google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: ਉਹ ਤਾਂ ਚੁਰਾਸੀ ਵਿਚ ਚੁੱਪ ਸੀ ਪਰ ਤੁਸੀਂ ਆਪਣੇ ਵੇਲਿਆਂ ਵਿਚ ਚੁੱਪ ਨਾ ਰਿਹੋ

Friday 15 March 2019

ਉਹ ਤਾਂ ਚੁਰਾਸੀ ਵਿਚ ਚੁੱਪ ਸੀ ਪਰ ਤੁਸੀਂ ਆਪਣੇ ਵੇਲਿਆਂ ਵਿਚ ਚੁੱਪ ਨਾ ਰਿਹੋ

ਤਰਕਸ਼ੀਲ ਸੋਸਾਇਟੀ ਨੇ ਕਿਸਾਨ ਮੇਲੇ ਵਿੱਚ ਦਿੱਤਾ ਕਲਮਕਾਰਾਂ ਨੂੰ ਸੰਦੇਸ਼ 
ਲੁਧਿਆਣਾ: 15 ਮਾਰਚ 2019: (ਰੈਕਟਰ ਕਥੂਰੀਆ//ਸਾਹਿਤ ਸਕਰੀਨ)::
ਜਾਦੂਗਰੀਆਂ ਅਤੇ ਚਮਤਕਾਰਾਂ ਦੀ ਹਕੀਕਤ ਨੂੰ ਅਕਸਰ ਬੇਨਕਾਬ ਕਰਨ ਵਾਲੇ ਤਰਕਸ਼ੀਲਾਂ ਨੇ ਇਸ ਵਾਰ ਉਹਨਾਂ ਬਹੁਤ ਬੋਲਣ ਵਾਲੇ ਕਲਮਕਾਰਾਂ ਦੀ ਵੀ ਚੰਗੀ ਖਬਰ ਲਈ ਜਿਹੜੇ ਸੱਚ ਬੋਲਣ ਵੇਲੇ ਅਕਸਰ ਮੌਨ ਵਰਤ ਧਾਰਨ ਕਰ ਲੈਂਦੇ ਹਨ। ਇਸ ਵਾਰ ਵੀ ਕਿਸਾਨ ਮੇਲੇ ਵਿੱਚ ਤਰਕਸ਼ੀਲਾਂ ਦੇ ਬੁੱਕ ਸਟਾਲ ਉੱਤੇ ਰੌਣਕਾਂ ਲੱਗੀਆਂ ਹੋਈਆਂ ਸਨ। ਇਸ ਵਾਰ ਵੀ ਤਰਕਸ਼ੀਲ ਵੱਧ ਚੜ੍ਹ ਕੇ ਇਸ ਸਟਾਲ ਦੀ ਸੇਵਾ ਬੜੇ ਹੀ ਨਿਰਸੁਆਰਥ ਭਾਵ ਨਾਲ ਨਿਭਾ ਰਹੇ ਸਨ। ਇਸ ਵਾਰ ਵੀ ਜਿੱਥੇ ਵਿਗਿਆਨਕ ਚੇਤਨਾ ਨਾਲ ਸਬੰਧਤ ਕਿਤਾਬਾਂ ਨੇ ਲੋਕਾਂ ਨੂੰ ਆਕਰਸ਼ਿਤ ਕੀਤਾ ਉੱਥੇ ਸਾਹਿਤਕ ਰੰਗ ਵਾਲਾ ਤਰਕਸ਼ੀਲ ਸਾਹਿਤ ਵੀ ਲੋਕਾਂ ਨੂੰ ਆਪਣੀ ਵੱਲ ਖਿੱਚ ਰਿਹਾ ਸੀ।  ਤਰਕਸ਼ੀਲਾਂ ਨੇ ਜਿੱਥੇ ਸੁਆਲ ਖੜੇ ਕੀਤੇ ਉੱਥੇ ਲੋਕਾਂ ਦੇ ਮਨਾਂ ਦੀ ਧੁੰਦ ਹਟਾਉਣ ਲਈ ਉਹਨਾਂ ਸੁਆਲਾਂ ਦੇ ਜੁਆਬ ਵੀ ਦਿਤੇ ਜਿਹਨਾਂ ਨੂੰ ਪੁੱਛਣੋਂ ਲੋਕ ਅਕਸਰ ਗੁਰੇਜ਼ ਕਰ ਜਾਂਦੇ ਹਨ। 
ਇਸ ਵਾਰ ਤਰਕਸ਼ੀਲਾਂ ਦੇ ਸਟਾਲ ਉੱਤੇ ਇੱਕ ਪੋਸਟਰ ਲੱਗਿਆ ਹੋਇਆ ਸੀ ਇੱਕ ਅਜਿਹੀ ਪਰਸਿੱਧ ਲੇਖਿਕਾ ਬਾਰੇ ਜਿਹੜੀ ਸਾਰੀ ਉਮਰ ਆਪਣੇ ਆਪ ਨੂੰ ਬਹੁਤ ਹੀ ਬਾਗ਼ੀਆਨਾ ਸਾਬਿਤ ਕਰਦੀ ਰਹੀ ਪਰ ਉਮਰ ਦੇ ਅਖੀਰਲੇ ਵਰ੍ਹਿਆਂ ਵਿੱਚ ਉਹ ਜਾਦੂ ਮੰਤਰਾਂ, ਜੋਤਿਸ਼  ਸ਼ਾਸਤਰ ਅਤੇ ਅਸਮਾਨੀ ਤਾਰਿਆਂ ਨੂੰ ਅਧਾਰ ਬਣਾ ਕੇ ਸਾਹਿਤ ਰਚਨਾ ਕਰਨ ਲੱਗ ਪਈ ਸੀ। ਉਸਨੂੰ ਓਸ਼ੋ ਦੇ ਸੁਪਨੇ ਵੀ ਆਉਣ ਲੱਗੇ ਅਤੇ ਅਣਦਿੱਸਦੀ ਦੁਨੀਆ ਦੇ ਭੇਦ ਵੀ ਉਜਾਗਰ ਹੋਣ ਲੱਗੇ। ਉਸਨੇ ਆਪਣੇ ਪਰਸਿੱਧ ਮਾਸਿਕ ਸਾਹਿਤਿਕ  ਪਰਚੇ ਦੇ ਕਈ ਵਿਸ਼ੇਸ਼ ਅੰਕ ਵੀ ਕੱਢੇ। ਉਸਦੀ ਉਮਰ ਦੇ ਅਖੀਰਲੇ ਦਿਨ ਮੰਜੇ ਤੇ ਪਿਆਂ ਨੀਮ ਬੇਹੋਸ਼ੀ ਜਿਹੀ ਹਾਲਤ ਵਿੱਚ ਗੁਜ਼ਰੇ। ਉਸਦਾ ਜਿਹੜਾ ਘਰ ਬਹੁਤ ਸਾਰੇ ਲੇਖਕਾਂ ਲਈ ਮੱਕਾ ਮਦੀਨਾ ਬਣਿਆ ਹੋਇਆ ਸੀ ਉਸਦੀ ਮੌਤ ਤੋਂ ਮਗਰੋਂ ਉਸਤੇ ਬੁਲਡੋਜ਼ਰ ਚੱਲਿਆ ਅਤੇ ਉਸ ਇਮਾਰਤ ਦਾ ਵੀ ਨਾਮੋਨਿਸ਼ਾਨ ਮਿਟ ਗਿਆ। ਉਸਦੇ ਚਾਹੁਣ ਵਾਲਿਆਂ ਵਿੱਚੋਂ ਵੀ ਕਿਸੇ ਨੇ ਇਸ ਮੁੱਦੇ ਨੂੰ ਲੈ ਕੇ ਕੋਈ ਅੰਦੋਲਨ ਖੜਾ ਨਹੀਂ ਸੀ ਕੀਤਾ। ਜੇ ਉਹ ਲੋਕਪੱਖੀ ਰਹੀ ਹੁੰਦੀ ਤਾਂ ਨਿਸ਼ਚੇ ਹੀ ਲੋਕਾਂ ਨੇ ਇਸਨੂੰ ਯਾਦਗਾਰ ਬਣਾ ਕੇ ਸੰਭਾਲ ਲੈਣਾ ਸੀ। 
ਸਾਹਿਰ ਲੁਧਿਆਣਵੀ ਨਾਲ ਉਸਦਾ ਇਸ਼ਕ ਪਤਾ ਨਹੀਂ ਕਿਸ ਅਵਸਥਾ ਵਿਚ ਸ਼ੁਰੂ ਹੋਇਆ ਕਿ ਉਹ ਤੋੜ ਨਹੀਂ ਚੜ੍ਹਿਆ। ਹਾਂ ਉਸਨੇ ਦੱਸਿਆ ਕਿ ਸਾਹਿਰ ਨੇ ਵੀ ਉਸ ਉੱਤੇ ਗੀਤ ਲਿਖੇ ਸਨ। ਇਹ ਗੀਤ ਫ਼ਿਲਮਾਂ ਵਿੱਚ ਵੀ ਮਕਬੂਲ ਹੋਏ। ਉਸਨੇ ਦੱਸਿਆ ਸੀ ਕਿ ਸਾਹਿਰ ਦੇ ਹੋਠਾਂ ਨੂੰ ਲੱਗੀਆਂ ਸਿਗਰਟਾਂ ਦੇ ਸੁੱਟੇ ਹੋਏ ਟੋਟਿਆਂ ਨੂੰ ਉਹ ਆਪਣੇ ਬੁੱਲਾਂ ਨਾਲ ਛੁਹਾਉਂਦੀ ਰਹੀ ਕਿਓਂਕਿ ਇਹਨਾਂ ਸੁੱਟੇ ਹੋਏ ਸਿਗਰਟ-ਟੋਟਿਆਂ ਨੂੰ ਸਾਹਿਰ ਦੇ ਬੁੱਲ ਲੱਗੇ ਹੋਏ ਸਨ। ਇਸ ਗੱਲ ਨੂੰ ਮੁੱਦਾ ਬਣਾ ਕੇ ਇੱਕ ਪਰਸਿੱਧ ਪੰਜਾਬੀ ਅਖਬਾਰ ਨੇ ਉਸਦੇ ਖਿਲਾਫ ਸਿੱਖੀ ਨਜ਼ਰੀਏ ਤੋਂ ਲਗਾਤਾਰ ਇਤਰਾਜ਼ ਵੀ ਉਠਾਏ ਸਨ। ਜਦੋਂ ਉਸ ਨੇ "ਝਨਾਂ ਦੀ ਰਾਤ" ਦੀ ਰਾਤ ਦੇ ਲੇਖਕ ਹਰਿੰਦਰ ਸਿੰਘ ਮਹਿਬੂਬ ਹੁਰਾਂ ਨੂੰ ਇੱਕ ਬਹੁਤ ਵੱਡਾ ਸਨਮਾਨ ਦੁਆਉਣ ਵਿੱਚ ਆਪਣੀ ਕਥਿਤ ਭੂਮਿਕਾ ਨਿਭਾਈ ਤਾਂ ਖੱਬੀਆਂ ਧਿਰਾਂ ਨੇ ਵੀ ਉਸਨੂੰ ਆਪਣੀ ਆਲੋਚਨਾ ਦਾ ਨਿਸ਼ਾਨਾ ਬਣਾਇਆ। ਆਪਣੇ "ਬੋਲਡ ਲਾਈਫ ਸਟਾਈਲ"ਨੂੰ ਲੈ ਕੇ ਜੇ ਉਹ ਬਹੁਤ ਸਾਰੇ ਨਵੇਂ ਲੇਖਕਾਂ ਇੱਕ ਆਦਰਸ਼ ਵੱਜੋਂ ਸਥਾਪਿਤ ਹੋਣ ਦੀ ਕੋਸ਼ਿਸ਼ ਕਰਦੀ ਰਹੀ ਤਾਂ ਡਾ. ਦਲੀਪ ਕੌਰ ਟਿਵਾਣਾ ਵਰਗੀਆਂ ਉਹ ਲੇਖਿਕਾਵਾਂ ਜਿਹੜੀਆਂ ਉਸਦੀਆਂ ਸਮਕਾਲੀ ਸਨ ਉਹਨਾਂ ਨੇ ਵੀ ਉਸਨੂੰ ਆਪਣੀ ਆਲੋਚਨਾ ਦਾ ਨਿਸ਼ਾਨਾ ਬਣਾਇਆ ਅਤੇ ਕਿਹਾ ਕਿ ਇੰਝ ਲੱਗਦਾ ਹੈ ਕਿ ਜਿਵੇਂ ਹੁਣ ਇਹ ਲੇਖਿਕਾ ਆਪਣੇ ਜੀਣ ਥੀਣ ਦੀਆਂ ਮੁਆਫੀਆਂ ਜਿਹੀਆਂ ਮੰਗ ਰਹੀ ਹੋਵੇ। ਇਸੇ ਤਰਾਂ ਅੰਮ੍ਰਿਤਸਰ ਦੀ ਇੱਕ ਪ੍ਰਸਿੱਧ ਲੇਖਿਕਾ ਅਤੇ ਸੰਪਾਦਿਕਾ ਅਨਵੰਤ ਕੌਰ (ਮਾਸਿਕ ਕੰਵਲ) ਨੇ ਇਹਨਾਂ ਸਤਰਾਂ ਦੇ ਲੇਖਕ ਨਾਲ ਗੱਲਬਾਤ ਕਰਦਿਆਂ ਕਰਦਿਆਂ ਬਹੁਤ ਪਹਿਲਾਂ ਇਸ ਵਿਵਾਦਿਤ ਲੇਖਿਕਾ ਬਾਰੇ ਕਿਹਾ ਸੀ ਕਿ ਉਸਨੇ ਇੰਦਰਜੀਤ ਦੀ ਜ਼ਿੰਦਗੀ ਤਬਾਹ ਕਰ ਦਿੱਤੀ। ਇੰਦਰਜੀਤ ਦਾ ਭਾਵ ਉਸ ਚਿਤਰਕਾਰ ਅਤੇ ਸ਼ਾਇਰ ਤੋਂ ਹੈ ਜਿਹੜਾ ਇਮਰੋਜ਼ ਦੇ ਨਾਮ ਨਾਲ ਹਰਮਨ ਪਿਆਰਾ ਹੋਇਆ। 
ਇਸ ਤਰਾਂ ਸਾਰੀ ਉਮਰ ਵਿਵਾਦਾਂ ਵਿੱਚ ਰਹੀ ਇਸ ਲੇਖਿਕਾ ਨੂੰ ਹੁਣ ਆਪਣੇ ਦੇਹਾਂਤ ਮਗਰੋਂ ਵੀ ਵਿਵਾਦਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤਰਕਸ਼ੀਲ ਸੋਸਾਇਟੀ ਨੇ ਕਿਸਾਨ ਮੇਲੇ ਵਿਚਲੇ ਆਪਣੇ ਸਟਾਲ 'ਤੇ ਇੱਕ ਵਿਸ਼ੇਸ਼ ਪੋਸਟਰ ਲਾ ਕੇ ਦੱਸਿਆ ਕਿ 1947 ਦੀ ਵੰਡ ਵੇਲੇ ਵਾਰਿਸ ਸ਼ਾਹ ਨੂੰ ਵਾਜਾਂ ਮਾਰਨ ਵਾਲੀ ਇਹ ਲੇਖਿਕਾ ਖੁਦ 1984 ਵਿੱਚ ਖਾਮੋਸ਼ ਰਹੀ ਸੀ। ਜ਼ਿਕਰਯੋਗ ਹੈ ਕਿ ਸਵਰਗੀ ਪਰਧਾਨ ਮੰਤਰੀ ਇੰਦਰ ਗਾਂਧੀ ਨਾਲ ਆਪਣੀ ਜਾਣੀਪਛਾਣੀ ਨੇੜਤਾ ਵਾਲੀ ਇਸ ਲੇਖਿਕਾ ਦੀ ਇਹ ਖਾਮੋਸ਼ੀ ਵੀ ਅਸਲ ਵਿੱਚ ਕੋਈ ਨਵੀਂ ਨਹੀਂ ਸੀ। ਉਸਨੂੰ ਨਕਸਲੀ ਸੁਰ ਵਾਲੇ ਇੱਕ ਖੱਬੇਪੱਖੀ ਸ਼ਾਇਰ ਨੇ ਵੀ ਆਪਣੀ ਇੱਕ ਰਚਨਾ ਵਿੱਚ ਆਵਾਜ਼ ਮਾਰੀ ਸੀ-
ਤੈਨੂੰ ਆਖਾਂ ਅੰਮ੍ਰਿਤ ਬੀਬੀਏ 
ਕਿਤੋਂ ਦਿੱਲੀਂ ਚੋਂ ਹੀ ਬੋਲ। 
ਹੁਣ ਉਹ ਜਿਸ ਦੁਨੀਆ ਵਿੱਚ ਜਾ ਚੁੱਕੀ ਹੈ ਉਸਨੇ ਤਾਂ ਹੁਣ ਕਿੱਥੋਂ ਬੋਲਣਾ ਹੈ ਪਰ ਅੱਜ ਦੇ ਜਿਹੜੇ ਵੀ ਕਲਮਕਾਰ ਖੁਦ ਨੂੰ ਸ਼ਾਇਰ ਜਾਂ ਲੇਖਕ ਮੰਨਦੇ ਹਨ ਉਹਨਾਂ ਨੂੰ ਇਹ ਜ਼ਰੂਰ ਸਮਝ ਲੈਣਾ ਚਾਹੀਦਾ ਹੈ ਕਿ ਜੇ ਉਹ ਆਪਣੇ ਵੇਲਿਆਂ ਦਾ ਸੱਚ ਬੋਲਣੋ ਖੁੰਝ ਗਏ ਤਾਂ ਇਹ ਗੁਨਾਹ ਉਹਨਾਂ ਦੇ ਦੇਹਾਂਤ ਮਗਰੋਂ ਵੀ ਲੋਕਾਂ ਨੇ ਯਾਦ ਰੱਖਣਾ ਹੈ। ਇਸ ਲਈ ਜੇ ਕਲਮ ਦੀ ਬਖਸ਼ਿਸ਼ ਹੋਈ ਹੈ ਤਾਂ ਇਸ ਨੂੰ ਸੱਚ ਬੋਲਣ ਲਈ ਹੀ ਵਰਤੋਂ। 
ਅੰਤ ਵਿਚ ਏਨਾ ਹੀ ਕਿ ਇਸੀ ਸਟਾਲ 'ਤੇ ਗੌਰੀ ਲੰਕੇਸ਼ ਦਾ ਪੋਸਟਰ ਵੀ ਸੀ ਜਿਸਨੂੰ ਉਸਦੇ ਵਿਚਾਰਾਂ ਕਾਰਨ ਸ਼ਹੀਦ ਕਰ ਦਿੱਤਾ ਗਿਆ ਸੀ। ਇਸ ਤਰਾਂ ਤਰਕਸ਼ੀਲ ਸੋਸਾਇਟੀ ਲੋਕ ਪੱਖੀ ਅਤੇ ਲੋਕ ਵਿਰੋਧੀ ਸ਼ਖਸੀਅਤਾਂ ਵਿਚਾਲੇ ਲਕੀਰ ਖਿੱਚ ਵੀ ਰਹੀ ਹੈ ਅਤੇ ਉਸਨੂੰ ਗੂਹੜਾ ਵੀ ਕਰ ਰਹੀ ਹੈ।  

No comments:

Post a Comment