Harmeet Vidiarthi on Wednesday 11th March 2026 at 12:39 PM Regarding Kala-Peeth
ਇਹ ਸਨਮਾਨ ਸਮਾਗਮ 26 ਮਾਰਚ ਨੂੰ ਫ਼ਿਰੋਜ਼ਪੁਰ ਵਿਖ਼ੇ ਹੋਵੇਗਾ
ਫ਼ਿਰੋਜ਼ਪੁਰ: 11 ਮਾਰਚ 2026: (ਮੀਡੀਆ ਲਿੰਕ 32 ਟੀਮ/ /ਸਾਹਿਤ ਸਕਰੀਨ ਡੈਸਕ)::
ਸ਼ਬਦ ਸੱਭਿਆਚਾਰ ਦੇ ਪਸਾਰ ਲਈ ਨਿਰੰਤਰ ਯਤਨਸ਼ੀਲ ਸੰਸਥਾ ਕਲਾਪੀਠ ਅਤੇ ਅਨਿਲ ਆਦਮ ਮੈਮੋਰੀਅਲ ਫ਼ਾਊਂਡੇਸ਼ਨ ਵੱਲੋਂ ਵੱਲੋਂ ਪੰਜਾਬੀ ਦੇ ਜ਼ਹੀਨ ਸ਼ਾਇਰ ਸਵਰਗੀ ਅਨਿਲ ਆਦਮ ਦੀ ਯਾਦ ਵਿੱਚ ਦਿੱਤਾ ਜਾਣ ਵਾਲਾ ਅਨਿਲ ਆਦਮ ਸਿਮਰਤੀ ਪੁਰਸਕਾਰ 2026 ਨੌਜਵਾਨ ਸ਼ਾਇਰ ਰਾਜਿੰਦਰ ਨੂੰ ਉਸ ਦੀ ਪੁਸਤਕ "ਉਹ ਦਿਨ ਵੀ ਆਉਣਗੇ" ਲਈ ਦਿੱਤਾ ਜਾ ਰਿਹਾ ਹੈ।
ਇਹ ਜਾਣਕਾਰੀ ਦਿੰਦਿਆਂ ਕਲਾਪੀਠ ਦੇ ਪ੍ਰਧਾਨ ਪ੍ਰੋ. ਜਸਪਾਲ ਘਈ, ਜਨਰਲ ਸਕੱਤਰ ਸੁਖਜਿੰਦਰ, ਅਨਿਲ ਆਦਮ ਮੈਮੋਰੀਅਲ ਫ਼ਾਊਂਡੇਸ਼ਨ ਦੀ ਪ੍ਰਧਾਨ ਅੰਜੁਮ ਸ਼ਰਮਾ, ਸਕੱਤਰ ਪ੍ਰੋ. ਕੁਲਦੀਪ, ਪ੍ਰੋ. ਗੁਰਤੇਜ ਕੋਹਾਰਵਾਲਾ, ਰਾਜੀਵ ਖ਼ਿਆਲ, ਸੁਰਿੰਦਰ ਕੰਬੋਜ, ਸੰਦੀਪ ਚੌਧਰੀ ਅਤੇ ਹਰਮੀਤ ਵਿਦਿਆਰਥੀ ਨੇ ਦੱਸਿਆ ਕਿ ਇਹ ਸਨਮਾਨ 26 ਮਾਰਚ ਨੂੰ ਫ਼ਿਰੋਜ਼ਪੁਰ ਵਿਖ਼ੇ ਕਰਵਾਏ ਜਾਣ ਵਾਲੇ ਸਮਾਗਮ ਵਿੱਚ ਦਿੱਤਾ ਜਾਵੇਗਾ। ਜਿਸ ਦੀ ਪ੍ਰਧਾਨਗੀ ਪ੍ਰੋ. ਸੁਰਜੀਤ ਜੱਜ ਅਤੇ ਪ੍ਰੋ. ਅਤੈ ਸਿੰਘ ਕਰਨਗੇ। ਅਨਿਲ ਆਦਮ ਦੀ ਰਚਨਾ ਅਤੇ ਜ਼ਿੰਦਗੀ ਬਾਰੇ ਡਾ. ਕੁਲਦੀਪ ਸਿੰਘ ਦੀਪ ਅਤੇ ਸਨਮਾਨਿਤ ਪੁਸਤਕ ਬਾਰੇ ਸ਼ਾਇਰ ਕੁਲਵਿੰਦਰ ਬੱਛੋਆਣਾ ਆਪਣੇ ਵਿਚਾਰ ਰੱਖਣਗੇ।
ਯਾਦ ਰੱਖਣਯੋਗ ਹੈ ਕਿ ਪੰਜਾਬੀ ਅਤੇ ਹਿੰਦੀ ਵਿੱਚ ਇੱਕੋ ਜਿੰਨੀ ਮੁਹਾਰਤ ਅਤੇ ਸ਼ਿੱਦੜ ਨਾਲ ਕਵਿਤਾ ਲਿਖਣ ਵਾਲਾ ਅਨਿਲ ਆਦਮ ਨਾ ਕੇਵਲ ਬਹੁਤ ਸੂਖ਼ਮ ਕਵੀ ਸੀ ਸਗੋਂ ਇੱਕ ਚੰਗਾ ਅਨੁਵਾਦਕ, ਸੂਝਵਾਨ ਅਧਿਆਪਕ ਵੀ ਸੀ। ਉਸਦੀ ਕਵਿਤਾ ਦੀਆਂ ਤਿੰਨ ਅਨੁਵਾਦ ਦੀਆਂ ਚਾਰ ਅਤੇ ਬਾਲ ਸਾਹਿਤ ਦੀਆਂ ਅੱਧੀ ਦਰਜਨ ਪੁਸਤਕਾਂ ਛਪ ਚੁੱਕੀਆਂ ਹਨ।
ਲੇਖ਼ਕ ਆਗੂਆਂ ਨੇ ਦੱਸਿਆ ਕਿ ਇਸ ਮੌਕੇ ਇੱਕ ਸ਼ਾਨਦਾਰ ਕਵੀ ਦਰਬਾਰ ਵੀ ਕਰਵਾਇਆ ਜਾਵੇਗਾ ਜਿਸ ਵਿੱਚ ਜਗਵਿੰਦਰ ਜੋਧਾ, ਮਨਜੀਤ ਪੁਰੀ, ਅਜੀਤਪਾਲ ਜਟਾਣਾ, ਸੱਤਪਾਲ ਭੀਖੀ, ਨੀਤੂ, ਗੁਰਮੀਤ ਕੜਿਆਲਵੀ, ਤਲਵਿੰਦਰ ਸ਼ੇਰਗਿੱਲ, ਵਾਹਿਦ, ਰੂਹੀ ਸਿੰਘ ਅਤੇ ਸੁਖਦੀਪ ਔਜਲਾ ਭਾਗ ਲੈਣਗੇ।

No comments:
Post a Comment