Wednesday 13th March 2024 at 5:38 PM
ਪੰਜਾਬੀ ਭਵਨ ਵਿੱਚ ਤਿੰਨ ਹੋਰ ਪੁਸਤਕਾਂ ਕੀਤੀਆਂ ਗਈਆਂ ਲੋਕ ਅਰਪਿਤ
ਲੁਧਿਆਣਾ: 13 ਮਾਰਚ 2024: (ਪ੍ਰਦੀਪ ਸ਼ਰਮਾ-ਮੀਡੀਆ ਲਿੰਕ//ਸਾਹਿਤ ਸਕਰੀਨ ਡੈਸਕ)::
ਪਿਛਲੇ ਦਿਨੀਂ ਪੰਜਾਬੀ ਭਵਨ ਵਿੱਚ ਪੰਜਾਬੀ ਸਾਹਿਤ ਅਕਾਦਮੀ ਦੀਆਂ ਚੋਣਾਂ ਕਰਕੇ ਬਹੁਤ ਜ਼ਿਆਦਾ ਗਹਿਮਾਗਹਿਮੀ ਰਹੀ। ਅਮਨ ਸ਼ਾਂਤੀ ਦਾ ਸੁਨੇਹਾ ਦੇਣ ਵਾਲੇ ਸਾਹਿਤਿਕ ਹਲਕਿਆਂ ਵਿੱਚ ਵੀ ਯੁੱਧ ਵਰਗਾ ਮਾਹੌਲ ਬਣਿਆ ਰਿਹਾ। ਤਿਆਗ ਅਤੇ ਏਕਤਾ ਦੇ ਸੁਨੇਹੇ ਦੇਣ ਵਾਲਾ ਸਾਹਿਤ ਰਚਨ ਦੇ ਹਾਮੀ ਵੀ ਅਹੁਦਿਆਂ ਲਈ ਸੰਘਰਸ਼ਾਂ ਵਿਚ ਪਏ ਨਜ਼ਰ ਆਏ। ਇਹ ਚੋਣਾਂ ਸਾਹਿਤਿਕ ਚੋਣਾਂ ਨਾ ਲੱਗ ਕੇ ਸਿਆਸੀ ਚੋਣਾਂ ਵਾਂਗ ਜਾਪ ਰਹੀਆਂ ਸਨ। ਸ਼ਾਇਦ ਬਹੁਤਿਆਂ ਨੂੰ ਕੁਰਸੀ ਦੀ ਨਜ਼ਰ ਲੱਗ ਗਈ ਸੀ। ਇਸ ਮੌਕੇ ਵੀ ਸਾਰੇ ਉਹੀ ਹਰਬੇ ਵਰਤੇ ਜਾ ਰਹੇ ਸਨ ਜਿਹੜੇ ਆਮ ਚੌਧਰਾਂ ਵਾਲਿਆਂ ਕੁਰਸੀਆਂ ਦੀ ਪ੍ਰਾਪਤੀ ਲਈ ਵਰਤੇ ਜਾਂਦੇ ਹਨ। ਨਗਰ ਦੀਆਂ ਚੋਣਾਂ ਹੋਣ ਜਾਂ ਨਗਰ ਪਾਲਿਕਾ ਦੀਆਂ, ਟਰੱਕ ਯੂਨੀਅਨਾਂ ਦੀਆਂ ਚੋਣਾਂ ਹੋਣ ਜਾਂ ਫਿਰ ਕਾਲਜਾਂ ਦੀਆਂ ਬਸ ਇਹੀ ਮਾਹੌਲ ਜਾਪਦਾ ਹੈ। ਜੇ ਗੁਰਦੁਆਰਿਆਂ ਅਤੇ ਮੰਦਰਾਂ ਦੀਆਂ ਚੋਣਾਂ ਤੇ ਇਹ ਅਸਰ ਪੈ ਚੁੱਕਿਆ ਹੈ ਤਾਂ ਸਾਹਿਤ ਵੀ ਇਸ ਲਪੇਟ ਵਿਚ ਆਉਣਾ ਹੀ ਸੀ।
ਅਹੁਦਿਆਂ ਦੀ ਲਾਲਸਾ ਅਤੇ ਚੋਣਾਂ ਦੇ ਰੰਗ ਢੰਗ ਦਾ ਅਸਰ ਸਾਹਿਤ ਅਤੇ ਸਾਹਿਤਿਕ ਸੰਗਠਨਾਂ ਤੇ ਵੀ ਪੈਣਾ ਹੀ ਸੀ ਅਤੇ ਕਾਫੀ ਹੱਦ ਤੱਕ ਪਿਆ ਵੀ। ਪਰ ਇਸ ਹਕੀਕਤ ਦੇ ਬਾਵਜੂਦ ਕੁਝ ਲੋਕ ਇਹਨਾਂ ਸਾਰੀਆਂ ਸਾਹਿਤਿਕ ਸਿਆਸਤ ਵਾਲੀਆਂ ਸਰਗਰਮੀਆਂ ਤੋਂ ਬਿਲਕੁਲ ਹੀ ਨਿਰਲੇਪ ਰਹੇ। ਇਹਨਾਂ ਦੀ ਲਿਵ ਸਾਹਿਤ ਅਤੇ ਸਾਹਿਤਕਾਰਾਂ ਨਾਲ ਜੁੜੀ ਰਹੀ। ਜੇ ਕਿਸੇ ਨ ਕੁਝ ਕੁਰੇਦਣ ਦੀ ਕੋਸ਼ਿਸ਼ ਵੀ ਕਰਨੀ ਤਾਂ ਇਹਨਾਂ ਮੁਸਕਰਾ ਕੇ ਕਹਿਣਾ
'ਕਬੀਰਾ ਤੇਰੀ ਝੌਂਪੜੀ, ਗਲ ਕਟਿਅਨ ਕੇ ਪਾਸ,
ਕਰਨਗੇ ਸੋ ਭਰਨਗੇ, ਤੂੰ ਕਿਉਂ ਭਇਆ ਉਦਾਸ..।
ਸਾਹਿਤਿਕ ਸੰਗਠਨਾਂ ਦੀਆਂ ਚੋਣਾਂ ਅਤੇ ਵੋਟਾਂ ਦੀ ਗੱਲ ਪੁਛਣੀ ਤਾਂ ਵੀ ਇਸ ਸੰਗਠਨ ਦੀ ਸਰਗਰਮ ਅਹੁਦੇਦਾਰ ਰਮਨਦੀਪ ਕੌਰ ਹਰ ਸਰ ਜਾਈ ਅਤੇ ਉਸਦੀ ਟੀਮ ਦੇ ਮੈਂਬਰਾਂ ਨੇ ਕਹਿਣਾ ਜੀ ਕਰਨਾ ਉਥੇ ਜਾ ਕੇ। ਸਾਰੇ ਸਾਡੇ ਹੀ ਤਾਂ ਹਨ। ਇਹ ਸਾਰੇ ਸਾਡੇ ਆਪਣੇ ਹੀ ਹਨ! ਅਸੀਂ ਕਿਸੇ ਦੇ ਖਿਲਾਫ਼ ਵੀ ਨਹੀਂ। ਸਾਡੀ ਕਿਸੇ ਨਾਲ ਦੁਸ਼ਮਣੀ ਵੀ ਨਹੀਂ। ਸਾਨੂੰ ਕਿਸੇ ਅਹੁਦੇ ਦਾ ਲਾਲਚ ਵੀ ਨਹੀਂ। ਸਾਨੂੰ ਜਿਹੜਾ ਵੀ ਕੋਈ ਸੇਵਾ ਲਾਏਗਾ ਅਸੀਂ ਆਪਣੇ ਆਪ ਨੰ ਸੁਭਾਗੇ ਸਮਝਾਂਗੇ।
ਇਸੇ ਭਾਵਨਾ ਤਹਿਤ ਸਾਹਿਤਕਦੀਪ ਵੈਲਫੇਅਰ ਸੁਸਾਇਟੀ (ਰਜਿ:) ਵੱਲੋਂ 9 ਮਾਰਚ, 2024 ਦਿਨ ਸ਼ਨੀਵਾਰ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇਹੀ ਤਿੰਨ ਪੁਸਤਕਾਂ ਰਿਲੀਜ਼ ਕੀਤੀਆਂ ਗਈਆਂ। "ਲਫ਼ਜ਼ਾਂ ਦੀ ਜੋਤ" ਨਾਮਕ ਸਾਂਝਾ ਸੰਗ੍ਰਿਹ ਦੇ ਨਾਲ ਨਾਲ ਅਮਰ ਸਿੰਘ ਲੁਧਿਆਣਵੀ ਜੀ ਦੀ ਹਿੰਦੀ ਪੁਸਤਕ "ਹਸਰਤੋਂ ਕੇ ਦਾਇਰੇ ਅਤੇ ਸ਼ਾਬੀ ਮਹਿਮੀ ਜੀ ਦੀ ਪੁਸਤਕ "ਆਹੋ! ਸੱਚ?" ਦੀ ਘੁੰਡ ਚੁਕਾਈ ਦੀ ਰਸਮ ਅਦਾ ਕੀਤੀ ਗਈ।
ਇਸ ਸਮਾਗਮ ਵਿੱਚ ਉਘੇ ਸ਼ਾਇਰ ਅਤੇ ਵਿਦਵਾਨ ਡਾ. ਹਰੀ ਸਿੰਘ ਜਾਚਕ ਜੀ ਵੀ ਸਨ ਅਤੇ ਉਹਨਾਂ ਦੇ ਨਾਲਾ ਨਾਲ ਸਾਹਿਤ ਅਤੇ ਮਨੁੱਖਤਾ ਦੇ ਨਾਲ ਜੁੜੀ ਹੋਈ ਸ਼ਖਸੀਅਤ ਡਾ. ਬਬੀਤਾ ਜੈਨ ਜੀ ਵੀ ਮੁੱਖ ਮਹਿਮਾਨ ਵੱਜੋਂ ਸ਼ਾਮਿਲ ਹੋਏ। ਲਖਵਿੰਦਰ ਸਿੰਘ ਰਈਆ ਜੀ, ਗੁਲਜ਼ਾਰ ਪੰਧੇਰ ਜੀ, ਪਰਮਜੀਤ ਕੌਰ ਮਹਿਕ ਜੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ।
ਇਸ ਯਾਦਗਾਰੀ ਸਮਾਗਮ ਦਾ ਆਗਾਜ਼ ਨਰਿੰਦਰ ਕੌਰ ਜੀ ਵਲੋਂ ਬਹੁਤ ਮਿੱਠੀ ਅਤੇ ਸੁਰੀਲੀ ਆਵਾਜ਼ ਵਿੱਚ ਗਾਏ ਸ਼ਬਦ ਨਾਲ ਕੀਤਾ ਗਿਆ। ਇਸ ਤੋਂ ਬਾਅਦ ਮੁੱਖ ਮਹਿਮਾਨਾਂ ,ਵਿਸ਼ੇਸ਼ ਮਹਿਮਾਨਾਂ, ਰਮਨਦੀਪ ਕੌਰ ਪ੍ਰਿੰਸ (ਹਰਸਰ ਜਾਈ), ਜਸਪ੍ਰੀਤ ਸਿੰਘ ਜੱਸੀ ਅਤੇ ਇੰਦੂ ਬਾਲਾ ਵਲੋਂ ਪੁਸਤਕਾਂ ਲੋਕ ਅਰਪਿਤ ਕੀਤੀਆਂ ਗਈਆਂ ਅਤੇ ਸਾਂਝੇ ਸੰਗ੍ਰਿਹ ਵਿੱਚ ਸ਼ਾਮਿਲ ਕਵੀਆਂ ਅਤੇ ਕਵਿਤਰੀਆਂ ਨੂੰ ਸਾਹਿਤਿਕ ਦੀਪ ਵੈਲਫੇਅਰ ਸੁਸਾਇਟੀ ਦੀ ਪ੍ਰਧਾਨ ਰਮਨਦੀਪ ਕੌਰ ਪ੍ਰਿੰਸ (ਹਰਸਰ ਜਾਈ), ਉਪ-ਪ੍ਰਧਾਨ ਜਸਪ੍ਰੀਤ ਸਿੰਘ 'ਜੱਸੀ', ਕੋ-ਆਰਡੀਨੇਟਰ ਇੰਦੂ ਬਾਲਾ, ਮੁੱਖ ਮਹਿਮਾਨਾਂ ਅਤੇ ਵਿਸ਼ੇਸ਼ ਮਹਿਮਾਨਾਂ ਵਲੋਂ ਸਨਮਾਨਿਤ ਕੀਤਾ ਗਿਆ।
ਇਸ ਦੌਰਾਨ ਵੱਖ ਵੱਖ ਸ਼ਹਿਰਾਂ ਤੋਂ ਆਏ ਕਵੀਆਂ ਅਤੇ ਕਵਿਤਰੀਆਂ ਦਾ ਕਵੀ ਦਰਬਾਰ ਵੀ ਕਰਵਾਇਆ ਗਿਆ ਜਿਸ ਦੇ ਵਿੱਚ ਮਨਜੀਤ ਕੌਰ ਧੀਮਾਨ,ਦੀਪ ਲੁਧਿਆਣਵੀ, ਅਕਸ਼ਿਤ, ਖੁਸ਼ਕਰਨ, ਨਿਖਿਲ, ਬਬੀਤਾ, ਜਸਨੂਰ ਸਿੰਘ,ਜੋਤੀ, ਰਵਨਜੋਤ ਕੌਰ ਰਾਵੀ, ਹਨੀ ਵਾਲੀਆ, ਬਲਜੀਤ ਮਾਲਹ, ਪਰਵਿੰਦਰ ਕੌਰ ਲੋਟੇ, ਪਰਮਿੰਦਰ ਸਿੰਘ ਅਲਬੇਲਾ, ਸਿਮਰਨ ਧੁੱਗਾ, ਹਰਮੀਤ, ਸੁਰਿੰਦਰਦੀਪ, ਕੁਲਵਿਦਰ ਕਿਰਨ, ਸੰਦੀਪ ਕੌਰ, ਸਿਮਰਨਜੀਤ ਕੌਰ, ਮਨਦੀਪ ਕੌਰ, ਐਡਵੋਕੇਟ ਤ੍ਰਿਪਤਾ ਬਰਮੋਤਾ ਆਦਿ ਕਵੀ ਅਤੇ ਕਵਿਤਰੀਆਂ ਸ਼ਾਮਿਲ ਰਹੇ।
ਕਵੀ ਦਰਬਾਰ ਵਿੱਚ ਹਾਜ਼ਰੀ ਭਰਨ ਵਾਲੇ ਕਵੀਆਂ ਅਤੇ ਕਵਿਤਰੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਸਾਰੇ ਪ੍ਰੋਗਰਾਮ ਦੌਰਾਨ ਸਰੋਤਿਆਂ ਨੂੰ ਬੰਨੀ ਰੱਖਣ ਦੀ ਅਤੇ ਮੰਚ ਸੰਚਾਲਨ ਦੀ ਭੂਮਿਕਾ ਸਰਬਜੀਤ ਕੌਰ ਹਾਜ਼ੀਪੁਰ ਜੀ ਵਲੋਂ ਬਾਖੂਬੀ ਨਿਭਾਈ ਗਈ।
ਪ੍ਰੋਗਰਾਮ ਦੇ ਅੰਤ ਵਿੱਚ ਸੰਸਥਾ ਦੀ ਪ੍ਰਧਾਨ ਰਮਨਦੀਪ ਕੌਰ ਪ੍ਰਿੰਸ (ਹਰਸਰ ਜਾਈ)ਜੀ ਤੇ ਉੱਪ ਪ੍ਰਧਾਨ ਜਸਪ੍ਰੀਤ ਸਿੰਘ 'ਜੱਸੀ' ਜੀ ਅਤੇ ਕੋ- ਆਰਡੀਨੇਟਰ ਇੰਦੂ ਬਾਲਾ ਨੇ ਸਮਾਗਮ ਵਿੱਚ ਪਹੁੰਚੇ ਮੁੱਖ ਮਹਿਮਾਨਾਂ, ਵਿਸ਼ੇਸ਼ ਮਹਿਮਾਨਾਂ ,ਕਵੀਆਂ ਅਤੇ ਕਵਿਤਰੀਆਂ ਦਾ ਧੰਨਵਾਦ ਪ੍ਰਗਟ ਕੀਤਾ। ਆਓਣ ਵਾਲੇ ਸਮੇਂ 'ਚ ਵੀ ਇਹ ਸੰਸਥਾ ਇਸੇ ਤਰ੍ਹਾ ਦੇ ਉੱਦਮਸ਼ੀਲ ਕਾਰਜਾਂ ਨੂੰ ਨੇਪੜ੍ਹੇ ਚਾੜ੍ਹਨ ਲਈ ਯਤਨਸ਼ੀਲ ਰਹੇਗੀ।
ਦਿਲਚਸਪ ਅਤੇ ਸ਼ਲਾਘਾਯੋਗ ਗੱਲ ਇਹ ਵੀ ਰਹੀ ਕਿ ਇਸ ਸਮਾਗਮ ਵਿਚ ਹਿੰਦੀ ਪ੍ਰੇਮੀ ਵੀ ਸਨ ਅਤੇ ਪੰਜਾਬੀ ਪ੍ਰੇਮੀ ਵੀ। ਇਸ ਮੌਕੇ ਪੰਥਕ ਖਿਆਲਾਂ ਵਾਲੇ ਵੀ ਸਨ ਅਤੇ ਖੱਬੇ ਪੱਖੀ ਖਿਆਲਾਂ ਵਾਲੇ ਵੀ ਮੌਜੂਦ ਸਨ। ਇਹਨਾਂ ਦੇ ਨਾਲ ਨਾਲ ਭਾਰਤੀ ਜਨਤਾ ਪਰਤ ਵਾਲੀ ਵਿਚਾਰ੍ਧਾਰਾਂ ਨਾਲ ਸਹਿਮਤੀ ਰੱਖਾਂ ਵਾਲੇ ਵੀ ਸਨ ਆਮ ਆਦਮੀ ਪਾਰਟੀ ਦੀ ਸਿਆਸਤ ਵਿਚ ਰੂਚੀ ਰੱਖਾਂ ਵਾਲੇ ਵੀ ਸਨ। ਇਸ ਤਰ੍ਹਾਂ ਇਹ ਸਮਾਗਮ ਵੱਖ ਵੱਖ ਵਿਚਾਰਾਂ ਵਾਲੇ ਫੁੱਲਾਂ ਦਾ ਗੁਲਦਸਤਾ ਬਣ ਕੇ ਸਾਹਮਣੇ ਆਇਆ ਸੀ।
ਪੰਜਾਬੀ ਸਾਹਿਤ ਅਕਾਦਮੀ ਦੀ ਚੋਣ ਜੰਗ ਵਾਲੀ ਮਹਾਭਾਰਤ ਤੋਂ ਬਾਅਦ ਇਹ ਸਮਾਗਮ ਕਿਸੇ ਸਾਹਿਤਿਕ ਸਤਿਸੰਗ ਵਾਂਗ ਸੀ ਜਿਸ ਵਿਚ ਸਿਰਫ ਕਵਿਤਾ ਦੀ ਗੱਲ ਸੀ, ਕਿਤਾਬਾਂ ਦੀ ਗੱਲ ਸੀ, ਸਾਹਿਤ ਦੀ ਗੱਲ ਸੀ, ਬੇਗਾਨਿਆਂ ਨੂੰ ਵੀ ਆਪਣਿਆਂ ਵਾਂਗ ਅਪਣਾਉਣ ਦੀ ਗੱਲ ਸੀ। ਕਿਸੇ ਦਾ ਵੀ ਧਿਆਨ ਕਿਸੇ ਕੁਰਸੀ, ਅਹੁਦੇ, ਚੌਧਰ ਜਾਂ ਕੈਮਰੇ ਵੱਲ ਨਹੀਂ ਸੀ। ਅੱਖਾਂ ਵਿਚਲੀਆਂ ਘੂਰੀਆਂ, ਇਸ਼ਾਰਿਆਂ, ਚਿਹਰਿਆਂ ਦੇ ਸੰਕੇਤਕ ਇਸ਼ਾਰਿਆਂ ਅਜਿਹੇ ਹੋਰ ਵਰਤਾਰਿਆਂ ਤੋਂ ਬਹੁਤ ਦੂਰ ਸੀ ਇਹ ਸਮਾਗਮ। ਚੰਗਾ ਹੋਵੇ ਜੇਕਰ ਅਜਿਹਾ ਮਾਹੌਲ ਆਮ ਹੋ ਜਾਵੇ।
No comments:
Post a Comment