google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: PSA ਚੋਣਾਂ:ਕਿਹੜਾ ਲੇਖਕ ਕਿਸਦਾ ਬੰਦਾ?

Thursday, 22 February 2024

PSA ਚੋਣਾਂ:ਕਿਹੜਾ ਲੇਖਕ ਕਿਸਦਾ ਬੰਦਾ?

ਕਿਸ ਕਿਸ ਦੇ ਹੱਥ ਹੈ ਚੋਣਾਂ ਲੜਨ ਵਾਲਿਆਂ ਦਾ ਰਿਮੋਟ ਕੰਟਰੋਲ?


ਲੁਧਿਆਣਾ
: 22 ਫਰਵਰੀ 2024: (ਮੀਡੀਆ ਲਿੰਕ//ਸਾਹਿਤ ਸਕਰੀਨ ਡੈਸਕ)::

ਪੰਜਾਬੀ ਭਵਨ ਵਿੱਚ ਆ ਕੇ ਕਿਸੇ ਵੇਲੇ ਸਟੇਜ ਵਾਲੀ ਕਲਾ ਦਾ ਅਹਿਸਾਸ ਹੁੰਦਾ ਸੀ, ਕਦੇ ਕਲਾਸ ਅਤੇ ਸੰਗੀਤ ਦਾ ਅਹਿਸਾਸ ਹੁੰਦਾ ਸੀ, ਕਦੇ ਸਾਹਿਤਕ ਸਰਗਰਮੀਆਂ ਅਤੇ ਕਦੇ ਪੰਜਾਬ ਨਾਲ ਸਬੰਧਤ ਮਸਲਿਆਂ ਦੇ ਸੈਮੀਨਾਰ ਸਬੰਧਤ ਮੁੱਦਿਆਂ ਨੂੰ ਉਭਰਦੇ ਸਨ।

ਉੜੇ ਥੁੜੇ ਲੋੜਵੰਦ ਲੇਖਕਾਂ ਅਤੇ ਸ਼ਾਇਰਾਂ ਦੀ ਥੋਹੜ-ਚਿਰੀ ਆਰਥਿਕ ਤੰਗੀ ਵੀ ਕੱਟੀ ਜਾਂਦੀ ਸੀ, ਸ਼ਾਮ ਦੇ ਜਾਮ ਦਾ ਪ੍ਰਬੰਧ ਵੀ ਹੁੰਦਾ ਸੀਰਾਤ ਦੀ ਰੋਟੀ ਅਤੇ ਠਹਿਰ ਦਾ ਵੀ ਅਤੇ ਵਾਪਿਸੀ ਲਈ ਕਿਰਾਏ ਭਾੜੇ ਦਾ ਵੀ। ਸਰਦਾਰ ਜਗਦੇਵ ਸਿੰਘ ਜੱਸੋਵਾਲ ਤੋਂ ਬਾਅਦ ਇਹ ਗੱਲਾਂ ਕਲਪਨਾ ਵਾਂਗ ਬਣ ਕੇ ਰਹੀ ਗਈਆਂ। ਹੁਣ ਧੜੇਬੰਦੀਆਂ ਅਤੇ ਮੁਲਾਹਜ਼ੇਦਾਰੀਆਂ ਜ਼ਿਆਦਾ ਹਨ। ਇਹ ਰੰਗ ਪੰਜਾਬੀ ਸਾਹਿਤ ਐਕਡਮੀ ਦੀਆਂ ਚੋਣਾਂ ਵਿੱਚ ਵੀ ਨਜ਼ਰ ਆ ਰਿਹਾ ਹੈ। ਇਸ ਸਬੰਧੀ

ਮਲਕੀਅਤ ਸਿੰਘ ਔਲਖ ਬੜੇ ਸਾਦ ਮੁਰਾਦੇ ਜਿਹੇ ਬੁਧੀਜੀਵੀ ਹਨ। ਉਹਨਾਂ ਦੀ ਰਹਿਣੀ ਬਹਿਣੀ ਕਿਸੇ ਤੱਪਸਵੀ ਵਾਂਗ ਹੀ ਹੈ। ਜਿਵੇਂ ਕਿਸੇ ਆਮ ਸ਼ਹਿਰੀ ਵਾਲੇ ਲਿਬਾਸ ਵਿੱਚ ਕੋਈ ਪਹੁੰਚਿਆ ਹੋਇਆ ਮਹਾਤਮਾ ਹੋਵੇ। ਉਹਨਾਂ ਦਾ ਆਧੁਨਿਕ ਸੁਖ ਸਹੂਲਤਾਂ ਦੇ ਬਾਵਜੂਦ ਘਰ ਕਿਸੇ ਆਸ਼ਰਮ ਦਾ ਅਹਿਸਾਸ ਦੇਂਦਾ ਹੈ। ਇਸ ਘਰ ਵਿਚ ਪਹੁੰਚ ਕੇ ਕਿਸੇ ਅਲੌਕਿਕ ਜਿਹੀ ਸ਼ਾਂਤੀ ਦਾ ਅਹਿਸਾਸ ਹੁੰਦਾ ਹੈ। ਉਹਨਾਂ ਦੇ ਘਰ ਵਿੱਚ ਕਿਤਾਬਾਂ ਦੀ ਮੌਜੂਦਗੀ ਧੜੇਬੰਦੀਆਂ ਤੋਂ ਪੂਰੀ ਤਰ੍ਹਾਂ ਨਿਰਲੇਪ ਸ਼ੁੱਧ ਸਾਹਿਤਿਕ ਮਾਹੌਲ ਦਾ ਅਹਿਸਾਸ ਕਰਵਾਉਂਦੀ ਹੈ। ਇਸਦੇ ਬਾਵਜੂਦ ਜਦੋਂ ਉਹ ਕਿਸੇ ਥਾਂ ਨਿਗਰਾਨ ਜਾਂ ਪ੍ਰਬੰਧਕ ਨਿਯੁਕਤ ਕੀਤੇ ਜਾਂਦੇ ਹਨ ਤਾਂ ਉਹ ਖੁਦ ਵੀ ਅਨੁਸ਼ਾਸਨ ਵਿੱਚ ਰਹਿੰਦੇ ਹਨ ਅਤੇ ਬਾਕੀਆਂ ਨੂੰ ਵੀ ਅਨੁਸ਼ਾਸਨ ਵਿਚ ਰਹਿਣ ਲਈ ਪ੍ਰੇਰਦੇ ਰਹਿੰਦੇ ਹਨ। ਉਹਨਾਂ ਨੇ ਸਾਹਿਤਿਕ ਅਦਾਰਿਆਂ ਨੂੰ ਅਤੇ ਸਾਹਿਤਿਕ ਅਦਾਰਿਆਂ ਦੇ ਚੋਣ ਪ੍ਰਬੰਧਾਂ ਨੂੰ ਬਹੁਤ ਨੇੜਿਓਂ ਹੋ ਕੇ ਦੇਖਿਆ ਹੈ। ਜਦੋਂ ਵੀ ਉਹ ਸਾਹਿਤਿਕ ਚੋਣਾਂ ਦੇ ਨਿਗਰ ਨ ਵਰਗੀ ਕੋਈ ਜ਼ਿੰਮੇਵਾਰੀ ਨਿਭਾਉਂਦੇ ਹਨ ਤਾਂ ਮੀਡੀਆ ਕਵਰੇਜ ਕਰਨ ਲਈ ਆਈਆਂ ਟੀਮਾਂ ਨੂੰ ਅਨੁਸ਼ਾਸਨ ਦੇ ਬਾਵਜੂਦ ਵੀ ਪੂਰਾ ਸਹਿਯੋਗ ਦੇਂਦੇ ਹਨ।

ਪਿਛਲੇ ਕੁਝ ਅਰਸੇ ਤੋਂ ਸਾਹਿਤਿਕ ਚੋਣਾਂ ਦੇ ਅੰਦਾਜ਼ ਬੇਹੱਦ ਸਿਆਸੀ ਜਿਹੇ ਹੁੰਦੇ ਜਾ ਰਹੇ ਹਨ। ਧੜੇਬੰਦੀਆਂ//ਗੁੱਟਬੰਦੀਆਂ/ਪਾਰਟੀਬਾਜ਼ੀ ਇਹ ਲਗਾਤਾਰ ਵਧਦਾ ਜਾ ਰਿਹਾ ਹੈ। ਚੋਣਾਂ ਵਿੱਚ ਖੜੇ ਹੋਣ ਵਾਲੇ ਅਤੇ ਚੁਣੇ ਜਾਣ ਵਾਲੇ ਚੰਗੇ ਸਾਹਿਤਿਕ ਕੱਦ ਵਾਲੇ ਵੀ ਕਈ ਵਾਰ ਇੰਝ ਲੱਗਦੇ ਹਨ ਜਿਵੇਂ ਉਹ ਫਲਾਣੀ ਪਾਰਟੀ, ਫਲਾਣੇ ਧੜੇ ਜਾਂ ਫਿਰ ਫਲਾਣੇ ਵਿਅਕਤੀ ਦੇ ਬੰਦੇ ਹਨ। ਬੰਦਿਆਂ ਦੇ ਬੰਦੇ ਬਣ ਕੇ ਵਿਚਰਨ ਵਾਲੇ ਇਸ ਰੁਝਾਣ ਨੇ ਸਾਹਿਤਿਕ ਸੁਤੰਤਰਤਾ 'ਤੇ ਸੁਆਲੀਆ ਫਿਕਰੇ ਹੀ ਲਗਾਏ ਹਨ।

ਕੋਈ ਸਮਾਂ ਸੀ ਜਦੋਂ ਇਹ ਸਾਹਿਤਿਕ ਕਤਾਰਬੰਦੀ ਪੂੰਜੀਵਾਦ ਦੀਆਂ ਬੁਰਾਈਆਂ ਦੇ ਖਿਲਾਫ ਹੋਇਆ ਕਰਦੀ ਸੀ। ਪ੍ਰੋਫੈਸਰ ਮੋਹਨ ਸਿੰਘ ਹੁਰਾਂ ਨੇ ਲਿਖਿਆ ਸੀ

ਦੋ ਟੋਟਿਆਂ ਦੇ ਵਿੱਚ ਭੋਂ ਟੁੱਟੀ,
ਇਕ ਮਹਿਲਾਂ ਦਾ ਇਕ ਢੋਕਾਂ ਦਾ
ਦੋ ਧੜਿਆਂ ਵਿਚ ਖ਼ਲਕਤ ਵੰਡੀ
ਇਕ ਲੋਕਾਂ ਦਾ ਇਕ ਜੋਕਾਂ ਦਾ

ਫਿਰ ਹੋਲੀ ਹੋਲੀ ਇਹ ਧੜੇ ਲੋਕ ਪੱਖੀ ਅਤੇ ਸੱਤਾ ਪੱਖੀ ਧਿਰਾਂ ਵਿਚ ਵੰਡੇ ਜਾਂ ਲੱਗੇ। ਲੋਕਾਂ ਦੇ ਨਾਲ ਤੁਰ ਕੇ ਆਰਥਿਕ ਦੁਸ਼ਵਾਰੀਆਂ ਦੂਰ ਨਹੀਂ ਸਨ ਹੁੰਦੀਆਂ। ਮਾਣ-ਸਨਮਾਨ ਅਤੇ ਐਵਾਰਡ ਨਹੀਂ ਸਨ ਮਿਲਦੇ ਫਿਰ ਸੱਤਾ ਵਾਲਿਆਂ ਨਾਲ ਲੁਕਵੀਆਂ ਪੀਂਘਾਂ ਵੀ ਪੈਣ ਲੱਗ ਪਈਆਂ। ਇਹਨਾਂ ਸਾਹਿਤਿਕ ਮਾਨਾਂ-ਸਨਮਾਨਾਂ ਤੋਂ ਬਿਨਾ ਰੇਡੀਓ ਟੀਵੀ ਦੇ ਪ੍ਰੋਗਰਾਮ ਅਤੇ ਕਵੀ ਦਰਬਾਰਾਂ ਦੇ ਸੱਦੇ ਵੀ ਪ੍ਰਭਾਵਿਤ ਹੋਣ ਲੱਗ ਪਏ। ਥੁੜੇ ਹੋਏ ਭੁੱਖੇ ਮਰਨ ਲੱਗੇ ਅਤੇ ਰੱਜੇ ਹੋਏ ਆਪਣੇ ਗੁਦਾਮ ਭਰਨ ਲੱਗ ਪਏ। ਇਸ ਤਰ੍ਹਾਂ ਸਾਹਿਤਿਕ ਖੇਤਰਾਂ ਵਿੱਚ ਕਾਰਪੋਰੇਟੀ ਸੋਚ ਦਾ ਬੋਲਬਾਲਾ ਹੋਣ ਲੱਗ ਪਿਆ। ਸਾਹਿਤਿਕ ਅਦਾਰਿਆਂ ਦੀਆਂ ਚੋਣਾਂ ਵਿੱਚ ਵੀ ਅਜਿਹੇ ਰੰਗ ਖੁੱਲ੍ਹ ਕੇ ਨਜ਼ਰ ਆਉਣ ਲੱਗੇ। ਜਿਹੜੇ ਖੁਦ ਨੂੰ ਬੜੇ ਵੱਡੇ ਕੱਦਕਾਠ ਵਾਲੇ ਸਾਹਿਤਕਾਰ ਅਤੇ ਪੱਤਰਕਾਰ ਸਮਝਦੇ ਸਨ ਉਹ ਵੀ ਆਪਣੇ ਆਪ ਨੂੰ ਨਿਊਂ ਨਿਊਂ ਕੇ ਤੁਰਨ ਵਾਲਿਆਂ ਦੀ ਦੌੜ ਵਿੱਚ ਸ਼ਾਮਲ ਹੋਣ ਲੱਗੇ। ਸਰਕਾਰੀ ਅਤੇ ਗੈਰ ਸਰਕਾਰੀ ਐਵਾਰਡ ਲੈਣ ਵਾਲਿਆਂ ਦਿਨ ਭੀੜਾਂ ਜੁੜਨ ਲੱਗਿਆਂ। ਸਰਕਾਰ ਦਰਬਾਰੇ ਲਾਈਨਾਂ ਲੱਗਣ ਲੱਗੀਆਂ।

ਰੋਜ਼ਗਾਰਵਾਦੀਆਂ,ਐਵਾਰਡਵਾਦੀਆਂ, ਸਨਮਾਨ ਵਾਦੀਆਂ ਅਤੇ ਅਹੁਦਾ-ਪ੍ਰੇਮੀਆਂ ਦੀਆਂ ਕਤਾਰਾਂ ਮਜ਼ਬੂਤ ਹੋਣ ਲੱਗੀਆਂ। ਇਹਨਾਂ ਮਕਸਦਾਂ ਲਈ ਧੜੇਬੰਦੀਆਂ ਅਤੇ ਇਹਨਾਂ ਵਿਚ ਸ਼ਾਮਲ ਲੋਕਾਂ ਦੇ ਰੰਗ ਵੀ ਬਦਲਣ ਲੱਗੇ। ਵਿਚਾਰ ਗਿਰਗਿਟ ਵੀ ਸ਼ਰਮਸਾਰ ਹੋ ਗਿਆ ਹੋਣਾ ਹੈ।

ਹੁਣ ਫਿਰ ਪੰਜਾਬੀ ਸਾਹਿਤ ਅਕਾਦਮੀ ਦੀਆਂ ਚੋਣਾਂ ਹੋ ਰਹੀਆਂ ਹਨ। ਇਹਨਾਂ ਬਾਰੇ ਉਹਨਾਂ ਇੱਕ ਬਹੁਤ ਚੰਗੀ ਪੋਸਟ ਲਿਖੀ ਹੈ ਜਿਸ ਵਿਚ ਉਹਨਾਂ ਕਈ ਜਰੂਰੀ ਮੁੱਦੇ ਉਠਾਏ ਹਨ। ਕਦੇ ਕਿਸੇ ਜ਼ਮਾਨੇ ਵਿੱਚ ਲੇਖਕ ਇੱਕ ਚੰਗੇ ਇਨਸਾਨ ਦੀ ਮਿਸਾਲ ਬਣਿਆ ਕਰਦੇ ਸਨ ਜਿਹੜਾ ਲਾਲਚਾਂ ਅਤੇ ਸਵਾਰਥਾਂ ਤੋਂ ਨਿਰਲੇਪ ਰਹਿੰਦਾ ਹੋਇਆ ਸਮਾਜ ਨੂੰ ਉੱਚੇ ਸੁੱਚੇ ਮਾਰਗਾਂ ਵੱਲ ਜਾਂਦਾ ਰਸਤਾ ਦਿਖਾਉਂਦਾ ਅਤੇ ਸਮਝਾਉਂਦਾ ਸੀ ਪਰ ਹੁਣ ਸ਼ਾਇਦ ਕਲਮਾਂ ਵਾਲਿਆਂ ਦੇ ਧਰਮ ਵੀ ਬਦਲ ਗਏ ਹਨ ਅਤੇ ਵਿਚਾਰਧਾਰਕ ਪ੍ਰਤੀਬੱਧਤਾ ਵੀ। ਇੱਕ ਝਲਕ ਜਨਾਬ ਮਲਕੀਅਤ ਸਿੰਘ ਔਲਖ ਹੁਰਾਂ ਦੀ ਲਿਖਤ ਵੱਲ ਵੀ।

ਪੰਜਾਬੀ-ਸਾਹਿਤ ਅਕਾਦਮੀ, ਲੁਧਿਆਣਾ ਦੀਆਂ ਚੋਣਾਂ ਦਾ ਬਿਗਲ
ਪੰਜਾਬੀ-ਸਾਹਿਤ ਆਕਾਦਮੀ, ਲੁਧਿਆਣਾ ਦੇ ਸੰਵਿਧਾਨ ਮੁਤਾਬਕ ਦੋ-ਸਾਲਾਂ ( 2024-2026)ਦੇ ਸਮੇਂ ਲਈ ਅਹੁਦੇ-ਦਾਰਾਂ ਅਤੇ ਪ੍ਰਬੰਧਕੀ ਬੋਰਡ ਦੀ ਲੋਕ-ਰਾਜਕ (ਬੈਲਿਟ-ਪੇਪਰਾਂ ਰਾਹੀਂ) ਤਰੀਕੇ ਨਾਲ ਤਿੰਨ ਮਾਰਚ, ਵੀਹ ਸੌ ਚੌਵੀ ਨੂੰ ਚੋਣ ਹੋ ਰਹੀ ਹੈ। ਖੁਸ਼ਆਮਦੀਦ!
ਆਕਾਦਮੀ ਦਾ ਕੋਈ ਵੀ ਜੀਵਨ-ਮੈਂਬਰ ਆਪਣੀ ਸਾਹਿਤਕ ਯੋਗਤਾ ਮੁਤਾਬਕ ਲੋਕਾਂ ਸਾਹਮਣੇ ਆਪਣਾ ਐਜੰਡਾ ਰੱਖ ਕੇ ਅਕਾਦਮੀ ਦੀ ਵਰਕਿੰਗ ਵਿੱਚ ਨਿੱਜ ਤੋਂ ਉੱਤੇ ਉਠ ਕੇ ਆਪਣਾ ਯੋਗਦਾਨ ਪਾਉਣ ਹਿੱਤ ਚੋਣ ਲੜ ਸਕਦਾ ਹੈ। ਇਹ ਅਕਾਦਮੀ ਦੇ ਮਨੋਰਥ ਅਤੇ ਸੰਵਿਧਾਨ ਦਾ ਲਿਖਤੀ ਅਤੇ ਭਾਵਨਾਤਮਕ ਪੱਖ ਹੈ।
ਕੁਝ ਸਾਲਾਂ ਤੋਂ ਇਹਨਾਂ ਚੋਣਾਂ ਵਿੱਚ ਅਜੀਬ ਉਲਾਰ ਆ ਰਿਹਾ ਹੈ ਜਿਸ ਕਾਰਨ ਇਹ ਮਾਣ-ਮੱਤੀ ਸੰਸਥਾ ਆਮ ਮੈਂਬਰਾਂ ਵਿੱਚ ਆਪਣਾ ਅਕਸ ਗੁਆ ਰਹੀ ਹੈ। ਹੁਣ ਮੈਂਬਰ ਆਪਣੇ-ਆਪਣੇ ਅਜੰਡੇ ਤੇ ਚੋਣ ਨਹੀਂ ਲੜਦੇ ਅਤੇ ਸਗੋਂ ਉਮੀਦਵਾਰ ਝੁੰਡਾਂ ਦਾ ਹਿੱਸਾ ਬਣ ਕੇ ਚੋਣ ਲੜਦੇ ਹਨ; ਅਜਿਹਾ ਕਰਮ ਇਸ ਸੰਸਥਾ ਦੇ ਚੰਗੇ ਭਵਿੱਖ ਦੀ ਨਿਸ਼ਾਨੀ ਨਹੀਂ ਹੈ। ਇੱਕ ਸਿਆਣਾ ਸਾਹਿਤਕਾਰ ਜੀਵਨ ਵਿੱਚ ਵਿਚਰਦਾ ਹੋਇਆ ਆਪਣੀ ਸੋਚ ਨੂੰ ਸਾਹਿਤਕ ਰੰਗ ਅਤੇ ਖ਼ਾਕਾ ਦੇ ਕੇ ਸਮੂਹ-ਲੋਕਾਈ ਲਈ ਸਾਹਿਤ ਰਚਦਾ ਹੈ ਸਮਾਜ ਨੂੰ ਸਾਰਥਿਕਤਾ ਦੇਣ ਲਈ; ਸਾਹਿਤਕਾਰਾਂ ਦੀ ਮਾਣ-ਮੱਤੀ ਸੰਸਥਾ ਉਹਨਾਂ ਤੋ ਇਸ ਦੀਆਂ ਚੋਣਾਂ ਵਿੱਚ ਵੀ ਅਜਿਹੇ ਵਿਹਾਰ ਦੀ ਆਸ ਰੱਖਦੀ ਹੈ। ਮੈਨੂੰ ਬਹੁਤਿਆਂ ਚੋਣ ਲੜਣ ਵਾਲਿਆਂ ਤੋਂ ਤਾਂ ਅਜਿਹੇ ਵਿਹਾਰ ਦੀ ਬਹੁਤੀ ਆਸ ਨਹੀਂ; ਹਾਂ, ਵੋਟ ਪਾਉਣ ਵਾਲੇ ਆਪਣੇ ਫ਼ਰਜ਼ਾਂ ਪ੍ਰਤੀ ਸੁਚੇਤ ਰਹਿਣ। ਲੋਕ-ਰਾਜ ਵਿੱਚ ਭੀੜ-ਤੰਤਰ ਸਮਾਜ ਲਈ ਸਾਰਥਿਕ ਨਹੀਂ; ਬਿਗਲ ਵੱਜਣਾ ਜਾਂ ਵਜਾਉਣਾ ਤਾਂ ਉੱਕਾ ਹੀ ਨਹੀਂ।
2016-2018 ਅਤੇ 2018-2020 ਵਾਸਤੇ ਮੁੱਖ ਚੋਣ-ਅਧਿਕਾਰੀ ਦੇ ਤੌਰ ਤੇ ਫ਼ਰਜ਼ ਨਿਭਾਉਂਦਿਆਂ ਮੈਂ ਕਾਫੀ ਕੁਝ ਵੇਖਿਆ ਅਤੇ ਹੰਡਾਇਆ ਹੈ; ਮੇਰੇ ਅਤੇ ਮੇਰੇ ਸਹਿਯੋਗੀ ਅਧਿਕਾਰੀਆਂ ਲਈ ਚੋਣ ਕਰਵਾਉਣ ਦੌਰਾਨ ਅਕੈਡਮੀ ਦਾ ਸੰਵਿਧਾਨ ਹੀ ਸਾਡੀ ਢਾਲ ਰਹੀ ਜਿਸ ਨੇ 'ਨਾਂ ਕਾਂਹੂੰ ਸੇ ਦੋਸਤੀ, ਨਾਂ ਕਾਂਹੂੰ ਸੇ ਵੈਰ' ਵਰਗਾ ਫ਼ਲਸਫ਼ਾ ਸਾਡੇ ਮਨਾਂ ਵਿੱਚ ਹੋਰ ਪੱਕਾ ਕੀਤਾ; ਆਮ ਵੋਟਰ ਨੂੰ ਇੱਕ ਚੋਣ-ਅਧਿਕਾਰੀ ਤੋਂ ਅਜਿਹੀ ਆਸ ਉਸ ਨੂੰ ਵੋਟ-ਬੂਥ ਤੱਕ ਚੱਕਵੇਂ ਪੈਰੀਂ ਪਹੁੰਚਣ ਲਈ ਪ੍ਰੇਰੇਰਦੀ ਹੈ ਜੀ। ਇਹ ਵੇਖਿਆ ਗਿਆ ਹੈ ਕਿ ਹਰ ਸਾਲ ਦਿਨ-ਬਦਿਨ
ਬੂਥ ਤੱਕ ਪਹੁੰਚਣ ਵਾਲੇ ਵੋਟਰਾਂ ਦੀ ਗਿਣਤੀ ਘਟਦੀ ਜਾ ਰਹੀ ਹੈ; ਅਜਿਹੀ ਸਥਿਤੀ ਸਾਡੇ ਸਭ ਲਈ ਆਪਣੇ-ਆਪਣੇ ਸਵੈ ਅੰਦਰ ਝਾਤੀ ਮਾਰਨ ਲਈ ਇਸ ਸੰਸਥਾ ਦੀ ਦਰਦ-ਭਰੀ ਹੂਕ ਹੈ। ਸਭ ਨੂੰ ਸੁਚੇਤ ਹੋਣ ਦੀ ਲੋੜ ਹੈ। ਚੋਣ-ਅਧਿਕਾਰੀ ਆਪਣਾ ਯੋਗਦਾਨ ਬਾ-ਖੂਬੀ ਪਾ ਸਕਦੇ ਹਨ; ਕੇਵਲ ਨਿਰਪੱਖਤਾ ਹੀ ਉਹਨਾਂ ਦੇ ਕੰਮ ਨੂੰ ਆਦਰ-ਮਾਣ ਬਖਸ਼ਦੇ ਹਨ। ਸਗੋਂ, ਉਹ ਸੰਵਿਧਾਨ ਨੂੰ ਹੋਰ ਤਾਕਤ ਦਿੰਦੇ ਹਨ ਭਵਿੱਖ ਲਈ। ਇਸ ਤੋਂ ਉਲਟ, ਇਤਿਹਾਸ ਵੀ ਅਤੇ ਵਰਤਮਾਨ ਵੀ ਇਸ ਗੱਲ ਦਾ ਗਵਾਹ ਹੈ ਕਿ ਚੋਣ-ਅਧਿਕਾਰੀ ਜੇ ਸਵੈ ਤੋਂ ਉੱਪਰ ਨਹੀਂ ਉੱਠਦਾ ਤਾਂ ਸਰੇ-ਬਜ਼ਾਰ ਬੇ-ਇਜ਼ਤ ਹੁੰਦਾ ਹੈ।
ਅਕਾਦਮੀ ਦੇ ਮੈਂਬਰ ਬਾਖੂਬੀ ਸਿਆਣੇ ਹਨ। ਆਪਣੇ ਪ੍ਰਤੀਨਿਧ ਦੀ ਆਪ ਭਾਲ ਕਰਨ।
ਰੱਬ-ਰਾਖਾ!

ਮਲਕੀਅਤ ਸਿੰਘ ਔਲਖ,
ਲੁਧਿਆਣਾ।
ਇਸ ਸੰਬੰਧੀ ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ ਹੀ। ਅਖੀਰ ਕੀ ਹੋਣਾ ਚਾਹੀਦਾ ਹੈ ਸਾਹਿਤਿਕ ਪ੍ਰਬੰਧਾਂ ਦਾ ਸਾਫ ਸੁਥਰਾ ਢਾਂਚਾ ਜਿਹੜਾ ਧੜੇਬੰਦੀਆਂ ਤੋਂ ਮੁਕਤ ਰਹੇ। ਜਿਹੜਾ ਲੋੜਵੰਦਾਂ ਦੀ ਸਾਰ ਵੀ ਲਵੇ ਅਤੇ ਸਾਹਿਤਿਕ ਮਿਆਰਾਂ ਨੂੰ ਹੀ ਫਿਲ ਦੇਣ ਵਾਲਾ ਹੋਵੇ। ਅਜਿਹਾ ਸਿਸਟਮ ਜਿਹੜਾ ਕਿਸੇ ਵੀ ਤਰ੍ਹਾਂ ਨੱਕ ਕਿਸੇ ਕਾਰਪੋਰੇਟੀ ਪ੍ਰਕਾਸ਼ਕ ਦਾ ਏਜੰਟ ਨਾ ਬਣਿਆ ਫਿਰੇ ਬਲਕਿ ਖੁਦ ਪੰਜਾਬੀ ਸਾਹਿਤ ਅਕਾਦਮੀ ਦੀ ਪ੍ਰਕਾਸ਼ਨ ਸੰਸਥਾ ਚਲਾਉਣ ਦੇ ਸਮਰਥ ਹੋਵੇ।

No comments:

Post a Comment