Sunday 25th February 2024 at 9:39 PM
ਉਹ ਸਵਾਲ ਹੀ ਗਲਤ ਥਾਂ ਤੇ ਪੁੱਛ ਰਹੇ ਹਨ
ਪਟਿਆਲਾ//ਲੁਧਿਆਣਾ: 26 ਫਰਵਰੀ 2024:(ਮੀਡੀਆ ਲਿੰਕ//ਸਾਹਿਤ ਸਕਰੀਨ ਡੈਸਕ)::
ਪੰਜਾਬੀ ਸਾਹਿਤ ਅਕਾਦਮੀ ਦੀਆਂ ਚੋਣਾਂ ਨਾਲ ਸਬੰਧਤ ਸਰਗਰਮੀਆਂ ਤੇਜ਼ੀ ਨਾਲ ਜਾਰੀ ਹਨ। ਇਸ ਵਾਰ ਵੀ ਇਹਨਾਂ ਚੋਣਾਂ ਦੇ ਚਰਚੇ ਜ਼ੋਰਾਂ ਸ਼ੋਰਾਂ ਨਾਲ ਹੋ ਰਹੇ ਹਨ। ਮੁੱਦੇ ਭਖੇ ਹੋਏ ਹਨ। ਜਿਹੜੇ ਲੇਖਕ ਸੱਜਣ ਕਦੇ ਨਹੀਂ ਬੋਲਿਆ ਕਰਦੇ ਸਨ ਹੁਣ ਉਹ ਵੀ ਬੋਲ ਰਹੇ ਹਨ। ਇਹਨਾਂ ਚੋਣਾਂ ਦੇ ਮੁੱਦਿਆਂ ਨੂੰ ਲੈ ਕੇ ਡਾਕਟਰ ਸੁਖਵਿੰਦਰ ਸਿੰਘ ਪਰਮਾਰ ਹੁਰਾਂ ਨੇ ਪਿਛਲੇ ਦਿਨੀਂ ਕੁਝ ਤਿੱਖੇ ਸੁਆਲ ਵੀ ਪੁੱਛੇ ਸਨ। ਇਹਨਾਂ ਸੁਆਲਾਂ ਨੇ ਵੀ ਸਾਹਿਤਿਕ ਹਲਕਿਆਂ ਦਾ ਧਿਆਨ ਖਿੱਚਿਆ ਸੀ। ਇਹਨਾਂ ਸੁਆਲਾਂ ਦੇ ਕੁਝ ਤਿੱਖੇ ਜੁਆਬ ਚਲੰਤ ਮਾਮਲਿਆਂ ਦੀ ਚਰਚਾ ਵਿਚ ਸਰਗਰਮ ਰਹਿਣ ਵਾਲੀ ਬੁਧੀਜੀਵੀ ਮੈਡਮ ਹਰਪ੍ਰੀਤ ਕੌਰ ਸੰਧੂ ਹੁਰਾਂ ਨੇ ਦਿੱਤੇ ਹਨ ਜਿਹੜੇ ਕਾਬਿਲੇ ਜ਼ਿਕਰ ਵੀ ਹਨ ਅਤੇ ਕਾਬਿਲੇ ਗੌਰ ਵੀ ਹਨ। ਇਥੇ ਇਹ ਕਹਿਣਾ ਵੀ ਗ਼ਲਤ ਨਹੀਂ ਹੋਵੇਗਾ ਕਿ ਮੈਡਮ ਹਰਪ੍ਰੀਤ ਕੌਰ ਸੰਧੂ ਅਕਸਰ ਆਪਣੀਆਂ ਪੋਸਟਾਂ ਵਿੱਚ ਜ਼ਰੂਰੀ ਮੁੱਦੇ ਉਠਾਉਂਦੇ ਹੀ ਰਹਿੰਦੇ ਹਨ। ਦਾ. ਪਰਮਾਰ ਵੱਲੋਂ ਉਥੇ ਸੁਆਲਾਂ ਦਾ ਜੁਆਬ ਦੇਂਦਿਆਂ ਵੀ ਉਹਨਾਂ ਇੱਕ ਇੱਕ ਨੁਕਤਾ ਉਠਾਇਆ ਹੈ ਆਪਣੇ ਇਹਨਾਂ ਜੁਆਬਾਂ ਵਿੱਚ ਉਹਨਾਂ ਨੇ ਜੋ ਜੋ ਕੁਝ ਕਿਹਾ ਹੈ ਉਹ ਇਥੇ ਹਾਜ਼ਰ ਹੈ:
ਮੈਂ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੀ ਅਹੁਦੇਦਾਰ ਨਹੀਂ ਹਾਂ। ਪਰ ਮੈਂ ਡਾਕਟਰ ਸੁਖਵਿੰਦਰ ਪਰਮਾਰ ਜੀ ਦੇ ਕੁਝ ਸਵਾਲਾਂ ਦਾ ਜਵਾਬ ਦੇਣਾ ਚਾਹੁੰਦੀ ਹਾਂ।
1. ਡਾਕਟਰ ਸੁਖਵਿੰਦਰ ਪਰਮਾਰ ਸਵਾਲ ਪੁੱਛਦੇ ਹਨ ਕਿ ਇਸ ਸੰਸਥਾ ਨੇ ਕਿੰਨੇ ਕੁ ਆਈਐਸ ਪੀਸੀਐਸ ਤੇ ਹੋਰ ਵੱਡੇ ਅਫਸਰ ਮਾਤ ਭਾਸ਼ਾ ਦੇ ਆਧਾਰ ਤੇ ਬਣਾ ਕੇ ਅਹੁਦਿਆਂ ਤੇ ਪਹੁੰਚਣ ਵਿੱਚ ਮਦਦ ਕੀਤੀ ਹੈ। ਕਿ ਉਹ ਇਹ ਜਾਣਦੇ ਹਨ ਕਿ ਮਾਧਿਅਮ ਪ੍ਰੀਖਿਆਰਥੀ ਨੇ ਖੁਦ ਚੁਣਨਾ ਹੁੰਦਾ ਹੈ। ਵਿਦਿਆਰਥੀ ਨੇ ਜਿਸ ਮਾਧਿਅਮ ਵਿੱਚ ਪੜ੍ਹਾਈ ਕੀਤੀ ਹੁੰਦੀ ਹੈ ਉਸੇ ਨੂੰ ਹੀ ਉਹ ਆਪਣੀ ਪ੍ਰੀਖਿਆ ਦਾ ਮਾਧਿਅਮ ਬਣਾਉਂਦਾ ਹੈ। ਇਹ ਕੰਮ ਪੰਜਾਬੀ ਯੂਨੀਵਰਸਿਟੀ ਦਾ ਬਣਦਾ ਹੈ। ਪੰਜਾਬੀ ਯੂਨੀਵਰਸਿਟੀ ਵਿਚਲੇ ਪੰਜਾਬੀ ਵਿਭਾਗ ਨੂੰ ਇਹ ਸਵਾਲ ਪੁੱਛਣਾ ਬਣਦਾ ਹੈ। ਉਥੇ ਦੇ ਆਈਏਐਸ ਪੀਸੀਐਸ ਟਰੇਨਿੰਗ ਸੈਂਟਰ ਨੂੰ ਇਹ ਸਵਾਲ ਪੁੱਛਣਾ ਬਣਦਾ ਹੈ। ਉਹ ਸਵਾਲ ਹੀ ਗਲਤ ਥਾਂ ਤੇ ਪੁੱਛ ਰਹੇ ਹਨ।
2. ਉਹਨਾਂ ਦੇ ਦੂਜੇ ਸਵਾਲ ਮੁਤਾਬਕ 25 ਸਾਲਾਂ ਤੋਂ ਪੰਜਾਬੀ ਦੇ ਅਧਿਆਪਕਾਂ ਦੀ ਭਰਤੀ ਨਹੀਂ ਹੋਈ ਉਸ ਲਈ ਸੰਸਥਾ ਨੇ ਕੀ ਯਤਨ ਕੀਤਾ ਹੈ। ਸ਼ਾਇਦ ਉਹ ਇਹ ਨਹੀਂ ਜਾਣਦੇ ਕਿ ਸਿਰਫ ਪੰਜਾਬੀ ਦੇ ਹੀ ਨਹੀਂ ਕਿਸੇ ਵੀ ਵਿਸ਼ੇ ਦੇ ਅਧਿਆਪਕਾਂ ਦੀ ਭਰਤੀ ਨਹੀਂ ਹੋਈ। ਇਹ ਸਵਾਲ ਸਰਕਾਰਾਂ ਨੂੰ ਕਰਨੇ ਬਣਦੇ ਹਨ। ਸਰਕਾਰ ਨੇ ਕਾਲਜ ਦੀਆਂ ਪ੍ਰੋਫੈਸਰ ਦੀਆਂ ਅਸਾਮੀਆਂ ਲਈ ਪੱਕੀਆਂ ਭਰਤੀਆਂ ਕਿਉਂ ਨਹੀਂ ਕੀਤੀਆਂ ਇਸ ਦਾ ਜਵਾਬ ਉਸ ਸਮੇਂ ਦੀਆਂ ਸਰਕਾਰਾਂ ਨੂੰ ਪੁੱਛਣਾ ਚਾਹੀਦਾ ਸੀ। ਚੋਣਾਂ ਦਾ ਫਾਇਦਾ ਉਠਾਉਂਦੇ ਹੋਏ ਇੱਕ ਧਿਰ ਨੂੰ ਫਾਇਦਾ ਦੇਣ ਲਈ ਬੇ ਮੌਕੇ ਇਹ ਸਵਾਲ ਕਰਨੇ ਠੀਕ ਨਹੀਂ ਹਨ। ਜੇਕਰ 25 ਸਾਲ ਨਹੀਂ ਹੋਈ ਤਾਂ ਕੋਈ ਗੱਲ ਨਹੀਂ ਬੀਤੇ ਸਮੇਂ ਨੂੰ ਵਾਪਸ ਨਹੀਂ ਲਿਆਂਦਾ ਜਾ ਸਕਦਾ ਪਰ ਅੱਜ ਉਹ ਇਹ ਸਵਾਲ ਮੌਜੂਦਾ ਸਰਕਾਰ ਨੂੰ ਕਿਉਂ ਨਹੀਂ ਕਰਦੇ ਕਿ ਕਾਲਜ ਦੇ ਅਧਿਆਪਕਾਂ ਦੀ ਪੱਕੀ ਭਰਤੀ ਕੀਤੀ ਜਾਵੇ। ਸਿਰਫ ਪੰਜਾਬੀ ਦੇ ਹੀ ਨਹੀਂ ਬਾਕੀ ਵਿਸ਼ਿਆਂ ਦੇ ਵੀ।
3. ਤੀਜਾ ਸਵਾਲ ਉਨਾਂ ਨੂੰ ਲੱਗਦਾ ਹੈ ਕਿ ਆਪਣੇ ਸਾਥੀਆਂ ਨੂੰ ਹੀ ਇਨਾਮ ਦਿੱਤੇ ਜਾਂਦੇ ਹਨ ਇੱਥੇ ਮੈਂ ਇਹ ਗੱਲ ਸਪਸ਼ਟ ਕਰ ਦੇਣਾ ਚਾਹੁੰਦੀ ਹਾਂ ਕਿ ਉਹ ਇੱਕ ਵਾਰ ਸਨਮਾਨਾਂ ਤੇ ਨਜ਼ਰ ਜਰੂਰ ਮਾਰਨ। ਜਿੱਥੋਂ ਤੱਕ ਮੈਨੂੰ ਯਾਦ ਹੈ ਹਰ ਸਨਮਾਨ ਯੋਗਤਾ ਦੇ ਆਧਾਰ ਤੇ ਹੀ ਮਿਲਿਆ ਹੈ। ਸਨਮਾਨ ਪ੍ਰਾਪਤ ਕਰਨ ਵਾਲੇ ਜਰੂਰੀ ਨਹੀਂ ਕਿ ਇਸੇ ਧਿਰ ਵਿੱਚ ਹੋਣ ਉਹ ਦੂਜੀ ਧਿਰ ਦੇ ਵੀ ਹਨ। ਬਹੁਤਾ ਪਿੱਛੇ ਦੀ ਗੱਲ ਨਹੀਂ ਕਰਦੇ ਹਾਲ ਹੀ ਵਿੱਚ ਪਿਛਲੇ ਦਿਨੀ ਇੱਕ ਸਾਹਿਤਿਕ ਸ਼ਖਸੀਅਤ ਨੂੰ ਇਨਾਮ ਮਿਲਿਆ ਹੈ ਜਿਨਾਂ ਦੀ ਧਰਮ ਪਤਨੀ ਦੂਜੇ ਧਿਰ ਵੱਲੋਂ ਪ੍ਰਬੰਧਕੀ ਬੋਰਡ ਮੈਂਬਰ ਦੀ ਉਮੀਦਵਾਰ ਹੈ। ਉਹ ਚਾਹੁੰਦੇ ਹਨ ਤਾਂ ਇਸ ਗੱਲ ਨੂੰ ਵੈਰੀਫਾਈ ਵੀ ਕਰ ਸਕਦੇ ਹਨ।
ਜਿੱਥੋਂ ਤੱਕ ਪੰਜਾਬੀ ਬਾਰੇ ਕੰਮ ਕਰਨ ਦੀ ਗੱਲ ਹੈ ਤਾਂ ਜੋ ਕੰਮ ਪੰਜਾਬ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਲਖਵਿੰਦਰ ਜੌਹਲ ਜੀ ਨੇ ਕੀਤਾ ਹੈ ਉਹ ਪੰਜਾਬੀ ਯੂਨੀਵਰਸਿਟੀ ਵਿੱਚ ਬੈਠੇ ਪੰਜਾਬੀ ਦੇ ਸ਼ੁਭ ਚਿੰਤਕ ਵੀ ਨਹੀਂ ਕਰ ਸਕੇ। ਡਾਕਟਰ ਸੁਖਵਿੰਦਰ ਪਰਮਾਰ ਨੂੰ ਪਤਾ ਹੋਏਗਾ ਕਿ ਕਿਵੇਂ ਕਾਲਜਾਂ ਵਿੱਚ ਪੰਜਾਬੀ ਬੰਦ ਕਰ ਦੇਣ ਬਾਰੇ ਗੱਲ ਹੋਈ ਸੀ। ਇਸ ਵਿੱਚ ਡਾਕਟਰ ਲਖਵਿੰਦਰ ਜੌਹਲ ਨੇ ਇੱਕ ਮਹੱਤਵਪੂਰਨ ਰੋਲ ਅਦਾ ਕੀਤਾ। ਉਨਾਂ ਦੇ ਯਤਨਾ ਸਦਕਾ ਪੰਜਾਬੀ ਯੂਨੀਵਰਸਿਟੀ ਪੰਜਾਬੀ ਨੂੰ ਲਾਗੂ ਕਰਨ ਲਈ ਮੰਨ ਗਈ ਹੈ ਪਰ ਇਸ ਦਾ ਅਸਲੀ ਪ੍ਰਭਾਵ ਜੂਨ ਤੋਂ ਪਤਾ ਲੱਗੇਗਾ।
ਪੰਜਾਬੀ ਦੇ ਬਹੁਤੇ ਸ਼ੁਭ ਚਿੰਤਕ ਕਹਾਉਣ ਵਾਲੇ ਸੱਜਣਾਂ ਨੇ ਤਾਂ ਮੂੰਹ ਵੀ ਨਹੀਂ ਖੋਲਿਆ। ਖੈਰ ਇਹ ਗੱਲਾਂ ਹੌਲੀ ਹੌਲੀ ਸਭ ਦੇ ਸਾਹਮਣੇ ਆ ਜਾਣਗੀਆਂ।
ਮੇਰੀ ਜਾਚੇ ਮੇਰੀ ਸਮਝ ਮੁਤਾਬਿਕ ਮੈਂ ਡਾਕਟਰ ਸੁਖਵਿੰਦਰ ਪਰਮਾਰ ਜੀ ਦੇ ਸਵਾਲਾਂ ਦਾ ਜਵਾਬ ਦਿੱਤਾ ਹੈ।
ਇਹ ਚੋਣਾਂ ਰਾਜਨੀਤਿਕ ਚੋਣਾਂ ਨਹੀਂ ਹਨ ਤੇ ਨਾ ਹੀ ਇਹਨਾਂ ਨੂੰ ਰਾਜਨੀਤਿਕ ਚੋਣਾਂ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਕੋਈ ਜਾਤ ਦਾ ਮੁੱਦਾ ਉਠਾ ਰਿਹਾ ਹੈ ਤੇ ਕੋਈ ਇਸ ਤਰ੍ਹਾਂ ਦੇ ਸਵਾਲ ਕਰ ਰਿਹਾ ਹੈ ਜੋ ਕਿ ਮੌਕੇ ਦੀਆਂ ਸਰਕਾਰਾਂ ਨੂੰ ਕਰਨੇ ਬਣਦੇ ਹਨ। ਸਾਹਿਤ ਅਕਾਦਮੀਆਂ ਦੇ ਕੰਮ ਸਾਹਿਤ ਤੇ ਭਾਸ਼ਾ ਪ੍ਰਤੀ ਹੁੰਦੇ ਹਨ ਜੋ ਕਿ ਪੰਜਾਬ ਸਾਹਿਤ ਅਕਾਦਮੀ ਲੁਧਿਆਣਾ ਬਾਖੂਬੀ ਕਰ ਰਹੀ ਹੈ। --ਹਰਪ੍ਰੀਤ ਕੌਰ ਸੰਧੂ
ਹੁਣ ਦੇਖਣਾ ਹੈ ਕਿ ਵੱਖ ਵੱਖ ਅਹੁਦਿਆਂ ਲਈ ਕਿਸ ਨੂੰ ਕਿੰਨੀਆਂ ਵੋਟਾਂ ਪੈਂਦੀਆਂ ਹਨ ਅਤੇ ਕਿਸ ਦੇ ਸਿਰ 'ਤੇ ਸਜੇਗਾ ਜਿੱਤ ਦਾ ਤਾਜ। ਇੱਕ ਗੱਲ ਤਸੱਲੀ ਵਾਲੀ ਹੈ ਕਿ ਇਸ ਵਾਰ ਸੋਸ਼ਲ ਮੀਡੀਆ 'ਤੇ ਇਹਨਾਂ ਸਾਹਿਤਿਕ ਚੋਣਾਂ ਲਈ ਵੀ ਸਿਆਸੀ ਚੋਣਾਂ ਵਰਗੀਆਂ ਸਰਗਰਮੀਆਂ ਨਜ਼ਰ ਆਈਆਂ। ਇਹ ਵੀ ਚੰਗੀ ਗੱਲ ਹੈ ਕਿ ਅਜਿਹੀਆਂ ਚੋਣਾਂ ਮੌਕੇ ਇੱਕ ਦੂਜੇ ਬਾਰੇ ਪ੍ਰਗਟਾਏ ਗਏ ਵਿਚਾਰ ਵੀ ਰਿਕਾਰਡ ਵਿੱਚ ਆ ਗਏ। ਸਾਹਿਤਿਕ ਚੋਣਾਂ ਦੀ ਇਹ ਪ੍ਰਚਾਰ ਮੁਹਿੰਮ ਜਿੱਤਣ ਵਾਲੀ ਧਿਰ ਅਤੇ ਹਾਰਨ ਵਾਲੀ ਧਿਰ ਦੋਹਾਂ ਨੂੰ ਵਧੇਰੇ ਜ਼ਿੰਮੇਵਾਰ ਬਣਾਏਗੀ ਅਤੇ ਸਵੈ ਪੜਚੋਲ ਦੀ ਪ੍ਰੇਰਨਾ ਵੀ ਦੇਂਦੀ ਰਹੇਗੀ।
No comments:
Post a Comment