google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: May 2026

Monday, 18 May 2026

ਫਾਸ਼ੀਵਾਦ ਜਦ ਆਵੇਗਾ ਅਮਰੀਕੀ ਕਵੀ ਟੈਰੀ ਏਰੇਟ ਦੀ ਕਵਿਤਾ .

M S Bhatia on Sunday 17th May2026 at 19:12 Regarding A Poem

ਹਿੰਦੀ ਤੋਂ ਬਾਅਦ ਪੰਜਾਬੀ ਵਿੱਚ ਵੀ ਹੋਰ ਰਹੀ ਹੈ ਹਰਮਨ ਪਿਆਰੀ 

ਦੇਸ਼ ਅਤੇ ਦੁਨੀਆ ਵਿੱਚ ਵਾਪਰਦੀਆਂ ਘਟਨਾਵਾਂ ਸਿਰਫ ਸਿਆਸਤ ਅਤੇ ਲੀਡਰਾਂ ਨੂੰ ਹੀ ਪ੍ਰਭਾਵਿਤ ਨਹੀਂ ਕਰਦਿਆਂ ਉਹ ਕਲਮਾਂ ਅਤੇ ਕਲਮਾਂ ਵਾਲਿਆਂ ਨੂੰ ਵੀ ਪ੍ਰਭਾਵਿਤ ਕਰਦੀਆਂ ਹਨ। ਇਹ ਗੱਲ ਵੱਖਰੀ ਹੈ ਕਿ ਸਾਰੇ ਕਲਮਾਂ ਵਾਲੇ ਜੋ ਕੁਝ ਵੀ ਦੇਖਦੇ ਹਨ ਜ਼ਰੂਰੀ ਨਹੀਂ ਕਿ ਉਸਨੂੰ ਲਿਖਦੇ ਵੀ ਹੋਣ। ਉਹਨਾਂ ਦੀਆਂ ਕਈ ਮਜਬੂਰੀਆਂ ਵੀ ਹੋ ਸਕਦੀਆਂ ਹਨ।ਜਿਹੜੀ ਕਵਿਤਾ ਅਸੀਂ ਇਥੇ ਦੇ ਰਹੇ ਹਾਂ ਇਸ ਨੂੰ ਹਿੰਦੀ ਵਿੱਚ ਪ੍ਰਕਾਸ਼ਿਤ ਕੀਤਾ ਹੈ ਸੀਮਾ ਆਜ਼ਾਦ ਹੁਰਾਂ ਵੱਲੋਂ ਛਪੇ ਜਾਂਦੇ ਪਰਚੇ "ਦਸਤਕ" ਨੇ।  ਕਵਿਤਾ ਨੂੰ ਪੰਜਾਬੀ ਰੂਪ ਦਿੱਤਾ ਹੈ ਲੇਖਕ ਅਤੇ ਪੱਤਰਕਾਰ ਐਮ ਐਸ ਭਾਟੀਆ ਨੇ। ਤੁਹਾਨੂੰ ਇਹ ਕਵਿਤਾ ਅਤੇ ਇਸਦੀ ਪੇਸ਼ਕਾਰੀ ਕਿਹੋ ਜਿਹੀ ਲੱਗੀ ਜ਼ਰੂਰ ਦੱਸਣਾ।                                                                               -ਰੈਕਟਰ ਕਥੂਰੀਆ ਸੰਪਾਦਕ:ਸਾਹਿਤ ਸਕਰੀਨ::


ਮੂਲ: ਅਮਰੀਕੀ ਕਵੀ ਟੈਰੀ ਏਰੇਟ           ਪੰਜਾਬੀ ਰੂਪਾਂਤਰ: ਐਮ ਐਸ ਭਾਟੀਆ
 

ਜਦ ਫਾਸ਼ੀਵਾਦ ਆਵੇਗਾ  

ਉਹ ਦਰਵਾਜ਼ਾ ਨਹੀਂ ਤੋੜੇਗਾ,

ਮੁਸਕਰਾਂਉਦਾ ਹੋਇਆ ਅੰਦਰ ਆਵੇਗਾ—

ਗੋਡਿਆਂ ਭਾਰ ਝੁਕੇਗਾ,

ਅਰਦਾਸ ਕਰੇਗਾ

 ਹਿੰਦੀ ਪਤ੍ਰਿਕਾ ਦਸਤਕ ਦੇ 
ਬੈਕ ਕਵਰ ' ਤੇ ਛਪੀ ਇਹੀ ਕਵਿਤਾ  
ਅਤੇ ਤੁਹਾਡੇ  ਈਸ਼ਵਰ ਨੂੰ

ਤੁਹਾਡੇ ਹੀ ਖ਼ਿਲਾਫ਼ ਖੜਾ ਕਰ ਦੇਵੇਗਾ।

ਉਹ ਰੈਲੀਆਂ ਵਿੱਚ ਬਾਜ਼ਾਰ ਦੀ ਉਸਤਤ ਕਰੇਗਾ—

ਗਲੀ ਦੀਆਂ ਦੁਕਾਨਾਂ ਤੋਂ ਲੈ ਕੇ

ਕੱਚ ਦੀਆਂ ਅਟਾਲਿਕਾਵਾਂ ਤੱਕ,

ਹਰ ਜੈਕਾਰ ਵਿੱਚ ਉਸਦਾ ਨਾਮ ਹੋਵੇਗਾ।

ਉਹ ਦਰਸ਼ਕਾਂ ਤੋਂ ਤਾਲੀਆਂ ਵਜਵਾਏਗਾ

ਜਦ ਬਿਨਾਂ ਬੀਮੇ ਵਾਲੇ ਗਰੀਬ ਲੋਕ, ਬਿਨਾਂ ਇਲਾਜ ਦੇ,

ਸੜਕਾਂ ‘ਤੇ ਮਰਨ ਲਈ ਛੱਡ ਦਿੱਤੇ ਜਾਣਗੇ।

ਉਹ ਆਪਣੇ ਨਾਇਕਾਂ ਦੇ ਸਮਾਰਕ ਬਣਾਏਗਾ,

ਉਨ੍ਹਾਂ ਦੇ ਪੱਥਰ ਦੇ ਚਰਨਾਂ ਵਿੱਚ ਫੁੱਲ ਚੜ੍ਹਾਏਗਾ,

 ਗ੍ਰੇਨਾਈਟ ਦੀਆਂ ਕੰਧਾਂ ‘ਤੇ ਖੋਦੇ ਹੋਏ

ਨਾਂਵਾਂ ਨੂੰ ਉਂਗਲੀਆਂ ਨਾਲ ਛੂਹੇਗਾ,

ਅਤੇ ਸੈਨਿਕਾਂ ਨੂੰ ਮਰਨ ਲਈ ਭੇਜਦਾ ਰਹੇਗਾ

ਪਹਾੜਾਂ ਵਿੱਚ, ਰੇਗਿਸਤਾਨਾਂ ਵਿੱਚ।

ਉਹ ਕਬੂਤਰਾਂ ਨੂੰ ਭੇਜੇਗਾ

ਆਪਣੇ ਦੁਸ਼ਮਨਾਂ ਦੀਆਂ ਅੱਖਾਂ ਨੋਚਣ ਲਈ,

ਕਿਉਂਕਿ ਉਸਦੇ ਕੋਲ ਬਾਜ਼ ਫਾਲਤੂ ਨਹੀਂ ਹੋਣਗੇ।

ਜਦ  ਫਾਸ਼ੀਵਾਦ ਆਵੇਗਾ

ਉਹ ਸੱਤਾ ਦੇ ਗਲਿਆਰਿਆਂ  ਵਿੱਚ ਚਾਹ ਪੀਏਗਾ,

ਅਤੇ ਸੜਕਾਂ ਤੇ ਜ਼ਹਿਰ ਉਗਲੇਗਾ ।

ਮਸਜਿਦਾਂ , ਗਿਰਜਾਘਰਾਂ, ਮੰਦਰਾਂ ਦੇ ਵਿਚ

ਇਸ ਕਵਿਤਾ ਨੂੰ ਹਿੰਦੀ ਤੋਂ ਪੰਜਾਬੀ ਵਿੱਚ
ਅਨੁਵਾਦ ਕਰਨ ਵਾਲੇ ਐਮ ਐਸ ਭਾਟੀਆ 

ਉਹ ਡਰ ਦੀਆਂ ਕੰਧਾਂ ਖੜ੍ਹੀਆਂ ਕਰੇਗਾ—

ਅਤੇ ਚਿਲਾਏਗਾ:

'ਦੇਖੋ, ਦੁਸ਼ਮਣ ਤੁਹਾਡੇ ਅੰਦਰ ਹੈ!

ਉਸਨੂੰ ਕੱਪੜਿਆਂ ਤੋਂ ਪਛਾਣੋ!'


ਉਹ ਸ਼ਬਦ ਘੜੇਗਾ—

ਨਿਗਮੀਕਰਨ, ਨਿੱਜੀਕਰਨ,

ਅਤੇ ਨਫ਼ਰਤ ਨੂੰ ਨੀਤੀ ਬਣਾ ਦੇਵੇਗਾ।

ਰੇਡੀਓ ‘ਤੇ ਉਸਦੀ ਹੀ ਆਵਾਜ਼ ਹੋਵੇਗੀ,

ਸਕਰੀਨ ‘ਤੇ ਉਸਦਾ ਹੀ ਚਿਹਰਾ,

ਅਤੇ ਭਾਸ਼ਾ—

ਹੌਲੇ-ਹੌਲੇ ਆਪਣੀ ਗਹਿਰਾਈ ਗੁਆ ਦੇਵੇਗੀ।

ਉਸਦੇ ਕੋਲ ਤਿਆਰ ਬਿਆਨ ਹੋਣਗੇ,

ਇੱਕ ਫੇਸਬੁੱਕ ਪੇਜ ਹੋਵੇਗਾ,

ਅਤੇ ਚੰਗੇ ਸ਼ਬਦਾਂ ਜਾਂ ਕਠੋਰ ਆਵਾਜ਼ਾਂ ਪ੍ਰਤੀ

ਬੇਹਿਸਾਬ ਨਫਰਤ  ਹੋਵੇਗੀ।


 ਉਹ ਪੜ੍ਹਨ ਦਾ ਤਰੱਦਦ ਨਹੀਂ ਕਰੇਗਾ।

 ਯੂਨੀਵਰਸਿਟੀਆਂ  ਨੂੰ ਖਤਰਾ ਦੱਸ ਕੇ

ਉਹ ਆਪਣੀਆਂ ਸਾਰੀ ਕਿਤਾਬਾਂ ਪਾੜ ਦੇਵੇਗਾ।

ਉਹ ਉਨ੍ਹਾਂ ਨੂੰ ਸਾੜੇਗਾ ਨਹੀਂ,

ਬਸ ਉਨ੍ਹਾਂ ਨੂੰ ਅਪ੍ਰਸੰਗਿਕ  ਕਰ ਦੇਵੇਗਾ।

ਉਹ ਅਧਿਆਪਕਾਂ ਨੂੰ ਕਟਹਿਰੇ ਵਿੱਚ ਖੜਾ ਕਰੇਗਾ,

ਯੂਨੀਅਨਾਂ ਨੂੰ ਗੈਰਕਾਨੂੰਨੀ ਘੋਸ਼ਿਤ ਕਰੇਗਾ

ਅਤੇ ਮੂਰਖਤਾ ਨੂੰ ਨਾਮ ਦੇਵੇਗਾ ਰਾਸ਼ਟਰਭਗਤੀ ਦਾ।

ਜਦ ਫਾਸ਼ੀਵਾਦ ਆਵੇਗਾ

ਉਹ ਆਕਰਸ਼ਕ  ਦਿੱਸੇਗਾ।

ਉਸਦੇ ਸੰਘਣੇ ਵਾਲ ਹੋਣਗੇ, ਪ੍ਰੈੱਸ ਕੀਤਾ ਹੋਇਆ ਸੂਟ।

ਉਹ ਸਾਰੇ ਚੈਨਲਾਂ ‘ਤੇ ਨਿਯੰਤਰਣ ਕਰੇਗਾ।

ਉਹ ਸੁਪਰੀਮ ਕੋਰਟ  ਵਿੱਚ ਬੈਠੇਗਾ

ਅਤੇ ਕਾਨੂੰਨ ਦੀ ਭਾਸ਼ਾ ਵਿੱਚ

ਅਨਿਆਂ ਲਿਖੇਗਾ।

ਉਹ ਸਾਨੂੰ ਡਰ ਨਾਲ ਭਰਮਾਏਗਾ,

ਉਹ ਸਾਨੂੰ ਆਸ ਨਾਲ ਰਿਝਾਏਗਾ।

ਜਦ  ਫਾਸ਼ੀਵਾਦ ਆਵੇਗਾ,

ਉਹ ਸ਼ੇਅਰ ਬਾਜ਼ਾਰ ਵਿੱਚ ਆਪਣੇ ਹਿੱਸੇ ਵੇਚੇਗਾ।

ਉਹ ਅਮੀਰ ਬਣੇਗਾ, ਫਿਰ ਹੋਰ ਵੀ ਅਮੀਰ,

ਫਿਰ ਟੈਕਸ ਦੇਣਾ ਬੰਦ ਕਰ ਦੇਵੇਗਾ।

ਉਹ ਤੁਹਾਨੂੰ ਧੂੜ ਵਿੱਚ ਪਿਆ ਰਹਿਣ ਦੇਵੇਗਾ

ਕੁਚਲੇ ਜਾਣ ਦੀ ਉਡੀਕ ਵਿਚ ।

ਤੁਹਾਨੂੰ ਦੁਬਾਰਾ ਮੂਰਖ ਬਣਾਉਣ ਲਈ

ਉਸਨੂੰ ਪਸੀਨਾ ਵੀ ਨਹੀਂ ਵਹਾਉਣਾ ਪਵੇਗਾ।

ਤੁਸੀਂ ਉਸਦੇ 'ਅਸਫਲ ਹੋਣ'

ਦਾ ਇੰਤਜ਼ਾਰ ਕਰੋਗੇ

ਅਤੇ ਇੰਤਜ਼ਾਰ ਵੀ ਆਸਾਨ ਨਹੀਂ ਹੋਵੇਗਾ।

ਉਹ ਤੁਹਾਨੂੰ ਹਰਾਏਗਾ

ਬਿਨਾਂ ਲੜੇ,

ਅਤੇ ਤੁਸੀਂ ਸਮਝ ਵੀ ਨਹੀਂ ਸਕੋਗੇ

ਕਿ ਤੁਸੀਂ ਹਾਰ ਚੁੱਕੇ ਹੋ—

ਇੱਕ ਵਾਰੀ ਹੋਰ।

ਜਦ ਫਾਸ਼ੀਵਾਦ ਆਵੇਗਾ,

ਉਹ ਸਾਡੀ ਚੁੱਪ, ਉਦਾਸੀਨਤਾ ਅਤੇ

ਆਤਮਸੰਤੋਸ਼ ਦੀਆਂ ਹਵਾਵਾਂ ‘ਤੇ

ਸਵਾਰ ਹੋ ਕੇ ਆਵੇਗਾ।


ਅਤੇ ਉਸ ਦਿਨ, ਕਵੀ ਇਕੱਠੇ ਹੋਣਗੇ

ਕਿਤਾਬਾਂ ਦੀਆਂ ਦੁਕਾਨਾਂ ਵਿੱਚ, ਲਾਇਬਰੇਰੀਆਂ  ਵਿੱਚ,

ਬਾਰਾਂ ਅਤੇ ਕੈਫਿਆਂ ਵਿੱਚ,

ਆਪਣੇ ਘਰਾਂ ਅਤੇ ਅਪਾਰਟਮੈਂਟਾਂ ਵਿੱਚ,

ਸਕੂਲਾਂ ਵਿੱਚ ਅਤੇ ਸੜਕਾਂ ਦੇ ਕਿਨਾਰਿਆਂ ‘ਤੇ

ਉਹ ਇਕੱਠੇ ਹੋਣਗੇ

ਰੋਂਦੇ ਹੋਏ, ਹੱਸਦੇ ਹੋਏ, ਚੀਖਦੇ ਹੋਏ।

ਉਹ ਮਨੁੱਖਤਾ ਦੇ ਉਦਾਸ ਸੰਗੀਤ ਨੂੰ

ਸ਼ਬਦਾਂ ਦੇ ਛੋਟੇ-ਛੋਟੇ ਟੁਕੜਿਆਂ ਵਿੱਚ ਲਪੇਟਣਗੇ

ਅਤੇ ਉਨ੍ਹਾਂ ਨੂੰ ਅਰਦਾਸਾਂ ਵਾਂਗ

ਜੀਵਨ-ਰੁੱਖ ‘ਤੇ ਟੰਗ ਦੇਣਗੇ।

( ਅਦਾਰਾ ਦਸਤਕ ਦੇ ਧੰਨਵਾਦ ਸਹਿਤ 

ਹਿੰਦੀ ਅਨੁਵਾਦ : ਰਜੇਸ਼ ਚੰਦਰ)

Sunday, 10 May 2026

ਦੇਖਦੇ ਹਾਂ ਅੱਜ ਕੌਣ ਦੇਵੇਗਾ ਉਹਨਾਂ ਸਦੀਵੀ ਰਚਨਾਵਾਂ ਨੂੰ ਆਪਣੀ ਆਪਣੀ ਆਵਾਜ਼

Kartika Kalyani Singh on Saturday 8th May 2026 at 19:00 Regarding Kala Bhawan Event 

ਇੱਕ ਵਿਲੱਖਣ ਸਮਾਗਮ ਸ਼ਿਵ-ਪਾਤਰ ਗਾਇਨ ਕਲਾ ਭਵਨ ਵਿੱਚ 


ਚੰਡੀਗੜ੍ਹ
: 8 ਮਈ 2026: (ਕਾਰਤਿਕਾ ਕਲਿਆਣੀ ਸਿੰਘ// ਸਾਹਿਤ ਸਕਰੀਨ ਡੈਸਕ)::

ਜਿਹਨਾਂ ਨੇ ਮੁਸ਼ਾਇਰੇ ਸੁਣੇ ਹੋਏ ਹਨ ਉਹਨਾਂ ਨੂੰ ਸ਼ਾਇਰੀ ਦੇ ਉਚਾਰਣ ਦਾ ਜਾਦੂ ਆਮ ਤੌਰ ਤੇ ਚੰਗੀ ਤਰ੍ਹਾਂ ਪਤਾ ਹੁੰਦਾ ਹੈ। ਕੋਰੋਨਾ ਵਿੱਚ ਵਿੱਛੜ ਗਏ ਜਨਾਬ ਰਾਹਤ ਇੰਦੌਰੀ ਸਾਹਿਬ ਆਪਣੇ ਇੱਕ ਇੱਕ ਸ਼ਿਅਰ ਨੂੰ ਕਈ ਕਈ ਵਾਰ ਆਖਦੇ ਸਨ ਅਤੇ ਅਤੇ ਹਰ ਵਾਰ ਉਹਨਾਂ ਦਾ ਅੰਦਾਜ਼ ਵੱਖਰਾ ਹੁੰਦਾ ਸੀ। ਹਰ ਵਾਰ ਵੱਖਰੇ ਅੰਦਾਜ਼ ਨਾਲ ਜਿਹੜਾ ਜਾਦੂ ਸਾਹਮਣੇ ਆਉਂਦਾ ਸੀ ਉਹ ਇਹ ਸੀ ਕਿ ਜਿਸ ਕਿਸੇ ਨੂੰ ਵੀ ਕਿਸੇ ਨ ਕਿਸੇ ਕਾਰਨ ਸ਼ਾਇਰੀ ਦੀਆਂ ਉਹਨਾਂ ਸਤਰਾਂ ਵਿਚਲਾ ਅਰਥ ਜਾਂ ਲੁਕਵਾਂ ਭਾਵ ਅਰਥ ਸਮਝ ਨਹੀਂ ਸੀ ਆਉਂਦਾ ਜਾਂ ਫਿਰ ਕੋਈ ਭਰਮ ਭੁਲੇਖਾ ਲੱਗ ਜਾਂਦਾ ਸੀ ਉਸ ਨੂੰ ਵੀ ਸ਼ਿਅਰ ਵਿੱਚਲਾ ਅਰਥ ਤੇ ਭਾਵ ਅਰਥ ਸਮਝ ਆ ਜਾਂਦਾ ਸੀ ਅਤੇ ਉਸਦੇ ਮੂੰਹੋਂ ਖੁਦ-ਬ-ਖੁਦ ਨਿਕਲਦਾ ਵਾਹ ਵਾਹ - -ਕਿਆ ਬਾਤ ਹੈ।

ਕੁਝ ਸਾਲ ਪਹਿਲਾਂ ਜਦੋਂ ਮੁਸ਼ਾਇਰਿਆਂ ਦੇ ਨਾਲ ਨਾਲ ਪੰਜਾਬੀ ਸ਼ਾਇਰੀ ਵਾਲੇ ਸਟੇਜੀ ਮੁਸ਼ਾਇਰਿਆਂ ਦਾ ਰੁਝਾਣ ਜ਼ੋਰਾਂ ਤੇ ਹੁੰਦਾ ਸੀ ਉਦੋਂ ਵੀ ਇਸ ਜਾਦੂ ਨੂੰ ਸਹਿਜੇ ਹੀ ਮਹਿਸੂਸ ਕੀਤਾ ਜਾ ਸਕਦਾ ਸੀ। ਧਾਰਮਿਕ ਮੁਸ਼ਾਇਰਿਆਂ ਸਮੇਂ ਪੰਡਾਲ ਵਿੱਚ ਬੈਠੀਆਂ ਸੰਗਤਾਂ ਸਟੇਜ ਤੋਂ ਬੋਲ ਰਹੇ ਸ਼ਾਇਰਾਂ ਦੀ ਸੁਰ ਨਾਲ ਸੁਰ ਮਿਲਾਉਣ ਲੱਗ ਪੈਂਦੀਆਂ ਸਨ। ਕਈ ਵਾਰ ਆਉਣ ਵਾਲੇ ਸ਼ਿਅਰ ਦੇ ਬੋਲਾਂ ਦਾ ਅੰਦਾਜ਼ਾ ਵੀ ਲਗਾ ਲੈਂਦੀਆਂ ਸਨ। 

ਸਵਰਗੀ ਰਣਧੀਰ ਸਿੰਘ ਚੰਦ ਤਾਂ ਇਸ ਵਿੱਚ ਕਾਫੀ ਮਾਹਰ ਸਨ। ਇਸੇ ਤਰ੍ਹਾਂ ਜਨਾਬ ਸੁਰਜੀਤ ਪਾਤਰ ਹੁਰਾਂ ਦੀ ਤਕਰੀਬਨ ਹਰ ਰਚਨਾ ਉਹਨਾਂ ਉਸਦੀ ਰਚਨਾ ਵੇਲੇ ਹੀ ਗੁਣ ਗੁਣਾ ਕੇ ਦੇਖੀ ਹੁੰਦੀ ਸੀ। ਡਾਕਟਰ ਸਾਧੂ ਸਿੰਘ ਹਮਦਰਦ ਆਕਾਸ਼ਵਾਣੀ ਜਲੰਧਰ ਦੇ  ਖੁਲੇ ਵਿਹੜੇ ਵਿੱਚ ਹੁੰਦੇ ਰਹੇ ਮੁਸ਼ਾਇਰਿਆਂ ਵਿੱਚ ਇਹ ਰੰਗ ਦਿਖਾਇਆ ਕਰਦੇ ਸਨ। ਬਹੁਤ ਸਾਰੇ ਹੋਰ ਸ਼ਾਇਰ ਵੀ ਬਹਿਰ ਅਤੇ ਤੋਲ ਤੁਕਾਂਤ ਦਾ ਸਹੀ ਪਤਾ ਗੁਣ ਗੁਨਾ ਕੇ ਹੀ ਲਾਇਆ ਕਰਦੇ ਸਨ। 

ਜਨਾਬ ਸ਼ਿਵ ਕੁਮਾਰ ਬਟਾਲਵੀ ਤਾਂ ਗਾਉਂਦੇ ਹੀ ਕਮਲਾ ਦਾ ਸਨ। ਉਹਨਾਂ ਦੇ ਸਫਰੋਟੀਆਂ ਵਿੱਚ ਵੱਡੇ ਵੱਡੇ ਲੋਕ ਸ਼ਾਮਲ ਹੋਇਆ ਕਰਦੇ ਸਨ। ਰਿਦਮ ਨਾਲ ਉਹਨਾਂ ਦੀ ਸ਼ਾਇਰੀ ਹੋਰ ਅਸਰਦਾਇਕ ਹੋ ਜਾਂਦੀ ਸੀ। 

ਪਰ ਫਿਰ ਸਮਾਂ ਬਦਲਦਾ ਗਿਆ। ਖੁਲ੍ਹੀ ਕਵਿਤਾ ਦਾ ਦੌਰ ਸ਼ੁਰੂ ਹੋ ਗਿਆ। ਰਿਦਮ ਅਤੇ ਬਹਿਰ ਵਾਲੇ ਅੰਦਾਜ਼ ਦਾ ਵਿਰੋਧ ਜਿਹਾ ਵੀ ਸ਼ੁਰੂ ਹੋ ਗਿਆ। ਬੰਦਸ਼ ਨੂੰ ਨਕਾਰਿਆ ਜਾਣ ਲੱਗ ਪਿਆ ਪਰ ਅਸਲ ਵਿੱਚ ਬੰਦਿਸ਼ ਰਹਿਤ ਖੁਲ੍ਹੀ ਕਵਿਤਾ ਵਿੱਚ ਉਚਾਰਣ ਦਾ ਜਾਦੂ ਆਪਣਾ ਰੰਗ ਦਿਖਾਉਂਦਾ ਹੈ। ਖੁਲ੍ਹੀ ਕਵਿਤਾ ਦਾ ਉਚਾਰਨ ਕਈ ਵਾਰ ਜ਼ਿਆਦਾ ਮੁਸ਼ਕਲ ਹੁੰਦਾ ਹੈ। ਖੁਲ੍ਹੀ ਕਵਿਤਾ ਵਿੱਚ ਰਿਦਮ ਕਈ ਵਾਰ ਲੁਕਵਾਂ ਹੁੰਦਾ ਹੈ। 

ਇਸ ਜਾਦੂ ਅਤੇ ਇਸ ਰੰਗ ਨਾਲ ਪੂਰਾ ਮਾਹੌਲ ਹੀ ਬਦਲ ਜਾਇਆ ਕਰਦਾ ਸੀ। ਇਸ ਮਾਹੌਲ ਨਾਲ ਹੀ ਬਣਿਆ ਕਰਦੀ ਸੀ ਸ਼ਾਇਰਾਂ ਅਤੇ ਮੁਸ਼ਾਇਰਿਆਂ ਦੀ ਪਛਾਣ। ਅਲੋਪ ਜਿਹੇ ਹੁੰਦੇ ਜਾ ਰਹੇ ਉਸ ਅੰਦਾਜ਼ ਵਾਲੇ ਰੰਗ ਨੂੰ ਫਿਰ ਸੁਰਜੀਤ ਕਰਨ ਦੀ ਸਰਗਰਮ ਕੋਸ਼ਿਸ਼ ਕੀਤੀ ਹੈ ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ੍ਹ ਨੇ ਪੰਜਾਬ ਕਲਾ ਪਰਿਸ਼ਦ ਦੇ ਸਹਿਯੋਗ ਨਾਲ। 

ਸ਼ਿਵ ਕੁਮਾਰ ਬਟਾਲਵੀ (23 ਜੁਲਾਈ 1936-6 ਮਈ 1973) ਅਤੇ ਡਾ. ਸੁਰਜੀਤ ਪਾਤਰ (14 ਜਨਵਰੀ 1945-11 ਮਈ 2024) ਪੰਜਾਬ ਦੇ ਮਹਿਬੂਬ ਸ਼ਾਇਰਾਂ ਦੀ ਯਾਦ ’ਚ ਇੱਕ ਵਿਲੱਖਣ ਸਮਾਗਮ ਸ਼ਿਵ-ਪਾਤਰ ਗਾਇਨ ਕਰਵਾਇਆ ਜਾ ਰਿਹਾ ਹੈ। (ਤੁਸੀਂ ਸ਼ਿਵ ਕੁਮਾਰ ਬਟਾਲਵੀ ਜਾਂ ਡਾ. ਸੁਰਜੀਤ ਪਾਤਰ ਦੀ ਕਿਸੇ ਵੀ ਰਚਨਾ ਦੀ ਪੇਸ਼ਕਾਰੀ ਰਾਹੀਂ ਇਸ ਵਿਸ਼ੇਸ਼ ਸਮਾਗਮ ਦਾ ਹਿੱਸਾ ਬਣ ਸਕਦੇ ਹੋ) ਇਹ ਸਮਾਗਮ 10 ਮਈ, 2026, ਦਿਨ ਐਤਵਾਰ, ਸਵੇਰੇ 10.30 ਵਜੇ ਪੰਜਾਬ ਕਲਾ ਭਵਨ, ਸੈਕਟਰ-16 ਬੀ, ਚੰਡੀਗੜ੍ਹ ਵਿਖੇ ਕਰਵਾਇਆ ਜਾਵੇਗਾ।

ਇਸ ਖਾਸ ਆਯੋਜਨ ਵਿੱਚ ਆਪ ਸਭ  ਨੂੰ ਨਿੱਘਾ ਸੱਦਾ ਦਿੱਤਾ ਜਾਂਦਾ ਹੈ। ਆਪ ਜੀ ਦੇ ਸਵਾਗਤ ਵਿੱਚ ਜਿਹੜੇ ਰਹਿਣਗੇ ਉਹਨਾਂ ਵਿੱਚ ਸਾਡੇ ਸਰਗਰਮ ਲੇਖਕ ਅਤੇ ਪੰਜਾਬੀ ਲੇਖਕ ਸਭਾ ਰਜਿ. ਚੰਡੀਗੜ੍ਹ ਦੇ ਪ੍ਰਧਾਨ ਦੀਪਕ ਸ਼ਰਮਾ ਚਨਾਰਥਲ ਅਤੇ ਜਨਰਲ ਸਕੱਤਰ ਭੁਪਿੰਦਰ ਮਲਿਕ ਵੀ ਸ਼ਾਮਲ ਹੋਣਗੇ ਅਤੇ ਬਾਕੀ ਸਾਰੇ ਵੀ। 

ਹੁਣ ਦੇਖਣਾ ਹੈ ਕਿ ਡਾਕਟਰ ਸੁਰਜੀਤ ਪਾਤਰ ਅਤੇ ਸ਼ਿਵ ਕੁਮਾਰ ਬਟਾਲਵੀ ਵਾਲੇ ਜਾਦੂ ਨੂੰ ਮੁੜ ਜਗਾਉਣ ਵਿੱਚ ਕੌਣ ਕੌਣ ਸਫਲ ਰਹਿੰਦਾ ਹੈ। ਨਿਸਚੇ ਹੀ ਇਹ ਆਯੋਜਨ ਉਚਾਰਣ ਅਤੇ ਗਾਇਨ ਵਰਗੀ ਪੇਸ਼ਕਾਰੀ ਵਾਲੇ ਅੰਦਾਜ਼ ਵਿੱਚ ਬੇਹਤਰੀ ਦਿਖਾਉਣ ਵਾਲੇ ਭਵਿੱਖ ਵਿੱਚ ਉਹਨਾਂ ਚੰਗੀਆਂ ਰਚਨਾਵਾਂ ਦੀ ਸਿਰਜਣਾ ਵੀ ਕਰ ਸਕਣਗੇ ਜਿਹੜੀਆਂ ਸਾਨੂੰ ਅੱਜ ਵੀ ਯਾਦ ਆਉਂਦੀਆਂ ਹਨ।