google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: ਚਿੰਤਾ, ਚਿੰਤਨ ਤੇ ਚੇਤਨਾ ਦੀ ਸੰਵੇਦਨਸ਼ੀਲ ਪੇਸ਼ਕਾਰੀ//ਅਰਵਿੰਦਰ ਕੌਰ ਕਾਕੜਾ (ਡਾ਼)

Wednesday 29 August 2018

ਚਿੰਤਾ, ਚਿੰਤਨ ਤੇ ਚੇਤਨਾ ਦੀ ਸੰਵੇਦਨਸ਼ੀਲ ਪੇਸ਼ਕਾਰੀ//ਅਰਵਿੰਦਰ ਕੌਰ ਕਾਕੜਾ (ਡਾ਼)

Aug 26, 2018, 9:31 AM
ਗੁਰਪਰੀਤ ਸਿੰਘ ਤੂਰ ਦੀ ਕਲਮ ਖੋਹਲਦੀ ਹੈ ਮਸਲਿਆਂ ਦੀਆਂ ਕਈ ਪਰਤਾਂ
ਲੇਖਕ ਇੱਕ ਸੰਵੇਦਨਸ਼ੀਲ ਵਰਗ ਹੈ। ਸਮਾਜ ਵਿੱਚ ਵਾਪਰਦਾ ਹਰ ਵਰਤਾਰਾ ਉਸਨੂੰ ਪ੍ਰਭਾਵਿਤ ਕਰਦਾ ਹੈ। ਹਰ ਲੇਖਕ ਦੀ ਵਰਤਾਰੇ ਪ੍ਰਤੀ ਆਪਣੀ ਆਪਣੀ ਪਹੁੰਚ ਹੁੰਦੀ ਹੈ ਜੋ ਕਿ ਉਸ ਦੀ ਦ੍ਰਿਸ਼ਟੀ ਨੂੰ ਉਭਾਰਦੀ ਹੈ। ਪੰਜਾਬੀ ਸਾਹਿਤ ਬਾਰੇ ਅਕਸਰ ਕਿਹਾ ਜਾਂਦਾ ਹੈ ਕਿ ਇਹ ਹਮੇਸ਼ਾ ਹੀ ਲੋਕ-ਹਿੱਤਾਂ ਦੀ ਗੱਲ ਕਰਦਾ ਰਿਹਾ ਹੈ। ਅੱਜ ਜਦੋਂ ਸਮਾਜ ਵਿਚਲੀ ਸਥਿਤੀ ਨੂੰ ਦੇਖੀਏ ਤਾਂ ਬਹੁਤ ਸਾਰੇ ਸੁਆਲ ਲੇਖਕ ਵਰਗ ਸਾਹਮਣੇ ਚੁਣੌਤੀ ਬਣ ਖੜ੍ਹੇ ਹਨ। ਵੇਖਣਾ ਇੱਥੇ ਇਹ ਹੈ ਕਿ ਲੇਖਕ ਦੀ ਲੇਖਣੀ ਸਮਾਜ ਵਿਚਲੀ ਕਰੂਰ ਹਕੀਕਤ ਨੂੰ ਬਿਆਨ ਕਰਨ ਤੇ ਸਮੱਸਿਆ ਦੀ ਜੜ੍ਹ ਤੱਕ ਕਿਸ ਪੱਧਰ ਤੱਕ ਪਹੁੰਚਦੀ ਹੈ। 
ਇਹ ਕਿਹਾ ਜਾਂਦਾ ਹੈ ਕਿ ਨੌਜਵਾਨ ਵਰਗ ਕਿਸੇ ਸਮਾਜ/ਮੁਲਕ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ। ਉਨ੍ਹਾਂ ਉਪਰ ਹੀ ਸਮਾਜ ਮਾਣ ਕਰਦਾ ਹੈ ਪਰ ਜੇਕਰ ਨੌਜਵਾਨ ਪੀੜ੍ਹੀ ਦਿਸ਼ਾਹੀਣ ਹੋ ਕੇ ਗਲਤ ਰਾਹਾਂ ਤੇ ਅਸਵਾਰ ਹੋਵੇ ਤਾਂ ਉਸ ਸਮਾਜ ਦੀ ਦਸ਼ਾ ਦੀ ਹੋਵੇਗੀ। ਇਹ ਸੱਚ ਹੈ ਕਿ ਜੇਕਰ ਕਿਸੇ ਮੁਲਕ ਦੇ ਸਮਾਜਕ ਵਿਕਾਸ ਨੂੰ ਵੇਖਣਾ ਹੋਵੇ ਤਾਂ ਉਸ ਸਮਾਜ ਵਿੱਚ ਔਰਤ ਦੀ ਸਥਿਤੀ ਨੂੰ ਵੇਖਿਆ ਜਾਵੇ ਤੇ ਜੇਕਰ ਸਮਾਜ ਦਾ ਭਵਿੱਖ ਵੇਖਣਾ ਹੋਵੇ ਤਾਂ ਨੌਜਵਾਨ ਵਰਗ ਦੀ ਪ੍ਰਵਿਰਤੀ ਨੂੰ ਵੇਖਿਆ ਜਾਵੇ।ਪਰ ਜੇਕਰ ਦੌਹਾਂ ਦੀ ਸਥਿਤੀ ਨਾਜੁਕ ਹੈ ਤਾਂ ਇਹ ਫਿ਼ਕਰਮੰਦੀ ਹਰ ਸੰਵੇਦਨਸ਼ੀਲ ਮਨੁੱਖ ਨੂੰ ਝੰਜੋੜਣ ਵਾਲੀ ਹੋਣੀ ਚਾਹੀਦੀ ਹੈ।  
ਗੁਰਪਰੀਤ ਸਿੰਘ ਤੂਰ ਇੱਕ ਉੱਚ ਪੁਲਿਸ ਅਧਿਕਾਰੀ ਅਤੇ ਕਿਰਿਆਸ਼ੀਲ ਲੇਖਕ ਹੈ। ਉਹ ਪੰਜਾਬ ਦੀ ਨਸ਼ਿਆਂ ਦੇ ਦਰਿਆ ਵਿੱਚ ਰੁੜ੍ਹਦੀ ਜਾ ਰਹੀ ਜਵਾਨੀ ਨੂੰ ਮੁੜ੍ਹ ਠੀਕ ਰਸਤੇ ਤੇ ਲਿਆਉਣ ਲਈ ਯਤਨਸ਼ੀਲ ਹੈ। ਉਸ ਦੇ ਅੰਦਰੋਂ ਬਾਬੇ ਨਾਨਕ, ਪੀਰਾਂ-ਫਕੀਰਾਂ, ਸੂਫੀਆਂ ਦੀ ਧਰਤੀ ਪ੍ਰਤੀ ਮੁਹੱਬਤ ਫੁੱਟ-ਫੁੱਟ ਨਿਕਲਦੀ ਹੈ। ਏਹੀ ਕਾਰਨ ਹੈ ਕਿ ਉਹ ਜਦੋਂ ਵੀ ਕੋਈ ਲੇਖ ਲਿਖਦਾ ਹੈ ਤਾਂ ਉਸ ਵਿਚਲੀ ਭਾਵਨਾ ਮਾਨਵਤਾ ਕੇਂਦਰਿਤ ਹੁੰਦੀ ਹੈ।‘ਸੰਭਲੇ ਪੰਜਾਬ` ‘ਜੀਵੇ ਜਵਾਨੀ` ‘ਆਲ੍ਹਣਿਓ ਡਿੱਗੇ ਬੋਟ` ਤੇ ‘ਕਰਮੀ` ਪੁਸਤਕ ਵਿਚਲੀ ਸੁਰ ਵੀ ਦੇਸ਼ ਨੂੰ ਕੁਰਾਹੇ ਤੋਂ ਮੋੜਨ ਲਈ ਹਰ ਹੀਲਾ ਜੁਟਾਉਂਦੀ ਨਜ਼ਰ ਆਉਂਦੀ ਹੈ। ਇਹ ਨਵੀਂ ਪੁਸਤਕ ‘ਅੱਲੜ੍ਹ ਉਮਰਾਂ ਤਲਖ਼ ਸੁਨੇਹੇ` ਵੀ ਦਲਦਲ ਵਿੱਚ ਧਸ ਰਹੀ ਜਵਾਨੀ ਨੂੰ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕਰਨ ਵਾਸਤੇ ਤੱਤਪਰ ਹੈ। ਲੇਖਕ ਸਿਰਫ਼ ਬਾਹਰਮੁੱਖੀ ਪ੍ਰਸਥਿਤੀਆਂ ਬਾਰੇ ਹੀ ਚਾਨਣਾ ਨਹੀ ਪਾਉਂਦਾ ਬਲਕਿ ਮਨੁੱਖ ਅੰਦਰ ਹੋ ਰਹੀ ਕਸ਼ਮਕਸ਼ ਨੂੰ ਵੀ ਵਾਚਦਾ ਹੈ। ਲੇਖਕ ਨੌਜ਼ਵਾਨਾਂ ਦੇ ਮਨਾਂ ਵਿੱਚ ਸੁਪਨਿਆਂ ਦੀ ਹਕੀਕਤ ‘ਚ ਅਧੂਰੇਪਣ ਦੀ ਦਾਸਤਾ ਨੂੰ ਬਾਖੂਬੀ ਨਾਲ ਪੇਸ਼ ਕਰਦਾ ਹੈ। ਉਹ ਕਲਪਨਾ ਤੇ ਹਕੀਕਤ ਦੇ ਟਕਰਾਉ ਵਿੱਚੋਂ ਪੈਦਾ ਹੋਈ ਤ੍ਰਾਸਦੀ ਦੀਆਂ ਵਿਭਿੰਨ ਪਰਤਾਂ ਆਪਣੀ ਇਸ ਨਵੀਂ ਪੁਸਤਕ ਰਾਹੀਂ ਅਭਿਵਿਅਕਤ ਕਰਦਾ ਹੈ। ਲੇਖਕ ਇੱਛਿਤ ਯਥਾਰਥ ਬਾਰੇ ਸੋਚਦਾ ਹੈ ਪਰ ਅਣਇੱਛਿਤ ਯਥਾਰਥ ਉਸ ਦੀ ਫਿਕਰਮੰਦੀ ਨੂੰ ਹੋਰ ਤਿਖੇਰਾ ਕਰਦਾ ਹੈ। ਦੇਸ਼ ਦੇ ਆਰਥਿਕ ਸਮਾਜਿਕ ਪ੍ਰਬੰਧ ਵਿਚਲੀਆਂ ਅਨੇਕਾਂ ਵਿਸੰਗਤੀਆਂ ਬਾਰੇ ਲੇਖਕ ਸੁਚੇਤ ਹੈ ਪਰ ਉਹ ਨੌਜਵਾਨਾਂ ਦੇ ਨੈਣਾਂ ਵਿੱਚ ਮਰ ਰਹੇ ਸੁਪਨਿਆਂ ਪ੍ਰਤੀ ਆਪਣੀ ਗੰਭੀਰ ਚਿੰਤਾ ਪ੍ਰਗਟਾਉਂਦਾ ਹੈ। ਇਸ ਪੁਸਤਕ ਵਿੱਚ ਅਜਿਹੇ ਹੀ ਬਹੁ-ਪਾਸਾਰ ਸਾਹਮਣੇ ਆਉਂਦੇ ਹਨ - ਜੋ ਹਰ ਗੰਭੀਰ ਪਾਠਕ ਨੂੰ ਹਲੂਣਦੇ ਹਨ ਤੇ ਚਿੰਤਿਤ ਕਰਦੇ ਹਨ।ਇਸ ਪੁਸਤਕ ਦੇ ਤਿੰਨ ਭਾਗ ਹਨ। ਪਹਿਲੇ ਭਾਗ ਵਿੱਚ 14 ਲੇਖ ਸ਼ਾਮਲ ਹਨ। ਜਿਨ੍ਹਾਂ ਦਾ ਪਾਸਾਰ ਯਥਾਰਥਵਾਦੀ ਧੁਨੀ ਨੂੰ ਉਭਾਰਦਾ ਹੋਇਆ ਸਮੇਂ ਵਿਚਲੀਆਂ ਘਟਨਾਵਾਂ ਨੂੰ ਵਿਵਹਾਰਕਤਾ ਦਾ ਜਾਮਾ ਪਹਿਨਾਉਂਦਾ ਹੈ। ਨੌਜਵਾਨ ਪੀੜ੍ਹੀ ਕਿਵੇਂ ਬੇਰੁਜਗਾਰੀ, ਕੰਗਾਲੀ, ਖੁਦਕਸ਼ੀ ਵੱਲ ਵੱਧ ਰਹੀ ਹੈ। ਸਮਾਜ ਵਿਚਲੀ ਕਿਰਤ ਸ਼ਕਤੀ ਖੜੌਤ ਵਿੱਚ ਹੋਣ ਕਰਕੇ ਨੈਤਿਕ ਕਦਰਾਂ-ਕੀਮਤਾਂ ਵਿੱਚ ਵੀ ਨਿਘਾਰ ਆ ਰਿਹਾ ਹੈ। ਨਿਰਾਸ਼ਾਮਈ ਵਰਤਾਰਾ ਹੋਣ ਕਰਕੇ ਨੌਜਵਾਨ ਇਸ ਦਾ ਹੱਲ ਸੂਝ ਸਮਝ ਤੋਂ ਲੈਣ ਦੀ ਬਜਾਏ ਮਾਨਸਿਕ ਦੁਬਿਧਾ ਵਿੱਚੋ ਨਿਕਲਣ ਲਈ ਨਸ਼ਿਆਂ ਦਾ ਸਹਾਰਾ ਲੈਣ ਲੱਗ ਜਾਂਦਾ ਹੈ। ਲੇਖਕ ਨੌਜਵਾਨ ਪੀੜ੍ਹੀ ਦੇ ਨਸ਼ਿਆਂ ਵਿੱਚ ਗਲਤਾਨ ਹੋਣ ਦੇ ਮਾਨਸਿਕ ਕਾਰਨਾਂ ਦੀ ਤਲਾਸ਼ ਕਰਦਾ ਹੈ। ਇਸ ਪੁਸਤਕ ਵਿੱਚੋਂ ਨਸ਼ਿਆਂ ਦੇ ਦੋ ਮੁੱਖ ਕਾਰਨ ਉਭਰ ਕੇ ਸਾਹਮਣੇ ਆਏ ਉਹ ਹਨ-ਫੈਸ਼ਨਪ੍ਰਸਤੀ ਤੇ ਮਜਬੂਰੀ ਇਸ ਪਿਛਲੇ ਕਈ ਕਾਰਨ ਆਪੋ ਵਿੱਚ ਜੁੜੇ ਹੋਏ ਹਨ ਜਿਵੇ ਵਿਦਿਅਕ ਸੰਸਥਾਵਾਂ ਵਿੱਚ ਦੇਖਾ ਦੇਖੀ ਨਸ਼ਿਆਂ ਦੀ ਆਦਤ ਸਹੇੜਨਾ, ਆਪਣੇ ਵਧ ਰਹੇ ਖਰਚੇ ਦੀ ਪੂਰਤੀ ਲਈ ਨਸ਼ੇ ਵੇਚਣਾ, ਮੰਡੀ ਦੇ ਸਭਿਆਚਾਰ ਨੂੰ ਕਬੂਲਦਿਆਂ ਫੁਕਰਾਪਣ, ਆਪਹੁਦਰਾਪਣ, ਹੀਰੋਇਯਮ ਦੀ ਪ੍ਰਵਿਰਤੀ ਦਾ ਪੈਦਾ ਹੋਣਾ। ਅਜਿਹੀ ਸਥਿਤੀ ‘ਚ ਵਿਦਿਆਰਥੀ ਆਪਣੇ ਸੁਪਨਿਆਂ ਦਾ ਤਾਂ ਕਤਲ ਕਰਦੇ ਹਨ ਪਰ ਨਾਲੋ-ਨਾਲ ਮਾਪਿਆਂ ਨੂੰ ਵੀ ਧੋਖਾ ਦਿੰਦੇ ਤੇ ਉਨ੍ਹਾਂ ਦੇ ਅਰਮਾਨਾਂ ਉੱਤੇ ਵੀ ਪਾਣੀ ਫੇਰ ਦਿੰਦੇ ਹਨ। 
ਲੇਖਕ ਇਹ ਵੀ ਦੱਸਦਾ ਹੈ ਕਿ ਭਾਰਤ ਵਿਚਲੀ ਕਿਰਤ ਸ਼ਕਤੀ ਦੀ ਅਹਿਮੀਅਤ ਨਾ ਹੋਣ ਕਰਕੇ ਨੌਜਵਾਨਾਂ ਦਾ ਵਿਦੇਸ਼ ਵੱਲ ਧੱਕੇ ਜਾਣਾ-ਇਥੇ ਕੰਮ ਨਾ ਮਿਲਨ ਕਰਕੇ ਜੋ ਨਹੀ ਜਾ ਸਕਦੇ ਉਹ ਆਪਣੀਆਂ ਲੋੜਾਂ ਨੂੰ ਪੂਰਾ ਕਰਨ ਲਈ ਨਸ਼ਿਆਂ ਦੀ ਵਿਕਰੀ ਕਰਨ ਵੱਲ ਤੁਰ ਪੈਣਾ। ਗੈਂਗਵਾਦ, ਗੁੰਡਾਗਰਦੀ, ਲੁੱਟ-ਖੋਹ, ਹਿੰਸਕ ਘਟਨਾਵਾਂ ਅਜਿਹੇ ਬਹੁਤ ਸਾਰੇ ਕੇਸ ਅਸਲੀਅਤ ‘ਚ ਲੇਖਕ ਦੇ ਸਾਹਮਣੇ ਆਏ ਹਨ। ਨਸ਼ੇੜੀ ਵਿਅਕਤੀ ਦੇ ਪਰਿਵਾਰ, ਘਰ ਦੀ ਜੋ ਦੁਰਦਸ਼ਾ ਹੁੰਦੀ ਹੈ। ਉਸ ਦਾ ਬਿਆਨ ਵੀ ਸੂਖਮਤਾ ਨਾਲ ਕੀਤਾ ਗਿਆ ਹੈ।ਲੇਖਕ ਇਸ ਪੱਖੋਂ ਹੈਰਾਨ ਹੁੰਦਾ ਹੈ ਕਿ ਨਸ਼ਿਆਂ ਵਿਰੁੱਧ ਜੋ ਲਹਿਰ ਪਿੰਡ-ਪਿੰਡ ਪੰਚਾਇਤ ਪੱਧਰ ਤੋਂ ਉਪਰ ਵੱਲ ਉੱਠਣੀ ਚਾਹੀਦੀ -ਇੱਥੇ ਅਜਿਹਾ ਨਹੀ ਹੋ ਰਿਹਾ ਕਿਉਂਕਿ ਵੋਟਤੰਤਰ ਵਿੱਚ ਵੋਟਾਂ ਖਰੀਦਣ ਲਈ ਨਸ਼ੇ ਵਰਤਾਉਣਾ ਸਸਤਾ ਸਾਧਨ ਹੈ ਜੋ ਬਾਅਦ ‘ਚ ਲੋਕਾਂ ਲਈ ਘਾਤਕ ਸਾਬਤ ਹੁੰਦਾ ਹੈ। ਸ਼ਰਾਬ ਦੇ ਨਸ਼ੇ ਤੋਂ ਉਪਰ ਸਮੈਕ ਦੇ ਨਸ਼ੇ ਦੇ ਸੇਵਨ ਨਾਲ ਪੰਜਾਬ ਦੇ ਘਰਾਂ ਦੇ ਚਿਰਾਗ਼ ਬੁਝਾ ਦਿੱਤੇ ਹਨ। ਲੇਖਕ ਨੇ ਇਹ ਸਚਾਈ ਤੱਥਾਂ ਦੇ ਅਧਾਰਿਤ ਬਿਆਨ ਕੀਤੀ ਹੈ। ਨਸ਼ਿਆਂ ਦੇ ਮਾਰੂ ਪ੍ਰਭਾਵ, ਨਸ਼ਿਆਂ ਦਾ ਸੰਤਾਪ ਹੰਢਾਉਂਦੀਆਂ ਔਰਤਾਂ, ਇੱਕੋ ਦਿਨ ਵਾਪਰੀਆਂ ਘਟਨਾਵਾਂ, ਵੇਖ ਧੀਆਂ ਦੇ ਲੇਖ, ਹਾਰੀ ਹੋਈ ਜ਼ਿੰਦਗੀ ਨਾਲ ਜੀਵਿਆਂ ਨਹੀ ਜਾਂਦਾ ਆਦਿ ਲੇਖਾਂ ਦੇ ਜਰੀਏ ਲੇਖਕ ਨੇ ਨਸ਼ਿਆਂ ਦੇ ਆਏ ਹੜ੍ਹ ਵਿੱਚ ਰੁੜ ਰਹੀਆਂ ਜ਼ਿੰਦਗੀਆਂ ਪ੍ਰਤੀ ਜਿੱਥੇ ਰੋਹ ਪ੍ਰਗਟਾਇਆ ਉਥੇ ਉਨਾਂ ਦੇ ਪਰਿਵਾਰਾਂ ਸੰਗ ਤਰਸ਼ ਤੇ ਹਮਦਰਦੀ ਦੀ ਭਾਵਨਾ ਨੂੰ ਵੀ ਸਾਹਮਣੇ ਲਿਆਂਦਾ ਹੈ। ਉਥੇ ਗੁਰਪ੍ਰੀਤ ਸਿੰਘ ਤੂਰ ਪੰਜਾਬ ਵਿੱਚ ਅਣਖ, ਗੈਰਤ, ਸੂਰਬੀਰਤਾ, ਤਿਆਗ, ਸੇਵਾ, ਕੁਰਬਾਨੀ ਵਰਗੀਆਂ ਭਾਵਨਾਵਾਂ ਨੂੰ ਬਰਕਰਾਰ ਦੇਖਣਾ ਚਾਹੁੰਦਾ ਹੈ। ਜਿਸ ਦਾ ਸਿੱਟਾ ਇਹ ਕੱਢਦਾ ਹੈ ਕਿ ਜਿਨ੍ਹਾਂ ਚਿਰ ਅਸੀਂ ਕਿਰਤ ਤੇ ਕੁਦਰਤ ਤੋਂ ਵਿਛੁੰਨੇ ਰਹਾਂਗੇ ਉਨ੍ਹਾਂ ਚਿਰ ਵਕਾਰਾਂ ਦੇ ਰਾਹਾਂ ਤੇ ਤੁਰਦੇ ਦਿਸ਼ਾਹੀਣ ਮੁਸਾਫਿ਼ਰ ਬਣੇ ਰਹਾਂਗੇ। ਲੇਖਕ ਸਿਰਫ਼ ਸਮਾਜ ਵਿੱਚੋਂ ਨਾ-ਪੱਖੀ ਤੱਤਾਂ ਨੂੰ ਦ੍ਰਿਸ਼ਟਮਾਨ ਨਹੀ ਕਰਦਾ ਉਹ ਚੰਗੀਆਂ ਸਾਹਿਤਕ ਰਚਨਾਵਾਂ, ਸੰਸਕਾਰ, ਵਿਚਾਰ, ਫਿਲਮਾਂ ਜੋ ਲੋਕ ਤੱਤਾਂ ਨਾਲ ਪਰਨਾਈਆਂ ਹਨ ਉਨ੍ਹਾਂ ਦਾ ਜ਼ਿਕਰ ਵੀ ਨਾਲੋਂ ਨਾਲ ਕਰਦਾ ਹੈ ਜੋ ਸਮਾਜ ਨੂੰ ਸੇਧ ਦਿੰਦੀਆਂ ਹਨ। 
ਇਨਾਂ ਲੇਖਾਂ ਦਾ ਇੱਕ ਪਾਸਾਰ ਉਪਦੇਸ਼ਮਈ ਸੁਰ ਅਲਾਪਦਾ ਹੋਇਆ ਸੁਧਾਰਵਾਦੀ ਪੈਂਤੜਾ ਲੈਂਦਾ ਹੈ। ਭਾਗ ਦੂਜੇ ਦੇ 21 ਲੇਖ ਏਸੇ ਵਿਚਾਰਾਂ ਦੀ ਪੈਰਵੀ ਹੋਈ ਹੈ ਜਿਵੇਂ ਵਿਕਾਸ ਵਿੱਚ ਕਿਰਤ ਦੀ ਦੇਣ, ਮਨੁੱਖ ਦੀ ਸਖਸੀਅਤ ਨੂੰ ਨਿਖਾਰ ਵਿੱਚ ਕਿਰਤ ਦਾ ਯੋਗਦਾਨ, ਸਾਦਗੀ ਤੇ ਸਲੀਕਾ, ਗੌਰਵਤਾ, ਸਹਿਜਤਾ, ਮੇਲ-ਮਿਲਾਪ, ਮਾਨਵੀ ਮੁਹੱਬਤ ਆਦਿ ਅਨੇਕਾਂ ਪੱਖਾਂ ਬਾਰੇ ਬਹੁਤ ਸਾਰੇ ਅੰਸ਼ ਉਭਰ ਕੇ ਸਾਹਮਣੇ ਆਏ ਹਨ। ਲੇਖਕ ਆਪਣੇ ਲੋਕ ਵਿਰਸੇ ਨਾਲ ਜੁੜਨ ਲਈ ਨਸੀਹਤ ਦਿੰਦਾ ਹੈ। ਏਨਾਂ ਲੇਖਾਂ ਦੇ ਮੁਹਾਂਦਰੇ ‘ਚ ਅਤੀਤ ਵਰਤਮਾਨ ਤੇ ਭਵਿੱਖ ਦੇ ਨਕਸ਼ਾਂ ਦੀ ਨਿਸ਼ਾਨਦੇਹੀ ਸਫ਼ਲ ਪੂਰਵਕ ਹੋਈ ਹੈ। ਲੇਖਕ ਗ਼ਲਤੀਆਂ ਤੋਂ ਸਬਕ ਸਿੱਖਣ, ਜਿੰਦਗੀ ਦੇ ਰੁਝੇਵੇ ਦੀ ਸਾਕਾਰਤਮਕ ਦੇਣ, ਕਿਰਤ ਦੀਆਂ ਖੁਸਬੋਆਂ ਦਾ ਫੈਲਾਅ, ਗੈਰ ਰਸਮੀ ਸਿੱਖਿਆ ਤੇ ਘੁੰਮਣ-ਫਿਰਨ ਦਾ ਸ਼ੋਕ, ਚੰਗੀਆਂ ਪੁਸਤਕਾਂ ਪੜ੍ਹਣ ਦੀ ਰੁਚੀ, ਖੇਡ ਸਭਿਆਚਾਰ ਨੂੰ ਪ੍ਰਫੁਲਤ ਕਰਨ ਲਈ ਯਤਨਸ਼ੀਲ ਹੈ ਤੇ ਉਹ ਸਿਰਜਣਾਤਮਕ ਲੀਹਾਂ ਦੀ ਅਜਿਹੀ ਉਸਾਰੀ ਕਰਨ ਦਾ ਸੁਪਨਾ ਲੈਂਦਾ ਹੈ ਜਿਸ ਵਿੱਚੋਂ ਸਿਰਫ ਜਾਣਕਾਰੀ ਹੀ ਨਾ ਬਲਕਿ ਗਿਆਨ ਤੇ ਸਿਆਣਪ ਦੀਆਂ ਬਹੁ-ਪਰਤਾਂ ਦਾ ਸੁਮੇਲ ਵੀ ਹੋਵੇ। 
ਇਸ ਪੁਸਤਕ ਦਾ ਆਖਰੀ ਹਿੱਸਾ ਬੇਰੁਜਗਾਰੀ ਦੇ ਸੱਚ ਨੂੰ ਬਿਆਨ ਕਰਦਾ ਹੋਇਆ ਨੌਜ਼ਵਾਨਾਂ ਦੇ ਭਵਿੱਖ ਪ੍ਰਤੀ ਚਿੰਤਿਤ ਦਿਖਾਈ ਦਿੰਦਾ ਹੈ। ਛੇ ਹਜਾਰ ਅਸਾਮੀਆਂ ਲਈ ਪੰਜ ਲੱਖ ਤੋਂ ਵੱਧ ਅਰਜੀਆਂ ਪ੍ਰਾਪਤ ਹੋਈਆਂ। ਨੌਜਵਾਨ ਨੂੰ ਆਪਣੀ ਆਖਰੀ ਮੰਜ਼ਲ ਤੱਕ ਪਹੁੰਚਣ ਲਈ ਕਿੰਨੇ ਰਾਹੀਂ ਗੁਜਰਨਾ ਪੈਂਦਾ ਹੈ। ਜਦੋਂ ਨੌਜ਼ਵਾਨ ਆਪਣੇ ਫਿਜ਼ੀਕਲ ਟੈਸਟ ਲਈ ਹਾਜ਼ਰ ਹੁੰਦਾ ਤਾਂ ਉਸ ਸਾਹਵੇ ਰੁਜ਼ਗਾਰ ਪ੍ਰਾਪਤ ਕਰਨ ਦੀ ਇੱਛਾ ਉਹਦੇ ਚਿਹਰੇ ਤੇ ਖੁਸ਼ੀ ਦੀਆਂ ਤਰੰਗਾਂ ਬਿਖੇਰਦੀ ਹੈ ਪਰਿਵਾਰ ਵਾਲੇ ਵੀ ਬੱਚੇ ਨੂੰ ਚਾਵਾਂ ਨਾਲ ਭੇਜਦੇ ਉਨ੍ਹਾਂ ਦੇ ਨੈਣਾਂ ਵਿੱਚ ਵੀ ਖੁਸ਼ੀ ਦਾ ਉਭਾਰ ਆਉਂਦਾ ਹੈ ਕਿੰਨੇ ਹੀ ਜੀਵਨ ਦੇ ਸੁੱਪਨੇ ਉਸ ਨੇ ਭਰਤੀ ਸਮੇਂ ਦਿੱਤੇ ਟੈਸਟ ਵਿੱਚ ਪਰੋਏ ਹੁੰਦੇ ਹਨ। ਲੇਖਕ ਖੁਦ ਪੁਲਿਸ ਅਧਿਕਾਰੀ ਹੋਣ ਕਰਕੇ ਭਰਤੀ ਵੇਲੇ ਸਾਮਲ ਹੁੰਦਾ ਹੈ ਤੇ ਨੌਜਵਾਨਾਂ ਦੇ ਮੈਦਾਨ ਵਿੱਚ ਆਉਣ ਵੇਲੇ ਤੇ ਜਾਣ ਵੇਲੇ ਦੇ ਚਿਹਰੇ ਦੇ ਭਾਵਾਂ ਨੂੰ ਪਕੜਦਾ ਹੈ। ਫਿਜ਼ੀਕਲ ਟੈਸਟ ਵਿੱਚੋਂ ਪਾਸ ਨਾ ਹੋਣ ਦੀ ਸੂਰਤ ਵਿੱਚ ਉਸ ਦੀ ਮਾਨਸਿਕ ਦਸ਼ਾ ਨੂੰ ਸਮੇਂ ਦੀ ਸਥਿਤੀ, ਰਾਜਸੀ ਸਿਸਟਮ, ਸਮਾਜਕ ਵਰਤਾਰਾ ਤੇ ਨੌਜਵਾਨ ਦੇ ਕਿਰਦਾਰ ਵਿਚਲੀਆਂ ਵਿਭਿੰਨ ਗੁੰਝਲਾਂ ਬਾਰੇ ਲੇਖਕ ਜਾਣਨ ਲਈ ਤੱਤਪਰ ਰਹਿੰਦਾ ਹੈ। ਉਹ ਅਜਿਹੇ ਨੌਜਵਾਨਾਂ ਨਾਲ ਮੁਲਾਕਾਤਾਂ ਕਰਕੇ ਉਹਨਾਂ ਦੀ ਜੀਵਨ ਸ਼ੈਲੀ ਨੂੰ ਸਮਝਦਾ ਹੈ। ਅਜਿਹੇ ਪੜਾਅ ਦੇ ਨੌਜਵਾਨ ਦੇ ਖੁਰ ਗਏ ਅਰਮਾਨਾਂ ਪਿਛਲੀ ਜੜ੍ਹ ਨੂੰ ਪਹਿਚਾਨਣ ਲਈ ਲੇਖਕ ਆਪਣੀ ਪਹੁੰਚ ਤੋਂ ਨਤੀਜ਼ਾ ਕੱਢਦਾ ਹੈ। ਇਨਾਂ ਲੇਖਾਂ ਵਿੱਚੋਂ ਸਾਹਮਣੇ ਆਈ ਚਿੰਤਨਮੁੱਖੀ ਸੁਰ ਜਵਾਨੀ ਨੂੰ ਸੰਭਾਲਣ ਲਈ ਸਮਾਜ ਨੂੰ ਹਲੂਣਦੀ ਹੈ। ਤੂਰ ਨੇ ਘਟਨਾਵਾਂ, ਤੱਥਾਂ, ਦ੍ਰਿਸ਼ਾਂ ਰਾਹੀਂ ਵਾਰਤਕ ਸਿਰਜਦਿਆਂ ਸਮਾਜ ਨੂੰ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ। ਇਸ ਵਿਚਲੀ ਵਾਰਤਕ ਸ਼ੈਲੀ ਬਹੁਤ ਹੀ ਦਿਲਸਚਪ ਹੈ। ਇਸ ਵਿੱਚ ਸਮੇਂ ਦੀ ਕੌੜੀ ਸਚਾਈ ਵੀ ਸਹਿਜਤਾ ਨਾਲ ਸਾਹਮਣੇ ਆਉਂਦੀ ਹੈ। ਪੰਜਾਬ ਵਿੱਚੋਂ ਨਸ਼ਿਆਂ ਦੇ ਪਾਸਾਰ ਅਤੇ ਇਸ ਨੂੰ ਰੋਕਣ ਵਾਸਤੇ ਠੋਸ ਕਦਮ ਲੋਕਾਂ ਦੁਆਰਾ ਚੁੱਕਣ ਦੀ ਗੱਲ ਕੀਤੀ ਗਈ ਹੈ। 
ਲੇਖਕ ਤਲਖ਼ ਹਕੀਕਤਾਂ ਨੂੰ ਬਿਆਨਦਾ ਹੋਇਆ ਨਸ਼ਿਆਂ ਦਾ ਖ਼ਾਤਮਾ ਚਾਹੁੰਦਾ ਹੈ। ਇਹ ਪੁਸਤਕ ਵਿਚਲੀਆਂ ਸਭ ਘਟਨਾਵਾਂ ਹਕੀਕੀ ਹਨ। ਲੇਖਕ ਪੁਲਿਸ ਦਾ ਉੱਚ ਅਧਿਕਾਰੀ ਹੋਣ ਕਰਕੇ ਇੱਕ ਦਾਇਰੇ ‘ਚ ਰਹਿ ਕੇ ਸਮੱਸਿਆ ਦਾ ਖਾਤਮਾ ਚਾਹੁੰਦਾ ਹੋਇਆ ਮਨੁੱਖੀ ਜੀਵਨ ‘ਚ ਨਵਾਂ ਹੁਲਾਸ ਪੈਦਾ ਕਰਨ ਦਾ ਚਾਹਵਾਨ ਹੈ। ਯਥਾਰਥ ਦੀ ਤਸਵੀਰ ਨੂੰ ਸਾਹਮਣੇ ਲਿਆਉਂਦੀਆਂ ਅਜਿਹੀਆਂ ਪੁਸਤਕਾਂ ਪਾਠਕਾਂ ਲਈ ਮੁਲਵਾਨ ਹੁੰਦੀਆਂ ਹਨ। 
*ਅਰਵਿੰਦਰ ਕੌਰ ਕਾਕੜਾ (ਡਾ਼)  
ਅਸਿਸਟੈਂਟ ਪ੍ਰੋਫੈਸਰ 
ਪਬਲਿਕ ਕਾਲਜ ਸਮਾਣਾ। 
ਮੋ: 9463615536
  

2 comments:

  1. ਕਿਆ ਬਾਤ ....ਬਹੁਤ ਹੀ ਖ਼ੂਬਸੂਰਤ ਸ਼ਬਦਾਂ ਨਾਲ ਵਿਸ਼ਲੇਸ਼ਨ ਕੀਤਾ ਹੈ

    ReplyDelete
  2. ਕਿਆ ਬਾਤ ....ਬਹੁਤ ਹੀ ਖ਼ੂਬਸੂਰਤ ਸ਼ਬਦਾਂ ਨਾਲ ਵਿਸ਼ਲੇਸ਼ਨ ਕੀਤਾ ਹੈ

    ReplyDelete