Friday: 2nd February 2024 at 17:34
ਝਰਨਿਆਂ ਦੀ ਰਵਾਨਗੀ ਸੀ ਤਾਰਨ ਦੇ ਬੋਲਾਂ ਵਿਚ
ਨਵਾਂ ਸ਼ਹਿਰ: 02 ਫਰਵਰੀ 2024: (ਸਾਹਿਤ ਸਕਰੀਨ ਬਿਊਰੋ)::
ਤਾਰਨ ਗੁਜਰਾਲ ਸਾਡੇ ਸਮਿਆਂ ਦੀ ਇੱਕ ਸੰਵੇਦਨਸ਼ੀਲ ਹਸਤੀ ਨੂੰ ਸਾਲ 2024 ਦੀ ਇਸ ਖਾਮੋਸ਼ ਫਿਜ਼ਾ ਵਿੱਚ ਯਾਦ ਕਰਦਿਆਂ ਮਨ ਮੀਂਹ ਦੀਆਂ ਕਣੀਆਂ ਵਾਂਗ ਭਿੱਜ ਰਿਹਾ ਹੈ। ਸੁਰ ਸੰਗੀਤ ਦੀ ਦੁਨੀਆਂ ਦੀ ਅਜ਼ੀਮ ਸ਼ਖ਼ਸੀਅਤ ਜਦੋਂ ਅਲਾਪ ਲੈਂਦੀ ਸੀ, ਫਿਜ਼ਾ ਖਾਮੋਸ਼ ਹੋ ਜਾਂਦੀ ਸੀ। ਝਰਨਿਆਂ ਦੀ ਰਵਾਨਗੀ ਸੀ ਤਾਰਨ ਦੇ ਬੋਲਾਂ ਵਿਚ।
ਉਸ ਦੇ ਰਚਿਤ ਗੀਤ ਜਿਸ ਵੀ ਫਿਜ਼ਾ ਵਿੱਚ ਗੂੰਜੇ, ਉਹ ਮਹਿਕ ਨਾਲ ਸਰਸ਼ਾਰ ਹੋ ਗਈ। ਨਨਕਾਣਾ ਸਾਹਿਬ ਦੀ ਜੰਮਪਲ ਤਾਰਨ , ਅਟਾਰੀ ਦੀਆਂ ਗਲੀਆਂ ਵਿੱਚ ਖ਼ੁਸ਼ੀਆਂ ਤੇ ਹਾਸੇ ਵੰਡਦੀ , ਪ੍ਰੀਤ ਨਗਰ ਦੇ ਦਾਰਜੀ ਗੁਰਬਖਸ਼ ਸਿੰਘ ਦੇ ਐਕਟੀਵਿਟੀ ਸਕੂਲ ਵਿੱਚ ਪੜੀ ਬਾਲ ਵਰੇਸ ਤੋਂ ਹੀ ਗਾਉਦੀ ਸੀ। ਪ੍ਰੀਤ ਨਗਰ ਅੰਦਰ ਦਾਰ ਜੀ ਨੂੰ ਗੀਤ ਸੁਨਾਉਣਾ ਉਸ ਦਾ ਨੇਮ ਸੀ।
ਇੱਕ ਸਾਲ ਅੰਮ੍ਰਿਤਾ ਪ੍ਰੀਤਮ ਵੀ ਪ੍ਰੀਤ ਨਗਰ ਗਈ ਸੀ, ਤਾਰਨ ਨੇ ਉਨ੍ਹਾਂ ਵਾਸਤੇ ਕਲੀਆਂ ਦੇ ਹਾਰ ਬਣਾਏ ਸਨ। ਦੇਸ਼ ਵੰਡ ਤੋਂ ਬਾਅਦ ਤਾਰਨ ਜੀ ਦਾ ਪਰਿਵਾਰ ਰਾਂਚੀ ਆਣ ਵੱਸਿਆ ਸੀ। ਇਥੋਂ ਹੀ ਉਨ੍ਹਾਂ ਦਾ ਵਿਆਹ ਕਾਨਪੁਰ ਦੇ ਵਸਨੀਕ ਸ੍ਰ ਰਾਮ ਸਿੰਘ ਗੁਜਰਾਲ ਨਾਲ ਸੰਪੂਰਨ ਰਹਿਤ ਮਰਿਆਦਾ ਵਿੱਚ ਰਹਿ ਕੇ ਹੋਇਆ। ਕਾਨਪੁਰ, ਰਾਮ ਵਿਹਾਰ, ਰਹਿੰਦੀ ਤਾਰਨ ਗੁਜਰਾਲ ਸੰਗੀਤ ਦੇ ਖੇਤਰ ਵਿੱਚ ਜਾਣੀ ਜਾਣ ਲੱਗੀ।
ਬੇਸ਼ੁਮਾਰ ਗੀਤ ਤਾਰਨ ਗੁਜਰਾਲ ਨੇ ਕਲਮਬੱਧ ਕੀਤੇ, ਸਾਹਿਤ ਸਭਾ ਕਾਨਪੁਰ, ਗਗਨ ਪਾਕਿਸਤਾਨੀ ਨੇ ਤਾਰਨ ਗੁਜਰਾਲ ਨੂੰ ਕਥਾ ਕਹਾਣੀਆਂ ਲਿਖਣ ਵੱਲ ਪ੍ਰੇਰਿਤ ਕੀਤਾ। ਜ਼ਿੰਦਗੀ ਦੇ ਰੰਗ ਜੋ ਉਸ ਦੇ ਇਰਦ ਗਿਰਦ ਸਫ਼ਰ ਕਰ ਰਹੇ ਸਨ ਉਹਨਾਂ ਦੇ ਸੰਗ ਵਿਚਰਦਿਆਂ ਤਾਰਨ ਗੁਜਰਾਲ ਨੇ ਆਪਣੀ ਸਿਮਰਤੀ ਵਿੱਚ ਸੰਜੋਏ ਸੁਪਨਿਆਂ ਨੂੰ ਅੱਖਰਾਂ ਦਾ ਲਿਬਾਸ ਪਹਿਨਾ ਪਾਠਕਾਂ ਦੇ ਸਨਮੁੱਖ ਕੀਤਾ।
ਮਨੁੱਖੀ ਮਨ ਦੀਆਂ ਭਾਵਨਾਵਾਂ ਨੂੰ ਸਮਝਣ ਵਾਲੀ ਤਾਰਨ ਗੁਜਰਾਲ ਦੇਖਦੇ ਦੇਖਦੇ ਕਹਾਣੀਕਾਰ ਦੇ ਰੂਪ ਵਿੱਚ ਵੀ ਜਾਣੀ ਜਾਣ ਵਾਲੀ ਕਥਾਕਾਰ ਕਲਮਕਾਰ ਵਜੋਂ ਪ੍ਰਸਿੱਧ ਹੋ ਗਈ। ਸੰਨ 1981 ਤਾਰਨ ਗੁਜਰਾਲ ਦੀਆਂ ਕਹਾਣੀਆਂ ਦੀ ਪੁਸਤਕ ਜੁਗਨੂੰਆਂ ਦਾ ਕਬਰਿਸਤਾਨ ਪ੍ਰਕਾਸ਼ਿਤ ਹੋਈ। ਮਸ਼ਹੂਰ ਲੇਖਕ, ਆਲੋਚਕ ਡਾਕਟਰ ਹਰਿਭਜਨ ਸਿੰਘ ਨੇ ਵਿਸ਼ੇਸ਼ ਤੌਰ ਤੇ ਉਹਨਾਂ ਬਾਰੇ ਲਿਖਿਆ।
ਸੰਨ 1984 ਵਾਲੀ ਸਿੱਖ ਵਿਰੋਧੀ ਕਤਲੇਆਮ ਨੇ ਉਨ੍ਹਾਂ ਦਾ ਮਨ ਉਚਾਟ ਕਰ ਦਿੱਤਾ। ਕਾਨਪੁਰ ਛੱਡ ਕੇ ਤਾਰਨ ਗੁਜਰਾਲ ਮੋਹਾਲੀ ਆਣ ਵੱਸੀ। ਕੁਝ ਸਾਲ ਬਾਅਦ ਮੋਹਾਲੀ ਸੰਪਤੀ ਵੇਚ ਚੰਡੀਗੜ੍ਹ ਦੇ ਸੈਕਟਰ 50 ਵਿਚ ਆਣ ਬਸੇਰਾ ਬਣਾਇਆ। ਦੋਸਤੀਆਂ ਦੇ ਵਿਸ਼ਾਲ ਕੈਨਵਸ ਵਾਲੀ ਤਾਰਨ ਗੁਜਰਾਲ ਵਿਸ਼ਾਲ ਦਿਲ ਵਾਲੀ ਵੀ ਸੀ।
ਉਸ ਦੇ ਅਸੀਮ ਦੋਸਤਾਂ ਵਿਚ ਗਗਨ ਪਾਕਿਸਤਾਨੀ, ਅੰਮ੍ਰਿਤਾ ਪ੍ਰੀਤਮ, ਅਜੀਤ ਕੌਰ, ਕੈਲਾਸ਼ਪੁਰੀ, ਬਲਵਿੰਦਰ ਸਿੰਘ, ਮਹਿੰਦਰ ਫ਼ਾਰਗ਼, ਸ ਸੋਜ਼, ਜਸਬੀਰ ਭੁੱਲਰ, ਮਹਿੰਦਰ ਰਿਸ਼ਮ, ਸੁਸ਼ੀਲ ਦੁਸਾਂਝ, ਵਿਸ਼ਾਲ, ਜੰਗ ਬਹਾਦਰ ਗੋਇਲ, ਕਾਨਾ ਸਿੰਘ, ਮੋਹਨ ਭੰਡਾਰੀ, ਮਹਿੰਦਰ ਜੀਤ, ਮਨਮੋਹਨ ਸਿੱਧੂ, ਸੁਰਜੀਤ ਕੁੰਜਾਹੀ, ਸੁਰਜੀਤ ਪਾਤਰ, ਰਮਾ ਰਤਨ, ਗੁੱਲ ਚੋਹਾਨ, ਆਤਮ ਯਾਦ, ਜਤਿੰਦਰ ਜੌਲੀ, ਰੇਨੂੰ ਵਡੇਰਾ, ਵਰਿੰਦਰ ਵਾਲੀਆ, ਡਾਕਟਰ ਕਰਨੈਲ ਸਿੰਘ ਥਿੰਦ ਇਤਿਆਦ ਅਨੇਕਾਂ ਖੂਬਸੂਰਤ ਖ਼ਿਆਲਾਂ ਵਾਲੇ ਇਨਸਾਨ ਸ਼ਾਮਲ ਹਨ।
ਤਾਰਨ ਗੁਜਰਾਲ ਦੇ ਪਰਿਵਾਰ ਵਿੱਚ ਦੋ ਬੇਟੇ ਨਿੱਪੀ ਤੇ ਬੱਬੀ, ਤੇ ਬੇਟੀ ਰੇਨੂੰ ਉਮਰ ਭਰ ਉਹਨਾਂ ਅੰਗ ਸੰਗ ਰਹੀ। ਸੁਰ ਸੰਗੀਤ ਦੀ ਦੁਨੀਆਂ ਵਿੱਚ ਵਿਚਰਨ ਵਾਲੀ ਸੁਰਤਿ ਧੁਨਿ ਦੀ ਪਰਵਾਜ਼ ਵਾਲੀ ਤਾਰਨ ਗੁਜਰਾਲ ਦੀ ਬੇਟੀ ਰੇਨੂੰ ਨਾ ਸੁਣ ਸਕਦੀ ਸੀ ਤੇ ਨਾ ਹੀ ਬੋਲ ਸਕਦੀ ਸੀ। ਤਾਰਨ ਗੁਜਰਾਲ ਨੇ ਆਪਣੇ ਸਭ ਤੋਂ ਪਿਆਰੇ ਗੀਤ ਆਪਣੀ ਬੱਚੀ ਰੇਨੂੰ ਨੂੰ ਹੀ ਸੁਣਾਏ। ਇਸੇ ਦਾ ਨਾਮ ਕੁਦਰਤ ਹੈ। ਤਾਰਨ ਗੁਜਰਾਲ ਦੀ ਸਭ ਤੋਂ ਵੱਧ ਮਹੱਤਵ ਪੂਰਨ ਕਹਾਣੀ। ਜੁਗਨੂੰਆਂ ਦਾ ਕਬਰਿਸਤਾਨ ਹੈ, ਇਹ ਕਹਾਣੀ ਰੇਨੂੰ ਦੇ ਜੀਵਨ ਤੇ ਅਧਾਰਿਤ ਹੈ। ਜ਼ਿੰਦਗੀ ਦੀਆਂ ਸਭ ਤੋਂ ਖੂਬਸੂਰਤ ਗੱਲਾਂ ਤਾਰਨ ਗੁਜਰਾਲ ਨੇ ਆਪਣੇ ਬੇਟੇ ਬੱਬੀ, ਬਰਜਿੰਦਰ ਸਿੰਘ ਗੁਜਰਾਲ ਨਾਲ ਕੀਤੀਆਂ। ਉਹਨਾਂ ਦੀਆਂ ਕਹਾਣੀਆਂ ਦਾ ਪਹਿਲਾ ਪਾਠਕ , ਉਹਨਾਂ ਦੀ ਜ਼ਿੰਦਗੀ ਦੇ ਹਰ ਲਮਹੇ ਨੂੰ ਪੂਰੀ ਸ਼ਿੱਦਤ ਨਾਲ ਯਾਦ ਕਰਦਾ ਹੈ। ਜੁਗਨੂੰਆਂ ਦਾ ਕਬਰਿਸਤਾਨ ਤੇ ਤੂੰ ਤੇ ਤੇਰੇ, ਉਹਨਾਂ ਦੀਆਂ ਸਭ ਤੋਂ ਵੱਧ ਚਰਚਿਤ ਕਹਾਣੀਆਂ ਹਨ।
ਤਾਰਨ ਗੁਜਰਾਲ ਦੇ ਅਤਿ ਚਰਚਿਤ ਗੀਤਾਂ ਵਿਚੋਂ,,, ਸਰਕੜੇ ਨੇ ਬੱਧੀ ਰੰਗ ਕਾਸ਼ਨੀ ਦੀ ਪੱਗ ਵੇ, ਤੇਰੀ ਇਕੋ ਤੱਕਣੀ ਵਸਾਇਆ ਮੇਰਾ ਜੱਗ ਵੇ, ,,, ਮੁੱਖ ਤੇਰਾ ਜਿੰਦਗੀ ਹਯਾਤੀ ਤੇਰੀ ਕੰਡ ਵੇ, ਕੱਟਿਆ ਨਾ ਜਾਏ ਲੰਮਾ ਜ਼ਿੰਦਗੀ ਦਾ ਪੰਧ ਵੇ,
ਸੁਰ ਸੰਗੀਤ ਸਾਹਿਤਕਾਰ ਤਾਰਨ ਗੁਜਰਾਲ ਦਾ ਤੁੱਰ ਜਾਣਾ ਇਸ ਤਰ੍ਹਾਂ ਹੈ, ਜਿਵੇਂ ਮਹਿਕ ਦਾ ਫੁੱਲ ਵਿਚੋਂ ਅਲੋਪ ਹੋ ਜਾਣਾ। ਸ਼੍ਰੋਮਣੀ ਸਾਹਿਤਕਾਰ ਦਾ ਐਵਾਰਡ, ਭਾਸ਼ਾ ਵਿਭਾਗ ਪਟਿਆਲਾ ਵਲੋਂ ਉਹਨਾਂ ਦੇ ਨਾਮ ਐਲਾਨਿਆ ਗਿਆ ਸੀ, ਐਵਾਰਡ ਲੈਣ ਵਾਲੀ ਤਾਰਨ ਗੁਜਰਾਲ ਤਾਂ ਗੀਤ ਸੰਗੀਤ ਸੰਗ ਕਿਸੇ ਹੋਰ ਬ੍ਰਹਿਮੰਡ ਵਿੱਚ ਜਾਣ ਵੱਸੀ ਹੈ। ਆਮੀਨ !
No comments:
Post a Comment