google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: ਆਨੰਦ ਦੀ ਯਾਦ ਵਿੱਚ ਹੋਏ ਸਮਾਗਮ ਦੌਰਾਨ ਕੁਰਸੀਆਂ ਖਾਲੀ ਕਿਓਂ ਸਨ?

Saturday 16 March 2019

ਆਨੰਦ ਦੀ ਯਾਦ ਵਿੱਚ ਹੋਏ ਸਮਾਗਮ ਦੌਰਾਨ ਕੁਰਸੀਆਂ ਖਾਲੀ ਕਿਓਂ ਸਨ?

ਕਮੀ ਸਰੋਤਿਆਂ ਦੀ ਜਾਂ ਪਰਬੰਧਾਂ ਦੀ?
ਲੁਧਿਆਣਾ: 16 ਮਾਰਚ 2019: (ਰੈਕਟਰ ਕਥੂਰੀਆ//ਸਾਹਿਤ ਸਕਰੀਨ)::
ਜਗਜੀਤ ਸਿੰਘ ਅਨੰਦ ਆਪਣੇ ਆਪ ਵਿੱਚ ਇੱਕ ਅਜਿਹੀ ਸ਼ਖ਼ਸੀਅਤ ਸੀ ਜਿਸਦਾ ਲੋਹਾ ਉਸਦੇ ਦੁਸ਼ਮਣ ਵੀ ਮੰਨਦੇ  ਸਨ। ਪੰਜਾਬੀ ਸਾਹਿਤ ਵਿੱਚ ਨਵੇਂ ਸ਼ਬਦ ਜੋੜਨੇ ਅਤੇ ਸਪੈਲਿੰਗ ਦੀ ਗਲਤੀ ਨੂੰ ਗੰਭੀਰਤਾ ਨਾਲ ਲੈਣਾ ਉਹਨਾਂ ਦੇ ਰੋਜ਼ ਵਾਲੇ ਪੱਤਰਕਾਰੀ ਰੂਟੀਨ ਵਿੱਚ ਸ਼ਾਮਲ ਸੀ। ਸਭ ਤੋਂ ਘੱਟ ਅਤੇ ਬੇਹੱਦ ਸਸਤੇ ਸਾਧਨਾਂ ਨਾਲ ਹੀ "ਨਵਾਂ ਜ਼ਮਾਨਾ" ਨੂੰ ਪੱਤਰਕਾਰੀ ਦੀਆਂ ਬੁਲੰਦੀਆਂ 'ਤੇ ਲੈ ਜਾਣ ਵਾਲਾ ਚਮਤਕਾਰ ਜਗਜੀਤ ਸਿੰਘ ਅਨੰਦ ਤੋਂ ਬਿਨਾ ਸ਼ਾਇਦ ਹੋਰ ਕੋਈ ਕਰ ਵੀ ਨਹੀਂ ਸੀ ਸਕਦਾ। ਬਾਬਾ ਗੁਰਬਖਸ਼ ਸਿੰਘ ਬੰਨੋਆਣਾ, ਸੁਰਜਨ ਸਿੰਘ ਜ਼ੀਰਵੀ, ਅਤੇ ਕਰਿਸ਼ਨ ਭਾਰਦਵਾਜ-ਇਹ ਅਜਿਹੇ ਚਾਰ ਦਰਵੇਸ਼ ਸਨ ਜਿਹਨਾਂ ਨੇ ਨਵਾਂ ਜ਼ਮਾਨਾ ਨੂੰ ਇੱਕ ਨਹੀਂ ਕਈ ਕਈ ਵਾਰ ਸੰਕਟਾਂ ਵਿੱਚੋਂ ਕੱਢਿਆ।  ਸੰਕਟਕਾਲ ਵਿੱਚ ਵੱਡੇ ਤੋਂ ਵੱਡੇ ਰੁਤਬੇ ਵਾਲੇ ਬੰਦੇ ਨਾਲ ਗੱਲ ਕਰਦਿਆਂ ਵੀ ਆਪਣੇ ਆਦਰਸ਼ਾਂ ਨੂੰ ਸਾਬਤ ਰੱਖਣਾ ਅਤੇ ਖੁਦ ਨੂੰ ਝੁਕਣ ਨਾ ਦੇਣਾ ਆਸਾਨ ਨਹੀਂ ਹੁੰਦਾ। ਅੱਜ ਉਸੇ ਸ਼ਖ਼ਸੀਅਤ ਦੀ ਯਾਦ ਵਿੱਚ ਇੱਕ ਪੁਰਸਕਾਰ ਲੁਧਿਆਣਾ ਦੇ ਪੰਜਾਬੀ ਭਵਨ ਵਿੱਚ ਖੋਜੀ ਲੇਖਕ ਸੁਵਰਨ ਸਿੰਘ ਵਿਰਕ ਨੂੰ ਦਿੱਤਾ ਗਿਆ ਜਿਸ ਵਿੱਚ ਇੱਕੀ ਹਜ਼ਾਰ ਰੁਪਏ ਦੀ ਰਾਸ਼ੀ, ਦੋਸ਼ਾਲਾ ਅਤੇ ਸਨਮਾਨ ਚਿੰਨ ਭੇਟਾ ਕੀਤਾ ਗਿਆ। ਇਸੇ ਸਮਾਗਮ ਵਿੱਚ ਬਾਲ ਰਚਨਾਵਾਂ ਦੇ ਲੇਖਕ ਅਵਤਾਰ ਸਿੰਘ ਸੰਧੂ ਨੂੰ ਸਾਲ 2017 ਦਾ ਮਾਤਾ ਜਸਵੰਤ ਕੌਰ ਸਰਬੋਤਮ ਮੌਲਿਕ ਬਾਲ ਪੁਸਤਕ ਪੁਰਸਕਾਰ ਭੇਟਾ ਕੀਤਾ ਗਿਆ ਜਿਸ ਵਿਚ ਦਸ ਹਜ਼ਾਰ ਰੁਪਏ ਦੀ ਰਾਸ਼ੀ, ਦੋਸ਼ਾਲਾ ਅਤੇ ਸਨਮਾਨ ਚਿੰਨ ਸ਼ਾਮਲ ਸਨ। ਕੁਲ ਮਿਲਾ ਕੇ ਇਹ ਇੱਕ ਸਿਹਤਮੰਦ ਰੁਝਾਣ ਹੈ ਜਿਸ ਵਿੱਚ ਕਲਮਕਾਰਾਂ ਦੇ ਆਰਥਿਕ ਪੱਖ ਨੂੰ ਵੀ ਅਹਿਮੀਅਤ ਦਿੱਤੀ ਗਈ ਹੈ। ਇਸ ਉਪਰਾਲੇ ਪਿੱਛੇ ਸਰਗਰਮ ਸਾਰੇ ਵਿਅਕਤੀ ਸ਼ਲਾਘਾ ਦੇ ਹੱਕਦਾਰ ਹਨ। ਇਸ ਗੱਲ ਨੂੰ ਮਹਿਸੂਸ ਕੀਤਾ ਗਿਆ ਕਿ ਕਲਮ ਦੇ ਇਹਨਾਂ ਮਜ਼ਦੂਰਾਂ ਨੇ ਵੀ ਘਟੋਘੱਟ ਦਾਲ ਰੋਟੀ ਤਾਂ ਖਾਣੀ ਹੀ ਹੁੰਦੀ ਹੈ। 
ਜਗਜੀਤ ਸਿੰਘ ਆਨੰਦ ਹੁਰਾਂ ਦੀ ਯਾਦ ਵਿੱਚ ਹੋਏ ਇਸ ਸਮਾਗਮ ਵਿੱਚ ਸਾਹਿਤ ਅਤੇ ਮੌਜੂਦਾ ਸਮਾਜਿਕ ਸਰੋਕਾਰਾਂ ਬਾਰੇ ਵੀ ਕਈ ਕਈ ਗੱਲਾਂ ਚੱਲੀਆਂ। ਬੜੇ ਜੋਸ਼ੀਲੇ ਅੰਦਾਜ਼ ਨਾਲ ਸਾਦਾ ਵਿਆਹ ਕਰਨ ਵਾਲਿਆਂ ਦੀਆਂ ਗੱਲਾਂ ਵੀ ਚੱਲੀਆਂ ਜਿਹੜੇ ਸਾਦਗੀ ਭਰੇ ਵਿਆਹ ਕਰਕੇ ਵਿਆਹ ਤੋਂ ਬਾਅਦ ਮਗਰੋਂ ਕਈ ਕਈ ਲੱਖ ਰੁਪਏ ਦੀਆਂ ਸੈਲੀਬਰੇਸ਼ਨ ਅਤੇ ਰਿਸੈਪਸ਼ਨਾਂ ਅਰੇਂਜ ਕਰਨ ਵਾਲਿਆਂ ਦੀ ਗੱਲ ਵੀ ਚੱਲੀ ਜਿਸਨੂੰ ਉਠਾਇਆ ਸੀ ਬਾਗੀ ਸੁਰ ਵਾਲੇ ਪਰੋਫ਼ੈਸਰ ਗੁਰਭਜਨ ਸਿੰਘ ਗਿੱਲ ਨੇ। ਉਹਨਾਂ ਪੁੱਛਿਆ ਕਿ ਗੁਰੂ ਦੀ ਹਜ਼ੂਰੀ ਵਿੱਚ ਸਾਦਾ ਵਿਆਹ ਕਰਨਾ ਅਤੇ ਮਗਰੋਂ ਲੱਖਾਂ ਰੁਪਏ ਦੇ ਵਖਾਵੇ ਵਾਲੇ ਖਰਚੇ ਕਰਨੇ ਇਹ ਗੁਰੂ ਨਾਲ ਠੱਗੀ ਨਹੀਂ ਤਾਂ ਹੋਰ ਕੀ ਹੈ? ਨਾਮਧਾਰੀ ਦਰਬਾਰ ਦੇ ਪਰਤੀਨਿਧਾਂ ਨੇ ਇਹ ਸਭ ਕੁਝ ਬੜੇ ਧਿਆਨ ਅਤੇ ਗੰਭੀਰਤਾ ਨਾਲ ਸੁਣਿਆ।
ਇਹ ਸਭ ਕੁਝ ਬੜਾ ਯਾਦਗਾਰੀ ਸੀ ਪਰ ਫਿਰ ਵੀ ਮਾਹੌਲ ਵਿੱਚ ਉਦਾਸੀ ਸੀ। ਇਸ ਪੁਰਸਕਾਰ ਨੂੰ ਸ਼ੁਰੂ ਕਰਨ ਕਰਾਉਣ ਵਾਲੇ ਟਰੇਡ ਯੂਨੀਅਨ ਲੀਡਰ ਰੂਪ ਸਿੰਘ ਰੂਪਾ ਵੀ ਇਸ ਮਾਹੌਲ ਨੂੰ ਦੇਖ ਕੇ ਉਦਾਸ ਸਨ। ਡਾਕਟਰ ਗੁਲਜ਼ਾਰ ਪੰਧੇਰ ਦੇ ਚਿਹਰੇ ਤੇ ਵੀ ਉਹ ਪਹਿਲਾਂ ਵਾਲੀ ਰੌਣਕ ਨਹੀਂ ਸੀ। ਸੁਰਿੰਦਰ ਕੈਲੇ ਵੀ ਕਿਸੇ ਮਸ਼ੀਨ ਵਾਂਗ ਜ਼ਿੰਮੇਵਾਰੀ ਨਿਭਾ ਰਹੇ ਸਨ। ਉਹਨਾਂ ਦੀ ਸੁਭਾਵਿਕ ਜਿਹੀ ਦਿਲ ਟੁੰਭਵੀ ਮੁਸਕਾਨ ਗਾਇਬ ਸੀ। 
ਹਾਲ ਦੀਆਂ ਕੁਰਸੀਆਂ ਖਾਲੀ ਕਿਓਂ ਸਨ? ਕੀ ਲੋਕ ਜਗਜੀਤ ਸਿੰਘ ਅਨੰਦ ਦੀ ਸ਼ਖ਼ਸੀਅਤ ਨੂੰ ਏਨੀ ਜਲਦੀ ਭੁੱਲ ਸਕਦੇ ਹਨ? ਹਰਗਿਜ਼ ਵੀ ਨਹੀਂ। ਲੋਕ ਕਿਸੇ ਨ ਕਿਸੇ ਨੁਕਤੇ ਤੇ ਅਸਹਿਮਤ ਵੀ ਹੋ ਸਕਦੇ ਹਨ ਅਤੇ ਨਾਰਾਜ਼ ਵੀ ਹੋ ਸਕਦੇ ਹਨ ਪਰ ਉਸ ਸ਼ਖ਼ਸੀਅਤ ਨੂੰ ਭੁੱਲ ਨਹੀਂ ਸਕਦੇ। ਉਹ ਜਗਜੀਤ ਸਿੰਘ ਆਨੰਦ ਨਾਲ ਸਬੰਧਤ ਸਮਾਗਮ ਵਿੱਚੋਂ ਗੈਰ ਹਾਜ਼ਰ ਨਹੀਂ ਸਨ ਹੋ ਸਕਦੇ। ਆਖਿਰ ਇਹ ਸਭ ਕਿਓਂ ਹੋਇਆ? ਬਹੁਤ ਸੋਚਿਆ ਬਹੁਤ ਸੋਚਿਆ-ਲੱਗਦਾ ਸੀ ਕਿ ਇਸ ਸਮਾਗਮ ਦੀ ਸੂਚਨਾ ਸਬੰਧਤ ਸਰਕਲਾਂ ਤੱਕ ਪਹੁੰਚ ਹੀ ਨਹੀਂ ਸਕੀ।
ਵਰਨਾ ਸਿਰਫ ਪੀਏਯੂ ਦਾ ਸਰਕਲ ਹੀ ਏਨਾ ਸੀ ਕਿ ਇਸ ਹਾਲ ਵਿੱਚ ਆਏ ਸਰੋਤਿਆਂ ਨਾਲ ਸਭਕੁਝ ਕੰਟਰੋਲ ਤੋਂ ਬਾਹਰ ਵੀ ਹੋ ਸਕਦਾ ਸੀ। ਇਹ ਹਾਲ ਬੜਾ ਛੋਟਾ ਛੋਟਾ ਜਿਹਾ ਲੱਗਣਾ ਸੀ। ਜਿਹੜੀਆਂ ਵੱਡੀਆਂ ਸ਼ਖ਼ਸੀਅਤਾਂ ਹਾਲ ਵਿੱਚ ਮੌਜੂਦ ਸਨ ਜੇ ਉਹਨਾਂ ਦੇ ਚਾਹੁਣ ਵਾਲਿਆਂ ਵਿੱਚ ਦੋ ਦੋ ਜਾਂ ਚਾਰ ਚਾਰ ਸਮਰਥਕ ਵੀ ਆਉਂਦੇ ਤਾਂ ਵੀ ਹਾਲ ਦੇ ਇਹ ਹਾਲਾਤ ਇਹ ਨਹੀਂ ਸਨ ਹੋਣੇ।  ਜੇ ਨਾਮਧਾਰੀਆਂ ਦੇ ਕਿਸੇ ਇੱਕ ਧੜੇ ਨੇ ਵੀ ਇਸ ਵਿੱਚ ਗੰਭੀਰਤਾ ਨਾਲ ਸ਼ਾਮਲ ਹੋਣ ਦਾ ਫੈਸਲਾ ਲਿਆ ਹੁੰਦਾ ਤਾਂ ਵੀ ਹਾਲ ਭਰਿਆ ਹੋਣਾ ਸੀ। ਜੇਕਰ ਮੀਡੀਆ ਨਾਲ  ਸਬੰਧਤ ਸਰਕਲਾਂ ਅਤੇ ਵਿਦਿਅਕ ਅਦਾਰਿਆਂ ਦੇ ਪੱਤਰਕਾਰੀ ਵਿਭਾਗਾਂ ਤੱਕ ਵੀ ਸਮੇਂ ਸਰ ਪਹੁੰਚ ਕੀਤੀ ਗਈ ਹੁੰਦੀ ਤਾਂ ਵੀ ਇਥੇ ਹਾਜ਼ਰੀ ਦੀ ਗਿਣਤੀ ਬਹੁਤ ਵੱਡੀ ਹੋਣੀ ਸੀ। ਹਾਂ ਇਹ ਗੱਲ ਜ਼ਰੂਰ ਹੈ ਕਿ ਇਸ ਹਾਜ਼ਰੀ ਨੂੰ ਵਧਾਉਣ ਲਈ ਪਰਬੰਧਕਾਂ ਵਿੱਚੋਂ ਸਾਰਿਆਂ ਨੂੰ ਹੀ ਆਪਣੀ ਹਉਮੈ ਅਤੇ ਗੁੱਟਬੰਦੀ ਤਿਆਗਣੀ ਪੈਣੀ ਸੀ।
ਇਕੱਲੇ ਸੁਵਰਨ ਸਿੰਘ ਵਿਰਕ ਦੀ ਸ਼ਖ਼ਸੀਅਤ ਹੀ ਏਨੀ ਵੱਡੀ ਹੈ ਕਿ ਉਸਨੂੰ ਘੰਟਿਆਂ ਬੱਧੀ  ਲਗਾਤਾਰ ਸੁਣਿਆ ਜਾ ਸਕਦਾ ਹੈ। ਅਫਸੋਸ ਕਿ ਮੀਡੀਆ ਵਿੱਚ ਕਈ ਮੀਲ ਪੱਥਰ ਗੱਡਣ ਵਾਲੇ ਜਗਜੀਤ ਸਿੰਘ ਆਨੰਦ ਪੁਰਸਕਾਰ ਲਈ ਮੀਡੀਆ ਕਵਰੇਜ ਵੀ ਓਨੀ ਨਹੀਂ ਹੋ ਸਕੀ ਜਿੰਨੀ ਹੋਣੀ ਚਾਹੀਦੀ ਸੀ। ਕੀ ਪਰਬੰਧਕੀ ਚੌਧਰੀ ਇਹਨਾਂ ਨੁਕਤਿਆਂ ਬਾਰੇ ਰੀਵਿਊ ਕਰਨਗੇ? ਕਿਰਪਾ ਕਰਕੇ ਸਿਰਕੱਢ ਸ਼ਖਸੀਅਤਾਂ ਦੀ ਚਰਚਾ ਵੇਲੇ ਉਹਨਾਂ ਨੂੰ ਆਪਣੀਆਂ ਸੌੜੀਆਂ ਵਲਗਣਾਂ ਵਿੱਚੋਂ ਬਾਹਰ ਕੱਢ ਲਿਆ ਕਰੋ। 

No comments:

Post a Comment