google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: ਪਰਵਾਸ ਦਾ ਯੋਰਪੀਨ ਅੰਕ ਲੋਕ ਅਰਪਨ

Friday 15 July 2022

ਪਰਵਾਸ ਦਾ ਯੋਰਪੀਨ ਅੰਕ ਲੋਕ ਅਰਪਨ

15th July 2022 at 6:49 PM

 ਪਰਵਾਸੀ ਸਾਹਿੱਤ ਅਧਿਐਨ ਕੇਂਦਰ ਲੁਧਿਆਣਾ ਵੱਲੋਂ ਵਿਸ਼ੇਸ਼ ਉਪਰਾਲਾ 


ਲੁਧਿਆ
ਣਾਃ 15 ਜੁਲਾਈ 2022: (ਸਾਹਿਤ ਸਕਰੀਨ ਬਿਊਰੋ):: 

ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਲੁਧਿਆਣਾ ਦੇ ਪਰਵਾਸੀ ਸਾਹਿਤ ਅਧਿਐਨ ਕੇਂਦਰ ਵੱਲੋਂ ਅੱਜ ਪਰਵਾਸ ਮੈਗਜ਼ੀਨ ਦਾ ਅਠਾਰ੍ਹਵਾਂ ਅੰਕ  ਭਾਗ ਪਹਿਲਾ ਯੋਰਪੀਨ ਲੇਖਕ ਤੇ ਪੰਜਾਬੀ ਸਾਹਿੱਤ ਲੋਕ ਅਰਪਨ ਸਮਾਗਮ ਕੀਤਾ ਗਿਆ।  ਜਿਸ ਵਿੱਚ ਸ. ਮੋਤਾ ਸਿੰਘ ਸਰਾਏ ਸੰਚਾਲਕ ਪੰਜਾਬੀ ਸੱਥ ਯੂ. ਕੇ. ਅਤੇ ਡਾ. ਗੁਰਬਖ਼ਸ਼ ਸਿੰਘ ਭੰਡਾਲ ਪ੍ਰੋਫ਼ੈਸਰ ਕਲੀਵਲੈਂਡ ਯੂਨੀਵਰਸਿਟੀ ਅਮਰੀਕਾ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ  ਕੀਤੀ।
ਡਾ. ਸ. ਪ. ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਅਤੇ ਮੌਜੂਦਾ ਪ੍ਰਧਾਨ ਗੁਜਰਾਂਵਾਲਾ ਖਾਲਸਾ ਐਜੂਕੇਸ਼ਨਲ ਕੌਂਸਲ ਨੇ ਸਭ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਪਰਵਾਸ ਦੇ ਇਸ ਅੰਕ ਬਾਰੇ ਸਰੋਤਿਆਂ ਨੂੰ ਜਾਣਕਾਰੀ ਦਿੱਤੀ।
ਡਾਃ ਸ ਪ ਸਿੰਘ  ਨੇ ਕਿਹਾ ਕਿ ਇਸ ਅੰਕ ਵਿਚ ਬਰਤਾਨੀਆ ਨੂੰ ਛੱਡ ਕੇ ਯੂਰੋਪ (ਇਟਲੀ, ਜਰਮਨੀ, ਗਰੀਸ, ਪੁਰਤਗਾਲ, ਫਰਾਂਸ, ਸਵੀਡਨ, ਬੈਲਜੀਅਮ ਆਦਿ) ਦੇ ਗਿਆਰਾਂ ਮੁਲਕਾਂ ਵਿੱਚ ਸਰਗਰਮ  46 ਪੰਜਾਬੀ ਲੇਖਕਾਂ ਦਾ ਜੀਵਨ ਬਿਓਰਾ,ਉਨ੍ਹਾਂ ਦੀਆਂ ਰਚਨਾਵਾਂ ਅਤੇ ਯੂਰਪ ਵਿਚ ਦੋ ਸਰਗਰਮ ਪੰਜਾਬੀ ਸਾਹਿਤ ਸਭਾਵਾਂ ਸਾਹਿਤ ਸੁਰ ਸੰਗਮ ਸਭਾ ਇਟਲੀ ਅਤੇ ਪੰਜ ਨਾਦ ਸੰਸਥਾ ਜਰਮਨੀ ਦੀ ਸਥਾਪਨਾ ਤੇ ਹੁਣ ਤਕ ਦੀਆਂ ਕਾਰਗੁਜ਼ਾਰੀਆਂ ਬਾਰੇ ਲੇਖ ਸ਼ਾਮਲ ਹਨ।
ਪ੍ਰੋ. ਗੁਰਭਜਨ ਗਿੱਲ ਚੇਅਰਮੈਨ ਲੋਕ ਵਿਰਾਸਤ ਅਕਾਡਮੀ ਅਤੇ ਮੁੱਖ ਸਲਾਹਕਾਰ 'ਪਰਵਾਸ' ਮੈਗਜ਼ੀਨ ਦੇ ਮੁੱਖ ਸਲਾਹਕਾਰ ਨੇ ਕਿਹਾ ਕਿ 'ਪਰਵਾਸ' ਮੈਗਜ਼ੀਨ ਪੰਜਾਬ ਵਿੱਚ ਹੀ ਨਹੀਂ ਬਲਕਿ ਜਿੱਥੇ ਕਿਤੇ ਵੀ ਪੰਜਾਬੀ ਪਾਠਕ ਅਤੇ ਲੇਖਕ ਵੱਸਦਾ ਹੈ ਉੱਥੇ ਇਸ ਨੂੰ ਹਰਮਨ ਪਿਆਰਤਾ ਮਿਲੀ ਹੈ। ਇਸ ਦਾ ਕਾਰਨ ਇਹ ਹੈ ਕਿ ਪਰਵਾਸ ਮੈਗਜ਼ੀਨ ਪਰਵਾਸੀ ਲੇਖਕਾਂ ਨੂੰ ਆਰਥਿਕ, ਮਾਨਸਿਕ ਸੋਸ਼ਣ ਤੋਂ ਬਚਾਉਣ ਵਿੱਚ ਵੱਡੀ ਭੂਮਿਕਾ ਨਿਭਾ ਰਿਹਾ ਹੈ।
ਡਾ. ਗੁਰਬਖ਼ਸ਼ ਸਿੰਘ ਭੰਡਾਲ ਨੇ ਇਸ ਮੌਕੇ ਆਪਣੇ ਬਚਪਨ ਵਿੱਦਿਆ ਸਾਹਿਤ ਸਿਰਜਣਾ ਦਾ ਸਫ਼ਰ, ਕਲੀਵਲੈਂਡ ਸਟੇਟ ਯੂਨੀਵਰਸਿਟੀ ਅਮਰੀਕਾ ਵਿਚ ਆਪਣੇ   ਅਧਿਆਪਨ ਦੇ ਤਜ਼ਰਬੇ ਤੇ ਪਰਵਾਸ ਦੇ ਅਨੁਭਵ ਸਰੋਤਿਆਂ ਨਾਲ ਸਾਂਝੇ ਕੀਤੇ।
ਸ. ਮੋਤਾ ਸਿੰਘ ਸਰਾਏ ਸੰਚਾਲਕ ਪੰਜਾਬੀ ਸੱਥ ਯੂ. ਕੇ. ਨੇ  ਕਿਹਾ ਕਿ ਅੱਜ ਵਿਸ਼ਵ ਦੇ ਹਰ ਖਿੱਤੇ ਵਿੱਚ ਜਿੱਥੇ ਵੀ ਪਰਵਾਸੀ ਸਾਹਿਤਕਾਰ ਵੱਸੇ ਹੋਏ ਹਨ ਉਥੇ ਉਹ ਪੰਜਾਬੀ ਮਾਂ ਬੋਲੀ ਅਤੇ ਲੋਕ ਵਿਰਾਸਤ ਨੂੰ ਸੰਭਾਲਣ ਲਈ ਯਤਨਸ਼ੀਲ ਹਨ ਕਿਉਂਕਿ ਉਨ੍ਹਾਂ ਦੀ ਮਾਤ ਭਾਸ਼ਾ ਉਨ੍ਹਾਂ ਦੀ ਰੂਹ ਦੀ ਬੋਲੀ ਹੈ  ਉਨ੍ਹਾਂ ਨੇ ਇੰਗਲੈਂਡ ਵਿੱਚ ਪੰਜਾਬੀਆਂ ਦੇ ਮੁੱਢਲੇ ਪਰਵਾਸ ਬਾਰੇ ਵੀ ਇਤਿਹਾਸ ਦੇ ਹਵਾਲੇ ਨਾਲ ਗੱਲ ਕੀਤੀ। ਪਰਵਾਸੀ ਸਾਹਿਤ ਅਧਿਐਨ ਕੇਂਦਰ ਵੱਲੋਂ ਸ. ਮੋਤਾ ਸਿੰਘ ਸਰਾਏ ਤੇ ਡਾ. ਗੁਰਬਖ਼ਸ਼ ਸਿੰਘ ਭੰਡਾਲ ਨੂੰ ਫੁਲਕਾਰੀਆਂ ,ਸਨਮਾਨ ਚਿੰਨ੍ਹ ਅਤੇ ਪਰਵਾਸ ਮੈਗਜ਼ੀਨ ਦੇ ਅੰਕ ਦੇ ਕੇ ਸਨਮਾਨਤ ਕੀਤਾ ਗਿਆ।  
ਕਾਲਜ ਦੇ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਨੇ ਸਭਨਾਂ ਦਾ ਰਸਮੀ ਤੌਰ ਤੇ ਧੰਨਵਾਦ ਕਰਦੇ ਹੋਏ ਕਿਹਾ ਕਿ  ਵਿਦੇਸ਼ਾਂ ਵਿੱਚ ਪੰਜਾਬੀ ਸਾਹਿਤ ਅਤੇ ਭਾਸ਼ਾ ਦਾ ਪਰਚਮ ਲਹਿਰਾਉਣ ਵਾਲੇ ਦੋ ਦਾਨਿਸ਼ਮੰਦ ਵਿਅਕਤੀਆਂ ਹੱਥੋਂ ਪਰਵਾਸ ਦੇ ਅਠਾਰ੍ਹਵੇਂ ਅੰਕ ਦਾ ਰਿਲੀਜ਼ ਹੋਣਾ ਆਪਣੇ ਆਪ ਵਿੱਚ ਹੀ ਮਾਣ ਤੇ ਖ਼ੁਸ਼ੀ  ਦੀ ਗੱਲ ਹੈ।
ਇਸ ਮੌਕੇ  ਡਾ. ਗੁਰਇਕਬਾਲ ਸਿੰਘ ਜਨਰਲ ਸਕੱਤਰ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਪ੍ਰੋ ਰਵਿੰਦਰ ਭੱਠਲ ਸਾਬਕਾ ਪ੍ਰਧਾਨ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ,ਸ. ਹਰਸ਼ਰਨ ਸਿੰਘ ਨਰੂਲਾ ਕੌਂਸਲ ਮੈਂਬਰ,  ਪ੍ਰੋ. ਮਨਜੀਤ ਸਿੰਘ ਛਾਬੜਾ ਡਾਇਰੈਕਟਰ ਜੀ.ਜੀ.ਐਨ.ਆਈ.ਐਮ
ਟੀ,ਪੰਜਾਬੀ ਸ਼ਾਇਰ ਤ੍ਰੈਲੋਚਨ ਲੋਚੀ, ਪੰਜਾਬੀ ਵਿਭਾਗ ਦੇ ਮੁਖੀ ਡਾ. ਭੁਪਿੰਦਰ ਸਿੰਘ, ਡਾ. ਗੁਰਪ੍ਰੀਤ ਸਿੰਘ, ਪ੍ਰੋ. ਸ਼ਰਨਜੀਤ ਕੌਰ, ਅੰਮ੍ਰਿਤਪਾਲ ਸਿੰਘ ਸਰਾਏ ਤੇ ਰਜਿੰਦਰ ਸਿੰਘ ਸੰਧੂ ਸਹਿ ਸੰਪਾਦਕ ਪਰਵਾਸ ਵੀ ਹਾਜ਼ਰ ਰਹੇ।

No comments:

Post a Comment