google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: Election Battle
Showing posts with label Election Battle. Show all posts
Showing posts with label Election Battle. Show all posts

Monday, 4 March 2024

ਡਾ. ਸਰਬਜੀਤ ਸਿੰਘ ਵਾਲੀ ਟੀਮ ਨੇ ਹੂੰਝਾ ਫੇਰੂ ਜਿੱਤ ਨਾਲ ਰਚਿਆ ਇਤਿਹਾਸ

Sunday 3rd March 2024 at  9:16 PM

 ਜੁਗਨੂੰਓਂ ਨੇ ਫਿਰ ਅੰਧੇਰੋਂ  ਸੇ ਲੜਾਈ ਜੀਤ ਲੀ!

ਚਾਂਦ ਸੂਰਜ ਘਰ ਕੇ ਰੌਸ਼ਨਦਾਨ ਮੇਂ ਰਖੇ ਰਹੇ!

ਵਿਚਾਰਧਾਰਾ ਨੂੰ ਸਮਰਪਿਤ ਟੀਮ ਦੀ ਹੂੰਝਾ ਫੇਰੂ ਜਿੱਤ ਪਿਛੇ ਹਰ ਛੋਟੇ ਵੱਡੇ ਵਰਕਰ ਲੇਖਕ ਦੀ ਸੀ ਕੋਸ਼ਿਸ਼ 


ਲੁਧਿਆਣਾ
: 03 ਮਾਰਚ 2024: (ਮੀਡੀਆ ਲਿੰਕ//ਸਾਹਿਤ ਸਕਰੀਨ ਟੀਮ)::

ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੀ 2024-2026 ਦੀ ਚੋਣ ਵਿਚ ਡਾ. ਸਰਬਜੀਤ ਸਿੰਘ ਅਕਾਡਮੀ ਦੇ ਪ੍ਰਧਾਨ, ਡਾ. ਪਾਲ ਕੌਰ ਸੀਨੀਅਰ ਮੀਤ ਪ੍ਰਧਾਨ ਅਤੇ ਡਾ. ਗੁਲਜ਼ਾਰ ਸਿੰਘ ਪੰਧੇਰ ਜਨਰਲ ਸਕੱਤਰ ਵੱਡੇ ਫ਼ਰਕ ਨਾਲ ਜੇਤੂ ਹੋਏ। ਮੁੱਖ ਚੋਣ ਅਧਿਕਾਰੀ ਸ. ਕੁਲਦੀਪ ਸਿੰਘ ਬੇਦੀ ਨੇ ਦੱਸਿਆ ਕਿ ਕੁੱਲ 827 ਵੋਟਾਂ ਪਈਆਂ ਜਿਨ੍ਹਾਂ ਵਿਚੋਂ ਪ੍ਰਧਾਨਗੀ ਲਈ ਡਾ. ਸਰਬਜੀਤ ਸਿੰਘ ਨੂੰ  497, ਡਾ. ਲਖਵਿੰਦਰ ਸਿੰਘ ਜੌਹਲ ਨੂੰ 279 ਅਤੇ ਸ੍ਰੀਮਤੀ ਬੇਅੰਤ ਕੌਰ ਗਿੱਲ ਨੂੰ  41 ਵੋਟਾਂ ਮਿਲੀਆਂ।  ਇਸ ਤਰ੍ਹਾਂ ਡਾ. ਸਰਬਜੀਤ ਸਿੰਘ 218 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ। 

ਸੀਨੀਅਰ ਮੀਤ ਪ੍ਰਧਾਨ ਲਈ ਪਾਲ ਕੌਰ ਨੂੰ  479 ਅਤੇ ਡਾ. ਸ਼ਿੰਦਰਪਾਲ ਸਿੰਘ ਨੂੰ  329 ਵੋਟਾਂ ਮਿਲੀਆਂ।  ਇਸ ਤਰ੍ਹਾਂ 150 ਵੋਟਾਂ ਦੇ ਫ਼ਰਕ ਨਾਲ ਡਾ. ਪਾਲ ਕੌਰ ਜੇਤੂ ਰਹੇ। ਲੋਕਾਂ ਦੇ ਹੱਕ ਵਿੱਚ ਨਿਰੰਤਰ ਲਿਖਣ ਵਾਲੀ ਸ਼ਾਇਰਾ ਡਾਕਟਰ ਪਾਲ ਕੌਰ ਦੀਆਂ ਕਈ  ਪੁਸਤਕਾਂ ਹਰਮਨ ਪਿਆਰਿਆਂ ਹੋਈਆਂ ਹਨ। 

ਨਤੀਜਿਆਂ ਬਾਰੇ ਸਰਦਾਰ ਬੇਦੀ ਨੇ ਦਸਿਆ ਜਨਰਲ ਸਕੱਤਰ ਦੇ ਅਹੁਦੇ ਲਈ ਡਾ. ਗੁਲਜ਼ਾਰ ਸਿੰਘ ਪੰਧੇਰ ਨੂੰ  464 ਵੋਟਾਂ ਅਤੇ ਡਾ. ਗੁਰਇਕਬਾਲ ਸਿੰਘ ਨੂੰ  344 ਵੋਟਾਂ ਮਿਲੀਆਂ। ਇਸ ਤਰ੍ਹਾਂ ਡਾ. ਗੁਲਜ਼ਾਰ ਸਿੰਘ ਪੰਧੇਰ 120 ਵੋਟਾਂ ਦੇ ਫ਼ਰਕ ਨਾਲ ਅਕਾਡਮੀ ਦੇ ਜਨਰਲ ਸਕੱਤਰ ਬਣ ਗਏਹਨ। ਦਿਲਚਸਪ ਗੱਲ ਹੈ ਕਿ ਇਹਨਾਂ ਤਿੰਨਾਂ ਅਹੁਦਿਆਂ ਵਿਚ ਇਕੋ ਪੈਨਲ ਜੇਤੂ ਰਿਹਾ। 

ਮੀਤ ਪ੍ਰਧਾਨ ਦੇ ਅਹੁਦੇ ਲਈ ਡਾ. ਅਰਵਿੰਦਰ ਕੌਰ ਕਾਕੜਾ ਨੇ 581 ਵੋਟਾਂ, ਡਾ. ਗੁਰਚਰਨ ਕੌਰ ਕੋਚਰ 464, ਤ੍ਰੈਲੋਚਨ ਲੋਚੀ 449, ਡਾ. ਹਰਵਿੰਦਰ ਸਿੰਘ (ਪੰਜਾਬੋਂ ਬਾਹਰ) 428 ਅਤੇ ਜਸਪਾਲ ਮਾਨਖੇੜਾ 375 ਵੋਟਾਂ ਨਾ ਜੇਤੂ ਰਹੇ।  ਪ੍ਰਬੰਧਕੀ ਬੋਰਡ ਦੇ ਮੈਂਬਰਾਂ ਦੀ ਚੋਣ ਦੇ ਨਤੀਜੇ ਅੱਧੀ ਰਾਤ ਤੋਂ ਬਾਅਦ ਸਾਹਮਣੇ ਆਏ। 

ਮੁੱਖ ਚੋਣ ਅਧਿਕਾਰੀ ਸ. ਕੁਲਦੀਪ ਸਿੰਘ ਬੇਦੀ ਅਤੇ ਸਹਾਇਕ ਚੋਣ ਅਧਿਕਾਰੀ ਸ੍ਰੀਮਤੀ ਸੁਰਿੰਦਰ ਦੀਪ ਨੇ ਸਮੂਹ ਲੇਖਕਾਂ ਅਤੇ ਚੋਣ ਅਮਲੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਭ ਨੇ ਬੜੇ ਜਾਬਤੇ 'ਚ ਰਹਿ ਕੇ ਜ਼ਮਹੂਰੀ ਕਦਰਾਂ ਕੀਮਤਾਂ ਨੂੰ  ਬਹਾਲ ਰੱਖਦੇ ਹੋਏ ਸਾਨੂੰ ਸਹਿਯੋਗ ਦੇ ਕੇ ਚੋਣਾਂ ਨੂੰ  ਨਿਰਵਿਘਨ ਨੇਪਰੇ ਚਾੜ੍ਹਿਆ।  ਉਨ੍ਹਾਂ ਨੇ ਸਮੂਹ ਨਵੇਂ ਚੁਣੇ ਅਹੁਦੇਦਾਰਾਂ ਨੂੰ  ਵਧਾਈ ਦਿੱਤੀ। ਚੋਣ ਮੌਕੇ ਪੂਰੇ ਭਾਰਤ ਵਿਚੋਂ ਹੁੰਮ-ਹੁੰਮਾ ਕੇ ਲੇਖਕ ਵੋਟਾਂ ਪਾਉਣ ਲਈ ਪੰਜਾਬੀ ਭਵਨ ਵਿਚ ਪਹੁੰਚੇ। 

 ਸ੍ਰੀ ਭੈਣੀ ਸਾਹਿਬ ਵਾਲੇ ਤੀਰਥ ਅਸਥਾਨ ਵਿਖੇ ਬਿਰਾਜਮਾਨ ਨਾਮਧਾਰੀ  ਮੁਖੀ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਦੇ ਹੁਕਮ ਅਨੁਸਾਰ ਸੂਬਾ ਹਰਭਜਨ ਸਿੰਘ ਜੀ ਦੀ ਸਰਪ੍ਰਸਤੀ ਹੇਠ ਨਾਮਧਾਰੀ ਸੰਗਤ ਦੀ ਟੀਮ ਵਲੋਂ ਪੂਰੀ ਸੇਵਾ ਭਾਵ ਨਾਲ ਲੰਗਰ ਦੀ ਸੇਵਾ ਨਿਭਾਉਣ ਲਈ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਸਮੂਹ ਅਹੁਦੇਦਾਰਾਂ ਨੇ ਧੰਨਵਾਦ ਕੀਤਾ। 

Sunday, 3 March 2024

ਇਸੀ ਹੋਨੀ ਕੋ ਤੋ ਕਿਸਮਤ ਕਾ ਲਿਖਾ ਕਹਿਤੇ ਹੈਂ! ਜੀਤਨੇ ਕਾ ਜਹਾਂ ਮੌਕਾ ਥਾਂ, ਵਹੀਂ ਹਾਰ ਹੁਈ!

Sunday 3rd March 2024 at 09>45 PM

ਕਾਰਾਂ ਵਾਲੇ ਲੇਖਕਾਂ ਅਤੇ ਬਸਾਂ ਵਾਲੇ ਲੇਖਕਾਂ ਚ ਵੱਧ ਰਹੀ ਖਾਈ ਨੂੰ ਵੀ ਰੋਕੀਏ 


ਲੁਧਿਆਣਾ
>3 ਮਾਰਚ 2024>ਮੀਡੀਆ ਲਿੰਕ//ਸਾਹਿਤ ਸਕਰੀਨ ਡੈਸਕ >>

ਪੰਜਾਬੀ ਸਾਹਿਤ ਐਕਡਮੀ ਦੀਆਂ ਚੋਣਾਂ ਦਾ ਕੰਮ ਨਿੱਬੜ ਚੁੱਕਿਆ। ਨਤੀਜੇ ਵੀ ਆ ਚੁੱਕੇ। ਜਿਹੜੇ ਵੋਟਾਂ ਪਾਉਣ ਆਏ ਸਨ ਉਹਨਾਂ ਨੇ ਜਾਂ ਤਾਂ ਕਿਸੇ ਨਾ ਕਿਸੇ ਨੂੰ ਜਿਤਾਉਣਾ ਸੀ ਅਤੇ ਕਿਸੇ ਨੂੰ ਕਿਸੇ ਹਰਾਉਣਾ ਸੀ। ਜਿਹੜੇ ਸਿਰਫ ਵੋਟਾਂ ਪਾਉਣ ਲਈ ਨਹੀਂ ਸਨ ਆਏ ਉਹਨਾਂ ਵਿੱਚੋਂ ਬਹੁਤ ਸਾਰੇ ਕਿਸੇ ਨ ਕਿਸੇ ਦੇ ਹਮਾਇਤੀ ਬਣ ਕੇ ਆਏ ਸਨ। ਇੱਕ ਧਿਰ ਹੋਰ ਵੀ ਸੀ ਜਿਹੜੇ ਇਸ ਚੋਣ ਇਕੱਠ ਵਾਲੇ ਮੇਲੇ ਵਿੱਚ ਸੱਜਣਾਂ ਮਿੱਤਰਾਂ ਨੂੰ ਮਿਲਣ ਲਈ ਆਈ ਸੀ। ਕਿਓਂਕਿ ਚੋਣ ਲੜ ਰਹੀਆਂ  ਦੋਵੇਂ ਤਿੰਨੇ ਧਿਰਾਂ ਵਿੱਚ ਸਭਨਾਂ ਦੇ ਸਾਂਝੇ ਮਿੱਤਰ ਵੀ ਸਨ ਅਤੇ ਲਿਹਾਜ਼ਦਾਰੀਆਂ ਵੀ ਸਨ। ਇਸ ਲਈ ਬਹੁਤਿਆਂ ਨੂੰ ਨਾ ਤਾਂ ਕਿਸੇ ਦੇ ਜਿੱਤਣ ਦੀ ਖੁਸ਼ੀ ਹੋਈ ਅਤੇ ਨਾ ਹੀ ਕਿਸੇ ਦੇ ਹਾਰਨ ਦਾ ਗਮ ਕੋਈ ਵੀ ਹੋਇਆ। ਡਾ. ਲਖਵਿੰਦਰ ਜੌਹਲ ਦੇ ਸਾਹਿਤਿਕ ਅਤੇ ਪੱਤਰਕਾਰੀ ਵਾਲੇ ਕੱਦ ਨੂੰ ਦੇਖਦਿਆਂ ਕਿਹਾ ਜਾ ਸਕਦਾ ਹੈ ਕਿ ਉਹ ਕਿਵੇਂ ਹਾਰ ਸਕਦਾ ਹੈ! ਇਥੇ ਚੋਣ  ਨਤੀਜਿਆਂ ਦੀ ਗੱਲ ਕਰਦਿਆਂ 

ਮੰਜ਼ਰ ਭੋਪਾਲੀ ਹੁਰਾਂ ਦਾ ਇੱਕ ਬਹੁਤ ਪਿਆਰਾ ਸ਼ੇਅਰ ਯਾਦ ਆ ਰਿਹਾ ਹੈ:

ਇਸੀ ਹੋਨੀ ਕੋ ਤੋ ਕਿਸਮਤ ਕਾ ਲਿਖਾ ਕਹਿਤੇ ਹੈਂ:

ਜੀਤਨੇ ਕਾ ਜਹਾਂ ਮੌਕਾ ਥਾਂ ਵਹੀਂ ਹਾਰ ਹੁਈ! 

ਪਰ ਇਹ ਸੁਆਲ ਇੱਕ ਵਾਰ ਫੇਰ ਉਭਰ ਕੇ ਸਾਹਮਣੇ ਆਉਂਦਾ ਹੈ ਕਿ ਲੇਖਕ ਅਤੇ ਸ਼ਾਇਰ ਇੱਕ ਦੂਜੇ ਦੇ ਖਿਲਾਫ਼ ਇਹਨਾਂ ਅਹੁਦਿਆਂ ਅਤੇ ਕੁਰਸੀਆਂ ਲਈ ਆਹਮੋ ਸਾਹਮਣੇ ਡਟੇ ਹੀ ਕਿਓਂ? ਇਹ ਮਹਾਂਭਾਰਤ ਹੋਈ ਹੀ ਕਿਓਂ? ਇਹ ਦੋ-ਤਿੰਨ ਜਾਂ ਚਾਰ ਥਾਂਈ ਵੰਡੇ ਹੀ ਕਿਓਂ ਗਏ? ਅਜਿਹੇ ਸੁਲਗਦੇ ਸੁਆਲਾਂ ਦੇ ਜੁਆਬਾਂ ਬਾਰੇ ਸੋਚਣਾ ਵੀ ਜ਼ਰੂਰੀ ਸੀ। 

ਯਾਦ ਆਉਂਦਾ ਹੈ ਕਦੇ ਪ੍ਰੋਫੈਸਰ ਮੋਹਨ ਸਿੰਘ ਹੁਰਾਂ ਨੇ ਲਿਖਿਆ  ਸੀ 

ਦੋ ਟੋਟਿਆਂ ਦੇ ਵਿੱਚ ਭੋਂ ਟੁੱਟੀ,

ਇਕ ਮਹਿਲਾਂ ਦਾ ਇਕ ਢੋਕਾਂ ਦਾ!

ਦੋ ਧੜਿਆਂ ਵਿਚ ਖ਼ਲਕਤ ਵੰਡੀ

ਇਕ ਲੋਕਾਂ ਦਾ ਇਕ ਜੋਕਾਂ ਦਾ!

ਦਹਾਕੇ ਹੋ ਗਏ ਹਨ ਇਸ ਕਵਿਤਾ ਨੂੰ ਬਹੁਤ ਵਾਰ ਬਹੁਤ ਥਾਂਵਾਂ ਅਤੇ ਮੌਕਿਆਂ 'ਤੇ ਪੜ੍ਹਿਆ ਜਾਂਦਾ ਰਿਹਾ ਹੈ। ਜਿਹਨਾਂ ਨੂੰ ਸਿਆਸਤ ਦੀ ਸ਼ਤਰੰਜ ਸਮਝ ਨਹੀਂ ਸੀ ਆਉਂਦੀ ਉਹਨਾਂ ਨੂੰ ਵੀ ਇਹ ਸਤਰਾਂ ਪਹਿਲਾਂ ਵੀ ਸਮਝ ਆਉਂਦੀਆਂ ਸਨ ਅਤੇ ਹੁਣ ਵੀ ਸਮਝ ਆਉਂਦੀਆਂ ਹਨ। ਇਸੇ ਕਵਿਤਾ ਵਿੱਚ ਅੱਗੇ ਜਾ ਕੇ ਪ੍ਰੋਫੈਸਰ ਮੋਹਨ ਸਿੰਘ ਲਿਖਦੇ ਹਨ:

ਅਸਲੀਅਤ ਵਿਚ ਨੇ ਦੋ ਵਿੱਥਾਂ

ਬਾਕੀ ਸਭ ਕੂੜੀਆਂ ਪਾੜਾਂ ਨੇ!

ਪ੍ਰੋਫੈਸਰ ਮੋਹਨ ਸਿੰਘ ਹੁਰਾਂ ਦੀ ਸ਼ਾਇਰੀ ਨੇ ਬੜੇ ਹੀ ਪ੍ਰਭਾਵੀ ਢੰਗ ਨਾਲ ਇਸ ਵਿਚਾਰ ਨੂੰ ਅੱਗੇ ਤੋਰਿਆ। ਇਸ ਵਿਚਾਰ ਨੂੰ ਨਵੇਂ ਸ਼ਾਇਰਾਂ ਨੇ ਇੱਕ ਵਿਰਾਸਤ ਅਤੇ ਵਸੀਅਤ ਵਾਂਗ ਅਪਣਾਇਆ ਵੀ। ਇਸ ਤਰ੍ਹਾਂ ਦੀ ਲੋਕ ਪੱਖੀ ਸ਼ਾਇਰੀ ਨੇ ਹੀ ਲੋਕ ਪੱਖੀ ਹਵਾ ਨੂੰ ਕਾਇਮ ਕਰਨ ਵਿਚ ਬੜੀ ਉਸਾਰੂ ਭੂਮਿਕਾ ਨਿਭਾਈ। ਪਾਸ਼, ਲਾਲ ਸਿੰਘ ਦਿਲ, ਸੰਤ ਰਾਮ ਉਦਾਸੀ ਇਸੇ ਸਿਲਸਿਲੇ ਨੂੰ ਹੋਰ ਅੱਗੇ ਲੈ ਕੇ ਗਏ। 

ਪਰ 1978 ਦੀ ਵਿਸਾਖੀ ਤੋਂ ਬਾਅਦ ਹਾਲਾਤ ਤੇਜ਼ੀ ਨਾਲ ਬਦਲਣ ਲੱਗੇ। ਰੰਗ ਵੀ ਬਦਲਦੇ ਚਲੇ ਗਏ ਅਤੇ ਸੁਰਾਂ ਵੀ। ਹਵਾ ਜ਼ਹਿਰੀਲੀ ਹੋਣ ਲੱਗ ਪਈ। ਸਿਆਸਤਾਂ ਵਾਲੇ ਆਪਣੀ ਚਾਲ ਚੱਲ ਚੁੱਕੇ ਸਨ। ਕਾਲੀਆਂ ਬੋਲੀਆਂ ਹਨੇਰੀਆਂ ਚੜ੍ਹੀਆਂ ਆ ਰਹੀਆਂ ਸਨ। ਇਸਦੇ ਬਾਵਜੂਦ ਉਹਨਾਂ ਨਾਜ਼ੁਕ ਸਮਿਆਂ ਵਿੱਚ ਸੁਰਜਨ ਜ਼ੀਰਵੀ, ਬਾਬਾ ਗੁਰਬਖਸ਼ ਸਿੰਘ ਬੰਨੋਆਣਾ ਅਤੇ ਲਖਵਿੰਦਰ ਜੌਹਲ ਵਰਗੀਆਂ ਸ਼ਖਸੀਅਤਾਂ ਦਾ ਸਾਡੇ ਨਾਲ ਹੋਣਾ ਹੌਂਸਲਾ ਵੀ ਦੇਂਦਾ ਸੀ ਅਤੇ ਸਬਰ ਸੰਤੋਖ ਵੀ। ਇਸਦੇ ਨਾਲ ਹੀ ਬਹੁਤ ਕੁਝ ਸਿੱਖਣ  ਦੀ ਜਾਚ ਵੀ। ਏਨੇ ਵਿੱਚ ਪੰਜਾਬ ਉਹਨਾਂ ਖਤਰਿਆਂ ਦੀ ਦਸਤਕ ਸੁਣਨ ਲੱਗ ਪਿਆ ਸੀ ਜਿਹੜੇ ਕੁਝ ਸਮੇਂ ਮਗਰੋਂ ਹੀ ਸਾਹਮਣੇ ਆਉਣੇ ਸ਼ੁਰੂ ਹੋਈ ਗਏ ਸਨ। ਅੱਸੀਵਿਆਂ ਵਾਲੇ ਕਹਿਰ ਦਾ ਦੌਰ ਸ਼ੁਰੂ ਹੋ ਚੁੱਕਿਆ ਸੀ ਅਤੇ ਪੰਜਾਬ ਵਿੱਚ ਫਿਰਕੂ ਮਾਹੌਲ ਮਜ਼ਬੂਤ ਹੁੰਦਾ ਜਾ ਰਿਹਾ ਸੀ। 

ਇਸ ਤੋਂ ਪਹਿਲਾਂ ਨਕਸਲੀ ਲਹਿਰ ਦੇ ਉਭਾਰ ਵੇਲੇ ਵੀ ਪੰਜਾਬ ਦੇ ਹਾਲਾਤ ਬੜੇ ਨਾਜ਼ੁਕ ਬਣੇ ਸਨ। ਉਦੋਂ ਝੂਠੇ ਮੁਕਾਬਲਿਆਂ ਦਾ ਸਿਲਸਿਲਾ ਨਾ ਸਿਰਫ ਆਰੰਭ ਹੋਇਆ ਸੀ ਬਲਕਿ ਇਸਨੇ ਤੇਜ਼ੀ ਵੀ ਫੜ੍ਹੀ ਸੀ। ਹਾਲਾਂਕਿ ਨਕਸਲੀ ਲਹਿਰ ਅਤੇ ਨਕਸਲੀ ਲਹਿਰ ਵੇਲੇ ਸਾਹਮਣੇ ਆਈ ਸ਼ਾਇਰੀ ਅਤੇ ਪੱਤਰਕਾਰੀ  ਨੂੰ ਵੱਡੀ ਪੱਧਰ 'ਤੇ ਪਸੰਦ ਕੀਤਾ ਜਾ ਰਿਹਾ ਸੀ ਪਰ ਪੰਜਾਬ ਦੇ ਬਹੁਗਿਣਤੀ ਲੋਕ ਝੂਠੇ ਪੁਲਿਸ ਮੁਕਾਬਲਿਆਂ ਅਤੇ ਪੁਲਿਸ ਹਰਾਸਮੈਂਟ ਦੇ ਮਾਮਲਿਆਂ ਨੂੰ ਮਨੁੱਖੀ ਅਧਿਕਾਰਾਂ ਦਾ ਮਸਲਾ ਬਣਾ ਕੇ ਸਾਂਝੇ ਤੌਰ 'ਤੇ  ਕਦੇ ਮਜ਼ਬੂਤੀ ਨਾਲ ਲਾਮਬੰਦ ਨਾ ਹੋ ਸਕੇ। ਇਹ ਫਰਜ਼ ਜਸਟਿਸ ਅਜੀਤ ਸਿੰਘ ਬੈਂਸ, ਮਾਲਵਿੰਦਰ ਸਿੰਘ ਮਾਲੀ ਅਤੇ ਇਹਨਾਂ ਦੇ ਕਈ ਸਰਗਰਮ ਸਾਥੀਆਂ ਨੇ ਹੀ ਨਿਭਾਇਆ। ਕਾਮਰੇਡ ਜਗਜੀਤ ਸਿੰਘ ਆਨੰਦ ਅਤੇ ਕਾਮਰੇਡ ਸਤਪਾਲ ਡਾਂਗ ਵਰਗੇ ਪ੍ਰਸਿੱਧ ਆਗੂ ਅਤੇ ਬੁੱਧੀਜੀਵੀ ਵੀ ਇਸ ਸਬੰਧ ਵਿੱਚ ਚੋਣਵੇਂ ਮਾਮਲਿਆਂ ਦੀ ਪੂਰੀ ਘੋਖ ਪੜਤਾਲ ਕਰਕੇ ਜਤਨਸ਼ੀਲ ਰਹੇ।ਪਰ ਹੋਣੀ ਹਰ ਵਾਰ ਹੋ ਕੇ ਹੀ ਰਹਿੰਦੀ ਰਹੀ। ਬਹੁਤ ਸਾਰੇ ਘਰਾਂ ਦੇ ਚਿਰਾਗ ਬੁਝ ਗਏ। ਹਰ ਦਿਲ ਵਿੱਚੋਂ ਇਹ ਹੁੱਕ ਉੱਠ ਰਹੀ ਸੀ:

ਖੰਭ ਖਿੱਲਰੇ ਨੇ ਕਾਂਵਾਂ ਦੇ-ਰੋਕ ਲਓ ਨਿਸ਼ਾਨੇਬਾਜ਼ੀਆਂ--ਪੁੱਤ ਮੁੱਕ ਚੱਲੇ ਮਾਂਵਾਂ ਦੇ!

ਉਦੋਂ ਵੀ ਲੇਖਕ ਅਤੇ ਸ਼ਾਇਰ ਪਹਿਲਾਂ ਨਕਸਲੀ ਸੁਰ ਅਤੇ ਗੈਰ ਨਕਸਲੀ ਸੁਰ ਵਿੱਚ ਵੰਡੇ ਗਏ ਅਤੇ ਫਿਰ ਖਾੜਕੂ ਸੁਰ ਅਤੇ ਰਾਸ਼ਟਰਵਾਦੀ ਸੁਰ ਦਰਮਿਆਨ ਵੰਡੇ ਗਏ ਸਨ। ਇਹ ਲਕੀਰ ਬਾਅਦ ਵਿੱਚ ਵੀ ਸਾਹਿਤ ਦੇ ਵੱਖ ਵੱਖ ਰੂਪਾਂ ਵਿਚ ਕਈ ਵਾਰ ਬਣਦੀ ਅਤੇ ਗੂਹੜੀ ਹੁੰਦੀ ਰਹੀ। ਵਿਚਾਰਾਂ ਨੇ ਹਮੇਸ਼ਾਂ ਹੀ  ਸਾਹਿਤ ਨੂੰ ਪ੍ਰਭਾਵਿਤ ਵੀ ਕੀਤਾ। ਵਿਚਾਰਾਂ ਨੇ ਹੀ ਲਹਿਰਾਂ ਪੈਦਾ ਵੀ ਕੀਤੀਆਂ ਅਤੇ ਤੇਜ਼ ਵੀ ਕੀਤੀਆਂ। ਸ਼ਮ੍ਹਾਂ ਤੇ ਖੁਦ ਅੱਪੜ ਕੇ ਕੁਰਬਾਨੀ ਦੇਣ ਵਾਲਿਆਂ ਦੇ ਜਜ਼ਬੇ ਸ਼ਬਦਾਂ ਦੀ ਸ਼ਕਤੀ ਚੋਂ ਹੀ ਆਏ ਸਨ। ਵਿਚਾਰਾਂ ਦੀ ਸ਼ਕਤੀ ਚੋਂ ਹੀ ਆਏ ਸਨ। ਸਾਹਿਤ ਅਤੇ ਸਿਆਸਤ ਨੂੰ ਵੱਖ ਵੱਖ ਐਨਕਾਂ ਨਾਲ ਦੇਖਣ ਵਾਲੇ ਵੀ ਅਗਿਆਨੀ ਤਾਂ ਨਹੀਂ ਹਨ ਪਰ ਪਤਾ ਨਹੀਂ ਝੂਠ ਕਿਓਂ ਬੋਲਦੇ ਹਨ। ਸਿਆਸਤ ਅਤੇ ਸਾਹਿਤ ਵੱਖ ਹੋ ਹੀ ਕਿਵੇਂ ਸਕਦੇ ਹਨ

ਨਕਸਲੀ ਲਹਿਰ ਦੇ ਉਭਾਰ ਵੇਲੇ ਆਲ ਇੰਡੀਆ ਰੇਡੀਓ ਅਰਥਾਤ ਆਕਾਸ਼ਵਾਣੀ ਜਲੰਧਰ ਵਾਲੇ ਐਸ ਐਸ ਮੀਸ਼ਾ ਹੁਰਾਂ ਨੇ ਲਿਖਿਆ ਸੀ:

ਲਹਿਰਾਂ ਸੱਦਿਆ ਸੀ ਸਾਨੂੰ ਵੀ ਇਸ਼ਾਰਿਆਂ ਦੇ ਨਾਲ!

ਸਾਥੋਂ ਮੋਹ ਤੋੜ ਹੋਇਆ ਨਾ ਕਿਨਾਰਿਆਂ ਦੇ ਨਾਲ!

ਇੱਸੇ ਤਰ੍ਹਾਂ ਡਾਕਟਰ ਜਗਤਾਰ ਹੁਰਾਂ ਦੀਆਂ ਸਤਰਾਂ ਬਹੁਤ ਹਰਮਨ ਪਿਆਰੀਆਂ ਹੋਈਆਂ:

ਹਰ ਮੋੜ ‘ਤੇ ਸਲੀਬਾਂ, ਹਰ ਪੈਰ ‘ਤੇ ਹਨੇਰਾ।

ਫਿਰ ਵੀ ਅਸੀਂ ਰੁਕੇ ਨਾ, ਸਾਡਾ ਵੀ ਦੇਖ ਜੇਰਾ!

ਡਾਕਟਰ ਜਗਤਾਰ ਦੀਆਂ ਹੀ ਇਹ ਸਤਰਾਂ ਵੀ ਚੇਤੇ ਆਉਂਦੀਆਂ ਹਨ:

ਦੋਸਤੋ ਜੇ ਮਰ ਗਏ ਤਾਂ ਗ਼ਮ ਨਹੀਂ, ਦਾਸਤਾਂ ਸਾਡੀ ਕਦੇ ਜਾਣੀ ਨਹੀਂ।

ਬੇੜੀਆਂ ਦੀ ਛਣਕ ਵਿੱਚ ਜੋ ਰਮਜ਼ ਹੈ, ਕੌਣ ਕਹਿੰਦੈ, ਲੋਕਾਂ ਪਹਿਚਾਣੀ ਨਹੀਂ!

ਪਰ ਹੋਲੀ ਹੋਲੀ ਸਾਡੇ ਲੇਖਕ ਮਿੱਤਰ ਹੀ ਵਿਚਾਰਾਂ ਅਤੇ ਵਿਚਾਰਧਾਰਾਵਾਂ ਤੋਂ ਦੂਰ ਹੁੰਦੇ ਹੁੰਦੇ ਵਿਅਕਤੀਵਾਦੀ ਬਣਦੇ ਚਲੇ ਗਏ। ਵਿਚਾਰਧਾਰਾ ਨਾਲ ਇਹੋ ਜਿਹੀ ਬੇਵਫ਼ਾਈ ਸ਼ਾਇਦ ਪਹਿਲਾਂ ਕਦੇ ਨਹੀਂ ਹੁੰਦੀ ਸੀ। 

ਜਨਾਬ ਦੀਪਕ ਜੈਤੋਈ ਸਾਹਿਬ ਭਾਵੇਂ ਖੱਬੇ ਪੱਖੀਆਂ ਦੇ ਵਿਰੋਧੀਆਂ ਨਾਲ ਖਲੋਂਦੇ ਸਨ। ਉਹਨਾਂ ਦਾ ਸਟੈਂਡ ਵੀ ਸਪਸ਼ਟ ਹੀ ਸੀ। ਉਹਨਾਂ ਦੇ ਨਾਮ ਦਾ ਤਖੱਲਸ "ਦੀਪਕ" ਵੀ ਸ਼ਾਇਦ ਜਨਸੰਘ ਪਾਰਟੀ ਵਾਲੇ ਚੋਣ ਨਿਸ਼ਾਨ ਦੀਪਕ ਤੋਂ ਹੀ ਪ੍ਰੇਰਿਤ ਸੀ ਪਰ ਲੋਕ ਵਿਰੋਧੀ ਉਹ ਕਦੇ ਨਹੀਂ ਸਨ ਬਣੇ। 

ਉਹਨਾਂ ਨੇ ਅੱਤ ਦੀ ਗਰੀਬੀ ਦੇਖੀ ਸੀ ਪਰ ਕਿਸੇ ਬੰਦੇ ਦੇ ਬੰਦੇ ਉਹ ਕਦੇ ਵੀ ਨਹੀਂ ਸਨ ਬਣੇ। ਉਹਨਾਂ ਨੇ ਆਪਣੇ ਹੀ ਨਾਮ ਵਾਲੀ ਆਪਣੀ ਸੱਕੀ ਭੈਣ ਗੁਰਚਰਨ ਕੌਰ ਦੇ ਕੋਲ ਵੀ ਖਸਤਾ ਹਾਲ ਦੇ ਬਾਵਜੂਦ ਕਦੇ ਕੋਈ ਅਰਜੋਈ ਨਾ ਕੀਤੀ ਹਾਲਾਂਕਿ ਇਹ ਐਮ ਪੀ ਵੀ ਰਹੀ। ਕਮਜ਼ੋਰ ਆਰਥਿਕਤਾ ਦੇ ਬਾਵਜੂਦ ਉਹਨਾਂ ਦਾ ਆਤਮ ਸਨਮਾਨ, ਉਹਨਾਂ ਦਾ ਸਵੈ ਮਾਣ, ਉਹਨਾਂ ਦੀ ਅਣਖ ਹਮੇਸ਼ਾਂ  ਚੜ੍ਹਦੀਕਲਾ ਵਿੱਚ ਰਹੇ। ਉਹਨਾਂ ਦੀ ਸ਼ਾਇਰੀ ਵੀ ਬੁਲੰਦੀਆਂ ਛੂੰਦੀ ਰਹੀ। ਉਹਨਾਂ ਦੀਆਂ ਸਤਰਾਂ ਅੱਜ ਵੀ ਚੇਤੇ ਆਉਂਦੀਆਂ ਹਨ ਜਿਹੜੀਆਂ ਅੱਜ ਦੇ ਲੇਖਕਾਂ ਅਤੇ ਸਿਆਸਤਦਾਨਾਂ ਨੂੰ ਜ਼ਰੂਰੁ ਵਿਚਾਰਨੀਆਂ ਚਾਹੀਦੀਆਂ ਹਨ:

ਓ ਜਾਣ ਵਾਲੇ ਸੁਣ ਜਾ! ਇੱਕ ਗੱਲ ਮੇਰੀ ਖਲੋ ਕੇ!

ਚੱਲੀਏ ਕਿਸੇ ਦੇ ਬਣ ਕੇ; ਰਹੀਏ ਕਿਸੇ ਦੇ ਹੋ ਕੇ!

ਸਮੇਂ ਦੇ ਨਾਲ ਨਾਲ ਇਹ ਪ੍ਰਤੀਬੱਧਤਾ, ਇਹ ਅਣਖ, ਇਹ ਸਵੈ ਮਾਣ ਸਭ ਕੁਝ ਖੁਰਦਾ ਹੀ ਚਲਾ ਗਿਆ। ਪਤਾ ਨਹੀਂ ਕੁਰਸੀਆਂ ਨਾਲ ਲਗਾਓ ਕਿਓਂ ਅਤੇ ਕਿਸ ਕਾਰਣ ਵਧਿਆ ਅਤੇ ਵਧਦਾ ਹੀ ਚਲਾ ਗਿਆ।  ਅਹੁਦੇ ਦੀ ਲਾਲਸਾ ਭਾਰੂ ਹੁੰਦੀ ਚਲੀ ਗਏ। ਅਹੁਦੇ ਪਿੱਛੇ ਧਰਮ ਅਤੇ ਧੜਾ ਸਭ ਕੁਝ ਬਦਲਣਾ ਅੱਜਕਲ੍ਹ ਦੇ ਵੇਲਿਆਂ ਦੀ ਸਿਆਣਪ ਗਿਣੀ ਜਾਣ ਲੱਗ ਪਈ। 

ਪਤਾ ਨਹੀਂ ਕੁਰਸੀਆਂ ਵਿਚ ਕੀ ਜਾਦੂ ਸੀ ਇਸਨੇ ਸਭਨਾਂ ਦੀਆਂ ਵਿਚਾਰਾਂ ਅਤੇ ਸੋਚਾਂ ਹੀ ਬਦਲ ਸੁੱਟੀਆਂ। ਵੱਡੇ ਵੱਡੇ ਕਦ ਵਾਲੇ ਬਹੁਤ ਸਾਰੇ ਸੱਜਣ ਮਿੱਤਰ ਕੁਰਸੀਆਂ ਦੇਖ ਕੇ ਬੌਣੇ ਸਾਬਿਤ ਹੁੰਦੇ ਚਲੇ ਗਏ। ਪਤਾ ਨਹੀਂ ਇਹ ਸਭ ਕਿਓਂ ਹੋਇਆ? ਕਿਵੇਂ ਅਤੇ ਕਿਸ ਕਾਰਨ ਹੋਇਆ? ਇਸ ਅਰਸੇ ਦੌਰਾਨ ਪ੍ਰੋਫੈਸਰ ਮੋਹਨ ਸਿੰਘ ਹੁਰਾਂ ਦੀਆਂ ਦੋ ਧੜਿਆਂ ਵਿਚ ਖਲਕਤ ਵੰਡੀ ਵਾਲੀਆਂ ਸਤਰਾਂ ਵੀ ਭੁੱਲਦੀਆਂ ਅਤੇ ਗੁਆਚਦੀਆਂ ਚਲੀਆਂ ਗਈਆਂ। 

ਸਿਆਸੀ ਲੋਕਾਂ ਦੇ ਬਦਲਦੇ ਰੰਗਾਂ ਨੂੰ ਦੇਖ ਕੇ ਕੁਝ ਪ੍ਰਗਤੀਸ਼ੀਲ ਨੌਜਵਾਨਾਂ ਨੇ ਨਾਅਰੇ ਵੀ ਘੜੇ ਸਨ ਜਿਹੜੇ ਅਕਸਰ ਗੂੰਜਦੇ ਵੀ ਸਨ:

ਚਿੱਟੇ ਬਗਲੇ ਨੀਲੇ ਮੋਰ! ਇਹ ਵੀ ਚੋਰ ਤੇ ਓਹ ਵੀ ਚੋਰ!

ਸਿਆਸਤ ਦਾ ਰੰਗ ਸਾਹਿਤ ਤੇ ਵੀ ਪੈਣ ਲੱਗਿਆ। ਲੇਖਕਾਂ ਵਿੱਚ ਵੀ ਨਵੇਂ ਧੜੇ ਬਣ ਗਏ। ਬਾਅਦ ਵਿੱਚ ਇਹ ਧੜੇ ਆਰਥਿਕ ਹਾਲਾਤਾਂ ਦੇ ਆਧਾਰਾਂ ਤੇ ਵੀ ਬਣਨ ਲੱਗ ਪਏ। ਮਹਿਲਾਂ ਵਾਲੇ ਅਤੇ ਕਾਰਾਂ ਵਾਲੇ ਇੱਕ ਪਾਸੇ ਹੋ ਗਏ। ਫਲੈਟਾਂ ਵਾਲੇ ਲੇਖਕ ਵੱਖਰੇ ਜਿਹੇ ਪੈ ਗਏ, ਕੋਠੀਆਂ ਵਾਲੇ ਉੱਚੇ ਜਿਹੇ ਬਣ ਗਏ ਅਤੇ ਜ਼ਿਆਦਾ ਮਾੜੀ ਹਾਲਤ ਵਿਚ ਰਹਿਣ ਵਾਲੇ ਕਲਮਕਾਰ ਨਿਖੜਨ ਵਾਲੀ ਹਾਲਤ ਵਿਚ ਆ ਗਏ। ਕਾਰਾਂ ਵਾਲੇ ਲੇਖਕ ਭਾਵੇਂ ਆਪਣੀਆਂ ਕਾਰਾਂ ਆਪਣੇ ਹੀ ਸ਼ਹਿਰਾਂ ਨੂੰ  ਖਾਲੀ ਭਾਵੇਂ ਲੈ ਜਾਣ  ਪਰ ਕਦੇ ਬਸ ਤੇ ਆਏ ਲੇਖਕ ਨੂੰ ਛੇਤੀ ਕੀਤਿਆਂ ਲਿਫਟ ਨਹੀਂ ਦੇਂਦੇ। 

ਸਾਹਿਤਿਕ ਖੇਤਰਾਂ ਵਿੱਚ ਵੀ ਅਮੀਰੀ ਗਰੀਬੀ ਦੀ ਇਹ ਲਕੀਰ ਗੂਹੜੀ ਹੁੰਦੀ ਚਲੀ ਗਈ। ਪੰਜਾਬੀ ਸਾਹਿਤ ਅਕਾਦਮੀ ਵਰਗੀਆਂ ਸੰਸਥਾਵਾਂ ਨੇ ਆਮ ਲੇਖਕਾਂ ਨੂੰ ਮੈਂਬਰ ਬਣਾਉਣ ਲਈ ਪੁਸਤਕ ਛਪੀ ਹੋਣ ਵਰਗੀਆਂ ਸ਼ਰਤਾਂ ਵੀ ਰੱਖ ਦਿੱਤੀਆਂ।ਇਸ ਤਰ੍ਹਾਂ ਕਿਤਾਬਾਂ ਛਾਪਣ ਵਾਲਿਆਂ ਦਾ ਕਾਰੋਬਾਰ ਵੀ ਚਮਕਿਆ ਅਤੇ ਮਾੜੀ ਆਰਥਿਕ ਹਾਲਤ ਵਾਲੇ ਲੇਖਕ ਖ਼ੁਦ ਹੀ ਹਾਸ਼ੀਏ 'ਤੇ ਆ ਗਏ। ਨਿਊਪਮਾ ਦੱਤ ਵਰਗੇ ਸ਼ਾਇਰਾਂ ਦੀ ਅਨੁਪਾਤ ਵੀ ਘਟਦੀ ਚਲੀ ਗਈ ਜਿਹੜੇ ਲਾਲ ਸਿੰਘ ਦਿਲ ਵਰਗੇ ਸ਼ਾਇਰਾਂ ਦੀ ਆਰਥਿਕ ਹਾਲਤ ਬਾਰੇ ਵੀ ਚਿੰਤਿਤ ਹੋਇਆ ਕਰਦੀ ਸੀ। ਹੁਣ ਤਾਂ ਕਰਨ ਵਾਲੇ ਸ਼ਾਇਰ ਲੋਕ ਤਿੰਨ ਜਾਂ ਚਾਰ ਸਵਾਰੀਆਂ ਦੇ ਬਾਵਜੂਦ ਕਿਸੇ ਬਸ ਵਾਲੇ ਨੂੰ ਪੰਜ ਸਵਾਰੀਆਂ ਹੋਣ ਦੀ ਗੱਲ ਕਹਿ ਕੇ ਨਾਲ ਲਿਜਾਣ ਤੋਂ ਪਾਸਾ ਵੱਟ ਜਾਂਦੇ ਹਨ। 

ਕਲਮਾਂ ਵਾਲਿਆਂ ਦਰਮਿਆਨ ਵੱਧ ਰਹੇ ਇਸ ਆਰਥਿਕ ਪਾੜ੍ਹੇ ਦਾ ਧਿਆਨ ਇੱਕ ਵਾਰ ਫੇਰ ਉਦੋਂ ਆਇਆ ਜਦੋਂ ਇੱਕ ਪੋਸਟ ਬਾਰੇ ਵਟਸਪ ਰਾਹੀਂ ਆਪਣੀ ਟਿੱਪਣੀ ਭੇਜਦਿਆਂ ਜਸਵੀਰ ਸ਼ਰਮਾ ਦੱਦਾਹੂਰ ਨੇ ਕਿਹਾ:

ਬਹੁਤ ਕੁੱਝ ਤੁਸੀਂ ਖੋਲ੍ਹ ਕੇ ਲਿਖਿਆ ਹੈ ਜੀ ਬਾਕੀ ਕੁੱਝ ਰਹਿ ਈ ਨਹੀਂ ਗਿਆ। ਚਹੇਤਿਆਂ ਦੀ ਚਾਪਲੂਸੀ ਹੁੰਦੀ ਹੈ,ਚੰਦ ਕੁ ਬੰਦੇ ਈ ਨੇ ਜੋ ਆਪਣਾ ਈ ਹੱਕ ਜਤਾਉਂਦੇ ਨੇ,ਜੋ ਤੁਸੀਂ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ ਹੈ, ਓਹਨਾਂ ਵਿੱਚ ਇਨ੍ਹਾਂ ਚਹੇਤਿਆਂ ਨੇ ਕੋਈ ਵੀ ਕਾਰਗੁਜ਼ਾਰੀ ਨਹੀਂ ਵਿਖਾਈ, ਮੈਂ ਤਾਂ ਇੱਕ ਲੇਖ ਵੀ ਲਿਖਿਆ ਸੀ ਕਿ ਆਰਥਿਕ ਪੱਖੋਂ ਕਮਜ਼ੋਰ ਲੇਖਕਾਂ ਨੂੰ ਬਣਦਾ ਮਾਣ ਸਤਿਕਾਰ ਦਿਓ ਜੋ ਸਿੱਧਾ ਮਾਨ ਸਾਹਿਬ ਦੀ ਈ ਮੇਲ ਤੇ ਵੀ ਭੇਜਿਆ ਸੀ,ਪਰ ਕੋਈ ਗੌਰ ਨਹੀਂ ਹੋਈ।ਜੋ ਜ਼ਿਆਦਾ ਪੂਛ ਪੂਛ ਕਰਦੇ ਨੇ ਓਹ ਸੱਭ ਕੁੱਝ ਲੈ ਜਾਂਦੇ ਨੇ। ਮੈਂ ਕੋਸ਼ਿਸ਼ ਕਰਾਂਗਾ ਤੁਹਾਨੂੰ ਮਾਨ ਸਾਹਿਬ ਨੂੰ ਭੇਜਿਆ ਤੇ ਅਖਬਾਰਾਂ ਵਿੱਚ ਲੱਗਾ ਲੇਖ ਵੀ ਭੇਜਾਂਗਾ ਜੀ ਤਕੜਿਆਂ ਦਾ ਸੱਤੀਂ ਵੀਹੀਂ ਸੌ ਹੈ ਇਥੇ। ਜਸਵੀਰ ਸ਼ਰਮਾ ਹੁਰਾਂ ਦੀ ਇਹ ਲਿਖਤ ਇਥੇ ਕਲਿੱਕ ਕਰ ਕੇ ਪੜ੍ਹੀ ਜਾ ਸਕਦੀ ਹੈ। 

ਇਸ ਲਈ ਸਾਹਿਤ ਦੇ ਖੇਤਰਾਂ ਵਿੱਚ ਜਿਹੜੇ ਹੋਰ ਬਹੁਤ ਸਾਰੇ ਮੁੱਦੇ ਹਨ ਉਹਨਾਂ ਵਿੱਚ ਇੱਕ ਮੁੱਦਾ ਆਰਥਿਕਤਾ ਵਾਲਾ ਵੀ ਅਹਿਮ ਸੀ ਅਤੇ ਹੁਣ ਵੀ ਹੈ ਪਰ ਇਸ ਬਾਰੇ ਸ਼ਾਇਦ ਹੀ ਕਦੇ ਕਿਸੇ ਵੱਲੋਂ ਕੋਈ ਪ੍ਰਸੰਸਾਯੋਗ ਕਦਮ ਚੁੱਕਿਆ ਗਿਆ ਹੋਵੇ। ਲੜਾਈਆਂ ਤਾਂ ਹੋਰ ਸਨ ਲੜਨ ਵਾਲੀਆਂ ਪਰ ਅਹੁਦਿਆਂ ਲਈ ਜੰਗ ਕਿਥੋਂ ਏਨੀ ਪ੍ਰਮੁੱਖ ਬਣ ਕੇ ਆ ਗਈ? 

ਜੇਕਰ ਚੋਣ ਹੋਈ ਤਾਂ ਜਿੱਤ ਹਾਰ ਵੀ ਹੋਣੀ ਹੀ ਸੀ। ਇਸ ਲਈ ਹਾਰਨ ਵਾਲੀ ਧਿਰ ਦੇ ਆਗੂ ਲਖਵਿੰਦਰ ਜੌਹਲ ਦੀ ਨਤੀਜਿਆਂ ਮਗਰੋਂ ਮੁਸਕਰਾਹਟ ਸੱਚਮੁੱਚ ਕਮਾਲ ਦੀ ਹਿੰਮਤ ਦਾ ਪ੍ਰਗਟਾਵਾ ਕਰ ਰਹੀ ਸੀ। ਇਹ ਮੁਸਕਰਾਹਟ ਸੀ ਅਸਲੀ ਖਿਡਾਰੀ ਭਾਵਨਾ ਦਾ ਪ੍ਰਗਟਾਵਾ। ਲਖਵਿੰਦਰ ਜੌਹਲ ਦੀ ਇਹ ਮੁਸਕਾਨ ਕਿਸੇ ਮਜਬੂਰੀ ਦੀ ਗੱਲ ਵੀ ਕਰਦੀ ਸੀ। ਪਤਾ ਨਹੀਂ ਉਹ ਮਜਬੂਰੀ ਕਿਹੜੀ ਸੀ ਜਾਂ ਹੈ ਪਰ ਮਜਬੂਰੀਆਂ ਅਤੇ ਔਕੜਾਂ ਨਾਲ ਮੁਸਕਰਾ ਕੇ ਗੱਲ ਕਰਨ ਵਿੱਚ ਜੌਹਲ ਸਾਹਿਬ ਕੋਲ ਇਹ ਮੁਹਾਰਤ ਦਹਾਕਿਆਂ ਪੁਰਾਣੀ ਹੈ। ਇਸਦੀਂਆਂ ਕਈ ਦਿਲਚਸਪ ਅਤੇ ਪ੍ਰੇਰਨਾਦਾਇਕ ਕਹਾਣੀਆਂ ਵੀ ਹਨ ਜਿਹਨਾਂ ਦੀ ਚਰਚਾ ਫਿਰ ਕਦੇ ਸਹੀ। 

ਪਹਾੜ ਕਾਟਨੇ ਵਾਲੇ ਜ਼ਮੀਂ ਸੇ ਹਾਰ ਗਏ!

ਇਸੀ ਜ਼ਮੀਨ ਮੈਂ ਦਰਿਆ ਸਮਾਏ ਹੈਂ ਕਿਆ ਕਿਆ!

          ----ਯਗਾਨਾ ਚੰਗੇਜ਼ੀ 

ਤੁਹਾਡੇ ਵਿਚਾਰਾਂ ਅਤੇ ਸੁਝਾਵਾਂ ਦੀ ਉਡੀਕ ਬਣੀ ਹੀ ਰਹੇਗੀ। ਜਿੱਤਾਂ ਹਾਰਾਂ ਦੇ ਨਾਲ ਨਾਲ ਇਹ ਦੇਖਣਾ ਵੀ ਜ਼ਰੂਰੀ ਹੈ ਕਿ ਲੇਖਕਾਂ ਦੀ ਮਾਨਸਿਕਤਾ ਅਤੇ ਲਾਈਫ ਸਟਾਈਲ ਕਿਹੜੀਆਂ ਖਿੜੀਆਂ ਗੱਲਾਂ ਕਰਕੇ ਡਿਸਟਰਬ ਹੋ ਰਹੇ ਹਨ। ਇਸ ਮਕਸਦ ਲਈ ਰਲ ਮਿਲ ਕੇ ਸਾਂਝਾ ਹੰਭਲਾ ਕਿਵੇਂ ਮਾਰਿਆ ਜਾ ਸਕਦਾ ਹੈ। ਪੱਤਰਕਾਰਾਂ//ਲੇਖਕਾਂ ਅਤੇ  ਬੁਧੀਜੀਵੀਆਂ ਤੇ ਕਿਹੜੇ ਕਿਹੜੇ ਖਤਰੇ ਮੰਡਰਾ ਰਹੇ ਹਨ।  ਹਾਲਤਾਂ ਵਿੱਚ ਸਾਨੂੰ ਸਭਨਾਂ ਨੂੰ ਇੱਕਜੁੱਟ ਹੋ ਕੇ ਵਡੇਰੇ ਹਿੱਤਾਂ ਪ੍ਰਤੀ ਗੰਭੀਰ ਹੋਣਾ ਚਾਹੀਦਾ ਹੈ। 

ਅਖੀਰ ਵਿੱਚ ਅਦਮ ਗੌਂਡਵੀ ਸਾਹਿਬ ਦੀ ਸਲਾਹ ਸਾਨੂੰ ਸਭਨਾਂ ਨੂੰ ਮੰਨ ਹੈ>

ਭੂਖ ਕੇ ਅਹਿਸਾਸ ਕੋ ਸ਼ੇ-ਅ ਰੋ  ਲੈ ਚਲੋ!

ਯਾ ਅਦਬ ਕੋ ਮੁਫਲਿਸੋਂ ਕੀ ਅੰਜੁਮਨ ਤੱਕ ਲੈ ਚਲੋ!

ਜੋ ਗ਼ਜ਼ਲ ਮਾਸ਼ੂਕ ਕੇ ਜਲਵੋਂ  ਸੇ ਵਾਕਿਫ ਹੋ ਗਈ!

ਉਸਕੋ ਅਬ ਬੇਵਾ ਕੇ ਮਾਥੇ ਕੀ ਸ਼ਿਕਨ ਤੱਕ ਲੈ ਚਲੋ!

ਮੁਝਕੋ ਸਬਰ-ਓ-ਜ਼ਬਤ ਕੀ ਤਾਲੀਮ ਦੇਣਾ ਬਾਅਦ ਮੈਂ,

ਪਹਿਲੇ ਆਪਣੀ ਰਹਿਬਰੀ ਕੋ ਆਚਰਣ ਤੱਕ ਲੈ ਚਲੋ!


     

Saturday, 2 March 2024

ਡਾ.ਸਰਬਜੀਤ ਸਿੰਘ ਦੀ ਟੀਮ ਨੂੰ ਵੀ ਵੱਡੀਆਂ ਸ਼ਖਸੀਅਤਾਂ ਦੇ ਥਾਪੜੇ

ਤਿੰਨ ਵੱਡੀਆਂ ਹਸਤੀਆਂ ਦਾ ਪਿਆਰ, ਸਤਿਕਾਰ,ਥਾਪੜਾ ਅਤੇ ਅਸ਼ੀਰਵਾਦ


ਮੋਹਾਲੀ
//ਪਟਿਆਲਾ: 2 ਮਾਰਚ 2024: (ਮੀਡੀਆ ਲਿੰਕ//ਸਾਹਿਤ ਸਕਰੀਨ ਡੈਸਕ)::
ਪੰਜਾਬੀ ਸਾਹਿਤ ਅਕਾਦਮੀ ਦੀਆਂ ਚੋਣਾਂ ਵਿੱਚ ਬਾਰ ਬਾਰ ਡਾਕਟਰ ਸਰਬਜੀਤ ਵਾਲੇ ਧੜੇ ਨੂੰ ਇੱਕ ਵਿਸ਼ੇਸ਼ ਸਿਆਸੀ ਪਾਰਟੀ ਦਾ ਧੜਾ ਕਹਿ ਕੇ ਆਲੋਚਨਾ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਇਸ ਮਕਸਦ ਲਈ ਆਲੋਚਨਾ ਦੇ ਤੀਰ ਛੱਡਣ ਵਾਲੇ ਇਹ ਸੱਜਣ ਇਹ ਵੀ ਭੁੱਲ ਜਾਂਦੇ ਰਹੇ ਕਿ ਇਹ ਉਹੀ ਪਾਰਟੀ ਹੈ ਜਿਸਦੇ ਵਿਚਾਰਾਂ ਨੇ ਦੁਨੀਆ ਵਿੱਚ ਸਦੀਆਂ ਤੋਂ ਜਾਰੀ ਲੁੱਟ ਖਸੁੱਟ ਅਤੇ ਸ਼ੋਸ਼ਣ ਦੇ ਖਿਲਾਫ਼ ਇੰਨਕਲਾਬ ਦਾ ਝੰਡਾ ਬੁਲੰਦ ਕੀਤਾ। ਇਸ ਝੰਡੇ ਦੀ ਬੁਲੰਦੀ ਲਈ ਕੁਰਬਾਨੀਆਂ ਦੀ ਝੜੀ ਵੀ ਲਾ ਦਿੱਤੀ।
ਲਗਾਤਾਰ ਡੁੱਲਦੇ ਆ ਰਹੇ ਇਸ ਲਹੂ ਨੇ ਹੀ ਦੁਨੀਆ ਦੇ ਬੁਧੀਜੀਵੀਆਂ, ਕਲਾਕਾਰਾਂ, ਸ਼ਾਇਰਾਂ, ਲੇਖਕਾਂ ਅਤੇ ਫਿਲਮਸਾਜ਼ਾਂ ਦੇ ਦਿਲਾਂ ਨੂੰ ਹਲੂਣਿਆ। ਜਾਂਨਿਸਾਰ ਅਖਤਰ, ਕੈਫ਼ੀ ਆਜ਼ਮੀ, ਸਾਹਿਰ ਲੁਧਿਆਣਵੀ, ਫੈਜ਼ ਅਹਿਮਦ ਫੈਜ਼--ਬਹੁਤ ਸਾਰੇ ਨਾਂਵਾਂ ਦੀ ਇਸ ਲੰਮੀ ਲਿਸਟ ਵਾਲੇ ਕਲਮਕਾਰ ਹੀ ਸਮਝ ਸਕੇ ਸਨ ਉਸ ਦਰਦ ਅਤੇ ਸੰਵੇਦਨਾ ਨੂੰ ਜਿਹੜਾ ਕਾਰਲ ਮਾਰਕਸ ਨੇ ਆਪਣੀ ਇਤਿਹਾਸਿਕ ਰਚਨਾ ਪੂੰਜੀ ਦੀ ਰਚਨਾ ਵੇਲੇ ਵੀ ਆਪਣੇ ਪਰਿਵਾਰ ਸਮੇਤ ਹੰਡਾਇਆ। ਨਿਸ਼ਾਨਾ:ਜਿੱਤ ਜਾਂ ਕੁਰਸੀ ਨਹੀਂ ਬਲਕਿ ਸਿਧਾਂਤਕ ਅਡੋਲਤਾ ਅਤੇ ਲੋਕਾਂ ਨਾਲ ਪ੍ਰਤੀਬੱਧਤਾ

ਇਹ ਉਹੀ ਫਲਸਫਾ ਹੈ ਜਿਸ ਵਿਚਲੇ ਵਿਚਾਰਾਂ ਨੇ ਬਹੁਤ ਸਾਰੇ ਸਾਹਿਤਕਾਰ ਪੈਦਾ ਕੀਤੇ। ਉਹਨਾਂ ਦੀਆਂ ਰਚਨਾਵਾਂ ਵਿੱਚੋਂ ਕਾਰਲ ਮਾਰਕਸ ਅਤੇ ਲੈਨਿਨ ਦੇ ਵਿਚਾਰਾਂ ਦਾ ਝਾਉਲਾ ਪੈਂਦਾ ਹੈ। ਜਾਦੂਈ ਫਲਸਫੇ ਵਾਲੀ ਇਹ ਇਹ ਲਿਖਤ "ਪੂੰਜੀ" ਕਿਸੇ ਇਨਾਮ ਸ਼੍ਨਾਮ ਅਤੇ ਅਹੁਦੇ ਲਈ ਨਹੀਂ ਸੀ ਲਿਖੀ ਗਈ। ਇਹ ਸਾਹਿਤ ਲੋਕਾਂ ਦੇ ਹਾਲਤਾਂ ਵਿਚ ਉਸਾਰੂ ਤਬਦੀਲੀ ਲਿਆਉਣ ਲਈ ਲਿਖਿਆ ਗਿਆ ਸੀ।

ਕਲਮਾਂ ਅਤੇ ਸਾਹਿਤ ਦੀ ਲੋਕਾਂ ਦੇ ਭਲੇ ਨਾਲ ਪ੍ਰਤੀਬਧਤਾ ਅਸਲ ਵਿਚ ਹਰ ਕਲਮਕਾਰ ਦਾ ਫਰਜ਼ ਬਣਦਾ ਹੈ। ਜਿਹੜੇ ਅਜਿਹਾ ਕਰਨ ਦੀ ਬਜਾਏ ਲੋਕਾਂ ਦੇ ਖਿਲਾਫ਼ ਖੜੇ ਹੁੰਦੇ ਰਹੇ ਹਨ ਉਹ ਅਸਲ ਵਿਚ ਜੋਕਾਂ ਦੇ ਹੱਕ ਵਿਚ ਸਟੈਂਡ ਲੈ ਰਹੇ ਹੁੰਦੇ ਹਨ। ਲਕੀਰ ਨਾ ਵੀ ਖਿੱਚੀ ਜਾਵੇ ਤਾਂ ਵੀ ਆਪਣੇ ਆਪ ਬਣ ਜਾਂਦੀ ਹੈ ਅਤੇ ਸਮੇਂ ਦੇ ਨਾਲ ਨਾਲ ਗੂਹੜੀ ਹੁੰਦੀ ਜਾਂਦੀ ਹੈ।

ਪਾਸ਼, ਲਾਲਸਿੰਘ ਦਿਲ ਅਤੇ ਸੰਤ ਰਾਮ ਉਦਾਸੀ ਹੁਰਾਂ ਵਾਲੇ ਕਾਫ਼ਿਲੇ ਵੀ ਇੱਸੇ ਸੋਚ ਨੂੰ ਹੀ ਅੱਗੇ ਤੋਰਿਆ। ਇੱਸੇ ਸੋਚ 'ਤੇ ਚੱਲਣ ਵਾਲੇ ਕਲਮਕਾਰਾਂ ਨੇ ਹੀ ਲੋਕ ਪੱਖੀ ਸਿਆਸਤ ਦੀ ਮਜ਼ਬੂਤੀ ਲਈ ਆਪਣੀ ਕਲਮ ਚਲਾਈ। ਕਲਮਕਾਰਾਂ ਦੇ ਇਹਨਾਂ ਸਮਰਪਿਤ ਲੇਖਕਾਂ ਨੇ ਹੀ ਹੁਣ ਵੀ ਉਸ ਸੋਚ ਵਾਲੇ ਪੈਨਲ ਨੂੰ ਸਮਰਥਨ ਦਿੱਤਾ ਹੈ ਜਿਹੜਾ ਪੈਨਲ ਲੋਕ ਪੱਖੀ ਸਾਹਿਤ ਲਈ ਲਗਾਤਾਰ ਪ੍ਰਤੀਬੱਧ ਹੈ।

ਲੋਕਾਂ ਦੇ ਹੱਕ ਵਿੱਚ ਜਿਊਣ ਮਰਨ ਦਾ ਸੰਕਲਪ ਰੱਖਣ ਵਾਲੇ ਡਾ.ਸਰਬਜੀਤ ਸਿੰਘ ਦੀ ਟੀਮ ਨੂੰ ਵੀ ਜਿਹੜੀਆਂ ਜਿਹੜੀਆਂ ਵੱਡੀਆਂ ਸ਼ਖਸੀਅਤਾਂ ਦੇ ਥਾਪੜੇ ਮਿਲ ਰਹੇ ਹਨ ਉਹ ਲੋਕਾਂ ਨੂੰ ਸਮਰਪਿਤ ਰਹਿਣ ਵਾਲਿਆਂ ਦੇ ਹੀ ਹਨ। ਦਿਲਚਸਪ ਗੱਲ ਇਹ ਹੈ ਕਿ ਇਹ ਹਮਾਇਤਾਂ ਗੈਰ ਸਿਆਸੀ ਹੋਣ ਦੇ ਬਾਵਜੂਦ ਲੋਕਾਂ ਲਈ ਰਚੇ ਜਾਂਦੇ ਸਾਹਿਤ ਦੇ ਸਮਰਥਕਾਂ ਦੀਆਂ ਹੀ ਹਨ।

ਲੋਕਧਾਰਾ ਦੇ ਖੋਜੀ ਅਤੇ ਵੱਡੇ ਕਹਾਣੀਕਾਰ ਕਿਰਪਾਲ ਕਜ਼ਾਕ ਜੀ ਨੇ ਜ਼ਿੰਦਗੀ ਨੂੰ ਨੰਗੀਆਂ ਅੱਖਾਂ ਨਾਲ ਬਹੁਤ ਨੇੜਿਓਂ ਹੋ ਕੇ ਦੇਖਿਆ ਹੈ। ਉਹਨਾਂ ਦੀਆ ਲਿਖਤਾਂ ਹੁਣ ਵੀ ਬਹੁਤ ਪਿਆਰ ਅਤੇ ਸਟਿੱਕਰ ਨਾਲ ਪੜ੍ਹੀਆਂ ਜਾਂਦੀਆਂ ਹਨ। ਉਹਨਾਂ ਨੇ ਵੀ ਡਾਕਟਰ ਸਰਬਜੀਤ ਦੀ ਟੀਮ ਨੂੰ ਸ਼ੁਭਕਾਮਨਾਵਾਂ ਕਰਦਿਆਂ ਇਸ ਟੀਮ ਦਾ ਸਮਰਥਨ ਕੀਤਾ ਹੈ।

ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਅਤੇ ਲੋਕ ਘੋਲਾਂ ਦੇ ਹਮਰਾਹ ਕਹਾਣੀਕਾਰ ਅਤਰਜੀਤ ਜੀ ਪੂਰੀ ਤਰ੍ਹਾਂ ਬੇਬਾਕ ਅਤੇ ਸਪਸ਼ਟ ਰਹੇ ਹਨ। ਜਿਥੇ ਕਿਤੇ ਰਸਤੇ ਦੀ ਚੋਣ ਵਾਲੀ ਗੱਲ ਵੀ ਆਵੇ ਤਾਂ ਉਹ ਲੋਕ ਪੱਖੀ ਰਸਤੇ ਵੱਲ ਹੀ ਮੁੜਦੇ ਰਹੇ ਹਨ। ਉਮਰ ਅਤੇ ਸਿਹਤ ਦੀਆਂ ਚੁਣੌਤੀਆਂ ਦੇ ਬਾਵਜੂਦ ਉਹਨਾਂ ਨੇ ਸਾਹਿਤ ਪ੍ਰਤੀ ਲੋਕ ਪੱਖੀ ਪਹੁੰਚ ਨੂੰ ਕਦੇ ਵਿਸਾਰਿਆ ਨਹੀਂ। ਉਹ ਲੋਕਾਂ ਨਾਲ ਹੀ ਖੜੇ ਹੁੰਦੇ ਰਹੇ ਹਨ।

ਪੰਜਾਬ ਦੇ ਇਤਿਹਾਸ ਅਤੇ ਸਭਿਆਚਾਰ ਦੇ ਖੋਜੀ ਅਤੇ ਵੱਡੇ ਚਿੰਤਕ ਡਾ.ਪਰਮਿੰਦਰ ਸਿੰਘ ਵੀ ਖੁੱਲ੍ਹ ਕੇ ਡਾ. ਸਰਬਜੀਤ ਸਿੰਘ ਵਾਲੀ ਟੀਮ ਦੀ ਹਮਾਇਤ 'ਤੇ ਆਏ ਹਨ।

ਡਾਕਟਰ ਸਰਬਜੀਤ ਸਿੰਘ ਵਾਲੀ ਟੀਮ ਦੇ ਸਟਾਰ ਚੋਣ ਪ੍ਰਚਾਰਕ ਡਾ. ਕੁਲਦੀਪ ਸਿੰਘ ਨੇ ਇਸ ਪੈਨਲ ਦੀ ਹਮਾਇਤ 'ਤੇ ਆਏ ਸਭਨਾਂ ਲੇਖਕਣਾ ਅਤੇ ਸੰਗਠਨਾਂ ਦਾ ਸ਼ੁਕਰੀਆ ਅਦਾ ਕੀਤਾ ਹੈ। ਉਹਨਾਂ ਨੇ ਇਹਨਾਂ ਤਿੰਨਾਂ ਸ਼ਖਸੀਅਤਾਂ ਅਰਥਾਤ ਕਿਰਪਾਲ ਕਜ਼ਾਕ, ਅਤਰਜੀਤ ਕਹਾਣੀਕਾਰ ਅਤੇ ਡਾ. ਪਰਮਿੰਦਰ ਸਿੰਘ ਹੁਰਾਂ ਦਾ ਧੰਨਵਾਦ ਕਰਦਿਆਂ ਕਿਹਾ ਹੈ,"ਬਹੁਤ ਸ਼ੁਕਰੀਆ ਤਿੰਨਾਂ ਸ਼ਖ਼ਸੀਅਤਾਂ ਦਾ......"
"ਆਪ ਸਭ ਨੂੰ ਵੀ ਅਪੀਲ ਹੈ ਕਿ ਡਾ. ਸਰਬਜੀਤ ਸਿੰਘ ਵਾਲੇ ਕਾਫ਼ਲੇ ਦੀ ਤਾਕਤ ਬਣੀਏ...."

ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀ ਚੋਣ ਦਾ ਰੌਲਾ-ਫ਼ਰੀਦਾਬਾਦ ਤਕ

 Friday 1st March 2024 at 12:04 PM

ਕੁਝ ਕੁ ਸਵਾਲ ਸੁਰਿੰਦਰ ਸਿੰਘ ਓਬਰਾਏ ਵੱਲੋਂ ਵੀ ਆਏ ਹਨ 

ਲੁਧਿਆਣਾ//ਫਰੀਦਾਬਾਦ: 1 ਮਾਰਚ 2024: (ਮੀਡੀਆ ਲਿੰਕ//ਸਾਹਿਤ ਸਕਰੀਨ ਡੈਸਕ)

ਦੋਸਤੋ, ਪਿਆਰੇ ਕਲਾਕਾਰੋ,

ਮੇਰੇ ਵੱਲੋਂ ਆਪ‌ ਜੀ ਨੂੰ ਸਤਿਕਾਰ,ਆਦਾਬ।

ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀ ਚੋਣ ਦਾ ਰੌਲਾ , ਹਰਿਆਣਾ ਦੇ ਸਿਰੇ ਤੇ ਫ਼ਰੀਦਾਬਾਦ ਤਕ ਪਹੁੰਚ ਗਿਆ ਹੈ.... ਕੁਝ ਕੁਝ ਲੋਕ ਸਭਾ ਦੇ ਰੌਲ਼ੇ ਵਾਂਗ। ਸੁਣਿਆ ਹੈ ਦੋ ਧਿਰਾਂ ਆਹਮੋ ਸਾਹਮਣੇ ਖੜੀਆਂ ਹਨ, ਘਰੋਂ ਘਰੀਂ ਸੰਪਰਕ ਕੀਤਾ ਜਾ ਰਿਹਾ ਹੈ...ਪਰ ਮੈਨੂੰ , ਸ਼ਾਇਦ ਅਗਿਆਨਤਾ ਕਾਰਨ,ਸਮਝ ਨਹੀਂ ਆ ਰਹੀ ਕਿ ਕਿਓਂ ਏਨੇ ਵੱਡੇ ਵੱਡੇ ਵਿਦਵਾਨ ਲੇਖਕਾਂ ਨੂੰ ਕੀ ਲੋੜ ਪੈ ਗਈ,ਤਖ਼ਤ ਵਰਗੀ ਕੁਰਸੀ ਤੇ ਬੈਠ ਕੇ , ਮਾਂ ਬੋਲੀ ਪੰਜਾਬੀ ਦੀ ਸੇਵਾ ਕਰਨ  ਦੀ? 

ਅਜ ਕਲ ਹਰ ਕੋਈ 'ਪੰਜਾਬੀ ਮਾਂ ਬੋਲੀ ਦੀ ਸੇਵਾ ' ਦਾ ਬਿੱਲਾ ਦਾ ਕੇ ਕੁਰਸੀ ਪਿਛੇ ਦੌੜ ਰਹੇ ਹਨ, ਕੁਰਸੀਆਂ ਭਾਲ ਰਹੇ ਹਨ... ਪਰ ਕੀ ਇਹ ਵਿਦਵਾਨਾਂ ਨੂੰ ਵੀ ਸੋਭਦਾ ਹੈ?

 ਪਤਾ ਲਗਿਆ ਕਿ ਇਸ ਸੰਸਥਾ ਨੂੰ ਕਰੋੜਾਂ ਰੁਪਏ ਦੀ ਗ੍ਰਾਂਟ ਮਿਲਦੀ ਹੈ, ਜਿਸ ਨੂੰ ਪੰਜਾਬੀ ਬੋਲੀ ਦੀ ਚੜ੍ਹਤ ਲਈ ਵਰਤਿਆ ਜਾਣਾ ਚਾਹੀਦਾ ਹੈ ।

ਕੁਝ ਕੁ ਸਵਾਲ ਹਨ,ਹੋ ਸਕਦਾ ਹੈ ਬੇਤੁਕੇ ਹੋਣ, ਜਾਣਕਾਰੀ ਲਈ ਹੀ ਇਸ ਦਾ ‌ਉਤੱਰ   ਚਾਹੀਦਾ ਹੈ:

੧- ਕਿਨੇਂ ਸੈਮੀਨਾਰ ਕਰਵਾਏ ਗਏ ਹਨ ?

,੨- ਕੀ ਕਵੀ ਦਰਬਾਰਾਂ ਤੋਂ  ਇਲਾਵਾ ਕੋਈ ਕਹਾਣੀ ਦਰਬਾਰ, ਜਾਂ ਨਾਵਲ ਤੇ ਕੋਈ ਗੋਸ਼ਟੀ ਕਰਵਾਈ ਗਈ?

੩- ਵਾਰਤਕ ਵਿਧਾ ਵਿਚ ਨਿਬੰਧ  (ਆਲੋਚਨਾ ਤੋਂ ਇਲਾਵਾ) ਲਿਖਣ ਵਾਲੇ ਕਿੰਨਿਆਂ 

ਨੂੰ ਸਨਮਾਨਿਤ ਕੀਤਾ ਗਿਆ ਹੈ।

੪-ਗ੍ਰਾਂਟ ਦਾ ਕਿੰਨਾ ਕੁ ਖ਼ਰਚ (ਰਖ ਰਿਖਾ ਤਨਖਾਹਾਂ ਤੋਂ ਇਲਾਵਾ) ਟੂਰ ਤੇ ਅਤੇ ਕਿੰਨਾ  ਕੁ ਸਮਾਗਮ ਵਗੈਰਾ ਤੇ।

੫-ਕੀ ਪੰਜਾਬ ਤੋਂ ਬਾਹਰ ਕਦੀ ਕਿਸੇ ਲਿਖਾਰੀ ਨੂੰ ਸਨਮਾਨਿਤ ਕੀਤਾ ਗਿਆ ਹੈ? ਜਾਂ ਕਦੀਂ ਕੋਈ ਸਮਾਗਮ ਕਰਵਾਇਆ ਹੋਵੇ।

੬-ਭਾਵੇਂ ਇਹ ਸੰਸਥਾ ਪੰਜਾਬ ਸਰਕਾਰ  ਦੀ ਗ੍ਰਾਂਟ ਨਾਲ ਚਲਦੀ ਹੈ , ਇਸ ਦਾ ਰਾਬਤਾ ਬਾਹਰਲੇ ਦੇਸ਼ਾਂ ਨਾਲ ਵੀ ਹੈ, ਪਰ ਕਿਸੇ ਭਾਰਤੀ ਸਟੇਟ ਨਾਲ ਨਹੀਂ , ਕਿਸੇ ਯੂਨੀਵਰਸਿਟੀ ਨਾਲ ਨਹੀਂ।

੭- ਪੰਜਾਬ ਦੇ ਪ੍ਰਾਈਵੇਟ ਸਕੂਲਾਂ ਵਿਚ ਹਾਲੇ ਵੀ ਪੰਜਾਬੀ ਨਹੀਂ ਪੜ੍ਹਾਈ ਜਾਂਦੀ, ਕੁਝ ਇਸ ਦੀ ਸਰਕਾਰ ਤਕ ਕੀ ਪਹੁੰਚ ਤੇ ਉਪਰਾਲੇ ਕੀਤੇ ਗਏ ਹਨ?

ਮੇਰੀ ਜਾਚੇ ਏਨਾ ਆਪਿਸ ਵਿਚ ਗੁੱਥਮਗੁੱਥਾ ਹੋਣ ਦੀ ਬਜਾਏ , ਜਿਸ ਉਦੇਸ਼ ਨੂੰ ਲੈਕੇ ਇਸ ਦੀ ਸਥਾਪਨਾ ਕੀਤੀ ਗਈ ਸੀ,ਉਸ  ਨੂੰ ਮੁਖ ਰਖ ਕੇ, ਵਿਦਵਾਨਾਂ ਨੂੰ ਅਪੀਲ ਹੈ ਕਿ ਆਪਣੇ ਵੋਟ ਦੀ ਤਾਕਤ ਦਾ ਇਸਤੇਮਾਲ ਕਰਨ।

ਭੁੱਲ ਚੁੱਕ ਮੁਆਫ ਕਰਨੀਂ ਜੀ।

ਆਪ ਜੀ ਦਾ,

ਸੁਰਿੰਦਰ ਸਿੰਘ ਓਬਰਾਏ


ਆਖਿਰ ਵਿੱਚ ਚਾਰ ਕਾਵਿਕ ਸਤਰਾਂ ਵੀ:

ਮੂਲ ਚੰਦ ਸ਼ਰਮਾ ਦੀ ਲਾਜਵਾਬ ਕਵਿਤਾ 

ਸੇਲ    ਸੇਲ    ਸੇਲ

---------------------

ਦੇਵਤੇ ਵਿਕਾਊ ਇਨਸਾਨ ਵੀ ਵਿਕਾਊ ਨੇ ।

ਤੇਰੇ ਅਤੇ ਮੇਰੇ ਭਗਵਾਨ ਵੀ ਵਿਕਾਊ ਨੇ  ।

ਅੱਜ ਨੀਂ ਜੇ ਕੋਲ਼ ਪਿੱਛੋਂ ਅੱਧੋ ਅੱਧ ਕਰ ਲਾਂ ਗੇ ,

ਪੰਜ ਦਸ ਲੱਖੇ ਸਨਮਾਨ ਵੀ ਵਿਕਾਊ ਨੇ ।

😃😃😃

Monday, 26 February 2024

ਡਾਕਟਰ ਸੁਖਵਿੰਦਰ ਪਰਮਾਰ ਜੀ ਦੇ ਕੁਝ ਸਵਾਲਾਂ ਦਾ ਜਵਾਬ--ਹਰਪ੍ਰੀਤ ਕੌਰ ਸੰਧੂ

Sunday 25th February 2024 at 9:39 PM

ਉਹ ਸਵਾਲ ਹੀ ਗਲਤ ਥਾਂ ਤੇ ਪੁੱਛ ਰਹੇ ਹਨ


ਪਟਿਆਲਾ
//ਲੁਧਿਆਣਾ: 26 ਫਰਵਰੀ 2024:(ਮੀਡੀਆ ਲਿੰਕ//ਸਾਹਿਤ ਸਕਰੀਨ ਡੈਸਕ)::

ਪੰਜਾਬੀ ਸਾਹਿਤ ਅਕਾਦਮੀ ਦੀਆਂ ਚੋਣਾਂ ਨਾਲ ਸਬੰਧਤ ਸਰਗਰਮੀਆਂ ਤੇਜ਼ੀ ਨਾਲ ਜਾਰੀ ਹਨ। ਇਸ ਵਾਰ ਵੀ ਇਹਨਾਂ ਚੋਣਾਂ ਦੇ ਚਰਚੇ ਜ਼ੋਰਾਂ ਸ਼ੋਰਾਂ ਨਾਲ ਹੋ ਰਹੇ ਹਨ। ਮੁੱਦੇ ਭਖੇ ਹੋਏ ਹਨ। ਜਿਹੜੇ ਲੇਖਕ ਸੱਜਣ ਕਦੇ ਨਹੀਂ ਬੋਲਿਆ ਕਰਦੇ ਸਨ ਹੁਣ ਉਹ ਵੀ ਬੋਲ ਰਹੇ ਹਨ।  ਇਹਨਾਂ ਚੋਣਾਂ ਦੇ ਮੁੱਦਿਆਂ ਨੂੰ ਲੈ ਕੇ ਡਾਕਟਰ ਸੁਖਵਿੰਦਰ ਸਿੰਘ ਪਰਮਾਰ ਹੁਰਾਂ ਨੇ ਪਿਛਲੇ ਦਿਨੀਂ ਕੁਝ ਤਿੱਖੇ ਸੁਆਲ ਵੀ ਪੁੱਛੇ ਸਨ। ਇਹਨਾਂ ਸੁਆਲਾਂ ਨੇ ਵੀ ਸਾਹਿਤਿਕ ਹਲਕਿਆਂ ਦਾ ਧਿਆਨ ਖਿੱਚਿਆ ਸੀ। ਇਹਨਾਂ ਸੁਆਲਾਂ ਦੇ ਕੁਝ ਤਿੱਖੇ ਜੁਆਬ ਚਲੰਤ ਮਾਮਲਿਆਂ ਦੀ ਚਰਚਾ ਵਿਚ ਸਰਗਰਮ ਰਹਿਣ ਵਾਲੀ ਬੁਧੀਜੀਵੀ ਮੈਡਮ ਹਰਪ੍ਰੀਤ ਕੌਰ ਸੰਧੂ ਹੁਰਾਂ ਨੇ ਦਿੱਤੇ ਹਨ ਜਿਹੜੇ ਕਾਬਿਲੇ ਜ਼ਿਕਰ ਵੀ ਹਨ ਅਤੇ ਕਾਬਿਲੇ ਗੌਰ ਵੀ ਹਨ। ਇਥੇ ਇਹ ਕਹਿਣਾ ਵੀ ਗ਼ਲਤ ਨਹੀਂ ਹੋਵੇਗਾ ਕਿ ਮੈਡਮ ਹਰਪ੍ਰੀਤ ਕੌਰ ਸੰਧੂ ਅਕਸਰ ਆਪਣੀਆਂ ਪੋਸਟਾਂ ਵਿੱਚ ਜ਼ਰੂਰੀ ਮੁੱਦੇ ਉਠਾਉਂਦੇ ਹੀ ਰਹਿੰਦੇ ਹਨ। ਦਾ. ਪਰਮਾਰ ਵੱਲੋਂ ਉਥੇ ਸੁਆਲਾਂ ਦਾ ਜੁਆਬ ਦੇਂਦਿਆਂ ਵੀ ਉਹਨਾਂ ਇੱਕ ਇੱਕ ਨੁਕਤਾ ਉਠਾਇਆ ਹੈ ਆਪਣੇ ਇਹਨਾਂ ਜੁਆਬਾਂ ਵਿੱਚ ਉਹਨਾਂ ਨੇ ਜੋ ਜੋ ਕੁਝ ਕਿਹਾ ਹੈ ਉਹ ਇਥੇ ਹਾਜ਼ਰ ਹੈ:

ਮੈਂ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੀ ਅਹੁਦੇਦਾਰ ਨਹੀਂ ਹਾਂ। ਪਰ ਮੈਂ ਡਾਕਟਰ ਸੁਖਵਿੰਦਰ ਪਰਮਾਰ ਜੀ ਦੇ ਕੁਝ ਸਵਾਲਾਂ ਦਾ ਜਵਾਬ ਦੇਣਾ ਚਾਹੁੰਦੀ ਹਾਂ। 

1. ਡਾਕਟਰ ਸੁਖਵਿੰਦਰ ਪਰਮਾਰ ਸਵਾਲ ਪੁੱਛਦੇ ਹਨ ਕਿ ਇਸ ਸੰਸਥਾ ਨੇ ਕਿੰਨੇ ਕੁ ਆਈਐਸ ਪੀਸੀਐਸ ਤੇ ਹੋਰ ਵੱਡੇ ਅਫਸਰ ਮਾਤ ਭਾਸ਼ਾ ਦੇ ਆਧਾਰ ਤੇ ਬਣਾ ਕੇ ਅਹੁਦਿਆਂ ਤੇ ਪਹੁੰਚਣ ਵਿੱਚ ਮਦਦ ਕੀਤੀ ਹੈ। ਕਿ ਉਹ ਇਹ ਜਾਣਦੇ ਹਨ ਕਿ ਮਾਧਿਅਮ ਪ੍ਰੀਖਿਆਰਥੀ ਨੇ ਖੁਦ ਚੁਣਨਾ ਹੁੰਦਾ ਹੈ। ਵਿਦਿਆਰਥੀ ਨੇ ਜਿਸ ਮਾਧਿਅਮ ਵਿੱਚ ਪੜ੍ਹਾਈ ਕੀਤੀ ਹੁੰਦੀ ਹੈ ਉਸੇ ਨੂੰ ਹੀ ਉਹ ਆਪਣੀ ਪ੍ਰੀਖਿਆ ਦਾ ਮਾਧਿਅਮ ਬਣਾਉਂਦਾ ਹੈ। ਇਹ ਕੰਮ ਪੰਜਾਬੀ ਯੂਨੀਵਰਸਿਟੀ ਦਾ ਬਣਦਾ ਹੈ। ਪੰਜਾਬੀ ਯੂਨੀਵਰਸਿਟੀ ਵਿਚਲੇ ਪੰਜਾਬੀ ਵਿਭਾਗ ਨੂੰ ਇਹ ਸਵਾਲ ਪੁੱਛਣਾ ਬਣਦਾ ਹੈ। ਉਥੇ ਦੇ ਆਈਏਐਸ ਪੀਸੀਐਸ ਟਰੇਨਿੰਗ ਸੈਂਟਰ ਨੂੰ ਇਹ ਸਵਾਲ ਪੁੱਛਣਾ ਬਣਦਾ ਹੈ। ਉਹ ਸਵਾਲ ਹੀ ਗਲਤ ਥਾਂ ਤੇ ਪੁੱਛ ਰਹੇ ਹਨ।

2. ਉਹਨਾਂ ਦੇ ਦੂਜੇ ਸਵਾਲ ਮੁਤਾਬਕ 25 ਸਾਲਾਂ ਤੋਂ ਪੰਜਾਬੀ ਦੇ ਅਧਿਆਪਕਾਂ ਦੀ ਭਰਤੀ ਨਹੀਂ ਹੋਈ ਉਸ ਲਈ ਸੰਸਥਾ ਨੇ ਕੀ ਯਤਨ ਕੀਤਾ ਹੈ। ਸ਼ਾਇਦ ਉਹ ਇਹ ਨਹੀਂ ਜਾਣਦੇ ਕਿ ਸਿਰਫ ਪੰਜਾਬੀ ਦੇ ਹੀ ਨਹੀਂ ਕਿਸੇ ਵੀ ਵਿਸ਼ੇ ਦੇ ਅਧਿਆਪਕਾਂ ਦੀ ਭਰਤੀ ਨਹੀਂ ਹੋਈ। ਇਹ ਸਵਾਲ ਸਰਕਾਰਾਂ ਨੂੰ ਕਰਨੇ ਬਣਦੇ ਹਨ। ਸਰਕਾਰ ਨੇ ਕਾਲਜ ਦੀਆਂ ਪ੍ਰੋਫੈਸਰ ਦੀਆਂ ਅਸਾਮੀਆਂ ਲਈ ਪੱਕੀਆਂ ਭਰਤੀਆਂ ਕਿਉਂ ਨਹੀਂ ਕੀਤੀਆਂ ਇਸ ਦਾ ਜਵਾਬ ਉਸ ਸਮੇਂ ਦੀਆਂ ਸਰਕਾਰਾਂ ਨੂੰ ਪੁੱਛਣਾ ਚਾਹੀਦਾ ਸੀ। ਚੋਣਾਂ ਦਾ ਫਾਇਦਾ ਉਠਾਉਂਦੇ ਹੋਏ ਇੱਕ ਧਿਰ ਨੂੰ ਫਾਇਦਾ ਦੇਣ ਲਈ ਬੇ ਮੌਕੇ ਇਹ ਸਵਾਲ ਕਰਨੇ ਠੀਕ ਨਹੀਂ ਹਨ। ਜੇਕਰ 25 ਸਾਲ ਨਹੀਂ ਹੋਈ ਤਾਂ ਕੋਈ ਗੱਲ ਨਹੀਂ ਬੀਤੇ ਸਮੇਂ ਨੂੰ ਵਾਪਸ ਨਹੀਂ ਲਿਆਂਦਾ ਜਾ ਸਕਦਾ ਪਰ ਅੱਜ ਉਹ ਇਹ ਸਵਾਲ ਮੌਜੂਦਾ ਸਰਕਾਰ ਨੂੰ ਕਿਉਂ ਨਹੀਂ ਕਰਦੇ ਕਿ ਕਾਲਜ ਦੇ ਅਧਿਆਪਕਾਂ ਦੀ ਪੱਕੀ ਭਰਤੀ ਕੀਤੀ ਜਾਵੇ। ਸਿਰਫ ਪੰਜਾਬੀ ਦੇ ਹੀ ਨਹੀਂ ਬਾਕੀ ਵਿਸ਼ਿਆਂ ਦੇ ਵੀ।

3. ਤੀਜਾ ਸਵਾਲ ਉਨਾਂ ਨੂੰ ਲੱਗਦਾ ਹੈ ਕਿ ਆਪਣੇ ਸਾਥੀਆਂ ਨੂੰ ਹੀ ਇਨਾਮ ਦਿੱਤੇ ਜਾਂਦੇ ਹਨ ਇੱਥੇ ਮੈਂ ਇਹ ਗੱਲ ਸਪਸ਼ਟ ਕਰ ਦੇਣਾ ਚਾਹੁੰਦੀ ਹਾਂ ਕਿ ਉਹ ਇੱਕ ਵਾਰ ਸਨਮਾਨਾਂ ਤੇ ਨਜ਼ਰ ਜਰੂਰ ਮਾਰਨ। ਜਿੱਥੋਂ ਤੱਕ ਮੈਨੂੰ ਯਾਦ ਹੈ ਹਰ ਸਨਮਾਨ ਯੋਗਤਾ ਦੇ ਆਧਾਰ ਤੇ ਹੀ ਮਿਲਿਆ ਹੈ। ਸਨਮਾਨ ਪ੍ਰਾਪਤ ਕਰਨ ਵਾਲੇ ਜਰੂਰੀ ਨਹੀਂ ਕਿ ਇਸੇ ਧਿਰ ਵਿੱਚ ਹੋਣ ਉਹ ਦੂਜੀ ਧਿਰ ਦੇ ਵੀ ਹਨ। ਬਹੁਤਾ ਪਿੱਛੇ ਦੀ ਗੱਲ ਨਹੀਂ ਕਰਦੇ ਹਾਲ ਹੀ ਵਿੱਚ ਪਿਛਲੇ ਦਿਨੀ ਇੱਕ ਸਾਹਿਤਿਕ ਸ਼ਖਸੀਅਤ  ਨੂੰ ਇਨਾਮ ਮਿਲਿਆ ਹੈ ਜਿਨਾਂ ਦੀ ਧਰਮ ਪਤਨੀ ਦੂਜੇ ਧਿਰ ਵੱਲੋਂ ਪ੍ਰਬੰਧਕੀ ਬੋਰਡ ਮੈਂਬਰ ਦੀ ਉਮੀਦਵਾਰ ਹੈ। ਉਹ ਚਾਹੁੰਦੇ ਹਨ ਤਾਂ ਇਸ ਗੱਲ ਨੂੰ ਵੈਰੀਫਾਈ ਵੀ ਕਰ ਸਕਦੇ ਹਨ।

ਜਿੱਥੋਂ ਤੱਕ ਪੰਜਾਬੀ ਬਾਰੇ ਕੰਮ ਕਰਨ ਦੀ ਗੱਲ ਹੈ ਤਾਂ ਜੋ ਕੰਮ ਪੰਜਾਬ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਲਖਵਿੰਦਰ ਜੌਹਲ ਜੀ ਨੇ ਕੀਤਾ ਹੈ ਉਹ ਪੰਜਾਬੀ ਯੂਨੀਵਰਸਿਟੀ ਵਿੱਚ ਬੈਠੇ ਪੰਜਾਬੀ ਦੇ ਸ਼ੁਭ ਚਿੰਤਕ ਵੀ ਨਹੀਂ ਕਰ ਸਕੇ। ਡਾਕਟਰ ਸੁਖਵਿੰਦਰ ਪਰਮਾਰ ਨੂੰ ਪਤਾ ਹੋਏਗਾ ਕਿ ਕਿਵੇਂ ਕਾਲਜਾਂ ਵਿੱਚ ਪੰਜਾਬੀ ਬੰਦ ਕਰ ਦੇਣ ਬਾਰੇ ਗੱਲ ਹੋਈ ਸੀ। ਇਸ ਵਿੱਚ ਡਾਕਟਰ ਲਖਵਿੰਦਰ ਜੌਹਲ ਨੇ ਇੱਕ ਮਹੱਤਵਪੂਰਨ ਰੋਲ ਅਦਾ ਕੀਤਾ। ਉਨਾਂ ਦੇ ਯਤਨਾ ਸਦਕਾ ਪੰਜਾਬੀ ਯੂਨੀਵਰਸਿਟੀ ਪੰਜਾਬੀ ਨੂੰ ਲਾਗੂ ਕਰਨ ਲਈ ਮੰਨ ਗਈ ਹੈ ਪਰ ਇਸ ਦਾ ਅਸਲੀ ਪ੍ਰਭਾਵ ਜੂਨ ਤੋਂ ਪਤਾ ਲੱਗੇਗਾ।

ਪੰਜਾਬੀ ਦੇ ਬਹੁਤੇ ਸ਼ੁਭ ਚਿੰਤਕ ਕਹਾਉਣ ਵਾਲੇ ਸੱਜਣਾਂ ਨੇ ਤਾਂ ਮੂੰਹ ਵੀ ਨਹੀਂ ਖੋਲਿਆ। ਖੈਰ ਇਹ ਗੱਲਾਂ ਹੌਲੀ ਹੌਲੀ ਸਭ ਦੇ ਸਾਹਮਣੇ ਆ ਜਾਣਗੀਆਂ।

ਮੇਰੀ ਜਾਚੇ ਮੇਰੀ ਸਮਝ ਮੁਤਾਬਿਕ ਮੈਂ ਡਾਕਟਰ ਸੁਖਵਿੰਦਰ ਪਰਮਾਰ ਜੀ ਦੇ ਸਵਾਲਾਂ ਦਾ ਜਵਾਬ ਦਿੱਤਾ ਹੈ। 

ਇਹ ਚੋਣਾਂ ਰਾਜਨੀਤਿਕ ਚੋਣਾਂ ਨਹੀਂ ਹਨ ਤੇ ਨਾ ਹੀ ਇਹਨਾਂ ਨੂੰ ਰਾਜਨੀਤਿਕ ਚੋਣਾਂ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਕੋਈ ਜਾਤ ਦਾ ਮੁੱਦਾ ਉਠਾ ਰਿਹਾ ਹੈ ਤੇ ਕੋਈ ਇਸ ਤਰ੍ਹਾਂ ਦੇ ਸਵਾਲ ਕਰ ਰਿਹਾ ਹੈ ਜੋ ਕਿ ਮੌਕੇ ਦੀਆਂ ਸਰਕਾਰਾਂ ਨੂੰ ਕਰਨੇ ਬਣਦੇ ਹਨ। ਸਾਹਿਤ ਅਕਾਦਮੀਆਂ ਦੇ ਕੰਮ ਸਾਹਿਤ ਤੇ ਭਾਸ਼ਾ ਪ੍ਰਤੀ ਹੁੰਦੇ ਹਨ ਜੋ ਕਿ ਪੰਜਾਬ ਸਾਹਿਤ ਅਕਾਦਮੀ ਲੁਧਿਆਣਾ ਬਾਖੂਬੀ ਕਰ ਰਹੀ ਹੈ।                      --ਹਰਪ੍ਰੀਤ ਕੌਰ ਸੰਧੂ

ਹੁਣ ਦੇਖਣਾ ਹੈ ਕਿ ਵੱਖ ਵੱਖ ਅਹੁਦਿਆਂ ਲਈ ਕਿਸ ਨੂੰ ਕਿੰਨੀਆਂ ਵੋਟਾਂ ਪੈਂਦੀਆਂ ਹਨ ਅਤੇ ਕਿਸ ਦੇ ਸਿਰ 'ਤੇ ਸਜੇਗਾ ਜਿੱਤ ਦਾ ਤਾਜ। ਇੱਕ ਗੱਲ ਤਸੱਲੀ ਵਾਲੀ ਹੈ ਕਿ ਇਸ ਵਾਰ ਸੋਸ਼ਲ ਮੀਡੀਆ 'ਤੇ ਇਹਨਾਂ ਸਾਹਿਤਿਕ ਚੋਣਾਂ ਲਈ ਵੀ ਸਿਆਸੀ ਚੋਣਾਂ ਵਰਗੀਆਂ ਸਰਗਰਮੀਆਂ ਨਜ਼ਰ ਆਈਆਂ। ਇਹ ਵੀ ਚੰਗੀ ਗੱਲ ਹੈ ਕਿ ਅਜਿਹੀਆਂ ਚੋਣਾਂ ਮੌਕੇ ਇੱਕ ਦੂਜੇ ਬਾਰੇ ਪ੍ਰਗਟਾਏ ਗਏ ਵਿਚਾਰ ਵੀ ਰਿਕਾਰਡ ਵਿੱਚ ਆ ਗਏ। ਸਾਹਿਤਿਕ ਚੋਣਾਂ ਦੀ ਇਹ ਪ੍ਰਚਾਰ ਮੁਹਿੰਮ ਜਿੱਤਣ ਵਾਲੀ ਧਿਰ ਅਤੇ ਹਾਰਨ ਵਾਲੀ ਧਿਰ ਦੋਹਾਂ ਨੂੰ ਵਧੇਰੇ ਜ਼ਿੰਮੇਵਾਰ ਬਣਾਏਗੀ ਅਤੇ ਸਵੈ ਪੜਚੋਲ ਦੀ ਪ੍ਰੇਰਨਾ ਵੀ ਦੇਂਦੀ ਰਹੇਗੀ।  

Sunday, 25 February 2024

ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੀ ਚੋਣ 03 ਮਾਰਚ ਨੂੰ

Saturday 24th Feb 2024 at 3:45 PM

ਨਾਮਜ਼ਦੀਆਂ ਵਾਪਸ ਲੈਣ ਮੈਦਾਨ ਵਿਚ ਬਚੇ ਉਮੀਦਵਾਰਾਂ ਨੇ ਕਮਰ ਕੱਸੀ 


ਲੁਧਿਆਣਾ: 24 ਫ਼ਰਵਰੀ  2024: (ਮੀਡੀਆ ਲਿੰਕ//ਸਾਹਿਤ ਸਕਰੀਨ ਡੈਸਕ)::

ਪੰਜਾਬੀ ਸਾਹਿਤ ਅਕਾਦਮੀ ਦੀਆਂ ਚੋਣਾਂ ਲਗਾਤਾਰ ਨੇੜੇ ਆ ਰਹੀਆਂ ਹਨ। ਨਾਮਜ਼ਦਗੀਆਂ ਵਾਪਿਸ ਲੈਣ ਵਾਲਾ ਰਸਮੀ ਕੰਮ ਵੀ ਪੂਰਾ ਹੋ ਚੁੱਕਿਆ ਹੈ। ਹੁਣ ਮੈਦਾਨ ਵਿੱਚੋਂ ਵਾਪਿਸੀ ਨਹੀਂ ਹੋ ਸਕਦੀ। ਇਹ ਗੱਲ ਵੱਖਰੀ ਹੈ ਕਿ ਰਸਤੇ ਹਰ ਮਾਮਲੇ ਵਿੱਚ ਕਢੇ ਹੀ ਜਾ ਸਕਦੇ ਹਨ ਪਰ ਇਸ ਵਾਰ ਇਹ ਚੋਣ ਜੰਗ ਪੂਰੀ ਟੱਕਰ ਦੀ ਹੈ। ਜਿੱਤ ਹਾਰ ਦੇ ਨਤੀਜੇ ਭਾਵੇਂ ਕੁਝ ਵੀ ਹੋਣ ਪਰ ਲੜਾਈ ਬੇਹੱਦ ਦਿਲਚਸਪ ਬਣ ਗਈ ਹੈ। 

ਅਸ਼ਵਮੇਧ ਯੱਗ ਵਰਗੀ ਚੁਨੌਤੀ ਵਰਗਾ ਘੋੜਾ ਫੜਨਾ ਸਚਮੁਚ ਹਿੰਮਤ ਵਾਲੀ ਗੱਲ ਹੀ ਹੈ। ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੀ 2 ਸਾਲਾ (2024-2026) ਚੋਣ 3 ਮਾਰਚ 2024,ਦਿਨ ਐਤਵਾਰ ਨੂੰ ਪੰਜਾਬੀ ਭਵਨ, ਲੁਧਿਆਣਾ ਵਿਖੇ ਹੋ ਰਹੀ ਹੈ। ਚੋਣ ਅਧਿਕਾਰੀ ਕੁਲਦੀਪ ਸਿੰਘ ਬੇਦੀ ਨੇ ਦੱਸਿਆ ਕਿ ਨਾਮਜ਼ਦਗੀ ਪੱਤਰਾਂ ਦੀ ਵਾਪਸੀ ਉਪਰੰਤ ਚੋਣ ਮੈਦਾਨ ’ਚ ਰਹਿ ਗਏ ਉਮੀਦਵਾਰਾਂ ਦੀ ਚੋਣ ਨਿਸਚਿਤ ਪ੍ਰੋਗਰਾਮ ਮੁਤਾਬਿਕ ਹੋਏਗੀ। ਇਸ ਚੋਣ ਜੰਗ ਵਿੱਚ ਆਹਮੋ ਸਾਹਮਣੇ ਵੀ  ਮਹਾਰਥੀ ਉਤਰੇ ਹੋਏ ਹਨ ਅਤੇ ਉਹਨਾਂ ਦੀ ਪਿਠ ਤੇ ਹੱਥ ਰਖਣ ਵਾਲੀਆਂ ਸ਼ਖਸੀਅਤਾਂ ਵੀ ਕਿਸੇ ਤੋਂ ਘੱਟ ਨਹੀਂ ਹਨ। 

ਹਾਂ ਇਹ ਗੱਲ ਜ਼ਰੁਰ ਉਦਾਸ ਕਰਨ ਵਾਲੀ ਹੈ ਕਿ ਚੋਣਾਂ ਦੀ ਇਸ ਜੰਗ ਵਿੱਚ ਕੁੱਦੇ ਹੋਏ ਸਾਰੇ ਉਮੀਦਵਾਰ ਹੀ ਸਿਰੇ ਦੇ ਬੁਧੀਜੀਵੀ ਹਨ ਪਰ ਇਸਦੇ ਬਾਵਜੂਦ ਸਰਬ ਸੰਮਤੀ ਵਰਗੀ ਕੋਈ ਸਹਿਮਤੀ ਨਹੀਂ ਹੋ ਸਕੀ। ਇਸ ਲਈ ਇਹਨਾਂ ਸਾਹਿਤਿਕ ਚੋਣਾਂ ਦੌਰਾਨ ਵੀ ਸਿਆਸੀ ਰੰਗ ਵਰਗਾ ਮਾਹੌਲ ਬਣਿਆ ਹੋਇਆ ਹੈ। 

ਪ੍ਰਧਾਨ ਦੇ ਅਹੁਦੇ ਲਈ ਹੁਣ ਜਿਹੜੇ ਲੇਖਕ ਮੈਦਾਨ ਵਿਚ ਹਨ ਉਹਨਾਂ ਦੇ ਨਾਂਅ ਇਸ ਪ੍ਰਕਾਰ ਹਨ: ਪ੍ਰਧਾਨ ਦੇ ਅਹੁਦੇ ਲਈ ਡਾ. ਸਰਬਜੀਤ ਸਿੰਘ, ਡਾ. ਲਖਵਿੰਦਰ ਸਿੰਘ ਜੌਹਲ ਅਤੇ ਸ੍ਰੀਮਤੀ ਬੇਅੰਤ ਕੌਰ ਗਿੱਲ।  

ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਲਈ ਲਈ ਡਾ. ਸ਼ਿੰਦਰ ਪਾਲ ਸਿੰਘ ਅਤੇ ਡਾ. ਪਾਲ ਕੌਰ, ਮੈਦਾਨ ਵਿਚ ਹਨ। 

ਜਨਰਲ ਸਕੱਤਰ ਲਈ ਡਾ. ਗੁਰਇਕਬਾਲ ਸਿੰਘ ਅਤੇ ਅਤੇ ਡਾ. ਗੁਲਜ਼ਾਰ ਸਿੰਘ ਪੰਧੇਰ ਦੀ ਟੱਕਰ ਹੈ। 

ਮੀਤ ਪ੍ਰਧਾਨ ਦੇ ਅਹੁਦੇ ਲਈ ਮਦਨ ਵੀਰਾ, ਤ੍ਰੈਲੋਚਨ ਲੋਚੀ, ਡਾ. ਭਗਵੰਤ ਸਿੰਘ, ਇਕਬਾਲ ਸਿੰਘ ਗੋਦਾਰਾ (ਪੰਜਾਬੋਂ ਬਾਹਰ), ਡਾ. ਗੁਰਚਰਨ ਕੌਰ ਕੋਚਰ, ਤੇਜਿੰਦਰ ਚੰਡਿਹੋਕ, ਡਾ. ਅਰਵਿੰਦਰ ਕੌਰ ਕਾਕੜਾ, ਹਰਜਿੰਦਰ ਸਿੰਘ ਸੂਰੇਵਾਲੀਆ, ਜਸਪਾਲ ਮਾਨਖੇੜਾ, ਭੁਪਿੰਦਰ ਸੰਧੂ ਅਤੇ ਡਾ. ਹਰਵਿੰਦਰ ਸਿੰਘ (ਪੰਜਾਬੋਂ ਬਾਹਰ) ਦੇ ਨਾਂ ਸ਼ਾਮਲ ਹਨ।

ਪ੍ਰਬੰਧਕੀ ਬੋਰਡ ਦੇ ਮੈਂਬਰਾਂ ਦੀ ਚੋਣ ਲਈ ਫਾਈਨਲ ਨਾਂਅ ਇਸ ਪ੍ਰਕਾਰ ਹਨ-ਸ. ਕਰਮਜੀਤ ਸਿੰਘ ਗਰੇਵਾਲ, ਪ੍ਰੋ. ਸਰਘੀ, ਸ੍ਰੀ ਬਲਬੀਰ ਜਲਾਲਾਬਾਦੀ, ਸ੍ਰੀਮਤੀ ਪਰਮਜੀਤ ਕੌਰ ਮਹਿਕ, ਡਾ. ਨਾਇਬ ਸਿੰਘ ਮੰਡੇਰ (ਪੰਜਾਬੋਂ ਬਾਹਰ), ਡਾ. ਗੁਰਵਿੰਦਰ ਸਿੰਘ ਅਮਨ, ਸ੍ਰੀ ਹਰਦੀਪ ਢਿੱਲੋਂ, ਸ੍ਰੀ ਬਲਜੀਤ ਪਰਮਾਰ (ਬਾਕੀ ਭਾਰਤ), ਸ. ਸਹਿਜਪ੍ਰੀਤ ਸਿੰਘ ਮਾਂਗਟ, ਦੀਪ ਜਗਦੀਪ ਸਿੰਘ, ਸ. ਕਰਮ ਸਿੰਘ ਜ਼ਖ਼ਮੀ, ਸ. ਸੁਖਵਿੰਦਰ ਸਿੰਘ ਲੋਟੇ, ਸ੍ਰੀਮਤੀ ਅਮਰਜੀਤ ਕੌਰ ਅਮਰ, ਸ੍ਰੀ ਬਲਰਾਜ ਓਬਰਾਏ ਬਾਜ਼ੀ, ਸ੍ਰੀ ਕੰਵਰਜੀਤ ਭੱਠਲ, ਸ. ਹਰਵਿੰਦਰ ਸਿੰਘ, ਸ੍ਰੀ ਜਗਦੀਸ਼ ਰਾਏ ਕੁਲਰੀਆਂ, ਪ੍ਰੋ. ਹਰਜਿੰਦਰ ਸਿੰਘ (ਪੰਜਾਬੋਂ ਬਾਹਰ), ਡਾ. ਬਲਵਿੰਦਰ ਸਿੰਘ ਚਹਿਲ, ਸ੍ਰੀ ਰਣਜੀਤ ਗੌਰਵ, ਸ੍ਰੀ ਪ੍ਰੇਮ ਸਾਹਿਲ (ਬਾਕੀ ਭਾਰਤ), ਸ੍ਰੀ ਨਵਤੇਜ ਗੜ੍ਹਦੀਵਾਲਾ, ਡਾ. ਹਰੀ ਸਿੰਘ ਜਾਚਕ, ਸ੍ਰੀ ਸ਼ਬਦੀਸ਼, ਸ. ਸੰਤੋਖ ਸਿੰਘ ਸੁੱਖੀ,ਸ੍ਰੀਮਤੀ ਨਰਿੰਦਰ ਪਾਲ ਕੌਰ, ਸ੍ਰੀ ਵਾਹਿਦ ਉਰਫ ਸਤਨਾਮ ਸਿੰਘ, ਸ੍ਰੀ ਵਰਗਿਸ ਸਲਾਮਤ, ਸ. ਸੰਜੀਵਨ ਸਿੰਘ, ਸ. ਗੁਰਸੇਵਕ ਸਿੰਘ ਢਿੱਲੋ ਕਵੀਸ਼ਰ, ਡਾ. ਰੋਜ਼ੀ ਸਿੰਘ, ਡਾ. ਜੀਵਨ ਜੋਤੀ ਸ਼ਰਮਾ, ਸ. ਕੰਵਲਜੀਤ ਸਿੰਘ ਕੁਟੀ ਅਤੇ ਡਾ. ਨਰੇਸ਼ ਕੁਮਾਰ।

ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ ਚੋਣ ਗੁਪਤ ਵੋਟਾਂ ਰਾਹੀਂ 3 ਮਾਰਚ 2024 ਨੂੰ ਸਵੇਰੇ 9.00 ਵਜੇ ਤੋਂ ਬਾਅਦ ਦੁਪਹਿਰ 3.00 ਵਜੇ ਤਕ ਪੰਜਾਬੀ ਭਵਨ, ਲੁਧਿਆਣਾ ਵਿਖੇ ਹੋਵੇਗੀ ਅਤੇ ਉਸੇ ਦਿਨ ਵੋਟਾਂ ਦੀ ਗਿਣਤੀ ਕਰਕੇ ਸਾਰੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਜਾਵੇਗਾ।

ਹੁਣ ਦੇਖਣਾ ਹੈ ਕਿ ਜਿੱਤ ਦਾ ਤਾਜ ਕਿਸ ਦੇ ਸਿਰ ਤੇ ਸਜੇਗਾ ਅਤੇ ਬਾਕੀ ਦੇ ਨਤੀਜੇ ਕਿਵੇਂ ਰਹਿਣਗੇ? ਪਰ ਇੱਕ ਸਾਫ ਹੈ ਕਿ ਇਸ ਵਾਰ ਤਿੰਨ ਮਾਰਚ ਤੋਂ ਬਾਅਦ 8 ਮਾਰਚ ਨੂੰ ਆਉਣ ਵਾਲਾ ਕੌਮਾਂਤਰੀ ਮਹਿਲਾ ਦਿਵਸ ਇਕ ਸਾਹਿਤਿਕ ਚੋਣ ਜੰਗ ਅਤੇ ਇਹਨਾਂਦੇ ਨਤੀਜਿਆਂ ਪ੍ਰਤੀ ਗੰਭੀਰਤਾ ਨਾਲ ਚਰਚਾ ਜ਼ਰੂਰ ਕਰੇਗਾ ਅਤੇ ਇਸਤਰੀਆਂ ਦੇ ਹੱਕ ਵਿਚ ਲਿਖਣ ਵਾਲਿਆਂ ਨੂੰ ਸ਼ਾਇਦ ਤਿੱਖੇ ਸੁਆਲਾਂ ਦਾ ਸਾਹਮਣਾ ਵੀ ਕਰਨਾ ਪਵੇ। 

Saturday, 24 February 2024

ਜਮਹੂਰੀਅਤ ਦੇ ਅਮਲ ਮੁਤਾਬਕ ਪੂਰੀ ਸਮੁੱਚੀ ਟੀਮ ਚੋਣ ਲੜੇਗੀ-ਚੋਣ ਸੰਚਾਲਨ ਕਮੇਟੀ

23rd  February 2024 at 06:25 PM

ਕੋਈ ਅਫ਼ਵਾਹ ਫੈਲਾਏ ਤਾਂ ਉਸ ਤੋਂ ਸਬੂਤ ਮੰਗੋ--ਸਾਜ਼ਿਸ਼ਾਂ ਨੂੰ ਨਕਾਰੋ-ਡਾ ਦੀਪ 

ਪਟਿਆਲਾ//ਲੁਧਿਆਣਾ: 23 ਫਰਵਰੀ 2024: (ਮੀਡੀਆ ਲਿੰਕ//ਸਾਹਿਤ ਸਕਰੀਨ ਡੈਸਕ)::

ਅੱਜਕਲ੍ਹ ਸੋਸ਼ਲ ਮੀਡੀਆ ਪੂਰੀ ਤਰ੍ਹਾਂ ਆਪਣੀ ਥਾਂ ਬਣਾ ਚੁੱਕਿਆ ਹੈ। ਸੋਸ਼ਲ ਮੀਡੀਆ ਤੇ ਜਾਰੀ ਸੁਨੇਹਾ ਜਾਂ ਕੋਈ ਲਿਖਤ ਜਾਂ ਵੀਡੀਓ ਅਸਰ ਦਿਖਾਉਣ ਲੱਗਦੀ ਹੈ। ਆਈਜੀ ਰਿਵਾਜ ਅਤੇ ਰੁਝਾਣ ਦੇ ਫਾਇਦੇ ਵੀ ਹੋ ਸਕਦੇ ਹਨ ਪਰ ਨੁਕਸਾਨ ਵੀ ਹੁੰਦੇ ਹਨ। ਕਿਓਂਕਿ ਇਸ ਸੋਸ਼ਲ ਮੀਡੀਆ ਵਾਲੇ ਰੁਝਾਨ ਵਿੱਚ ਬਹੁਤ ਵਾਰ ਕੁਝ ਲੋਕ ਗੈਰ ਜ਼ਿੰਮੇਵਾਰੀ ਵੀ ਦਿਖਾਉਂਦੇ ਹਨ ਅਤੇ ਕਈ ਵਾਰ ਗੁੰਮਨਾਮ ਰਹਿ ਕੇ ਵੀ ਕੰਮ ਕਰਦੇ ਹਨ। ਕਈ ਵਾਰ ਪਿਛੇ ਹਟ ਕੇ ਮੁੱਕਰ ਵੀ ਜਾਂਦੇ ਹਨ। ਅਜਿਹੇ ਮਾਹੌਲ ਵਿੱਚ ਕਈ ਵਾਰ ਅਫਵਾਹਾਂ ਦਾ ਬਾਜ਼ਾਰ ਗਰਮ ਹੋ ਜਾਂਦਾ ਹੈ। 

ਇਹ ਅਕਸਰ ਅਜਿਹੀਆਂ ਅਫਵਾਹਾਂ ਹੁੰਦੀਆਂ ਹਨ ਜਿਹਨਾਂ ਦੇ ਮੂਲ ਸਰੋਤ ਦਾ ਪਤਾ ਨਹੀਂ ਲੱਗਦਾ। ਇਸ ਧੁੰਦ ਵਰਗੇ ਮਾਹੌਲ ਇੱਕ ਜ਼ਰੂਰੀ ਸੂਚਨਾ ਜਾਰੀ ਕੀਤੀ ਹੈ ਸਾਡੇ ਸਮਿਆਂ ਦੇ ਉਘੇ ਵਿਦਵਾਨ ਡਾਕਟਰ ਕੁਲਦੀਪ ਸਿੰਘ ਦੀਪ ਨੇ।  ਡਾਕਟਰ ਦੀਪ ਉਘੇ ਵਿਦਵਾਨ ਹੋਣ ਦੇ ਨਾਲ ਨਾਲ ਟੀਮ ਭਾਵਨਾ ਨੂੰ ਸਮਝਣ ਵਾਲੇ ਰਣਨੀਤਿਕ ਯੋਧੇ ਵੀ ਹਨ। ਇਹ ਉਹੀ ਡਾਕਟਰ ਦੀਪ ਹਨ ਜਿਹੜੇ ਡਾਕਟਰ ਸਰਬਜੀਤ ਸਿੰਘ ਦੀ ਅਗਵਾਈ ਵਾਲੀ ਟੀਮ ਦਾ ਚੋਣ ਪ੍ਰਚਾਰ ਕਰ ਰਹੀ ਚੋਣ ਸੰਚਾਲਨ ਕਮੇਟੀ ਦੇ ਸਰਗਰਮ ਮੈਂਬਰ ਵੀ ਹਨ। ਇਸ ਮੈਂਬਰ ਵੱਜੋਂ ਹੀ ਡਾਕਟਰ ਦੀਪ ਪੂਰੀ ਤਰ੍ਹਾਂ ਇਸ ਮੁਹਿੰਮ ਅਤੇ ਮੀਡੀਆ ਦੇ ਸੰਪਰਕ ਵਿਚ ਰਹਿੰਦੇ ਹਨ। ਉਹਨਾਂ ਆਪਣੀ ਜ਼ਰੂਰੀ ਸੂਚਨਾ ਵਿੱਚ ਜੋ ਜੋ ਨੁਕਤੇ ਉਠਾਏ ਹਨ ਉਹ ਸਚਮੁਚ ਬਹੁਤ ਜ਼ਰੁਰੀ ਹਨ। ਉਹ ਲਿਖਦੇ ਹਨ: 

ਜ਼ਰੂਰੀ ਸੂਚਨਾ

ਸਤਿਕਾਰਤ ਦੋਸਤੋ

ਫਤਹਿ ਪ੍ਰਵਾਨ ਹੋਵੇ...

ਪੰਜਾਬੀ ਸਾਹਿਤ ਅਕਾਡਮੀ ਦੀ ਚੋਣ ਭਖ ਚੁੱਕੀ ਹੈ। ਇਸ ਦੇ ਨਾਲ ਹੀ ਅਫ਼ਵਾਹਾਂ ਦਾ ਬਾਜ਼ਾਰ ਵੀ ਗਰਮ ਹੋ ਚੁੱਕਾ ਹੈ। ਇਹ ਆਮ ਵਰਤਾਰਾ ਹੈ। ਜਦ ਵੀ ਕੋਈ ਵੱਡੀ ਸਰਗਰਮੀ ਹੁੰਦੀ ਹੈ, 

ਅਫ਼ਵਾਹਾਂ ਅਤੇ ਗ਼ਲਤ ਸੂਚਨਾਵਾਂ ਵੀ ਗਰਮ ਪਕੌੜਿਆਂ ਵਾਂਗ ਚੱਲ ਪੈਂਦੀਆਂ ਹਨ। ਇਸ ਦੇ ਪਿੱਛੇ ਕਈ ਵਾਰ ਸ਼ਰਾਰਤਾਂ ਹੁੰਦੀਆਂ ਹਨ ਤੇ ਕਈ ਵਾਰ ਸਾਜ਼ਿਸ਼ਾਂ ਹੁੰਦੀਆਂ ਹਨ। 

ਅਸੀਂ ਚੋਣ ਸੰਚਾਲਨ ਕਮੇਟੀ ਵੱਲੋਂ ਆਪਣੇ ਸਾਰੇ ਸਮਰਥਕਾਂ, ਲੇਖਕਾਂ, ਹਮਦਰਦਾਂ ਅਤੇ ਸਨੇਹੀਆਂ ਨੂੰ ਸਪਸ਼ਟ ਕਰਦੇ ਹਾਂ ਕਿ ਜ਼ਮਹੂਰੀਅਤ ਦੇ ਅਮਲ ਮੁਤਾਬਕ ਪੂਰੀ ਸਮੁੱਚੀ ਟੀਮ ਚੋਣ ਲੜੇਗੀ।ਕਿਸੇ ਵੀ ਤਰ੍ਹਾਂ ਦੀ ਅਫ਼ਵਾਹ ਉੱਪਰ ਵਿਸ਼ਵਾਸ ਨਾ ਕਰੋ। ਜਿਹੜਾ ਅਫ਼ਵਾਹ ਫੈਲਾਉਂਦਾ ਹੈ,ਉਸ ਨੂੰ ਕਹੋ ਕਿ 'ਸਬੂਤ ਦਿਓ' ਨਹੀਂ ਤਾਂ ਉਸ ਦੀ ਸ਼ਰਾਰਤ/ਸਾਜ਼ਿਸ਼ ਨੂੰ ਨਕਾਰੋ।

ਇਸ ਅਦਬੀ ਚੋਣ ਦੀ ਮੁਹਿੰਮ ਨੂੰ ਪੂਰਨ ਅਦਬ ਨਾਲ ਜਾਰੀ ਰੱਖੋ...

ਧੰਨਵਾਦ ਸਹਿਤ

ਚੋਣ ਸੰਚਾਲਨ ਕਮੇਟੀ

ਡਾ. ਸੁਖਦੇਵ ਸਿੰਘ ਸਿਰਸਾ, ਡਾ. ਅਨੂਪ ਸਿੰਘ, ਪ੍ਰੋ. ਸੁਰਜੀਤ ਜੱਜ, ਡਾ. ਰਤਨ ਸਿੰਘ ਢਿੱਲੋਂ, ਡਾ. ਮੋਹਨਜੀਤ, ਖਾਲਿਦ ਹੁਸੈਨ, ਕੇਵਲ ਧਾਲੀਵਾਲ, ਡਾ. ਕੁਲਦੀਪ ਸਿੰਘ ਦੀਪ, ਡਾ. ਸੁਪਨਦੀਪ ਕੌਰ ਅਤੇ ਰਮੇਸ਼ ਯਾਦਵ

Friday, 23 February 2024

ਇਨਾਮ ਸਨਮਾਨ ਲੈਣ ਤੋਂ ਇਲਾਵਾ ਹੋਰ ਕਿਹੜਾ ਮਾਅਰਕੇ ਵਾਲਾ ਕੰਮ ਕੀਤਾ?

Friday 23rd February 2024 at 08:39

 PSA ਚੋਣਾਂ ਮੌਕੇ ਡਾ. ਸੁਖਵਿੰਦਰ ਪਰਮਾਰ ਹੁਰਾਂ ਵੱਲੋਂ ਕੁਝ ਤਿੱਖੇ ਸੁਆਲ 


ਲੁਧਿਆਣਾ: 23 ਫਰਵਰੀ 2024: (ਮੀਡੀਆ ਲਿੰਕ//ਸਾਹਿਤ ਸਕਰੀਨ ਡੈਸਕ)::

ਪੰਜਾਬੀ ਸਾਹਿਤ ਅਕਾਦਮੀ ਦੀਆਂ ਚੋਣਾਂ ਇਸ ਵਾਰ ਫੇਰ ਇੱਕ ਇਤਿਹਾਸ ਰਚ ਰਹੀਆਂ ਹਨ। ਚੋਣ ਜੰਗ ਤਿੱਖੀ ਹੁੰਦੀ ਜਾ ਰਹੀ ਹੈ। ਨਤੀਜੇ ਕੁਝ ਵੀ ਹੋਣ ਪਰ ਚੋਣਾਂ ਦਿਲਚਸਪ ਹੁੰਦੀਆਂ ਜਾ ਰਹੀਆਂ ਹਨ। ਟੱਕਰ ਮੁਕਾਬਲੇ ਦੀ ਹੈ। ਸ਼ਖਸੀਅਤਾਂ ਦਾ ਜਾਦੂ ਇੱਕ ਪਾਸੇ--ਵਿਚਾਰਧਾਰਾ ਵਾਲੀ ਪ੍ਰਤੀਬਧਤਾ ਦਾ ਪ੍ਰਭਾਵ  ਇੱਕ ਪਾਸੇ ਅਤੇ ਇਹਨਾਂ ਦੋਹਾਂ ਤੋਂ ਮੁਕਤ ਨਿਜੀ ਸੁਤੰਤਰਤਾ ਵਾਲੀ ਸੋਚ ਇੱਕ ਪਾਸੇ। 

ਚੋਣਾਂ ਵਿੱਚ ਉਭਰ ਕੇ ਸਾਹਮਣੇ ਆਏ ਇਹਨਾਂ ਤਿੰਨਾ ਧੜਿਆਂ ਨੂੰ ਸੁਆਲ ਕਰਨ ਵਾਲੇ ਵੀ ਮੌਜੂਦ ਹਨ ਜਿਹਨਾਂ ਨੂੰ ਆਮ  ਤੌਰ ਤੇ ਅਣਗੌਲਿਆ ਕਰ ਦਿੱਤਾ ਜਾਂਦਾ ਹੈ। ਇਹ ਲੋਕ ਕਿਸੇ ਸਿਆਸੀ ਧਿਰ ਜਾਂ ਕਿਸੇ ਸਾਹਿਤਿਕ ਧੜੇ ਨਾਲ ਵੀ ਨਹੀਂ ਜੁੜੇ ਹੁੰਦੇ। ਸਾਹਿਤ ਸਾਧਨਾ ਵਿੱਚ ਮਗਨ ਵੀ ਰਹਿੰਦੇ ਹਨ ਪਰ ਕਿਸੇ ਬੰਧਨ ਵਿਚ ਨਹੀਂ ਆਉਂਦੇ। 

ਪੰਜਾਬੀ ਸਾਹਿਤ ਅਕਾਦਮੀ ਦੀਆਂ ਚੋਣਾਂ ਮੌਕੇ ਬਹੁਤ ਕੁਝ ਲਿਖਿਆ ਜਾ ਰਿਹਾ ਬਹੁਤ ਕੁਝ ਕਿਹਾ ਜਾ ਰਿਹਾ ਹੈ। ਇੱਕ ਲਿਖਤ ਇਹ ਵੀ ਸਾਹਮਣੇ ਆਈ ਹੈ ਡਾ. ਸੁਖਵਿੰਦਰ ਪਰਮਾਰ ਹੁਰਾਂ ਦੀ ਜੋ ਰਣਬੀਰ ਕਾਲਜ,ਸੰਗਰੂਰ ਦੇ ਪੰਜਾਬੀ ਵਿਭਾਗ ਦੇ ਮੁਖੀ ਹਨ।ਉਹਨਾਂ ਦੀ ਲਿਖਤ ਵੀ ਅਰਥਪੂਰਨ ਹੈ ਅਤੇ ਧਿਆਨ ਮੰਗਦੀ ਹੈ।  

ਉਹਨਾਂ ਨੇ ਅਕਾਡਮੀ ਦੇ ਸਾਬਕਾ ਅਤੇ ਚੋਣ ਲੜਨ ਜਾ ਰਹੇ ਉਮੀਦਵਾਰਾਂ ਨੂੰ ਕੁਝ ਤਿੱਖੇ ਸਵਾਲ ਕੀਤੇ ਹਨ। 

ਉਹ ਆਖਦੇ ਹਨ-

-ਨਾ ਮੇਰੀ ਵੋਟ ਹੈ ਨਾ ਮੇਰੀ ਸਪੋਰਟ ਹੈ ਕਿਸੇ ਨੂੰ....  ਬਸ ਮਾਂ ਬੋਲੀ ਪੰਜਾਬੀ ਦਾ ਅਦਨਾ ਜਾ ਵਿਦਿਆਰਥੀ ਹੋਣ ਦੇ ਨਾਂ 'ਤੇ ਅਖੌਤੀ ਸਾਹਿਤਕ ਰਾਜਨੀਤੀਵਾਨਾਂ (ਹੁਣ ਤੋਂ ਪਹਿਲਾਂ ਹੋਏ ਸਾਰੇ ਅਹੁਦੇਦਾਰਾਂ ਨੂੰ ਵੀ ) ਨੂੰ ਕੁਝ ਕੁ ਸਵਾਲ ਨੇ ਮੇਰੇ....

1.ਇਸ ਸੰਸਥਾ ਨੇ ਕਿੰਨੇ ਕੁ ਆਈ. ਏ.ਐਸ., ਆਈ.ਪੀ.ਐਸ. ਪੀ.ਸੀ.ਐਸ. ਜਾਂ ਹੋਰ ਵੱਡੇ ਅਫਸਰ ਮਾਤ ਭਾਸ਼ਾ ਪੰਜਾਬੀ ਨੂੰ ਆਧਾਰ ਬਣਾ ਕੇ ਅਹੁਦਿਆਂ ਤੇ ਪਹੁੰਚਾਉਣ ਤੱਕ ਮੱਦਦ ਕੀਤੀ ਹੈ?

2. ਉਚੇਰੀ ਸਿੱਖਿਆ ਕਾਲਜਾਂ  ਵਿੱਚ ਪੰਜਾਬੀ ਦੇ ਅਧਿਆਪਕਾਂ ਦੀ ਭਰਤੀ ਹੋਈ ਨੂੰ 25 ਸਾਲ ਬੀਤ ਗਏ ਹਨ ਇਸ ਸੰਸਥਾ ਨੇ  ਕੀ ਯਤਨ ਕੀਤਾ?

3. ਆਪੋ ਆਪਣੇ ਆਲੇ ਦੁਆਲੇ ਦੇ ਸੰਗੀਆਂ ਸਾਥੀਆਂ ਤੇ ਜੁੰਡੀ ਦੇ ਯਾਰਾਂ ਨੂੰ ਜੋੜ ਤੋੜ ਕਰਕੇ ਵੱਖ-ਵੱਖ ਸੰਸਥਾਵਾਂ ਤੋਂ ਦਬਾਅ ਪਾ ਕੇ ਇਨਾਮ ਸਨਮਾਨ ਲੈਣ ਤੋਂ ਇਲਾਵਾ ਹੋਰ ਕਿਹੜਾ ਮਾਅਰਕੇ ਵਾਲਾ ਕੰਮ ਕੀਤਾ.…. ਕਿੰਨੀਆਂ ਕੁ ਪੇਂਡੂ ਲਾਇਬਰੇਰੀਆਂ ਨੂੰ ਕਿਤਾਬਾਂ ਲੈ ਕੇ ਦਿੱਤੀਆਂ, ਕਿੰਨੀਆਂ ਕੋਈ ਨਵੀਆਂ ਲਾਇਬ੍ਰੇਰੀਆਂ ਖੋਲੀਆਂ, ਰਵਾਇਤੀ ਪੰਜਾਬੀ ਨੂੰ ਸਾਂਭਣ ਦੇ ਕਿੰਨੇ ਕੁ ਯਤਨ ਹੋਏ? 

ਕਦੇ ਜਾ ਕੇ‌ ਯੂਨੀਵਰਸਿਟੀਆਂ 'ਚ ਪੰਜਾਬੀ ਭਾਸ਼ਾ ਦੀ ਖੋਜ ਸਥਿਤੀ ਵਾਚਣ ਘੋਖਣ ਦੀ ਕੋਸ਼ਿਸ਼ ਕੀਤੀ। ਇਹਨਾਂ ਸੰਸਥਾਵਾਂ ਵਿੱਚ ਪੰਜਾਬੀ ਵਿਸ਼ੇ ਦੀਆਂ ਪੋਸਟਾਂ ਲਈ ਕਿਤੇ ਪੁੱਤ- ਭਤੀਜਾਵਾਦ, ਚੇਲਾ,ਉਹਦਾ ਚੇਲਾ, ਫਿਰ ਉਹਦਾ ਚੇਲਾ, 'ਤੇ ਉਂਗਲ ਰੱਖੀ। ਹੋਰ ਵੀ ਬਹੁਤ ਕੁਝ ਐ ਕਹਿਣ ਨੂੰ.....

   ਵੋਟਾਂ ਪੈਣ , ਸਹਿਮਤੀ ਹੋਵੇ ਪਰ 'ਮਾਂ ਬੋਲੀ ਪੰਜਾਬੀ ' ਨੂੰ ਕੋਈ ਫਰਕ ਨਹੀਂ ਪੈਣ ਲੱਗਿਆ।

ਉਮੀਦ ਹੈ ਸਬੰਧਤ ਧਿਰਾਂ ਅਤੇ ਉਮੀਦਵਾਰ ਇਹਨਾਂ ਸੁਆਲਾਂ ਵੱਲ ਧਿਆਨ ਦੇਣਗੀਆਂ ਅਤੇ ਇਹਨਾਂ ਦੇ ਜੁਆਬ ਵੀ ਪਾਠਕਾਂ ਸਾਹਮਣੇ ਆਉਣਗੇ। ਇਹ ਸੁਆਲ ਅਤੇ ਇਹਨਾਂ ਦੇ ਜੁਆਬ ਪੰਜਾਬੀ ਸਾਹਿਤ ਨਾਲ ਜੁੜੀਆਂ ਸਭਨਾਂ ਧਿਰਾਂ ਲਈ ਜ਼ਰੂਰੀ ਹਨ ਅਤੇ ਜਿੱਤ ਹਾਰ ਤੋਂ ਉੱਪਰ ਉੱਠ ਕੇ ਵਿਚਾਰੇ ਜਾਣੇ ਚਾਹੀਦੇ ਹਨ। 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀਆਂ ਚੋਣਾਂ:ਲੱਭੀਏ ਨਵਾਂ ਬਦਲ!

Friday 23rd February 2024 at 13:27

ਡਾ. ਸਵਰਨਜੀਤ ਕੌਰ ਗਰੇਵਾਲ ਵੱਲੋਂ ਵੀ ਬੇਅੰਤ ਕੌਰ ਗਿੱਲ ਦੀ ਹਮਾਇਤ  

ਮੋਗਾ: 23 ਫਰਵਰੀ 2024:( ਡਾ. ਸਵਰਨਜੀਤ ਕੌਰ ਗਰੇਵਾਲ//ਸਾਹਿਤ ਸਕਰੀਨ ਡੈਸਕ)::

"ਇਕ ਵਾਰ ਤੂੰ ਤੇ ਇਕ ਵਾਰ ਮੈਂ! ਦੋਹੇਂ ਇਕ ਦੂਜੇ ਨੂੰ ਵਾਰੀ ਦੇਈ ਜਾਈਏ ਤਾਂ ਮਜ਼ਾਲ ਐ ਕੋਈ ਤੀਜਾ ਆਪਣੇ ਸਾਹਮਣੇ ਖੰਘ ਵੀ ਜਾਵੇ!" ਕੁਝ ਇਹੋ ਜਿਹਾ ਮਸਲਾ ਹੀ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀਆਂ ਚੋਣਾਂ ਵਿਚ ਬਣਿਆ ਨਜ਼ਰ ਆ ਰਿਹਾ ਹੈ।  

ਕੁਝ ਖੜਪੈਂਚ ਕਿਸਮ ਦੇ ਪਿੱਪਲਾਂ ਨੇ ਆਪਣੀ ਛਤਰ ਛਾਇਆ ਏਨੀ ਕੁ ਵਿਸ਼ਾਲ ਬਣਾ ਰੱਖੀ ਹੈ ਕਿ ਉਹ ਨਵੀਂ ਪੌਦ ਨੂੰ ਵਿਗਸਣ ਲਈ ਮੌਕਾ ਹੀ ਨਹੀਂ ਦੇਣਾ ਚਾਹੁੰਦੇ ਤੇ ਨਾ ਹੀ ਆਪਣੇ ਉਹਨਾਂ ਸਮਕਾਲੀਆਂ ਨਾਲ ਮਿਲ ਕੇ ਚੱਲਣ ਦੀ ਉਹਨਾਂ ਦੀ ਕੋਈ ਮਨਸ਼ਾ ਹੈ ਜਿਹੜੇ ਉਹਨਾਂ ਦੁਆਰਾ ਤੈਅ ਕੀਤੇ ਮੁੱਦਿਆਂ ਉੱਤੇ ਸਵਾਲੀਆ ਚਿੰਨ੍ਹ ਲਾਉਂਦੇ ਹਨ। 

ਉਹਨਾਂ ਨੂੰ ਲੱਗਦਾ ਹੈ ਕਿ ਦੁਨੀਆ ਭਰ ਵਿਚੋਂ ਜੇ ਕੋਈ ਸਿਰੇ ਦੇ ਸਾਹਿਤਕਾਰ ਜਨਮੇ ਹਨ ਤਾਂ ਸਿਰਫ਼ ਓਹੀ ਹਨ ਤੇ ਜੇ ਖੁਦਾ ਨਾ ਖਾਸਤਾ ਉਹਨਾਂ ਦੀ ਚੌਧਰ ਚਲੀ ਗਈ ਤਾਂ ਪੰਜਾਬੀ ਸਾਹਿਤ ਅਕਾਡਮੀ ਪਤਾ ਨਹੀਂ ਕਿਹੜੇ ਨਰਕ ਦੀ ਭੱਠੀ ਵਿਚ ਝੋਕੀ ਜਾਊ‌? ਜਦ ਕਿ ਬਹੁ-ਗਿਣਤੀ ਪੰਜਾਬੀ ਸਾਹਿਤਕਾਰ ਭਾਈਚਾਰਾ ਬੇਸ਼ੱਕ ਨਿਧੜਕ ਹੋ ਕੇ ਕੋਈ ਗੱਲ ਨਹੀਂ ਕਹਿ ਰਿਹਾ ਪਰ ਅੰਦਰੋਂ ਅੰਦਰੀ ਇਹਨਾਂ ਖੜਪੈਂਚਾਂ ਖ਼ਿਲਾਫ਼ ਰਿੱਝ ਜ਼ਰੂਰ ਰਿਹਾ ਹੈ। 

ਸਾ+ਹਿੱਤ ਨੂੰ ਪ੍ਰਣਾਈ ਹੋਈ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀ ਪਿਛਲੇ ਕੁਝ ਸਾਲਾਂ ਦੀ ਕਾਰਗੁਜ਼ਾਰੀ ਉੱਤੇ ਤਕੜੇ ਪ੍ਰਸ਼ਨ-ਚਿੰਨ੍ਹ ਲੱਗਦੇ ਆ ਰਹੇ ਹਨ। ਹੁਣ ਸਮਾਂ ਹੈ ਕਿ ਇਹਨਾਂ ਕੁਤਾਹੀਆਂ ਕਰਨ ਵਾਲੇ ਲੇਖਕਾਂ ਦਾ ਭਾਂਡਾ ਐਨ ਚੌਰਾਹੇ ਵਿੱਚ ਭੰਨ ਕੇ ਦਿਆਨਤਦਾਰ ਲੇਖਕਾਂ ਨੂੰ ਇਸ ਵੱਕਾਰੀ ਸੰਸਥਾ ਦੀ ਵਾਗਡੋਰ ਸੌਂਪੀ ਜਾਵੇ ਜਿਹੜੇ ਬਜ਼ੁਰਗ ਤੇ ਨਵੇਂ ਲਿਖਾਰੀਆਂ ਨੂੰ ਉਹਨਾਂ ਦੇ ਬਣਦੇ ਹੱਕ ਦੇਣ ਦਿਵਾਉਣ ਲਈ ਪਾਬੰਦ ਹਨ ਤੇ ਇਸ ਮਿਆਰੀ ਸਾਹਿਤਕ ਸੰਸਥਾ ਦਾ ਪਹਿਲਾਂ ਵਾਲਾ ਵੱਕਾਰ ਸਥਾਪਤ ਕਰਨ ਦੇ ਚਾਹਵਾਨ ਹਨ।  

ਇਸ ਵਾਰ ਦੀਆਂ ਚੋਣਾਂ ਵਿਚ ਬੀਬਾ ਬੇਅੰਤ ਕੌਰ ਗਿੱਲ ਮੋਗਾ ਨੇ ਪ੍ਰਧਾਨਗੀ ਲਈ ਕਾਗ਼ਜ਼ ਦਾਖਲ ਕੀਤੇ ਹਨ ! ਇਹਨਾਂ ਦੇ ਸਾਹਿਤਕ ਸਫ਼ਰ ਵੱਲ ਪੰਛੀ ਝਾਤ ਪਾਉਣੀ ਏਥੇ ਕੁਥਾਂ ਨਹੀਂ ਹੋਵੇਗੀ: 

1. ਅਕਲਾਂ ਵਾਲਿਓ ਮੋੜੋ ਮੁਹਾਰਾਂ ( ਵਾਰਤਕ)

2. ਨਾਦ ( ਕਾਵਿ ਸੰਗ੍ਰਹਿ)

3. ਦਸ ਗੁਰੂ ਸਾਹਿਬਾਨ ਅਤੇ ਸਮਕਾਲੀ ਸਮਾਜ ( ਇਤਿਹਾਸਕ ਪ੍ਰਸ਼ਨੋਤਰੀ)

ਲੇਖਿਕਾ ਡਾ. ਸਵਰਨਜੀਤ ਕੌਰ ਗਰੇਵਾਲ 
4. ਮਲਾਹਾਂ ਵਰਗੇ ( ਨਾਵਲ)

5. ਤਬਾਦਲਾ ( ਨਾਵਲ)

ਬੇਬਾਕ, ਨਿਧੜਕ ਤੇ ਜਾਂਬਾਜ਼ ਬੀਬਾ ਬੇਅੰਤ ਕੌਰ ਗਿੱਲ ਮੋਗਾ ਹੋਰਾਂ ਦੀ ਦਿਲੀ ਤਮੰਨਾ ਹੈ ਕਿ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਨੂੰ ਫਿਰ ਤੋਂ ਪੰਜਾਬੀ ਸਾਹਿਤ ਜਗਤ ਦੇ ਲਿਖਾਰੀਆਂ ਦੁਆਰਾ ਸ਼ਾਨਾਂ ਮੱਤੀਆਂ ਕਾਰਗੁਜ਼ਾਰੀਆਂ ਨਾਲ ਹੋਰ ਬੁਲੰਦੀਆਂ ਉੱਤੇ ਪਹੁੰਚਾਇਆ ਜਾਵੇ! ਇਹਦੇ ਲਈ ਇਹ ਕਾਰਜ ਕਰਨ ਨੂੰ ਬੀਬਾ ਜੀ ਪਹਿਲ ਦੇਣਗੇ: 

1. ਗੁੱਟਬੰਦੀ ਦੀ ਨਾ-ਮੁਰਾਦ ਬਿਮਾਰੀ ਖ਼ਤਮ ਕਰਕੇ ਸਭ ਨੂੰ ਬਰਾਬਰੀ ਦੇਣਾ। 

2. ਨੌਜਵਾਨ ਲੇਖਕਾਂ ਅਤੇ ਅਣਗੌਲ਼ੇ ਬਜ਼ੁਰਗ ਲੇਖਕਾਂ ਨੂੰ  ਵਧੇਰੇ ਮੌਕੇ ਪ੍ਰਦਾਨ ਕਰਨਾ। 

3. ਅਕਾਡਮੀ ਦੀ ਆਮਦਨ ਦੇ ਇਕ ਇਕ ਪੈਸੇ ਨੂੰ ਸਾਹਿਤਕ ਕਾਰਜਾਂ ਅਤੇ ਮਾਂ ਬੋਲੀ ਪੰਜਾਬੀ ਨੂੰ ਪ੍ਰਫੁੱਲਤ ਕਰਨ ਲਈ ਵਰਤਣਾ ਅਤੇ ਉਸਨੂੰ ਸਾਲਾਨਾ ਬਜਟ ਵਿਚ ਜਨਤਕ ਕਰਨਾ। 

4. ਵਧੀਆ ਸਾਹਿਤ ਨੂੰ ਚੁਣਨ ਲਈ ਕਮੇਟੀਆਂ ਦਾ ਗਠਨ ਕਰਨਾ ਤੇ ਪ੍ਰਕਾਸ਼ਿਤ ਕਰਨਾ, ਵਧੀਆ ਸਾਹਿਤ ਨੂੰ ਉਤਸ਼ਾਹਿਤ ਕਰਨ ਦੇ ਨਾਲ ਨਾਲ ਪੰਜਾਬੀ ਪਾਠਕਾਂ ਦਾ ਘੇਰਾ ਵਿਸ਼ਾਲ ਕਰਨਾ।  

ਇਸਤੋਂ ਇਲਾਵਾ ਜੋ ਵੀ ਅਕਾਡਮੀ ਦੀ ਸ਼ਾਖ ਨੂੰ ਵਧਾਉਣ ਵਾਲੇ ਕਾਰਜ ਹੋਣਗੇ, ਉਹਨਾਂ ਨੂੰ ਤਰਜੀਹੀ ਪੱਧਰ ਉੱਤੇ ਕਰਨ ਨੂੰ ਪਹਿਲ ਦਿੱਤੀ ਜਾਵੇਗੀ!

ਸੋ ਸਮੂਹ ਲੇਖਕ ਭਾਈਚਾਰੇ ਨੂੰ ਬੇਨਤੀ ਅਤੇ ਪੁਰਜ਼ੋਰ ਅਪੀਲ ਹੈ ਕਿ ਆਓ ! "ਉੱਤਰ ਕਾਟੋ ਮੈਂ ਚੜ੍ਹਾਂ" ਦੇ ਮੁਹਾਵਰੇ ਨੂੰ ਨਕਾਰ ਕੇ ਬੀਬਾ ਬੇਅੰਤ ਕੌਰ ਗਿੱਲ ਮੋਗਾ ਵਰਗੇ ਸੁਹਿਰਦ ਲੇਖਕਾਂ ਨੂੰ ਵਾਗਡੋਰ ਸੌਂਪੀਏ ਤਾਂ ਜੋ ਭਵਿੱਖ ਦੀਆਂ ਪੀੜ੍ਹੀਆਂ ਵੀ ਪੰਜਾਬੀ ਸਾਹਿਤ ਜਗਤ ਵਿਚ ਆਪਣੀਆਂ ਨਿਵੇਕਲੀਆਂ ਪੈੜਾਂ ਛੱਡ ਸਕਣ ਦੇ ਸਮਰੱਥ ਹੋ ਸਕਣ! 

✍️ਡਾ. ਸਵਰਨਜੀਤ ਕੌਰ ਗਰੇਵਾਲ ✍️

Thursday, 22 February 2024

PSA ਚੋਣਾਂ:ਕਿਹੜਾ ਲੇਖਕ ਕਿਸਦਾ ਬੰਦਾ?

ਕਿਸ ਕਿਸ ਦੇ ਹੱਥ ਹੈ ਚੋਣਾਂ ਲੜਨ ਵਾਲਿਆਂ ਦਾ ਰਿਮੋਟ ਕੰਟਰੋਲ?


ਲੁਧਿਆਣਾ
: 22 ਫਰਵਰੀ 2024: (ਮੀਡੀਆ ਲਿੰਕ//ਸਾਹਿਤ ਸਕਰੀਨ ਡੈਸਕ)::

ਪੰਜਾਬੀ ਭਵਨ ਵਿੱਚ ਆ ਕੇ ਕਿਸੇ ਵੇਲੇ ਸਟੇਜ ਵਾਲੀ ਕਲਾ ਦਾ ਅਹਿਸਾਸ ਹੁੰਦਾ ਸੀ, ਕਦੇ ਕਲਾਸ ਅਤੇ ਸੰਗੀਤ ਦਾ ਅਹਿਸਾਸ ਹੁੰਦਾ ਸੀ, ਕਦੇ ਸਾਹਿਤਕ ਸਰਗਰਮੀਆਂ ਅਤੇ ਕਦੇ ਪੰਜਾਬ ਨਾਲ ਸਬੰਧਤ ਮਸਲਿਆਂ ਦੇ ਸੈਮੀਨਾਰ ਸਬੰਧਤ ਮੁੱਦਿਆਂ ਨੂੰ ਉਭਰਦੇ ਸਨ।

ਉੜੇ ਥੁੜੇ ਲੋੜਵੰਦ ਲੇਖਕਾਂ ਅਤੇ ਸ਼ਾਇਰਾਂ ਦੀ ਥੋਹੜ-ਚਿਰੀ ਆਰਥਿਕ ਤੰਗੀ ਵੀ ਕੱਟੀ ਜਾਂਦੀ ਸੀ, ਸ਼ਾਮ ਦੇ ਜਾਮ ਦਾ ਪ੍ਰਬੰਧ ਵੀ ਹੁੰਦਾ ਸੀਰਾਤ ਦੀ ਰੋਟੀ ਅਤੇ ਠਹਿਰ ਦਾ ਵੀ ਅਤੇ ਵਾਪਿਸੀ ਲਈ ਕਿਰਾਏ ਭਾੜੇ ਦਾ ਵੀ। ਸਰਦਾਰ ਜਗਦੇਵ ਸਿੰਘ ਜੱਸੋਵਾਲ ਤੋਂ ਬਾਅਦ ਇਹ ਗੱਲਾਂ ਕਲਪਨਾ ਵਾਂਗ ਬਣ ਕੇ ਰਹੀ ਗਈਆਂ। ਹੁਣ ਧੜੇਬੰਦੀਆਂ ਅਤੇ ਮੁਲਾਹਜ਼ੇਦਾਰੀਆਂ ਜ਼ਿਆਦਾ ਹਨ। ਇਹ ਰੰਗ ਪੰਜਾਬੀ ਸਾਹਿਤ ਐਕਡਮੀ ਦੀਆਂ ਚੋਣਾਂ ਵਿੱਚ ਵੀ ਨਜ਼ਰ ਆ ਰਿਹਾ ਹੈ। ਇਸ ਸਬੰਧੀ

ਮਲਕੀਅਤ ਸਿੰਘ ਔਲਖ ਬੜੇ ਸਾਦ ਮੁਰਾਦੇ ਜਿਹੇ ਬੁਧੀਜੀਵੀ ਹਨ। ਉਹਨਾਂ ਦੀ ਰਹਿਣੀ ਬਹਿਣੀ ਕਿਸੇ ਤੱਪਸਵੀ ਵਾਂਗ ਹੀ ਹੈ। ਜਿਵੇਂ ਕਿਸੇ ਆਮ ਸ਼ਹਿਰੀ ਵਾਲੇ ਲਿਬਾਸ ਵਿੱਚ ਕੋਈ ਪਹੁੰਚਿਆ ਹੋਇਆ ਮਹਾਤਮਾ ਹੋਵੇ। ਉਹਨਾਂ ਦਾ ਆਧੁਨਿਕ ਸੁਖ ਸਹੂਲਤਾਂ ਦੇ ਬਾਵਜੂਦ ਘਰ ਕਿਸੇ ਆਸ਼ਰਮ ਦਾ ਅਹਿਸਾਸ ਦੇਂਦਾ ਹੈ। ਇਸ ਘਰ ਵਿਚ ਪਹੁੰਚ ਕੇ ਕਿਸੇ ਅਲੌਕਿਕ ਜਿਹੀ ਸ਼ਾਂਤੀ ਦਾ ਅਹਿਸਾਸ ਹੁੰਦਾ ਹੈ। ਉਹਨਾਂ ਦੇ ਘਰ ਵਿੱਚ ਕਿਤਾਬਾਂ ਦੀ ਮੌਜੂਦਗੀ ਧੜੇਬੰਦੀਆਂ ਤੋਂ ਪੂਰੀ ਤਰ੍ਹਾਂ ਨਿਰਲੇਪ ਸ਼ੁੱਧ ਸਾਹਿਤਿਕ ਮਾਹੌਲ ਦਾ ਅਹਿਸਾਸ ਕਰਵਾਉਂਦੀ ਹੈ। ਇਸਦੇ ਬਾਵਜੂਦ ਜਦੋਂ ਉਹ ਕਿਸੇ ਥਾਂ ਨਿਗਰਾਨ ਜਾਂ ਪ੍ਰਬੰਧਕ ਨਿਯੁਕਤ ਕੀਤੇ ਜਾਂਦੇ ਹਨ ਤਾਂ ਉਹ ਖੁਦ ਵੀ ਅਨੁਸ਼ਾਸਨ ਵਿੱਚ ਰਹਿੰਦੇ ਹਨ ਅਤੇ ਬਾਕੀਆਂ ਨੂੰ ਵੀ ਅਨੁਸ਼ਾਸਨ ਵਿਚ ਰਹਿਣ ਲਈ ਪ੍ਰੇਰਦੇ ਰਹਿੰਦੇ ਹਨ। ਉਹਨਾਂ ਨੇ ਸਾਹਿਤਿਕ ਅਦਾਰਿਆਂ ਨੂੰ ਅਤੇ ਸਾਹਿਤਿਕ ਅਦਾਰਿਆਂ ਦੇ ਚੋਣ ਪ੍ਰਬੰਧਾਂ ਨੂੰ ਬਹੁਤ ਨੇੜਿਓਂ ਹੋ ਕੇ ਦੇਖਿਆ ਹੈ। ਜਦੋਂ ਵੀ ਉਹ ਸਾਹਿਤਿਕ ਚੋਣਾਂ ਦੇ ਨਿਗਰ ਨ ਵਰਗੀ ਕੋਈ ਜ਼ਿੰਮੇਵਾਰੀ ਨਿਭਾਉਂਦੇ ਹਨ ਤਾਂ ਮੀਡੀਆ ਕਵਰੇਜ ਕਰਨ ਲਈ ਆਈਆਂ ਟੀਮਾਂ ਨੂੰ ਅਨੁਸ਼ਾਸਨ ਦੇ ਬਾਵਜੂਦ ਵੀ ਪੂਰਾ ਸਹਿਯੋਗ ਦੇਂਦੇ ਹਨ।

ਪਿਛਲੇ ਕੁਝ ਅਰਸੇ ਤੋਂ ਸਾਹਿਤਿਕ ਚੋਣਾਂ ਦੇ ਅੰਦਾਜ਼ ਬੇਹੱਦ ਸਿਆਸੀ ਜਿਹੇ ਹੁੰਦੇ ਜਾ ਰਹੇ ਹਨ। ਧੜੇਬੰਦੀਆਂ//ਗੁੱਟਬੰਦੀਆਂ/ਪਾਰਟੀਬਾਜ਼ੀ ਇਹ ਲਗਾਤਾਰ ਵਧਦਾ ਜਾ ਰਿਹਾ ਹੈ। ਚੋਣਾਂ ਵਿੱਚ ਖੜੇ ਹੋਣ ਵਾਲੇ ਅਤੇ ਚੁਣੇ ਜਾਣ ਵਾਲੇ ਚੰਗੇ ਸਾਹਿਤਿਕ ਕੱਦ ਵਾਲੇ ਵੀ ਕਈ ਵਾਰ ਇੰਝ ਲੱਗਦੇ ਹਨ ਜਿਵੇਂ ਉਹ ਫਲਾਣੀ ਪਾਰਟੀ, ਫਲਾਣੇ ਧੜੇ ਜਾਂ ਫਿਰ ਫਲਾਣੇ ਵਿਅਕਤੀ ਦੇ ਬੰਦੇ ਹਨ। ਬੰਦਿਆਂ ਦੇ ਬੰਦੇ ਬਣ ਕੇ ਵਿਚਰਨ ਵਾਲੇ ਇਸ ਰੁਝਾਣ ਨੇ ਸਾਹਿਤਿਕ ਸੁਤੰਤਰਤਾ 'ਤੇ ਸੁਆਲੀਆ ਫਿਕਰੇ ਹੀ ਲਗਾਏ ਹਨ।

ਕੋਈ ਸਮਾਂ ਸੀ ਜਦੋਂ ਇਹ ਸਾਹਿਤਿਕ ਕਤਾਰਬੰਦੀ ਪੂੰਜੀਵਾਦ ਦੀਆਂ ਬੁਰਾਈਆਂ ਦੇ ਖਿਲਾਫ ਹੋਇਆ ਕਰਦੀ ਸੀ। ਪ੍ਰੋਫੈਸਰ ਮੋਹਨ ਸਿੰਘ ਹੁਰਾਂ ਨੇ ਲਿਖਿਆ ਸੀ

ਦੋ ਟੋਟਿਆਂ ਦੇ ਵਿੱਚ ਭੋਂ ਟੁੱਟੀ,
ਇਕ ਮਹਿਲਾਂ ਦਾ ਇਕ ਢੋਕਾਂ ਦਾ
ਦੋ ਧੜਿਆਂ ਵਿਚ ਖ਼ਲਕਤ ਵੰਡੀ
ਇਕ ਲੋਕਾਂ ਦਾ ਇਕ ਜੋਕਾਂ ਦਾ

ਫਿਰ ਹੋਲੀ ਹੋਲੀ ਇਹ ਧੜੇ ਲੋਕ ਪੱਖੀ ਅਤੇ ਸੱਤਾ ਪੱਖੀ ਧਿਰਾਂ ਵਿਚ ਵੰਡੇ ਜਾਂ ਲੱਗੇ। ਲੋਕਾਂ ਦੇ ਨਾਲ ਤੁਰ ਕੇ ਆਰਥਿਕ ਦੁਸ਼ਵਾਰੀਆਂ ਦੂਰ ਨਹੀਂ ਸਨ ਹੁੰਦੀਆਂ। ਮਾਣ-ਸਨਮਾਨ ਅਤੇ ਐਵਾਰਡ ਨਹੀਂ ਸਨ ਮਿਲਦੇ ਫਿਰ ਸੱਤਾ ਵਾਲਿਆਂ ਨਾਲ ਲੁਕਵੀਆਂ ਪੀਂਘਾਂ ਵੀ ਪੈਣ ਲੱਗ ਪਈਆਂ। ਇਹਨਾਂ ਸਾਹਿਤਿਕ ਮਾਨਾਂ-ਸਨਮਾਨਾਂ ਤੋਂ ਬਿਨਾ ਰੇਡੀਓ ਟੀਵੀ ਦੇ ਪ੍ਰੋਗਰਾਮ ਅਤੇ ਕਵੀ ਦਰਬਾਰਾਂ ਦੇ ਸੱਦੇ ਵੀ ਪ੍ਰਭਾਵਿਤ ਹੋਣ ਲੱਗ ਪਏ। ਥੁੜੇ ਹੋਏ ਭੁੱਖੇ ਮਰਨ ਲੱਗੇ ਅਤੇ ਰੱਜੇ ਹੋਏ ਆਪਣੇ ਗੁਦਾਮ ਭਰਨ ਲੱਗ ਪਏ। ਇਸ ਤਰ੍ਹਾਂ ਸਾਹਿਤਿਕ ਖੇਤਰਾਂ ਵਿੱਚ ਕਾਰਪੋਰੇਟੀ ਸੋਚ ਦਾ ਬੋਲਬਾਲਾ ਹੋਣ ਲੱਗ ਪਿਆ। ਸਾਹਿਤਿਕ ਅਦਾਰਿਆਂ ਦੀਆਂ ਚੋਣਾਂ ਵਿੱਚ ਵੀ ਅਜਿਹੇ ਰੰਗ ਖੁੱਲ੍ਹ ਕੇ ਨਜ਼ਰ ਆਉਣ ਲੱਗੇ। ਜਿਹੜੇ ਖੁਦ ਨੂੰ ਬੜੇ ਵੱਡੇ ਕੱਦਕਾਠ ਵਾਲੇ ਸਾਹਿਤਕਾਰ ਅਤੇ ਪੱਤਰਕਾਰ ਸਮਝਦੇ ਸਨ ਉਹ ਵੀ ਆਪਣੇ ਆਪ ਨੂੰ ਨਿਊਂ ਨਿਊਂ ਕੇ ਤੁਰਨ ਵਾਲਿਆਂ ਦੀ ਦੌੜ ਵਿੱਚ ਸ਼ਾਮਲ ਹੋਣ ਲੱਗੇ। ਸਰਕਾਰੀ ਅਤੇ ਗੈਰ ਸਰਕਾਰੀ ਐਵਾਰਡ ਲੈਣ ਵਾਲਿਆਂ ਦਿਨ ਭੀੜਾਂ ਜੁੜਨ ਲੱਗਿਆਂ। ਸਰਕਾਰ ਦਰਬਾਰੇ ਲਾਈਨਾਂ ਲੱਗਣ ਲੱਗੀਆਂ।

ਰੋਜ਼ਗਾਰਵਾਦੀਆਂ,ਐਵਾਰਡਵਾਦੀਆਂ, ਸਨਮਾਨ ਵਾਦੀਆਂ ਅਤੇ ਅਹੁਦਾ-ਪ੍ਰੇਮੀਆਂ ਦੀਆਂ ਕਤਾਰਾਂ ਮਜ਼ਬੂਤ ਹੋਣ ਲੱਗੀਆਂ। ਇਹਨਾਂ ਮਕਸਦਾਂ ਲਈ ਧੜੇਬੰਦੀਆਂ ਅਤੇ ਇਹਨਾਂ ਵਿਚ ਸ਼ਾਮਲ ਲੋਕਾਂ ਦੇ ਰੰਗ ਵੀ ਬਦਲਣ ਲੱਗੇ। ਵਿਚਾਰ ਗਿਰਗਿਟ ਵੀ ਸ਼ਰਮਸਾਰ ਹੋ ਗਿਆ ਹੋਣਾ ਹੈ।

ਹੁਣ ਫਿਰ ਪੰਜਾਬੀ ਸਾਹਿਤ ਅਕਾਦਮੀ ਦੀਆਂ ਚੋਣਾਂ ਹੋ ਰਹੀਆਂ ਹਨ। ਇਹਨਾਂ ਬਾਰੇ ਉਹਨਾਂ ਇੱਕ ਬਹੁਤ ਚੰਗੀ ਪੋਸਟ ਲਿਖੀ ਹੈ ਜਿਸ ਵਿਚ ਉਹਨਾਂ ਕਈ ਜਰੂਰੀ ਮੁੱਦੇ ਉਠਾਏ ਹਨ। ਕਦੇ ਕਿਸੇ ਜ਼ਮਾਨੇ ਵਿੱਚ ਲੇਖਕ ਇੱਕ ਚੰਗੇ ਇਨਸਾਨ ਦੀ ਮਿਸਾਲ ਬਣਿਆ ਕਰਦੇ ਸਨ ਜਿਹੜਾ ਲਾਲਚਾਂ ਅਤੇ ਸਵਾਰਥਾਂ ਤੋਂ ਨਿਰਲੇਪ ਰਹਿੰਦਾ ਹੋਇਆ ਸਮਾਜ ਨੂੰ ਉੱਚੇ ਸੁੱਚੇ ਮਾਰਗਾਂ ਵੱਲ ਜਾਂਦਾ ਰਸਤਾ ਦਿਖਾਉਂਦਾ ਅਤੇ ਸਮਝਾਉਂਦਾ ਸੀ ਪਰ ਹੁਣ ਸ਼ਾਇਦ ਕਲਮਾਂ ਵਾਲਿਆਂ ਦੇ ਧਰਮ ਵੀ ਬਦਲ ਗਏ ਹਨ ਅਤੇ ਵਿਚਾਰਧਾਰਕ ਪ੍ਰਤੀਬੱਧਤਾ ਵੀ। ਇੱਕ ਝਲਕ ਜਨਾਬ ਮਲਕੀਅਤ ਸਿੰਘ ਔਲਖ ਹੁਰਾਂ ਦੀ ਲਿਖਤ ਵੱਲ ਵੀ।

ਪੰਜਾਬੀ-ਸਾਹਿਤ ਅਕਾਦਮੀ, ਲੁਧਿਆਣਾ ਦੀਆਂ ਚੋਣਾਂ ਦਾ ਬਿਗਲ
ਪੰਜਾਬੀ-ਸਾਹਿਤ ਆਕਾਦਮੀ, ਲੁਧਿਆਣਾ ਦੇ ਸੰਵਿਧਾਨ ਮੁਤਾਬਕ ਦੋ-ਸਾਲਾਂ ( 2024-2026)ਦੇ ਸਮੇਂ ਲਈ ਅਹੁਦੇ-ਦਾਰਾਂ ਅਤੇ ਪ੍ਰਬੰਧਕੀ ਬੋਰਡ ਦੀ ਲੋਕ-ਰਾਜਕ (ਬੈਲਿਟ-ਪੇਪਰਾਂ ਰਾਹੀਂ) ਤਰੀਕੇ ਨਾਲ ਤਿੰਨ ਮਾਰਚ, ਵੀਹ ਸੌ ਚੌਵੀ ਨੂੰ ਚੋਣ ਹੋ ਰਹੀ ਹੈ। ਖੁਸ਼ਆਮਦੀਦ!
ਆਕਾਦਮੀ ਦਾ ਕੋਈ ਵੀ ਜੀਵਨ-ਮੈਂਬਰ ਆਪਣੀ ਸਾਹਿਤਕ ਯੋਗਤਾ ਮੁਤਾਬਕ ਲੋਕਾਂ ਸਾਹਮਣੇ ਆਪਣਾ ਐਜੰਡਾ ਰੱਖ ਕੇ ਅਕਾਦਮੀ ਦੀ ਵਰਕਿੰਗ ਵਿੱਚ ਨਿੱਜ ਤੋਂ ਉੱਤੇ ਉਠ ਕੇ ਆਪਣਾ ਯੋਗਦਾਨ ਪਾਉਣ ਹਿੱਤ ਚੋਣ ਲੜ ਸਕਦਾ ਹੈ। ਇਹ ਅਕਾਦਮੀ ਦੇ ਮਨੋਰਥ ਅਤੇ ਸੰਵਿਧਾਨ ਦਾ ਲਿਖਤੀ ਅਤੇ ਭਾਵਨਾਤਮਕ ਪੱਖ ਹੈ।
ਕੁਝ ਸਾਲਾਂ ਤੋਂ ਇਹਨਾਂ ਚੋਣਾਂ ਵਿੱਚ ਅਜੀਬ ਉਲਾਰ ਆ ਰਿਹਾ ਹੈ ਜਿਸ ਕਾਰਨ ਇਹ ਮਾਣ-ਮੱਤੀ ਸੰਸਥਾ ਆਮ ਮੈਂਬਰਾਂ ਵਿੱਚ ਆਪਣਾ ਅਕਸ ਗੁਆ ਰਹੀ ਹੈ। ਹੁਣ ਮੈਂਬਰ ਆਪਣੇ-ਆਪਣੇ ਅਜੰਡੇ ਤੇ ਚੋਣ ਨਹੀਂ ਲੜਦੇ ਅਤੇ ਸਗੋਂ ਉਮੀਦਵਾਰ ਝੁੰਡਾਂ ਦਾ ਹਿੱਸਾ ਬਣ ਕੇ ਚੋਣ ਲੜਦੇ ਹਨ; ਅਜਿਹਾ ਕਰਮ ਇਸ ਸੰਸਥਾ ਦੇ ਚੰਗੇ ਭਵਿੱਖ ਦੀ ਨਿਸ਼ਾਨੀ ਨਹੀਂ ਹੈ। ਇੱਕ ਸਿਆਣਾ ਸਾਹਿਤਕਾਰ ਜੀਵਨ ਵਿੱਚ ਵਿਚਰਦਾ ਹੋਇਆ ਆਪਣੀ ਸੋਚ ਨੂੰ ਸਾਹਿਤਕ ਰੰਗ ਅਤੇ ਖ਼ਾਕਾ ਦੇ ਕੇ ਸਮੂਹ-ਲੋਕਾਈ ਲਈ ਸਾਹਿਤ ਰਚਦਾ ਹੈ ਸਮਾਜ ਨੂੰ ਸਾਰਥਿਕਤਾ ਦੇਣ ਲਈ; ਸਾਹਿਤਕਾਰਾਂ ਦੀ ਮਾਣ-ਮੱਤੀ ਸੰਸਥਾ ਉਹਨਾਂ ਤੋ ਇਸ ਦੀਆਂ ਚੋਣਾਂ ਵਿੱਚ ਵੀ ਅਜਿਹੇ ਵਿਹਾਰ ਦੀ ਆਸ ਰੱਖਦੀ ਹੈ। ਮੈਨੂੰ ਬਹੁਤਿਆਂ ਚੋਣ ਲੜਣ ਵਾਲਿਆਂ ਤੋਂ ਤਾਂ ਅਜਿਹੇ ਵਿਹਾਰ ਦੀ ਬਹੁਤੀ ਆਸ ਨਹੀਂ; ਹਾਂ, ਵੋਟ ਪਾਉਣ ਵਾਲੇ ਆਪਣੇ ਫ਼ਰਜ਼ਾਂ ਪ੍ਰਤੀ ਸੁਚੇਤ ਰਹਿਣ। ਲੋਕ-ਰਾਜ ਵਿੱਚ ਭੀੜ-ਤੰਤਰ ਸਮਾਜ ਲਈ ਸਾਰਥਿਕ ਨਹੀਂ; ਬਿਗਲ ਵੱਜਣਾ ਜਾਂ ਵਜਾਉਣਾ ਤਾਂ ਉੱਕਾ ਹੀ ਨਹੀਂ।
2016-2018 ਅਤੇ 2018-2020 ਵਾਸਤੇ ਮੁੱਖ ਚੋਣ-ਅਧਿਕਾਰੀ ਦੇ ਤੌਰ ਤੇ ਫ਼ਰਜ਼ ਨਿਭਾਉਂਦਿਆਂ ਮੈਂ ਕਾਫੀ ਕੁਝ ਵੇਖਿਆ ਅਤੇ ਹੰਡਾਇਆ ਹੈ; ਮੇਰੇ ਅਤੇ ਮੇਰੇ ਸਹਿਯੋਗੀ ਅਧਿਕਾਰੀਆਂ ਲਈ ਚੋਣ ਕਰਵਾਉਣ ਦੌਰਾਨ ਅਕੈਡਮੀ ਦਾ ਸੰਵਿਧਾਨ ਹੀ ਸਾਡੀ ਢਾਲ ਰਹੀ ਜਿਸ ਨੇ 'ਨਾਂ ਕਾਂਹੂੰ ਸੇ ਦੋਸਤੀ, ਨਾਂ ਕਾਂਹੂੰ ਸੇ ਵੈਰ' ਵਰਗਾ ਫ਼ਲਸਫ਼ਾ ਸਾਡੇ ਮਨਾਂ ਵਿੱਚ ਹੋਰ ਪੱਕਾ ਕੀਤਾ; ਆਮ ਵੋਟਰ ਨੂੰ ਇੱਕ ਚੋਣ-ਅਧਿਕਾਰੀ ਤੋਂ ਅਜਿਹੀ ਆਸ ਉਸ ਨੂੰ ਵੋਟ-ਬੂਥ ਤੱਕ ਚੱਕਵੇਂ ਪੈਰੀਂ ਪਹੁੰਚਣ ਲਈ ਪ੍ਰੇਰੇਰਦੀ ਹੈ ਜੀ। ਇਹ ਵੇਖਿਆ ਗਿਆ ਹੈ ਕਿ ਹਰ ਸਾਲ ਦਿਨ-ਬਦਿਨ
ਬੂਥ ਤੱਕ ਪਹੁੰਚਣ ਵਾਲੇ ਵੋਟਰਾਂ ਦੀ ਗਿਣਤੀ ਘਟਦੀ ਜਾ ਰਹੀ ਹੈ; ਅਜਿਹੀ ਸਥਿਤੀ ਸਾਡੇ ਸਭ ਲਈ ਆਪਣੇ-ਆਪਣੇ ਸਵੈ ਅੰਦਰ ਝਾਤੀ ਮਾਰਨ ਲਈ ਇਸ ਸੰਸਥਾ ਦੀ ਦਰਦ-ਭਰੀ ਹੂਕ ਹੈ। ਸਭ ਨੂੰ ਸੁਚੇਤ ਹੋਣ ਦੀ ਲੋੜ ਹੈ। ਚੋਣ-ਅਧਿਕਾਰੀ ਆਪਣਾ ਯੋਗਦਾਨ ਬਾ-ਖੂਬੀ ਪਾ ਸਕਦੇ ਹਨ; ਕੇਵਲ ਨਿਰਪੱਖਤਾ ਹੀ ਉਹਨਾਂ ਦੇ ਕੰਮ ਨੂੰ ਆਦਰ-ਮਾਣ ਬਖਸ਼ਦੇ ਹਨ। ਸਗੋਂ, ਉਹ ਸੰਵਿਧਾਨ ਨੂੰ ਹੋਰ ਤਾਕਤ ਦਿੰਦੇ ਹਨ ਭਵਿੱਖ ਲਈ। ਇਸ ਤੋਂ ਉਲਟ, ਇਤਿਹਾਸ ਵੀ ਅਤੇ ਵਰਤਮਾਨ ਵੀ ਇਸ ਗੱਲ ਦਾ ਗਵਾਹ ਹੈ ਕਿ ਚੋਣ-ਅਧਿਕਾਰੀ ਜੇ ਸਵੈ ਤੋਂ ਉੱਪਰ ਨਹੀਂ ਉੱਠਦਾ ਤਾਂ ਸਰੇ-ਬਜ਼ਾਰ ਬੇ-ਇਜ਼ਤ ਹੁੰਦਾ ਹੈ।
ਅਕਾਦਮੀ ਦੇ ਮੈਂਬਰ ਬਾਖੂਬੀ ਸਿਆਣੇ ਹਨ। ਆਪਣੇ ਪ੍ਰਤੀਨਿਧ ਦੀ ਆਪ ਭਾਲ ਕਰਨ।
ਰੱਬ-ਰਾਖਾ!

ਮਲਕੀਅਤ ਸਿੰਘ ਔਲਖ,
ਲੁਧਿਆਣਾ।
ਇਸ ਸੰਬੰਧੀ ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ ਹੀ। ਅਖੀਰ ਕੀ ਹੋਣਾ ਚਾਹੀਦਾ ਹੈ ਸਾਹਿਤਿਕ ਪ੍ਰਬੰਧਾਂ ਦਾ ਸਾਫ ਸੁਥਰਾ ਢਾਂਚਾ ਜਿਹੜਾ ਧੜੇਬੰਦੀਆਂ ਤੋਂ ਮੁਕਤ ਰਹੇ। ਜਿਹੜਾ ਲੋੜਵੰਦਾਂ ਦੀ ਸਾਰ ਵੀ ਲਵੇ ਅਤੇ ਸਾਹਿਤਿਕ ਮਿਆਰਾਂ ਨੂੰ ਹੀ ਫਿਲ ਦੇਣ ਵਾਲਾ ਹੋਵੇ। ਅਜਿਹਾ ਸਿਸਟਮ ਜਿਹੜਾ ਕਿਸੇ ਵੀ ਤਰ੍ਹਾਂ ਨੱਕ ਕਿਸੇ ਕਾਰਪੋਰੇਟੀ ਪ੍ਰਕਾਸ਼ਕ ਦਾ ਏਜੰਟ ਨਾ ਬਣਿਆ ਫਿਰੇ ਬਲਕਿ ਖੁਦ ਪੰਜਾਬੀ ਸਾਹਿਤ ਅਕਾਦਮੀ ਦੀ ਪ੍ਰਕਾਸ਼ਨ ਸੰਸਥਾ ਚਲਾਉਣ ਦੇ ਸਮਰਥ ਹੋਵੇ।

Monday, 19 February 2024

‘ਜੇ ਸਮਾਜ ਬਚੇਗਾ ਤਾਂ ਹੀ ਅਦਬ ਬਚੇਗਾ’-ਡਾ. ਸਰਬਜੀਤ ਸਿੰਘ ਵਾਲੀ ਟੀਮ

Monday: 19th February 2024 at 19:03 

ਹਰ ਲੋਕਪੱਖੀ ਅਦਾਰੇ ਦੀ ਪਹਿਲੀ ਤਰਜੀਹ ਹੋਵੇ ਮਨੁੱਖਤਾ ਨੂੰ ਬਚਾਉਣਾ 

ਡਾ. ਸੁਖਦੇਵ ਸਿੰਘ ਸਿਰਸਾ ਅਤੇ ਚੋਣ ਕਮੇਟੀ ਦੀ ਅਗਵਾਈ ਵਿਚ ਡਾ. ਸਰਬਜੀਤ ਸਿੰਘ, ਡਾ. ਪਾਲ ਕੌਰ, ਡਾ. ਗੁਲਜਾਰ ਸਿੰਘ ਪੰਧੇਰ ਅਤੇ ਹੋਰਾਂ ਵੱਲੋਂ ਪੰ.ਸਾਹਿਤ ਅਕਾਦਮੀ ਦੀ ਚੋਣ ਲਈ ਨਾਮਜ਼ਦਗੀਆਂ ਦਾਖਲ

ਡਾ. ਸਿਰਸਾ, ਡਾ. ਅਨੂਪ ਸਿੰਘ, ਪ੍ਰੋ. ਜੱਜ, ਡਾ. ਦੀਪ, ਹਰਮੀਤ ਵਿਦਿਆਰਥੀ, ਰਮੇਸ਼ ਯਾਦਵ ਦੀ ਅਗਵਾਈ ਵਿਚ
ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੀ ਚੋਣ ਲੜ ਰਹੇ ਡਾ. ਸਰਬਜੀਤ ਸਿੰਘ (ਪ੍ਰਧਾਨ),
ਡਾ. ਗੁਲਜਾਰ ਸਿੰਘ ਪੰਧੇਰ ਆਦਿ ਉਮੀਦਵਾਰ ਅਤੇ ਹੋਰ ਹਾਜ਼ਰੀਨ

ਲੁਧਿਆਣਾ: 19 ਫਰਵਰੀ 2024 (ਮੀਡੀਆ ਲਿੰਕ//ਸਾਹਿਤ ਸਕਰੀਨ ਡੈਸਕ)::

ਪੰਜਾਬੀ ਸਾਹਿਤ ਅਕਾਦਮੀ ਦੀਆਂ ਚੋਣਾਂ ਲੜ ਰਹੇ ਸਰਗਰਮ ਧੜੇ ਡਾਕਟਰ ਸਰਬਜੀਤ ਸਿੰਘ ਵਾਲੀ ਟੀਮ ਨੇ ਇਹਨਾਂ ਚੋਣਾਂ ਵਿੱਚ ਜਿੱਥੇ ਪੂਰੀ ਮਨੁੱਖਤਾ ਨੂੰ ਦਰਪੇਸ਼ ਚੁਣੌਤੀਆਂ ਦੀ ਗੱਲ ਕੀਤੀ ਹੈ ਉੱਥੇ ਕਲਮਾਂ ਵਾਲਿਆਂ ਨੂੰ ਵੀ ਸੱਦਾ ਦਿੱਤਾ ਹੈ ਕਿ ਉਹ ਪਹਿਲਾਂ ਸੰਸਾਰ ਅਤੇ ਮਨੁੱਖਤਾ ਨੂੰ ਦਰਪੇਸ਼ ਖਤਰਿਆਂ ਦੇ ਖਿਲਾਫ ਸਾਹਮਣੇ ਆਉਂਕਿਓਂਕੀ ਜੇਕਰ ਸਮਾਜ ਬਚੇਗਾ ਤਾਂ ਹੀ ਹੀ ਅਦਬ ਵੀ ਬਚੇਗਾ। 

ਇਸ ਸੱਦੇ ਨਾਲ ਕਲਮਕਾਰਾਂ ਦਰਮਿਆਨ ਸਿਧਾਂਤਕ ਲਕੀਰ ਹੋਰ ਗੂਹੜੀ ਹੋਣ ਦੀ ਸੰਭਾਵਨਾ ਹੈ। ਇਸ ਲਕੀਰ ਨੂੰ ਗੂਹੜਾ ਕਰਨਾ ਇਸ ਵੇਲੇ ਦੀ ਅਹਿਮ ਲੋੜ ਵੀ ਹੈ। ਇਸ ਟੀਮ ਵਿੱਚ ਲੋਕ ਸੰਘਰਸ਼ਾਂ ਅਤੇ ਲੋਕ ਹਿੱਤਾਂ ਨੂੰ ਅਪਣਾਏ ਕਲਮਕਾਰਾਂ ਦੀ ਬਹੁਤਾਤ ਵੀ ਹੈ। ਇਹਨਾਂ ਸਾਹਿਤਿਕ ਚੋਣਾਂ ਦੇ ਨਤੀਜੇ ਭਾਵੇਂ ਕੁਝ ਵੀ ਨਿਕਲਣ ਪਰ ਰੋਜ਼ਗਾਰ ਵਾਦ/ਨਿੱਜਵਾਦ/ ਅਤੇ ਸਿਧਾਂਤਵਾਦ ਦੇ ਮੁੱਦੇ ਇਸ ਵਾਰ ਫੇਰ ਉਭਰ ਕੇ ਸਾਹਮਣੇ ਆਉਣਗੇ। ਅਹੁਦਿਆਂ ਦੀ ਲਾਲਸਾ ਅਤੇ ਸਿਧਾਂਤਾਂ ਨਾਲ ਪ੍ਰੇਮ ਵੀ ਇੱਕ ਵਾਰ ਫੇਰ ਉਭਰ ਕੇ ਸਾਹਮਣੇ ਆਏਗਾ। 

ਡਾ. ਸੁਖਦੇਵ ਸਿੰਘ ਸਿਰਸਾ ਅਤੇ ਚੋਣ ਕਮੇਟੀ ਡਾ. ਅਨੂਪ ਸਿੰਘ, ਪ੍ਰੋ. ਸੁਰਜੀਤ ਜੱਜ, ਡਾ. ਕੁਲਦੀਪ ਸਿੰਘ ਦੀਪ, ਹਰਮੀਤ ਵਿਦਿਆਰਥੀ ਤੇ ਰਮੇਸ਼ ਯਾਦਵ ਦੀ ਅਗਵਾਈ ਵਿਚ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੀ ਸਾਲ 2024-26 ਲਈ 3 ਮਾਰਚ ਨੂੰ ਹੋਣ ਵਾਲੀ ਚੋਣ ਲੜਨ ਲਈ ਡਾ. ਸਰਬਜੀਤ ਸਿੰਘ (ਪ੍ਰਧਾਨ), ਡਾ. ਪਾਲ ਕੌਰ (ਸੀਨੀਅਰ ਮੀਤ ਪ੍ਰਧਾਨ), ਡਾ. ਗੁਲਜਾਰ ਸਿੰਘ ਪੰਧੇਰ (ਜਨਰਲ ਸਕੱਤਰ), ਪੰਜ ਮੀਤ ਪ੍ਰਧਾਨਾਂ ਲਈ ਜਸਪਾਲ ਮਾਨਖੇੜਾ, ਹਰਜਿੰਦਰ ਸਿੰਘ ਸੂਰੇਵਾਲੀਆ ਅਤੇ ਭੁਪਿੰਦਰ ਸਿੰਘ ਸੰਧੂ, ਡਾ. ਹਰਵਿੰਦਰ ਸਿੰਘ (ਸਿਰਸਾ) ਅਤੇ ਡਾ. ਅਰਵਿੰਦਰ ਕੌਰ ਕਾਕੜਾ, ਜਸਵੀਰ ਝੱਜ, ਅਤੇ ਪ੍ਰਬੰਧਕੀ ਬੋਰਡ ਦੇ ਪੰਦਰਾਂ ਮੈਂਬਰ ਲਈ ਡਾ. ਹਰੀ ਸਿੰਘ ਜਾਚਕ, ਮੱਖਣ ਮਾਨ, ਗੁਰਸੇਵਕ ਸਿੰਘ ਢਿੱਲੋਂ, ਸ਼ਬਦੀਸ਼, ਸੰਜੀਵਨ ਸਿੰਘ, ਡਾ. ਸੰਤੋਖ ਸੁੱਖੀ, ਨਵਤੇਜ ਗੜ੍ਹਦੀਵਾਲਾ, ਰਣਜੀਤ ਗੌਰਵ, ਵਰਗਿਸ ਸਲਾਮਤ, ਬਲਵਿੰਦਰ ਸਿੰਘ ਚਹਿਲ, ਵਾਹਿਦ ਉਰਫ਼ ਸਤਨਾਮ ਸਿੰਘ, ਡਾ. ਰੋਜ਼ੀ ਸਿੰਘ, ਇਸਤ੍ਰੀ ਮੈਂਬਰਾਂ ਲਈ ਨਰਿੰਦਰਪਾਲ ਕੌਰ, ਡਾ. ਜੀਵਨ ਜੋਤੀ, ਪੰਜਾਬ ਤੇ ਚੰਡੀਗੜ੍ਹ ਤੋਂ ਬਾਹਰੋਂ ਡਾ. ਹਰਜਿੰਦਰ ਸਿੰਘ ਜੰਮੂ ਅਤੇ ਬਾਕੀ ਭਾਰਤ ਵਿਚੋਂ ਪ੍ਰੇਮ ਸਾਹਿਲ ਨੇ ਪੂਰੇ ਪੈਨਲ ਵੱਲੋਂ ਸਾਂਝੀਂ ਇੱਕਤਰਤਾ ਵਿਚ ਕਾਗਜ਼ ਦਾਖਲ ਕੀਤੇ ਗਏ। 

ਡਾ. ਸਿਰਸਾ, ਡਾ. ਅਨੂਪ ਸਿੰਘ, ਪ੍ਰੋ. ਸੁਰਜੀਤ ਜੱਜ, ਡਾ. ਸਰਬਜੀਤ ਸਿੰਘ, ਡਾ. ਪੰਧੇਰ, ਮਾਨਖੇੜਾ ਤੇ ਹਰਮੀਤ ਵਿਦਿਆਰਥੀ ਆਦਿ ਨੇ ਕਿਹਾ ਕਿ ਚੋਣ ਵਿਅਕਤੀ ਵਿਰੋਧ ਦੇ ਨਾਂ ਤੇ ਨਹੀਂ ਸਗੋਂ ਭਵਿੱਖ ਵਿਚ ਪੰਜਾਬੀ ਸਾਹਿਤ ਅਕਾਡਮੀ ਦੀ ਬਦਲਵੀਂ ਭੂਮਿਕਾ ਅਤੇ ਨਵੇਂ ਦੌਰ ਦੇ ਏਜੰਡਿਆਂ, ਤਰਜ਼ੀਹਾਂ ਤੇ ਚੁਣੌਤੀਆਂ ਲਈ ਲੜੀ ਜਾ ਰਹੀ ਹੈ। 

ਇਸ ਗੱਲ ਨੂੰ ਸ਼ਿੱਦਤ ਨਾਲ ਮਹਿਸੂਸ ਕੀਤਾ ਗਿਆ ਕਿ ਜਿਸ ਕਦਰ ਪੰਜਾਬੀ ਸਮਾਜ, ਪੰਜਾਬੀ ਭਾਸ਼ਾ ਅਤੇ ਪੰਜਾਬੀ ਸਾਹਿਤ ਨੂੰ ਚੁਣੌਤੀਆਂ ਹਨ ਅਤੇ ਇਸ ਤੋਂ ਵੀ ਵੱਧ ਸਮੁੱਚੀ ਮਨੁੱਖਤਾ ਲਈ ਵੱਡੇ ਖ਼ਤਰੇ ਹਨ, ਕਾਰਪੋਰੇਟੀ ਅਤੇ ਸਮਾਰਾਜੀ ਏਜੰਡੇ ਤੇ ਤਹਿਤ ਜਿਸ ਤਰ੍ਹਾਂ ਮਨੁੱਖ ਤੋਂ ਵੀ ਅੱਗੇ ਹਵਾ, ਪਾਣੀ, ਪਰਬਤ, ਜੰਗਲ ਅਤੇ ਸਪੇਸ (ਧਰਤੀ ਤੋਂ ਬਿਨਾ ਬਾਕੀ ਗ੍ਰਹਿਆਂ) ਤੇ ਕਬਜ਼ੇ ਦੀ ਹੋੜ ਚੱਲ ਰਹੀ ਹੈ, ਉਸ ਦੌਰ ਵਿਚ ਪੰਜਾਬੀ ਅਦਬ ਅਤੇ ਅਦੀਬ ਆਪਣੇ ਕਿਰਦਾਰ ਦੀ ਬੁਲੰਦੀ ਕਿਵੇਂ ਬਣਾ ਕੇ ਰੱਖ ਸਕਣ ਅਤੇ ਉਪਰੋਕਤ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਅਵਾਮ ਦੀ ਆਵਾਜ਼ ਕਿਸ ਤਰ੍ਹਾਂ ਬਣ ਸਕਣ। 

ਇਹ ਪੰਜਾਬੀ ਸਾਹਿਤ ਅਕਾਡਮੀ ਸਮੇਤ ਹਰ ਲੋਕਪੱਖੀ ਅਦਾਰੇ ਦੀ ਪਹਿਲੀ ਤਰਜ਼ੀਹ ਹੋਣੀ ਚਾਹੀਦੀ ਹੈ। ‘ਜੇ ਸਮਾਜ ਬਚੇਗਾ ਤਾਂ ਹੀ ਅਦਬ ਬਚੇਗਾ’। ਇਸ ਲਈ ਅਦਬਾਂ ਅਤੇ ਅਦੀਬਾਂ ਨੂੰ ਹੋਛੇ ਅਤੇ ਵਕਤੀ ਏਜੰਡਿਆਂ ਤੋਂ ਮੁਕਤ ਰੱਖ ਕੇ ਵਡੇਰੇ ਹਿੱਤਾਂ ਲਈ ਆਪਣੇ ਆਪ ਨੂੰ ਤਿਆਰ ਕਰਨ ਦੀ ਲੋੜ ਹੈ। 

ਇਸ ਸਮੇਂ ਉੱਘੇ ਸਾਹਿਤਕਾਰ ਕੁਲਵਿੰਦਰ ਕੌਰ ਕਿਰਨ, ਮਨਦੀਪ ਕੌਰ ਭੰਮਰਾ, ਦਰਸ਼ਨ ਸਿੰਘ ਢੋਲਣ, ਇੰਜੀ. ਇੰਦਰਜੀਤ ਸਿੰਘ ਨੂਰ, ਸੁਰਜੀਤ ਸਿੰਘ ਅਲਬੇਲਾ, ਭਗਵਾਨ ਢਿੱਲੋਂ, ਡਾ. ਹਰਜੀਤ ਸਿੰਘ, ਸੁਰਜੀਤ ਸਿਰੜੀ, ਡਾ. ਗੁਰਪ੍ਰੀਤ ਸਿੰਘ, ਭਗਵੰਤ ਰਸੂਲਪੁਰੀ, ਸੁਖਜੀਵਨ ਪਟਿਆਲਾ, ਰਵੀ ਰਵਿੰਦਰ, ਮੇਜਰ ਸਿੰਘ ਸਿਆੜ, ਸੁੱਖ ਰਾਮ, ਨਰਿੰਦਰ ਸਿੰਘ ਆਦਿ ਸ਼ਾਮਿਲ ਹੋਏ। 

ਆਉਂਦੇ ਦਿਨਾਂ ਵਿਚ ਇਹ ਕਾਫ਼ਲਾ ਤਬਦੀਲੀ ਦੇ ਇਸ ਏਜੰਡੇ ਨੂੰ ਲੈ ਕੇ ਪੰਜਾਬੀ ਅਦਬ ਅਤੇ ਅਦੀਬਾਂ ਦੀਆਂ ਬਰੂਹਾਂ ਤੇ ਦਸਤਕ ਦੇਵੇਗਾ। ਹਾਜ਼ਰੀਨ ਨੇ ਅਪੀਲ ਕੀਤੀ ਕਿ ਸਮਾਜ ਵਿਚ ਅਦਬ ਦੀ ਵਡੇਰੀ ਭੂਮਿਕਾ ਲਈ ਇਸ ਕਾਫ਼ਲੇ ਦਾ ਸਾਥ ਦਿੱਤਾ ਜਾਵੇ।  

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

ਅਸੀਂ ਕਰਾਂਗੇ ਮੌਜੂਦਾ ਅਵਸਥਾ ਵਿਚ ਜ਼ਮੀਨੀ ਸੁਧਾਰ-ਡਾ. ਲਖਵਿੰਦਰ ਸਿੰਘ ਜੌਹਲ

Monday 19th February 2024 at 7:55 PM

 ਅਕਾਡਮੀ ਦੀ ਸਾਹਿਤਕ ਤੇ ਅਕਾਦਮਿਕ ਪਛਾਣ  ਨੂੰ ਵੀ ਕਰਾਂਗੇ ਹੋਰ ਗੂੜ੍ਹਾ 


ਲੁਧਿਆਣਾਃ 19 ਫਰਵਰੀ2024: (ਮੀਡੀਆ ਲਿੰਕ//ਸਾਹਿਤ ਸਕਰੀਨ ਡੈਸਕ)::

ਪੰਜਾਬ ਦੀ ਸੂਬਾਈ ਅਤੇ ਕੌਮੀ ਸਿਆਸਤ ਦੇ ਨਾਲ ਨਾਲ ਕਾਫੀ ਸਮੇਂ ਤੱਕ ਸਿੱਖ ਖਾੜਕੂਵਾਦ ਦਾ ਕੇਂਦਰੀ ਅਸਥਾਨ ਬਣਿਆ ਰਿਹਾ ਲੁਧਿਆਣਾ ਇੱਕ ਵਾਰ ਫੇਰ ਸ਼ੁੱਧ ਸਾਹਿਤਿਕ ਸਰਗਰਮੀਆਂ ਵੱਲ ਪਰਤ ਰਿਹਾ ਹੈ। ਪੰਜਾਬੀ ਭਵਨ ਵਿੱਚ ਡਾਕਟਰ ਪਰਮਿੰਦਰ ਸਿੰਘ ਹੁਰਾਂ ਦੇ ਵੇਲਿਆਂ ਵਾਲੀ ਚਹਿਲ ਪਹਿਲ ਇੱਕ ਵਾਰ ਫੇਰ ਨਜ਼ਰ ਆਉਣ ਲੱਗੀ ਹੈ। ਸਾਹਿਤਿਕ ਚੋਣਾਂ ਵਿੱਚ ਇੱਕ ਵਾਰ ਫੇਰ ਸਿਆਸੀ ਚੋਣਾਂ ਵਰਗਾ ਜੋਸ਼ ਅਤੇ ਉਮਾਹ ਦੇਖਿਆ ਜਾ ਰਿਹਾ ਹੈ। ਜਗਦੇਵ ਸਿੰਘ ਜੱਸੋਵਾਲ ਵਾਲੇ ਸਮੇਂ ਇੱਕ ਵਾਰ ਫੇਰ ਝਲਕਾਰਾ ਜਿਹਾ ਮਾਰਦੇ ਦਿੱਸਦੇ ਹਨ। ਪੰਜਾਬੀ ਭਵਨ ਦੇ ਬਾਗ ਵਿੱਚ ਇੱਕ ਵਾਰ ਫੇਰ ਰੌਣਕਾਂ ਹਨ। ਪੰਜਾਬੀ ਸਾਹਿਤ ਅਕਾਦਮੀ ਦੀਆਂ ਤਿੰਨ ਮਾਰਚ ਨੂੰ ਹੋ ਰਹੀਆਂ ਚੋਣਾਂ ਲਈ ਸਰਗਰਮੀਆਂ ਸਿਖਰਾਂ ਛੂਹ ਰਹੀਆਂ ਹਨ। ਨਵੀਂ ਕਤਾਰਬੰਦੀ ਵੀ ਹੋ ਰਹੀ ਹੈ ਅਤੇ ਨਵੇਂ ਸਮੀਕਰਨ ਵੀ ਸਾਹਮਣੇ ਆ ਰਹੇ ਹਨ। 

ਇਸ ਵਾਰ 3 ਮਾਰਚ ਨੂੰ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀ ਚੋਣ ਵਾਸਤੇ ਅੱਜ ਡਾ. ਲਖਵਿੰਦਰ ਸਿੰਘ ਜੌਹਲ, ਡਾਃ ਸ਼ਿੰਦਰਪਾਲ ਸਿੰਘ ਤੇ ਡਾ. ਗੁਰਇਕਬਾਲ ਸਿੰਘ ਦੀ ਅਗਵਾਈ ਹੇਠ ਅੱਜ ਪੰਜਾਬੀ ਭਵਨ ਲੁਧਿਆਣਾ ਵਿਖੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ ਹਨ। ਡਾ. ਲਖਵਿੰਦਰ ਸਿੰਘ ਜੌਹਲ ਨੇ ਪ੍ਰਧਾਨ, ਡਾਃ ਸ਼ਿੰਦਰਪਾਲ ਸਿੰਘ ਸੀਨੀਅਰ ਮੀਤ ਪ੍ਰਧਾਨ ਤੇ ਜਨਰਲ ਸਕੱਤਰ ਦੇ ਅਹੁਦੇ ਲਈ ਡਾਃ ਗੁਰਇਕਬਾਲ ਸਿੰਘ ਨੇ ਕਾਗ਼ਜ਼ ਦਾਖ਼ਲ ਕੀਤੇ ਹਨ।

ਇਸ ਸਬੰਧੀ ਡਾ. ਲਖਵਿੰਦਰ ਸਿੰਘ ਜੌਹਲ ਨੇ ਦੱਸਿਆ ਕਿ ਮੀਤ ਪ੍ਰਧਾਨ ਲਈ ਭਗਵੰਤ ਸਿੰਘ (ਡਾ.), ਗੁਰਚਰਨ ਕੌਰ ਕੋਚਰ(ਡਾ.) ਤ੍ਰੈਲੋਚਨ ਲੋਚੀ, ਮਦਨ ਵੀਰਾ ਤੇ ਇਕਬਾਲ ਸਿੰਘ ਗੋਂਦਾਰਾ (ਡਾ.) (ਪੰਜਾਬੋਂ ਬਾਹਰ) ਤੋਂ ਇਲਾਵਾ ਪ੍ਰਬੰਧਕੀ ਬੋਰਡ ਦੇ ਮੈਂਬਰਾਂ ਲਈ ਗੁਰਵਿੰਦਰ ਸਿੰਘ ਅਮਨ ਰਾਜਪੁਰਾ,ਦੀਪ ਜਗਦੀਪ ਸਿੰਘ ਲੁਧਿਆਣਾ,ਕੇ ਸਾਧੂ ਸਿੰਘ ਮੁੱਲਾਂਪੁਰ,ਸਹਿਜਪ੍ਰੀਤ ਸਿੰਘ ਮਾਂਗਟ ਲੁਧਿਆਣਾ,ਬਲਜੀਤ ਪਰਮਾਰ (ਮੁੰਬਈ), ਹਰਦੀਪ ਢਿੱਲੋਂ ਅਬੋਹਰ,ਡਾ.ਸਰਘੀ ਅੰਮ੍ਰਿਤਸਰ,ਪਰਮਜੀਤ ਕੌਰ ਮਹਿਕ ਲੁਧਿਆਣਾ,ਜਗਦੀਸ਼ ਰਾਏ ਕੁੱਲਰੀਆਂ ਮਾਨਸਾ,ਹਰਵਿੰਦਰ ਸਿੰਘ ਗੁਲਾਬਾਸੀ ਚੰਡੀਗੜ੍ਹ,ਡਾ. ਨਾਇਬ ਸਿੰਘ ਮੰਡੇਰ ਰਤੀਆ ਹਰਿਆਣਾ (ਪੰਜਾਬੋਂ ਬਾਹਰ), ਰੋਜ਼ੀ ਸਿੰਘ ਫ਼ਤਹਿਗੜ੍ਹ ਚੂੜੀਆਂ,ਕਰਮਜੀਤ ਸਿੰਘ ਕੁੱਟੀ ਐਡਵੋਕੇਟ ਬਠਿੰਡਾ,ਡਾ.ਨਰੇਸ਼ ਕੁਮਾਰ ਨੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ।

ਨਾਮਜ਼ਦਗੀਆਂ ਵਾਲੇ ਇਸ ਇਸ ਮੌਕੇ  'ਤੇ ਡਾ. ਲਖਵਿੰਦਰ ਸਿੰਘ ਜੌਹਲ  ਦੀ ਅਗਵਾਈ ਵਿਚ ਹੋਈ ਬੈਠਕ ਦੌਰਾਨ ਸਮੁੱਚੇ  ਮੈਂਬਰ ਸਾਹਿਬਾਨ ਨੇ ਪੰਜਾਬੀ ਸਾਹਿਤ ਅਕਾਦਮੀ ਦੀ ਅਮੀਰ ਸਾਹਿਤਕ ਤੇ ਅਕਾਦਮਿਕ ਵਿਰਾਸਤ ਨੂੰ ਕਾਇਮ ਰੱਖਣ ਤੇ ਪ੍ਰਫੁੱਲਿਤ ਕਰਨ ਦੇ ਮਨੋਰਥ ਨਾਲ ਲੜੀ ਜਾਵੇਗੀ। ਡਾ. ਦੀਪਕ ਮਨਮੋਹਨ ਸਿੰਘ ਨੇ ਕਿਹਾ ਕਿ ਡਾ. ਲਖਵਿੰਦਰ ਸਿੰਘ ਜੌਹਲ ਦੀ ਅਗਵਾਈ ਵਾਲੀ ਟੀਮ ਨੇ ਪਿਛਲੇ ਦੋ ਸਾਲਾਂ ਵਿਚ ਅਕਾਡਮੀ ਨੇ ਇਸ ਮਹਾਨ ਸੰਸਥਾ ਦੇ ਮੋਢੀਆਂ ਤੇ ਵਡੇਰਿਆਂ ਦੇ ਪਾਏ ਹੋਏ ਪੂਰਨਿਆਂ 'ਤੇ ਚੱਲਦਿਆਂ ਬਹੁਤ ਸਾਰੇ ਉਹ ਕਾਰਜ ਕੀਤੇ ਹਨ ਜੋ ਚਿਰਾਂ ਤੋਂ ਰੁਕੇ ਹੋਏ ਸਨ। ਨਿਸਚੇ ਹੀ ਇਸ ਮਿਸ਼ਨ ਅਤੇ ਇਸ ਰਫਤਾਰ ਨੂੰ ਹੋਰ ਵਧਾਇਆ ਜਾਏਗਾ। 

ਆਪਣੀ ਟੀਮ ਦੀਆਂ ਪ੍ਰਾਪਤੀਆਂ ਅਤੇ ਮਨੋਰਥਾਂ ਦੀ ਚਰਚਾ ਕਰਦਿਆਂ ਉਨ੍ਹਾਂ ਕਿਹਾ ਕਿ ਨਾ ਸਿਰਫ਼ ਅਕਾਡਮੀ ਦੀ ਇਸ ਟੀਮ ਨੇ ਸਾਹਿਤਕ ਤੇ ਅਕਾਦਮਿਕ ਕਾਰਜਾਂ ਵਿਚ ਚੋਖਾ ਵਾਧਾ ਕੀਤਾ ਬਲਕਿ ਮਾਂ-ਬੋਲੀ ਨੂੰ ਤਕਨੀਕ ਦੇ ਹਾਣ ਦਾ ਬਣਾਉਣ ਲਈ ਉਚੇਚੇ ਉਪਰਾਲੇ ਕੀਤੇ। ਜਿਸ ਨਾਲ ਅਕਾਡਮੀ ਦੀ ਵਿਲੱਖਣ ਗਿਆਨ ਖ਼ਜ਼ਾਨੇ ਨਾਲ ਭਰਪੂਰ ਲਾਇਬ੍ਰੇਰੀ ਦੇਸ਼-ਵਿਦੇਸ਼ ਵਿਚ ਬੈਠੇ ਪੰਜਾਬੀ ਲੇਖਕਾਂ ਤੇ ਸਾਹਿਤ ਪ੍ਰੇਮੀਆਂ ਦੀ ਪਹੁੰਚ ਵਿਚ ਆਈ। ਉਨ੍ਹਾਂ ਕਿਹਾ ਕਿ ਇਸ ਅਨਮੋਲ ਖ਼ਜ਼ਾਨੇ ਨੂੰ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਦੇ ਦੌਰ ਵਿਚ ਨਵੀਂ ਪੀੜ੍ਹੀਆਂ ਤੱਕ ਪਹੁੰਚਾਉਣ ਦੇ ਕਾਰਜ ਨੂੰ ਜਾਰੀ ਰੱਖਣ ਲਈ ਇਸ ਟੀਮ ਨੂੰ ਇਕ ਵਾਰ ਫੇਰ ਮੌਕਾ ਦੇਣਾ ਲਾਜ਼ਮੀ ਹੈ।

ਇਸ ਮੌਕੇ ਸਾਰੇ ਹਾਜ਼ਰ ਲੇਖਕਾਂ ਨੇ ਪਿਛਲੇ ਸਾਲ ਦੇ ਭਾਰਤੀ ਸਾਹਿੱਤ ਅਕਾਡਮੀ ਪੁਰਸਕਾਰ ਵਿਜੇਤਾ ਕਹਾਣੀਕਾਰ ਤੇ ਪੰਜਾਬੀ ਸਾਹਿੱਤ ਅਕਾਡਮੀ ਦੇ ਕਾਰਜਕਾਰਨੀ ਮੈਂਬਰ ਸੁਖਜੀਤ ਮਾਛੀਵਾੜਾ ਦੇ ਅਚਾਨਕ ਦੇਹਾਂਤ ਤੇ ਉਸ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਗੁਰਭਜਨ ਗਿੱਲ ਨੇ ਸਮੂਹ ਲੇਖਕਾਂ ਨੂੰ ਅਪੀਲ ਕੀਤੀ ਕਿ ਵਿੱਛੜੇ ਮਿੱਤਰ ਪਿਆਰੇ ਨੂੰ ਸ਼ਰਧਾ ਸੁਮਨ ਭੇਂਟ ਕਰਨ ਲਈ ਸਭ ਦੋਸਤ 21 ਫਰਵਰੀ ਨੂੰ ਗੁਰਦੁਆਰਾ ਚਰਨ  ਕੰਵਲ ਸਾਹਿਬ ਮਾਛੀਵਾੜਾ (ਲੁਧਿਆਣਾ) ਵਿਖੇ ਦੁਪਹਿਰ 12ਵਜੇ ਤੋਂ 1ਵਜੇ ਤੀਕ ਜ਼ਰੂਰ ਪੁੱਜਣ।

ਇਸ ਮੌਕੇ ਇਸ ਟੀਮ ਦੇ ਪੁਰਾਣੇ ਮਿੱਤਰ ਵੀ ਜੋਸ਼ੋ ਖਰੋਸ਼ ਨਾਲ ਮੌਜੂਦ ਰਹੇ। ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ. ਰਵਿੰਦਰ ਸਿੰਘ ਭੱਠਲ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਤੇ ਕੇਂਦਰੀ ਪੰਜਾਬੀ ਲੇਖਕ ਸਭਾ(ਸੇਖੋਂ) ਦੇ ਪ੍ਰਧਾਨ ਪਵਨ ਹਰਚੰਦਪੁਰੀ ਨੇ ਕਿਹਾ ਕਿ ਪੰਜਾਬੀ ਸਾਹਿੱਤ  ਅਕਾਡਮੀ ਲੁਧਿਆਣਾ ਆਪਣੀ ਵਿਲੱਖਣ ਸਾਹਿਤਕ ਤੇ ਅਕਾਦਮਿਕ ਰਿਵਾਇਤ ਲਈ ਜਾਣੀ ਜਾਂਦੀ ਹੈ। ਡਾ. ਲਖਵਿੰਦਰ ਸਿੰਘ ਜੌਹਲ  ਦੀ ਅਗਵਾਈ ਵਾਲੀ ਟੀਮ ਨੇ ਅਕਾਡਮੀ ਦੀ ਸਾਹਿਤਕ ਪਰੰਪਰਾ ਤੇ ਆਧੁਨਿਕ ਤਕਨੀਕ ਵਿਚਾਲੇ ਪੁਲ ਉਸਰਾਦਿਆਂ ਆਪਣੀ ਪ੍ਰਬੰਧਕੀ ਸੂਝ ਨਾਲ ਅਕਾਡਮੀ ਦੀ ਬੁਨਿਆਦ ਨੂੰ ਮਜ਼ਬੂਤ ਕੀਤਾ ਹੈ। ਇਸ ਮਜ਼ਬੂਤੀ ਨੂੰ ਕਾਇਮ ਰੱਖਣ ਲਈ ਸਮੂਹ ਪੰਜਾਬੀ ਲੇਖਕ ਭਾਈਚਾਰਾ ਡਾ. ਜੌਹਲ ਦੀ ਅਗਵਾਈ ਵਾਲੇ ਅਦਬੀ ਕਾਫ਼ਲੇ ਦੇ ਭਰਪੂਰ ਸਮਰਥਨ ਵਿਚ ਆ ਗਿਆ ਹੈ। 

ਇਸ ਮੌਕੇ ਚੋਣਾਂ ਵਿੱਚ ਉਤਾਰੀ ਟੀਮ ਨੂੰ ਸਹਿਯੋਗ ਦੇਣ ਲਈ ਡਾ. ਨਿਰਮਲ ਜੌੜਾ, ਨਵਾਂ ਜ਼ਮਾਨਾ ਦੇ ਮੈਗਜ਼ੀਨ ਸੰਪਾਦਕ ਡਾ. ਹਰਜਿੰਦਰ ਸਿੰਘ ਅਟਵਾਲ,ਆਪਣੀ ਆਵਾਜ਼ ਦੇ ਮੁੱਖ ਸੰਪਾਦਕ ਸੁਰਿੰਦਰ ਸਿੰਘ ਸੁੱਨੜ, ਡਾ. ਓਮਿੰਦਰ ਜੌਹਲ, ਚੰਡੀਗੜ੍ਹ ਤੋਂ ਡਾ. ਸਵੈਰਾਜ ਸੰਧੂ, ਡਾ. ਨਿਰਮਲ ਸਿੰਘ ਬਾਸੀ, ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਗੁਰਭਜਨ ਸਿੰਘ ਗਿੱਲ, ਸੁਰਿੰਦਰਜੀਤ ਚੌਹਾਨ ਨਾਭਾ,ਇੰਦਰਜੀਤਪਾਲ ਕੌਰ ਭਿੰਡਰ,ਅਮਰਜੀਤ ਸ਼ੇਰਪੁਰੀ ਤੇ ਸਰਬਜੀਤ ਵਿਰਦੀ ਸਮੇਤ ਕਈ ਉੱਘੇ ਲੇਖਕ ਹਾਜ਼ਰ ਸਨ।

ਡਾਕਟਰ ਲਖਵਿੰਦਰ ਸਿੰਘ ਜੌਹਲ ਨੇ ਆਪਣੀ ਟੀਮ ਦਾ ਮਿਸ਼ਨ ਅਤੇ ਮਕਸਦ ਬੜੇ ਸਪਸ਼ਟ ਸ਼ਬਦਾਂ ਵਿੱਚ ਅਤੇ ਬੜੇ ਆਤਮ ਵਿਸ਼ਵਾਸ ਨਾਲ ਦੱਸਿਆ। ਡਾ. ਜੌਹਲ ਨੇ ਇਸ ਕਿਹਾ ਕਿ ਅਸੀਂ ਆਪਣਾ ਆਪਣਾ 22 ਨੁਕਾਤੀ ਚੋਣ ਮਨੋਰਥ ਪੱਤਰ ਜਾਰੀ ਕੀਤਾ ਹੋਇਆ ਹੈ ਜਿਸ ਤੋਂ ਸਾਡਾ ਮਨੋਰਥ ਸਪੱਸ਼ਟ ਹੈ ਕਿ ਸਾਡਾ ਸਾਹਿਤਕ ਕਾਫ਼ਲਾ ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਬੰਧਾਂ ਨੂੰ ਬਿਹਤਰ ਕਰਨ, ਇਸ ਦੀ ਮੌਜੂਦਾ ਅਵਸਥਾ ਵਿਚ ਜ਼ਮੀਨੀ ਸੁਧਾਰ ਕਰਨ ਤੋਂ ਲੈ ਕੇ ਅਕਾਡਮੀ ਦੇ ਸਾਹਿਤਕ ਤੇ ਅਕਾਦਮਿਕ ਪਛਾਣ  ਨੂੰ ਹੋਰ ਗੂੜ੍ਹਾ ਕਰਨ ਲਈ ਸਰਗਰਮੀ ਨਾਲ ਜਤਨਸ਼ੀਲ ਹੈ। 

ਅਸੀਂ ਸਮੂਹ ਲੇਖਕ ਮੈਂਬਰਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਸਾਡੇ ਮਨੋਰਥ ਪੱਤਰ 'ਤੇ ਮੋਹਰ ਲਾ ਕੇ ਸਾਡੇ ਵਿਸ਼ਵਾਸ  ਤੇ ਪੰਜਾਬੀ ਸਾਹਿੱਤ ਅਕਾਡਮੀ ਦੀ ਸਰਬ-ਉੱਚਤਾ ਲਈ ਵਿੱਢੇ ਕਾਰਜਾਂ ਨੂੰ ਜਾਰੀ ਰੱਖਣ ਵਿਚ ਸਾਡਾ ਸਹਿਯੋਗ ਕਰਨ।

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

ਸਾਹਿਤ ਵਿੱਚ ਦੋਹਰੇ ਕਿਰਦਾਰ ਰੱਖਣਾ ਸਮਾਜ ਲਈ ਘਾਤਕ ਸਿੱਧ ਹੁੰਦੈ-ਭੰਮਰਾ

Monday 19th February 2024 at 10:43 AM

 ਮੈਡਮ ਮਨਦੀਪ ਕੌਰ ਭੰਮਰਾ ਨੇ ਚੋਣਾਂ ਮੌਕੇ ਕਹੀਆਂ ਦੋ ਟੂਕ ਗੱਲਾਂ 


ਸੋਸ਼ਲ ਮੀਡੀਆ ਅਤੇ ਲੁਧਿਆਣਾ: 19 ਫਰਵਰੀ 2024: (ਮੀਡੀਆ ਲਿੰਕ//ਸਾਹਿਤ ਸਕਰੀਨ ਡੈਸਕ):: 

ਡਾ. ਸਰਬਜੀਤ ਸਿੰਘ ਦੀ ਅਗਵਾਈ ਵਾਲੇ ਸਮੁੱਚੇ ਪੈਨਲ ਲਈ 
ਮਨਦੀਪ ਭਮਰਾ ਦੀ ਅਗਵਾਈ ਹੇਠਲੀ ਟੀਮ ਵੀ ਸਮਰਥਨ ਵਿੱਚ
 

ਦੁਨੀਆ ਦੇ ਬਹੁਤ ਸਾਰੇ ਹੋਰਨਾਂ ਖੇਤਰਾਂ ਵਾਂਗ ਸਾਹਿਤ ਦੇ ਖੇਤਰ ਵਿੱਚ ਵੀ ਔਰਤਾਂ ਨਾਲ ਵਿਤਕਰਾ ਅਜੇ ਤੱਕ ਪੂਰੀ ਤਰ੍ਹਾਂ ਨਾਲ ਘਟਣ ਦਾ ਨਾਮ ਨਹੀਂ ਲੈ ਰਿਹਾ।  ਇਹ ਅਜੇ ਵੀ ਜਾਰੀ ਹੈ। ਫਿਲਮ ਦਾਮਿਨੀ, ਨਿਕਾਹ, ਅਰਥ ਅਤੇ ਬਹੁਤ ਸਾਰੀਆਂ ਹੋਰ ਫਿਲਮਾਂ ਵਿਚਲੀਆਂ ਕਹਾਣੀਆਂ ਕੋਈ ਕਾਲਪਨਿਕ ਕਥਾ ਕਥਾਵਾਂ ਨਹੀਂ ਸਨ। ਉਹ ਸਭ ਕੁਝ ਸਾਡੇ ਸਮਾਜ ਵਿਚ ਅੱਜ ਵੀ ਵਾਪਰਦਾ ਹੈ।ਬਸ ਇਹਨਾਂ ਫਿਲਮਾਂ ਨੇ ਔਰਤਾਂ ਨਾਲ ਹੁੰਦੀਆਂ ਜ਼ਿਆਦਤੀਆਂ ਨੂੰ ਕਥਾ-ਕਹਾਣੀ ਵਾਲੇ ਰੂਪ ਵਿੱਚ ਪੇਸ਼ ਕਰਨ ਵੇਲੇ ਪਾਤਰਾਂ ਦੇ ਨਾਮ ਬਦਲ ਦਿੱਤੇ ਸਨ,ਅਜਿਹਾ ਕਰਨਾ ਅਸੂਲੀ ਤੌਰ 'ਤੇ ਜ਼ਰੂਰੀ ਵੀ ਸੀ। ਜਨਾਬ ਸਾਹਿਰ ਲੁਧਿਆਣਵੀ ਸਾਹਿਬ ਵੀ ਪੁਰਸ਼ ਸੱਤਾ ਨੂੰ ਇਹਨਾਂ ਜੁਲਮਾਂ ਲਈ ਜ਼ਿੰਮੇਵਾਰ ਦੱਸਦਿਆਂ ਕਹਿੰਦੇ ਹਨ:  

ਹਮ ਜੋ ਇਨਸਾਨ ਕੀ ਤਹਿਜ਼ੀਬ ਲੀਏ ਫਿਰਤੇ ਹੈਂ!

ਹਮ ਸਾ ਵਹਿਸ਼ੀ ਕੋਈ ਜੰਗਲ ਕੇ ਦਰਿੰਦੋਂ ਮੇਂ ਨਹੀਂ!

ਮੈਡਮ ਮਨਦੀਪ ਕੌਰ ਭੰਮਰਾ ਆਪਣੀ ਇਸ ਸੰਖੇਪ ਜਿਹੀ ਲਿਖਤ ਵਿੱਚ ਔਰਤਾਂ ਨਾਲ ਜਾਰੀ ਬੇਇਨਸਾਫੀਆਂ ਦੀ ਗੱਲ ਕਰਦਿਆਂ ਦਿਲ ਦੀ ਹੂਕ  ਨੂੰ ਬਿਆਨ ਕਰਦਿਆਂ ਕੁਝ ਸਪਸ਼ਟ ਜਿਹੀਆਂ ਗੱਲਾਂ ਵੀ ਕਰਦੇ ਹਨ। ਜ਼ਰਾ ਪੜ੍ਹ ਕੇ ਦੇਖੋ ਇਹਨਾਂ ਸ਼ਬਦਾਂ ਨੂੰ ਅਤੇ ਮਹਿਸੂਸ ਕਰੋ ਇਹਨਾਂ ਸ਼ਬਦਾਂ ਵਿਚਲਾ ਦਰਦ, ਚਿੰਤਾ ਅਤੇ ਸੰਵੇਦਨਾ। 

ਮੈਡਮ ਭੰਮਰਾ ਜੀ ਦਾ ਕਹਿਣਾ ਹੈ: ਸਾਹਿਤ ਵਿੱਚ ਦੋਹਰੇ ਕਿਰਦਾਰ ਰੱਖਣਾ ਸਮਾਜ ਲਈ ਘਾਤਕ ਸਿੱਧ ਹੁੰਦਾ ਹੈ, ਕਿਸੇ ਵੀ ਵਿਅਕਤੀ ਦੀ ਇੱਕ ਨਿੱਜੀ ਜ਼ਿੰਦਗੀ ਹੋ ਸਕਦੀ ਹੈ, ਪਰ ਜਿੱਥੇ ਉਸਦਾ ਸੰਬੰਧ ਸਾਹਿਤ ਰਾਹੀਂ ਸਮਾਜ ਨਾਲ਼ ਹੁੰਦਾ ਹੈ, ਉੱਥੇ ਉਹ ਪਾਰਦਰਸ਼ੀ ਹੋਣਾ ਚਾਹੀਦਾ ਹੈ,ਆਪਣੀ ਜ਼ਮੀਰ ਸਾਹਵੇਂ ਸੱਚਾ ਹੋ ਕੇ ਹੀ ਸ਼ਾਨ ਨਾਲ਼ ਜੀਵਿਆ ਜਾ ਸਕਦਾ ਹੈ, ਨਹੀਂ ਆਤਮਾ ‘ਤੇ ਭਾਰ ਏਨਾ ਵੱਧ ਜਾਂਦਾ ਹੈ ਕਿ ਜਿਉਣਾਂ ਹੀ ਦੁਸ਼ਵਾਰ ਹੋ ਜਾਂਦਾ ਹੈ। 

ਇਸ ਗਰੁੱਪ ਦੀ ਭੰਨ ਤੋੜ ਮੇਰੇ ਲਈ ਕਈ ਵਾਰ ਜ਼ਰੂਰੀ ਹੋ ਜਾਂਦੀ ਹੈ...!

ਮੈਂ ਇੱਕ ਬਹੁਤ ਹੀ ਸੰਵੇਦਨਸ਼ੀਲ ਇਨਸਾਨ ਹਾਂ, ਨਿਰੋਲ ਕਵੀ ਹਾਂ, ਪਰ ਮੈਂ ਮਨੋਂ ਬਹੁਤ ਨਰਮ, ਭੋਲ਼ੀ ਜਾਂ ਕਮਜ਼ੋਰ ਨਹੀਂ ਹਾਂ...ਜ਼ਿੰਦਗੀ ਦੀਆਂ ਹਜ਼ਾਰ ਠੋਕਰਾਂ ਖਾ ਕੇ ਵੀ ਆਪਣੇ ਪਰਿਵਾਰ ਦੀ ਮੁੜ-ਸਥਾਪਤੀ ਕਰ ਸਕੀ ਹਾਂ-ਇਹੋ ਹੀ ਸੁਪਨੇ ਮੇਰੇ ਸਮਾਜ ਲਈ ਹਨ-ਸਾਹਿਤ ਸੁੱਤੀਆਂ ਜ਼ਮੀਰਾਂ ਜਗਾਉਣ ਦੀ ਤਾਕਤ ਰੱਖਦਾ ਹੈ...ਮੈਂ ਤਾਂ ਪਹਿਲਾਂ ਆਪਣੀ ਜ਼ਮੀਰ ਜਗਾਉਣਾ ਚਾਹੁੰਦੀ ਹਾਂ, ਤੁਸੀਂ ਸਾਰੇ ਹੀ ਸੂਝਵਾਨ ਹੋ...!

ਮੇਰਾ ਜੀਵਨ ਆਪ ਸਭ ਵਰਗੇ ਮਹਾਨ ਸਾਹਿਤਕਾਰਾਂ ਦੀ ਸੰਗਤ ਵਿੱਚ ਬੀਤਿਆ ਹੈ, ਉਨ੍ਹਾਂ ਸਭ ਦੀਆਂ ਗੱਲਾਂ ਮੇਰੇ ਅਚੇਤ ਬਾਲਮਨ ਵਿੱਚ ਘਰ ਕਰ ਗਈਆਂ ਸਨ....ਮੈਡਮ ਮਨਜੀਤ ਭੰਮਰਾ ਨੇ 

ਔਰਤਾਂ ਨੂੰ ਡੌਮੀਨੇਟ ਕਰਨ ਵਾਲ਼ੇ ਵੱਡੇ  ਕੱਦਾਵਰ ਸਾਹਿਤਕਾਰ ਆਪਣੀ ਸੋਚ ਦੇ ਦਾਇਰੇ ਨੂੰ ਜ਼ਰਾ ਵਿਸ਼ਾਲ ਕਰ ਲੈਣ...., ਸਾਨੂੰ ਘਰਾਂ ਵਿੱਚ ਪੂਰਨ ਸਨਮਾਨ ਮਿਲ਼ਦਾ ਹੈ, ਅਸੀਂ ਤਾਂ ਸਿਰਫ਼ ਆਪਣੇ ਸਾਹਿਤਕ ਅਤੇ ਨੈਤਿਕ ਫ਼ਰਜ਼ ਨਿਭਾਹੁਣ ਤੁਰੀਆਂ ਹਾਂ...! 

ਇਸ ਗਰੁੱਪ ਵਿੱਚ ਹੁਣ ਤੋਂ ਹਰੇਕ ਪੋਸਟ ਨਹੀਂ ਪੈ ਸਕੇਗੀ ਕੇਵਲ ਕੰਮ ਦੀ ਗੱਲ ਹੋਵੇਗੀ !

ਅਦਬੀ ਦੋਸਤੋ ਬਹੁਤ ਮਿਹਰਬਾਨੀ 

✍️ਮਨਦੀਪ ਕੌਰ ਭੰਮਰਾ

(ਚੇਅਰਪਰਸਨ)

ਚਿੰਤਨਸ਼ੀਲ ਸਾਹਿਤਧਾਰਾ

19.2,2024

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।