Thursday 29th February 2024 at 4:49 PM ਜ਼ਿਲ੍ਹਾ ਲੋਕ ਸੰਪਰਕ ਅਫਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ
"ਵਿਹੜਾ ਬਾਬੁਲ ਦਾ" ਕਾਵਿ ਸੰਗ੍ਰਹਿ ਭਾਸ਼ਾ ਵਿਭਾਗ ਦੇ ਦਫਤਰ ਵਿੱਚ ਰਿਲੀਜ਼
ਸਾਹਿਬਜ਼ਾਦਾ ਅਜੀਤ ਸਿੰਘ ਨਗਰ: 29 ਫਰਵਰੀ 2024:(ਕਾਰਤਿਕਾ ਕਲਿਆਣੀ ਸਿੰਘ//ਸਾਹਿਤ ਸਕਰੀਨ ਡੈਸਕ)::
ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਮੰਤਰੀ ਸ. ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਵਿਹੜੇ ਰਾਸ਼ਟਰੀ ਕਵੀ ਸੰਗਮ, ਮੋਹਾਲੀ ਦੇ ਸਹਿਯੋਗ ਨਾਲ ਮਿਤੀ 29.02.2024 ਨੂੰ ਨੀਲਮ ਨਾਰੰਗ ਦੇ ਕਾਵਿ-ਸੰਗ੍ਰਹਿ ‘ਵਿਹੜਾ ਬਾਬੁਲ ਦਾ’ ਨੂੰ ਲੋਕ ਅਰਪਣ ਅਤੇ ਵਿਚਾਰ ਚਰਚਾ ਆਯੋਜਿਤ ਕੀਤੀ ਗਈ। ਇਸ ਸਮਾਗਮ ਵਿੱਚ ਸਾਹਿਤ ਅਤੇ ਯਿਨਦਗੀ ਨਾਲ ਸਬੰਧਤ ਬਹੁਤ ਸਾਰੀਆਂ ਕੰਮ ਦੀਆਂ ਗੱਲਾਂ ਹੋਈਆਂ।ਇਸ ਸਮਾਗਮ ਦੇ ਸ਼ੁੱਭ-ਆਰੰਭ ਮੌਕੇ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਸਮੂਹ ਪ੍ਰਧਾਨਗੀ ਮੰਡਲ, ਸਾਹਿਤਕਾਰਾਂ ਅਤੇ ਪਤਵੰਤੇ ਸੱਜਣਾਂ ਨੂੰ ‘ਜੀ ਆਇਆਂ ਨੂੰ’ ਕਿਹਾ ਗਿਆ। ਇਸ ਮੌਕੇ ਸਾਹਿਤ ਨਾਲ ਜੁੜੀਆਂ ਬਹੁਤ ਸਾਰੀਆਂ ਚਰਚਿਤ ਸ਼ਖਸੀਅਤਾਂ ਪਹੁੰਚੀਆਂ
ਹੋਈਆਂ ਸਨ। ਇਹਨਾਂ ਨੂੰ ਕਵਿਤਾ ਦੀ ਵੀ ਪੂਰੀ ਸਮਝ ਸੀ ਜ਼ਿੰਦਗੀ ਦੇ ਉਹਨਾਂ ਰੰਗਾਂ ਦੀ ਵੀ ਜਿਹੜੇ ਰੰਗ ਇਜ਼ਿੰਦਗੀ ਅਚਨਚੇਤੀ ਸਾਨੂੰ ਸਭਨਾਂ ਨੂੰ ਦਿਖਾਉਂਦੀ ਹੀ ਰਹਿੰਦੀ ਹੈ।
ਜ਼ਿਲਾ ਭਾਸ਼ਾ ਅਫਸਰ ਡਾਕਟਰ ਦੇਵਿੰਦਰ ਬੋਹਾ ਨੇ ਨੀਲਮ ਨਾਰੰਗ ਨੂੰ ਉਹਨਾਂ ਦੇ ਪਹਿਲੇ ਪੰਜਾਬੀ ਕਾਵਿ ਸੰਗ੍ਰਹਿ ‘ਵਿਹੜਾ ਬਾਬੁਲ ਦਾ’ ਲਈ ਮੁਬਾਰਕਬਾਦ ਦਿੰਦਿਆਂ ਆਖਿਆ ਕਿ ਇਹ ਕਾਵਿ-ਪੁਸਤਕ ਰਿਸ਼ਤਿਆਂ ਦੀ ਵਿਆਕਰਨ ਨੂੰ ਸਮਝਣ ਪੱਖੋਂ ਜਿਊਣ ਦਾ ਹੁਨਰ ਸਿਖਾਉਂਦੀ ਹੈ। ਉਨ੍ਹਾਂ ਵੱਲੋਂ ਭਾਸ਼ਾ ਵਿਭਾਗ ਪੰਜਾਬ ਦੁਆਰਾ ਕੀਤੇ ਜਾ ਰਹੇ ਕੰਮਾਂ ਅਤੇ ਜ਼ਿਲ੍ਹਾ ਭਾਸ਼ਾ ਦਫ਼ਤਰ ਮੋਹਾਲੀ ਦੀਆਂ ਪ੍ਰਾਪਤੀਆਂ ਤੋਂ ਵੀ ਹਾਜ਼ਰੀਨ ਨੂੰ ਜਾਣੂ ਕਰਵਾਇਆ ਗਿਆ।
ਇਸ ਮੌਕੇ ਸਮੁੱਚੇ ਪ੍ਰਧਾਨਗੀ ਮੰਡਲ ਵੱਲੋਂ ਕਾਵਿ ਸੰਗ੍ਰਹਿ ‘ਵਿਹੜਾ ਬਾਬੁਲ ਦਾ’ ਨੂੰ ਲੋਕ ਅਰਪਣ ਕਰਨ ਉਪਰੰਤ ਵਿਚਾਰ ਚਰਚਾ ਦੀ ਪ੍ਰਧਾਨਗੀ ਕਰ ਰਹੇ ਸ਼੍ਰੀ ਬਲਕਾਰ ਸਿੰਘ ਸਿੱਧੂ ਵੀ ਮੌਜੂਦ ਰਹੇ। ਜ਼ਿਕਰਯੋਗ ਹੈ ਕਿ ਬਲਕਾਰ ਸਿੱਧੂ ਚੰਡੀਗੜ੍ਹ ਲੇਖਕ ਸਭਾ ਦੇ ਪ੍ਰਧਾਨ ਵੀ ਹਨ ਅਤੇ ਹੋਰ ਵੀ ਬਹੁਤ ਸਾਰੀਆਂ ਰਚਨਾਤਮਕ ਸੰਸਥਾਵਾਂ ਨਾਲ ਨੇੜਿਓਂ ਜੁੜੇ ਹੋਏ ਹਨ।
ਸਟੇਜ ਅਤੇ ਸਾਹਿਤ ਦੇ ਸੁਮੇਲ ਵਿੱਚ ਆਪਣੀ ਵੱਖਰੀ ਥਾਂ ਰੱਖਣ ਵਾਲੇ ਜਨਾਬ ਬਲਕਾਰ ਸਿੱਧੂ ਨੇ ਨੀਲਮ ਨਾਰੰਗ ਦੀ ਸ਼ਾਇਰ ਬਾਰੇ ਟਿੱਪਣੀ ਕਰਦਿਆਂ ਆਖਿਆ ਕਿ ਇਸ ਕਾਵਿ-ਸੰਗ੍ਰਹਿ ਵਿਚਲੀਆਂ ਕਵਿਤਾਵਾਂ ਪੰਜਾਬੀ ਸੱਭਿਆਚਾਰ ਅੰਦਰ ਵਿਹੜੇ ਦੇ ਸੰਕਲਪ ਨੂੰ ਮੁਖ਼ਾਤਿਬ ਹੁੰਦਿਆਂ ਆਪਸੀ ਸਾਂਝਾਂ ਦਾ ਪ੍ਰਗਟਾਵਾ ਕਰਦੀਆਂ ਹਨ ਜੋ ਕਿ ਮੌਜੂਦਾ ਮਾਹੌਲ ਵਿੱਚ ਬਹੁਤ ਹੀ ਅਨਮੋਲ ਭੂਮਿਕਾ ਹੈ।
ਰਾਸ਼ਟਰੀ ਕਵੀ ਸੰਗਮ, ਚੰਡੀਗੜ੍ਹ ਦੀ ਪ੍ਰਧਾਨ ਸ਼੍ਰੀਮਤੀ ਸੰਤੋਸ਼ ਗਰਗ ਇਸ ਸਮਾਗਮ ਦੇ ਮੁੱਖ ਮਹਿਮਾਨ ਵੱਜੋਂ ਮੌਜੂਦ ਰਹੇ। ਉਹਨਾਂ ਨੇ ਕਵਿੱਤਰੀ ਨੂੰ ਵਧਾਈ ਦਿੰਦਿਆਂ ਆਖਿਆ ਕਿ ਇਹ ਕਵਿਤਾਵਾਂ ਸਮਾਜ ਪ੍ਰਤੀ ਆਪਣੇ ਫਰਜ਼ਾਂ ਨੂੰ ਜ਼ਿੰਮੇਵਾਰੀ ਨਾਲ ਨਿਭਾਉਣ ਦਾ ਧਰਮ ਪੁਗਾਉਂਦੀਆਂ ਹਨ। ਅੱਜਕਲ੍ਹ ਦੇ ਤੇਜ਼ ਰਫ਼ਤਾਰੀ ਵਾਲੇ ਇਸ ਦੌਰ ਵਿੱਚ ਸਾਨੂੰ ਸਾਡੇ ਇਹ ਫਰਜ਼ ਚੇਤੇ ਰਹਿਣ ਇਹ ਗੱਲ ਬਹੁਤ ਜ਼ਰੂਰੀ ਵੀ ਹੈ।
ਪੁਸਤਕ ਰਿਲੀਜ਼ ਦੇ ਇਸ ਸਮਾਗਮ ਮੌਕੇ ਵਿਸ਼ੇਸ਼ ਮਹਿਮਾਨ ਸ਼੍ਰੀ ਮਨਮੋਹਨ ਸਿੰਘ ਦਾਊਂ ਨੇ ਆਖਿਆ ਕਿ ਇਹ ਸ਼ਾਇਰੀ ਅਤੀਤ ਅਤੇ ਵਰਤਮਾਨ ’ਚ ਪੁਲ ਦਾ ਕੰਮ ਕਰਦਿਆਂ ਮਨੁੱਖੀ ਵੇਦਨਾ ਦੀ ਕਵਿਤਾ ਹੋ ਨਿਬੜਦੀ ਹੈ ਜਿਸ ਵਿੱਚ ਜੀਵਨ ਅਕਾਂਖਿਆ ਸ਼ਾਮਲ ਹੈ। (ਉੱਘੇ ਬਾਲ ਸਾਹਿਤਕਾਰ)ਇਸ ਤੋਂ ਉਪਰੰਤ ਰੰਜਨ ਮੰਗੋਤਰਾ (ਪ੍ਰਧਾਨ, ਰਾਸ਼ਟਰੀ ਕਵੀ ਸੰਗਮ, ਮੋਹਾਲੀ) ਨੇ ਆਖਿਆ ਕਿ ਕਵਿਤਾ ਸਰਲ ਭਾਵੀ ਹੋਣ ਕਰਕੇ ਸਭ ਨੂੰ ਸਮਝ ਆਉਣ ਵਾਲੀ ਹੈ।
ਪਰਚਾ ਲੇਖਕ ਸਤਬੀਰ ਕੌਰ ਵੱਲੋਂ ਆਪਣਾ ਪਰਚਾ ਪੜ੍ਹਦਿਆਂ ਕਿਹਾ ਗਿਆ ਕਿ ਇਸ ਕਾਵਿ ਸੰਗ੍ਰਹਿ ਵਿੱਚ ਜਿੱਥੇ ਵਿਸ਼ਿਆਂ ਦੀ ਵੰਨ-ਸੁਵੰਨਤਾ ਹੈ ਉੱਥੇ ਇਸ ਵਿੱਚ ਆਏ ਨਵੇਂ ਸ਼ਬਦ, ਖ਼ਿਆਲ ਇਸ ਕਵਿਤਾ ਦਾ ਹਾਸਿਲ ਹਨ। ਕਵਿੱਤਰੀ ਨੇ ਇਸ ਵਿੱਚ ਠੇਠ ਪੰਜਾਬੀ ਸ਼ਬਦਾਂ ਦੀ ਸੁਚੱਜੀ ਵਰਤੋਂ ਕਰਦਿਆਂ ਇਸ ਨੂੰ ਕਵਿਤਾ ਦੀ ਭਾਸ਼ਾ ’ਚ ਗੁੰਨ੍ਹਿਆ ਹੈ।
ਇਸ ਪੁਸਤਕ ਦੀ ਰਚੇਤਾ ਸ਼ਾਇਰਾ ਨੀਲਮ ਨਾਰੰਗ ਹਿੰਦੀ ਸਾਹਿਤ ਨਾਲ ਜੁੜੀ ਰਹੀ ਅਤੇ ਹਰਿਆਣਾ ਦੀ ਜੰਮਪਲ ਹੈ। ਇਸ ਲਈ ਹਿੰਦੀ ਤੋਂ ਪੰਜਾਬੀ ਦਾ ਸਫਰ ਬੜਾ ਦਿਲਚਸਪ ਰਿਹਾ। ਇਹ ਸਾਰਾ ਵੇਰਵਾ ਤੁਸੀਂ ਇਥੇ ਕਲਿੱਕ ਕਰ ਕੇ ਵੀ ਪੜ੍ਹ ਸਕਦੇ ਹੋ। ਮੈਡਮ ਨੀਲਮ ਨਾਰੰਗ ਵੱਲੋਂ ਆਪਣੀ ਸਿਰਜਣ ਪ੍ਰੀਕਿਰਿਆ ਦੀ ਗੱਲ ਕਰਦਿਆਂ ਵੀ ਸਪਸ਼ਟ ਕਿਹਾ ਗਿਆ ਕਿ ਮੈਂ ਪਹਿਲਾਂ ਹਿੰਦੀ ਵਿੱਚ ਲਿਖਦੀ ਸਾਂ ਪਰ ਮੈਂ ਆਪਣੀ ਮਾਂ-ਬੋਲੀ ਪੰਜਾਬੀ ’ਚ ਲਿਖਣ ਦੀ ਕਮੀ ਮਹਿਸੂਸ ਕਰਦਿਆਂ ਹੁਣ ਪੰਜਾਬੀ ਵਿੱਚ ਲਿਖਣਾ ਸ਼ੁਰੂ ਕੀਤਾ ਤਾਂ ਮੈਨੂੰ ਬਹੁਤ ਮਾਣ ਸਤਿਕਾਰ ਮਿਲਿਆ। ਇਹ ਮੇਰੀ ਪਲੇਠੀ ਪੰਜਾਬੀ ਕਵਿਤਾ ਦੀ ਪੁਸਤਕ ਹੈ ਜਿਸ ਅੰਦਰ ਮੇਰੇ ਮਨ ਦੇ ਸੱਚੇ-ਸੁੱਚੇ ਭਾਵ ਅਤੇ ਜਜ਼ਬਾਤ ਸ਼ਾਮਲ ਹਨ।
ਕਾਨੂੰਨ ਅਤੇ ਅਦਾਲਤ ਨਾਲ ਜੁੜੀ ਹੋਈ ਇਹ ਸ਼ਾਇਰ ਨੀਲਮ ਨਾਰੰਗ ਜਦੋ ਸ਼ਾਇਰੀ ਕਰਦੀ ਹੈ ਤਾਂ ਉਦੋਂ ਵੀ ਮੰਡੀਆਂ ਅੱਖਾਂ ਤੋਂ ਕਾਨੂੰਨ ਵਾਲੀ ਐਨਕ ਨੁਨਾਲੱਗ ਕਰਨਾ ਸੌਖਾ ਨਹੀਂ ਹੰਦਾ। ਦਿਲਚਸਪ ਗੱਲ ਹੈ ਕਿ ਵਕਾਲਤ ਦਾ ਕਿੱਤਾ ਕਰਦਿਆਂ ਪੂਰੀ ਤਰ੍ਹਾਂ ਦਲੀਲ ਨਾਲ ਜੁੜਨਾ ਪੈਂਦਾ ਹੈ। ਕਾਨੂੰਨ ਅਤੇ ਜੁਰਮਾਂ ਦੀ ਦੁਨੀਆ ਨਾਲ ਸਾਹਮਣਾ ਕਰਦਿਆਂ ਇਨਸਾਨ ਦੀ ਮਾਨਸਿਕਤਾ ਬੜੀ ਵੱਖਰੀ ਕਿਸਮ ਦੀ ਬਣ ਜਾਂਦੀ ਹੈ। ਹਰ ਗੱਲ ਨੂੰ ਸਬੂਤਾਂ ਦੇ ਅਧਾਰ ਤੇ ਦੇਖਣ ਪਰਖਣ ਦੀ ਆਦਤ ਵੀ ਪੈ ਜਾਂਦੀ ਹੈ। ਕੁਲ ਮਿਲਾ ਕੇ ਇਨਸਾਨ ਦੀ ਮਨ ਵਾਲੀ ਦੁਨੀਆ ਅਤੇ ਮਾਨਸਿਕ ਮਾਹੌਲ ਦਿਲਚਸਪ ਵੀ ਬਣ ਜਾਂਦੇ ਹਨ। ਅਜਿਹੇ ਮਾਹੌਲ ਵਿੱਚ ਜਜ਼ਬਾਤਾਂ ਅਤੇ ਕਲਪਨਾ ਨਾਲ ਸ਼ਾਇਰੀ ਦੀ ਦੁਨੀਆ ਵਿਚ ਵਿਚਰਣਾ ਇੱਕ ਵੱਖਰੀ ਕਿਸਮ ਦੇ ਤਜਰਬਿਆਂ ਵਿੱਚੋਂ ਲੰਘਣ ਵਾਂਗ ਹੁੰਦਾ ਹੈ।
ਇਸ ਮੌਕੇ ‘ਵਿਹੜਾ ਬਾਬੁਲ ਦਾ’ ਕਾਵਿ ਸੰਗ੍ਰਹਿ ਵਿਚੋਂ ਸੁਰਜੀਤ ਸਿੰਘ ਧੀਰ, ਬਲਵਿੰਦਰ ਢਿੱਲੋਂ, ਸਵਿਤਾ ਗਰਗ, ਪ੍ਰਭਜੋਤ ਕੌਰ ਜੋਤ, ਸੀਮਾ ਗੁਪਤਾ ਅਤੇ ਬਾਬੂ ਰਾਮ ਦੀਵਾਨਾ ਵੱਲੋਂ ਆਪਣੀ ਖ਼ੂਬਸੂਰਤ ਅਤੇ ਬੁਲੰਦ ਅਵਾਜ਼ ਤੇ ਅੰਦਾਜ਼ ਵਿਚ ਕਵਿਤਾਵਾਂ ਵੀ ਪੇਸ਼ ਕੀਤੀਆਂ ਗਈਆਂ। ਸੰਗੀਤ ਦੇ ਇਸ ਜਾਦੂ ਨੇ ਇਹਨਾਂ ਰਚਨਾਵਾਂ ਵਿੱਚ ਨਵੀਂ ਜਾਨ ਪਾ ਦਿੱਤੀ।
ਭਾਸ਼ਾ ਵਿਭਾਗ ਦਾ ਮੋਹਾਲੀ ਵਾਲਾ ਇਹ ਜ਼ਿਲ੍ਹਾ ਦਫਤਰ ਤਾਂ ਆਪਣੇ ਆਪ ਵਿੱਚ ਹੀ ਬਹੁਤ ਰਚਨਾਤਮਕ ਹੈ। ਦਫਤਰ ਦੇ ਜਿਸ ਕਮਰੇ ਦੀ ਦੀਵਾਰ ਵੱਲ ਵੀ ਦੇਖੋ ਤਾਂ ਕੁਝ ਨ ਕੁਝ ਅਜਿਹਾ ਨਜ਼ਰ ਆ ਹੀ ਜਾਏਗਾ ਜਿਹੜਾ ਤੁਹਾਡੇ ਮਨ ਵਿੱਚ ਲੁੱਕੀ ਜਾਂ ਸੁੱਤੀ ਹੋਈ ਰਚਨਾਤਮਕਤਾ ਨੂੰ ਜਗਾ ਕੇ ਕੁਝ ਜਾਦੂ ਵਰਗਾ ਦਿਖਾਉਣ ਲੱਗੇਗਾ। ਸਮੂਹ ਬੁਲਾਰਿਆਂ ਵੱਲੋਂ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਮੋਹਾਲੀ ਦੀ ਕਾਰਜ ਸ਼ੈਲੀ ਅਤੇ ਸੁਹਜਮਈ ਦਿੱਖ ਦੀ ਸ਼ਲਾਘਾ ਕਰਦਿਆਂ ਸਮੁੱਚੀ ਟੀਮ ਨੂੰ ਵਧਾਈ ਦਿੱਤੀ ਗਈ।
ਇਸ ਮੌਕੇ ਸਾਗਰ ਸਿੰਘ ਭੁਰੀਆ, ਧਿਆਨ ਸਿੰਘ ਕਾਹਲੋਂ, ਵਰਿੰਦਰ ਚੱਠਾ, ਰੇਣੁ ਅੱਬੀ, ਆਸ਼ਾ ਰਾਣੀ, ਕ੍ਰਿਸ਼ਨਾ ਗੋਇਲ, ਜਸਮੇਰ ਸਿੰਘ ਕੰਵਰ, ਚਰਨਜੀਤ ਸਿੰਘ ਕਲੇਰ, ਜਗਤਾਰ ਸਿੰਘ ਜੋਗਾ, ਮਨਜੀਤ ਪਾਲ ਸਿੰਘ, ਸੁਰਜਨ ਸਿੰਘ ਗਿੱਲ, ਸਕਿੰਦਰ ਸਿੰਘ ਪੱਲ੍ਹਾ, ਪਿਆਰਾ ਸਿੰਘ ਰਾਹੀ, ਮਲਕੀਤ ਸਿੰਘ ਨਾਗਰਾ, ਭੁਪਿੰਦਰ ਸਿੰਘ ਭਾਗੋਮਾਜਰਾ, ਛਿੱਬਰ ਸਹੇੜੀ, ਰਜਨੀ ਪਾਠਕ, ਸੁਧਾ ਜੈਨ ਸੁਦੀਪ, ਨੇਹਾ ਸ਼ਰਮਾ, ਡਾ. ਪੰਨਾ ਲਾਲ ਮੁਸਤਫ਼ਾਬਾਦੀ, ਪਰਮਿੰਦਰ ਸੋਨੀ, ਗੁਰਵਿੰਦਰ ਕੌਰ, ਮਨਜੀਤ ਸਿੰਘ, ਜਪਨੀਤ ਕੌਰ ਵੱਲੋਂ ਵੀ ਸ਼ਿਰਕਤ ਕੀਤੀ ਗਈ।
ਸਮਾਗਮ ਦੇ ਅੰਤ ਵਿੱਚ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਮੁੱਖ ਮਹਿਮਾਨਾਂ ਅਤੇ ਬੁਲਾਰਿਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਹੋਰ ਪਤਵੰਤੇ ਸੱਜਣਾਂ ਦਾ ਇਸ ਸਮਾਗਮ ਵਿੱਚ ਪਹੁੰਚਣ ਲਈ ਧੰਨਵਾਦ ਕੀਤਾ ਗਿਆ। ਮੰਚ ਸੰਚਾਲਨ ਦਿਲ ਪ੍ਰੀਤ ਵੱਲੋਂ ਕੀਤਾ ਗਿਆ। ਇਸ ਮੌਕੇ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਮੋਹਾਲੀ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ।
ਬਹੁਤ ਬਹੁਤ ਸ਼ੁਕਰਿਆ ਬਹੁਤ ਸੋਹਣੇ ਅੱਖਰਾਂ ਰਾਹੀ ਮੈਨੂੰ ਮਾਨ ਬਖਸ਼ਨ ਲਈ🙏
ReplyDeleteਤੁਹਾਡਾ ਸਵਾਗਤ ਹੈ ਜੀ
Delete