google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: ਸਿਆਸਤ ਤੋਂ ਸਾਹਿਤ ਵੱਲ-ਸੰਗੀਤਾ ਭੰਡਾਰੀ

Monday 4 March 2019

ਸਿਆਸਤ ਤੋਂ ਸਾਹਿਤ ਵੱਲ-ਸੰਗੀਤਾ ਭੰਡਾਰੀ

ਜਲਦੀ ਹੀ ਆ ਸਕਦੀ ਹੈ ਪਹਿਲੀ ਪੁਸਤਕ
ਲੁਧਿਆਣਾ: 3 ਮਾਰਚ 2019: (ਰੈਕਟਰ ਕਥੂਰੀਆ//ਸਾਹਿਤ ਸਕਰੀਨ):: More Pics on Facebook
ਸਾਹਿਤ ਪੜ੍ਹ ਕੇ ਪ੍ਰਭਾਵਿਤ ਹੋਣਾ ਅਤੇ ਫਿਰ ਕਿਸੇ ਵਿਸ਼ੇਸ਼ ਸਿਆਸੀ ਵਿਚਾਰਧਾਰਾ ਵੱਲ ਖਿੱਚੇ ਜਾਣਾ--ਅਜਿਹਾ ਅਕਸਰ ਹੁੰਦਾ ਰਿਹਾ ਹੈ। ਬਹੁਤ ਸਾਰੇ ਲੋਕ ਗਾਂਧੀ ਜੀ ਬਾਰੇ ਪੜ੍ਹ ਸੁਣ ਕੇ ਗਾਂਧੀਵਾਦੀ ਬਣ ਗਏ। ਬਹੁਤ ਸਾਰੇ ਲੋਕ ਸ਼ਹੀਦ ਭਗਤ ਸਿੰਘ  ਦੀਆਂ ਲਿਖਤਾਂ ਪੜ੍ਹ ਕੇ ਸ਼ਹੀਦਾਂ ਦੇ ਪੈਰੋਕਾਰ ਬਣ ਗਏ। ਜਸਵੰਤ ਸਿੰਘ ਕੰਵਲ ਹੁਰਾਂ ਦਾ ਬਹੁਚਰਚਿਤ ਨਾਵਲ "ਰਾਤ ਬਾਕੀ ਹੈ" ਪੜ੍ਹ ਕੇ ਲੋਕ ਕਮਿਊਨਿਜ਼ਮ ਵੱਲ ਖਿੱਚੇ ਚਲੇ ਆਏ ਅਤੇ "ਲਹੂ  ਦੀ ਲੋਅ" ਨੂੰ ਪੜ੍ਹ ਕੇ ਲੋਕ ਨਕਸਲਬਾੜੀ ਦੀ ਵਿਚਾਰਧਾਰਾ ਵੱਲ ਆਕਰਸ਼ਿਤ ਹੋਏ। ਪਰ ਅਜਿਹਾ ਬਹੁਤ ਘੱਟ ਦੇਖਿਆ ਜਦੋਂ ਲੋਕ ਉਮਰ ਦਾ ਬਹੁਤ ਸਾਰਾ ਹਿੱਸਾ ਕਿਸੇ ਖਾਸ ਸਿਆਸੀ ਅਤੇ ਧਾਰਮਿਕ ਵਿਚਾਰਧਾਰਾ ਨਾਲ ਪ੍ਰਤੀਬੱਧ ਹੋ ਕੇ ਗੁਜ਼ਾਰਨ ਮਗਰੋਂ ਲੋਕ ਪੱਖੀ ਸਾਹਿਤ ਵੱਲ ਆ ਗਏ ਹੋਣ। ਸ਼ਾਇਦ ਅਜਿਹਾ ਹੁੰਦਾ ਵੀ ਰਿਹਾ ਹੋਵੇ ਅਤੇ ਮੈਨੂੰ ਇਸਦਾ ਪਤਾ ਨਾ ਹੋਵੇ। 
ਤਿੰਨ ਮਾਰਚ 2019 ਨੂੰ ਪੰਜਾਬੀ ਭਵਨ ਵਿੱਚ ਮਿੰਨੀ ਕਹਾਣੀ ਨੂੰ ਲੈ ਕੇ ਇੱਕ ਸਮਾਗਮ ਸੀ। ਬਹੁਤ ਚਿਰ ਪਹਿਲਾਂ ਸ਼ਾਇਦ ਸੱਤਰਵਿਆਂ ਵਿੱਚ ਬੜੀ ਬੁਲੰਦੀ ਨਾਲ ਅਸਮਾਨ ਛੂਹਣ ਵਾਲੀ ਇਸ ਵਿਧਾ ਨੇ ਇੱਕ ਲਹਿਰ ਦਾ ਅਹਿਸਾਸ ਕਰਾਇਆ ਸੀ।  ਉਹ ਸੀ ਮਿੰਨੀ ਕਹਾਣੀ ਦੀ ਲਹਿਰ। ਦੇਸ਼ ਭਰ ਵਿੱਚ ਮਿੰਨੀ ਕਹਾਣੀ ਲਿਖੀ ਜਾ ਰਹੀ ਸੀ। ਵੱਖ ਵੱਖ ਭਾਸ਼ਾਵਾਂ ਵਿੱਚ ਲਿਖੀ ਜਾ ਰਹੀ ਸੀ।  ਇਸਦੇ ਅਨੁਵਾਦ ਵੀ ਹੋ ਰਹੇ ਸਨ। ਬਹੁਤ ਸਾਰੇ ਹਿੰਦੀ ਪਰਚਿਆਂ ਨੇ ਤਾਂ ਅੰਤਰਰਾਸ਼ਟਰੀ ਮਿੰਨੀ ਕਹਾਣੀ ਅੰਕ ਵੀ ਛਾਪੇ। ਹਿੰਦੀ ਅਤੇ ਪੰਜਾਬੀ ਦੋਹਾਂ ਵਿੱਚ ਹੀ ਇਹ ਵਿਧਾ ਬਹੁਤ ਹੀ ਮਕਬੂਲ ਵੀ ਹੋਈ। "ਅਜੀਤ" ਅਖਬਾਰ ਨੇ ਉਸ ਵੇਲੇ ਦੇ ਮੰਨੇ ਪ੍ਰਮੰਨੇ ਮੈਗਜ਼ੀਨ ਐਡੀਟਰ ਬਲਦੇਵ ਗਰੇਵਾਲ ਹੁਰਾਂ ਦੀ ਦੇਖਰੇਖ ਹੇਠ ਮਿੰਨੀ ਕਹਾਣੀ ਦੇ ਵਿਸ਼ੇਸ਼ ਅੰਕ ਵਰਗੇ ਕਈ ਅੰਕ ਵੀ ਕੱਢੇ। ਐਤਵਾਰ ਅਤੇ ਵੀਰਵਾਰ ਦੇ ਐਡੀਸ਼ਨਾਂ ਵਿੱਚ ਮਿੰਨੀ ਕਹਾਣੀਆਂ ਨੂੰ ਬਹੁਤ ਹੀ ਆਕਰਸ਼ਕ ਢੰਗ ਨਾਲ ਛਾਪਿਆ ਜਾਂਦਾ ਸੀ। ਸਾਹਿਤ ਰਸੀਏ ਵੀ ਮਿੰਨੀ ਕਹਾਣੀਆਂ ਨੂੰ ਫਟਾਫਟ ਪੜ੍ਹ ਲੈਂਦੇ। 
ਇਸੇ ਤਰਾਂ ਹਿੰਦੀ ਮਿਲਾਪ ਅਖਬਾਰ ਨੇ ਜਨਾਬ ਸਿਮਰ ਸਦੋਸ਼ ਹੁਰਾਂ ਦੀ ਦੇਖਰੇਖ ਹੇਠ ਮਿੰਨੀ ਕਹਾਣੀਆਂ ਦੇ ਦੋ ਵਿਸ਼ੇਸ਼ ਅੰਕ ਵੀ ਛਾਪੇ। ਇਹ ਐਡੀਸ਼ਨ ਮੇਰੇ ਕੋਲ ਬਹੁਤ ਦੇਰ ਤੱਕ ਸੰਭਾਲੇ ਵੀ ਰਹੇ ਪਰ ਨਵਾਂ ਮੁਹੱਲਾ ਨਾਮ ਵਾਲੇ ਬਹੁਤ ਹੀ ਪੁਰਾਣੇ ਇਲਾਕੇ ਵਿੱਚ ਕੱਚਾ ਮਕਾਨ ਸੀ ਆਖਿਰ ਕਦੋਂ ਤੱਕ ਬਰਸਾਤਾਂ ਦੀ ਮਾਰ ਸਹਿੰਦਾ।  ਇੱਕ ਇੱਕ ਕਰਕੇ ਤਿੰਨੇ ਕਮਰੇ ਡਿੱਗ ਪਏ ਅਤੇ ਇਸਦੇ ਨਾਲ ਹੀ ਬਹੁਤ ਸਾਰਾ ਰਿਕਾਰਡ ਵੀ ਮਲਬਾ ਹੀ ਬਣ ਗਿਆ। ਉਸ ਰਿਕਾਰਡ ਵਿੱਚ ਛਪੀਆਂ ਅਤੇ ਅਣਛਪੀਆਂ ਮਿੰਨੀ ਕਹਾਣੀਆਂ ਵੀ ਸਨ। 
ਤਿੰਨ ਮਾਰਚ 2019 ਵਾਲੇ ਸਮਾਗਮ ਵਿੱਚ ਬਹੁਤ ਸਾਰੇ ਨਵੇਂ ਚਿਹਰੇ ਵੀ ਸਨ ਪਰ "ਅਣੂ" ਦੇ ਸੰਪਾਦਕ ਸੁਰਿੰਦਰ ਕੈਲੇ,  ਡਾਕਟਰ ਸ਼ਿਆਮ ਸੁੰਦਰ ਦੀਪਤੀ, ਹਰਭਜਨ ਖੇਮਕਰਨੀ ਅਤੇ ਕਈ ਹੋਰਾਂ ਨੂੰ ਦੇਖ ਕੇ ਪੁਰਾਣੇ ਵੇਲੇ ਦੀਆਂ ਬਹੁਤ ਸਾਰੀਆਂ ਸਾਹਿਤਿਕ ਸਰਗਰਮੀਆਂ ਯਾਦ ਆ ਗਈਆਂ। ਇਹ ਗੱਲ ਵੱਖਰੀ ਹੈ ਕਿ ਹੁਣ ਇਹਨਾਂ ਪੁਰਾਣੇ ਚਿਹਰਿਆਂ ਨਾਲ ਵੀ ਤਕਰੀਬਨ ਤਕਰੀਬਨ ਦੋਬਾਰਾ ਜਾਣ ਪਛਾਣ ਕਰਨ-ਕਰਾਉਣ ਵਾਲੀ ਹਾਲਤ ਬਣ ਗਈ ਹੈ। ਜ਼ਿੰਦਗੀ ਦੇ ਹਾਲਾਤਾਂ ਨੇ ਸਾਨੂੰ ਏਨਾ ਬਦਲ ਦਿੱਤਾ ਹੈ ਕਿ ਇੱਕ ਵਾਰ ਫੇਰ ਸਾਨੂੰ ਇੱਕ ਦੂਜੇ ਨਾਲ ਤੁਆਰਫ਼ ਦੀ ਲੋੜ ਮਹਿਸੂਸ ਹੁੰਦੀ ਹੈ। ਇਨਕਲਾਬ ਤਾਂ ਅਜੇ ਤੱਕ ਆਉਂਦਾ ਨਜ਼ਰ ਨਹੀਂ ਆਉਂਦਾ ਪਰ ਇੱਕ ਬਹੁ ਚਰਚਿਤ ਸ਼ਿਅਰ ਅਕਸਰ ਯਾਦ ਆ ਜਾਂਦਾ ਹੈ-
ਜ਼ਿੰਦਗੀ ਕਾ ਦਰਦ  ਲੇ ਕਰ ਇਨਕਲਾਬ ਆਇਆ ਤੋਂ ਕਿਆ !
ਜਨਾਬ ਸ਼ਕੀਲ ਬਦਾਉਣੀ ਇਹ ਸ਼ਿਅਰ ਅਕਸਰ ਕਈ ਕਈ ਵਾਰ ਯਾਦ ਆਉਂਦਾ--ਪਤਾ ਨਹੀਂ ਕਿਓਂ--ਕਿ ਰਾਬਤਾ ਜੁੜ ਗਿਆ ਇਸ ਸ਼ਿਅਰ ਨਾਲ। ਇੱਕ ਵਾਰ ਕਵਰੇਜ ਦੌਰਾਨ ਬਹੁਤ ਦੇਰ ਹੋ ਗਈ। ਹਨੇਰਾ ਹੋਣ ਲੱਗ ਪਿਆ। ਅਚਾਨਕ ਇੱਕ ਫੋਨ ਕਾਲ ਆਈ ਕਿ ਇੱਕ ਲੜਕੀ ਆਪਣੇ  ਪਰਿਵਾਰ ਨਾਲ ਹੁਣ ਰਾਤ ਵੇਲੇ ਵੀ ਡੀਸੀ ਦਫਤਰ ਦੇ ਸਾਹਮਣੇ ਹੀ ਸੌਂਵੇਂਗੀ ਕਿਓਂਕਿ ਡੀਸੀ ਦਫਤਰ ਦੇ ਸਟਾਫ ਨੇ ਉਸਨੂੰ ਪੂਰਾ ਦਿਨ ਬਿਠਾਈ ਰੱਖਿਆ ਅਤੇ ਡੀਸੀ ਨਾਲ ਨਹੀਂ ਸੀ ਮਿਲਣ ਦਿੱਤਾ। ਗੱਲ ਬੜੀ ਅਜੀਬ ਸੀ।  ਜਾ ਕੇ ਦੇਖਿਆ ਤਾਂ ਇਹ ਸਭ ਕੁਝ ਸੱਚ ਸੀ। ਉਸ ਰਾਤ ਦੀਆਂ ਫੋਟੋ ਖਿੱਚੀਆਂ। ਅਖਬਾਰਾਂ ਵਿੱਚ ਵੀ ਛਪ ਗਈਆਂ। ਅਗਲੀ ਸਵੇਰ ਸ ਕੋਲ ਪਹੁੰਚਣ ਵਾਲੀਆਂ ਮਹਿਲਾ ਲੀਡਰਾਂ ਵਿੱਚ ਮੈਡਮ ਸੰਗੀਤਾ ਭੰਡਾਰੀ ਵੀ ਸੀ। ਮੈਡਮ ਸੰਗੀਤਾ ਭੰਡਾਰੀ ਨੇ ਹੀ ਡੀਸੀ ਸਾਹਿਬ ਨਾਲ ਉਸ ਪੀੜਿਤ ਪਰਿਵਾਰ ਦੀ ਮੁਲਾਕਾਤ ਕਰਵਾਈ। ਹੁਣ ਉਹ ਲੜਕੀ ਸੈਟਲ ਹੋ ਕੇ ਕਿਸੇ ਬਾਹਰਲੇ ਦੇਸ਼ ਵਿਚ ਚਲੀ ਗਈ ਹੈ। ਅਜਿਹੇ ਕਈ ਮਾਮਲੇ ਅਕਸਰ ਨਜ਼ਰ ਆ ਜਾਂਦੇ ਜਿਹਨਾਂ ਵਿੱਚ ਮੈਡਮ ਸੰਗੀਤ ਭੰਡਾਰੀ ਨਾ ਦਿਨ ਦੇਖਦੀ ਨਾ ਰਾਤ ਪਰ ਪੀੜਿਤ ਨੂੰ ਰਾਹਤ ਜ਼ਰੂਰ ਦੁਆਉਂਦੀ। ਫਿਰ "ਅਹਿਸਾਸ" ਨਾਮ ਦੀ ਸੰਸਥਾ ਵੀ ਬਣਾਈ। ਇਸ ਚੈਰਿਟੇਬਲ ਸੰਸਥਾ "ਅਹਿਸਾਸ" ਰਾਹੀਂ  ਵੀ ਅਕਸਰ ਅਜਿਹੇ ਬਹੁਤ ਸਾਰੇ ਕੰਮ ਕੀਤੇ। ਸਿਆਸੀ ਰਾਬਤਾ ਬੀਜੇਪੀ ਨਾਲ ਅਤੇ ਧਾਰਮਿਕ ਰਾਬਤਾ ਹਿੰਦੂ ਧਰਮ ਨਾਲ ਪਰ ਕੰਮ ਕਰਾਉਣ ਵੇਲੇ ਸਿਰਫ ਇਨਸਾਨੀਅਤ ਵਾਲਾ ਨਾਤਾ। 
ਉਹੀ ਸੰਗੀਤਾ ਭੰਡਾਰੀ ਪੰਜਾਬੀ ਭਵਨ ਦੇ ਸਮਾਗਮ ਵਿੱਚ ਮੌਜੂਦ ਸੀ। ਮੀਡੀਆ ਵਾਲਿਆਂ ਨੂੰ ਭੈੜੀ ਆਦਤ ਹੁੰਦੀ ਹੈ ਸ਼ੱਕ ਦੀ ਆਦਤ। ਹਰ ਗੱਲ ਵਿੱਚ ਸ਼ੱਕ। ਆਦਤ ਤਾਂ ਮਾੜੀ ਹੈ ਪਰ ਹਕੀਕਤ ਲੱਭਣ ਵਿੱਚ ਇਹੀ ਆਦਤ ਕਈ ਕਈ ਵਾਰ ਸਹਾਇਕ ਵੀ ਬਣਦੀ ਹੈ। ਸਾਹਿਤਿਕ ਸਮਾਗਮ ਵਿੱਚ ਇੱਕ ਸਿਆਸੀ ਲੀਡਰ ਨੂੰ ਦੇਖ ਕੇ ਮਨ ਵਿੱਚ ਖਿਆਲ ਆਇਆ ਕਿ ਇਥੇ ਵੀ ਕਿਤੇ ਕੋਈ ਸਿਆਸਤ ਤਾਂ ਨਹੀਂ? ਮੰਚ ਅਤੇ ਪਰਬੰਧ ਵਿੱਚ ਖੱਬੀ ਧਿਰ ਵਾਲੇ ਭਾਰੂ ਸਨ। ਉਹਨਾਂ ਆਪਣੇ ਮਤੇ ਪਾਸ ਕਰਨ ਲੱਗਿਆਂ ਇਸ ਗੱਲ ਨੂੰ ਲੁਕਾਇਆ ਵੀ ਨਹੀਂ। ਮੈਂ ਸੋਚ ਰਿਹਾ ਸਾਂ ਕਿ ਇਹ ਕੀ ਹੋ ਰਿਹਾ ਹੈ? ਏਨੇ ਵਿੱਚ ਹੀ ਸੰਗੀਤਾ ਮੈਡਮ ਮੰਚ ਤੇ ਪੁੱਜੀ।  ਉਮੀਦ ਸੀ ਕਿਸੇ ਸਿਆਸੀ ਗੱਲ ਦੀ ਪਰ ਇਥੇ ਤਾਂ ਸ਼ੁੱਧ ਸਾਹਿਤਿਕ ਗੱਲ ਸ਼ੁਰੂ ਹੋ ਗਈ।  ਉਹਨਾਂ ਆਪਣੇ ਸਾਹਿਤਿਕ ਅਨੁਭਵ ਸਾਂਝੇ ਕੀਤੇ ਅਤੇ ਬਹੁਤ ਸਾਰੇ ਸੁਝਾਅ ਵੀ ਦਿੱਤੇ। ਤਿੰਨ ਚਾਰ ਕਹਾਣੀਆਂ ਬਾਰੇ ਵੀ ਗੱਲਾਂ ਕੀਤੀਆਂ। ਮੈਂ ਹੈਰਾਨ ਸਾਂ। ਸਿਆਸਤ ਤੋਂ ਸਾਹਿਤ ਵੱਲ ਸਫਰ? ਕਿਤੇ ਮੈਂ ਸੁਪਨਾ ਤਾਂ ਨਹੀਂ ਦੇਖ ਰਿਹਾ?
ਏਨੇ 'ਚ ਲੰਚ ਬ੍ਰੇਕ ਹੋ ਗਈ। ਸਵੇਰੇ ਦੇ ਭੁੱਖਣ ਭਾਣੇ ਬੈਠੇ ਲੇਖਕ ਲੋਕ ਲੰਚ ਟੇਬਲ ਵੱਲ ਜਾਣ ਦੀ ਬਜਾਏ ਸੰਗੀਤਾ ਭੰਡਾਰੀ ਹੁਰਾਂ ਦਾ ਮੋਬਾਈਲ ਨੰਬਰ ਲੈ ਰਹੇ ਸਨ। ਆਪਣੇ ਪਤੇ ਨੋਟ ਕਰਵਾ ਰਹੇ ਸਨ।  ਆਪਣੀਆਂ ਕਿਤਾਬਾਂ ਭੇਂਟ ਕਰ ਰਹੇ ਸਨ। ਉਸ ਵੇਲੇ ਮੈਨੂੰ ਅਹਿਸਾਸ ਹੋਇਆ ਕਿ ਇਹ ਸਾਹਿਤਿਕ ਜਗਤ ਵਿੱਚ ਛੇਤੀ ਹੀ ਲੋਕਾਂ ਸਾਹਮਣੇ ਆਉਣ ਵਾਲਾ ਇੱਕ ਨਵਾਂ ਹਸਤਾਖਰ ਹੈ ਸੰਗੀਤਾ ਭੰਡਾਰੀ। ਜ਼ਿੰਦਗੀ ਵਿੱਚ ਦੁੱਖਾਂ ਮਾਰੇ ਲੋਕਾਂ ਨਾਲ ਸੰਗੀਤਾ ਭੰਡਾਰੀ ਦਾ ਇਨਸਾਨੀਅਤ ਵਾਲਾ ਨਾਤਾ ਕਾਫੀ ਪੁਰਾਣਾ ਹੈ। ਇਨਸਾਨੀਅਤ ਦੇ ਇਸ ਰਿਸ਼ਤੇ ਨਾਤੇ ਨੇ ਹੀ ਅਕਸਰ ਉਹਨਾਂ ਨੂੰ ਬਹੁਤ ਸਾਰੀਆਂ ਅਜਿਹੀਆਂ ਹਕੀਕਤਾਂ ਤੋਂ ਰੂਬਰੂ ਵੀ ਕਰਵਾਇਆ ਜਿਹਨਾਂ ਦਾ ਸਾਹਮਣਾ ਕਰਕੇ ਕਦੇ ਕਿਸੇ ਸ਼ਾਇਰ ਨੇ ਆਖਿਆ ਸੀ:
ਤੁਝਸੇ ਨਾਰਾਜ਼ ਨਹੀਂ ਜ਼ਿੰਦਗੀ
ਹੈਰਾਨ ਹੂੰ ਮੈਂ---
ਮੈਡਮ ਸੰਗੀਤਾ ਭੰਡਾਰੀ ਨੇ ਕੁਝ ਕਹਾਣੀਆਂ ਲਿਖ ਲਈਆਂ ਹਨ। ਬਾਕੀਆਂ 'ਤੇ ਮੇਹਨਤ ਜਾਰੀ ਹੈ। ਉਮੀਦ ਹੈ ਕਲਮ ਦੀ ਇਹ ਸਾਧਨਾ ਜਲਦੀ ਹੀ ਸਾਹਿਤ ਨੂੰ ਹੋਰ ਅਮੀਰ ਕਰੇਗੀ। 

No comments:

Post a Comment