1st February 2024 at 7:13 PM
ਦੁਨੀਆ ਭਰ ਦੀਆਂ 40 ਭਾਸ਼ਾਵਾਂ ਵਿੱਚ ਇਸਦਾ ਅਨੁਵਾਦ ਹੋ ਚੁੱਕਾ ਹੈ
"ਮੇਰਾ ਦਾਗਿਸਤਾਨ" ਇੱਕ ਅਜਿਹੀ ਪੁਸਤਕ ਹੈ ਜਿਹੜੀ ਹਰ ਲੇਖਕ ਨੂੰ ਜ਼ਰੂਰ ਪੜ੍ਹਨੀ ਚਾਹੀਦੀ ਹੈ। ਕੁਝ ਦਹਾਕੇ ਪਹਿਲਾਂ ਵੀ ਇਹ ਕਿਤਾਬ ਪੰਜਾਬੀ ਪਾਠਕਾਂ ਦੀ ਪਹਿਲੀ ਪਸੰਦ ਬਣੀ ਸੀ ਪਰ ਛੇਤੀ ਹੀ ਲੋਕਾਂ ਦੀ ਪਸੰਦ ਬਦਲਦੀ ਚਲੀ ਗਈ। ਸ਼ਾਇਦ ਇਸਦਾ ਕਾਰਨ ਪੰਜਾਬ ਵਿੱਚਲੇ ਕਾਲੇ ਦੌਰ ਦੇ ਹਾਲਾਤ ਸਨ। ਲੋਕਾਂ ਦੇ ਦਰਦ, ਦਿਲਚਸਪੀਆਂ ਅਤੇ ਰੂਚੀਆਂ ਸਭ ਕੁਝ ਬਦਲ ਗਿਆ ਸੀ। ਇਹਨਾਂ ਹਾਲਾਤਾਂ ਦੌਰਾਨ ਹੀ ਬਹੁਤ ਸਾਰਾ ਅਜਿਹਾ ਸਾਹਿਤ ਵੀ ਮਾਰਕੀਟ ਵਿਚ ਆਇਆ ਜਿਸਨੇ ਪੰਜਾਬੀ ਪਾਠਕਾਂ ਦੀ ਪਸੰਦ ਅਤੇ ਪਹਿਲ ਨੂੰ ਬੜੀ ਤੇਜ਼ੀ ਨਾਲ ਪ੍ਰਭਾਵਿਤ ਕੀਤਾ। ਅਜੇ ਵੀ ਉਸੇ ਸੁਰ ਵਾਲਾ ਸਾਹਿਤ ਜ਼ਿਆਦਾ ਵਿਕ ਰਿਹਾ ਹੈ। ਪੰਜਾਬ ਦੇ ਕਰਫਿਊ ਵਾਲੇ ਹਾਲਾਤਾਂ ਮਗਰੋਂ ਆਈ ਸ਼ਾਂਤੀ ਵਾਲੇ ਵਕਫ਼ੇ ਨੇ ਫਿਰ ਤਬਦੀਲੀ ਲਿਆਂਦੀ ਅਤੇ "ਮੇਰਾ ਦਾਗਿਸਤਾਨ" ਵੀ ਇੱਕ ਵਾਰ ਫਿਰ ਪੰਜਾਬੀ ਪਾਠਕਾਂ ਦੀ ਪਸੰਦ ਬਣਨ ਲੱਗੀ। ਹੁਣ ਕੁਝ ਸਮੇਂ ਤੋਂ ਇਸਦੇ ਨਵੇਂ ਐਡੀਸ਼ਨ ਵੀ ਧੜਾਧੜ ਮਾਰਕੀਟ ਵਿੱਚ ਆਏ ਹਨ। ਪੁਸਤਕ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਇਸ ਕਿਤਾਬ ਦੇ ਵੱਖ ਵੱਖ ਭਾਗਾਂ ਵਾਲੇ ਸੈਟ ਰਿਆਇਤੀ ਮੁੱਲ ਤੇ ਵੀ ਵੇਚੇ ਜਾ ਰਹੇ ਹਨ। ਉਂਝ ਇਹ ਪੁਸਤਕ ਅਜੇ ਵੀ ਜੇਕਰ ਸੌਗਾਤ ਵੱਜੋਂ ਵੰਡੀ ਜਾਈ ਤਾਂ ਪੰਜਾਬੀ ਲੇਖਕਾਂ ਅਤੇ ਪਾਠਕਾਂ ਦੇ ਬੌਧਿਕ ਪੱਧਰ ਨੂੰ ਹੋਰ ਉੱਚਿਆਂ ਉਠਾਉਣ ਵਿਚ ਬਹੁਤ ਸਹਾਈ ਸਾਬਿਤ ਹੋਵੇਗੀ। ਇਸ ਪੁਸਤਕ ਬਾਰੇ ਇੱਕ ਜਾਣਕਾਰੀ ਭਰਪੂਰ ਲਿਖਤ ਲਿਖੀ ਹੈ ਬਠਿੰਡਾ ਦੇ ਵਸਨੀਕ ਲੇਖਕ ਰਾਜਪਾਲ ਸਿੰਘ ਨੇ। ਤੁਹਾਨੂੰ ਇਹ ਲਿਖਤ ਕਿਹੋ ਜਿਹੀ ਲੱਗੀ ਇਸ ਬਾਰੇ ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ ਹੀ। -ਕਾਰਤਿਕਾ ਕਲਿਆਣੀ ਸਿੰਘ
ਰਾਜਪਾਲ ਸਿੰਘ ਹੁਰਾਂ ਦੀ ਲਿਖਤ ਇਸ ਬਾਰੇ ਬਹੁਤ ਕੁਝ ਦੱਸਦੀ ਹੈ। ਲਓ ਤੁਸੀਂ ਵੀ ਪੜ੍ਹੋ:
ਇਹ ਕਿਤਾਬ ਪਿਛਲੇ ਕੁਝ ਸਮੇਂ ਤੋਂ ਮੁੜ ਚਰਚਾ ਵਿੱਚ ਆਈ ਹੈ। ਇਹ ਪੁਸਤਕ ਖਾਸ ਕਿਉਂ ਹੈ ? ਕੁਝ ਲੋਕਾਂ ਨੂੰ ਇਹ ਪੜ੍ਹ ਕੇ ਨਿਰਾਸ਼ਾ ਕਿਉਂ ਹੁੰਦੀ ਹੈ? ਮੇਰਾ ਦਾਗਿਸਤਾਨ ਬਿਲਕੁਲ ਵੱਖਰੀ ਤਰ੍ਹਾਂ ਦੀ ਪੁਸਤਕ ਹੈ। ਸਾਹਿਤਕ ਹਲਕਿਆਂ ਵਿੱਚ ਇਹ ਹਮੇਸ਼ਾ ਚਰਚਾ ਵਿੱਚ ਰਹੀ ਹੈ ਪਰ ਅੱਜ ਕੱਲ੍ਹ ਇਹ ਸਾਹਿਤਕ ਖੇਤਰ ਤੋਂ ਬਾਹਰਲੇ ਦਾਇਰਿਆਂ ਵਿੱਚ ਵੀ ਕਾਫੀ ਚਰਚਾ ਵਿੱਚ ਆਈ ਹੋਈ ਹੈ, ਕਿਉਂਕਿ ਇਸ ਬਾਰੇ ਪੰਜਾਬੀ ਗਾਇਕੀ ਅਤੇ ਫਿਲਮਾਂ ਨਾਲ ਸਬੰਧਿਤ ਕੁਝ ਮਸ਼ਹੂਰ ਵਿਅਕਤੀਆਂ (ਦੇਬੀ ਮਖਸੂਸਪੁਰੀ, ਰਾਣਾ ਰਣਬੀਰ) ਨੇ ਸੋਸ਼ਲ ਮੀਡੀਆ ਉੱਤੇ ਚੰਗੀਆਂ ਗੱਲਾਂ ਕੀਤੀਆਂ ਹਨ। ਨੌਜਵਾਨ ਵਰਗ ਸੋਸ਼ਲ ਮੀਡੀਆ ਦਾ ਬਹੁਤ ਅਸਰ ਕਬੂਲਦਾ ਹੈ ਜਿਸ ਕਰਕੇ ਰਵਾਇਤੀ ਪਾਠਕਾਂ ਤੋਂ ਵੱਖਰੇ ਨੌਜਵਾਨ ਵੀ ਇਸ ਨੂੰ ਖਰੀਦ ਕੇ ਲੈ ਜਾਂਦੇ ਹਨ। ਇਸ ਕਰਕੇ ਪੰਜਾਬੀ ਦੇ ਲਗਪੱਗ ਸਾਰੇ ਮੁੱਖ ਪ੍ਰਕਾਸ਼ਕਾਂ ਨੇ ਹੁਣ ਇਸਦੇ ਨਵੇਂ ਐਡੀਸ਼ਨ ਪ੍ਰਕਾਸ਼ਿਤ ਕੀਤੇ ਹਨ। ਇਹ ਪੁਸਤਕ ਕੇਵਲ ਪੰਜਾਬੀ ਪਾਠਕਾਂ ਵਿੱਚ ਹੀ ਮਕਬੂਲ ਨਹੀਂ ਬਲਕਿ ਦੁਨੀਆ ਭਰ ਦੀਆਂ 40 ਭਾਸ਼ਾਵਾਂ ਵਿੱਚ ਇਸਦਾ ਅਨੁਵਾਦ ਹੋ ਚੁੱਕਾ ਹੈ ਅਤੇ ਸਾਰੇ ਸੰਸਾਰ ਦੇ ਵਿਦਵਾਨਾਂ ਦੀਆਂ ਇਸ ਬਾਰੇ ਪ੍ਰਸੰਸਾਮਈ ਟਿੱਪਣੀਆਂ ਮਿਲਦੀਆਂ ਹਨ। ਦੂਜੇ ਪਾਸੇ ਕੁਝ ਪਾਠਕਾਂ ਦੇ ਅਜਿਹੇ ਪ੍ਰਤੀਕਰਮ ਵੀ ਸੋਸ਼ਲ ਮੀਡੀਆ ‘ਤੇ ਪੜ੍ਹਨ ਨੂੰ ਮਿਲਦੇ ਹਨ ਕਿ ਉਨ੍ਹਾਂ ਨੂੰ ਤਾਂ ਇਸ ਵਿਚੋਂ ਕੁਝ ਖਾਸ ਨਹੀਂ ਲੱਭਿਆ, ਖਰੀਦ ਕੇ ਨਿਰਾਸ਼ ਹੋਏ ਹਨ, ਆਦਿ।
ਸੋ ਆਓ ਵੇਖੀਏ ਕਿ ਇਹ ਪੁਸਤਕ ਐਨੀ ਖਾਸ ਕਿਉਂ ਹੈ?
ਇਹ ਪੁਸਤਕ ਕਿਸੇ ਵਿਸ਼ੇਸ਼ ਸਾਹਿਤ ਰੂਪ ਦੇ ਖਾਨੇ ਵਿੱਚ ਫਿੱਟ ਨਹੀਂ ਆਉਂਦੀ। ਇਹ ਕਵਿਤਾ, ਵਾਰਤਕ ਅਤੇ ਆਲੋਚਨਾ ਦਾ ਸੁਮੇਲ ਹੈ। ਇਸ ਵਿੱਚ ਸਾਹਿਤ, ਕਲਾ, ਸਿਰਜਣਾ, ਭਾਸ਼ਾ, ਸ਼ੈਲੀ ਆਦਿ ਵਿਸ਼ਿਆਂ ਨੂੰ ਦਾਗਿਸਤਾਨ ਦੇ ਸਭਿਆਚਾਰ, ਲੋਕ ਕਥਾਵਾਂ, ਮੁਹਾਵਰਿਆਂ, ਅਖਾਣਾਂ, ਵਿਰਸੇ ਦੀਆਂ ਬਾਤਾਂ ਅਤੇ ਟੋਟਕਿਆਂ ਰਾਹੀਂ ਇਸ ਤਰ੍ਹਾਂ ਪੇਸ਼ ਕੀਤਾ ਗਿਆ ਹੈ ਕਿ ਪਾਠਕ ਨੂੰ ਪਤਾ ਹੀ ਨਹੀਂ ਚਲਦਾ ਕਿ ਉਹ ਚੰਗੀ ਸਾਹਿਤਕ ਰਚਨਾ ਦੇ ਗੁਣਾਂ ਬਾਰੇ ਜਾਣ ਰਿਹਾ ਹੈ ਜਾਂ ਜ਼ਿੰਦਗੀ ਨਾਲ ਸਬੰਧਿਤ ਮੁੱਲਵਾਨ ਗੱਲਾਂ ਬਾਰੇ ਪੜ੍ਹ ਰਿਹਾ ਹੈ।
ਪੁਸਤਕ ਬਾਰੇ ਲਿਖਣ ਵਾਲੇ ਰਾਜਪਾਲ ਸਿੰਘ |
ਪਰ ਹੈਲੀਕਾਪਟਰ ਨੂੰ ਦੌੜ ਨਹੀਂ ਲਗਾਉਣੀ ਪੈਂਦੀ, ਪਰ ਇਹ ਵੀ ਹਵਾ ਵਿੱਚ ਉੱਡਣ ਤੋਂ ਪਹਿਲਾਂ ਬਹੁਤ ਸਾਰਾ ਸ਼ੋਰ ਮਚਾਉਂਦਾ ਹੈ, ਗਰਜਦਾ ਹੈ ਤੇ ਗੜਗੜਾਹਟ ਪੈਦਾ ਕਰਦਾ ਹੈ, ਤੇ ਬੁਰੀ ਤਰ੍ਹਾਂ ਕੰਬਣੀਆਂ ਖਾਂਦਾ ਹੈ।
ਸਿਰਫ ਪਹਾੜੀ ਉਕਾਬ ਹੀ ਆਪਣੀ ਚਟਾਨ ਤੋਂ ਸਿੱਧਾ ਉਤਾਂਹ ਵੱਲ ਨੂੰ, ਨੀਲੇ ਅਸਮਾਨ ਵੱਲ ਨੂੰ ਸ਼ੂਟ ਵਟਦਾ ਹੈ, ਜਿੱਥੇ ਇਹ ਠਾਠ ਨਾਲ ਉਡਦਾ, ਹੋਰ ਉੱਚਾ, ਹੋਰ ਉੱਚਾ ਜਾਈ ਜਾਂਦਾ ਹੈ ਤੇ ਆਖਰ ਦਿਸਣੋਂ ਹਟ ਜਾਂਦਾ ਹੈ। ਕੋਈ ਵੀ ਚੰਗੀ ਕਿਤਾਬ ਇਸ ਤਰ੍ਹਾਂ ਸ਼ੁਰੂ ਹੋਣੀ ਚਾਹੀਦੀ ਹੈ।”
ਆਪਣੀ ਗੱਲ ਨੂੰ ਵਜ਼ਨਦਾਰ ਬਨਾਉਣ ਲਈ ਉਹ ਇਸ ਤਰ੍ਹਾਂ ਦੀਆਂ ਹੋਰ ਹੋਰ ਉਦਾਹਰਣਾਂ ਦੇਈ ਜਾਂਦਾ ਹੈ ਜਿਵੇਂ ਗਾਇਕ ਵੱਲੋਂ ਗੀਤ ਸ਼ੁਰੂ ਕਰਨ ਤੋਂ ਪਹਿਲਾਂ ਸਾਜ ਦੀਆਂ ਤਾਰਾਂ ਉੱਤੇ ਬੇਮਤਲਬ ਉਂਗਲਾਂ ਮਾਰੀ ਜਾਣ ਬਾਰੇ ਜਾਂ ਕਿਸੇ ਨਾਟਕ ਤੋਂ ਪਹਿਲਾਂ ਦਿੱਤੇ ਜਾਂਦੇ ਲੈਕਚਰ ਬਾਰੇ ਆਦਿ। ਪਰ ਇਸ ਦੇ ਨਾਲ ਹੀ ਉਹ ਇਹ ਵੀ ਕਹਿਣਾ ਚਾਹੁੰਦਾ ਹੈ ਕਿ ਭੂਮਿਕਾ ਬਿਨਾਂ ਸਰਦਾ ਵੀ ਨਹੀਂ ਹੈ। ਇਹ ਗੱਲ ਕਹਿਣ ਲਈ ਉਹ ਫਿਰ ਤਰ੍ਹਾਂ ਤਰ੍ਹਾਂ ਦੀਆਂ ਉਦਾਹਰਣਾਂ ਦਿੰਦਾ ਹੈ, ਜਿਵੇਂ ਉਹ ਲਿਖਦਾ ਹੈ– “ਤਾਂ ਵੀ ਮੇਰੇ ਜੱਦੀ ਪਹਾੜਾਂ ਵਿੱਚ ਇਹ ਰੀਤ ਨਹੀਂ ਕਿ ਕੋਈ ਘੋੜ-ਸਵਾਰ ਆਪਣੇ ਘਰ ਦੀਆਂ ਬਰੂਹਾਂ ਤੋਂ ਹੀ ਆਪਣੇ ਘੋੜੇ ਉੱਤੇ ਪਲਾਕੀ ਮਾਰ ਕੇ ਬੈਠ ਜਾਏ। ਉਹ ਸਗੋਂ ਆਪਣੇ ਘੋੜੇ ਨੂੰ ਲਗਾਮ ਤੋਂ ਫੜ੍ਹ ਕੇ ਮਗਰ ਤੋਰੀ ਲਿਆਏਗਾ ਜਿੰਨਾਂ ਚਿਰ ਉਹ ਪਿੰਡ ਚੋਂ ਬਾਹਰ ਨਹੀਂ ਆ ਜਾਂਦੇ। ........ਮੈਂ ਵੀ ਆਪਣੀ ਕਿਤਾਬ ਦੀ ਕਾਠੀ ਉੱਤੇ ਪਲਾਕੀ ਮਾਰ ਕੇ ਚੜ੍ਹਨ ਤੋਂ ਪਹਿਲਾਂ ਅੰਤਰ-ਧਿਆਨ ਹੋ ਕੇ ਤੁਰਦਾ ਹਾਂ।”
ਇਸ ਤਰ੍ਹਾਂ ਪੁਸਤਕ ਦੇ ਹੋਰ ਪੱਖਾਂ ਬਾਰੇ ਉਹ ਉਦਾਹਰਣਾਂ, ਕਹਾਣੀਆਂ, ਟੋਟਕਿਆਂ ਰਾਹੀਂ ਆਪਣੀ ਗੱਲ ਕਹਿੰਦਾ ਜਾਂਦਾ ਹੈ ਅਤੇ ਪਾਠਕ ਉਸਦੀ ਕਲਪਨਾ ਸ਼ੈਲੀ ਉੱਤੇ ਮੁਗਧ ਹੋਇਆ ਇਸਦਾ ਆਨੰਦ ਲੈਂਦਾ ਜਾਂਦਾ ਹੈ।
ਇਹ ਠੀਕ ਹੈ ਕਿ ਪੁਸਤਕ ਦਾ ਜ਼ਿਆਦਾ ਆਨੰਦ ਸਾਹਿਤ ਨਾਲ ਜੁੜੇ ਪਾਠਕ ਨੂੰ ਹੀ ਆਵੇਗਾ ਪਰ ਇਸ ਵਿੱਚ ਜ਼ਿੰਦਗੀ ਨੂੰ ਜਾਣਨ ਸਮਝਣ ਵਿੱਚ ਰੁਚੀ ਰੱਖਣ ਵਾਲੇ ਵਿਅਕਤੀ ਲਈ ਵੀ ਐਨਾ ਕੁਝ ਹੈ ਕਿ ਨੋਟ ਕਰਨ ਵਾਲੀਆਂ ਗੱਲਾਂ ਨਾਲ ਕਾਪੀ ਭਰ ਜਾਂਦੀ ਹੈ। ਉਦਾਹਰਣ ਵਜੋਂ-
‘ਸਿਆਣੇ ਹੱਥਾਂ ਵਿੱਚ ਸੱਪ ਦੀ ਜ਼ਹਿਰ ਵੀ ਭਲਾ ਕਰ ਸਕਦੀ ਹੈ, ਮੂਰਖ ਦੇ ਹੱਥਾਂ ਵਿੱਚ ਸ਼ਹਿਦ ਵੀ ਨੁਕਸਾਨ ਪਹੁੰਚਾ ਸਕਦਾ ਹੈ।’
‘ਬੱਚੇ ਨੂੰ ਬੋਲਣਾ ਸਿੱਖਣ ਲਈ ਦੋ ਸਾਲ ਲਗਦੇ ਨੇ ; ਆਦਮੀ ਨੂੰ ਆਪਣੀ ਜ਼ਬਾਨ ਸੰਭਾਲਣੀ ਸਿੱਖਣ ਉੱਤੇ ਸੱਠ ਸਾਲ ਲੱਗ ਜਾਂਦੇ ਹਨ।’
‘ਐਨੇ ਸੁੱਕੇ ਵੀ ਨਾ ਹੋਵੋ ਕਿ ਤਿੜ ਤਿੜ ਕਰਕੇ ਟੁੱਟ ਜਾਵੋ, ਪਰ ਏਨੇ ਸਿੱਲ੍ਹੇ ਵੀ ਨਾ ਹੋਵੋ ਕਿ ਤੁਹਾਨੂੰ ਕੰਬਲ ਵਾਂਗ ਨਿਚੋੜਿਆ ਜਾ ਸਕੇ।’
‘ਹਥਿਆਰ, ਜਿਨ੍ਹਾਂ ਦੀ ਇੱਕ ਵਾਰ ਹੀ ਲੋੜ ਪਵੇਗੀ, ਜ਼ਿੰਦਗੀ ਭਰ ਚੁਕਣੇ ਪੈਂਦੇ ਨੇ।
ਕਵਿਤਾ, ਜੋ ਜੀਵਨ ਭਰ ਦੁਹਰਾਈ ਜਾਏਗੀ, ਇੱਕ ਵਾਰੀ ਵਿੱਚ ਲਿਖੀ ਜਾਂਦੀ ਹੈ।’
‘ਜੇ ਤੁਸੀਂ ਬੀਤੇ ਉੱਤੇ ਪਿਸਤੌਲ ਨਾਲ ਗੋਲੀ ਚਲਾਓਗੇ ਤਾਂ ਭਵਿੱਖ ਤੁਹਾਨੂੰ ਤੋਪ ਨਾਲ ਫੁੰਡੇਗਾ।’
- - - - -
*ਦਾਗਿਸਤਾਨ ਰੂਸ ਦਾ ਇੱਕ ਖ਼ੁਦਮੁਖਤਿਆਰ ਸੂਬਾ ਹੈ ਜਿਸਦਾ ਏਰੀਆ ਪੰਜਾਬ ਕੁ ਜਿੰਨਾ ਹੈ ਅਤੇ ਆਬਾਦੀ ਸਿਰਫ 31 ਲੱਖ ਹੈ। ਸਾਰਾ ਇਲਾਕਾ ਪਹਾੜੀ ਹੈ ਜਿਸ ਵਿੱਚ ਅਨੇਕਾਂ ਕਬੀਲੇ ਵਸਦੇ ਹਨ ਅਤੇ ਵੱਖੋ ਵੱਖਰੀਆਂ ਬੋਲੀਆਂ ਬੋਲਦੇ ਹਨ ਜਿਨ੍ਹਾਂ ਵਿਚੋਂ 14 ਨੂੰ ਤਾਂ ਸਰਕਾਰੀ ਤੌਰ ‘ਤੇ ਮਾਨਤਾ ਮਿਲੀ ਹੋਈ ਹੈ। ਇਹ ਪੁਸਤਕ ਮੂਲ ਰੂਪ ਵਿੱਚ ਅਵਾਰ ਭਾਸ਼ਾ ਵਿੱਚ ਲਿਖੀ ਗਈ ਜੋ ਦਾਗਿਸਤਾਨ ਦੀਆਂ ਇਨ੍ਹਾਂ 14 ਭਾਸ਼ਾਵਾਂ ਵਿਚੋਂ ਇੱਕ ਭਾਸ਼ਾ ਹੈ, ਜਿਸਨੂੰ ਕੁਝ ਲੱਖ ਲੋਕ ਹੀ ਬੋਲਦੇ ਹਨ। ਪਰ ਇਸ ਪੁਸਤਕ ਦੀ ਖਿੱਚ ਐਨੀ ਸੀ ਕਿ ਇਹ ਵਿਸ਼ਵ ਦੀਆਂ ਸਾਰੀਆਂ ਮੁੱਖ ਭਾਸ਼ਾਵਾਂ ਵਿੱਚ ਅਨੁਵਾਦ ਹੋ ਕੇ ਕਰੋੜਾਂ ਪਾਠਕਾਂ ਤੀਕ ਪਹੁੰਚ ਗਈ। ਸਭ ਤੋਂ ਪਹਿਲਾਂ ਇਹ 1967 ਵਿੱਚ ਰੂਸੀ ਭਾਸ਼ਾ ਵਿੱਚ ਅਨੁਵਾਦ ਹੋਈ। ਉਸ ਤੋਂ ਚਾਰ ਸਾਲ ਬਾਅਦ ਹੀ ਪੰਜਾਬੀ ਵਿੱਚ ਇਸਦਾ ਅਨੁਵਾਦ ਹੋ ਗਿਆ ਜੋ ਡਾ. ਗੁਰਬਖਸ਼ ਸਿੰਘ ਫਰੈਂਕ ਨੇ ਕੀਤਾ।
ਇਸ ਕਿਤਾਬ ਦੀ ਸਫਲਤਾ ਨੂੰ ਵੇਖ ਕੇ ਰਸੂਲ ਹਮਜਾਤੋਵ ਨੇ ਮੇਰਾ ਦਾਗਿਸਤਾਨ ਭਾਗ-2 ਲਿਖ ਦਿੱਤਾ। ਇਸ ਵਿੱਚ ਪਹਿਲੀ ਪੁਸਤਕ ਦੇ ਮੁਕਾਬਲੇ ਕੰਮ ਦੀਆਂ ਗੱਲਾਂ 5% ਵੀ ਨਹੀਂ ਹਨ, ਬੇਲੋੜੀ ਭਰਤੀ ਕੀਤੀ ਹੈ। ਉਪਰੋਂ ਵਿਚਾਰਧਾਰਕ ਪੱਖੋਂ ਵੀ ਇਸ ਵਿੱਚ ਕੋਈ ਉਚੇਰੇ ਮਾਨਵਵਾਦੀ ਵਿਚਾਰ ਜਾਂ ਕਦਰਾਂ ਕੀਮਤਾਂ ਨਹੀਂ ਹਨ। ਦਾਗਿਸਤਾਨ ਦਾ ਇੱਕ ਕੱਟੜ ਮੁਸਲਮਾਨ ਲੜਾਕਾ ਇਮਾਮ ਸ਼ਮੀਲ ਹੋਇਆ ਹੈ, ਜੋ ਕਹਿੰਦਾ ਸੀ ਕਿ ਕੁਰਾਨ ਤੋਂ ਬਿਨਾਂ ਹੋਰ ਕਿਸੇ ਪੁਸਤਕ ਦੀ ਲੋੜ ਨਹੀਂ ਅਤੇ ਗੀਤ ਲਿਖਣ ਜਾਂ ਗਾਉਣ ਵਾਲਿਆਂ ਦੇ ਕੋੜੇ ਮਾਰਦਾ ਸੀ, ਇਸ ਬੰਦੇ ਨੂੰ ਨਾਇਕ ਵਜੋਂ ਪੇਸ਼ ਕਰਕੇ ਉਸਦੇ ਵਾਰ ਵਾਰ ਗੁਣ ਗਾਏ ਗਏ ਹਨ।
ਸ਼ਾਇਦ 1970 ਦੇ ਆਸਪਾਸ ਸੋਵੀਅਤ ਰੂਸ ਵਿੱਚ ਜੋ ਗਿਰਾਵਟ ਆ ਚੁੱਕੀ ਸੀ ਉਸਦਾ ਅਸਰ ਰਸੂਲ ਉੱਤੇ ਵੀ ਹੋ ਗਿਆ ਹੋਵੇ। ਉਂਜ ਵੀ ਇਸ ਭਾਗ ਵਿੱਚ ਦਾਗਿਸਤਾਨ ਦੇ ਸਥਾਨਕ ਲੋਕਾਂ ਨੂੰ ਤਾਂ ਪੜ੍ਹਨ ਨੂੰ ਕੁਝ ਲੱਭ ਸਕਦਾ ਹੈ, ਬਾਹਰੀ ਸੰਸਾਰ ਲਈ ਇਹ ਭਾਗ ਉੱਕਾ ਹੀ ਅਪ੍ਰਸੰਗਿਕ ਹੈ। ਪਰ ਰੂਸੀ ਸਾਹਿਤ ਪ੍ਰਤੀ ਸ਼ਰਧਾ ਵਾਲੀ ਭਾਵਨਾ ਦੇ ਚਲਦਿਆਂ ਇਸਦਾ ਵੀ ਪੰਜਾਬੀ ਅਨੁਵਾਦ ਕਰ ਦਿੱਤਾ ਗਿਆ। ਬਹੁਤ ਸਾਰੇ ਲੋਕ ਭੁਲੇਖੇ ਵੱਸ ਇਸ ਭਾਗ ਨੂੰ ਲੈ ਜਾਂਦੇ ਹਨ ਅਤੇ ਫਿਰ ਕਹਿੰਦੇ ਹਨ ‘ਮੇਰਾ ਦਾਗਿਸਤਾਨ’ ਵਿੱਚ ਤਾਂ ਕੁਝ ਵੀ ਨਹੀਂ ਹੈ ਐਂਵੇਂ ਹੀ ਇਹ ਚੜ੍ਹਾਈ ਹੋਈ ਹੈ। ਹੁਣ ਬਹੁਤੇ ਪ੍ਰਕਾਸ਼ਕਾਂ ਨੇ ਇਹ ਦੋਹਵੇਂ ਭਾਗ ਇਕੱਠੇ ਕਰ ਕੇ ਛਾਪ ਦਿੱਤੇ ਹਨ ਜਿਸ ਕਰਕੇ ਜਾਣਕਾਰਾਂ ਨੂੰ ਵੀ ਇਸ ਦੂਜੇ ਭਾਗ ਦੇ ਵੀ ਢਾਈ ਸੌ ਸਫੇ ਨਾਲ ਚੁੱਕਣੇ ਪੈਂਦੇ ਹਨ। ਇਹ ਭਾਗ ਪਹਿਲੇ ਭਾਗ ਦੀ ਵੀ ਲੋਕਪ੍ਰਿਅਤਾ ਘਟਾਉਣ ਲਈ ਜ਼ਿੰਮੇਵਾਰ ਹੈ।
ਬਿਨਾਂ ਸ਼ੱਕ ‘ਮੇਰਾ ਦਾਗਿਸਤਾਨ’ ਪੁਸਤਕ ਦੀ ਜੋ ਸ਼ੈਲੀ ਹੈ, ਵਿਲੱਖਣ ਅੰਦਾਜ਼ ਹੈ, ਲੋਕਧਾਰਾ ਦੇ ਸਮੁੰਦਰ ਵਿਚੋਂ ਕੱਢੇ ਮੋਤੀ ਹਨ, ਪੁਸਤਕਾਂ ਤੋਂ ਲੈ ਕੇ ਸਮਾਜਿਕ ਜ਼ਿੰਦਗੀ, ਭਾਸ਼ਾ, ਸਭਿਆਚਾਰ ਆਦਿ ਬਾਰੇ ਜੋ ਡੂੰਘੀਆਂ ਗੱਲਾਂ ਹਨ, ਮੁੱਲਵਾਨ ਟੋਟਕੇ ਹਨ, ਉਹ ਇਸ ਨੂੰ ਬਹੁਤ ਅਹਿਮ ਪੁਸਤਕ ਬਣਾਉਂਦੇ ਹਨ ਜੋ ਪੜ੍ਹੀ ਜਾਣੀ ਚਾਹੀਦੀ ਹੈ। ਪਰ ਪੁਸਤਕ ਖਰੀਦਣ ਸਮੇਂ ਦੋ ਗੱਲਾਂ ਜਾਣਨੀਆਂ ਜਰੂਰੀ ਹਨ -ਪਹਿਲੀ ਗੱਲ ਇਹ ਪੁਸਤਕ ਪੜ੍ਹਨ ਤੋਂ ਪਹਿਲਾਂ ਤੁਹਾਡਾ ਸਾਹਿਤਕ ਪੁਸਤਕਾਂ ਪੜ੍ਹਨ ਦਾ ਰੁਝਾਨ ਬਣਿਆ ਹੋਣਾ ਚਾਹੀਦਾ ਹੈ |
ਰਾਜਪਾਲ ਸਿੰਘ (ਸੰਪਰਕ 98767 10809)
ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।
No comments:
Post a Comment