੇ ਹਰ ਕਿਤਾਬ ਵਿਚ ਨਵੀਂ ਗੱਲ ਕਰਨ ਦੀ ਪਹਿਲ ਕੀਤੀ ਹੈ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਤ੍ਰੈਲੋਚਨ ਲੋਚੀ, ਮਲਕੀਅਤ ਸਿੰਘ ਔਲਖ, ਭਗਵਾਨ ਢਿੱਲੋਂ, ਇੰਦਰਜੀਤ ਪਾਲ ਕੌਰ,  ਸੁਰਿੰਦਰ ਦੀਪ, ਇੰਦਰਜੀਤ ਕੌਰ ਲੋਟੇ, , ਤਰਲੋਚਨ ਸਿੰਘ, ਦਲਜੀਤ ਸਿੰਘ ਬਾਗੀ, ਗੁਰਜੰਟ ਸਿੰਘ ਰਾਜੇਆਣਾ, ਪੰਮੀ ਹਬੀਬ, ਜ਼ੋਰਾਵਰ ਸਿੰਘ, ਸਿਮਰਨ ਧੁੱਗਾ, ਬਲਕੌਰ ਸਿੰਘ ਗਿੱਲ, ਸਰਬਜੀਤ ਸਿੰਘ ਵਿਰਦੀ, ਸੰਦੀਪ ਕੌਰ, ਕੁਲਵਿੰਦਰ ਕੁਮਾਰ, ਸੁਰਜੀਤ ਸਿੰਘ ਲਾਂਬੜਾ ਸਮੇਤ ਕਾਫ਼ੀ ਗਿਣਤੀ ਵਿਚ ਲੇਖਕ ਹਾਜ਼ਰ ਸਨ। ਬਹਿਸ ਵਿਚ ਭਾਗ ਲੈਣ ਵਾਲਿਆਂ ਵਿਚ ਬਿ੍ਰਜ ਭੂਸ਼ਨ ਗੋਇਲ, ਰੁਪਿੰਦਰ ਮਾਨ ਮੁਕਤਸਰ, ਡਾ. ਪਰਮਜੀਤ ਸਿੰਘ ਸੋਹਲ, ਜਸਪ੍ਰੀਤ ਕੌਰ ਅਮਲਤਾਸ ਤੇ ਮਨਦੀਪ ਕੌਰ ਭੰਵਰਾ ਸ਼ਾਮਲ ਸਨ। ਇਸ ਸਮੇਂ ਪ੍ਰੋ. ਜਤਿੰਦਰ ਗਰੋਵਰ ਸੈਨੇਟ ਸਿੰਡੀਕੇਟ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਸ. ਮਲਕੀਤ ਸਿੰਘ ਦਾਖਾ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ।

ਅਕਾਦਮੀ ਦੇ ਪ੍ਰੈਸ ਸਕੱਤਰ ਜਸਵੀਰ ਝੱਜ ਨੇ ਇਸ ਵਾਰ ਵੀ ਸਾਹਿਤਿਕ ਪੱਤਰਕਾਰਿਤਾ ਦੀ ਜ਼ਿੰਮੇਵਾਰੀ ਬੜੀ ਗੰਭੀਰਤਾ ਨਾਲ ਨਿਭਾਈ।