google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀਆਂ ਚੋਣਾਂ:ਲੱਭੀਏ ਨਵਾਂ ਬਦਲ!

Friday, 23 February 2024

ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀਆਂ ਚੋਣਾਂ:ਲੱਭੀਏ ਨਵਾਂ ਬਦਲ!

Friday 23rd February 2024 at 13:27

ਡਾ. ਸਵਰਨਜੀਤ ਕੌਰ ਗਰੇਵਾਲ ਵੱਲੋਂ ਵੀ ਬੇਅੰਤ ਕੌਰ ਗਿੱਲ ਦੀ ਹਮਾਇਤ  

ਮੋਗਾ: 23 ਫਰਵਰੀ 2024:( ਡਾ. ਸਵਰਨਜੀਤ ਕੌਰ ਗਰੇਵਾਲ//ਸਾਹਿਤ ਸਕਰੀਨ ਡੈਸਕ)::

"ਇਕ ਵਾਰ ਤੂੰ ਤੇ ਇਕ ਵਾਰ ਮੈਂ! ਦੋਹੇਂ ਇਕ ਦੂਜੇ ਨੂੰ ਵਾਰੀ ਦੇਈ ਜਾਈਏ ਤਾਂ ਮਜ਼ਾਲ ਐ ਕੋਈ ਤੀਜਾ ਆਪਣੇ ਸਾਹਮਣੇ ਖੰਘ ਵੀ ਜਾਵੇ!" ਕੁਝ ਇਹੋ ਜਿਹਾ ਮਸਲਾ ਹੀ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀਆਂ ਚੋਣਾਂ ਵਿਚ ਬਣਿਆ ਨਜ਼ਰ ਆ ਰਿਹਾ ਹੈ।  

ਕੁਝ ਖੜਪੈਂਚ ਕਿਸਮ ਦੇ ਪਿੱਪਲਾਂ ਨੇ ਆਪਣੀ ਛਤਰ ਛਾਇਆ ਏਨੀ ਕੁ ਵਿਸ਼ਾਲ ਬਣਾ ਰੱਖੀ ਹੈ ਕਿ ਉਹ ਨਵੀਂ ਪੌਦ ਨੂੰ ਵਿਗਸਣ ਲਈ ਮੌਕਾ ਹੀ ਨਹੀਂ ਦੇਣਾ ਚਾਹੁੰਦੇ ਤੇ ਨਾ ਹੀ ਆਪਣੇ ਉਹਨਾਂ ਸਮਕਾਲੀਆਂ ਨਾਲ ਮਿਲ ਕੇ ਚੱਲਣ ਦੀ ਉਹਨਾਂ ਦੀ ਕੋਈ ਮਨਸ਼ਾ ਹੈ ਜਿਹੜੇ ਉਹਨਾਂ ਦੁਆਰਾ ਤੈਅ ਕੀਤੇ ਮੁੱਦਿਆਂ ਉੱਤੇ ਸਵਾਲੀਆ ਚਿੰਨ੍ਹ ਲਾਉਂਦੇ ਹਨ। 

ਉਹਨਾਂ ਨੂੰ ਲੱਗਦਾ ਹੈ ਕਿ ਦੁਨੀਆ ਭਰ ਵਿਚੋਂ ਜੇ ਕੋਈ ਸਿਰੇ ਦੇ ਸਾਹਿਤਕਾਰ ਜਨਮੇ ਹਨ ਤਾਂ ਸਿਰਫ਼ ਓਹੀ ਹਨ ਤੇ ਜੇ ਖੁਦਾ ਨਾ ਖਾਸਤਾ ਉਹਨਾਂ ਦੀ ਚੌਧਰ ਚਲੀ ਗਈ ਤਾਂ ਪੰਜਾਬੀ ਸਾਹਿਤ ਅਕਾਡਮੀ ਪਤਾ ਨਹੀਂ ਕਿਹੜੇ ਨਰਕ ਦੀ ਭੱਠੀ ਵਿਚ ਝੋਕੀ ਜਾਊ‌? ਜਦ ਕਿ ਬਹੁ-ਗਿਣਤੀ ਪੰਜਾਬੀ ਸਾਹਿਤਕਾਰ ਭਾਈਚਾਰਾ ਬੇਸ਼ੱਕ ਨਿਧੜਕ ਹੋ ਕੇ ਕੋਈ ਗੱਲ ਨਹੀਂ ਕਹਿ ਰਿਹਾ ਪਰ ਅੰਦਰੋਂ ਅੰਦਰੀ ਇਹਨਾਂ ਖੜਪੈਂਚਾਂ ਖ਼ਿਲਾਫ਼ ਰਿੱਝ ਜ਼ਰੂਰ ਰਿਹਾ ਹੈ। 

ਸਾ+ਹਿੱਤ ਨੂੰ ਪ੍ਰਣਾਈ ਹੋਈ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀ ਪਿਛਲੇ ਕੁਝ ਸਾਲਾਂ ਦੀ ਕਾਰਗੁਜ਼ਾਰੀ ਉੱਤੇ ਤਕੜੇ ਪ੍ਰਸ਼ਨ-ਚਿੰਨ੍ਹ ਲੱਗਦੇ ਆ ਰਹੇ ਹਨ। ਹੁਣ ਸਮਾਂ ਹੈ ਕਿ ਇਹਨਾਂ ਕੁਤਾਹੀਆਂ ਕਰਨ ਵਾਲੇ ਲੇਖਕਾਂ ਦਾ ਭਾਂਡਾ ਐਨ ਚੌਰਾਹੇ ਵਿੱਚ ਭੰਨ ਕੇ ਦਿਆਨਤਦਾਰ ਲੇਖਕਾਂ ਨੂੰ ਇਸ ਵੱਕਾਰੀ ਸੰਸਥਾ ਦੀ ਵਾਗਡੋਰ ਸੌਂਪੀ ਜਾਵੇ ਜਿਹੜੇ ਬਜ਼ੁਰਗ ਤੇ ਨਵੇਂ ਲਿਖਾਰੀਆਂ ਨੂੰ ਉਹਨਾਂ ਦੇ ਬਣਦੇ ਹੱਕ ਦੇਣ ਦਿਵਾਉਣ ਲਈ ਪਾਬੰਦ ਹਨ ਤੇ ਇਸ ਮਿਆਰੀ ਸਾਹਿਤਕ ਸੰਸਥਾ ਦਾ ਪਹਿਲਾਂ ਵਾਲਾ ਵੱਕਾਰ ਸਥਾਪਤ ਕਰਨ ਦੇ ਚਾਹਵਾਨ ਹਨ।  

ਇਸ ਵਾਰ ਦੀਆਂ ਚੋਣਾਂ ਵਿਚ ਬੀਬਾ ਬੇਅੰਤ ਕੌਰ ਗਿੱਲ ਮੋਗਾ ਨੇ ਪ੍ਰਧਾਨਗੀ ਲਈ ਕਾਗ਼ਜ਼ ਦਾਖਲ ਕੀਤੇ ਹਨ ! ਇਹਨਾਂ ਦੇ ਸਾਹਿਤਕ ਸਫ਼ਰ ਵੱਲ ਪੰਛੀ ਝਾਤ ਪਾਉਣੀ ਏਥੇ ਕੁਥਾਂ ਨਹੀਂ ਹੋਵੇਗੀ: 

1. ਅਕਲਾਂ ਵਾਲਿਓ ਮੋੜੋ ਮੁਹਾਰਾਂ ( ਵਾਰਤਕ)

2. ਨਾਦ ( ਕਾਵਿ ਸੰਗ੍ਰਹਿ)

3. ਦਸ ਗੁਰੂ ਸਾਹਿਬਾਨ ਅਤੇ ਸਮਕਾਲੀ ਸਮਾਜ ( ਇਤਿਹਾਸਕ ਪ੍ਰਸ਼ਨੋਤਰੀ)

ਲੇਖਿਕਾ ਡਾ. ਸਵਰਨਜੀਤ ਕੌਰ ਗਰੇਵਾਲ 
4. ਮਲਾਹਾਂ ਵਰਗੇ ( ਨਾਵਲ)

5. ਤਬਾਦਲਾ ( ਨਾਵਲ)

ਬੇਬਾਕ, ਨਿਧੜਕ ਤੇ ਜਾਂਬਾਜ਼ ਬੀਬਾ ਬੇਅੰਤ ਕੌਰ ਗਿੱਲ ਮੋਗਾ ਹੋਰਾਂ ਦੀ ਦਿਲੀ ਤਮੰਨਾ ਹੈ ਕਿ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਨੂੰ ਫਿਰ ਤੋਂ ਪੰਜਾਬੀ ਸਾਹਿਤ ਜਗਤ ਦੇ ਲਿਖਾਰੀਆਂ ਦੁਆਰਾ ਸ਼ਾਨਾਂ ਮੱਤੀਆਂ ਕਾਰਗੁਜ਼ਾਰੀਆਂ ਨਾਲ ਹੋਰ ਬੁਲੰਦੀਆਂ ਉੱਤੇ ਪਹੁੰਚਾਇਆ ਜਾਵੇ! ਇਹਦੇ ਲਈ ਇਹ ਕਾਰਜ ਕਰਨ ਨੂੰ ਬੀਬਾ ਜੀ ਪਹਿਲ ਦੇਣਗੇ: 

1. ਗੁੱਟਬੰਦੀ ਦੀ ਨਾ-ਮੁਰਾਦ ਬਿਮਾਰੀ ਖ਼ਤਮ ਕਰਕੇ ਸਭ ਨੂੰ ਬਰਾਬਰੀ ਦੇਣਾ। 

2. ਨੌਜਵਾਨ ਲੇਖਕਾਂ ਅਤੇ ਅਣਗੌਲ਼ੇ ਬਜ਼ੁਰਗ ਲੇਖਕਾਂ ਨੂੰ  ਵਧੇਰੇ ਮੌਕੇ ਪ੍ਰਦਾਨ ਕਰਨਾ। 

3. ਅਕਾਡਮੀ ਦੀ ਆਮਦਨ ਦੇ ਇਕ ਇਕ ਪੈਸੇ ਨੂੰ ਸਾਹਿਤਕ ਕਾਰਜਾਂ ਅਤੇ ਮਾਂ ਬੋਲੀ ਪੰਜਾਬੀ ਨੂੰ ਪ੍ਰਫੁੱਲਤ ਕਰਨ ਲਈ ਵਰਤਣਾ ਅਤੇ ਉਸਨੂੰ ਸਾਲਾਨਾ ਬਜਟ ਵਿਚ ਜਨਤਕ ਕਰਨਾ। 

4. ਵਧੀਆ ਸਾਹਿਤ ਨੂੰ ਚੁਣਨ ਲਈ ਕਮੇਟੀਆਂ ਦਾ ਗਠਨ ਕਰਨਾ ਤੇ ਪ੍ਰਕਾਸ਼ਿਤ ਕਰਨਾ, ਵਧੀਆ ਸਾਹਿਤ ਨੂੰ ਉਤਸ਼ਾਹਿਤ ਕਰਨ ਦੇ ਨਾਲ ਨਾਲ ਪੰਜਾਬੀ ਪਾਠਕਾਂ ਦਾ ਘੇਰਾ ਵਿਸ਼ਾਲ ਕਰਨਾ।  

ਇਸਤੋਂ ਇਲਾਵਾ ਜੋ ਵੀ ਅਕਾਡਮੀ ਦੀ ਸ਼ਾਖ ਨੂੰ ਵਧਾਉਣ ਵਾਲੇ ਕਾਰਜ ਹੋਣਗੇ, ਉਹਨਾਂ ਨੂੰ ਤਰਜੀਹੀ ਪੱਧਰ ਉੱਤੇ ਕਰਨ ਨੂੰ ਪਹਿਲ ਦਿੱਤੀ ਜਾਵੇਗੀ!

ਸੋ ਸਮੂਹ ਲੇਖਕ ਭਾਈਚਾਰੇ ਨੂੰ ਬੇਨਤੀ ਅਤੇ ਪੁਰਜ਼ੋਰ ਅਪੀਲ ਹੈ ਕਿ ਆਓ ! "ਉੱਤਰ ਕਾਟੋ ਮੈਂ ਚੜ੍ਹਾਂ" ਦੇ ਮੁਹਾਵਰੇ ਨੂੰ ਨਕਾਰ ਕੇ ਬੀਬਾ ਬੇਅੰਤ ਕੌਰ ਗਿੱਲ ਮੋਗਾ ਵਰਗੇ ਸੁਹਿਰਦ ਲੇਖਕਾਂ ਨੂੰ ਵਾਗਡੋਰ ਸੌਂਪੀਏ ਤਾਂ ਜੋ ਭਵਿੱਖ ਦੀਆਂ ਪੀੜ੍ਹੀਆਂ ਵੀ ਪੰਜਾਬੀ ਸਾਹਿਤ ਜਗਤ ਵਿਚ ਆਪਣੀਆਂ ਨਿਵੇਕਲੀਆਂ ਪੈੜਾਂ ਛੱਡ ਸਕਣ ਦੇ ਸਮਰੱਥ ਹੋ ਸਕਣ! 

✍️ਡਾ. ਸਵਰਨਜੀਤ ਕੌਰ ਗਰੇਵਾਲ ✍️

No comments:

Post a Comment