Saturday 24th February 2024 at 4:57 PM
ਸਾਹਿਤਕ ਪਰਚਾ "ਰਾਗ" ਨਿਰਵਿਘਨ ਛਪਦਾ ਰਹੇਗਾ
ਯੋਗ ਕਲਾਕਾਰਾਂ ਅਤੇ ਸਾਹਿਤ ਨਾਲ ਸੰਬੰਧਿਤ ਹਸਤੀਆਂ ਦੇ ਸਨਮਾਨ ਹੁੰਦੇ ਰਹਿਣਗੇ
ਸਰਕਾਰੀ ਅਦਾਰਿਆਂ ਵੱਲੋਂ ਤਾਂ ਵੱਖ ਵੱਖ ਸ਼ਖਸੀਅਤਾਂ ਨੂੰ ਸਨਮਾਨਿਤ ਕਰਨ ਦੀਆਂ ਖਬਰਾਂ ਅਕਸਰ ਮਿਲਦੀਆਂ ਹੀ ਰਹਿੰਦੀਆਂ ਹਨ ਪਰ ਇੱਕ ਗੈਰ-ਸਰਕਾਰੀ ਅਤੇ ਸ਼ੁੱਧ ਸਾਹਿਤਿਕ ਪਰਚੇ ਰਾਗ ਨਾਲ ਜੁੜੇ ਕਾਫ਼ਿਲੇ ਵੱਲੋਂ ਸਾਹਿਤਕ ਸ਼ਖਸੀਅਤਾਂ ਦੇ ਸਨਮਾਨ ਪਿਛਲੇ ਕਾਫ਼ੀ ਸਮੇਂ ਤੋਂ ਚਰਚਾ ਵਿਚ ਹਨ। ਇਹਨਾਂ ਦੀ ਵੀ ਹੁਣ ਉਡੀਕ ਹੁੰਦੀ ਹੈ ਅਤੇ ਬਹੁਤ ਸਾਰਿਆਂ ਦੀ ਜ਼ਿੰਦਗੀ ਇਹਨਾਂ ਨਾਲ ਸੰਵਰਦੀ ਵੀ ਰਹੀ ਹੈ। ਇਹਨਾਂ ਇਨਾਮਾਂ ਅਤੇ ਸਨਮਾਨਾਂ ਵਿੱਚ ਵੱਡੀਆਂ ਰਕਮਾਂ ਵੀ ਹੁੰਦੀਆਂ ਹਨ। ਇਸਦੇ ਨਾਲ ਹੀ "ਰਾਗ" ਨੇ ਆਪਣੇ ਸਾਹਿਤਿਕ ਮਿਆਰ ਨੂੰ ਵੀ ਬਰਕਰਾਰ ਰੱਖਿਆ ਅਤੇ ਦਿੱਖ ਨੂੰ ਵੀ। ਇਸ ਉੱਚ ਪੱਧਰ ਦੇ ਸਾਹਿਤਿਕ ਪਰਚੇ "ਰਾਗ" ਨੂੰ ਲੋਕ ਉਡੀਕਦੇ ਵੀ ਹਨ ਅਤੇ ਸੰਭਾਲ ਕੇ ਵੀ ਰੱਖਦੇ ਹਨ।
ਰਾਗ ਦੀ ਟੀਮ ਵੱਲੋਂ ਸਨਮਾਨ ਲਈ ਚੁਣੀਆਂ ਜਾਂਦੀਆਂ ਸ਼ਖਸੀਅਤਾਂ ਸੱਚਮੁੱਚ ਸਨਮਾਨ ਦੇ ਕਾਬਿਲ ਵੀ ਹੁੰਦੀਆਂ ਹਨ। ਕਿਸੇ ਲਿਹਾਜ਼ਦਾਰੀ ਜਾਂ ਸਿਫਾਰਿਸ਼ ਵਾਲਾ ਇਸ਼ਾਰਾ ਕਦੇ ਦਿਖਾਈ ਨਹੀਂ ਦਿੱਤਾ। ਦੂਜੀ ਗੱਲ ਇਹ ਕਿ ਇਹਨਾਂ ਸਨਮਾਨਾਂ ਵਿੱਚ ਨਗਦ ਰਕਮ ਵੀ ਹੁੰਦੀ ਹੈ।
ਜਦੋਂ ਕਿਸੇ ਵੇਲੇ ਲੋਈ, ਸ਼ਾਲ ਜਾਂ ਸਿਰੋਪਾ ਪਾ ਕੇ ਸਨਮਾਨਿਤ ਕਰਨ ਦਾ ਰਿਵਾਜ ਜ਼ੋਰ ਫੜ ਗਿਆ ਸੀ ਤਾਂ ਉਦੋਂ ਪ੍ਰਸਿੱਧ ਪੱਤਰਕਾਰ ਅਤੇ ਸਾਹਿਤਕਾਰ ਜਨਾਬ ਪ੍ਰੇਮ ਪ੍ਰਕਾਸ਼ ਹੁਰਾਂ ਨੇ ਕਿਹਾ ਸੀ ਕਿ ਨਗਦ ਰਕਮ ਬਿਨਾ ਪੁਰਸਕਾਰ ਦਾ ਕੋਈ ਮਕਸਦ ਨਹੀਂ ਰਹਿ ਜਾਂਦਾ। ਉਹਨਾਂ ਦੀ ਗੱਲ ਹੈ ਵੀ ਠੀਕ ਕਿਓਂਕਿ ਸਰਸਵਤੀ ਦੇ ਇਹਨਾਂ ਬਹੁਤ ਸਾਰੇ ਪੁੱਤਰਾਂ ਦੀ ਜ਼ਿੰਦਗੀ ਦਾ ਇੱਕ ਵੱਡਾ ਹਿੱਸਾ ਥੁੜਾਂ ਨਾਲ ਸੰਘਰਸ਼ ਕਰਦਿਆਂ ਲੰਘ ਜਾਂਦਾ ਹੈ ਪਰ ਇਹਨਾਂ ਉੱਤੇ ਲਕਸ਼ਮੀ ਦੀ ਕਿਰਪਾ ਨਹੀਂ ਹੁੰਦੀ। ਜਦੋਂ ਕਿਸੇ ਸਰਕਾਰੀ ਅਦਾਰੇ ਵੱਲੋਂ ਅਜਿਹੀ ਚੰਗੀ ਖਬਰ ਆਉਂਦੀ ਵੀ ਹੈ ਤਾਂ ਉਦੋਂ ਅਕਸਰ ਬਹੁਤੀ ਵਾਰ ਮਨ ਡੋਲ ਚੁੱਕਿਆ ਹੁੰਦਾ ਹੈ ਅਤੇ ਤਨ ਖਸਤਾ ਹਾਲਤ ਤੱਕ ਪਹੁੰਚਿਆ ਹੁੰਦਾ ਹੈ। ਉਦੋਂ ਇਹ ਮਾਨ ਸਨਮਾਨ ਮਜ਼ਾਕ ਵਾਂਗ ਜਾਪਣ ਲੱਗਦੇ ਹਨ।
ਜ਼ਿੰਦਗੀ ਦੀਆਂ ਦੁਸ਼ਵਾਰੀਆਂ ਕਿਸੇ ਫਾਂਸੀ ਦੀ ਸਜ਼ਾ ਨਾਲੋਂ ਘੱਟ ਨਹੀਂ ਹੁੰਦੀਆਂ ਅਤੇ ਉਮਰਾਂ ਲੰਘਾ ਕੇ ਮਿਲਣ ਵਾਲੇ ਬਹੁਤੇ ਨਗਦ ਪੁਰਸਕਾਰ ਸਾਹਿਤ ਸਾਧਕਾਂ ਦੀ ਜ਼ਿੰਦਗੀ ਵਿਛਕ ਇਸ ਤਰ੍ਹਾਂ ਆਉਂਦੇ ਹਨ ਜਿਵੇਂ ਕੋਈ ਫਾਂਸੀ ਦੇ ਤਖਤੇ ਤੇ ਚੜ੍ਹ ਕੇ ਗਟਾਗਟ ਅੰਮ੍ਰਿਤ ਦਾ ਪਿਆਲਾ ਪੀ ਰਿਹਾ ਹੋਵੇ ਅਤੇ ਉਧਰੋਂ ਜਲਾਦ ਫਾਂਸੀ ਵਾਲੇ ਤਖਤੇ ਦਾ ਲੀਵਰ ਖਿੱਚਣ ਵਾਲਾ ਹੋਵੇ। ਯਾਦ ਆਉਂਦੇ ਨੇ ਜਨਾਬ ਕ੍ਰਿਸ਼ਨ ਬਿਹਾਰੀ ਨੂਰ ਸਾਹਿਬ:
ਜ਼ਿੰਦਗੀ ਸੇ ਬੜੀ ਸਜ਼ਾ ਹੀ ਨਹੀਂ!
ਔਰ ਕਿਆ ਜੁਰਮ ਹੈ? ਪਤਾ ਹੀ ਨਹੀਂ!
ਕਾਫ਼ਿਲਾ ਰਾਗ ਆਪਣੇ ਪੁਰਸਕਾਰਾਂ ਦੀ ਚੋਣ ਵੇਲੇ ਇਹ ਵੀ ਧਿਆਨ ਰੱਖਦਾ ਹੈ ਕਿ ਇਹ ਪੁਰਸਕਾਰ ਛੇਤੀ ਦੇ ਦਿੱਤੇ ਜਾਇਆ ਕਰਨ ਤਾਂ ਕਿ ਸਾਹਿਤ ਦੀ ਸਾਧਨਾ ਕਰਨ ਵਾਲੇ ਇਸ ਸਨਮਾਨ ਨਾਲ ਮਿਲਦੀ ਰਕਮ ਦੀ ਰਾਹਤ ਨਾਲ ਕਲਮ ਦੀ ਸਾਧਨਾ ਹੋਰ ਤੇਜ਼ ਕਰ ਸਕਣ।
ਇੰਦਰਜੀਤ ਸਿੰਘ ਪੁਰੇਵਾਲ ਅਤੇ ਕਾਫ਼ਲਾ ਰਾਗ ਵੱਲੋਂ ਮਿਤੀ 23 ਫਰਵਰੀ 2024 ਨੂੰ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਵਿਹੜੇ ਮਾਂ-ਬੋਲੀ ਪੰਜਾਬੀ ਦੀ ਸੇਵਾ ਵਿਚ ਜੁੱਟੀਆਂ ਪੰਜ ਉੱਘੀਆਂ ਸ਼ਖਸੀਅਤਾਂ ਦਾ ‘ਰਾਗ ਸਾਹਿਤ ਪੁਰਸਕਾਰ’ ਭੇਂਟ ਕਰਕੇ ਸਨਮਾਨ ਕੀਤਾ ਗਿਆ। ਇਨ੍ਹਾਂ ਸਨਮਾਨਿਤ ਸ਼ਖਸੀਅਤਾਂ ਵਿਚ ਡਾ. ਦਵਿੰਦਰ ਸਿੰਘ ਬੋਹਾ (ਜ਼ਿਲ੍ਹਾ ਭਾਸ਼ਾ ਅਫ਼ਸਰ, ਐੱਸ.ਏ.ਐੱਸ.ਨਗਰ), ਡਾ. ਸੰਦੀਪ ਸ਼ਰਮਾ (ਜ਼ਿਲ੍ਹਾ ਭਾਸ਼ਾ ਅਫ਼ਸਰ, ਲੁਧਿਆਣਾ), ਕੀਰਤੀ ਕਿਰਪਾਲ (ਜ਼ਿਲ੍ਹਾ ਭਾਸ਼ਾ ਅਫ਼ਸਰ, ਬਠਿੰਡਾ), ਡਾ.ਜਸਵੰਤ ਰਾਏ (ਖੋਜ ਅਫ਼ਸਰ, ਹੁਸ਼ਿਆਰਪੁਰ), ਗੁਰਪ੍ਰੀਤ (ਖੋਜ ਅਫ਼ਸਰ, ਮਾਨਸਾ) ਨੂੰ ਗਿਆਰਾਂ ਹਜ਼ਾਰ ਰੁਪਏ, ਸ਼ਾਲ ਅਤੇ ਇਕ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।
ਇਸ ਸਮਾਗਮ ਦੀ ਪ੍ਰਧਾਨਗੀ ਉੱਘੇ ਲੇਖਕ ਤੇ ਅਨੁਵਾਦਕ ਸ਼੍ਰੀ ਜੰਗ ਬਹਾਦੁਰ ਗੋਇਲ ਵੱਲੋਂ ਕੀਤੀ ਗਈ। ਮੁੱਖ ਮਹਿਮਾਨ ਵਜੋਂ ਉੱਘੇ ਕਵੀ ਜਸਵੰਤ ਸਿੰਘ ਜ਼ਫ਼ਰ ਅਤੇ ਵਿਸ਼ੇਸ਼ ਮਹਿਮਾਨ ਵਜੋਂ ਸਾਹਿਤ ਅਕਾਦਮੀ ਪੁਰਸਕ੍ਰਿਤ ਸਵਰਨਜੀਤ ਸਵੀ ਵੱਲੋਂ ਸ਼ਿਰਕਤ ਕੀਤੀ ਗਈ। ਸ਼੍ਰੀ ਜੰਗ ਬਹਾਦੁਰ ਗੋਇਲ ਵੱਲੋਂ ਆਖਿਆ ਗਿਆ ਕਿ ਸਾਰੀਆਂ ਸਨਮਾਨਿਤ ਸ਼ਖ਼ਸੀਅਤਾਂ ਦਾ ਕੰਮ ਮਹੱਤਵਪੂਰਨ ਹੈ; ਸਨਮਾਨ ਮਿਲਣ ਨਾਲ ਲੇਖਕ, ਕਲਾਕਾਰ ਉਤਸ਼ਾਹਿਤ ਹੁੰਦਾ ਹੈ। ਉਨ੍ਹਾਂ ਨੇ ਪੰਜਾਬੀ ਭਾਸ਼ਾ ਦੇ ਵਿਕਾਸ ਪ੍ਰਤੀ ਵੀ ਆਪਣੇ ਤੌਖਲੇ ਵੀ ਜ਼ਾਹਰ ਕੀਤੇ।
ਸਮਾਗਮ ਦੇ ਆਰੰਭ ਵਿਚ 'ਕਾਫ਼ਲਾ ਰਾਗ' ਦੇ ਸਰਪ੍ਰਸਤ ਹਰਵਿੰਦਰ ਸਿੰਘ ਵੱਲੋਂ ਮਹਿਮਾਨਾਂ, ਸਾਹਿਤਕਾਰਾਂ ਅਤੇ ਪਤਵੰਤੇ ਸੱਜਣਾਂ ਨੂੰ 'ਜੀ ਆਇਆਂ ਨੂੰ’ ਕਹਿ ਕੇ ਸੁਆਗਤ ਕੀਤਾ ਗਿਆ। ਸਨਮਾਨਿਤ ਕੀਤੀਆਂ ਜਾ ਰਹੀਆਂ ਹਸਤੀਆਂ ਵਿੱਚੋਂ ਡਾ. ਦਵਿੰਦਰ ਸਿੰਘ ਬੋਹਾ ਦੀਆਂ ਪ੍ਰਾਪਤੀਆਂ ਬਾਰੇ ਡਾ. ਲਾਭ ਸਿੰਘ ਖੀਵਾ ਨੇ ਬੋਲਦਿਆਂ ਆਖਿਆ ਕਿ ਡਾ. ਬੋਹਾ ਦੀ ਸਿੱਖਿਆ ਦੇ ਖੇਤਰ ਵਿਚ ਅਹਿਮ ਦੇਣ ਹੈ। ਉਨ੍ਹਾਂ ਅੱਗੇ ਕਿਹਾ ਕਿ ਡਾ. ਬੋਹਾ ਦੇ ਭਾਸ਼ਾ ਵਿਭਾਗ ਵਿਚ ਆਉਣ ਨਾਲ ਇਸ ਵਿਭਾਗ ਵਿਚ ਜਾਨ ਪੈ ਗਈ। ਇਸ ਉਪਰੰਤ ਕੀਰਤੀ ਕਿਰਪਾਲ ਬਾਰੇ ਬੋਲਦਿਆਂ ਨਾਟਕਕਾਰ ਸੰਜੀਵਨ ਸਿੰਘ ਨੇ ਕਿਹਾ ਕਿ ਕੀਰਤੀ ਹੋਰਾਂ ਦਾ ਨਾਟਕ ਦੇ ਖੇਤਰ ਵਿਚ ਮਹੱਤਵਪੂਰਨ ਕੰਮ ਹੈ। ਇਨ੍ਹਾਂ ਨੇ ਭਾਸ਼ਾ ਵਿਭਾਗ ਵਿਚ ਆ ਕੇ ਅਹਿਮ ਕਾਰਜ ਨੇਪਰੇ ਚਾੜੇ ਨੇ। ਕਵਿਤਾ ਤੇ ਚਿਤਰਕਲਾ ਦੇ ਉੱਘੇ ਹਸਤਾਖ਼ਰ ਸਵਰਨਜੀਤ ਸਵੀ ਨੇ ਸਨਮਾਨ ਪ੍ਰਾਪਤ ਸ਼ਾਇਰ ਡਾ. ਸੰਦੀਪ ਸ਼ਰਮਾ ਬਾਰੇ ਕਿਹਾ ਕਿ ਸੰਦੀਪ ਨਵੇਂ ਭਾਵ-ਬੋਧ ਦਾ ਸ਼ਾਇਰ ਹੈ। ਉਨ੍ਹਾਂ ਨੇ ਏ.ਆਈ. ਲਈ ਇੰਟਰਨੈੱਟ 'ਤੇ ਪੰਜਾਬੀ ਵਿਚ ਡਾਟਾ ਨਾ ਹੋਣ ਦਾ ਫ਼ਿਕਰ ਜ਼ਾਹਰ ਕੀਤਾ।ਡਾ. ਜਸਵੰਤ ਰਾਏ ਬਾਰੇ ਬੋਲਦਿਆਂ ਮਨਜੀਤ ਪਾਲ ਸਿੰਘ ਹੋਰਾਂ ਨੇ ਕਿਹਾ ਜਸਵੰਤ ਹੁਸ਼ਿਆਰਪੁਰ ਦੇ ਭਾਸ਼ਾ ਵਿਭਾਗ ਵਿਖੇ ਖੋਜ ਅਫ਼ਸਰ ਵਜੋਂ ਤਾਇਨਾਤ ਹੈ; ਇਨ੍ਹਾਂ ਨੇ ਦਰਜਨ ਦੇ ਕਰੀਬ ਕਿਤਾਬਾਂ ਦੀ ਸਿਰਜਨਾ ਕੀਤੀ ਹੈ ਅਤੇ ਅਨੁਵਾਦ ਦੇ ਖੇਤਰ ਵਿਚ ਵੀ ਇਨ੍ਹਾਂ ਦਾ ਨਿਵੇਕਲਾ ਕੰਮ ਹੈ। ਸ਼ਾਇਰ ਗੁਰਪ੍ਰੀਤ ਮਾਨਸਾ ਬਾਰੇ ਬੋਲਦਿਆਂ ਜਸਵੰਤ ਜ਼ਫ਼ਰ ਹੋਰਾਂ ਨੇ ਕਿਹਾ ਕਿ ਗੁਰਪ੍ਰੀਤ ਮੇਰਾ ਸਮਕਾਲੀ ਹੈ ਅਤੇ ਕਾਵਿ, ਅਨੁਵਾਦ ਤੇ ਵਾਰਤਕ ਦੇ ਖੇਤਰ ਵਿਚ ਇਸਦਾ ਕੰਮ ਗੌਲਣਯੋਗ ਹੈ।
'ਰਾਗ' ਦੇ ਮੁੱਖ ਸੰਪਾਦਕ ਇੰਦਰਜੀਤ ਪੁਰੇਵਾਲ ਹੋਰਾਂ ਨੇ ਸਨਮਾਨ ਸਮਾਗਮ ਵਿਚ ਸ਼ਿਰਕਤ ਕਰਨ ਲਈ ਪਹੁੰਚੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਯੋਗ ਕਲਾਕਾਰ ਅਤੇ ਸਾਹਿਤ ਨਾਲ ਸੰਬੰਧਿਤ ਹਸਤੀਆਂ ਦੇ ਸਨਮਾਨ ਹੁੰਦੇ ਰਹਿਣਗੇ। ਉਨ੍ਹਾਂ ਅੱਗੇ ਕਿਹਾ ਕਿ ਰਾਗ ਸਾਹਿਤਕ ਪਰਚਾ ਨਿਰਵਿਘਨ ਛਪਦਾ ਰਹੇਗਾ।
ਇਸ ਸਮਾਗਮ ਮੌਕੇ ਮੰਚ ਸੰਚਾਲਨ ਸ਼ਾਇਰ ਜਗਦੀਪ ਸਿੱਧੂ ਨੇ ਕੀਤਾ। ਇਸ ਦੌਰਾਨ ਇੰਦਰਜੀਤ ਪ੍ਰੇਮੀ, ਭੁਪਿੰਦਰ ਬੇਕਸ, ਰਮਨ ਸੰਧੂ, ਮਨਜੀਤ ਪਾਲ ਸਿੰਘ, ਧਿਆਨ ਸਿੰਘ ਕਾਹਲੋਂ, ਪਰਮਜੀਤ ਮਾਨ, ਹਰਦੀਪ ਢਿੱਲੋਂ, ਸੁਨੀਲਮ ਮੰਡ ਆਦਿ ਵੀ ਸ਼ਾਮਲ ਹੋਏ।
No comments:
Post a Comment