google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: March 2026

Saturday, 28 March 2026

ਪ੍ਰੈਸ ਕਲੱਬ ਚੰਡੀਗੜ੍ਹ ਵਿੱਚ ਖੋਜ ਪ੍ਰੇਮੀਆਂ ਦਾ ਇੱਕ ਹੋਰ ਯਾਦਗਾਰੀ ਸਮਾਗਮ

edia Link 32 Team on Saturday 28th March 2026 at 05:45 PM Regarding Event at Press Club Chandigarh

ਗੁਰੂ ਨਾਨਕ ਰੀਸਰਚ ਇੰਸਟੀਚਿਊਟ ਬ੍ਰਿਮਿੰਘਮ (ਇੰਗਲੈਂਡ) ਵੱਲੋਂ ਸ਼ਾਨਦਾਰ ਉਪਰਾਲਾ

*ਖੋਜੀ ਕਾਫ਼ਰ ਨੂੰ "ਲਾਈਫ਼ ਟਾਈਮ ਐਚੀਵਮੈਂਟ ਐਵਾਰਡ" ਨਾਲ ਸਨਮਾਨਿਆ

*4 ਨਵੀਆਂ ਕਿਤਾਬਾਂ ਰਲੀਜ਼ ਕੀਤੀਆਂ ਗਈਆਂ


ਚੰਡੀਗੜ੍ਹ: 28 ਮਾਰਚ 2026: (ਮੀਡੀਆ ਲਿੰਕ ਟੀਮ//ਸਾਹਿਤ ਸਕਰੀਨ ਡੈਸਕ):: 

ਚੰਡੀਗੜ੍ਹ ਦੇ ਪ੍ਰੈੱਸ ਕਲੱਬ ਵਿੱਚ ਅੱਜ ਫਿਰ ਗੰਭੀਰ ਕਿਸਮ ਦੀਆਂ ਰੌਣਕਾਂ ਸਨ। ਖੋਜ ਦੇ ਵਿਦਿਆਰਥੀ ਅਤੇ ਮਾਹਰ ਮੌਜੂਦ ਸਨ। ਖੋਜ ਦੀ ਗੱਲ ਵੀ ਹੋ ਰਹੀ ਸੀ ਅਤੇ ਸਾਹਿਤ ਦੀ ਵੀ। ਸਾਹਿਤਕਾਰ ਵੀ ਮੌਜੂਦ ਸਨ ਅਤੇ ਸਾਹਿਤ ਪ੍ਰੇਮੀ ਵੀ। ਇਸੇ ਮਾਹੌਲ ਵਿੱਚ ਚਾਰ ਖਾਸ ਕਿਤਾਬਾਂ ਵੀ ਰਿਲੀਜ਼ ਹੋਈਆਂ। ਸਾਹਿਤ ਦੇ ਖੇਤਰ ਦੀਆਂ ਪ੍ਰਮੁੱਖ ਸ਼ਖਸੀਅਤਾਂ ਨੇ ਬੜੀ ਉਚੇਚ ਨਾਲ ਆਪਣੀ ਹਾਜ਼ਰੀ ਲਗਵਾਈ। ਉਹਨਾਂ ਦੀ ਮੌਜੂਦਗੀ ਦੀਆਂ ਤਰੰਗਾਂ ਸਮਾਗਮ ਦੇ ਸਮਾਪਨ ਵੀ ਮਹਿਸੂਸ ਹੁੰਦੀਆਂ ਰਹੀਆਂ। 

ਇਸ ਮੌਕੇ ਗੁਰੂ ਨਾਨਕ ਰੀਸਰਚ ਇੰਸਟੀਚਿਊਟ ਬ੍ਰਿਮਿੰਘਮ (ਇੰਗਲੈਂਡ) ਵੱਲੋਂ ਚਾਰ ਕਿਤਾਬਾਂ ਰਲੀਜ਼ ਕੀਤੀਆਂ ਗਈਆਂ। ਇਹ ਸਨ ਕਥਾ ਜਪੁਜੀ ਸਾਹਿਬ, ਸੁਖਮਨੀ ਸਾਹਿਬ ਦੀ ਕਥਾ, ਲੋਹਗ੍ਹ (ਸਿੱਖ ਰਾਜ ਦੀ ਪਹਿਲੀ ਰਾਜਧਾਨੀ), ਸੰਜੀਦਾ ਪੰਥਕ ਮਸਲੇ। ਪਹਿਲੀਆਂ 2 ਕਿਤਾਬਾਂ ਡਾ ਬਲਜਿੰਦਰ ਸਿੰਘ ਨਾਰਵੇ ਦੀਆਂ ਲਿਖੀਆਂ ਹੋਈਆਂ ਹਨ। ਕਿਤਾਬ 'ਲੋਹਗੜ੍ਹ' ਡਾ ਹਰਜਿੰਦਰ ਸਿੰਘ ਦਿਲਗੀਰ ਲਿਖਤ ਹੈ ਤੇ ਇਸ ਦਾ ਪੰਜਾਬੀ ਰੂਪ ਡਾ ਬਲਜਿੰਦਰ ਸਿੰਘ ਨਾਰਵੇ ਨੇ ਤਿਆਰ ਕਤਿਾ ਹੈ। 'ਸੰਜੀਦਾ ਪੰਥਕ ਮਸਲੇ'  ਡਾ ਹਰਜਿੰਦਰ ਸਿੰਘ ਦਿਲਗੀਰ ਲਿਖਤ ਹੈ ਤੇ ਇਸ ਨੂੰ ਡਾ ਬਲਜਿੰਦਰ ਸਿੰਘ ਨਾਰਵੇ ਨੇ ਸੰਪਾਦਨ ਕੀਤਾ ਹੈ।

ਅੱਜ ਦੇ ਇਸ ਯਾਦਗਾਰੀ ਸਮਾਗਮ ਦੀ ਵਿਸ਼ੇਸ਼ ਗੱਲ ਇਹ ਵੀ ਰਹੀ ਕਿ ਇਸ ਸਮਾਗਮ ਵਿਚ ਕਨੇਡਾ ਵਾਸੀ ਮਸ਼ਹੂਰ ਲੇਖਕ ਖੋਜੀ ਕਾਫ਼ਿਰ (ਪ੍ਰੋ. ਭੂਪਿੰਦਰ ਸਿੰਘ ਢਿੱਲੋ) ਨੂੰ 'ਜੀਵਨ ਪ੍ਰਾਪਤੀ ਐਵਾਰਡ' ਨਾਲ ਸਨਮਾਨਿਤ ਕੀਤਾ ਗਿਆ।

ਅੱਜ ਦੇ ਸਮਾਗਮ ਦੌਰਾਨ ਇਨ੍ਹਾਂ ਰਲੀਜ਼ ਕੀਤੀਆਂ ਕਿਤਾਬਾਂ 'ਤੇ ਡਾ. ਯੋਗ ਰਾਜ ਐਂਗਰਸ਼ (ਮੁਖੀ ਪੰਜਾਬੀ ਵਿਭਾਗ ਪੰਜਾਬ ਯੂਨੀਵਰਸਿਟੀ), ਡਾ. ਦਲਜੀਤ ਸਿੰਘ (ਹਿਸਟੋਰੀਅਨ ਮੁਖੀ ਹਿਸਟਰੀ ਡਿਪਾਰਟਮੈਂਟ ਪੰਜਾਬੀ ਯੂਨੀਵਰਸਿਟੀ ਪਟਿਆਲਾ) ਤੇ ਡਾ. ਰਾਜ ਕੁਮਾਰ ਹੰਸ (ਗੁਜਰਾਤ ਯੂਨੀਵਰਸਿਟੀ) ਨੇ ਪੇਪਰ ਪੇਸ਼ ਕੀਤੇ।

ਇਸ ਸਮਾਗਮ  ਦੀ ਪ੍ਰਧਾਨਗੀ ਪ੍ਰੋ. ਡਾ. ਰੌਣਕੀ ਰਾਮ (ਪੰਜਾਬ ਯੂਨੀਵਰਸਿਟੀ) ਨੇ ਕੀਤੀ।

ਵੋਟ ਆਫ਼ ਥੈਂਕਸ ਪ੍ਰੋ, ਮੁਨੀਸ਼ ਸਿੰਘ ਨੇ ਪੇਸ਼ ਕੀਤਾ।

ਸਟੇਜ ਦੀ ਕਾਰਵਾਈ ਮਸ਼ਹੂਰ ਫ਼ਿਲਮੀ ਕਲਾਕਾਰ ਪੰਮੀ ਸਿੱਧੂ-ਸੰਧੂ ਨੇ ਬਖ਼ੂਬੀ ਚਲਾਈ। 

ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਮਸ਼ਹੂਰ ਇਤਿਹਾਸਕਾਟ ਡਾ ਸੁਭਾਸ਼ ਪਰਿਹਾਰ, ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੀ ਸੀਨੀਅਰ ਮੀਤ ਪ੍ਰਧਾਨ  ਡਾ ਪਾਲ ਕੌਰ, ਪ੍ਰਿੰਸੀਪਲ ਬਲਜੀਤ ਸੈਣੀ ਮੁਕੇਰੀਆਂ, ਮਸ਼ਹੂਰ ਬੈਂਕਰ ਤੇ ਵਿਦਵਾਨ ਸ. ਦਵਿੰਦਰ ਸਿੰਘ ਜੱਟਾਣਾ (ਕੈਲੇਫ਼ੋਰਨੀਆ), ਮਸ਼ਹੂਰ ਇਤਿਹਾਸਕਾਰ ਡਾ ਗੁਰਦੇਵ ਸਿੰਘ ਸਿੱਧੂ, ਡਾ. ਖ਼ੁਸ਼ਹਾਲ ਸਿੰਘ ਤੇ ਪ੍ਰੋ ਸ਼ਾਮ ਸਿੰਘ (ਕੇਂਦਰੀ ਸਿੰਘ ਸਭਾ), ਸ, ਜਸਪਾਲ ਸਿੰਘ ਸਿੱਧੂ ਸੀਨੀਅਰ ਜਰਨਲਿਸਟ, ਸ, ਜਗਤਾਰ ਸਿੰਘ ਸਿੱਧੂ ਮਸ਼ਹੂਰ ਜਰਨਲਿਸਟ, ਇੰਦਰਮੋਹਨ ਸਿੰਘ ਛਾਬੜਾ (ਫ਼ਿਲਮ ਪ੍ਰੋਡਿਊਸਰ ਤੇ ਜਰਨਲਿਸਟ ਸ਼ਿਕਾਗੋ, ਅਮਰੀਕਾ), ਐਡਵੋਕੇਟ ਅੰਗਰੇਜ਼ ਸਿੰਘ ਪੰਨੂ ਕਰਨਾਲ, ਸਿਨੇਮਾ ਹਿਸਟੋਰੀਅਨ ਮਨਦੀਪ  ਸਿੰਘ ਸਿੱਧੂ, ਪੱਤਰਕਾਰ ਰੈਕਟਰ ਕਥੂਰੀਆ, ਮਸ਼ਹੂਰ ਜਰਨਲਿਸਟ ਦੀਪਕ ਸ਼ਰਮਾ ਚਨਾਰਥਲ, ਸ. ਅਜਮੇਰ ਸਿੰਘ ਲੋਧੀ ਨੰਗਲ, ਮਸ਼ਹੂਰ ਗੁਰਮਤਿ ਪ੍ਰਚਾਰਕ ਸ. ਪ੍ਰੀਤਮ ਸਿੰਘ ਮਟਵਾਣੀ, ਸ. ਸੁਰਜੀਤ ਸਿੰਘ ਛਦੌੜੀ ਬੈਲਜੀਅਮ, ਸ਼ਾਇਰਾ ਅਤੇ ਪੱਤਰਕਾਰ ਕਾਰਤਿਕਾ ਕਲਿਆਣੀ ਸਿੰਘ, ਪ੍ਰੋ. ਹਰਪਾਲ ਸਿੰਘ ਬੰਗਾ ਆਦਿ ਨੇ ਵੀ ਸ਼ਿਰਕਤ ਕੀਤੀ ਤੇ ਉਨ੍ਹਾਂ ਸਾਰਿਆਂ ਨੂੰ ਫੁਲਕਾਰੀਆਂ ਭੇਟ ਕਤਿੀਆਂ ਗਈਆਂ।

ਗੁਰੂ ਨਾਨਕ ਰੀਸਰਚ ਇੰਸਟੀਚਿਊਟ ਬ੍ਰਿਮਿੰਘਮ (ਇੰਗਲੈਂਡ) ਵੱਲੋਂ ਆਯੋਜਿਤ ਇਸ ਸਮਾਗਮ ਮੌਕੇ ਰੋਜ਼ਾਨਾ ਦੇਸ਼ ਸੇਵਕ ਦੇ ਸੰਪਾਦਕ ਰਿਪੁਦਮਨ ਰਿਪੀ ਬੜੇ ਉਚੇਚ ਨਾਲ ਪੁੱਜੇ ਅਤੇ ਉਹਨਾਂ ਨੇ ਬਹੁਤ ਧਿਆਨ ਨਾਲ ਇਸ ਸਾਰੀ ਚਰਚਾ ਨੂੰ ਸੁਣਿਆ ਅਤੇ ਦੇਖਿਆ। ਉਹਨਾਂ ਦੀ ਮੌਜੂਦਗੀ ਨੇ ਇਸ ਸਾਹਿਤ ਅਤੇ ਪੰਥਕ ਚਰਚਾ ਨੂੰ ਹੋਰ ਵੀ ਮਹੱਤਵਪੂਰਨ ਬਣਾਇਆ। 

ਸਾਹਿਤ ਅਤੇ ਰੰਗਮੰਚ ਦੀ ਦੁਨੀਆ ਦੇ ਪ੍ਰਸਿੱਧ ਹਸਤਾਖਰ ਬਲਕਾਰ ਸਿੱਧੂ ਵੀ ਉਚੇਚ ਨਾਲ ਪੁੱਜੇ ਅਤੇ ਉਹਨਾਂ ਨੇ ਪੂਰਾ ਸਮਾਗਮ ਦੇਖਿਆ ਵੀ ਅਤੇ ਸੁਣਿਆ। ਸਮਾਗਮ ਵਿੱਚ ਪੁੱਜਿਆ ਕੋਈ ਵੀ ਮਹਿਮਾਨ ਅਜਿਹਾ ਨਹੀਂ ਸੀ ਜਿਸਨੂੰ ਪੁਸਤਕਾਂ ਦਾ ਮਹੱਤਵਪੂਰਨ ਪ੍ਰਸ਼ਾਦ ਨਾ ਮਿਲਿਆ ਹੋਵੇ। ਕੁਲ ਮਿਲਾ ਕੇ ਇਹ ਇੱਕ ਯਾਦਗਾਰੀ ਸਮਾਗਮ ਸੀ। ਜਿਸਦੇ ਸੰਪੰਨ ਹੁੰਦਿਆਂ ਹੀ ਅਗਲੀ ਵਾਰ ਦੇ ਸਮਾਗਮ ਦੀ ਉਡੀਕ ਸ਼ੁਰੂ ਹੋ ਜਾਂਦੀ ਹੈ। 

ਇਸ ਸਮਾਗਮ ਦੀ ਖ਼ਾਸ ਗੱਲ ਇਹ ਸੀ ਕਿ ਸਾਰੇ ਸਰੋਤੇ ਆਖ਼ਰੀ ਮਿੰਟ ਤਕ ਬੈਠੇ ਰਹੇ ਅਤੇ ਵਿਦਵਾਨਾਂ ਨੂੰ ਧਿਆਨ ਨਾਲ ਸੁਣਦੇ ਰਹੇ।

Friday, 27 March 2026

ਦੂਜਾ ਅਨਿਲ ਆਦਮ ਸਿਮਰਤੀ ਸਮਾਗਮ

Harmeet Vidyarthi on 27th March 2026 at 10:50 AM Regarding Anil Adam memorial Function

ਸੰਵੇਦਨਾ, ਸਿਰਜਣਾ, ਸਨਮਾਨ ਅਤੇ ਸ਼ਾਇਰੀ ਦੇ ਕਈ ਰੰਗ ਬਿਖੇਰ ਗਿਆ 


ਫ਼ਿਰੋਜ਼ਪੁਰ: (ਹਰਮੀਤ ਵਿਦਿਆਰਥੀ ਅਤੇ ਸਾਹਿਤ ਸਕਰੀਨ ਡੈਸਕ)::

ਸ਼ਬਦ ਸੱਭਿਆਚਾਰ ਦੇ ਪਸਾਰ ਲਈ ਨਿਰੰਤਰ ਯਤਨਸ਼ੀਲ ਸੰਸਥਾ "ਕਲਾਪੀਠ ", ਅਨਿਲ ਆਦਮ ਮੈਮੋਰੀਅਲ ਫਾਉਂਡੇਸ਼ਨ ਅਤੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇਵ ਸਮਾਜ ਕਾਲਜ ਫਾਰ ਵੁਮੈਂਨ ਵੱਲੋਂ ਦੂਜਾ ਅਨਿਲ ਆਦਮ ਸਿਮਰਤੀ ਸਮਾਗਮ ਕਰਵਾਇਆ ਗਿਆ।

ਪੰਜਾਬੀ ਅਤੇ ਹਿੰਦੀ ਵਿੱਚ ਇੱਕੋ ਜਿੰਨੀ ਮੁਹਾਰਤ ਅਤੇ ਸ਼ਿੱਦਤ ਨਾਲ ਕਵਿਤਾ ਲਿਖਣ ਵਾਲਾ ਅਨਿਲ ਆਦਮ ਨਾ ਕੇਵਲ ਬਹੁਤ ਸੂਖ਼ਮ ਕਵੀ ਸੀ ਸਗੋਂ ਇੱਕ ਚੰਗਾ ਅਨੁਵਾਦਕ, ਸੂਝਵਾਨ ਅਧਿਆਪਕ ਵੀ ਸੀ। ਉਸਦੀ ਕਵਿਤਾ ਦੀਆਂ ਤਿੰਨ , ਅਨੁਵਾਦ ਦੀਆਂ ਚਾਰ ਅਤੇ ਬਾਲ ਸਾਹਿਤ ਦੀਆਂ ਅੱਧੀ ਦਰਜਨ ਪੁਸਤਕਾਂ ਛਪ ਚੁੱਕੀਆਂ ਹਨ। 

ਦੇਵ ਸਮਾਜ ਕਾਲਜ ਵਿੱਚ ਕਰਵਾਏ ਗਏ ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਪ੍ਰਸਿੱਧ ਸ਼ਾਇਰ ਤੇ ਅਲੋਚਕ ਪ੍ਰੋ. ਅਤੈ ਸਿੰਘ, ਪ੍ਰਗਤੀਸ਼ੀਲ ਲੇਖਕ ਸੰਘ ਦੇ ਪ੍ਰਧਾਨ ਪ੍ਰੋ. ਸੁਰਜੀਤ ਜੱਜ, ਨਾਮਵਰ ਚਿੰਤਕ ਡਾ. ਕੁਲਦੀਪ ਸਿੰਘ ਦੀਪ ਅਤੇ ਅਨਿਲ ਆਦਮ ਮੈਮੋਰੀਅਲ ਫਾਉਂਡੇਸ਼ਨ ਦੀ ਪ੍ਰਧਾਨ ਅੰਜੁਮ ਸ਼ਰਮਾ ਸ਼ਾਮਿਲ ਹੋਏ। 

ਕਲਾਪੀਠ ਦੇ ਜਨਰਲ ਸਕੱਤਰ ਸੁਖਜਿੰਦਰ ਨੇ ਮੰਚ ਸੰਭਾਲਦਿਆਂ ਅਨਿਲ ਆਦਮ ਨੂੰ ਜ਼ਿੰਦਗੀ ਅਤੇ ਕਵਿਤਾ ਦਾ ਛਿੰਦਾ ਪੁੱਤ ਦੱਸਿਆ ਜਿਸ ਨੇ ਆਪਣਾ ਆਪ ਕਵਿਤਾ ਨੂੰ ਸਮਰਪਿਤ ਕੀਤਾ ਹੋਇਆ ਸੀ। ਉੱਘੇ ਪੰਜਾਬੀ ਗ਼ਜ਼ਲਗੋ ਪ੍ਰੋ. ਗੁਰਤੇਜ ਕੋਹਾਰਵਾਲਾ ਨੇ ਕਲਾਪੀਠ ਦੇ ਕਾਰਜਾਂ ਦਾ ਜ਼ਿਕਰ ਕਰਦਿਆਂ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਨੂੰ ਕਿਹਾ। ਡਾ. ਕੁਲਦੀਪ ਸਿੰਘ ਦੀਪ ਨੇ ਅਨਿਲ ਆਦਮ ਦੀ ਸਖਸ਼ੀਅਤ ਅਤੇ ਰਚਨਾ ਬਾਰੇ ਕੁੰਜੀਵਤ ਭਾਸ਼ਣ ਦਿੰਦਿਆਂ ਕਿਹਾ ਕਿ ਉਹ ਬੁਨਿਆਦੀ ਤੌਰ ਤੇ ਮੁਹੱਬਤੀ ਜੀਅ ਸੀ, ਜਿਸਨੇ ਆਪਣੀ ਕਵਿਤਾ ਵਿੱਚ ਜ਼ਿੰਦਗੀ ਦੇ ਕੱਚ ਸੱਚ ਨੂੰ ਨਾ ਕੇਵਲ ਖ਼ੂਬਸੂਰਤੀ ਨਾਲ ਪਰੋਇਆ ਸਗੋਂ ਉਮਰ ਭਰ ਕਵਿਤਾ ਨਾਲ ਆਪਣੀ ਮੁਹੱਬਤ ਨਾਲ ਪਾਲਿਆ। ਅਧਿਆਪਕ ਹੋਣ ਕਰਕੇ ਅਨਿਲ ਦੀ ਕਵਿਤਾ ਵਿੱਚ ਬਾਲ ਮਾਨਸਿਕਤਾ ਦਾ ਭਰਪੂਰ ਵਿਸ਼ਲੇਸ਼ਣ ਵੀ ਮਿਲਦਾ ਹੈ।

ਵਿੱਛੜੇ ਸ਼ਾਇਰ ਦੀ ਯਾਦ ਵਿੱਚ ਦਿੱਤਾ ਜਾਣ ਵਾਲਾ ਅਨਿਲ ਆਦਮ ਸਿਮਰਤੀ ਪੁਰਸਕਾਰ ਨੌਜਵਾਨ ਸ਼ਾਇਰ ਰਾਜਿੰਦਰ ਨੂੰ ਉਸਦੀ ਸਾਲ 2025 ਵਿੱਚ ਛਪੀ ਪੁਸਤਕ "ਉਹ ਦਿਨ ਵੀ ਆਉਣਗੇ "ਨੂੰ ਪ੍ਰਦਾਨ ਕੀਤਾ ਗਿਆ। ਪੁਸਤਕ ਬਾਰੇ ਕੁਲਵਿੰਦਰ ਬੱਛੋਆਣਾ ਦਾ ਪਰਚਾ ਉਸਦੀ ਗ਼ੈਰ ਹਾਜ਼ਰੀ ਵਿੱਚ ਪੜ੍ਹਦਿਆਂ ਪ੍ਰੋ. ਕੁਲਦੀਪ ਨੇ ਕਿਹਾ ਕਿ' ਉਹ ਦਿਨ ਵੀ ਆਉਣਗੇ' ਦੀਆਂ ਕਵਿਤਾਵਾਂ ਹਨੇਰ ਨਾਲ਼ ਭਰੇ ਬ੍ਰਹਿਮੰਡ ਵਿੱਚ ਦੀਵੇ ਵਾਂਗ ਹਨ। ਇਹ ਬੇਸ਼ੱਕ ਪੂਰੀ ਮਨੁੱਖਤਾ ਨੂੰ ਚਾਨਣ ਵੰਡਣ ਦੀ ਤਾਕਤ ਨਹੀਂ ਰੱਖਦੀਆਂ, ਪਰ ਇਸ ਵਿਸ਼ਵਾਸ ਬਣਾਈ ਰੱਖਦੀਆਂ ਹਨ ਕਿ ਚਾਨਣ ਬੇਸ਼ੱਕ ਥੋੜ੍ਹਾ ਹੈ, ਪਰ ਜਿਉਂਦਾ ਹੈ। ਅੱਜ ਭਾਵੇਂ ਇਨਸਾਨੀਅਤ ਦੇ ਦੁਸ਼ਮਣਾਂ ਦਾ ਜੁੱਗ ਹੈ ਪਰ ਕਵੀ ਨੂੰ ਪੱਕਾ ਯਕੀਨ ਹੈ ਕਿ...

ਉਹ ਦਿਨ ਵੀ ਆਉਣਗੇ

ਜਦੋਂ ਡੂਢ ਕੁਇੰਟਲ ਪਿੱਛੇ ਕੀਲਾ ਵੱਢਣ ਵਾਲੇ਼ੇ 

ਸਾਡੇ ਅੱਟਣਾਂ ਭਰੇ ਹੱਥ 

ਮੌਸਮਾਂ ਦੀ ਰੰਗੀਨੀ ਦੀ ਹਿੱਕ 'ਤੇ ਤੈਰਨਗੇ।

ਇਸ ਸਨਮਾਨ ਵਿੱਚ ਸਨਮਾਨ ਨਿਸ਼ਾਨੀ, ਮਾਣ ਪੱਤਰ, ਫੁੱਲਕਾਰੀ ਅਤੇ 5100/- ਦੀ ਨਕਦ ਰਾਸ਼ੀ ਸ਼ਾਮਲ ਹੈ।

ਸਮਾਗਮ ਦੇ ਅਗਲੇ ਪੜ੍ਹਾਅ ਵਿੱਚ ਫ਼ਿਰੋਜ਼ਪੁਰ ਦੇ ਨੌਜਵਾਨ ਸ਼ਾਇਰ ਸ਼ੈਲੀ ਸਰੋਏ ਦੀ ਪਲੇਠੀ ਕਿਤਾਬ "ਇਹ ਕਿਹੋ ਜਿਹੇ ਅਹਿਸਾਸ ਨੇ " ਲੋਕ ਅਰਪਣ ਕਰਨ ਦੀ ਰਸਮ ਪ੍ਰਧਾਨਗੀ ਮੰਡਲ ਅਤੇ ਫ਼ਿਰੋਜ਼ਪੁਰ ਦੇ ਲੇਖਕਾਂ ਨੇ ਰਲ ਮਿਲ ਕੇ ਅਦਾ ਕੀਤੀ।

ਸਮਾਗਮ ਦੇ ਅਗਲੇ ਪੜ੍ਹਾਅ ਵਿੱਚ ਸੁਖਦੀਪ ਔਜਲਾ, ਰੂਹੀ ਸਿੰਘ, ਤਲਵਿੰਦਰ ਸ਼ੇਰਗਿੱਲ, ਵਾਹਿਦ, ਅਜੀਤਪਾਲ ਜਟਾਣਾ, ਗੁਰਮੀਤ ਕੜਿਆਲਵੀ, ਸੱਤਪਾਲ ਭੀਖੀ, ਸੁਖਵਿੰਦਰ ਜੋਸ਼, ਮਨਜੀਤ ਪੂਰੀ, ਨੀਤੂ ਅਤੇ ਜਗਵਿੰਦਰ ਜੋਧਾ ਦੀਆਂ ਗ਼ਜ਼ਲਾਂ ਕਵਿਤਾਵਾਂ ਨੇ ਫ਼ਿਰੋਜ਼ਪੁਰ ਦੀ ਸਮੁੱਚੀ ਫ਼ਿਜ਼ਾ ਨੂੰ ਹੀ ਕਾਵਿਕ ਕਰ ਦਿੱਤਾ। ਅੰਜੁਮ ਸ਼ਰਮਾ, ਪ੍ਰੋ. ਸੁਰਜੀਤ ਜੱਜ ਅਤੇ ਪ੍ਰੋ. ਅਤੈ ਸਿੰਘ ਨੇ ਆਪਣੇ ਸੰਬੋਧਨ ਵਿੱਚ ਜਿੱਥੇ ਅਨਿਲ ਆਦਮ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਉੱਥੇ ਕਲਾਪੀਠ ਅਤੇ ਸਹਿਯੋਗੀ ਸੰਸਥਾਵਾਂ ਦੇ ਉਪਰਾਲਿਆਂ ਦੀ ਖੁੱਲ੍ਹੇ ਮਨ ਨਾਲ ਸ਼ਲਾਘਾ ਕੀਤੀ ਕਿ ਇਸ ਸੰਸਥਾ ਨੇ ਫ਼ਿਰੋਜ਼ਪੁਰ ਵਰਗੇ ਸਰਹੱਦੀ ਸਾਹਿਤ ਸਰਗਰਮੀਆਂ ਨੂੰ ਨਿਰੰਤਰ ਜਾਰੀ ਰੱਖਿਆ ਹੋਇਆ ਹੈ। ਹਰਮੀਤ ਵਿਦਿਆਰਥੀ ਨੇ ਸਭ ਸ਼ਾਇਰਾਂ, ਬੁੱਧੀਜੀਵੀਆਂ, ਸਰੋਤਿਆਂ ਅਤੇ ਕਾਲਜ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ।ਇਸ ਮੌਕੇ ਤੇ 'ਪੰਜ ਦਰਿਆ ਕਿਤਾਬ ਘਰ ਮੁਕਤਸਰ ' ਵੱਲੋਂ ਕਿਤਾਬਾਂ ਦੀ ਪ੍ਰਦਸ਼ਨੀ ਵੀ ਲਾਈ ਗਈ।

ਤਕਰੀਬਨ ਤਿੰਨ ਘੰਟੇ ਚੱਲੇ ਇਸ ਸਮਾਗਮ ਵਿੱਚ ਡਾ. ਸਤਿੰਦਰ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ, ਡਾ. ਜਗਦੀਪ ਸਿੰਘ ਸੰਧੂ ਜ਼ਿਲ੍ਹਾ ਭਾਸ਼ਾ ਅਫ਼ਸਰ, ਲਾਲ ਸਿੰਘ ਸੁਲਹਾਣੀ, ਓਮ ਪ੍ਰਕਾਸ਼ ਸਰੋਏ, ਕਮਲ ਸ਼ਰਮਾ,ਸੰਦੀਪ ਚੌਧਰੀ, ਲਾਜਵੰਤ ਵਿਰਕ, ਸਰਬਜੀਤ ਸਿੰਘ ਭਾਵੜਾ, ਗੁਰਦਿਆਲ ਸਿੰਘ ਵਿਰਕ, ਬਲਵਿੰਦਰ ਪਨੇਸਰ,ਰਾਜੀਵ ਖ਼ਿਆਲ, ਦੀਪਕ ਜੋਸ਼ੀ,  ਸੁਖਦੇਵ ਭੱਟੀ, ਮੁਸੱਵਿਰ ਫ਼ਿਰੋਜ਼ਪੁਰੀ, ਰਾਕੇਸ਼ ਪਾਲ, ਕਮਲ ਸ਼ਰਮਾ, ਸਾਨਿਧਯ ਪ੍ਰਭਾਕਰ,ਪ੍ਰੋ. ਨਿਸ਼ਾਨ, ਲਖਬੀਰ ਸਿੰਘ ਗਿੱਲ,ਸੰਤੋਖ ਸਿੰਘ ਐਸ ਡੀ ਓ,ਵਰਿੰਦਰ ਔਲਖ, ਲਾਜ਼ਮੀ ਗਿੱਲ, ਅਨਵਰ ਸਿੰਘ, ਹਰਵਿੰਦਰ ਘਈ, ਉੱਘੇ ਅਦਾਕਾਰ ਹਰਿੰਦਰ ਭੁੱਲਰ, ਸੁਨੀਲ ਕਟਾਰੀਆ,ਪ੍ਰੋ. ਲਕਸ਼ਮਿੰਦਰ, ਗੀਤ ਆਰਟਸ ਵਾਲਾ ਸੁਖਜੀਵਨ,ਕਿਸਾਨ ਆਗੂ ਅਵਤਾਰ ਸਿੰਘ ਮਹਿਮਾ,ਪ੍ਰੋ. ਗੁਰਪ੍ਰੀਤ ਕੌਰ, ਅਮ੍ਰਿਤਪਾਲ ਬਰਾੜ, ਵਿਨੋਦ ਗਰਗ, ਪਾਰਸ ਖੁੱਲਰ, ਹਸਨ, ਗੁਰਮੀਤ ਸਿੰਘ,ਰਾਜਨ ਨਰੂਲਾ, ਲਖਵਿੰਦਰ ਸਿੰਘ ਹਾਂਡਾ, ਅੰਗਰੇਜ਼ ਸਿੰਘ, ਸਵਰਨ ਸਿੰਘ, ਕਾਲਜ ਦਾ ਸਮੁੱਚਾ ਪੰਜਾਬੀ ਵਿਭਾਗ ਅਤੇ ਜਗਦੀਪ ਘਈ ਸਮੇਤ ਵੱਡੀ ਗਿਣਤੀ ਵਿੱਚ ਸਰੋਤੇ ਸ਼ਾਮਿਲ ਹੋਏ। 

ਹਰਮੀਤ ਵਿਦਿਆਰਥੀ//ਕਲਾਪੀਠ ਫ਼ਿਰੋਜ਼ਪੁਰ

Saturday, 21 March 2026

ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ ਵਿਖੇ "ਮਿੰਨੀ ਕਹਾਣੀ ਪਾਠ ਤੇ ਚਰਚਾ"

Dr. Kailash Thakur on 21st March 2026 at 07:52 AM WhatsApp Regarding Literary Event

ਯਾਦਗਾਰੀ ਰਿਹਾ ਇਹ ਸਾਰਾ ਸਾਹਿਤਿਕ ਸਮਾਗਮ 


ਕੁਰੂਕਸ਼ੇਤਰ
: 21 ਮਾਰਚ 2026: (ਪ੍ਰੋਗਰਾਮ ਦੀ ਰਿਪੋਰਟ-ਡਾਕਟਰ ਕੈਲਾਸ਼ ਠਾਕੁਰ//ਸਾਹਿਤ ਸਕਰੀਨ ਡੈਸਕ)::

ਓਨਟਾਰੀਓ ਫਰੈਡਜ਼ ਕਲੱਬ ਕੈਨੇਡਾ,ਭਾਰਤ ਦੇ ਸਮੂਹ ਮੈਂਬਰਾਂ ਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਵੇਗੀ ਕਿ ਕੱਲ੍ਹ ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ ਵਿਖੇ "ਮਿੰਨੀ ਕਹਾਣੀ ਪਾਠ ਤੇ ਚਰਚਾ" ਪ੍ਰੋਗਰਾਮ ਅਮਿੱਟ ਛਾਪ ਛੱਡਦਾ ਯਾਦਗਾਰੀ ਰਿਹਾ। ਕੁੱਝ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੀ ਹਾਂ ਜੀ। ਮੇਰੇ ਮਿੰਨੀ ਕਹਾਣੀ ਸੰਗ੍ਰਹਿ "ਸ਼ਬਦਾਂ ਦੇ ਘੇਰੇ" ਤੇ ਮਾਨਯੋਗ ਡਾਕਟਰ ਨਾਇਬ ਸਿੰਘ ਮੰਡੇਰ ਜੀ ਦੇ ਮਿੰਨੀ ਕਹਾਣੀ ਸੰਗ੍ਰਹਿ "ਦਿਲਾਂ ਦੀ ਸਾਂਝ" ਲੋਕ ਅਰਪਣ ਕੀਤਾ ਗਿਆ। ਦੋਨੋਂ ਕਿਤਾਬਾਂ ਤੇ ਚਾਰ ਖੋਜ ਕਰਤਾ ਵਿਦਿਆਰਥੀਆਂ ਵੱਲੋਂ ਪੇਪਰ ਪੜ੍ਹੇ ਗਏ।

ਡਾਕਟਰ ਨਾਇਬ ਸਿੰਘ ਮੰਡੇਰ ਜੀ ਨੇ ਡਾਕਟਰ ਕੈਲਾਸ਼ ਠਾਕੁਰ ਦੇ ਮਿੰਨੀ ਕਹਾਣੀ ਸੰਗ੍ਰਹਿ ਬਾਰੇ ਗੱਲ ਕਰਦਿਆਂ ਵਿਦਿਆਰਥੀਆਂ ਨੂੰ ਮਿੰਨੀ ਕਹਾਣੀ ਲੇਖਣ ਵਿਧਾ ਬਾਰੇ ਉਦਾਹਰਨਾਂ ਸਹਿਤ ਵਿਸਥਾਰ ਪੂਰਵਕ ਟਿਪਸ ਦਿੱਤੇ। ਡਾਕਟਰ ਮੰਡੇਰ ਜੀ ਨੇ ਕਹਾਣੀ ਤੇ ਮਿੰਨੀ ਕਹਾਣੀ ਦੇ ਅੰਤਰ ਨੂੰ ਸਪਸ਼ਟ ਕਰਦਿਆਂ ਮਿੰਨੀ ਕਹਾਣੀ ਲਿਖਣ ਤੋਂ ਪਹਿਲਾਂ ਵੱਧ ਤੋਂ ਵੱਧ ਸਾਹਿਤਕ ਕਿਤਾਬਾਂ ਪੜ੍ਹਨ ਲਈ ਪ੍ਰੇਰਿਤ ਕੀਤਾ।ਡਾਕਟਰ ਕੈਲਾਸ਼ ਠਾਕੁਰ ਨੇ ਆਪਣੇ ਮਿੰਨੀ ਕਹਾਣੀ ਸੰਗ੍ਰਹਿ "ਸ਼ਬਦਾਂ ਦੇ ਘੇਰੇ" ਬਾਰੇ ਜਾਣਕਾਰੀ ਦਿੰਦਿਆਂ ਦਿਨੋਂ- ਦਿਨ ਮਿੰਨੀ ਕਹਾਣੀ ਵਿਧਾ ਦੀ ਹਰਮਨਪਿਆਰਤਾ ਬਾਰੇ ਸਕਾਲਰਜ/ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕੀਤੇ। ਸਾਹਿਤਕ ਕਿਤਾਬਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ।

ਕਲੱਬ ਦੇ ਸਰਪ੍ਰਸਤ ਡਾਕਟਰ ਕੰਵਲਦੀਪ ਜੀ ਨੇ ਆਪਣੇ ਸੰਬੋਧਨ ਵਿੱਚ ਵਿਦਿਆਰਥੀਆਂ ਨੂੰ ਪੰਜਾਬੀ ਦੇ ਪ੍ਰਚਾਰ ਪ੍ਰਸਾਰ ਲਈ ਸੁਹਿਰਦ ਯਤਨਾਂ ਦੇ ਨਾਲ ਆਪਣੇ ਸੁਫ਼ਨਿਆਂ ਨੂੰ ਹਕੀਕਤ ਵਿਚ ਬਦਲਣ ਲਈ ਸਖ਼ਤ ਮਿਹਨਤ, ਈਮਾਨਦਾਰੀ ਤੇ ਸਹਿਨਸ਼ੀਲਤਾ ਆਦਿ ਨੈਤਿਕ ਕਦਰਾਂ ਕੀਮਤਾਂ ਨੂੰ ਆਧਾਰ ਬਣਾ ਕੇ ਚੱਲਣ ਲਈ ਪ੍ਰੇਰਿਤ ਕੀਤਾ।

ਆਪਣੇ ਅਤਿ ਦੇ ਰੁਝੇਵਿਆਂ ਵਿਚੋਂ ਸਮਾਂ ਕੱਢ ਕੇ ਪਹੁੰਚੇ ਉਨਟਾਰੀਓ ਫਰੈਡਜ਼ ਕਲੱਬ ਦੇ ਪ੍ਰੋਗਰਾਮਿੰਗ ਅਫਸਰ, ਪ੍ਰਧਾਨ ਇਫਵੋ ਡਾਕਟਰ ਪਵਨਜੀਤ ਕੌਰ ਜੀ ਨੇ ਵਿਦਿਆਰਥੀਆਂ ਨੂੰ ਆਪਣੇ ਮਿੱਥੇ ਟੀਚਿਆਂ ਵੱਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ।ਸਖ਼ਤ ਮਿਹਨਤ ਕਦੇ ਅਜਾਈਂ ਨਹੀਂ ਜਾਂਦੀ ਤੇ ਕੋਈ ਵੀ ਰੁਕਾਵਟ ਮੰਜ਼ਿਲ ਤੇ ਪਹੁੰਚਣ ਲਈ ਰੁਕਾਵਟ ਨਹੀਂ ਬਣਦੀ।

ਡਾਕਟਰ ਸਿਕੰਦਰ ਸਿੰਘ ਕੰਗ (ਕੈਲਗਰੀ) ਜੀ ਨੇ ਵਿਦਿਆਰਥੀਆਂ ਨੂੰ ਰੀਲ ਦੀ ਜ਼ਿੰਦਗੀ ਛੱਡ ਕੇ ਰੀਅਲ ਜ਼ਿੰਦਗੀ ਵੱਲ ਧਿਆਨ ਦੇਣ ਲਈ ਪ੍ਰੇਰਿਤ ਕੀਤਾ। ਉਹਨਾਂ ਨੇ ਵਿਦਿਆਰਥੀਆਂ ਨੂੰ ਮਾਂ ਬੋਲੀ ਦੀ ਮਹੱਤਤਾ ਦੱਸਦੇ ਹੋਏ ਕਿਹਾ ਕਿ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਚਲੇ ਜਾਓ ਪਰ ਆਪਣੀ ਮਾਂ ਬੋਲੀ ਤੇ ਇਤਿਹਾਸ ਨੂੰ ਕਦੇ ਨਾ ਭੁੱਲੋ।

ਓਨਟਾਰੀਓ ਫਰੈਡਜ਼ ਕਲੱਬ ਕੈਨੇਡਾ, ਭਾਰਤ ਦੇ ਚੇਅਰਮੈਨ ਡਾਕਟਰ ਰਵਿੰਦਰ ਸਿੰਘ ਕੰਗ ਜੀ ਨੇ ਯੂਨੀਵਰਸਿਟੀ ਵੱਲੋਂ ਦਿੱਤੇ ਸਹਿਯੋਗ, ਆਪਣੇਪਨ ਤੇ ਮਾਣ ਸਨਮਾਨ ਲਈ ਧੰਨਵਾਦ ਕਰਦਿਆਂ ਅੱਗੋਂ ਤੋਂ ਵੀ ਅਜਿਹੇ ਪ੍ਰੋਗਰਾਮ ਉਲੀਕਣ ਲਈ ਬੇਨਤੀ ਕੀਤੀ। 

ਪ੍ਰੋਗਰਾਮ ਵਿੱਚ ਸ਼ਾਮਲ ਕਲੱਬ ਦੇ ਸਾਰੇ ਮੈਂਬਰਾਂ ਨੂੰ ਮਿਲੇ ਮਾਨ ਸਨਮਾਨ ਲਈ ਧੰਨਵਾਦ ਕੀਤਾ।

ਕੁਰੂਕਸ਼ੇਤਰ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਮੁਖੀ ਡਾਕਟਰ ਕੁਲਦੀਪ ਸਿੰਘ ਜੀ ਤੇ ਵਿਸ਼ੇਸ਼ ਮਹਿਮਾਨ ਡੀਨ ਡਾਕਟਰ ਸਨੀਤਾ ਜੀ, ਪ੍ਰਿੰਸੀਪਲ ਡਾਕਟਰ ਹਾਂਡਾ ਜੀ,ਤੇ ਰਿਸਰਚ ਸਕਾਲਰਜ ਨੂੰ ਕਲੱਬ ਵੱਲੋਂ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਵਿੱਚ ਹਾਜ਼ਰ ਸਾਰੇ ਸਕਾਲਰਜ/ਵਿਦਿਆਰਥੀਆਂ (60 ਦੇ ਕਰੀਬ)ਨੂੰ ਵੀ ਬਣਦਾ ਮਾਨ ਸਤਿਕਾਰ ਨਾਲ ਨਿਵਾਜਿਆ ਗਿਆ। ਘੱਟੋ ਘੱਟ ਚਾਰ ਘੰਟੇ ਚੱਲੇ ਇਸ ਪ੍ਰੋਗਰਾਮ ਦਾ ਸਾਰਿਆਂ ਨੇ ਆਨੰਦ ਮਾਣਿਆ। ਸਮੇਂ ਦਾ ਪਤਾ ਹੀ ਨਹੀਂ ਲੱਗਾ।

ਮੈਂ ਡਾਕਟਰ ਕੰਵਲਦੀਪ ਜੀ ਦਾ ਵਿਸ਼ੇਸ਼ ਧੰਨਵਾਦ ਕਰਦੀ ਹਾਂ ਜਿਹਨਾਂ ਦੇ ਯਤਨਾਂ ਸਦਕਾਂ ਅਸੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੇ। ਡਾਕਟਰ ਰਵਿੰਦਰ ਸਿੰਘ ਕੰਗ ਜੀ ਦੀ ਹੱਲਾਸ਼ੇਰੀ, ਮਿਲਾਪੜੇ ਸੁਭਾਅ ਤੇ ਸਹਿਯੋਗ ਨੇ ਪ੍ਰੋਗਰਾਮ ਨੂੰ ਚਾਰ ਚੰਨ ਲਾ ਦਿੱਤੇ।🌹🌹🌹🌹

ਪ੍ਰੋਗਰਾਮ ਦੀ ਰਿਪੋਰਟ:ਡਾਕਟਰ ਕੈਲਾਸ਼ ਠਾਕੁਰ ਵੱਲੋਂ

Sunday, 15 March 2026

ਡਾ. ਸਰਬਜੀਤ ਸਿੰਘ ਭਾਰੀ ਬਹੁਮੱਤ ਨਾਲ ਜੇਤੂ

Panjabi Bhawan on Sunday 15th March 2026 at 5:13 PM Regarding Panjabi Sahit Acedemy Ludhiana 

ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਦੀ ਚੋਣ ਲਈ ਰਚਿਆ ਗਿਆ ਨਵਾਂ ਇਤਿਹਾਸ 

ਹਾਰਨ ਵਾਲੇ ਸ੍ਰੀ ਅਮਰ ਗਰਗ ਕਲਮਦਾਨ ਨੂੰ 35 ਵੋਟਾਂ ਮਿਲੀਆਂ ਅਤੇ 8 ਵੋਟਾਂ ਰੱਦ ਹੋਈਆਂ


ਲੁਧਿਆਣਾ: 15  ਮਾਰਚ 2026: (ਮੀਡੀਆ ਲਿੰਕ ਟੀਮ//ਸਾਹਿਤ ਸਕਰੀਨ ਡੈਸਕ):: 

ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਵਾਲੇ ਅਹੁਦੇ ਦੀ ਇਸ ਵਾਰ ਨਿਵੇਕਲੇ ਅੰਦਾਜ਼ ਨਾਲ ਹੋਈ ਇਹ ਚੋਣ ਸ਼ਾਇਦ ਜ਼ਰੂਰੀ ਵੀ ਬਣ ਗਈ ਸੀ। ਜੇਕਰ ਬਾਕੀ ਅਹੁਦੇਦਾਰਾਂ ਵਾਂਗ ਪ੍ਰਧਾਨ ਦੇ ਅਹੁਦੇ ਵਾਲੀ ਇਹ ਚੋਣ ਵੀ ਸਰਬਸੰਮਤੀ ਨਾਲ ਹੋ ਜਾਂਦੀ ਤਾਂ ਸ਼ਾਇਦ ਬਹੁਤ ਕੁਝ ਲੁਕਿਆ ਵੀ ਰਹਿ ਜਾਂਦਾ। ਸਰਬ ਸੰਮਤੀਆਂ ਵਾਲੇ ਅੰਦਾਜ਼ ਅਤੇ ਰਿਵਾਜ ਦੇ ਆਪਣੇ ਗੁਣ ਵੀ ਹੁੰਦੇ ਹਨ ਪਰ ਜਮਹੂਰੀ ਕਦਰਾਂ ਕੀਮਤਾਂ ਲਈ ਕਈ ਵਾਰ ਸਰਬਸੰਮਤੀਆਂ ਚੰਗੀਆਂ ਵੀ ਸਾਬਤ ਨਹੀਂ ਹੁੰਦੀਆਂ। ਇਸ ਵਾਰ ਇਸ ਚੋਣ ਦੇ ਬਹਾਨੇ ਬਹੁਤ ਕੁਝ ਸਪਸ਼ਟ ਹੋ ਕੇ ਸਾਹਮਣੇ ਆਇਆ ਹੈ। ਡਾਕਟਰ ਸਰਬਜੀਤ ਸਿੰਘ ਆਪਣੀ ਕਲਮ ਜਾਂ ਸ਼ਖ਼ਸੀਅਤ ਦੇ ਲਈ ਇਹ ਜੰਗ ਲੜ ਹੀ ਨਹੀਂ ਸਨ ਰਹੇ। ਇਹ ਚੋਣ ਜੰਗ ਅਸਲ ਵਿੱਚ ਵਿੱਚ ਉਹਨਾਂ ਨੇ ਵਿਚਾਰਧਾਰਾ ਦੇ ਰਾਖੇ ਵੱਜੋਂ ਹੀ ਲੜੀ ਅਤੇ ਵੋਟਰਾਂ ਨੇ ਵੀ ਰਾਖੇ ਵੱਜੋਂ ਹੀ ਉਹਨਾਂ ਨੂੰ ਵੋਟਾਂ ਪਾਈਆਂ। ਇਹ ਉਹੀ ਖੱਬੀ ਵਿਚਾਰਧਾਰਾ ਹੈ ਜਿਸਦੇ ਰਾਖੇ ਵੱਜੋਂ ਉਹਨਾਂ ਦਾ ਸਟੈਂਡ ਦਹਾਕਿਆਂ ਪਹਿਲਾਂ ਤੋਂ ਹੀ ਸਪਸ਼ਟ ਹੈ। ਉਹਨਾਂ ਦੇ ਵਿਚਾਰਾਂ ਵਿੱਚ ਕੁਝ ਵੀ ਲੁਕਵਾਂ ਏਜੰਡਾ ਨਹੀਂ। 

ਦੂਜੇ ਪਾਸੇ ਦੀ ਗੱਲ ਸੋਚਦਿਆਂ ਹੀ ਦਹਾਕਿਆਂ ਪਹਿਲਾਂ ਦਾ ਉਹ ਮਾਹੌਲ ਵੀ ਚੇਤੇ ਆਉਂਦਾ ਹੈ ਜਦੋਂ ਪੰਜਾਬੀ ਸੂਬੇ ਦੀ ਗੱਲ ਵੀ ਜ਼ੋਰਾਂ ਤੇ ਸੀ ਅਤੇ ਜਨਸੰਘ ਦੀਆਂ ਸਰਗਰਮੀਆਂ ਵੀ ਸਿਖਰਾਂ 'ਤੇ ਯੌਜਜੀਆਂ ਹੋਈਆਂ ਸਨ। ਜਨਸੰਘ ਦੇ ਵਰਕਰ ਜਿਥੇ ਪੰਜਾਬੀ ਸੂਬੇ ਦਾ ਵਿਰੋਧ ਕਰ ਰਹੇ ਸਨ ਉਥੇ ਹਿੰਦੀ ਭਾਸ਼ਾ ਨੂੰ ਮਾਤਭਾਸ਼ਾ ਵੱਜੋਂ ਲਿਖਵਾਉਣ 'ਤੇ   ਵੀ ਬਹੁਤ ਜ਼ੋਰ ਦੇ ਰਹੇ ਸਨ। ਹਾਲਾਂਕਿ ਬਹੁਤ ਸਾਰੀਆਂ ਹਿੰਦੂ ਸ਼ਖਸੀਅਤਾਂ ਪੰਜਾਬੀ ਸੂਬੇ ਦੇ ਹੱਕ ਵਿੱਚ ਸਟੈਂਡ ਲੈ ਰਹੀਆਂ ਸਨ ਪਰ ਜਨਸੰਘ ਦੇ ਨਾਅਰੇ ਅਤੇ ਜਨਸੰਘ ਦੀ ਪਹੁੰਚ ਨਾਲ ਇਸ ਮੁਦੇ 'ਤੇ ਹਿੰਦੂ ਸਿੱਖ ਵਾਲਾ ਵਿਵਾਦ ਵੀ ਖੜਾ ਹੋ ਰਿਹਾ ਸੀ। ਇਸ ਤਰ੍ਹਾਂ ਆਮ ਲੋਕਾਂ ਵਿੱਚ ਇਹ ਸੋਚ ਬਣ ਗਈ ਕਿ ਜਨਸੰਘ ਵਾਲੇ ਹਿੰਦੀ ਦੇ ਹਮਾਇਤੀ ਹਨ ਅਤੇ ਪੰਜਾਬੀ ਦੇ ਵਿਰੋਧੀ ਹਨ। 

ਪੰਜਾਬੀ ਸੂਬੇ ਵਾਲਾ ਉਹ ਦੌਰ ਲੰਘ ਜਾਣ ਮਗਰੋਂ ਅੱਸੀਵਿਆਂ ਵਿੱਚ ਪੱਤਰਕਾਰਾਂ ਨੇ ਪੰਜਾਬ ਵਿੱਚ ਸੰਗਠਿਤ ਹੋਣਾ ਸ਼ੁਰੂ ਕੀਤਾ। ਸੰਗਠਨ ਦਾ ਨਾਮ ਸੀ ਪੰਜਾਬ ਯੂਨੀਅਨ ਆਫ ਜਰਨਲਿਸਟਸ ਅਰਥਾਤ ਪੀ ਯੂ ਜੇ। ਦ ਟ੍ਰਿਬਿਊਨ ਅਖਬਾਰ ਵਾਲੇ ਸ਼ਿਆਮ ਖੋਸਲਾ ਇਸ ਗਰੁੱਪ ਦੀ ਅਗਵਾਈ ਕਰ ਰਹੇ ਸਨ। ਜਦੋਂ ਵੀ ਯੂਨੀਅਨ ਦੀਆਂ ਮੀਟਿੰਗਾਂ ਹੋਣੀਆਂ। ਪੰਜਾਬੀ ਬੋਲਣ ਵਿੱਚ ਪੂਰੀ ਮੁਹਾਰਤ ਨਾ ਹੋਣ ਕਾਰਨ ਉਹ ਅਕਸਰ ਆਪਣਾ ਭਾਸ਼ਣ ਹਿੰਦੀ ਵਿੱਚ ਦੀਆ ਕਰਦੇ। ਉਹਨਾਂ ਨੂੰ ਦੇਖ ਸੁਨ ਕੇ ਅਤੇ ਉਹਨਾਂ ਨੂੰ ਪ੍ਰਭਵਿਤ ਕਰਨ ਦੇ ਮਕਸਦ ਨਾਲ ਯੂਨੀਅਨ ਦੀਆਂ ਮੀਟਿੰਗਾਂ ਵਿੱਚ ਮੌਜੂਦ ਨੌਜਵਾਨ ਪੰਜਾਬੀ ਮੁੰਡੇ ਵੀ ਜਦੋਂ ਹਿੰਦੀ ਵਿੱਚ ਬੋਲਦੇ ਤਾਂ ਸ਼ਿਆਮ ਖੋਸਲਾ ਜੀ ਉਹਨਾਂ ਨੂੰ ਅਕਸਰ ਰੋਕਦੇ ਟੋਕਦੇ ਵੀ ਕਿ ਤੁਸੀਂ ਤਾਂ ਪੰਜਾਬੀ ਹੋ--ਪੰਜਾਬੀ ਨੂੰ ਚੰਗੀ ਤਰ੍ਹਾਂ ਜਾਣਦੇ ਸਮਝਦੇ ਹੋ ਇਸ ਲਈ ਤੁਸੀਂ ਤਾਂ ਹਿੰਦੀ ਦੀ ਬਜਾਏ ਪੰਜਾਬੀ ਬੋਲਿਆ ਕਰੋ। ਮੇਰੀ ਤਾਂ ਮਜਬੂਰੀ ਹੈ ਕਿ ਮੈਨੂੰ ਪੰਜਾਬੀ ਪੂਰੀ ਤਰ੍ਹਾਂ ਨਹੀਂ ਆਉਂਦੀ ਮੈਂ ਤਾਂ ਹਿੰਦੀ ਬੋਲਦਾ ਹਾਂ। ਪਰ ਇਹਨਾਂ ਰੋਕਣ ਟੋਕਾਂ ਦੇ ਬਾਵਜੂਦ ਨਵੀਂ ਪੀੜ੍ਹੀ ਵਾਲੇ ਇਹਨਾਂ ਪੱਤਰਕਾਰਾਂ ਦਾ ਹਿੰਦੀ ਨਾਲ ਲਗਾਓ ਮੱਧਮ ਨਹੀਂ ਪਿਆ।  ਇਹਨਾਂ ਸਾਰੇ ਖਦਸ਼ਿਆਂ ਦੇ ਚਲਦਿਆਂ ਹੋਈ ਪੰਜਾਬੀ ਸਾਹਿਤ ਅਕਾਦਮੀ ਦੀ ਪ੍ਰਧਾਨ ਵਾਲੀ ਚੋਣ ਵੀ। ਰਿਕਾਰਡ ਤੋੜ ਵੋਟਾਂ ਪਈਆਂ। ਜਿੱਤ ਵੀ ਰਿਕਾਰਡ ਤੋੜ ਰਹੀ। 

ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਦੀ ਚੋਣ 15 ਮਾਰਚ, 2026 ਨੂੰ ਪੰਜਾਬੀ ਭਵਨ, ਲੁਧਿਆਣਾ ਵਿਖੇ ਹੋਈ। ਸਵੇਰੇ 8 ਵਜੇ ਤੋਂ ਸ਼ਾਮ 3 ਵਜੇ ਤੱਕ ਪੰਜਾਬੀ ਭਵਨ, ਲੁਧਿਆਣਾ ਵਿਖੇ ਵੋਟਾਂ ਪੈਣ ਉਪਰੰਤ ਵੋਟਾਂ ਦੀ ਗਿਣਤੀ ਕਰਨ ਉਪਰੰਤ ਪ੍ਰਧਾਨ ਦੇ ਅਹੁਦੇ ਲਈ ਡਾ. ਸਰਬਜੀਤ ਸਿੰਘ 526 ਵੋਟਾਂ ਨਾਲ ਜੇਤੂ ਰਹੇ ਅਤੇ ਸ੍ਰੀ ਅਮਰ ਗਰਗ ਕਲਮਦਾਨ ਨੂੰ 35 ਵੋਟਾਂ ਮਿਲੀਆਂ ਅਤੇ 8 ਵੋਟਾਂ ਰੱਦ ਹੋਈਆਂ।

ਮੁੱਖ ਚੋਣ ਅਧਿਕਾਰੀ ਸ੍ਰੀ ਵਿਜੇ ਕੁਮਾਰ ਦੱਤਾ, ਸਹਾਇਕ ਚੋਣ ਅਧਿਕਾਰੀ ਡਾ. ਬਲਵਿੰਦਰ ਸਿੰਘ ਔਲਖ ਗਲੈਕਸੀ ਅਤੇ ਡਾ. ਕੁਲਵਿੰਦਰ ਕੌਰ ਮਿਨਹਾਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੀ ਚੋਣ ਵਿਚ ਭਾਗ ਨਾ ਲੈਣ ਵਾਲੇ ਮੈਂਬਰਾਂ ਵਲੋਂ ਨਾਮਜ਼ਦਗੀਆਂ ਵਾਪਸ ਲੈਣ ਉਪਰੰਤ ਡਾ. ਪਾਲ ਕੌਰ ਸੀਨੀਅਰ ਮੀਤ ਪ੍ਰਧਾਨ, ਡਾ. ਗੁਲਜ਼ਾਰ ਸਿੰਘ ਪੰਧੇਰ ਜਨਰਲ ਸਕੱਤਰ, ਮੀਤ ਪ੍ਰਧਾਨਾਂ ’ਚ ਸ੍ਰੀ ਜਸਪਾਲ ਮਾਨਖੇੜਾ, ਸ. ਸਹਿਜਪ੍ਰੀਤ ਸਿੰਘ ਮਾਂਗਟ, ਡਾ. ਗੁਰਚਰਨ ਕੌਰ ਕੋਚਰ, ਡਾ. ਅਰਵਿੰਦਰ ਕੌਰ ਕਾਕੜਾ ਅਤੇ ਸ੍ਰੀਮਤੀ ਸੁਰਿੰਦਰ ਨੀਰ, ਪ੍ਰਬੰਧਕੀ ਬੋਰਡ ਵਿਚ ਡਾ. ਹਰੀ ਸਿੰਘ ਜਾਚਕ, ਭੁਪਿੰਦਰ ਸਿੰਘ ਸੰਧੂ, ਸੰਜੀਵਨ ਸਿੰਘ, ਸਿਮਰਜੀਤ ਕੌਰ ਗਿੱਲ, ਤਰਸਪਾਲ ਕੌਰ, ਮਨਜਿੰਦਰ ਸਿੰਘ ਧਨੋਆ, ਪ੍ਰਭਜੋਤ ਸੋਹੀ, ਨਵਤੇਜ ਗੜ੍ਹਦੀਵਾਲਾ, ਡਾ. ਹਰਵਿੰਦਰ ਸਿੰਘ ਸਿਰਸਾ, ਅੰਮੀਆਂ ਕੁੰਵਰ, ਤ੍ਰੈਲੋਚਨ ਲੋਚੀ, ਰਜਿੰਦਰ ਸਿੰਘ ਰਾਜਨ, ਦੀਪ ਜਗਦੀਪ ਸਿੰਘ, ਮੱਖਣ ਮਾਨ, ਰੋਜ਼ੀ ਸਿੰਘ ਬਿਨਾਂ ਮੁਕਾਬਲਾ ਜੇਤੂ ਹਨ।

Wednesday, 11 March 2026

ਚੰਡੀਗੜ੍ਹ ਦੇ ਲੇਖਕਾਂ ਵੱਲੋਂ ਡਾਕਟਰ ਸਰਬਜੀਤ ਸਿੰਘ ਦਾ ਸਮਰਥਨ

Gurnam Kanwar On 11th  March 2026 at 18:05 Regarding Punjabi Sahit Academy Election  

ਪ੍ਰਸਿੱਧ ਕਲਮਕਾਰ ਗੁਰਨਾਮ ਕੰਵਰ ਵੱਲੋਂ ਸਾਂਝਾ ਬਿਆਨ ਜਾਰੀ 


ਚੰਡੀਗੜ੍ਹ
: 11 ਮਾਰਚ 2026: (ਗੁਰਨਾਮ ਕੰਵਰ//ਸਾਹਿਤ ਸਕਰੀਨ ਡੈਸਕ)::

ਪ੍ਰਗਤੀਸ਼ੀਲ ਲੇਖਕ ਸੰਘ ਚੰਡੀਗੜ੍ਹ ਦੇ ਸਿਰਮੌਰ ਆਗੂਆਂ  ਅਤੇ ਹੋਰ ਲੇਖਕਾਂ ਵਿਦਵਾਨਾਂ-ਡਾ. ਲਾਭ ਸਿੰਘ ਖੀਵਾ, ਡਾ.ਗੁਰਮੇਲ ਸਿੰਘ, ਪ੍ਰੋ ਬਲਵਿੰਦਰ ਸਿੰਘ ਚਾਹਲ, ਪ੍ਰੋ ਮਨਪ੍ਰੀਤ ਜੱਸ, ਪ੍ਰੋ ਰਾਜਿੰਦਰ ਸਿੰਘ, ਡਾ. ਮਨਦੀਪ ਸਿੰਘ, ਡਾ.ਸੁਰਿੰਦਰ ਗਿੱਲ, ਰਿਪੁਦਮਨ ਸਿੰਘ ਰੂਪ, ਰਿਪੁਦਮਨ ਰਿਪੀ, ਕਮਲ ਦੁਸਾਂਝ ਅਤੇ ਡਾਕਟਰ ਗੁਰਮਿੰਦਰ ਸਿੱਧੂ, ਡਾਕਟਰ ਬਲਦੇਵ ਖਹਿਰਾ, ਦਵਿੰਦਰ ਦਮਨ, ਜਸਵੰਤ ਦਮਨ, ਗੁਰਨਾਮ ਕੰਵਰ, ਬਲਕਾਰ ਸਿੱਧੂ, ਮਨਜੀਤ ਕੌਰ ਮੀਤ, ਹਰਮਿੰਦਰ ਕਾਲੜਾ, ਭੁਪਿੰਦਰ ਸਾਂਬਰ, ਮਲਕੀਤ ਬਸਰਾ, ਸਿਮਰਜੀਤ ਗਰੇਵਾਲ,  ਪਰਮਜੀਤ ਪਰਮ, ਗੁਰਦਰਸ਼ਨ ਮਾਵੀ, ਡਾ.ਰਬਿੰਦਰ ਸ਼ਰਮਾ, ਕਰਮ ਸਿੰਘ ਵਕੀਲ, ਭੁਪਿੰਦਰ ਬੇਕਸ, ਥੰਮਣ ਸਿੰਘ ਸੈਣੀ, ਪ੍ਰਿੰਸੀਪਲ ਗੁਰਦੇਵ ਪਾਲ, ਡਾ. ਅਮਰਜੀਤ ਅਰਪਣ, ਸੰਜੀਵਨ ਸਿੰਘ, ਰੰਜੀਵਨ ਸਿੰਘ, ਡਾ.ਅਮੀਰ ਸੁਲਤਾਨਾ, ਰੈਕਟਰ ਕਥੂਰੀਆ, ਪ੍ਰਹਲਾਦ ਸਿੰਘ, ਨਰਿੰਦਰ ਨਸਰੀਨ ਨੇ ਇਥੇ ਜਾਰੀ ਕੀਤੇ ਸਾਂਝੇ ਬਿਆਨ ਵਿੱਚ ਡਾਕਟਰ ਸਰਬਜੀਤ ਸਿੰਘ ਦਾ ਪੰਜਾਬੀ ਸਾਹਿਤ ਅਕਾਡਮੀ ਦੀਆਂ ਚੋਣਾਂ ਵਿੱਚ ਪ੍ਰਧਾਨਗੀ ਦੇ ਅਹੁਦੇ ਲਈ ਜ਼ੋਰਦਾਰ ਸਮਰਥਨ ਕੀਤਾ ਹੈ। ਜਿਨ੍ਹਾਂ ਨੇ ਆਪਣੀ ਪਿਛਲੀ ਪ੍ਰਧਾਨਗੀ ਦੀ ਟਰਮ ਵਿੱਚ, ਕੇਂਦਰੀ ਪੰਜਾਬੀ ਲੇਖਕ ਸਭਾ ਦੀ ਪ੍ਰਧਾਨਗੀ ਸਮੇਂ ਜਨਰਲ ਸਕੱਤਰ ਸੁਸ਼ੀਲ ਦੁਸਾਂਝ ਨਾਲ ਮਿਲ ਕੇ ਪੰਜਾਬੀ ਭਾਸ਼ਾ, ਪੰਜਾਬੀ ਸਾਹਿਤ ਤੇ ਸੱਭਿਆਚਾਰ ਲਈ ਬਹੁਮੁਖੀ ਸਰਗਰਮੀਆਂ ਕੀਤੀਆਂ ਹਨ। 

ਪੰਜਾਬੀ ਲੇਖਕ ਸਭਾ ਚੰਡੀਗੜ੍ਹ ਦੇ ਪ੍ਰਧਾਨ ਦੀਪਕ ਸ਼ਰਮਾ ਚਨਾਰਥਲ,  ਜਨਰਲ ਸਕੱਤਰ ਭੁਪਿੰਦਰ ਮਲਿਕ, ਸੀਨੀਅਰ ਮੀਤ ਪ੍ਰਧਾਨ ਪਾਲ ਅਜਨਬੀ ਨੇ ਵੱਖਰੇ ਬਿਆਨ ਵਿੱਚ ਆਪਣੇ ਵੱਲੋਂ ਤੇ ਕਾਰਜਕਰਨੀ ਵੱਲੋਂ ਡਾ. ਸਰਬਜੀਤ ਸਿੰਘ ਨੂੰ ਹੂੰਝਾ ਫੇਰੂ ਜਿੱਤ ਦਵਾਉਣ ਦੀ ਅਪੀਲ ਕੀਤੀ ਹੈ। 


ਅਨਿਲ ਆਦਮ ਸਿਮਰਤੀ ਪੁਰਸਕਾਰ 2026 ਨੌਜਵਾਨ ਸ਼ਾਇਰ ਰਾਜਿੰਦਰ ਨੂੰ

Harmeet Vidiarthi on Wednesday 11th March 2026 at 12:39 PM Regarding Kala-Peeth 

  ਇਹ ਸਨਮਾਨ ਸਮਾਗਮ 26 ਮਾਰਚ ਨੂੰ ਫ਼ਿਰੋਜ਼ਪੁਰ ਵਿਖ਼ੇ ਹੋਵੇਗਾ  


ਫ਼ਿਰੋਜ਼ਪੁਰ
: 11 ਮਾਰਚ 2026: (ਮੀਡੀਆ ਲਿੰਕ 32 ਟੀਮ/ /ਸਾਹਿਤ ਸਕਰੀਨ ਡੈਸਕ)::

ਸ਼ਬਦ ਸੱਭਿਆਚਾਰ ਦੇ ਪਸਾਰ ਲਈ ਨਿਰੰਤਰ ਯਤਨਸ਼ੀਲ ਸੰਸਥਾ ਕਲਾਪੀਠ ਅਤੇ ਅਨਿਲ ਆਦਮ ਮੈਮੋਰੀਅਲ ਫ਼ਾਊਂਡੇਸ਼ਨ ਵੱਲੋਂ ਵੱਲੋਂ ਪੰਜਾਬੀ ਦੇ ਜ਼ਹੀਨ ਸ਼ਾਇਰ ਸਵਰਗੀ ਅਨਿਲ ਆਦਮ ਦੀ ਯਾਦ ਵਿੱਚ ਦਿੱਤਾ ਜਾਣ ਵਾਲਾ ਅਨਿਲ ਆਦਮ ਸਿਮਰਤੀ ਪੁਰਸਕਾਰ 2026 ਨੌਜਵਾਨ ਸ਼ਾਇਰ ਰਾਜਿੰਦਰ ਨੂੰ ਉਸ ਦੀ ਪੁਸਤਕ "ਉਹ ਦਿਨ ਵੀ ਆਉਣਗੇ" ਲਈ ਦਿੱਤਾ ਜਾ ਰਿਹਾ ਹੈ। 

ਇਹ ਜਾਣਕਾਰੀ ਦਿੰਦਿਆਂ ਕਲਾਪੀਠ ਦੇ ਪ੍ਰਧਾਨ ਪ੍ਰੋ. ਜਸਪਾਲ ਘਈ, ਜਨਰਲ ਸਕੱਤਰ ਸੁਖਜਿੰਦਰ, ਅਨਿਲ ਆਦਮ ਮੈਮੋਰੀਅਲ ਫ਼ਾਊਂਡੇਸ਼ਨ ਦੀ ਪ੍ਰਧਾਨ ਅੰਜੁਮ ਸ਼ਰਮਾ, ਸਕੱਤਰ ਪ੍ਰੋ. ਕੁਲਦੀਪ, ਪ੍ਰੋ. ਗੁਰਤੇਜ ਕੋਹਾਰਵਾਲਾ, ਰਾਜੀਵ ਖ਼ਿਆਲ, ਸੁਰਿੰਦਰ ਕੰਬੋਜ, ਸੰਦੀਪ ਚੌਧਰੀ ਅਤੇ ਹਰਮੀਤ ਵਿਦਿਆਰਥੀ ਨੇ ਦੱਸਿਆ ਕਿ ਇਹ ਸਨਮਾਨ 26 ਮਾਰਚ ਨੂੰ ਫ਼ਿਰੋਜ਼ਪੁਰ ਵਿਖ਼ੇ ਕਰਵਾਏ ਜਾਣ ਵਾਲੇ ਸਮਾਗਮ ਵਿੱਚ ਦਿੱਤਾ ਜਾਵੇਗਾ। ਜਿਸ ਦੀ ਪ੍ਰਧਾਨਗੀ ਪ੍ਰੋ. ਸੁਰਜੀਤ ਜੱਜ ਅਤੇ ਪ੍ਰੋ. ਅਤੈ ਸਿੰਘ ਕਰਨਗੇ। ਅਨਿਲ ਆਦਮ ਦੀ ਰਚਨਾ ਅਤੇ ਜ਼ਿੰਦਗੀ ਬਾਰੇ ਡਾ. ਕੁਲਦੀਪ ਸਿੰਘ ਦੀਪ ਅਤੇ ਸਨਮਾਨਿਤ ਪੁਸਤਕ ਬਾਰੇ ਸ਼ਾਇਰ ਕੁਲਵਿੰਦਰ ਬੱਛੋਆਣਾ ਆਪਣੇ ਵਿਚਾਰ ਰੱਖਣਗੇ। 

ਯਾਦ ਰੱਖਣਯੋਗ ਹੈ ਕਿ ਪੰਜਾਬੀ ਅਤੇ ਹਿੰਦੀ ਵਿੱਚ ਇੱਕੋ ਜਿੰਨੀ ਮੁਹਾਰਤ ਅਤੇ ਸ਼ਿੱਦੜ ਨਾਲ ਕਵਿਤਾ ਲਿਖਣ ਵਾਲਾ ਅਨਿਲ ਆਦਮ ਨਾ ਕੇਵਲ ਬਹੁਤ ਸੂਖ਼ਮ ਕਵੀ ਸੀ ਸਗੋਂ ਇੱਕ ਚੰਗਾ ਅਨੁਵਾਦਕ, ਸੂਝਵਾਨ ਅਧਿਆਪਕ ਵੀ ਸੀ। ਉਸਦੀ ਕਵਿਤਾ ਦੀਆਂ ਤਿੰਨ ਅਨੁਵਾਦ ਦੀਆਂ ਚਾਰ ਅਤੇ ਬਾਲ ਸਾਹਿਤ ਦੀਆਂ ਅੱਧੀ ਦਰਜਨ ਪੁਸਤਕਾਂ ਛਪ ਚੁੱਕੀਆਂ ਹਨ।

ਲੇਖ਼ਕ ਆਗੂਆਂ ਨੇ ਦੱਸਿਆ ਕਿ ਇਸ ਮੌਕੇ ਇੱਕ ਸ਼ਾਨਦਾਰ ਕਵੀ ਦਰਬਾਰ ਵੀ ਕਰਵਾਇਆ ਜਾਵੇਗਾ ਜਿਸ ਵਿੱਚ ਜਗਵਿੰਦਰ ਜੋਧਾ, ਮਨਜੀਤ ਪੁਰੀ, ਅਜੀਤਪਾਲ ਜਟਾਣਾ, ਸੱਤਪਾਲ ਭੀਖੀ,  ਨੀਤੂ, ਗੁਰਮੀਤ ਕੜਿਆਲਵੀ, ਤਲਵਿੰਦਰ ਸ਼ੇਰਗਿੱਲ, ਵਾਹਿਦ, ਰੂਹੀ ਸਿੰਘ ਅਤੇ ਸੁਖਦੀਪ ਔਜਲਾ ਭਾਗ ਲੈਣਗੇ।

Sunday, 8 March 2026

ਲੁਧਿਆਣਾ ਵਿੱਚ ਪੰਜਾਬ ਇਸਤਰੀ ਸਭਾ ਨੇ ਸਵੀਕਾਰ ਕੀਤੀਆਂ ਮੌਜੂਦਾ ਚੁਣੌਤੀਆਂ

Media Link 32 Team On 8th March 2026 at 4:55 PM Regarding International Women Day

ਡਾਕਟਰ ਪਾਲ ਕੌਰ ਨੇ ਆਪਣੀ ਟੀਮ ਸਮੇਤ ਲਵਾਈ ਕਲਮਕਾਰਾਂ ਦੀ ਹਾਜ਼ਰੀ 


ਲੁਧਿਆਣਾ
: 8 ਮਾਰਚ 2026: (ਕਾਰਤਿਕਾ ਕਲਿਆਣੀ ਸਿੰਘ//ਮੀਡੀਆ ਲਿੰਕ ਰਵਿੰਦਰ//ਸਾਹਿਤ ਸਕਰੀਨ ਡੈਸਕ)::

ਅੰਤਰਰਾਸ਼ਟਰੀ ਮਹਿਲਾ ਦਿਵਸ ਦਾ ਇਤਿਹਾਸ ਬਹੁਤ ਲੰਬਾ ਹੈ। ਔਰਤਾਂ ਨੂੰ ਘਰ ਪਰਿਵਾਰ ਅਤੇ ਜ਼ਿੰਦਗੀ ਵਿੱਚ ਦਰਪੇਸ਼ ਹੋਰ ਔਕੜਾਂ ਦੀ ਚਿੰਤਾ  ਨੇ ਹੀ ਇਹਨਾਂ ਨੂੰ ਇੱਕਜੁੱਟ ਕੀਤਾ। ਹੁਣ ਜਿਹੜਾ ਮਹਿਲਾ ਦਿਵਸ ਅਸੀਂ ਮਨਾਉਂਦੇ ਹਾਂ ਇਸ ਮਹਿਲਾ ਦਿਵਸ ਦਾ ਇਤਿਹਾਸ 8 ਮਾਰਚ 1857 ਤੋਂ ਸ਼ੁਰੂ ਹੁੰਦਾ ਦੱਸਿਆ ਜਾਂਦਾ ਹੈ, ਜਦੋਂ ਨਿਊਯਾਰਕ ਵਿੱਚ ਬੁਣਕਰ ਔਰਤਾਂ ਨੇ “ਖਾਲੀ ਪਤੀਲਾ ਜਲੂਸ” ਕੱਢਿਆ ਸੀ ਅਤੇ ਕੱਪੜਾ ਮਿਲਾਂ ਵਿੱਚ ਆਪਣੇ ਕੰਮ ਦੀਆਂ ਹਾਲਤਾਂ ਵਿੱਚ ਸੁਧਾਰ ਦੀ ਮੰਗ ਕੀਤੀ ਸੀ। ਪਰ ਖੋਜਕਰਤਾਵਾਂ ਕੰਡੇਲ ਅਤੇ ਪਿਕ ਨੇ ਇਸ ਨੂੰ ਅੰਤਰਰਾਸ਼ਟਰੀ ਦਿੱਖ ਦੇਣ ਲਈ ਅਤੇ ਅਤੇ ਅੰਤਰਰਾਸ਼ਟਰੀ ਔਰਤ ਦਿਵਸ ਨੂੰ ਆਪਣੇ ਸੋਵੀਅਤ ਇਤਿਹਾਸ ਤੋਂ ਵੱਖ ਕਰਨ ਲਈ ਸਿਰਜੇ ਗਏ ਮਿਥਿਹਾਸ ਵਜੋਂ ਦੱਸਿਆ ਹੈ। ਪੰਜਾਬ ਵਿੱਚ ਵੀ ਕੁਝ ਦਹਾਕੇ ਪਹਿਲਾਂ ਤੱਕ ਇਸ ਨੂੰ ਇੱਕ ਨਵੇਂ ਤਿਓਹਾਰ ਵੱਜੋਂ ਹੀ ਮਨਾਇਆ ਜਾਂਦਾ ਸੀ। ਦੁਨੀਆ ਵਿੱਚ ਬਹੁਤ ਵਾਰ ਔਰਤਾਂ ਨਾਲ ਹਿੰਸਾਦਿਆਂ ਘਟਨਾਵਣਾ ਵਾਪਰੀਆਂ ,ਧਰਨੇ ਮੁਜ਼ਾਹਰੇ ਵੀ ਹੋਏ ਪਰ ਮੁਜਰਮਾਨਾ ਬਿਰਤੀ ਵਾਲੀ ਸੋਚ ਨੂੰ ਠੱਲ ਨਹੀਂ ਪਈ। ਪੰਜਾਬ ਵਿੱਚ ਕਈ ਔਰਤਾਂ ਦੀ ਯਾਦ ਵਿੱਚ ਦਿਨ ਮਨਾਏ ਜਾਂਦੇ ਹਨ ਜਿਹਨਾਂ ਨੂੰ  ਬੜੀ ਬੇਰਹਿਮੀ ਨਾਲ ਜ਼ੁਲਮ ਦਾ ਸ਼ਿਕਾਰ ਬਣਾਇਆ ਗਿਆ। ਬਹੁਤ ਸਾਰੇ ਨਾਮ ਹਨ ,  ਬਹੁਤ ਸਾਰੀਆਂ ਘਟਨਾਵਾਂ ਹਨ ਜਿਹਨਾਂ ਦੀ ਗਿਣਤੀ ਏਨੀ ਲੰਮੀ ਹੈ ਕਿ ਜੇਕਰ ਪੂਰਾ ਸਾਲ ਇਹਨਾਂ ਜ਼ੁਲਮਾਂ ਦੀ ਚਰਚਾ ਕਰਦੇ ਰਹੀਏ ਤਾਂ ਵੀ ਇਹ ਦਾਸਤਾਨਾਂ ਮੁੱਕ ਨਹੀਂ ਸਕਦੀਆਂ। 

                             ਇਸ ਸਮਾਗਮ ਦੀ ਵੀਡੀਓ ਦੇਖਣ ਲਈ ਇਥੇ ਵੀ ਕਲਿੱਕ ਕਰ ਸਕਦੇ ਹੋ ਜੀ 

ਰਵਾਇਤੀ ਸਿਲਸਿਲਿਆਂ ਵਾਂਗ ਉਂਝ ਤਾਂ ਇਸ ਵਾਰ ਵੀ ਇਹ ਇਸਤਰੀ ਸਭਾ ਦਾ ਇਕੱਠ ਹੀ ਸੀ। ਜਦੋਂ ਲੋਕਾਂ ਨੇ ਦਹਾਕਿਆਂ ਪਹਿਲਾਂ ਕੌਮਾਂਤਰੀ ਮਹਿਲਾ ਦਿਵਸ ਦਾ ਨਾਮ ਵੀ ਨਹੀਂ ਸੀ ਸੁਣਿਆ ਉਦੋਂ ਵੀ ਇਸਤਰੀ ਸਭਾ ਅਜਿਹੇ ਇੱਕਠ ਬੜੇ ਜੋਸ਼ੋ ਖਰੋਸ਼ ਨਾਲ ਕਰਦੀ ਸੀ। 

ਜਦੋਂ ਅਜਿਹੇ ਆਯੋਜਨ ਨੈਸ਼ਨਲ ਫੈਡਰੇਸ਼ਨ ਆਫ ਇੰਡੀਅਨ ਵੋਮੈਨ ਵੱਲੋਂ ਹੁੰਦੇ ਤਾਂ ਇਹਨਾਂ ਦਾ ਦਾਇਰਾ ਕੌਮੀ ਅਤੇ ਕੌਮਾਂਤਰੀ ਪੱਧਰ ਦਾ ਹੋ ਜਾਂਦਾ। ਸ਼੍ਰੀਮਤੀ ਵਿਮਲਾ ਡਾਂਗ,ਸ਼੍ਰੀਮਤੀ ਸ਼ੀਲਾ ਦੀਦੀ, ਬੀਰ ਕਲਸੀ ਅਤੇ ਬਹੁਤ ਸਾਰੀਆਂ ਮਹਿਲਾ ਸ਼ਖ਼ਸੀਅਤਾਂ ਦੀ ਮੌਜੂਦਗੀ ਪ੍ਰੋਗਰਾਮ ਨੂੰ ਚਾਰ ਚੰਨ ਲਗਾ ਦਿੰਦੀ। ਕੁਝ ਦਹਾਕੇ ਪਹਿਲਾਂ ਜਲੰਧਰ ਦੇ ਇੱਕ ਕਾਲਜ ਵਿਚ ਹੋਏ ਇਸ ਪ੍ਰੋਗਰਾਮ ਦੀਆਂ ਯਾਦਾਂ ਅਜੇ ਵੀ ਜ਼ਹਿਨ ਵਿੱਚ ਤਾਜ਼ਾ ਹਨ। 

ਤਿੰਨ ਚਾਰ ਦਿਨਾਂ ਤੱਕ ਚੱਲੇ ਇਸ ਪ੍ਰੋਗਰਾਮ ਵਿੱਚ ਜਿੱਥੇ ਸਮਾਜਿਕ ਤਬਦੀਲੀ ਦੇ ਸੰਕਲਪ ਵਾਲੇ ਨਾਅਰੇ ਗੂੰਜਦੇ ਸਾਂ ਉੱਥੇ ਦਮਾ ਦਮ ਮਸਤ ਕਲੰਦਰ ਵਾਲੀ ਗਾਇਕੀ ਦੀ ਧੂਹ ਅਤੇ ਮਸਤੀ ਵੀ ਸੀ। ਦੁਪਹਿਰੇ ਅਤੇ ਰਾਤ ਸਮੇਂ ਮਹਾਂਪ੍ਰਸ਼ਾਦ ਵਾਲਾ ਲੰਗਰ ਵੀ ਅਤੁੱਟ ਵਰਤਦਾ। ਵੈਸ਼ਨੋ ਭੋਜਨ ਵਾਲਿਆ ਲਈ ਵੀ ਕਤਾਰਾਂ ਵੱਖਰੀਆਂ ਲੱਗੀਆਂ ਹੁੰਦੀਆਂ। ਚਾਹ ਕੌਫੀ ਅਤੇ ਪਾਣੀ ਤਾਂ ਹਰ ਸੀਟ ਤੱਕ ਪਹੁੰਚਦਾ ਸੀ। 

ਮੰਚ ਤੋਂ ਸਿਰਫ ਭਾਸ਼ਣ ਨਹੀਂ ਸਨ ਹੁੰਦੇ। ਕਵਿਤਾ ਅਤੇ ਗੀਤ ਸੰਗੀਤ ਵੀ ਹੁੰਦਾ ਸੀ। ਉਸ ਵੇਲੇ ਪੂਰਾ ਜਲੰਧਰ ਦਾ ਮੀਡੀਆ ਇਸ ਆਯੋਜਨ ਦੀ ਕਵਰੇਜ ਨੂੰ ਨੇੜਿਓਂ ਬਹਿ ਕੇ ਕਰਨ ਲਈ ਵਿਸ਼ੇਸ਼ ਕਵਰੇਜ ਪਾਸ ਵਾਲੇ ਕਾਰਡ ਪਹਿਲਾਂ ਹੀ ਰਾਖਵੇਂ ਕਰਵਾ ਲੈਂਦਾ ਸੀ। ਇਹ ਪ੍ਰੋਗਰਾਮ ਦੇਰ ਰਾਤ ਤੱਕ ਚੱਲਦੇ। ਲੰਗਰ ਵੀ ਚੱਲਦੇ ਰਹਿੰਦੇ ਅਤੇ ਪ੍ਰੋਗਰਾਮ ਵੀ ਜਾਰੀ ਰਹਿੰਦੇ। ਸਰਦਾਰ ਗੁਰਬਖਸ਼ ਸਿੰਘ ਪ੍ਰੀਤਲੜੀ ਵੀ ਬੜੀ ਉਚੇਚ ਨਾਲ ਹਾਜ਼ਰ ਹੁੰਦੇ ਅਤੇ ਸਟੇਜ 'ਤੇ ਬਾਹੀਂ ਦੀ ਬਜਾਏ ਆਮ ਸਰੋਤਿਆਂ ਵਿੱਚ ਬੈਠਣਾਂ ਪਸੰਦ ਕਰਦੇ। 

ਸਟੇਜ ਤੋਂ ਭਾਸ਼ਣ ਹੁੰਦਾ ਜਾਂ ਫਿਰ ਗੀਤ ਸੰਗੀਤ ਪਰ ਉਸਦਾ ਜਾਦੂ;ਰੌਸ਼ਨੀ ਅਤੇ ਆਵਾਜ਼ ਰਾਹੀਂ ਦੂਰ ਦੂਰ ਤਕ ਨਵੇਂ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਚੱਲ ਰਹੀ ਮੁਹਿੰਮ ਦਾ ਸੁਨੇਹਾ ਦਿੰਦਾ। ਅਜਿਹੇ ਪ੍ਰੋਗਰਾਮ ਦੇਖ ਕੇ ਜਾਪਦਾ ਸੀ ਜਿਵੇਂ ਹਰ ਦਿਨ ਅਤੇ ਹਰ ਪਲ ਔਰਤਾਂ ਦੀ ਸ਼ਖ਼ਸੀਅਤ ਅਤੇ ਪ੍ਰਤਿਭਾ ਨੂੰ ਸਲਾਮ ਕਰਨ ਵਾਲਾ ਹੋਵੇ। ਉਹਨਾਂ ਵੇਲਿਆਂ ਦੌਰਾਨ ਭਾਸ਼ਣ ਵੀ ਅਜਿਹੇ ਹੁੰਦੇ ਜਿਹੜੇ ਸਰੋਤਿਆਂ ਅਤੇ ਦਰਸ਼ਕਾਂ ਨੂੰ ਕੀਲ ਕੇ ਬਿਠਾਈ ਰੱਖਦੇ।  ਉਹਨਾਂ ਵਿੱਚ ਔਰਤਾਂ ਦੇ ਮੌਜੂਦਾ ਮਸਲਿਆਂ ਦੀ ਗੱਲ ਹੁੰਦੀ। ਮੌਜੂਦਾ ਚੁਣੌਤੀਆਂ ਦੀ ਗੱਲ ਹੁੰਦੀ। ਕਿਹੜੀ ਔਰਤ ਕਿਸ ਪਾਰਟੀ ਤੋਂ ਕਿਸ ਝੰਡੇ ਨਾਲ ਆਈ ਹੈ ਇਸ ਗੱਲ ਦੀ ਜ਼ਿਆਦਾ ਚਿੰਤਾ ਨਹੀਂ ਸੀ ਕੀਤੀ ਜਾਂਦੀ। ਉਸਨੇ ਆਪਣੇ ਇਲਾਕੇ ਜਾਂ ਸਰਕਲ ਵਿੱਚ ਆਪਣੇ ਕੰਮਾਂ ਨਾਲ ਕਿੰਨਾ ਕੁ ਯੋਗਦਾਨ ਪਾਇਆ ਹੈ ਇਸ ਨੂੰ ਬਹੁਤ ਮਹੱਤਵ ਦਿੱਤਾ ਜਾਂਦਾ ਸੀ। 

ਇਹ ਸਭ ਕੁਝ ਚੇਤੇ ਆਇਆ ਅੱਜ ਲੁਧਿਆਣਾ ਵਾਲੇ ਪ੍ਰੋਗਰਾਮ ਵਿੱਚ ਸ਼ਾਇਰਾ ਡਾਕਟਰ ਪਾਲ ਕੌਰ, ਸ਼ਾਇਰਾ ਸੁਰਜੀਤ ਕੌਰ ,  ਸਰਗਰਮ ਲੇਖਿਕਾ ਵੀਨਾ ਜੰਮੂ, ਸੀਨੀਅਰ ਲੀਡਰ  ਰਾਜਿੰਦਰ ਪਾਲ ਕੌਰ ਅਤੇ ਮੰਚ ਸੰਚਾਲਕਾ ਨਰਿੰਦਰ ਸੋਹਲ ਨੂੰ ਦੇਖ ਕੇ। ਸਵੇਰ ਤੋਂ ਹੀ ਇਹ ਸਾਰੇ ਇਸ ਪ੍ਰੋਗਰਾਮ ਦੀ ਸਫਲਤਾ ਲਈ ਸਰਗਰਮ ਸਨ। ਇਹਨਾਂ ਬੁਲਾਰਿਆਂ ਨੇ ਅੱਜ ਦੇ ਮਹਿਲਾ ਸਮਾਜ ਨੂੰ ਦਰਪੇਸ਼ ਸੀ ਨਵੀਆਂ ਪੁਰਾਣੀਆਂ ਚੁਣੌਤੀਆਂ ਦੀ ਵੀ ਗੱਲ ਕੀਤੀ। 

ਅੱਜ ਦੀਆਂ ਸਥਿਤੀਆਂ ਬਾਰੇ ਸੋਸ਼ਲ ਮੀਡੀਆ ਰਾਹੀਂ ਸਾਹਮਣੇ ਆਇਆ ਇੱਕ ਪਹਿਲੂ ਇਹ ਵੀ ਹੈ 

ਪਰ ਹੁਣ ਸਮੇਂ ਦੇ ਨਾਲ ਨਾਲ ਨਵੇਂ ਕਾਨੂੰਨ ਵੀ ਬਣੇ ਹਨ ਅਤੇ ਨਵੀਆਂ ਚੁਣੌਤੀਆਂ ਵੀ ਸਾਹਮਣੇ ਆਈਆਂ ਹਨ। ਹੁਣ ਮਹਿਲਾਵਾਂ ਹੱਥੋਂ ਪੀੜਿਤ ਅਖਵਾਉਣ ਵਾਲੇ ਪੁਰਸ਼ ਵਰਗ ਦਾ ਵੀ ਇੱਕ ਹਿੱਸਾ ਸਾਹਮਣੇ ਆਇਆ ਹੈ. ਇਹਨਾਂ ਪੁਰਸ਼ਾਂ ਨੇ ਸੰਗਠਨ ਵੀ ਬਣਾਏ ਹੋਏ ਹਨ ਅਤੇ ਸੋਸ਼ਲ ਮੀਡੀਆ ਤੇ ਵਟਸਐਪ ਗਰੁੱਪ ਵੀ ਬਣਾਏ ਹੋਏ ਹਨ। ਚੰਡੀਗੜ੍ਹ, ਲੁਧਿਆਣਾ ਅਤੇ ਦਿੱਲੀ ਅਤੇ ਹੋਰ ਵੀ ਕਈ ਕਈ ਥਾਂਵਾਂ 'ਤੇ ਆਪਣੇ ਬਹੁਤ ਹੀ ਸਰਗਰਮ ਗਰੁੱਪ ਵੀ ਬਣਾਏ ਹੋਏ ਹਨ। ਇਹਨਾਂ  ਦੀਆਂ ਸ਼ਿਕਾਇਤਾਂ ਭਾਵੇਂ ਔਰਤਾਂ ਦੇ ਖਿਲਾਫ ਹਨ ਪਰ ਅਸਲੀ ਵਿੱਚ ਇਹ ਸਾਰੀਆਂ ਉਲਝਣਾਂ ਅਤੇ ਮੁਸੀਬਤਾਂ ਪੂੰਜਨਿਵਾਦੀ ਸਿਸਟਮ ਦੀ ਹੀ ਦੇਣ ਹਨ। ਸਮਾਜ ਅਤੇ ਜੀਵਨ ਨੂੰ ਪ੍ਰਦੂਸ਼ਿਤ ਕਰਨ ਵਾਲੀਆਂ ਮੁਸੀਬਤਾਂ ਦੇ ਜਨਮਦਾਤਾ ਇਸ ਪੂੰਜੀਵਾਦੀ ਸਿਸਟਮ ਦੇ ਖਿਲਾਫ ਵੀ ਲੜਨ ਦੀ ਲੋੜ ਹੈ ਅਤੇ ਇਆ ਸਿਸਟਮ ਮੁਮ ਸ਼ਹਿ, ਹੱਲਾਸ਼ੇਰੀ ਅਤੇ ਪਨਾਹ ਦੇਣ ਵਾਲੀ ਸਿਆਸਤ ਦੇ ਖਿਲਾਫ ਵੀ ਲੜਨ ਦੀ ਲੋੜ ਹੈ। 

ਹੁਣ ਦੇਖਣਾ ਹੈ ਕਿ ਇਸਤਰੀਆਂ ਦੀਆਂ ਸਮੱਸਿਆਵਾਂ ਨੂੰ ਸਮਝਣ ਅਤੇ ਸੁਲਝਾਉਣ ਲਈ ਸਾਡਾ ਸਮਾਜ, ਸਾਡੀ ਸਰਕਾਰ ਅਤੇ ਸਾਡਾ  ਭਾਈਚਾਰਾ ਕਿਹੜੇ ਕਿਹੜੇ ਕਦਮ ਪੁੱਟਦਾ ਹੈ। ਇਸੇ ਸਮਾਗਮ ਵਿੱਚ ਅਮਰੀਕਾ ਅਤੇ ਇਸਰਾਈਲ ਵੱਲੋਂ ਇਰਨ ਦੇ ਖਿਲਾਫ ਕੀਤੀ ਗਈ ਬੰਬਬਾਰੀ ਦੌਰਾਹ ਮੌਤ ਦਾ ਸ਼ਿਕਾਰ ਹੋਇਆ ਕੁੜੀਆਂ ਦੇ ਹੱਕ ਵਿੱਚ ਵੀ ਹਾਅ ਦਾ ਨਾਅਰਾ ਮਾਰਿਆ ਗਿਆ। ਜੰਗਬਾਜ਼ ਮੁਲਕਾਂ ਦੀ ਤਿੱਖੀ ਨਿਖੇਧੀ ਕੀਤੀ ਗਈ ਅਤੇ ਅਮਨ ਸ਼ਾਂਤੀ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਗਈ। 

Saturday, 7 March 2026

ਉਹ ਕੌਣ ਲੋਕ ਨੇ

 Yashpal वर्ग चेतना: On 07th  March 2026 at 20:19  Regarding International Women Day 

Who are those peoples Pexels-Photo-By Pavel Danilyuk

*ਕਵਿਤਾ:*//*ਉਹ ਕੌਣ ਲੋਕ ਨੇ

ਉਹ ਕੌਣ ਲੋਕ ਨੇ

ਜੋ ਵੇਸਵਾ ਦਸਦੇ ਨੇ

ਸਵਾਲ ਕਰਦੀਆਂ

*ਕੁੜੀਆਂ ਨੂੰ*


ਇਹ ਉਹੀ ਲੋਕ ਨੇ

ਜੋ ਧਰਤੀ 'ਤੇ ਜੰਮਣ ਮੌਕੇ

ਰਹਿ ਜਾਂਦੇ ਨੇ

ਮਨੁੱਖ ਬਣਨੋਂ


*ਹਿੰਦੀ ਤੋਂ ਪੰਜਾਬੀ ਅਨੁਵਾਦ*

*ਯਸ਼ ਪਾਲ ਵਰਗ ਚੇਤਨਾ*

(98145 35005)

8 ਮਾਰਚ//ਔਰਤ ਹੈਂ ਤੂੰ....

Yashpal वर्ग चेतना: 07th March 2026 at 20:19 Regarding International Women Day

                     ਕੌਮਾਂਤਰੀ ਔਰਤ ਦਿਵਸ’ਤੇ ਵਿਸ਼ੇਸ਼         

You are a Woman Pexels-Photo By Sima Ghaffarzadeh CRA1

  8 ਮਾਰਚ//ਔਰਤ ਹੈਂ ਤੂੰ....

ਮਰਦ ਨਾ ਹੋ ਪਾਏਂਗੀ..

ਐਨਾਂ ਕਠੋਰ ਦਿਲ

ਕਿੱਥੋਂ ਲਿਆਏਂਗੀ..!


ਗਿਆਨ ਦੀ ਤਲਾਸ਼

ਕੀ ਸਿਰਫ ਬੁੱਧ ਨੂੰ ਹੀ ਸੀ?

ਕੀ ਤੂੰ ਨਹੀਂ ਲੈਣਾ ਚਾਹੁੰਦੀ 

 ਉਹ ਗਿਆਨ?


ਪਰ,ਜਾ ਪਾਏਂਗੀ

ਆਪਣੇ ਪਤੀ ਪਰਮੇਸ਼ਰ

ਤੇ ਨੰਨ੍ਹੇ ਬੱਚੇ ਨੂੰ

ਛੱਡ ਕੇ ?


ਤੂੰ ਤਾਂ ਉਨ੍ਹਾਂ ਤੋਂ

ਜਾਨ ਲੁਟਾਏਂਗੀ...

ਉਨ੍ਹਾਂ ਲਈ ਆਪਣੇ ਭਵਿੱਖ ਨੂੰ

ਦਾਅ ‘ਤੇ ਲਾਏਂਗੀ...


ਉਨ੍ਹਾਂ ਦੇ ਬੁਲ੍ਹਾਂ ਦੀ

ਇੱਕ ਮੁਸਕਾਨ ਲਈ

ਆਪਣੀ ਖੁਸ਼ੀ ਦੀ

ਬਲੀ ਚੜ੍ਹਾਏਂਗੀ...


ਔਰਤ ਹੈਂ ਤੂੰ..

ਮਰਦ ਨਾ ਹੋ ਪਾਏਂਗੀ..

ਐਨਾਂ ਕਠੋਰ ਦਿਲ

ਕਿੱਥੋਂ ਲਿਆਏਂਗੀ...


ਲੈ ਸਕੇਂਗੀ

ਉਸਦੀ ਅਗਨੀ ਪ੍ਰੀਖਿਆ

ਉਸਦੇ ਨਾਜਾਇਜ

ਸੰਬੰਧਾਂ ਕਰਕੇ?


ਮੁਆਫ ਕਰ ਦੇਵੇਂਗੀ

ਉਸ ਦੀਆਂ ਗਲਤੀਆਂ ਨੂੰ

ਹਜਾਰ ਗਮ ਪੀ ਕੇ ਵੀ

ਤੂੰ ਮੁਸਕਰਾਏਂਗੀ...


ਔਰਤ ਹੈਂ ਤੂੰ..

ਮਰਦ ਨਾ ਹੋ ਪਾਏਂਗੀ...

ਐਨਾਂ ਕਠੋਰ ਦਿਲ

ਕਿੱਥੋਂ ਲਿਆਏਂਗੀ...


ਕੀ ਕ੍ਰਿਸ਼ਨ ਬਣ ਪਾਏਂਗੀ?

ਜੋੜ ਸਕੇਂਗੀ ਆਪਣਾ ਨਾਂ

ਕਿਸੇ ਪਰਾਏ ਮਰਦ ਨਾਲ 

ਜਿਵੇਂ ਕ੍ਰਿਸ਼ਨ ਸੰਗ ਰਾਧਾ ??


ਜੇ ਤੇਰਾ ਨਾਂ ਜੁੜਿਆ

ਤਾਂ ਤੂੰ ਚਰਿੱਤਰਹੀਣ 

ਕਹਾਂਏਂਗੀ....

ਤੂੰ ਮੁਸਕਰਾ ਕੇ ਜੇ

ਗੱਲ ਵੀ ਕੀਤੀ

ਤਾਂ ਕਲੰਕਣੀ- ਕੁਲੱਛਣੀ 

ਬਣ ਜਾਏਂਗੀ....


ਔਰਤ ਹੈਂ ਤੂੰ...

ਮਰਦ ਨਾ ਹੋ ਪਾਏਂਗੀ...

ਐਨਾਂ ਕਠੋਰ ਦਿਲ

ਕਿੱਥੋਂ ਲਿਆਏਂਗੀ...


ਕੀ ਯੁਧਿਸ਼ਟਰ ਬਣ ਪਾਏਂਗੀ?

ਜੂਏ ‘ਚ ਪਤੀ ਨੂੰ

ਹਾਰ ਜਾਏਂਗੀ ??


ਤੂੰ ਤਾਂ ਉਸਦੀ ਇੱਜਤ ਖਾਤਰ

ਦੁਰਗਾ-ਚੰਡੀ ਬਣ ਜਾਏਂਗੀ...

ਖੁਦ ਨੂੰ ਕੁਰਬਾਨ ਕਰ ਜਾਏਂਗੀ..

ਮੌਤ ਵੀ ਆਏ ਤਾਂ ਸਾਹਵੇਂ

ਨਿੱਡਰ ਖੜ੍ਹੀ ਹੋ ਜਾਏਂਗੀ.....


ਔਰਤ ਹੈਂ ਤੂੰ..

ਮਰਦ ਨਾ ਹੋ ਪਾਏਂਗੀ...

ਐਨਾਂ ਕਠੋਰ ਦਿਲ

ਕਿੱਥੋਂ ਲਿਆਏਂਗੀ......


ਰਹਿਣ ਦੇ ਤੂੰ.. 

ਇਹ ਸਭ ਕੁੱਝ

ਕਿਉੰਕਿ

ਤੂੰ ਨਾਜੁਕ ਹੈਂ...

ਤੂੰ ਸਹਿਜ ਹੈਂ...

ਤੂੰ ਨਿਸਚਲ ਹੈਂ...

ਤੂੰ ਨਿਰਮਲ ਹੈਂ...

ਤੂੰ ਕੋਮਲ ਹੈਂ...

ਤੂੰ ਪ੍ਰੇਮ ਹੀ ਪ੍ਰੇਮ ਹੈਂ....


          ਮੂਲ:ਅਗਿਆਤ

ਹਿੰਦੀ ਤੋਂ ਪੰਜਾਬੀ ਅਨੁਵਾਦ:

ਯਸ਼ ਪਾਲ ਵਰਗ ਚੇਤਨਾ

    (98145 35005)

Tuesday, 3 March 2026

ਸਵ: ਸ਼ੰਗਾਰਾ ਸਿੰਘ ਭੁੱਲਰ ਦੀ ਸਵੈ-ਜੀਵਨੀ ‘ਯਾਦਾਂ ਦਾ ਦਰਪਣ’ ਹੋਈ ਲੋਕ-ਅਰਪਣ

Bhupinder Malik WhatsApp on  Tuesday 3rd March 2026 at 16:35 Regarding Book Release Event

ਪੰਜਾਬੀ ਲੇਖਕ ਸਭਾ ਚੰਡੀਗੜ੍ਹ ਨੇ ਪ੍ਰੈਸ ਕਲੱਬ ਵਿਖੇ ਰਚਾਇਆ ਭਰਵਾਂ ਸਮਾਗਮ 

ਡਾ. ਬਲਵਿੰਦਰ ਸਿੰਘ ਥਿੰਦ ਨੇ ਕਿਤਾਬ ਦੀ ਕੀਤੀ ਸੰਪਾਦਨਾ 


ਚੰਡੀਗੜ੍ਹ: 3 ਮਾਰਚ 2026: (ਭੁਪਿੰਦਰ ਮਲਿਕ//ਮੀਡੀਆ ਲਿੰਕ 32//ਸਾਹਿਤ ਸਕਰੀਨ)::

ਅੱਜ ਚੰਡੀਗੜ੍ਹ ਪ੍ਰੈਸ ਕਲੱਬ ਵਿਖੇ ਸ਼੍ਰੋਮਣੀ ਪੱਤਰਕਾਰ ਸਵਰਗੀ ਸ਼ੰਗਾਰਾ ਸਿੰਘ ਭੁੱਲਰ ਦੀ ਸਵੈ-ਜੀਵਨੀ ‘ਯਾਦਾਂ ਦਾ ਦਰਪਣ’ ਨੂੰ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਨੇ ਇੱਕ ਭਰਵੇਂ ਸਮਾਗਮ ਵਿੱਚ ਰਿਲੀਜ਼ ਕੀਤਾ ਜਿਸ ਵਿੱਚ ਵੱਡੀ ਗਿਣਤੀ ਵਿੱਚ ਪੱਤਰਕਾਰਾਂ, ਸਾਹਿਤਕਾਰਾਂ, ਬੁੱਧੀਜੀਵੀਆਂ, ਭੁੱਲਰ ਪਰਿਵਾਰ ਦੇ ਮੈਂਬਰਾਂ ਅਤੇ ਮਿੱਤਰਾਂ ਨੇ ਹਿੱਸਾ ਲਿਆ I ਲੋਕ-ਅਰਪਣ ਮੌਕੇ ਪ੍ਰਧਾਨਗੀ ਮੰਡਲ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਉੱਘੇ ਖੇਡ ਪੱਤਰਕਾਰ ਅਤੇ ਲੇਖਕ ਪ੍ਰਿੰ. ਸਰਵਣ ਸਿੰਘ, ਪ੍ਰਸਿੱਧ ਲੇਖਕ ਨਿੰਦਰ ਘੁਗਿਆਣਵੀ, ਸੀਨੀਅਰ ਪੱਤਰਕਾਰ ਬਲਜੀਤ ਬੱਲੀ, ਪੁਸਤਕ ਦੇ ਸੰਪਾਦਕ ਡਾ. ਬਲਵਿੰਦਰ ਸਿੰਘ ਥਿੰਦ, ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦੀਪਕ ਸ਼ਰਮਾ ਚਨਾਰਥਲ ਅਤੇ  ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਤੋਂ ਇਲਾਵਾ ਮਰਹੂਮ ਸ਼ੰਗਾਰਾ ਸਿੰਘ ਭੁੱਲਰ ਦੇ ਪਰਿਵਾਰਿਕ ਮੈਂਬਰਾਂ ਸਰਦਾਰਨੀ ਅਮਰਜੀਤ ਕੌਰ ਭੁੱਲਰ, ਚੇਤਨਪਾਲ ਸਿੰਘ ਭੁੱਲਰ, ਰਮਣੀਕ ਸਿੰਘ ਅਤੇ ਗੁਰਪ੍ਰਤਾਪ ਸਿੰਘ ਰਿਆੜ ਨੇ ਮੌਜੂਦਗੀ ਦਰਜ ਕਰਵਾਈ। 

ਸਵਾਗਤੀ ਸ਼ਬਦਾਂ ਵਿੱਚ ਦੀਪਕ ਸ਼ਰਮਾ ਚਨਾਰਥਲ ਨੇ ਕਿਹਾ ਕਿ ਸ਼ੰਗਾਰਾ ਸਿੰਘ ਭੁੱਲਰ ਦਾ ਜੀਵਨ ਆਉਂਦੀ ਪੀੜ੍ਹੀ ਦੇ ਪੱਤਰਕਾਰਾਂ ਵਾਸਤੇ ਰਾਹ ਦਸੇਰਾ ਸੀ। ਮੰਚ ਸੰਚਾਲਨ ਕਰਦਿਆਂ ਭੁਪਿੰਦਰ ਸਿੰਘ ਮਲਿਕ ਨੇ ਇਸ ਪੁਸਤਕ ਨੂੰ ਪ੍ਰੇਰਨਾ, ਸਾਦਗੀ ਅਤੇ ਨਿਸ਼ਠਾ ਦਾ ਅਹਿਮ ਦਸਤਾਵੇਜ਼ ਦੱਸਿਆ। ਮੁੱਖ ਮਹਿਮਾਨ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪੰਜਾਬੀ ਪੱਤਰਕਾਰੀ ਵਿੱਚ ਸ਼ੰਗਾਰਾ ਸਿੰਘ ਭੁੱਲਰ ਦਾ ਨਾਮ ਬਹੁਤ ਅਦਬ ਅਤੇ ਸਤਿਕਾਰ ਰੱਖਦਾ ਹੈ। ਡਾ. ਬਲਵਿੰਦਰ ਸਿੰਘ ਥਿੰਦ ਨੇ ਕਿਹਾ ਕਿ ਉਹਨਾਂ ਦਾ ਇਹ ਉੱਦਮ ਅਸਲ ਵਿੱਚ ਸ਼ੰਗਾਰਾ ਸਿੰਘ ਭੁੱਲਰ ਦੀ ਬਹੁਪੱਖੀ ਸ਼ਖ਼ਸੀਅਤ ਨੂੰ ਇੱਕ ਸਿਜਦਾ ਹੈ। 

ਨਿੰਦਰ ਘੁਗਿਆਣਵੀ ਨੇ ਕਿਹਾ ਕਿ ਸਾਹਿਤ ਖੇਤਰ ਵਿੱਚ ਉਹਨਾਂ ਨੇ ਪਹਿਲਾ ਪੈਰ ਸ਼ੰਗਾਰਾ ਸਿੰਘ ਭੁੱਲਰ ਦੀ ਬਦੌਲਤ ਹੀ ਰੱਖਿਆ। ਬਲਜੀਤ ਬੱਲੀ ਨੇ ਕਿਹਾ ਕਿ ਉਸ ਵੇਲ਼ੇ ਦੀਆਂ ਚੁਣੌਤੀਆਂ ਨੂੰ ਨਿਡਰਤਾ ਨਾਲ ਕਬੂਲਦਿਆਂ ਪੰਜਾਬੀ ਪੱਤਰਕਾਰੀ ਦੇ ਉਹ ਸ਼ਾਹ-ਅਸਵਾਰ ਬਣੇ। ਲੋਕ ਸੰਪਰਕ ਵਿਭਾਗ ਦੇ ਡਿਪਟੀ ਡਾਇਰੈਕਟਰ ਅਤੇ ਖੇਡ ਪੱਤਰਕਾਰ ਨਵਦੀਪ ਗਿੱਲ ਨੇ ਕਿਹਾ ਕਿ ਭੁੱਲਰ ਨੇ ਕਈ ਪੱਤਰਕਾਰਾਂ ਨੂੰ ਪ੍ਰੇਰਿਤ ਕੀਤਾ। ਸਿਰਫ ਪ੍ਰੇਰਿਤ ਹੀ ਨਹੀਂ ਕੀਤਾ ਬਲਕਿ ਉਹਨਾਂ ਨੂੰ ਬੜੇ ਸਨਮਾਨਜਨਕ ਢੰਗ ਨਾਲ ਅਤੇ ਬੜੀ ਖਾਮੋਸ਼ੀ ਨਾਲ ਮਦਦ ਵੀ ਕੀਤੀ। 

ਰੋਜ਼ਾਨਾ ਅਖਬਾਰ ਨਵਾਂ ਜ਼ਮਾਨਾ ਨਾਲ ਉਹਨਾਂ ਦਾ ਮੁਢਲਾ ਸੰਬੰਧ ਉਹਨਾਂ ਦੀ ਵਿਚਾਰਧਾਰਕ ਪ੍ਰਤੀਬੱਧਤਾ ਦਾ ਵੀ ਗਵਾਹ ਹੈ। ਪੰਜਾਬੀ ਟ੍ਰਿਬਿਊਨ ਵਿੱਚ ਜ਼ਿੰਮੇਵਾਰੀ ਸੰਭਾਲ ਲੈਣ ਮਗਰੋਂ ਵੀ ਉਹਨ ਅਕਸਰ ਜਲੰਧਰ ਜਾਂਦੇ ਅਤੇ ਨਵਾਂ ਜ਼ਮਾਨਾ ਅਖਬਾਰ ਦੇ ਸਟਾਫ ਨਾਲ ਉਚੇਚਾ ਮਿਲ ਕੇ ਆਉਂਦੇ। 

ਦਿੱਲੀ ਸਰਕਾਰ ਦੇ ਤ੍ਰੈਮਾਸਿਕ ਪੰਜਾਬੀ ਪਰਚੇ "ਦਿੱਲੀ" ਦੀ ਸੰਪਾਦਨਾ ਵੀ ਉਹਨਾਂ ਬਹੁਤ ਹੀ ਯਾਦਗਾਰੀ ਢੰਗ ਨਾਲ ਕੀਤੀ। ਉਹਨਾਂ ਦੇ ਕਈ ਅੰਕ ਬਹੁਤ ਸਾਰੇ ਲੋਕਾਂ ਨੇ ਬੜੀ ਦੇਰ ਸੰਭਾਲ ਕੇ ਵੀ ਰੱਖੇ। ਇਸ ਪਰਚੇ ਵਿੱਚ ਚਲੰਤ ਮਾਮਲਿਆਂ ਦੇ ਨਾਲ ਨਾਲ ਦਿੱਲੀ ਸਰਕਾਰ ਦੀਆਂ ਪ੍ਰਾਪਤੀਆਂ ਵੀ ਹੁੰਦੀਆਂ ਅਤੇ ਸਾਹਿਤਿਕ ਵਿਧਾ ਨਾਲ ਜੁੜੀਆਂ ਰਚਨਾਵਾਂ ਵੀ।  

ਉਹਨਾਂ ਦੇ ਸਾਥੀ ਰਹੇ ਹਰਬੰਸ ਸੋਢੀ ਨੇ ਕਈ ਵਾਕਿਆਤ ਸਾਂਝੇ ਕੀਤੇ। ਸੀਨੀਅਰ ਪੱਤਰਕਾਰ ਤਰਲੋਚਨ ਸਿੰਘ ਨੇ ਕਿਹਾ ਕਿ ਪੱਤਰਕਾਰੀ ਦੇ ਮੁੱਢਲੇ ਅਸੂਲ ਉਹਨਾਂ ਨੇ ਸ਼ੰਗਾਰਾ ਸਿੰਘ ਭੁੱਲਰ ਕੋਲੋਂ ਹੀ ਸਿੱਖੇ। ਪੰਜਾਬ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਭੁੱਲਰ ਦੀ ਸ਼ਖ਼ਸੀਅਤ ਇਖਲਾਕ਼ੀ ਕਦਰਾਂ ਕੀਮਤਾਂ ਦੀ ਬਾਕਮਾਲ ਉਦਹਾਰਣ ਸੀ। 

ਸ਼੍ਰੋਮਣੀ ਸਾਹਿਤਕਾਰ ਮਨਮੋਹਨ ਸਿੰਘ ਦਾਊਂ ਨੇ ਕਿਹਾ ਕਿ ਉਹ ਸਾਹਿਤ ਅਤੇ ਪੰਜਾਬੀ ਪੱਤਰਕਾਰੀ ਦਾ ਖ਼ੂਬਸੂਰਤ ਸੁਮੇਲ ਸਨ।  ਉੱਘੇ ਪੱਤਰਕਾਰ ਜਗਤਾਰ ਭੁੱਲਰ ਨੇ ਆਖਿਆ ਕਿ ਉਹ ਹਮੇਸ਼ਾ ਆਪਣੇ ਨਾਲ ਕੰਮ ਕਰਦੇ ਪੱਤਰਕਾਰਾਂ ਦੀ ਸੁਹਿਰਦਤਾ ਦੀ ਪਛਾਣ ਕਰਦਿਆਂ ਚੰਗੀ ਸਲਾਹ ਦੇ ਕੇ ਹੋਰ ਨਿਖਾਰਦੇ ਸਨ। ਡਾ. ਸੁਰਿੰਦਰ ਗਿੱਲ ਅਤੇ ਰਜਿੰਦਰ ਕੌਰ ਨੇ ਸ਼ੰਗਾਰਾ ਸਿੰਘ ਭੁੱਲਰ ਨਾਲ ਆਪਣੀ ਸਾਂਝ ਦਾ ਜ਼ਿਕਰ ਕਰਦਿਆਂ ਗੱਲਾਂ ਦੱਸੀਆਂ। ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਦੀਦਾਰ ਸਿੰਘ ਨਲਵੀ ਨੇ ਕਿਹਾ ਕਿ ਪੰਜਾਬੀ ਭਾਸ਼ਾ ਦੇ ਪ੍ਰਚਾਰ,  ਪਾਸਾਰ ਵਿੱਚ ਉਹਨਾਂ ਦਾ ਯੋਗਦਾਨ ਬੇਹਤਰੀਨ ਹੈ। 

ਪਰਿਵਾਰ ਵੱਲੋਂ ਧੰਨਵਾਦ ਕਰਦਿਆਂ ਗੁਰਪ੍ਰਤਾਪ ਸਿੰਘ ਰਿਆੜ ਨੇ ਕਿਹਾ ਕਿ ਸ਼ੰਗਾਰਾ ਸਿੰਘ ਭੁੱਲਰ  ਇੱਕ ਮਾਣ-ਮੱਤੀ ਸ਼ਖ਼ਸੀਅਤ ਸਨ। 

9 ਜਨਵਰੀ 1946 ਨੂੰ ਜਨਮੇ ਸ਼ੰਗਾਰਾ ਸਿੰਘ ਭੁੱਲਰ ਦਾ 73 ਸਾਲ ਦੀ ਉਮਰ ਵਿੱਚ   11 ਦਸੰਬਰ 2019 ਨੂੰ ਕੈਂਸਰ ਦੀ ਬਿਮਾਰੀ ਹੱਥੋਂ ਹਾਰਦਿਆਂ ਦੇਹਾਂਤ ਹੋ ਗਿਆ ਸੀ। 

ਜ਼ਿਕਰ ਯੋਗ ਹੈ ਕਿ ਸ਼ੰਗਾਰਾ ਸਿੰਘ ਭੁੱਲਰ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਦੇ ਜਨਰਲ ਸਕੱਤਰ ਵੀ ਰਹੇ ਸਨ। ਅੱਜ ਦੇ ਇਸ ਸਮਾਗਮ ਵਿੱਚ ਉਪਰੋਕਤ ਨਾਵਾਂ ਤੋਂ ਇਲਾਵਾ ਜਿਹਨਾਂ ਦੀ ਹਾਜ਼ਰੀ ਅਹਿਮ ਰਹੀ ਉਹਨਾਂ ਵਿੱਚ ਬਲਕਾਰ ਸਿੱਧੂ, ਕੈਪਟਨ ਨਰਿੰਦਰ ਸਿੰਘ ਆਈ. ਏ. ਐੱਸ, ਜੈ ਸਿੰਘ ਛਿੱਬਰ, ਰਜਿੰਦਰ ਪਾਲ ਸਿੰਘ, ਬਲਵਿੰਦਰ ਸਿੰਘ  ਉੱਤਮ, ਡਾ. ਤਰਲੋਚਨ ਸਿੰਘ ਸੇਠੀ, ਪਾਲ ਅਜਨਬੀ, ਭੁਪਿੰਦਰ ਸਾਂਬਰ, ਹਰਮਿੰਦਰ ਕਾਲੜਾ, ਲਾਭ ਸਿੰਘ ਬਰਾੜ, ਗੁਰਜੀਤ ਕੌਰ, ਨਵਦੀਪ ਪਾਲ ਕੌਰ, ਪਰਿਤੋਸ਼ ਗੁਪਤਾ, ਯੋਗੇਸ਼ ਗੁਪਤਾ, ਸਰੋਜ ਬਾਲਾ, ਨਿਰਪਾਲ ਸਿੰਘ ਰੰਧਾਵਾ, ਡਾ. ਸੁਰਿੰਦਰ ਕੁਮਾਰ ਦਵੇਸ਼ਵਰ, ਰਜਨੀ ਸ਼ਰਮਾ, ਰਾਜ ਕੁਮਾਰੀ, ਪਰਵੀਨ ਕੌਰ, ਕੁਲਵਿੰਦਰਜੀਤ ਸਿੰਘ, ਨਿਰਮਲ ਸਿੰਘ, ਮਲਕੀਤ ਸਿੰਘ ਥਿੰਦ, ਅਜਾਇਬ ਸਿੰਘ ਔਜਲਾ, ਰਣਦੀਪ ਸਿੰਘ ਆਹਲੂਵਾਲੀਆ, ਸੁਰਜੀਤ ਸਿੰਘ ਧੀਰ, ਰਜਿੰਦਰ ਕੌਰ ਸਰਾਂ, ਗੁਰਮੀਤ ਖਰੜ,ਇੰਸਪੈਕਟਰ ਰਾਮ ਦਿਆਲ, ਤੇਜਿੰਦਰ ਕੌਰ ਥਿੰਦ, ਕਿਰਨਦੀਪ ਕੌਰ, ਜੋਗਿੰਦਰ ਕੁਮਾਰ, ਜਗਰੂਪ ਸਿੰਘ, ਸਿਮਰਨ, ਬਲਜੀਤ ਸਿੰਘ ਗਿੱਲ, ਕੁਲਬੀਰ ਸਿੰਘ, ਸਤੀਸ਼ ਰਤਨ, ਪ੍ਰੋ. ਨਾਨਕ ਸਿੰਘ ਮਾਹਲ, ਕੇਵਲ ਕ੍ਰਿਸ਼ਨ ਸ਼ਰਮਾ, ਤਰੁਣ ਭਜਨੀ, ਚਰਨਜੀਤ ਭੁੱਲਰ, ਸੌਰਵ ਦੁੱਗਲ, ਸੁਖਵਿੰਦਰ ਸਿੰਘ, ਚਰਨਜੀਤ ਕੌਰ ਬਾਠ, ਕੁਲਵੰਤ ਸਿੰਘ ਸੰਧੂ, ਹਰਚਰਨ ਸਿੰਘ ਗਰੇਵਾਲ, ਸੁਰਮੁਖ ਸਿੰਘ, ਸੁੱਚਾ ਸਿੰਘ ਬੁੱਟਰ, ਕੰਵਲਜੀਤ ਕੌਰ, ਗੋਬਿੰਦਰ ਸਿੰਘ, ਜਸਵਿੰਦਰ ਸਿੰਘ, ਬਲਬੀਰ ਸਿੰਘ, ਲਾਭ ਸਿੰਘ ਲਹਿਲੀ, ਸਵੈਰਾਜ ਸੰਧੂ,ਪਰਮਿੰਦਰ ਸਿੰਘ ਗਿੱਲ, ਡਾ. ਸਾਹਿਬ ਸਿੰਘ ਅਰਸ਼ੀ, ਸੰਜੇ ਸ਼ਰਮਾ, ਪਰਮਜੀਤ ਸਿੰਘ, ਪ੍ਰਵੇਸ਼ ਚੌਹਾਨ,ਹਰਸ਼ਬਾਬ ਸਿੰਘ,ਧਰਮਪਾਲ ਰਾਣਾ, ਡਾ. ਅਰਵਿੰਦਰ ਸਾਂਬਰ, ਦਿਨੇਸ਼ ਜੋਸ਼ੀ, ਜਸਵਿੰਦਰ ਕੌਰ, ਗੁਰਮੀਤ ਸਿੰਘ ਗੋਲਾਂ, ਪੱਤਰਕਾਰ ਕੇ. ਪੀ ਸਿੰਘ, ਸੁਖਦੇਵ ਸਿੰਘ ਕਾਹਲੋਂ, ਉਪਿੰਦਰ ਸਿੰਘ ਲਾਂਬਾ, ਸੁਖਦੇਵ ਸਿੰਘ, ਪੱਤਰਕਾਰ ਦਵਿੰਦਰ ਸਿੰਘ ਕੋਹਲੀ, ਨਰਪਾਲ ਸਿੰਘ ਸ਼ੇਰਗਿੱਲ, ਉਜਾਗਰ ਸਿੰਘ ਡੀ.ਪੀ. ਆਰ. ਓ, ਪਰਮਜੀਤ ਸਿੰਘ,ਬਲਵਿੰਦਰ ਸਿੰਘ, ਬਲਜੀਤ ਸਿੰਘ, ਭਗਵਾਨ ਦਾਸ ਗੁਪਤਾ, ਰਾਜੀਵ ਕੁਮਾਰ ਵਸਿਸ਼ਟ, ਗਗਨਦੀਪ ਸਿੰਘ ਧਾਲੀਵਾਲ, ਜਸਵੀਰ  ਸਮਰ, ਜੋਗਿੰਦਰ ਸਿੰਘ ਜੱਗਾ, ਮਨਜੀਤ ਕੌਰ ਮੁਹਾਲੀ, ਗੁਰਪ੍ਰੀਤ ਖੋਖਰ, ਮਨਜੀਤ ਸਿੰਘ, ਸੰਤੋਸ਼, ਏਕਤਾ, ਵਰਿੰਦਰ ਚੱਠਾ, ਵਿਸ਼ਾਲ ਸ਼ਰਮਾ, ਬਲਦੇਵ ਸਿੰਘ (ਸਪਤਰਿਸ਼ੀ ਪ੍ਰਕਾਸ਼ਨ) ਹਰੀਸ਼ ਕੁਮਾਰ, ਪੱਤਰਕਾਰ ਜਗਦੀਸ਼ ਥਿੰਦ, ਦਵਿੰਦਰਜੀਤ ਸਿੰਘ ਦਰਸ਼ੀ, ਗਗਨਦੀਪ ਸਿੰਘ, ਸਪਨਦੀਪ ਸਿੰਘ ਅਤੇ ਮਨਮੋਹਨ ਸ਼ਰਮਾ ਦੇ ਨਾਮ ਕਾਬਿਲੇ ਗ਼ੌਰ ਹਨ। 

ਕੁਲ ਮਿਲਾ ਕੇ ਇਹ ਇੱਕ ਯਾਦਗਾਰੀ ਸਮਾਗਮ ਰਿਹਾ। ਇਸ ਸਮਾਗਮ ਰ ਦੇ ਉਪਰਾਲੇ ਨਾਲ ਉਹਨਾਂ ਸਭਨਾਂ ਨੂੰ ਅਤੀਤ ਦੀ ਯਾਤਰਾ ਕਰਨ ਦਾ ਇੱਕ ਹੋਰ ਮੌਕਾ ਮਿਲਿਆ ਜਿਹੜੇ ਸਵਰਗੀ ਸੰਗਾਰਾ ਸਿੰਘ ਭੁੱਲਰ ਹੁਰਾਂ ਨਾਲ ਉਠਦੇ ਬੈਠਦੇ ਰਹੇ ਹਨ।