Saturday:24th February 2024 at 15:53 Jasvir Sharma Dadahur
ਕੀ ਅਜਿਹੇ ਲੋੜਵੰਦ ਲੇਖਕਾਂ ਲਈ ਕੋਈ ਸਾਹਿਤਿਕ ਸੰਸਥਾ ਸਰਗਰਮ ਹੈ?
ਜਸਵੀਰ ਸ਼ਰਮਾ ਦੱਦਾਹੂਰ |
"ਮਾਣਯੋਗ ਮੁੱਖ ਮੰਤਰੀ ਪੰਜਾਬ ਦੇ ਧਿਆਨ ਹਿੱਤ"
ਸਤਿਕਾਰ ਯੋਗ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਮਾਨ ਸਾਹਿਬ ਜੀ ਆਪ ਜੀ ਨੂੰ ਬਹੁਤ ਉਮੀਦਾਂ ਨਾਲ ਲੋਕਾਂ ਨੇ ਮੁੱਖ ਮੰਤਰੀ ਬਣਾਇਆ ਤੁਸੀਂ ਬਹੁਤ ਸਾਰੇ ਇਹੋ ਜਿਹੇ ਕੰਮ ਕਰ ਵੀ ਰਹੇ ਹੋਂ ਜਿਨ੍ਹਾਂ ਤੇ ਤੁਹਾਨੂੰ ਚਾਹੁਣ ਵਾਲਿਆਂ ਨੂੰ ਬਹੁਤ ਮਾਣ ਹੈ,ਪਰ ਮੈਂ ਇੱਕ ਵਿਰਸੇ ਦਾ ਲੇਖਕ ਹੋਣ ਦੇ ਨਾਤੇ ਤੇ ਆਰਥਿਕ ਪੱਖੋਂ ਕਮਜ਼ੋਰ ਕਰਕੇ ਪੰਜਾਬ ਸਰਕਾਰ ਵੱਲੋਂ ਮਿਲਦੇ ਭੱਤਿਆਂ ਵੱਲ ਆਪ ਜੀ ਦਾ ਧਿਆਨ ਦਿਵਾਉਣਾ ਚਾਹੁੰਦਾ ਹਾਂ।
ਮੈਂ ਉਨੱਤਰ ਸਾਲ ਦੀ ਉਮਰ ਦਾ ਵਿਅਕਤੀ ਹਾਂ ਮੈਨੂੰ ਦੋ ਹਜ਼ਾਰ ਗਿਆਰਾਂ ਦੇ ਵਿੱਚ ਵਿਰਸਾ ਭਾਵ ਪੁਰਾਤਨ ਸਮਿਆਂ ਵਿੱਚ ਸਾਡੇ ਪੁਰਖਿਆਂ ਦੀ ਜੀਵਨ ਜਾਚ ਰਹਿਣੀ ਸਹਿਣੀ ਕੰਮ ਕਾਰ ਵਿਹਾਰ ਸੰਯੁਕਤ ਪਰਿਵਾਰਾਂ ਦਾ ਪਿਆਰ ਮੁਹੱਬਤ ਅਪਣੱਤ ਲਿਖਣ ਦੀ ਚੇਟਕ ਲੱਗੀ ਜੋ ਬਾਰਾਂ ਸਾਲਾਂ ਬਾਅਦ ਵੀ ਜਿਉਂ ਦੀ ਤਿਉਂ ਹੈ। ਮੈਂ ਪ੍ਰਾਈਵੇਟ ਕਾਰ ਡਰਾਈਵਰ ਹਾਂ ਤੇ ਹੁਣ ਉਮਰ ਦੇ ਤਕਾਜ਼ੇ ਨਾਲ ਓओਹ ਵੀ ਛੱਡ ਦਿੱਤੀ ਹੈ ਤੇ ਬਿਲਕੁਲ ਵਿਹਲਾ ਹਾਂ।ਪਰ ਮੈਂ ਸੱਤ ਕਿਤਾਬਾਂ ਲਿਖੀਆਂ ਨੇ ਜੋ ਮੈਂ ਸਮਾਜਿਕ ਜਥੇਬੰਦੀਆਂ,,ਸਾਹਿਤ ਨੂੰ ਪਿਆਰ ਕਰਨ ਵਾਲਿਆਂ, ਜਾਂ ਦੋਸਤਾਂ ਮਿੱਤਰਾਂ ਦੀ ਮਦਦ ਨਾਲ ਲਿਖੀਆਂ। ਮੈਂ ਕਿਰਾਏ ਦੇ ਮਕਾਨ ਵਿੱਚ ਸ੍ਰੀ ਮੁਕਤਸਰ ਸਾਹਿਬ ਵਿਖੇ ਰਹਿੰਦਾ ਹਾਂ ਮੇਰੇ ਦੋ ਬੇਟੇ ਆਪਣਾ ਪ੍ਰਾਈਵੇਟ ਕੰਮ ਕਾਰ ਕਰਦੇ ਹਨ, ਮੈਂ ਸਿਰਫ਼ ਬੁਢਾਪਾ ਪੈਨਸ਼ਨ ਜੋ ਆਪ ਜੀ ਪੰਦਰਾਂ ਸੌ ਦੇ ਰਹੇ ਹੋਂ ਓਹ ਜਰੂਰ ਲੈ ਰਿਹਾ ਹਾਂ ਤੇ ਪੱਚੀ ਸੌ ਵਾਲੀ ਗੱਲ ਵੀ ਹਾਲੇ ਫਾਇਲਾਂ ਵਿੱਚ ਹੀ ਦੱਬੀ ਹੋਈ ਹੈ।
ਮੈਨੂੰ ਭਰੋਸੇਯੋਗ ਸੂਤਰਾਂ ਤੇ ਕੁੱਝ ਕੁ ਦੋਸਤਾਂ ਮਿੱਤਰਾਂ ਤੋਂ ਪਤਾ ਲੱਗਾ ਸੀ ਕੋਈ ਦੋ ਕੁ ਸਾਲ ਪਹਿਲਾਂ ਕਿ ਪੰਜਾਬ ਸਰਕਾਰ ਆਰਥਿਕ ਪੱਖੋਂ ਕਮਜ਼ੋਰ ਲੇਖਕਾਂ ਨੂੰ ਪੱਚੀ ਸੌ ਰੁਪਏ ਮਹੀਨਾ ਮਦਦ ਦੇ ਤੌਰ ਤੇ ਜਾਂ ਪੈਂਨਸ਼ਨ ਦੇ ਰੂਪ ਚ ਦਿੰਦੀ ਹੈ ਤੇ ਤੁਸੀਂ ਉਸ ਲਈ ਬਿਲਕੁਲ ਜਾਇਜ਼ ਵਿਅਕਤੀ ਹੋਂ, ਸੋ ਮੈਂ ਵੀ ਪੁੱਛ ਪਛਾ ਕੇ ਓਹ ਫ਼ਾਰਮ ਭਰ ਦਿੱਤੇ। ਇਸ ਦੀ ਪ੍ਰਵੀਨ ਜੀ ਜੋ ਭਾਸ਼ਾ ਵਿਭਾਗ ਚ ਪਟਿਆਲਾ ਤਾਇਨਾਤ ਹਨ ਓਹਨਾਂ ਨੂੰ, ਮਨਜੀਤ ਪੁਰੀ ਜੀ ਫਰੀਦਕੋਟ,ਜਗਰੀਤ ਕੌਰ ਸੰਧੂ ਸ੍ਰੀ ਮੁਕਤਸਰ ਸਾਹਿਬ, ਮੈਡਮ ਵੀਰ ਪਾਲ ਜੀ ਭਾਸ਼ਾ ਵਿਭਾਗ ਪਟਿਆਲਾ ਸੱਭਨਾਂ ਨੂੰ ਫੋਨ ਤੇ ਜਾਣਕਾਰੀ ਦਿੱਤੀ,ਪਰ ਪੈਂਨਸ਼ਨ ਵਾਲੇ ਕੇਸ ਨੇ ਅੱਗੇ ਤਾਂ ਕੀ ਜਾਣਾ ਸੀ ਓਹ ਸਾਰਾ ਪੁਲੰਦਾ ਕਰੀਬ ਡੇਢ਼ ਸਾਲ ਮਗਰੋਂ ਮੈਨੂੰ ਈ ਵਾਪਸ ਆ ਗਿਆ ਤੇ ਓਹਦੇ ਨਾਲ ਇੱਕ ਹੋਰ ਪਰਫਾਰਮਾ ਲੱਗਾ ਸੀ ਤੇ ਹੁਕਮ ਸੀ ਕਿ ਆਹ ਪੂਰਾ ਕਰਕੇ ਭੇਜੋ ਸੋ ਮੈਂ ਓਹ ਵੀ ਕਚਹਿਰੀਆਂ ਦੇ ਧੱਕੇ ਖਾ ਕੇ ਛੇ ਕੁ ਸੌ ਰੁਪਏ ਲਗਾ ਕੇ ਪੂਰਾ ਕਰਕੇ ਰਜਿਸਰੀ ਕਰਵਾ ਕੇ ਭੇਜ ਚੁੱਕਾ ਹਾਂ ਪਰ ਪਰਨਾਲਾ ਉਥੇ ਦਾ ਉਥੇ ਹੀ ਹੈ, ਕਿਤੇ ਜਨਾਬ ਜੀ ਇਹ ਤਾਂ ਨਹੀਂ ਹੋ ਰਿਹਾ ਕਿ "ਅੰਨ੍ਹਾ ਵੰਡੇ ਸੀਰਨੀ ਮੁੜ ਮੁੜ ਘਰਦਿਆਂ ਨੂੰ?"
ਮੇਰੀਆਂ ਸਾਰੀਆਂ ਪੁਸਤਕਾਂ ਵੀ ਪਟਿਆਲਾ ਵਿਖੇ ਪਹੁੰਚੀਆਂ ਨੇ ਹੁਣ ਬੇਸ਼ੱਕ ਭਾਸ਼ਾ ਵਿਭਾਗ ਮੰਨੇ ਨਾ ਮੰਨੇ ਓਹ ਓਨਾਂ ਦੀ ਮਰਜ਼ੀ ਹੈ। ਧਰਮ ਕੰਮਿਆਣਾ ਜੀ ਦੇ ਸਮੇਂ ਮੇਰੀਆਂ ਰਚਨਾਵਾਂ ਭਾਸ਼ਾ ਵਿਭਾਗ ਦੇ ਮੈਗ਼ਜ਼ੀਨਾਂ ਵਿੱਚ ਵੀ ਲੱਗਦੀਆਂ ਰਹੀਆਂ ਹਨ ਅਤੇ ਹੁਣ ਵੀ ਇੱਕ ਮਹੀਨਾ ਪਹਿਲਾਂ ਸੰਤੋਖ ਸਿੰਘ ਜੀ ਦਾ ਭਾਸ਼ਾ ਵਿਭਾਗ ਚੋਂ ਫ਼ੋਨ ਵੀ ਆਇਆ ਸੀ ਕਿ ਤੁਹਾਡੀਆਂ ਰਚਨਾਵਾਂ ਲੱਗੀਆਂ ਨੇ ਡਾਕ ਐਡਰੈਸ ਦਿਓ ਤੁਹਾਨੂੰ ਭੇਜਦੇ ਹਾਂ ਪਰ ਮਹੀਨਾ ਹੋ ਚੁੱਕਿਆ ਹੈ ਕੁੱਝ ਨਹੀਂ ਆਇਆ ਖੈਰ---!
ਪੰਜਾਬੀ ਦਾ ਪ੍ਰਿੰਟਿਡ ਕੋਈ ਵੀ ਐਸਾ ਅਖ਼ਬਾਰ ਨਹੀਂ ਜੀਹਦੇ ਵਿੱਚ ਮੇਰੀਆਂ ਰਚਨਾਵਾਂ ਨਾ ਛਪੀਆਂ ਹੋਣ ਜੱਗ ਬਾਣੀ ਨੂੰ ਛੱਡ ਕੇ,ਬਾਕੀ ਔਨ ਲਾਈਨ ਅਖ਼ਬਾਰਾਂ ਵਿੱਚ ਵੀ ਕਰੀਬ ਸਾਰਿਆਂ ਅਖ਼ਬਾਰਾਂ ਵਿੱਚ ਦਾਸ ਦੀਆਂ ਰਚਨਾਵਾਂ ਛਪਦੀਆਂ ਰਹਿੰਦੀਆਂ ਹਨ, ਨਵੰਬਰ ਮਹੀਨਾ ਜੋ ਭਾਸ਼ਾ ਵਿਭਾਗ ਬਤੌਰ ਮਾਂ ਬੋਲੀ ਨੂੰ ਸਮਰਪਿਤ ਭਾਸ਼ਾ ਵਿਭਾਗ ਪਟਿਆਲਾ ਦੇ ਵਿਹੜੇ ਵਿੱਚ ਮਨਾਉਂਦਾ ਹੈ ਤੇ ਸਮਾਪਤੀ ਵੀ ਓਥੇ ਹੀ ਕਰਦਾ ਹੈ ਓਥੇ ਵੀ ਦਾਸ ਦੀ ਹਾਜ਼ਰੀ ਲੱਗਦੀ ਹੈ,ਪਰ ਕੀਤਾ ਕੀ ਜਾਵੇ ਮੇਰੇ ਵਰਗੇ ਅਨੇਕਾਂ ਹੀ ਗਰੀਬ ਲੇਖਕਾਂ ਨੂੰ ਲੇਖਕ ਸਮਝਿਆ ਹੀ ਨਹੀਂ ਜਾਂਦਾ ਸਗੋਂ ਅਣਗੌਲਿਆ ਕੀਤਾ ਜਾਂਦਾ ਹੈ ਜੋ ਆਪਣੇ ਆਪ ਨੂੰ ਵੱਡੇ ਲੇਖਕ ਸਮਝਦੇ ਹਨ ਇਸਦੇ ਬਿਲਕੁਲ ਉਲਟ ਓਨਾਂ ਨੂੰ ਗ਼ਰੀਬ ਲੇਖਕਾਂ ਜਾਂ ਕਹਿ ਲਓ ਨਵੇਂ ਲੇਖਕਾਂ ਦੀ ਉਂਗਲੀ ਫੜ ਕੇ ਨਾਲ ਤੋਰਨਾ ਚਾਹੀਦਾ ਹੈ ਪਰ ਹੋ ਸੱਭ ਉਲ਼ਟ ਰਿਹਾ ਹੈ ਕੋਈ ਇਸ ਨੂੰ ਉਜਾਗਰ ਕਰ ਦਿੰਦਾ ਹੈ ਤੇ ਕੋਈ ਵਿਚੇ ਵਿੱਚ ਹੀ ਘੁੱਟਣ ਮਹਿਸੂਸ ਕਰਦਾ ਰਹਿੰਦਾ ਹੈ।ਹੁਣ ਤੁਹਾਡੇ ਤੋਂ ਹੀ ਬਹੁਤ ਆਸਾਂ ਉਮੀਦਾਂ ਨੇ।
ਇਸ ਲੇਖ ਰਾਹੀਂ ਮੈਂ ਆਪ ਜੀ ਨੂੰ ਪੁਰਜ਼ੋਰ ਅਪੀਲ ਕਰਦਾ ਹਾਂ ਕਿ ਆਪ ਤਾਂ ਖੁਦ ਇਸ ਲੇਖਣੀ ਗਾਇਕੀ ਤੇ ਵਿਅੰਗ ਦੇ ਧਰੂ ਤਾਰੇ ਰਹੇ ਹੋਂ ਤੇ ਇਸ ਸਮੇਂ ਹਰਾ ਪਿੰਨ ਵੀ ਤੁਹਾਡੇ ਹੱਥ ਵਿੱਚ ਹੈ, ਮੇਰੀਆਂ ਸੱਤ ਪੁਸਤਕਾਂ ਦੇ ਨਾਮ ਵੀ ਆਪ ਨਾਲ ਸਾਂਝੇ ਕਰਨੇ ਅਤਿ ਜ਼ਰੂਰੀ ਸਮਝਦਾ ਹਾਂ, ਸੁਣੋਂ ਜਨਾਬ -ਵਿਰਸੇ ਦੀ ਲੋਅ, ਵਿਰਸੇ ਦੀ ਖੁਸ਼ਬੋ, ਵਿਰਸੇ ਦੀ ਸੌਗਾਤ, ਪੰਜਾਬੀ ਵਿਰਸੇ ਦੀਆਂ ਅਣਮੁੱਲੀਆਂ ਯਾਦਾਂ, ਵਿਰਸੇ ਦੀਆਂ ਪੌਣਾਂ, ਸਾਡਾ ਵਿਰਸਾ ਤੇ ਵਿਰਸੇ ਦੇ ਰਾਗ।
ਇਨ੍ਹਾਂ ਵਿਚੋਂ ਦੋ ਵਾਰਤਕ ਨੇ ਵਿਰਸੇ ਦੀਆਂ ਅਣਮੁੱਲੀਆਂ ਯਾਦਾਂ ਤੇ ਸਾਡਾ ਵਿਰਸਾ ਜਿਨ੍ਹਾਂ ਵਿੱਚ ਫੋਟੋਆਂ ਸਮੇਤ ਵਿਰਸੇ ਪ੍ਰਤੀ ਲੇਖ ਛਪੇ ਨੇ ਤੇ ਬਾਕੀ ਪੰਜ ਪੁਸਤਕਾਂ ਕਾਵਿ ਸੰਗ੍ਰਹਿ ਨੇ ਜਿਨ੍ਹਾਂ ਵਿੱਚ ਕਰੀਬ ਹਰ ਪੁਸਤਕ ਚ ਪੰਜਾਹ ਪਰਸੈਂਟ ਵਿਰਸਾ ਗੀਤਾਂ ਕਵਿਤਾਵਾਂ ਤੁੱਕ ਬੰਦੀ ਵਿੱਚ ਦਰਜ ਹੈ ਤੇ ਪੰਜਾਹ ਪਰਸੈਂਟ ਫੌਜੀਆਂ, ਸ਼ਹੀਦਾਂ, ਸਮਾਜਿਕ ਤੇ ਦੁਨਿਆਵੀ ਮੁੱਦਿਆਂ ਤੇ ਗੁਰੂ ਸਾਹਿਬਾਨ ਪ੍ਰਤੀ ਗੀਤ ਕਵਿਤਾਵਾਂ ਦਰਜ ਹਨ।ਇਸ ਸਮੇਂ ਮੇਰੀ ਉਮਰ ਉਨੱਤਰ ਸਾਲ ਦੀ ਹੈ ਪਤਾ ਨਹੀਂ ਸਾਲ ਦੋ ਸਾਲ ਜ਼ਿੰਦਗੀ ਹੋਰ ਵਾਹਿਗੁਰੂ ਬਖਸ਼ਦੇ ਹਨ ਜਾਂ ਨਹੀਂ, ਜੇਕਰ ਹੁਣ ਵੀ ਤੁਸੀਂ ਖੁਦ ਇਸ ਲਾਈਨ ਨਾਲ ਸਬੰਧਤ ਹੋਂ ਹਰਾ ਪਿੰਨ ਇਸ ਪਾਸੇ ਨਾ ਚੱਲਿਆ ਤਾਂ ਹੋ ਸਕਦਾ ਹੈ ਕਿ ਇਸ ਵਿਤੀ ਸਹਾਇਤਾ ਵੱਲੋਂ ਵਾਂਝੇ ਹੀ ਦੁਨੀਆਂ ਤੋਂ ਜਾਣਾ ਪਵੇ। ਹਾਂ ਸੱਚ ਇੱਕ ਗੱਲ ਹੋਰ
ਭਰੋਸੇਯੋਗ ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਇਹ ਆਰਥਿਕ ਪੱਖੋਂ ਕਮਜ਼ੋਰ ਲੇਖਕਾਂ ਵਾਲੀ ਸਹੂਲਤ ਬਹੁਤ ਸਾਰੇ ਐਸੇ ਲੇਖਕ ਵੀ ਲੈ ਰਹੇ ਨੇ ਜੋ ਹਰ ਪੱਖੋਂ ਸਮਰੱਥ ਨੇ ਭਾਵ ਸੱਭ ਕੁੱਝ ਹੁੰਦੇ ਸੁੰਦੇ ਹੱਕ ਵਾਲਿਆਂ ਦਾ ਹੱਕ ਖੋਹ ਕੇ ਖਾ ਰਹੇ ਨੇ। ਜਿਵੇਂ ਤੁਸੀਂ ਹਰ ਮਹਿਕਮੇ ਤੇ ਸ਼ਿਕੰਜਾ ਕੱਸਿਆ ਹੈ ਜੇਕਰ ਇਸ ਪਾਸੇ ਵੀ ਘੋਖ ਪੜਤਾਲ ਕਰਵਾਓ ਤਾਂ ਬੜਾ ਕੁੱਝ ਸਾਹਮਣੇ ਆ ਸਕਦਾ ਹੈ।
ਉਮੀਦ ਕਰਦਾ ਹਾਂ ਕਿ ਮੇਰੀ ਇਹ ਲਿਖਤ ਤੁਹਾਡਾ ਕੋਈ ਪੀ ਏ ਸਾਹਿਬ ਜਾਂ ਤੁਹਾਡੇ ਕੋਲ ਪਹੁੰਚ ਰੱਖਣ ਵਾਲਾ ਦੋਸਤ ਤੁਹਾਡੇ ਕੋਲ ਪਹੁੰਚਾ ਦੇਵੇ ਤਾਂ ਮਿਹਰਬਾਨੀ ਕਰਕੇ ਇਸਨੂੰ ਪੜ੍ਹ ਕੇ ਜ਼ਰੂਰ ਗੌਰ ਕਰਨੀ ਵੈਸੇ ਤੁਹਾਡੇ ਦੋ ਫੇਸਬੁੱਕ ਗਰੁੱਪ ਮੇਰੇ ਮੋਬਾਇਲ ਵਿੱਚ ਚਲਦੇ ਨੇ ਜੇਕਰ ਕਿਸੇ ਅਖ਼ਬਾਰ ਨੇ ਇਹ ਲੇਖ ਛਾਪਿਆ ਤਾਂ ਓਨਾਂ ਗਰੁੱਪਾਂ ਵਿੱਚ ਵੀ ਪਾਵਾਂਗਾ।
ਜੇਕਰ ਤੁਸੀਂ ਇਸਨੂੰ ਪੜ੍ਹ ਕੇ ਕਿਤਾਬਾਂ ਨੂੰ ਵੇਖਣ ਤੇ ਲੈਣ ਦਾ ਹੁਕਮ ਕਰੋਂਗੇ ਤਾਂ ਦਾਸ ਨੰਗੇ ਪੈਰੀਂ ਆਪ ਜੀ ਦੇ ਦਰਸ਼ਨ ਕਰਨ ਵੀ ਆ ਸਕਦਾ ਹਾਂ ਜੀ। ਮੈਨੂੰ ਬਹੁਤ ਸਾਰੀਆਂ ਸਾਹਿਤ ਸਭਾਵਾਂ ਵੱਲੋਂ, ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਵੱਲੋਂ ਸਮੇਂ ਸਮੇਂ ਤੇ ਮਾਣ ਸਤਿਕਾਰ ਵੀ ਮਿਲਿਆ ਹੈ।
ਮੇਰੀ ਪੁਸਤਕ ਸਤਿਕਾਰ ਯੋਗ ਸ੍ਰ ਹਰਪਾਲ ਸਿੰਘ ਜੀ ਸੈਸ਼ਨ ਜੱਜ ਫਰੀਦਕੋਟ ਨੇ ਉਚੇਚੇ ਤੌਰ ਤੇ ਮੰਗਵਾ ਕੇ ਪੜੀ ਹੈ ਤੇ ਸਾਡਾ ਵਿਰਸਾ ਪੁਸਤਕ ਓਨਾਂ ਨੂੰ ਮੈਂ ਮੁਹਾਲੀ ਡਾਕ ਰਾਹੀਂ ਭੇਜ ਦਿੱਤੀ ਸੀ ਕਿਉਂਕਿ ਉਹ ਫਰੀਦਕੋਟ ਤੋਂ ਬਦਲ ਕੇ ਓਥੇ ਚਲੇ ਗਏ ਸਨ। ਇਹ ਪੁਸਤਕਾਂ ਦਾਸ ਗੁਰਦੁਆਰਾ ਨਾਨਕ ਝੀਰਾ ਕਰਨਾਟਕਾ ਵਿਖੇ ਓਥੋਂ ਦੇ ਹੈਡ ਗ੍ਰੰਥੀ ਸਾਹਿਬਾਨ ਨੂੰ ਭੇਂਟ ਕਰਕੇ ਆਇਆ ਹਾਂ ਓਥੋਂ ਵੀ ਦਾਸ ਨੂੰ ਸਿਰੋਪਾਓ ਦੀ ਬਖਸ਼ਿਸ਼ ਹੋਈ ਸੀ ਜੀ।
ਮੈਂ ਇਹ ਵੀ ਭਲੀਭਾਂਤ ਜਾਣਦਾ ਹਾਂ ਕਿ ਜੋ ਤੁਸੀਂ ਗੰਧਲੀ ਰਾਜਨੀਤੀ ਨੂੰ ਸੁਧਾਰਨ ਅਤੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਬੀੜਾ ਚੁੱਕਿਆ ਹੈ ਵਾਹਿਗੁਰੂ ਤੁਹਾਨੂੰ ਕਾਮਯਾਬੀ ਦੇਵੇ ਸਦਾ ਤੁਹਾਡੇ ਅੰਗ ਸੰਗ ਰਹਿਣ ਇਹ ਦੁਆ ਕਰਦੇ ਹਾਂ,ਪਰ ਜੇਕਰ ਤੁਹਾਡੇ ਮਨ ਚ ਇਹ ਗੱਲ ਆਵੇ ਕਿ ਇਸ ਲੇਖ ਦੇ ਲੇਖਕ ਨੂੰ ਮਿਲਣਾ ਹੈ ਤਾਂ ਮੈਂ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਾਂਗਾ ਪਰ ਸਮਾਂ ਓਹੀ ਦੇਣਾ ਜਦੋਂ ਤੁਸੀਂ ਮਿਲ ਸਕੋਂ ਕਿਉਂਕਿ ਮੈਂ ਤਾਂ ਕਿਰਾਇਆ ਵੀ ਕਿਸੇ ਤੋਂ ਮੰਗ ਕੇ ਲਾ ਕੇ ਆਵਾਂਗਾ ਜਨਾਬ।
ਮੈਨੂੰ ਬਹੁਤ ਵੱਡੀ ਉਮੀਦ ਹੈ ਕਿ ਤੁਹਾਡਾ ਹਰਾ ਪਿੰਨ ਮੇਰੀ ਇਸ ਜਾਇਜ਼ ਮੰਗ ਲਈ ਜ਼ਰੂਰ ਚੱਲੇਗਾ ਤੇ ਇਸ ਨਾਲ ਮੇਰੇ ਵਰਗੇ ਹੋਰ ਅਭਾਗੇ ਲੇਖਕ ਦੋਸਤਾਂ ਮਿੱਤਰਾਂ ਦੀ ਵੀ ਸੁਣੀ ਜਾਵੇਗੀ। ਬਹੁਤ ਹੀ ਆਸ ਉਮੀਦ ਨਾਲ ---
ਜਸਵੀਰ ਸ਼ਰਮਾ ਦੱਦਾਹੂਰ, ਸ੍ਰੀ ਮੁਕਤਸਰ ਸਾਹਿਬ, ਮੋਬਾਈਲ ਨੰਬਰ-+91 95691-49556
ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।
ਵਾਕਿਆ ਹੀ ਏਹ ਜਾਰਜ ਮੰਗ ਹੈ
ReplyDeleteਜੀ ਬਹੁਤ ਬਹੁਤ ਧੰਨਵਾਦ
Delete