google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: ਰਾਮਪੁਰ ਸਭਾ ਦੀ ਜੁਲਾਈ ਮਹੀਨੇ ਦੀ ਇਕੱਤ੍ਰਤਾ ਵਿੱਚ ਵਿਚਾਰੇ ਗਏ ਅਹਿਮ ਮੁੱਦੇ

Monday 8 July 2019

ਰਾਮਪੁਰ ਸਭਾ ਦੀ ਜੁਲਾਈ ਮਹੀਨੇ ਦੀ ਇਕੱਤ੍ਰਤਾ ਵਿੱਚ ਵਿਚਾਰੇ ਗਏ ਅਹਿਮ ਮੁੱਦੇ

Jul 8, 2019, 6:27 PM
ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਨੂੰ ਹੋਰ ਮਜ਼ਬੂਤ ਕਰਨ ਦੀਆਂ ਵੀ ਵਿਚਾਰਾ 
ਰਾਮਪੁਰ ਲਿਖਾਰੀ ਸਭਾ ਦੀ ਜੁਲਾਈ ਮਹੀਨੇ ਦੀ ਇਕੱਤ੍ਰਤਾ ਸਮੇਂ ਹਾਜ਼ਰ ਸਾਹਿਤਕਾਰ ਤੇ ਸਾਹਿਤ ਪ੍ਰੇਮੀ, ਪ੍ਰੋ. ਸ਼ਮਸ਼ਾਦ ਅਲੀ ਅਤੇ ਦੌਲਤ ਜਲੋਟਾ ਵੱਲੋਂ ਸਭਾ ਦੀ ਲਾਇਬ੍ਰੇਰੀ ਲਈ ਭੇਂਟ ਕੀਤੀਆਂ ਪੁਸਤਕਾਂ ਦੇ ਨਾਲ
ਰਾਮਪੁਰ//ਬੁਆਣੀ: 8 ਜੁਲਾਈ 2019: (ਸਾਹਿਤ ਸਕਰੀਨ ਬਿਊਰੋ):: 
ਜਦੋਂ ਆਮ ਲੋਕਾਂ ਦੇ ਨਾਲ ਨਾਲ ਬੁੱਧੀਜੀਵੀ ਵੀ ਵਕਤ ਦੇ ਦਬਾਵਾਂ ਅੱਗੇ ਝੁਕ ਰਹੇ ਸਨ। ਕਦੇ ਸਰਕਾਰਾਂ ਦੇ ਦਬਾਅ ਅੱਗੇ ਤੇ ਕਦੇ ਫਿਰਕੂ ਚੜ੍ਹਤ ਦੇ ਦਬਾਅ ਅੱਗੇ। ਉਦੋਂ ਵੀ ਰਾਮਪੁਰ ਦੇ ਲੇਖਕਾਂ ਨੇ ਆਪਣੀ ਅਡੋਲਤਾ ਨਹੀਂ ਛੱਡੀ। ਹੁਣ ਇੱਕ ਵਾਰ ਫੇਰ ਇਮਤਿਹਾਨ ਵਰਗਾ ਦੌਰ ਚੱਲ ਰਿਹਾ ਹੈ। ਉਦੋਂ ਵੀ ਰਾਮਪੁਰ ਦੇ ਲੇਖਕ ਦ੍ਰਿੜਤਾ ਨਾਲ ਅਡੋਲ ਖੜੇ ਹਨ। ਇਸ ਗੱਲ ਦਾ ਅਹਿਸਾਸ ਹੋਇਆ ਇਥੋਂ ਦੇ ਲੇਖਕਾਂ ਦੀ ਮੀਟਿੰਗ ਦੌਰਾਨ। 
ਪੰਜਾਬੀ ਲਿਖਾਰੀ ਸਭਾ ਰਾਮਪੁਰ ਵੱਲੋਂ ਜੁਲਾਈ ਮਹੀਨੇ ਦੀ ਇਕੱਤਰਤਾ ਸਭਾ ਦੇ ਪ੍ਰਧਾਨ ਜਸਵੀਰ ਝੱਜ ਦੀ ਪ੍ਰਧਾਨਗੀ ਹੇਠ ਸਭਾ ਦੀ ਲਾਇਬ੍ਰੇਰੀ ਪਿੰਡ ਰਾਮਪੁਰ ਵਿਖੇ ਕੀਤੀ ਗਈ। ਜਿਸ ਵਿਚ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੀਆਂ ਸਤੰਬਰ ਮਹੀਨੇ ਹੋਣ ਵਾਲ਼ੀ ਚੋਣ ਨੂੰ ਧਿਆਨ ਵਿਚ ਰੱਖਦੇ ਹੋਏ, ਕੇਂਦਰੀ ਸਭਾ ਦੇ ਮੀਤ ਪ੍ਰਧਾਨ ਜਸਵੀਰ ਝੱਜ ਨੇ ਦੱਸਿਆ ਕਿ ਨਵੇਂ ਮੈਂਬਰ ਬਣਨ ਲਈ ਪੁਸਤਕ ਜਾਂ 15 ਤੋਂ ਵੱਧ ਛਪੀਆਂ ਰਚਨਾਵਾਂ, ਜਾਂ ਪੁਸਤਕ ਤੇ ਰਚਨਾਵਾਂ ਦੇ ਖਰੜੇ ਦੀ ਕਾਪੀ ਦੇ ਨਾਲ਼ ਤਿੰਨ ਸਾਲ ਲਈ ਦੋ ਰੁਪਏ ਮੈਂਬਰਸ਼ਿੱਪ ਤੇ ਡੇਢ ਸੌ ਰੁਪਏ ਮੈਂਬਰ ਸੂਚੀ (ਜ਼ਰੂਰੀ ਨਹੀਂ) ਜਮ੍ਹਾਂ ਕਰਵਾਕੇ ਅਗਲੇ ਤਿੰਨ ਸਾਲ ਲਈ ਜਾਂ ਇੱਕ ਹਜ਼ਾਰ ਰੁਪਏ ਇੱਕ ਵਾਰ ਦੇ ਕੇ ਜੀਵਨ ਭਰ ਲਈ ਮੈਂਬਰ ਬਣ ਸਕਦਾ ਹੈ। ਰਾਸ਼ੀ ਜਮ੍ਹਾਂ ਕਰਵਾਉਣ ਲਈ ਕੇਂਦਰੀ ਸਭਾ ਨੇ 21 ਜੁਲਾਈ ਅੰਤਮ ਮਿਤੀ ਐਲਾਨੀ ਹੈ। ਸਭਾ ਦੀ ਇਕੱਤ੍ਰਤਾ ਵਿਚ ਪਹਿਲੀ ਵਾਰ ਸੋਮਨਾਥ ਸਿੰਘ ਨੂੰ ਸਭਾ ਦੇ ਪ੍ਰਧਾਨ ਜਸਵੀਰ ਝੱਜ ਤੇ ਹਾਜ਼ਰੀਨ ਨੇ ਜੀ ਆਇਆਂ ਕਿਹਾ। ਰਚਨਾਵਾਂ ਦੇ ਦੌਰ ਵਿਚ ਸ਼ਾਇਰਾ ਨੀਤੂ ਰਾਮਪੁਰ ਨੇ ‘ ਕਵਿਤਾ ਕਦੇ ਮਰਦੀ ਨਹੀਂ’, ਨਰਿੰਦਰ ਸ਼ਰਮਾਂ ਨੇ ‘ਹਿਸਾਬ ਤਾਂ ਦੇਣਾ ਹੀ ਪਵੇਗਾ’, ਅਮਨਦੀਪ ਆਜ਼ਾਦ ਨੇ ‘ਰਿਸ਼ਤੇ’, ਹਰਪ੍ਰੀਤ ਸਿਹੌੜਾ ਨੇ ‘ਖੁਲ੍ਹੀ ਕਵਿਤਾ’, ਅਮਰਿੰਦਰ ਸੋਹਲ ਨੇ ‘ਹੁੰਨਰ’ ਕਵਿਤਾ ਪੜ੍ਹੀ। ਡਾ. ਗੁਲਜ਼ਾਰ ਭੈੜਾ ਨੇ ‘ਬਾਪੂ ਪੜ੍ਹਨੇ ਪਾ ‘ਤਾ ਪੁੱਤਾਂ ਧੀਆਂ ਨੇ’ ਗਜ਼ਲ ਸੁਣਾਈ। ਦੀਪ ਦਿਲਬਰ ਨੇ ‘ਬੰਨ ਬੰਨ ਆਉਣ ਕਤਾਰ ਲੋਕ’, ਸੰਪੂਰਨ ਸਿੰਘ ਸਨਮ ਨੇ ‘ਇਸ਼ਕ ਝੂਕਤਾ ਨਹੀਂ (ਹਿੰਦੀ), ਰਜਿੰਦਰ ਨਾਥ ਨੇ ‘ਗੁਰੂ ਘਰ ਸੀਸ ਨਿਵਾਉਣ ਵਾਲ਼ਿਓ’,  ਬਲਵੰਤ ਮਾਂਗਟ ਨੇ ‘ਜਿਉਣ ਲਈ ਤਾਂ ਜਿਉਣਾ ਪੈਣੈ’, ਸੋਮਨਾਥ ਸਿੰਘ ਨੇ ‘ਦੁੱਖ ਦੁਨੀਆਂ ਦੇ ਚੁਣ ਮੈਂ ਲਵਾਂ’, ਸੁਲੱਖਣ ਸਿੰਘ ਅਟਵਾਲ ਨੇ ‘ਤੱਤੀ ਤਵੀ ਤੇ ਬੈਠਾ ਕੇ ਸਤਿਗੁਰੂ ਨੂੰ’ ਗੀਤ ਤਰੰਨਮ ਸੁਣਾਇਆ। ਕੰਵਲਜੀਤ ਨੀਲੋਂ ਨੇ ਬਾਲ ਕਹਾਣੀ ‘ਤੰਦ’, ਤਰਨ ਬੱਲ ਨੇ ‘ਖ਼ਾਮੋਸ਼ ਹੌਕੇ ਦੀ ਪੀੜ’, ਕਬੀਰ ਜਲੋਟਾ ਨੇ ‘ਮਿਸੋ’ ਤੇ ਕਹਾਣੀਕਾਰ ਅਜਮੇਰ ਸਿੱਧੂ ਪੱਛਮੀ ਤੇ ਭਾਰਤੀ ਸਮਾਜ ਦੇ ਫਿਕਰਮੰਦੀ ਦੀ ਕਹਾਣੀ ਪੜ੍ਹੀ। ਗੁਰਸੇਵਕ ਸਿੰਘ ਢਿਲ੍ਹੋਂ ਨੇ ‘ਕੁੱਲ ਦਾ ਨਾਸ’ ਮਿੰਨ੍ਹੀ ਕਹਾਣੀ ਸੁਣਾਈ। ਜਰਨੈਲ ਸਿੰਘ ਮਾਂਗਟ ਰਾਮਪੁਰੀ ਨੇ ‘ਰੱਬ ਦੇ ਘਰ ਵਿਚ ਬੈਠ ਕੇ ਲੈਣ ਪੁਜਾਰੀ ਦਾਨ’ ਦੋਹੇ ਪੜ੍ਹੇ। ਪੜ੍ਹੀਆਂ-ਸੁਣੀਆਂ ਗਈਆਂ ਰਚਨਾਵਾਂ ‘ਤੇ ਨਿੱਠ ਕੇ ਹੋਈ ਸਾਰਥਿਕ ਅਤੇ ਉਸਾਰੂ ਬਹਿਸ ਵਿਚ ਰਚਨਾਕਾਰਾਂ ਦੇ ਨਾਲ਼ ਸੁਖਜੀਤ, ਸੁਰਿੰਦਰ ਰਾਮਪੁਰੀ, ਸੰਦੀਪ ਸਮਰਾਲ਼ਾ, ਜਸਵੀਰ ਝੱਜ, ਬਲਦੇਵ ਸਿੰਘ ਝੱਜ, ਡਾ. ਟਹਿਲ ਸਿੰਘ ਜੱਸਲ਼ ਆਦਿ ਨੇ ਸਾਰਥਿਕ ਟਿਪੱਣੀਆਂ ਕੀਤੀਆਂ।ਇੱਕਤ੍ਰਤਾ ਦੀ ਸੰਚਾਲਨਾ ਸਭਾ ਦੇ ਜਨਰਲ ਸਕੱਤਰ ਬਲਵੰਤ ਮਾਂਗਟ ਨੇ ਭਾਵਪੂਰਤ ਅੰਦਾਜ਼ ਵਿਚ ਬਾਖੂਬੀ ਨਿਭਾਈ। ਦੌਲਤ ਜਲੋਟਾ ਨੇ ਆਪਣੇ ਕਾਵਿ ਸੰਗਿ੍ਰਹ ‘ਚੱਲ ਰਸਤਾ ਦੂਜਾ ਫੜ੍ਹ ਲਈਏ’ ਅਤੇ ਪ੍ਰੋ. ਸ਼ਮਸ਼ਾਦ ਅਲੀ ਨੇ ‘ਦਰਸ ਅਲੀ, ਰਾਗ ਬੰਦਿਸ਼ਾਵਲੀ, (ਅਲਾਪ ਤਾਨ ਸਮੇਤ) ਭਾਗ ਪਹਿਲਾ ਦੀਆਂ ਦੋ, ਦੋ ਪੁਸਤਕਾਂ ਸਭਾ ਦਾ ਲਾਇਬ੍ਰੇਰੀ ਲਈ ਭੇਂਟ ਕੀਤੀਆਂ। ਅੰਤ ਵਿਚ ਉਰਦੂ ਉੱਘੇ ਲੇਖਕ, ਪ੍ਰਗਤੀਸ਼ੀਲ ਲੇਖਕ ਸੰਘ ਦੀ ਕੌਮੀ ਕਾਰਜਕਾਨੀ ਅਤੇ ਸੀ.ਪੀ.ਆਈ. ਕੌਮੀ ਸਕੱਤਰੇਤ ਦੇ ਮੈਂਬਰ ਸ਼ਮੀਮ ਫ਼ੈਜ਼ੀ ਅਤੇ ਪ੍ਰੀਤ ਸੰਦਲ ਦੇ ਭਣੋਈਏ ਦੇ ਬੇ-ਵਕਤ ਸਦੀਵੀ ਵਿਛੋੜੇ ‘ਤੇ ਸ਼ੋਕ ਮਤਾ ਪਾ ਕੇ ਸਬੰਧਤ ਪ੍ਰੀਵਾਰਾਂ ਨਾਲ਼ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਕੇ ਸਭਾ ਉੱਠਾ ਦਿੱਤੀ ਗਈ।
ਇਸ ਲਿਖਾਰੀ ਸਭਾ ਨਾਲ ਜੁੜਨ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਸਰਗਰਮ ਲੇਖਕ ਜਸਵੀਰ ਝੱਜ ਹੁਰਾਂ ਨਾਲ। ਉਹਨਾਂ ਦਾ ਮੋਬਾਈਲ ਨੰਬਰ ਹੈ: +91 855459765   

No comments:

Post a Comment