Sunday 3rd March 2024 at 09>45 PM
ਕਾਰਾਂ ਵਾਲੇ ਲੇਖਕਾਂ ਅਤੇ ਬਸਾਂ ਵਾਲੇ ਲੇਖਕਾਂ ਚ ਵੱਧ ਰਹੀ ਖਾਈ ਨੂੰ ਵੀ ਰੋਕੀਏ
ਲੁਧਿਆਣਾ>3 ਮਾਰਚ 2024>ਮੀਡੀਆ ਲਿੰਕ//ਸਾਹਿਤ ਸਕਰੀਨ ਡੈਸਕ >>
ਪੰਜਾਬੀ ਸਾਹਿਤ ਐਕਡਮੀ ਦੀਆਂ ਚੋਣਾਂ ਦਾ ਕੰਮ ਨਿੱਬੜ ਚੁੱਕਿਆ। ਨਤੀਜੇ ਵੀ ਆ ਚੁੱਕੇ। ਜਿਹੜੇ ਵੋਟਾਂ ਪਾਉਣ ਆਏ ਸਨ ਉਹਨਾਂ ਨੇ ਜਾਂ ਤਾਂ ਕਿਸੇ ਨਾ ਕਿਸੇ ਨੂੰ ਜਿਤਾਉਣਾ ਸੀ ਅਤੇ ਕਿਸੇ ਨੂੰ ਕਿਸੇ ਹਰਾਉਣਾ ਸੀ। ਜਿਹੜੇ ਸਿਰਫ ਵੋਟਾਂ ਪਾਉਣ ਲਈ ਨਹੀਂ ਸਨ ਆਏ ਉਹਨਾਂ ਵਿੱਚੋਂ ਬਹੁਤ ਸਾਰੇ ਕਿਸੇ ਨ ਕਿਸੇ ਦੇ ਹਮਾਇਤੀ ਬਣ ਕੇ ਆਏ ਸਨ। ਇੱਕ ਧਿਰ ਹੋਰ ਵੀ ਸੀ ਜਿਹੜੇ ਇਸ ਚੋਣ ਇਕੱਠ ਵਾਲੇ ਮੇਲੇ ਵਿੱਚ ਸੱਜਣਾਂ ਮਿੱਤਰਾਂ ਨੂੰ ਮਿਲਣ ਲਈ ਆਈ ਸੀ। ਕਿਓਂਕਿ ਚੋਣ ਲੜ ਰਹੀਆਂ ਦੋਵੇਂ ਤਿੰਨੇ ਧਿਰਾਂ ਵਿੱਚ ਸਭਨਾਂ ਦੇ ਸਾਂਝੇ ਮਿੱਤਰ ਵੀ ਸਨ ਅਤੇ ਲਿਹਾਜ਼ਦਾਰੀਆਂ ਵੀ ਸਨ। ਇਸ ਲਈ ਬਹੁਤਿਆਂ ਨੂੰ ਨਾ ਤਾਂ ਕਿਸੇ ਦੇ ਜਿੱਤਣ ਦੀ ਖੁਸ਼ੀ ਹੋਈ ਅਤੇ ਨਾ ਹੀ ਕਿਸੇ ਦੇ ਹਾਰਨ ਦਾ ਗਮ ਕੋਈ ਵੀ ਹੋਇਆ। ਡਾ. ਲਖਵਿੰਦਰ ਜੌਹਲ ਦੇ ਸਾਹਿਤਿਕ ਅਤੇ ਪੱਤਰਕਾਰੀ ਵਾਲੇ ਕੱਦ ਨੂੰ ਦੇਖਦਿਆਂ ਕਿਹਾ ਜਾ ਸਕਦਾ ਹੈ ਕਿ ਉਹ ਕਿਵੇਂ ਹਾਰ ਸਕਦਾ ਹੈ! ਇਥੇ ਚੋਣ ਨਤੀਜਿਆਂ ਦੀ ਗੱਲ ਕਰਦਿਆਂ
ਮੰਜ਼ਰ ਭੋਪਾਲੀ ਹੁਰਾਂ ਦਾ ਇੱਕ ਬਹੁਤ ਪਿਆਰਾ ਸ਼ੇਅਰ ਯਾਦ ਆ ਰਿਹਾ ਹੈ:ਇਸੀ ਹੋਨੀ ਕੋ ਤੋ ਕਿਸਮਤ ਕਾ ਲਿਖਾ ਕਹਿਤੇ ਹੈਂ:
ਜੀਤਨੇ ਕਾ ਜਹਾਂ ਮੌਕਾ ਥਾਂ ਵਹੀਂ ਹਾਰ ਹੁਈ!
ਪਰ ਇਹ ਸੁਆਲ ਇੱਕ ਵਾਰ ਫੇਰ ਉਭਰ ਕੇ ਸਾਹਮਣੇ ਆਉਂਦਾ ਹੈ ਕਿ ਲੇਖਕ ਅਤੇ ਸ਼ਾਇਰ ਇੱਕ ਦੂਜੇ ਦੇ ਖਿਲਾਫ਼ ਇਹਨਾਂ ਅਹੁਦਿਆਂ ਅਤੇ ਕੁਰਸੀਆਂ ਲਈ ਆਹਮੋ ਸਾਹਮਣੇ ਡਟੇ ਹੀ ਕਿਓਂ? ਇਹ ਮਹਾਂਭਾਰਤ ਹੋਈ ਹੀ ਕਿਓਂ? ਇਹ ਦੋ-ਤਿੰਨ ਜਾਂ ਚਾਰ ਥਾਂਈ ਵੰਡੇ ਹੀ ਕਿਓਂ ਗਏ? ਅਜਿਹੇ ਸੁਲਗਦੇ ਸੁਆਲਾਂ ਦੇ ਜੁਆਬਾਂ ਬਾਰੇ ਸੋਚਣਾ ਵੀ ਜ਼ਰੂਰੀ ਸੀ।
ਯਾਦ ਆਉਂਦਾ ਹੈ ਕਦੇ ਪ੍ਰੋਫੈਸਰ ਮੋਹਨ ਸਿੰਘ ਹੁਰਾਂ ਨੇ ਲਿਖਿਆ ਸੀ
ਦੋ ਟੋਟਿਆਂ ਦੇ ਵਿੱਚ ਭੋਂ ਟੁੱਟੀ,
ਇਕ ਮਹਿਲਾਂ ਦਾ ਇਕ ਢੋਕਾਂ ਦਾ!
ਦੋ ਧੜਿਆਂ ਵਿਚ ਖ਼ਲਕਤ ਵੰਡੀ
ਇਕ ਲੋਕਾਂ ਦਾ ਇਕ ਜੋਕਾਂ ਦਾ!
ਦਹਾਕੇ ਹੋ ਗਏ ਹਨ ਇਸ ਕਵਿਤਾ ਨੂੰ ਬਹੁਤ ਵਾਰ ਬਹੁਤ ਥਾਂਵਾਂ ਅਤੇ ਮੌਕਿਆਂ 'ਤੇ ਪੜ੍ਹਿਆ ਜਾਂਦਾ ਰਿਹਾ ਹੈ। ਜਿਹਨਾਂ ਨੂੰ ਸਿਆਸਤ ਦੀ ਸ਼ਤਰੰਜ ਸਮਝ ਨਹੀਂ ਸੀ ਆਉਂਦੀ ਉਹਨਾਂ ਨੂੰ ਵੀ ਇਹ ਸਤਰਾਂ ਪਹਿਲਾਂ ਵੀ ਸਮਝ ਆਉਂਦੀਆਂ ਸਨ ਅਤੇ ਹੁਣ ਵੀ ਸਮਝ ਆਉਂਦੀਆਂ ਹਨ। ਇਸੇ ਕਵਿਤਾ ਵਿੱਚ ਅੱਗੇ ਜਾ ਕੇ ਪ੍ਰੋਫੈਸਰ ਮੋਹਨ ਸਿੰਘ ਲਿਖਦੇ ਹਨ:
ਅਸਲੀਅਤ ਵਿਚ ਨੇ ਦੋ ਵਿੱਥਾਂ
ਬਾਕੀ ਸਭ ਕੂੜੀਆਂ ਪਾੜਾਂ ਨੇ!
ਪ੍ਰੋਫੈਸਰ ਮੋਹਨ ਸਿੰਘ ਹੁਰਾਂ ਦੀ ਸ਼ਾਇਰੀ ਨੇ ਬੜੇ ਹੀ ਪ੍ਰਭਾਵੀ ਢੰਗ ਨਾਲ ਇਸ ਵਿਚਾਰ ਨੂੰ ਅੱਗੇ ਤੋਰਿਆ। ਇਸ ਵਿਚਾਰ ਨੂੰ ਨਵੇਂ ਸ਼ਾਇਰਾਂ ਨੇ ਇੱਕ ਵਿਰਾਸਤ ਅਤੇ ਵਸੀਅਤ ਵਾਂਗ ਅਪਣਾਇਆ ਵੀ। ਇਸ ਤਰ੍ਹਾਂ ਦੀ ਲੋਕ ਪੱਖੀ ਸ਼ਾਇਰੀ ਨੇ ਹੀ ਲੋਕ ਪੱਖੀ ਹਵਾ ਨੂੰ ਕਾਇਮ ਕਰਨ ਵਿਚ ਬੜੀ ਉਸਾਰੂ ਭੂਮਿਕਾ ਨਿਭਾਈ। ਪਾਸ਼, ਲਾਲ ਸਿੰਘ ਦਿਲ, ਸੰਤ ਰਾਮ ਉਦਾਸੀ ਇਸੇ ਸਿਲਸਿਲੇ ਨੂੰ ਹੋਰ ਅੱਗੇ ਲੈ ਕੇ ਗਏ।
ਪਰ 1978 ਦੀ ਵਿਸਾਖੀ ਤੋਂ ਬਾਅਦ ਹਾਲਾਤ ਤੇਜ਼ੀ ਨਾਲ ਬਦਲਣ ਲੱਗੇ। ਰੰਗ ਵੀ ਬਦਲਦੇ ਚਲੇ ਗਏ ਅਤੇ ਸੁਰਾਂ ਵੀ। ਹਵਾ ਜ਼ਹਿਰੀਲੀ ਹੋਣ ਲੱਗ ਪਈ। ਸਿਆਸਤਾਂ ਵਾਲੇ ਆਪਣੀ ਚਾਲ ਚੱਲ ਚੁੱਕੇ ਸਨ। ਕਾਲੀਆਂ ਬੋਲੀਆਂ ਹਨੇਰੀਆਂ ਚੜ੍ਹੀਆਂ ਆ ਰਹੀਆਂ ਸਨ। ਇਸਦੇ ਬਾਵਜੂਦ ਉਹਨਾਂ ਨਾਜ਼ੁਕ ਸਮਿਆਂ ਵਿੱਚ ਸੁਰਜਨ ਜ਼ੀਰਵੀ, ਬਾਬਾ ਗੁਰਬਖਸ਼ ਸਿੰਘ ਬੰਨੋਆਣਾ ਅਤੇ ਲਖਵਿੰਦਰ ਜੌਹਲ ਵਰਗੀਆਂ ਸ਼ਖਸੀਅਤਾਂ ਦਾ ਸਾਡੇ ਨਾਲ ਹੋਣਾ ਹੌਂਸਲਾ ਵੀ ਦੇਂਦਾ ਸੀ ਅਤੇ ਸਬਰ ਸੰਤੋਖ ਵੀ। ਇਸਦੇ ਨਾਲ ਹੀ ਬਹੁਤ ਕੁਝ ਸਿੱਖਣ ਦੀ ਜਾਚ ਵੀ। ਏਨੇ ਵਿੱਚ ਪੰਜਾਬ ਉਹਨਾਂ ਖਤਰਿਆਂ ਦੀ ਦਸਤਕ ਸੁਣਨ ਲੱਗ ਪਿਆ ਸੀ ਜਿਹੜੇ ਕੁਝ ਸਮੇਂ ਮਗਰੋਂ ਹੀ ਸਾਹਮਣੇ ਆਉਣੇ ਸ਼ੁਰੂ ਹੋਈ ਗਏ ਸਨ। ਅੱਸੀਵਿਆਂ ਵਾਲੇ ਕਹਿਰ ਦਾ ਦੌਰ ਸ਼ੁਰੂ ਹੋ ਚੁੱਕਿਆ ਸੀ ਅਤੇ ਪੰਜਾਬ ਵਿੱਚ ਫਿਰਕੂ ਮਾਹੌਲ ਮਜ਼ਬੂਤ ਹੁੰਦਾ ਜਾ ਰਿਹਾ ਸੀ।
ਇਸ ਤੋਂ ਪਹਿਲਾਂ ਨਕਸਲੀ ਲਹਿਰ ਦੇ ਉਭਾਰ ਵੇਲੇ ਵੀ ਪੰਜਾਬ ਦੇ ਹਾਲਾਤ ਬੜੇ ਨਾਜ਼ੁਕ ਬਣੇ ਸਨ। ਉਦੋਂ ਝੂਠੇ ਮੁਕਾਬਲਿਆਂ ਦਾ ਸਿਲਸਿਲਾ ਨਾ ਸਿਰਫ ਆਰੰਭ ਹੋਇਆ ਸੀ ਬਲਕਿ ਇਸਨੇ ਤੇਜ਼ੀ ਵੀ ਫੜ੍ਹੀ ਸੀ। ਹਾਲਾਂਕਿ ਨਕਸਲੀ ਲਹਿਰ ਅਤੇ ਨਕਸਲੀ ਲਹਿਰ ਵੇਲੇ ਸਾਹਮਣੇ ਆਈ ਸ਼ਾਇਰੀ ਅਤੇ ਪੱਤਰਕਾਰੀ ਨੂੰ ਵੱਡੀ ਪੱਧਰ 'ਤੇ ਪਸੰਦ ਕੀਤਾ ਜਾ ਰਿਹਾ ਸੀ ਪਰ ਪੰਜਾਬ ਦੇ ਬਹੁਗਿਣਤੀ ਲੋਕ ਝੂਠੇ ਪੁਲਿਸ ਮੁਕਾਬਲਿਆਂ ਅਤੇ ਪੁਲਿਸ ਹਰਾਸਮੈਂਟ ਦੇ ਮਾਮਲਿਆਂ ਨੂੰ ਮਨੁੱਖੀ ਅਧਿਕਾਰਾਂ ਦਾ ਮਸਲਾ ਬਣਾ ਕੇ ਸਾਂਝੇ ਤੌਰ 'ਤੇ ਕਦੇ ਮਜ਼ਬੂਤੀ ਨਾਲ ਲਾਮਬੰਦ ਨਾ ਹੋ ਸਕੇ। ਇਹ ਫਰਜ਼ ਜਸਟਿਸ ਅਜੀਤ ਸਿੰਘ ਬੈਂਸ, ਮਾਲਵਿੰਦਰ ਸਿੰਘ ਮਾਲੀ ਅਤੇ ਇਹਨਾਂ ਦੇ ਕਈ ਸਰਗਰਮ ਸਾਥੀਆਂ ਨੇ ਹੀ ਨਿਭਾਇਆ। ਕਾਮਰੇਡ ਜਗਜੀਤ ਸਿੰਘ ਆਨੰਦ ਅਤੇ ਕਾਮਰੇਡ ਸਤਪਾਲ ਡਾਂਗ ਵਰਗੇ ਪ੍ਰਸਿੱਧ ਆਗੂ ਅਤੇ ਬੁੱਧੀਜੀਵੀ ਵੀ ਇਸ ਸਬੰਧ ਵਿੱਚ ਚੋਣਵੇਂ ਮਾਮਲਿਆਂ ਦੀ ਪੂਰੀ ਘੋਖ ਪੜਤਾਲ ਕਰਕੇ ਜਤਨਸ਼ੀਲ ਰਹੇ।ਪਰ ਹੋਣੀ ਹਰ ਵਾਰ ਹੋ ਕੇ ਹੀ ਰਹਿੰਦੀ ਰਹੀ। ਬਹੁਤ ਸਾਰੇ ਘਰਾਂ ਦੇ ਚਿਰਾਗ ਬੁਝ ਗਏ। ਹਰ ਦਿਲ ਵਿੱਚੋਂ ਇਹ ਹੁੱਕ ਉੱਠ ਰਹੀ ਸੀ:
ਖੰਭ ਖਿੱਲਰੇ ਨੇ ਕਾਂਵਾਂ ਦੇ-ਰੋਕ ਲਓ ਨਿਸ਼ਾਨੇਬਾਜ਼ੀਆਂ--ਪੁੱਤ ਮੁੱਕ ਚੱਲੇ ਮਾਂਵਾਂ ਦੇ!
ਉਦੋਂ ਵੀ ਲੇਖਕ ਅਤੇ ਸ਼ਾਇਰ ਪਹਿਲਾਂ ਨਕਸਲੀ ਸੁਰ ਅਤੇ ਗੈਰ ਨਕਸਲੀ ਸੁਰ ਵਿੱਚ ਵੰਡੇ ਗਏ ਅਤੇ ਫਿਰ ਖਾੜਕੂ ਸੁਰ ਅਤੇ ਰਾਸ਼ਟਰਵਾਦੀ ਸੁਰ ਦਰਮਿਆਨ ਵੰਡੇ ਗਏ ਸਨ। ਇਹ ਲਕੀਰ ਬਾਅਦ ਵਿੱਚ ਵੀ ਸਾਹਿਤ ਦੇ ਵੱਖ ਵੱਖ ਰੂਪਾਂ ਵਿਚ ਕਈ ਵਾਰ ਬਣਦੀ ਅਤੇ ਗੂਹੜੀ ਹੁੰਦੀ ਰਹੀ। ਵਿਚਾਰਾਂ ਨੇ ਹਮੇਸ਼ਾਂ ਹੀ ਸਾਹਿਤ ਨੂੰ ਪ੍ਰਭਾਵਿਤ ਵੀ ਕੀਤਾ। ਵਿਚਾਰਾਂ ਨੇ ਹੀ ਲਹਿਰਾਂ ਪੈਦਾ ਵੀ ਕੀਤੀਆਂ ਅਤੇ ਤੇਜ਼ ਵੀ ਕੀਤੀਆਂ। ਸ਼ਮ੍ਹਾਂ ਤੇ ਖੁਦ ਅੱਪੜ ਕੇ ਕੁਰਬਾਨੀ ਦੇਣ ਵਾਲਿਆਂ ਦੇ ਜਜ਼ਬੇ ਸ਼ਬਦਾਂ ਦੀ ਸ਼ਕਤੀ ਚੋਂ ਹੀ ਆਏ ਸਨ। ਵਿਚਾਰਾਂ ਦੀ ਸ਼ਕਤੀ ਚੋਂ ਹੀ ਆਏ ਸਨ। ਸਾਹਿਤ ਅਤੇ ਸਿਆਸਤ ਨੂੰ ਵੱਖ ਵੱਖ ਐਨਕਾਂ ਨਾਲ ਦੇਖਣ ਵਾਲੇ ਵੀ ਅਗਿਆਨੀ ਤਾਂ ਨਹੀਂ ਹਨ ਪਰ ਪਤਾ ਨਹੀਂ ਝੂਠ ਕਿਓਂ ਬੋਲਦੇ ਹਨ। ਸਿਆਸਤ ਅਤੇ ਸਾਹਿਤ ਵੱਖ ਹੋ ਹੀ ਕਿਵੇਂ ਸਕਦੇ ਹਨ
ਨਕਸਲੀ ਲਹਿਰ ਦੇ ਉਭਾਰ ਵੇਲੇ ਆਲ ਇੰਡੀਆ ਰੇਡੀਓ ਅਰਥਾਤ ਆਕਾਸ਼ਵਾਣੀ ਜਲੰਧਰ ਵਾਲੇ ਐਸ ਐਸ ਮੀਸ਼ਾ ਹੁਰਾਂ ਨੇ ਲਿਖਿਆ ਸੀ:
ਲਹਿਰਾਂ ਸੱਦਿਆ ਸੀ ਸਾਨੂੰ ਵੀ ਇਸ਼ਾਰਿਆਂ ਦੇ ਨਾਲ!
ਸਾਥੋਂ ਮੋਹ ਤੋੜ ਹੋਇਆ ਨਾ ਕਿਨਾਰਿਆਂ ਦੇ ਨਾਲ!
ਇੱਸੇ ਤਰ੍ਹਾਂ ਡਾਕਟਰ ਜਗਤਾਰ ਹੁਰਾਂ ਦੀਆਂ ਸਤਰਾਂ ਬਹੁਤ ਹਰਮਨ ਪਿਆਰੀਆਂ ਹੋਈਆਂ:
ਹਰ ਮੋੜ ‘ਤੇ ਸਲੀਬਾਂ, ਹਰ ਪੈਰ ‘ਤੇ ਹਨੇਰਾ।
ਫਿਰ ਵੀ ਅਸੀਂ ਰੁਕੇ ਨਾ, ਸਾਡਾ ਵੀ ਦੇਖ ਜੇਰਾ!
ਡਾਕਟਰ ਜਗਤਾਰ ਦੀਆਂ ਹੀ ਇਹ ਸਤਰਾਂ ਵੀ ਚੇਤੇ ਆਉਂਦੀਆਂ ਹਨ:
ਦੋਸਤੋ ਜੇ ਮਰ ਗਏ ਤਾਂ ਗ਼ਮ ਨਹੀਂ, ਦਾਸਤਾਂ ਸਾਡੀ ਕਦੇ ਜਾਣੀ ਨਹੀਂ।
ਬੇੜੀਆਂ ਦੀ ਛਣਕ ਵਿੱਚ ਜੋ ਰਮਜ਼ ਹੈ, ਕੌਣ ਕਹਿੰਦੈ, ਲੋਕਾਂ ਪਹਿਚਾਣੀ ਨਹੀਂ!
ਪਰ ਹੋਲੀ ਹੋਲੀ ਸਾਡੇ ਲੇਖਕ ਮਿੱਤਰ ਹੀ ਵਿਚਾਰਾਂ ਅਤੇ ਵਿਚਾਰਧਾਰਾਵਾਂ ਤੋਂ ਦੂਰ ਹੁੰਦੇ ਹੁੰਦੇ ਵਿਅਕਤੀਵਾਦੀ ਬਣਦੇ ਚਲੇ ਗਏ। ਵਿਚਾਰਧਾਰਾ ਨਾਲ ਇਹੋ ਜਿਹੀ ਬੇਵਫ਼ਾਈ ਸ਼ਾਇਦ ਪਹਿਲਾਂ ਕਦੇ ਨਹੀਂ ਹੁੰਦੀ ਸੀ।
ਜਨਾਬ ਦੀਪਕ ਜੈਤੋਈ ਸਾਹਿਬ ਭਾਵੇਂ ਖੱਬੇ ਪੱਖੀਆਂ ਦੇ ਵਿਰੋਧੀਆਂ ਨਾਲ ਖਲੋਂਦੇ ਸਨ। ਉਹਨਾਂ ਦਾ ਸਟੈਂਡ ਵੀ ਸਪਸ਼ਟ ਹੀ ਸੀ। ਉਹਨਾਂ ਦੇ ਨਾਮ ਦਾ ਤਖੱਲਸ "ਦੀਪਕ" ਵੀ ਸ਼ਾਇਦ ਜਨਸੰਘ ਪਾਰਟੀ ਵਾਲੇ ਚੋਣ ਨਿਸ਼ਾਨ ਦੀਪਕ ਤੋਂ ਹੀ ਪ੍ਰੇਰਿਤ ਸੀ ਪਰ ਲੋਕ ਵਿਰੋਧੀ ਉਹ ਕਦੇ ਨਹੀਂ ਸਨ ਬਣੇ।
ਉਹਨਾਂ ਨੇ ਅੱਤ ਦੀ ਗਰੀਬੀ ਦੇਖੀ ਸੀ ਪਰ ਕਿਸੇ ਬੰਦੇ ਦੇ ਬੰਦੇ ਉਹ ਕਦੇ ਵੀ ਨਹੀਂ ਸਨ ਬਣੇ। ਉਹਨਾਂ ਨੇ ਆਪਣੇ ਹੀ ਨਾਮ ਵਾਲੀ ਆਪਣੀ ਸੱਕੀ ਭੈਣ ਗੁਰਚਰਨ ਕੌਰ ਦੇ ਕੋਲ ਵੀ ਖਸਤਾ ਹਾਲ ਦੇ ਬਾਵਜੂਦ ਕਦੇ ਕੋਈ ਅਰਜੋਈ ਨਾ ਕੀਤੀ ਹਾਲਾਂਕਿ ਇਹ ਐਮ ਪੀ ਵੀ ਰਹੀ। ਕਮਜ਼ੋਰ ਆਰਥਿਕਤਾ ਦੇ ਬਾਵਜੂਦ ਉਹਨਾਂ ਦਾ ਆਤਮ ਸਨਮਾਨ, ਉਹਨਾਂ ਦਾ ਸਵੈ ਮਾਣ, ਉਹਨਾਂ ਦੀ ਅਣਖ ਹਮੇਸ਼ਾਂ ਚੜ੍ਹਦੀਕਲਾ ਵਿੱਚ ਰਹੇ। ਉਹਨਾਂ ਦੀ ਸ਼ਾਇਰੀ ਵੀ ਬੁਲੰਦੀਆਂ ਛੂੰਦੀ ਰਹੀ। ਉਹਨਾਂ ਦੀਆਂ ਸਤਰਾਂ ਅੱਜ ਵੀ ਚੇਤੇ ਆਉਂਦੀਆਂ ਹਨ ਜਿਹੜੀਆਂ ਅੱਜ ਦੇ ਲੇਖਕਾਂ ਅਤੇ ਸਿਆਸਤਦਾਨਾਂ ਨੂੰ ਜ਼ਰੂਰੁ ਵਿਚਾਰਨੀਆਂ ਚਾਹੀਦੀਆਂ ਹਨ:
ਓ ਜਾਣ ਵਾਲੇ ਸੁਣ ਜਾ! ਇੱਕ ਗੱਲ ਮੇਰੀ ਖਲੋ ਕੇ!
ਚੱਲੀਏ ਕਿਸੇ ਦੇ ਬਣ ਕੇ; ਰਹੀਏ ਕਿਸੇ ਦੇ ਹੋ ਕੇ!
ਸਮੇਂ ਦੇ ਨਾਲ ਨਾਲ ਇਹ ਪ੍ਰਤੀਬੱਧਤਾ, ਇਹ ਅਣਖ, ਇਹ ਸਵੈ ਮਾਣ ਸਭ ਕੁਝ ਖੁਰਦਾ ਹੀ ਚਲਾ ਗਿਆ। ਪਤਾ ਨਹੀਂ ਕੁਰਸੀਆਂ ਨਾਲ ਲਗਾਓ ਕਿਓਂ ਅਤੇ ਕਿਸ ਕਾਰਣ ਵਧਿਆ ਅਤੇ ਵਧਦਾ ਹੀ ਚਲਾ ਗਿਆ। ਅਹੁਦੇ ਦੀ ਲਾਲਸਾ ਭਾਰੂ ਹੁੰਦੀ ਚਲੀ ਗਏ। ਅਹੁਦੇ ਪਿੱਛੇ ਧਰਮ ਅਤੇ ਧੜਾ ਸਭ ਕੁਝ ਬਦਲਣਾ ਅੱਜਕਲ੍ਹ ਦੇ ਵੇਲਿਆਂ ਦੀ ਸਿਆਣਪ ਗਿਣੀ ਜਾਣ ਲੱਗ ਪਈ।
ਪਤਾ ਨਹੀਂ ਕੁਰਸੀਆਂ ਵਿਚ ਕੀ ਜਾਦੂ ਸੀ ਇਸਨੇ ਸਭਨਾਂ ਦੀਆਂ ਵਿਚਾਰਾਂ ਅਤੇ ਸੋਚਾਂ ਹੀ ਬਦਲ ਸੁੱਟੀਆਂ। ਵੱਡੇ ਵੱਡੇ ਕਦ ਵਾਲੇ ਬਹੁਤ ਸਾਰੇ ਸੱਜਣ ਮਿੱਤਰ ਕੁਰਸੀਆਂ ਦੇਖ ਕੇ ਬੌਣੇ ਸਾਬਿਤ ਹੁੰਦੇ ਚਲੇ ਗਏ। ਪਤਾ ਨਹੀਂ ਇਹ ਸਭ ਕਿਓਂ ਹੋਇਆ? ਕਿਵੇਂ ਅਤੇ ਕਿਸ ਕਾਰਨ ਹੋਇਆ? ਇਸ ਅਰਸੇ ਦੌਰਾਨ ਪ੍ਰੋਫੈਸਰ ਮੋਹਨ ਸਿੰਘ ਹੁਰਾਂ ਦੀਆਂ ਦੋ ਧੜਿਆਂ ਵਿਚ ਖਲਕਤ ਵੰਡੀ ਵਾਲੀਆਂ ਸਤਰਾਂ ਵੀ ਭੁੱਲਦੀਆਂ ਅਤੇ ਗੁਆਚਦੀਆਂ ਚਲੀਆਂ ਗਈਆਂ।
ਸਿਆਸੀ ਲੋਕਾਂ ਦੇ ਬਦਲਦੇ ਰੰਗਾਂ ਨੂੰ ਦੇਖ ਕੇ ਕੁਝ ਪ੍ਰਗਤੀਸ਼ੀਲ ਨੌਜਵਾਨਾਂ ਨੇ ਨਾਅਰੇ ਵੀ ਘੜੇ ਸਨ ਜਿਹੜੇ ਅਕਸਰ ਗੂੰਜਦੇ ਵੀ ਸਨ:
ਚਿੱਟੇ ਬਗਲੇ ਨੀਲੇ ਮੋਰ! ਇਹ ਵੀ ਚੋਰ ਤੇ ਓਹ ਵੀ ਚੋਰ!
ਸਿਆਸਤ ਦਾ ਰੰਗ ਸਾਹਿਤ ਤੇ ਵੀ ਪੈਣ ਲੱਗਿਆ। ਲੇਖਕਾਂ ਵਿੱਚ ਵੀ ਨਵੇਂ ਧੜੇ ਬਣ ਗਏ। ਬਾਅਦ ਵਿੱਚ ਇਹ ਧੜੇ ਆਰਥਿਕ ਹਾਲਾਤਾਂ ਦੇ ਆਧਾਰਾਂ ਤੇ ਵੀ ਬਣਨ ਲੱਗ ਪਏ। ਮਹਿਲਾਂ ਵਾਲੇ ਅਤੇ ਕਾਰਾਂ ਵਾਲੇ ਇੱਕ ਪਾਸੇ ਹੋ ਗਏ। ਫਲੈਟਾਂ ਵਾਲੇ ਲੇਖਕ ਵੱਖਰੇ ਜਿਹੇ ਪੈ ਗਏ, ਕੋਠੀਆਂ ਵਾਲੇ ਉੱਚੇ ਜਿਹੇ ਬਣ ਗਏ ਅਤੇ ਜ਼ਿਆਦਾ ਮਾੜੀ ਹਾਲਤ ਵਿਚ ਰਹਿਣ ਵਾਲੇ ਕਲਮਕਾਰ ਨਿਖੜਨ ਵਾਲੀ ਹਾਲਤ ਵਿਚ ਆ ਗਏ। ਕਾਰਾਂ ਵਾਲੇ ਲੇਖਕ ਭਾਵੇਂ ਆਪਣੀਆਂ ਕਾਰਾਂ ਆਪਣੇ ਹੀ ਸ਼ਹਿਰਾਂ ਨੂੰ ਖਾਲੀ ਭਾਵੇਂ ਲੈ ਜਾਣ ਪਰ ਕਦੇ ਬਸ ਤੇ ਆਏ ਲੇਖਕ ਨੂੰ ਛੇਤੀ ਕੀਤਿਆਂ ਲਿਫਟ ਨਹੀਂ ਦੇਂਦੇ।
ਸਾਹਿਤਿਕ ਖੇਤਰਾਂ ਵਿੱਚ ਵੀ ਅਮੀਰੀ ਗਰੀਬੀ ਦੀ ਇਹ ਲਕੀਰ ਗੂਹੜੀ ਹੁੰਦੀ ਚਲੀ ਗਈ। ਪੰਜਾਬੀ ਸਾਹਿਤ ਅਕਾਦਮੀ ਵਰਗੀਆਂ ਸੰਸਥਾਵਾਂ ਨੇ ਆਮ ਲੇਖਕਾਂ ਨੂੰ ਮੈਂਬਰ ਬਣਾਉਣ ਲਈ ਪੁਸਤਕ ਛਪੀ ਹੋਣ ਵਰਗੀਆਂ ਸ਼ਰਤਾਂ ਵੀ ਰੱਖ ਦਿੱਤੀਆਂ।ਇਸ ਤਰ੍ਹਾਂ ਕਿਤਾਬਾਂ ਛਾਪਣ ਵਾਲਿਆਂ ਦਾ ਕਾਰੋਬਾਰ ਵੀ ਚਮਕਿਆ ਅਤੇ ਮਾੜੀ ਆਰਥਿਕ ਹਾਲਤ ਵਾਲੇ ਲੇਖਕ ਖ਼ੁਦ ਹੀ ਹਾਸ਼ੀਏ 'ਤੇ ਆ ਗਏ। ਨਿਊਪਮਾ ਦੱਤ ਵਰਗੇ ਸ਼ਾਇਰਾਂ ਦੀ ਅਨੁਪਾਤ ਵੀ ਘਟਦੀ ਚਲੀ ਗਈ ਜਿਹੜੇ ਲਾਲ ਸਿੰਘ ਦਿਲ ਵਰਗੇ ਸ਼ਾਇਰਾਂ ਦੀ ਆਰਥਿਕ ਹਾਲਤ ਬਾਰੇ ਵੀ ਚਿੰਤਿਤ ਹੋਇਆ ਕਰਦੀ ਸੀ। ਹੁਣ ਤਾਂ ਕਰਨ ਵਾਲੇ ਸ਼ਾਇਰ ਲੋਕ ਤਿੰਨ ਜਾਂ ਚਾਰ ਸਵਾਰੀਆਂ ਦੇ ਬਾਵਜੂਦ ਕਿਸੇ ਬਸ ਵਾਲੇ ਨੂੰ ਪੰਜ ਸਵਾਰੀਆਂ ਹੋਣ ਦੀ ਗੱਲ ਕਹਿ ਕੇ ਨਾਲ ਲਿਜਾਣ ਤੋਂ ਪਾਸਾ ਵੱਟ ਜਾਂਦੇ ਹਨ।
ਕਲਮਾਂ ਵਾਲਿਆਂ ਦਰਮਿਆਨ ਵੱਧ ਰਹੇ ਇਸ ਆਰਥਿਕ ਪਾੜ੍ਹੇ ਦਾ ਧਿਆਨ ਇੱਕ ਵਾਰ ਫੇਰ ਉਦੋਂ ਆਇਆ ਜਦੋਂ ਇੱਕ ਪੋਸਟ ਬਾਰੇ ਵਟਸਪ ਰਾਹੀਂ ਆਪਣੀ ਟਿੱਪਣੀ ਭੇਜਦਿਆਂ ਜਸਵੀਰ ਸ਼ਰਮਾ ਦੱਦਾਹੂਰ ਨੇ ਕਿਹਾ:
ਬਹੁਤ ਕੁੱਝ ਤੁਸੀਂ ਖੋਲ੍ਹ ਕੇ ਲਿਖਿਆ ਹੈ ਜੀ ਬਾਕੀ ਕੁੱਝ ਰਹਿ ਈ ਨਹੀਂ ਗਿਆ। ਚਹੇਤਿਆਂ ਦੀ ਚਾਪਲੂਸੀ ਹੁੰਦੀ ਹੈ,ਚੰਦ ਕੁ ਬੰਦੇ ਈ ਨੇ ਜੋ ਆਪਣਾ ਈ ਹੱਕ ਜਤਾਉਂਦੇ ਨੇ,ਜੋ ਤੁਸੀਂ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ ਹੈ, ਓਹਨਾਂ ਵਿੱਚ ਇਨ੍ਹਾਂ ਚਹੇਤਿਆਂ ਨੇ ਕੋਈ ਵੀ ਕਾਰਗੁਜ਼ਾਰੀ ਨਹੀਂ ਵਿਖਾਈ, ਮੈਂ ਤਾਂ ਇੱਕ ਲੇਖ ਵੀ ਲਿਖਿਆ ਸੀ ਕਿ ਆਰਥਿਕ ਪੱਖੋਂ ਕਮਜ਼ੋਰ ਲੇਖਕਾਂ ਨੂੰ ਬਣਦਾ ਮਾਣ ਸਤਿਕਾਰ ਦਿਓ ਜੋ ਸਿੱਧਾ ਮਾਨ ਸਾਹਿਬ ਦੀ ਈ ਮੇਲ ਤੇ ਵੀ ਭੇਜਿਆ ਸੀ,ਪਰ ਕੋਈ ਗੌਰ ਨਹੀਂ ਹੋਈ।ਜੋ ਜ਼ਿਆਦਾ ਪੂਛ ਪੂਛ ਕਰਦੇ ਨੇ ਓਹ ਸੱਭ ਕੁੱਝ ਲੈ ਜਾਂਦੇ ਨੇ। ਮੈਂ ਕੋਸ਼ਿਸ਼ ਕਰਾਂਗਾ ਤੁਹਾਨੂੰ ਮਾਨ ਸਾਹਿਬ ਨੂੰ ਭੇਜਿਆ ਤੇ ਅਖਬਾਰਾਂ ਵਿੱਚ ਲੱਗਾ ਲੇਖ ਵੀ ਭੇਜਾਂਗਾ ਜੀ ਤਕੜਿਆਂ ਦਾ ਸੱਤੀਂ ਵੀਹੀਂ ਸੌ ਹੈ ਇਥੇ। ਜਸਵੀਰ ਸ਼ਰਮਾ ਹੁਰਾਂ ਦੀ ਇਹ ਲਿਖਤ ਇਥੇ ਕਲਿੱਕ ਕਰ ਕੇ ਪੜ੍ਹੀ ਜਾ ਸਕਦੀ ਹੈ।
ਇਸ ਲਈ ਸਾਹਿਤ ਦੇ ਖੇਤਰਾਂ ਵਿੱਚ ਜਿਹੜੇ ਹੋਰ ਬਹੁਤ ਸਾਰੇ ਮੁੱਦੇ ਹਨ ਉਹਨਾਂ ਵਿੱਚ ਇੱਕ ਮੁੱਦਾ ਆਰਥਿਕਤਾ ਵਾਲਾ ਵੀ ਅਹਿਮ ਸੀ ਅਤੇ ਹੁਣ ਵੀ ਹੈ ਪਰ ਇਸ ਬਾਰੇ ਸ਼ਾਇਦ ਹੀ ਕਦੇ ਕਿਸੇ ਵੱਲੋਂ ਕੋਈ ਪ੍ਰਸੰਸਾਯੋਗ ਕਦਮ ਚੁੱਕਿਆ ਗਿਆ ਹੋਵੇ। ਲੜਾਈਆਂ ਤਾਂ ਹੋਰ ਸਨ ਲੜਨ ਵਾਲੀਆਂ ਪਰ ਅਹੁਦਿਆਂ ਲਈ ਜੰਗ ਕਿਥੋਂ ਏਨੀ ਪ੍ਰਮੁੱਖ ਬਣ ਕੇ ਆ ਗਈ?
ਜੇਕਰ ਚੋਣ ਹੋਈ ਤਾਂ ਜਿੱਤ ਹਾਰ ਵੀ ਹੋਣੀ ਹੀ ਸੀ। ਇਸ ਲਈ ਹਾਰਨ ਵਾਲੀ ਧਿਰ ਦੇ ਆਗੂ ਲਖਵਿੰਦਰ ਜੌਹਲ ਦੀ ਨਤੀਜਿਆਂ ਮਗਰੋਂ ਮੁਸਕਰਾਹਟ ਸੱਚਮੁੱਚ ਕਮਾਲ ਦੀ ਹਿੰਮਤ ਦਾ ਪ੍ਰਗਟਾਵਾ ਕਰ ਰਹੀ ਸੀ। ਇਹ ਮੁਸਕਰਾਹਟ ਸੀ ਅਸਲੀ ਖਿਡਾਰੀ ਭਾਵਨਾ ਦਾ ਪ੍ਰਗਟਾਵਾ। ਲਖਵਿੰਦਰ ਜੌਹਲ ਦੀ ਇਹ ਮੁਸਕਾਨ ਕਿਸੇ ਮਜਬੂਰੀ ਦੀ ਗੱਲ ਵੀ ਕਰਦੀ ਸੀ। ਪਤਾ ਨਹੀਂ ਉਹ ਮਜਬੂਰੀ ਕਿਹੜੀ ਸੀ ਜਾਂ ਹੈ ਪਰ ਮਜਬੂਰੀਆਂ ਅਤੇ ਔਕੜਾਂ ਨਾਲ ਮੁਸਕਰਾ ਕੇ ਗੱਲ ਕਰਨ ਵਿੱਚ ਜੌਹਲ ਸਾਹਿਬ ਕੋਲ ਇਹ ਮੁਹਾਰਤ ਦਹਾਕਿਆਂ ਪੁਰਾਣੀ ਹੈ। ਇਸਦੀਂਆਂ ਕਈ ਦਿਲਚਸਪ ਅਤੇ ਪ੍ਰੇਰਨਾਦਾਇਕ ਕਹਾਣੀਆਂ ਵੀ ਹਨ ਜਿਹਨਾਂ ਦੀ ਚਰਚਾ ਫਿਰ ਕਦੇ ਸਹੀ।
ਪਹਾੜ ਕਾਟਨੇ ਵਾਲੇ ਜ਼ਮੀਂ ਸੇ ਹਾਰ ਗਏ!
ਇਸੀ ਜ਼ਮੀਨ ਮੈਂ ਦਰਿਆ ਸਮਾਏ ਹੈਂ ਕਿਆ ਕਿਆ!
----ਯਗਾਨਾ ਚੰਗੇਜ਼ੀ
ਤੁਹਾਡੇ ਵਿਚਾਰਾਂ ਅਤੇ ਸੁਝਾਵਾਂ ਦੀ ਉਡੀਕ ਬਣੀ ਹੀ ਰਹੇਗੀ। ਜਿੱਤਾਂ ਹਾਰਾਂ ਦੇ ਨਾਲ ਨਾਲ ਇਹ ਦੇਖਣਾ ਵੀ ਜ਼ਰੂਰੀ ਹੈ ਕਿ ਲੇਖਕਾਂ ਦੀ ਮਾਨਸਿਕਤਾ ਅਤੇ ਲਾਈਫ ਸਟਾਈਲ ਕਿਹੜੀਆਂ ਖਿੜੀਆਂ ਗੱਲਾਂ ਕਰਕੇ ਡਿਸਟਰਬ ਹੋ ਰਹੇ ਹਨ। ਇਸ ਮਕਸਦ ਲਈ ਰਲ ਮਿਲ ਕੇ ਸਾਂਝਾ ਹੰਭਲਾ ਕਿਵੇਂ ਮਾਰਿਆ ਜਾ ਸਕਦਾ ਹੈ। ਪੱਤਰਕਾਰਾਂ//ਲੇਖਕਾਂ ਅਤੇ ਬੁਧੀਜੀਵੀਆਂ ਤੇ ਕਿਹੜੇ ਕਿਹੜੇ ਖਤਰੇ ਮੰਡਰਾ ਰਹੇ ਹਨ। ਹਾਲਤਾਂ ਵਿੱਚ ਸਾਨੂੰ ਸਭਨਾਂ ਨੂੰ ਇੱਕਜੁੱਟ ਹੋ ਕੇ ਵਡੇਰੇ ਹਿੱਤਾਂ ਪ੍ਰਤੀ ਗੰਭੀਰ ਹੋਣਾ ਚਾਹੀਦਾ ਹੈ।
ਅਖੀਰ ਵਿੱਚ ਅਦਮ ਗੌਂਡਵੀ ਸਾਹਿਬ ਦੀ ਸਲਾਹ ਸਾਨੂੰ ਸਭਨਾਂ ਨੂੰ ਮੰਨ ਹੈ>
ਭੂਖ ਕੇ ਅਹਿਸਾਸ ਕੋ ਸ਼ੇ-ਅ ਰੋ ਲੈ ਚਲੋ!
ਯਾ ਅਦਬ ਕੋ ਮੁਫਲਿਸੋਂ ਕੀ ਅੰਜੁਮਨ ਤੱਕ ਲੈ ਚਲੋ!
ਜੋ ਗ਼ਜ਼ਲ ਮਾਸ਼ੂਕ ਕੇ ਜਲਵੋਂ ਸੇ ਵਾਕਿਫ ਹੋ ਗਈ!
ਉਸਕੋ ਅਬ ਬੇਵਾ ਕੇ ਮਾਥੇ ਕੀ ਸ਼ਿਕਨ ਤੱਕ ਲੈ ਚਲੋ!
ਮੁਝਕੋ ਸਬਰ-ਓ-ਜ਼ਬਤ ਕੀ ਤਾਲੀਮ ਦੇਣਾ ਬਾਅਦ ਮੈਂ,
ਪਹਿਲੇ ਆਪਣੀ ਰਹਿਬਰੀ ਕੋ ਆਚਰਣ ਤੱਕ ਲੈ ਚਲੋ!
No comments:
Post a Comment