google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: Moga
Showing posts with label Moga. Show all posts
Showing posts with label Moga. Show all posts

Friday, 23 February 2024

ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀਆਂ ਚੋਣਾਂ:ਲੱਭੀਏ ਨਵਾਂ ਬਦਲ!

Friday 23rd February 2024 at 13:27

ਡਾ. ਸਵਰਨਜੀਤ ਕੌਰ ਗਰੇਵਾਲ ਵੱਲੋਂ ਵੀ ਬੇਅੰਤ ਕੌਰ ਗਿੱਲ ਦੀ ਹਮਾਇਤ  

ਮੋਗਾ: 23 ਫਰਵਰੀ 2024:( ਡਾ. ਸਵਰਨਜੀਤ ਕੌਰ ਗਰੇਵਾਲ//ਸਾਹਿਤ ਸਕਰੀਨ ਡੈਸਕ)::

"ਇਕ ਵਾਰ ਤੂੰ ਤੇ ਇਕ ਵਾਰ ਮੈਂ! ਦੋਹੇਂ ਇਕ ਦੂਜੇ ਨੂੰ ਵਾਰੀ ਦੇਈ ਜਾਈਏ ਤਾਂ ਮਜ਼ਾਲ ਐ ਕੋਈ ਤੀਜਾ ਆਪਣੇ ਸਾਹਮਣੇ ਖੰਘ ਵੀ ਜਾਵੇ!" ਕੁਝ ਇਹੋ ਜਿਹਾ ਮਸਲਾ ਹੀ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀਆਂ ਚੋਣਾਂ ਵਿਚ ਬਣਿਆ ਨਜ਼ਰ ਆ ਰਿਹਾ ਹੈ।  

ਕੁਝ ਖੜਪੈਂਚ ਕਿਸਮ ਦੇ ਪਿੱਪਲਾਂ ਨੇ ਆਪਣੀ ਛਤਰ ਛਾਇਆ ਏਨੀ ਕੁ ਵਿਸ਼ਾਲ ਬਣਾ ਰੱਖੀ ਹੈ ਕਿ ਉਹ ਨਵੀਂ ਪੌਦ ਨੂੰ ਵਿਗਸਣ ਲਈ ਮੌਕਾ ਹੀ ਨਹੀਂ ਦੇਣਾ ਚਾਹੁੰਦੇ ਤੇ ਨਾ ਹੀ ਆਪਣੇ ਉਹਨਾਂ ਸਮਕਾਲੀਆਂ ਨਾਲ ਮਿਲ ਕੇ ਚੱਲਣ ਦੀ ਉਹਨਾਂ ਦੀ ਕੋਈ ਮਨਸ਼ਾ ਹੈ ਜਿਹੜੇ ਉਹਨਾਂ ਦੁਆਰਾ ਤੈਅ ਕੀਤੇ ਮੁੱਦਿਆਂ ਉੱਤੇ ਸਵਾਲੀਆ ਚਿੰਨ੍ਹ ਲਾਉਂਦੇ ਹਨ। 

ਉਹਨਾਂ ਨੂੰ ਲੱਗਦਾ ਹੈ ਕਿ ਦੁਨੀਆ ਭਰ ਵਿਚੋਂ ਜੇ ਕੋਈ ਸਿਰੇ ਦੇ ਸਾਹਿਤਕਾਰ ਜਨਮੇ ਹਨ ਤਾਂ ਸਿਰਫ਼ ਓਹੀ ਹਨ ਤੇ ਜੇ ਖੁਦਾ ਨਾ ਖਾਸਤਾ ਉਹਨਾਂ ਦੀ ਚੌਧਰ ਚਲੀ ਗਈ ਤਾਂ ਪੰਜਾਬੀ ਸਾਹਿਤ ਅਕਾਡਮੀ ਪਤਾ ਨਹੀਂ ਕਿਹੜੇ ਨਰਕ ਦੀ ਭੱਠੀ ਵਿਚ ਝੋਕੀ ਜਾਊ‌? ਜਦ ਕਿ ਬਹੁ-ਗਿਣਤੀ ਪੰਜਾਬੀ ਸਾਹਿਤਕਾਰ ਭਾਈਚਾਰਾ ਬੇਸ਼ੱਕ ਨਿਧੜਕ ਹੋ ਕੇ ਕੋਈ ਗੱਲ ਨਹੀਂ ਕਹਿ ਰਿਹਾ ਪਰ ਅੰਦਰੋਂ ਅੰਦਰੀ ਇਹਨਾਂ ਖੜਪੈਂਚਾਂ ਖ਼ਿਲਾਫ਼ ਰਿੱਝ ਜ਼ਰੂਰ ਰਿਹਾ ਹੈ। 

ਸਾ+ਹਿੱਤ ਨੂੰ ਪ੍ਰਣਾਈ ਹੋਈ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀ ਪਿਛਲੇ ਕੁਝ ਸਾਲਾਂ ਦੀ ਕਾਰਗੁਜ਼ਾਰੀ ਉੱਤੇ ਤਕੜੇ ਪ੍ਰਸ਼ਨ-ਚਿੰਨ੍ਹ ਲੱਗਦੇ ਆ ਰਹੇ ਹਨ। ਹੁਣ ਸਮਾਂ ਹੈ ਕਿ ਇਹਨਾਂ ਕੁਤਾਹੀਆਂ ਕਰਨ ਵਾਲੇ ਲੇਖਕਾਂ ਦਾ ਭਾਂਡਾ ਐਨ ਚੌਰਾਹੇ ਵਿੱਚ ਭੰਨ ਕੇ ਦਿਆਨਤਦਾਰ ਲੇਖਕਾਂ ਨੂੰ ਇਸ ਵੱਕਾਰੀ ਸੰਸਥਾ ਦੀ ਵਾਗਡੋਰ ਸੌਂਪੀ ਜਾਵੇ ਜਿਹੜੇ ਬਜ਼ੁਰਗ ਤੇ ਨਵੇਂ ਲਿਖਾਰੀਆਂ ਨੂੰ ਉਹਨਾਂ ਦੇ ਬਣਦੇ ਹੱਕ ਦੇਣ ਦਿਵਾਉਣ ਲਈ ਪਾਬੰਦ ਹਨ ਤੇ ਇਸ ਮਿਆਰੀ ਸਾਹਿਤਕ ਸੰਸਥਾ ਦਾ ਪਹਿਲਾਂ ਵਾਲਾ ਵੱਕਾਰ ਸਥਾਪਤ ਕਰਨ ਦੇ ਚਾਹਵਾਨ ਹਨ।  

ਇਸ ਵਾਰ ਦੀਆਂ ਚੋਣਾਂ ਵਿਚ ਬੀਬਾ ਬੇਅੰਤ ਕੌਰ ਗਿੱਲ ਮੋਗਾ ਨੇ ਪ੍ਰਧਾਨਗੀ ਲਈ ਕਾਗ਼ਜ਼ ਦਾਖਲ ਕੀਤੇ ਹਨ ! ਇਹਨਾਂ ਦੇ ਸਾਹਿਤਕ ਸਫ਼ਰ ਵੱਲ ਪੰਛੀ ਝਾਤ ਪਾਉਣੀ ਏਥੇ ਕੁਥਾਂ ਨਹੀਂ ਹੋਵੇਗੀ: 

1. ਅਕਲਾਂ ਵਾਲਿਓ ਮੋੜੋ ਮੁਹਾਰਾਂ ( ਵਾਰਤਕ)

2. ਨਾਦ ( ਕਾਵਿ ਸੰਗ੍ਰਹਿ)

3. ਦਸ ਗੁਰੂ ਸਾਹਿਬਾਨ ਅਤੇ ਸਮਕਾਲੀ ਸਮਾਜ ( ਇਤਿਹਾਸਕ ਪ੍ਰਸ਼ਨੋਤਰੀ)

ਲੇਖਿਕਾ ਡਾ. ਸਵਰਨਜੀਤ ਕੌਰ ਗਰੇਵਾਲ 
4. ਮਲਾਹਾਂ ਵਰਗੇ ( ਨਾਵਲ)

5. ਤਬਾਦਲਾ ( ਨਾਵਲ)

ਬੇਬਾਕ, ਨਿਧੜਕ ਤੇ ਜਾਂਬਾਜ਼ ਬੀਬਾ ਬੇਅੰਤ ਕੌਰ ਗਿੱਲ ਮੋਗਾ ਹੋਰਾਂ ਦੀ ਦਿਲੀ ਤਮੰਨਾ ਹੈ ਕਿ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਨੂੰ ਫਿਰ ਤੋਂ ਪੰਜਾਬੀ ਸਾਹਿਤ ਜਗਤ ਦੇ ਲਿਖਾਰੀਆਂ ਦੁਆਰਾ ਸ਼ਾਨਾਂ ਮੱਤੀਆਂ ਕਾਰਗੁਜ਼ਾਰੀਆਂ ਨਾਲ ਹੋਰ ਬੁਲੰਦੀਆਂ ਉੱਤੇ ਪਹੁੰਚਾਇਆ ਜਾਵੇ! ਇਹਦੇ ਲਈ ਇਹ ਕਾਰਜ ਕਰਨ ਨੂੰ ਬੀਬਾ ਜੀ ਪਹਿਲ ਦੇਣਗੇ: 

1. ਗੁੱਟਬੰਦੀ ਦੀ ਨਾ-ਮੁਰਾਦ ਬਿਮਾਰੀ ਖ਼ਤਮ ਕਰਕੇ ਸਭ ਨੂੰ ਬਰਾਬਰੀ ਦੇਣਾ। 

2. ਨੌਜਵਾਨ ਲੇਖਕਾਂ ਅਤੇ ਅਣਗੌਲ਼ੇ ਬਜ਼ੁਰਗ ਲੇਖਕਾਂ ਨੂੰ  ਵਧੇਰੇ ਮੌਕੇ ਪ੍ਰਦਾਨ ਕਰਨਾ। 

3. ਅਕਾਡਮੀ ਦੀ ਆਮਦਨ ਦੇ ਇਕ ਇਕ ਪੈਸੇ ਨੂੰ ਸਾਹਿਤਕ ਕਾਰਜਾਂ ਅਤੇ ਮਾਂ ਬੋਲੀ ਪੰਜਾਬੀ ਨੂੰ ਪ੍ਰਫੁੱਲਤ ਕਰਨ ਲਈ ਵਰਤਣਾ ਅਤੇ ਉਸਨੂੰ ਸਾਲਾਨਾ ਬਜਟ ਵਿਚ ਜਨਤਕ ਕਰਨਾ। 

4. ਵਧੀਆ ਸਾਹਿਤ ਨੂੰ ਚੁਣਨ ਲਈ ਕਮੇਟੀਆਂ ਦਾ ਗਠਨ ਕਰਨਾ ਤੇ ਪ੍ਰਕਾਸ਼ਿਤ ਕਰਨਾ, ਵਧੀਆ ਸਾਹਿਤ ਨੂੰ ਉਤਸ਼ਾਹਿਤ ਕਰਨ ਦੇ ਨਾਲ ਨਾਲ ਪੰਜਾਬੀ ਪਾਠਕਾਂ ਦਾ ਘੇਰਾ ਵਿਸ਼ਾਲ ਕਰਨਾ।  

ਇਸਤੋਂ ਇਲਾਵਾ ਜੋ ਵੀ ਅਕਾਡਮੀ ਦੀ ਸ਼ਾਖ ਨੂੰ ਵਧਾਉਣ ਵਾਲੇ ਕਾਰਜ ਹੋਣਗੇ, ਉਹਨਾਂ ਨੂੰ ਤਰਜੀਹੀ ਪੱਧਰ ਉੱਤੇ ਕਰਨ ਨੂੰ ਪਹਿਲ ਦਿੱਤੀ ਜਾਵੇਗੀ!

ਸੋ ਸਮੂਹ ਲੇਖਕ ਭਾਈਚਾਰੇ ਨੂੰ ਬੇਨਤੀ ਅਤੇ ਪੁਰਜ਼ੋਰ ਅਪੀਲ ਹੈ ਕਿ ਆਓ ! "ਉੱਤਰ ਕਾਟੋ ਮੈਂ ਚੜ੍ਹਾਂ" ਦੇ ਮੁਹਾਵਰੇ ਨੂੰ ਨਕਾਰ ਕੇ ਬੀਬਾ ਬੇਅੰਤ ਕੌਰ ਗਿੱਲ ਮੋਗਾ ਵਰਗੇ ਸੁਹਿਰਦ ਲੇਖਕਾਂ ਨੂੰ ਵਾਗਡੋਰ ਸੌਂਪੀਏ ਤਾਂ ਜੋ ਭਵਿੱਖ ਦੀਆਂ ਪੀੜ੍ਹੀਆਂ ਵੀ ਪੰਜਾਬੀ ਸਾਹਿਤ ਜਗਤ ਵਿਚ ਆਪਣੀਆਂ ਨਿਵੇਕਲੀਆਂ ਪੈੜਾਂ ਛੱਡ ਸਕਣ ਦੇ ਸਮਰੱਥ ਹੋ ਸਕਣ! 

✍️ਡਾ. ਸਵਰਨਜੀਤ ਕੌਰ ਗਰੇਵਾਲ ✍️

Wednesday, 14 February 2024

ਧੜੇਬੰਦੀਆਂ ਖ਼ਤਮ ਹੋਣ ਦੀ ਚਾਹਤ ਲੈ ਕੇ ਬੇਅੰਤ ਕੌਰ ਗਿੱਲ ਮੋਗਾ ਵੀ ਮੈਦਾਨ ਵਿੱਚ

Tuesday 13th February 2024 at 17:54

ਪ੍ਰਧਾਨਗੀ ਦੇ ਅਹੁਦੇ ਲਈ ਚੋਣਾਂ ਲੜਨ ਦਾ ਕੀਤਾ ਐਲਾਨ 


ਲੁਧਿਆਣਾ//ਮੋਗਾ: 13 ਫਰਵਰੀ  2024: (ਮੀਡੀਆ ਲਿੰਕ//ਸਾਹਿਤ ਸਕਰੀਨ ਡੈਸਕ)::

ਪੰਜਾਬੀ ਸਾਹਿਤ ਅਕਾਦਮੀ ਦੀ ਚੋਣ ਜੰਗ ਵਿੱਚ ਇੱਕ  ਹੋਰ ਚਿਹਰਾ ਵੀ ਸਾਹਮਣੇ ਆਇਆ ਹੈ।  ਮੋਗਾ ਤੋਂ ਬੇਅੰਤ ਕੌਰ ਗਿੱਲ ਨੇ ਪ੍ਰਧਾਨ ਵਾਲੇ ਮੁਖ ਅਹੁਦੇ ਲਈ ਚੋਣ ਲੜਨ ਦਾ ਐਲਾਨ ਕੀਤਾ ਹੈ। ਸਾਹਿਤ ਸਕਰੀਨ ਨਾਲ ਗੱਲ ਕਰਦਿਆਂ ਉਹਨਾ ਕਿਹਾ ਕੀ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੀਆਂ ਚੋਣਾਂ ਵਿੱਚ ਮੁੱਖ ਸੀਟ (ਪ੍ਰਧਾਨ) ਲਈ ਸਤਾਰਾਂ ਫਰਵਰੀ ਨੂੰ ਪੇਪਰ ਭਰਾਂਗੇ।  ਇਸ ਚੋਣ ਵਿਚ ਸਫਲਤਾ ਲਈ ਉਹਨਾਂ ਸਾਹਿਤਕਾਰਾਂ ਅਤੇ ਮੈਂਬਰਾਂ ਨੂੰ ਕਿਹਾ ਕੀ ਤੁਹਾਡੇ ਸਾਥ ਅਤੇ ਭਰਵੇਂ ਹੁੰਗਾਰੇ ਦੀ ਉਡੀਕ ਵੀ ਰਹੇਗੀ।  ਆਪਣੇ ਏਜੰਡੇ ਅਤੇ ਮਕਸਦ ਬਾਰੇ ਗੱਲ ਕਰਦਿਆਂ ਉਹਨਾ ਕਿਹਾ ਕਿ ਮੇਰੀ ਦਿਲੀ ਇੱਛਾ ਹੈ ਕਿ ਸਾਹਿਤ ਜਗਤ ਵਿੱਚ ਇਹ ਸਾਰੀਆਂ ਧੜੇਬੰਦੀਆਂ ਖ਼ਤਮ ਹੋਣੀਆਂ ਚਾਹੀਦੀਆਂ ਹਨ, ਜੋ ਕਿ ਇੱਕ ਨਾਮੁਰਾਦ ਬੀਮਾਰੀ ਹੈ। ਲੇਖਕਾਂ ਦੀਆ ਧੜੇਬੰਦੀਆਂ ਖ਼ਤਮ ਕਰਕੇ ਸਾਂਝੀਵਾਲਤਾ ਦਾ ਮੰਚ ਸਿਰਜਾਂਗੇ। 

ਇਸਦੇ ਨਾਲ ਹੀ ਉਹਨਾਂ ਵਾਅਦਾ ਕੀਤਾ ਕਿ ਨੌਜਵਾਨ ਲੇਖਕਾਂ ਅਤੇ ਅਣਗੌਲੇ ਬਜ਼ੁਰਗ ਲੇਖਕਾਂ ਨੂੰ ਵੱਧ ਤੋਂ ਵੱਧ ਮੌਕੇ ਦਿੱਤੇ ਜਾਣਗੇ।ਧੜੇਬੰਦੀਆਂ ਖ਼ਤਮ ਹੋਣ ਦੀ ਚਾਹਤ ਲੈ ਕੇ ਬੇਅੰਤ ਕੌਰ ਗਿੱਲ ਮੋਗਾ ਵੀ ਮੈਦਾਨ ਵਿੱਚ 

ਵਿੱਤੀ ਮਾਮਲਿਆਂ ਬਾਰੇ ਗੱਲ ਕਰਦਿਆਂ ਉਹਨਾ ਇਹ ਗੱਲ ਵੀ ਦੁਹਰਾਈ ਕਿ ਅਕਾਦਮੀ ਦੀ ਆਮਦਨ ਦੇ ਇੱਕ-ਇੱਕ ਪੈਸੇ ਨੂੰ ਸਾਹਿਤਕ ਕਾਰਜਾਂ ਅਤੇ ਮਾਂ ਬੋਲੀ ਪੰਜਾਬੀ ਨੂੰ ਪ੍ਰਫੁੱਲਿਤ ਕਰਨ ਲਈ ਹੀ ਵਰਤਿਆ ਜਾਵੇਗਾ, ਅਤੇ ਉਸ ਨੂੰ ਸਾਲਾਨਾ ਬਜਟ ਵਿੱਚ ਜਨਤਕ ਕੀਤਾ ਜਾਵੇਗਾ।

ਇੱਕ ਹੋਰ ਗੱਲ ਵੀ ਉਹਨਾਂ ਆਖੀ ਕਿ ਗੁਰਮਤਿ ਸਾਹਿਤ, ਖੱਬੇਪੱਖੀ ਸਾਹਿਤ ਤੇ ਸਮਾਜਿਕ ਹਰ ਵਰਗ ਤੇ ਖੇਤਰ ਦੇ ਸਾਹਿਤ ਨੂੰ ਯੋਗ ਥਾਂ ਦੇਵਾਂਗੇ। ਇਸ ਕੰਮ ਵਿੱਚ ਕੋਈ ਕਮੀ ਨਾ ਰਹਿ ਜਾਵੇ ਇਸ ਮਕਸਦ ਲਈ ਉਚੇਚੇ ਪ੍ਰਬੰਧ ਕੀਤੇ ਜਾਣਗੇ। ਵਧੀਆ ਸਾਹਿਤ ਦੀ ਚੋਣ ਲਈ ਕਮੇਟੀਆਂ ਬਿਠਾਵਾਂਗੇ ਤੇ ਪ੍ਰਕਾਸ਼ਿਤ ਕਰਵਾਵਾਂਗੇ। ਵਧੀਆ ਸਾਹਿਤ ਨੂੰ ਉਤਸ਼ਾਹਿਤ ਕਰਾਂਗੇ ਤੇ  ਜਿਹੜਾ ਪਾਠਕਾਂ ਦਾ ਘੇਰਾ ਖ਼ਤਮ ਹੋ ਰਿਹਾ ਉਸਨੂੰ ਵੀ ਵਧਾਵਾਂਗੇ।

ਉਹਨਾਂ ਅਕਾਦਮੀ ਦੇ ਸਮੂਹ ਵੋਟਰਾਂ ਅਤੇ ਆਪਣੇ ਸਮਰਥਕਾਂ ਨੂੰ ਕਿਹਾ ਕਿ ਤੁਹਾਡੇ ਸਾਥ ਨਾਲ ਅਸੀਂ ਇਹ ਸੀਟ ਹਾਸਲ ਕਰਦੇ ਹਾਂ ਤਾਂ  ਮੇਰਾ ਵਾਅਦਾ ਹੈ ਕਿ ਅੰਤਰਰਾਸ਼ਟਰੀ ਪੱਧਰ ਉੱਤੇ ਸਾਡੇ ਨਵੇਂ ਲੇਖਕ ਆਪਣੀ ਬੋਲੀ ਅਤੇ ਸ਼ੈਲੀ ਦਾ ਲੋਹਾ ਮੰਨਵਾਇਆ ਕਰਨਗੇ। ਅਸੀਂ ਸੀਨੀਅਰ ਸਾਹਿਤਕਾਰਾਂ ਦਾ ਸਤਿਕਾਰ ਕਰਦੇ ਹਾਂ। ਪਰ ਨੌਜਵਾਨਾਂ ਲਈ ਨਵੇਂ ਰਾਹ ਤਲਾਸ਼ਣਾ ਸਾਡਾ ਮੁੱਖ ਮਕਸਦ ਹੈ। 

ਹੁਣ ਦੇਖਣਾ ਹੈ ਕਿ ਪ੍ਰਧਾਨ ਦੇ ਅਹੁਦੇ ਲਈ ਇਸ ਇਸਤਰੀ ਲੇਖਿਕਾ ਨੁਨ੍ਨੂੰ ਚੋਨਾਨ੍ਦੌਰਾਂ ਕਿੰਨਾ ਕੁ ਸਹਿਯੋਗ ਮਿਲਦਾ ਹੈ?

Thursday, 27 May 2021

ਬਾਜ਼ ਉਡਾਰੀ ਵਰਗਾ ਦੂਰਦਰਸ਼ੀ ਸੀ ਡਾ. ਜਸਮੇਲ ਸਿੰਘ ਧਾਲੀਵਾਲ

Thursday 27th May 2021 at 6:41 PM

 ਗੁਰਭਜਨ ਸਿੰਘ ਗਿੱਲ (ਪ੍ਰੋ:) ਵੱਲੋਂ ਵਿਸ਼ੇਸ਼ ਲਿਖਤ 

ਬਾਜ਼ ਨੂੰ ਕਿਸੇ ਪੁੱਛਿਆ ਸੀ,
ਤੂੰ ਕਿੱਥੇ ਜੰਮਿਆ ਸੈਂ, ਉਸ ਉੱਤਰ ਮੋੜਿਆ ਬੁੱਢੇ ਰੁੱਖ ਦੀ ਖੋੜ ਵਿੱਚ। ਦੂਜਾ ਸਵਾਲ ਸੀ, ਹੁਣ ਕਿੱਧਰ ਦੀ ਉਡਾਰੀ ਹੈ, ਉਸ ਉੱਤਰ  ਮੋੜਿਆ, ਵਿਸ਼ਾਲ ਆਕਾਸ਼ ਦੀਆਂ ਨੀਲੱਤਣਾਂ ਦੀ ਥਾਹ ਪਾਉਣ।
ਇਹ ਗੱਲ ਮੈਂ 1975 ’ਚ  ਰਸੂਲ ਹਮਜ਼ਾਤੋਵ ਦੀ ਪੁਸਤਕ ਮੇਰਾ ਦਾਗਿਸਤਾਨ ਦੇ ਪੰਜਾਬ ਅਨੁਵਾਦ ’ਚੋਂ ਪੜ੍ਹੀ ਸੀ। ਉਦੋਂ ਪਤਾ ਨਹੀਂ ਸੀ ਇਹ ਬਾਜ਼ ਮੋਗਾ ਜ਼ਿਲ੍ਹੇ ’ਚ ਪਿੰਡ ਗਗੜਾ ਵਿਖੇ ਜਨਮ ਲੈ ਚੁਕਾ  ਹੈ।

ਮੈਂ ਡਾ. ਜਸਮੇਲ ਸਿੰਘ ਧਾਲੀਵਾਲ ਨੂੰ ਪਹਿਲੀ ਵਾਰ ਸ. ਜਗਦੇਵ ਸਿੰਘ ਜੱਸੋਵਾਲ ਅਤੇ ਡਾ. ਨਿਰਮਲ ਜੌੜਾ ਕਾਰਨ ਗਗੜਾ ਵਿਖੇ ਹੀ ਮਿਲਿਆ। ਉਸ ਨਾਲ ਸ. ਨਿਧੜਕ  ਸਿੰਘ ਬਰਾੜ ਤੇ ਸਾਥੀਆਂ ਨੇ ਰਲ ਕੇ ਮੋਗਾ ਵਿਖੇ ਪ੍ਰੋ. ਮੋਹਨ ਸਿੰਘ ਯਾਦਗਾਰੀ ਮੇਲਾ ਲਾਉਣਾ ਸੀ। ਉਸ ਦੀ ਤਿਆਰੀ ਕਮੇਟੀ ਦੀ ਮੀਟਿੰਗ ’ਚ ਸ਼ਾਮਲ ਹੋਣ ਗਿਆ ਸਾਂ ਮੈਂ। ਸਿਰਮੌਰ ਨਾਵਲਕਾਰ ਸ. ਜਸਵੰਤ ਸਿੰਘ ਕੰਵਲ ਵੀ ਪੁੱਜੇ। ਸਭ ਨੇ ਆਪੋ ਆਪਣੇ ਸੁਝਾਅ ਦਿੱਤੇ ਜੋ ਡਾ. ਜਸਮੇਲ ਸਿੰਘ ਧਾਲੀਵਾਲ ਨਾਲੋ ਨਾਲ ਨੋਟ ਕਰ ਰਹੇ ਸਨ। ਹਰ ਸੁਝਾਅ ਬਾਅਦ ਸੰਖੇਪ ਟਿੱਪਣੀ ਦਿੰਦੇ, ਹੋ ਗਿਆ, ਹੁਣ ਅੱਗੇ ਚੱਲੋ। ਦ੍ਰਿੜ  ਵਿਸ਼ਵਾਸ਼ ਤੇ ਆਪਣੀ ਸਮਰੱਥਾ ’ਤੇ ਮਾਣ ਬਿਨ ਇਹ ਟਿੱਪਣੀ ਸੰਭਵ ਨਹੀਂ।
ਮੀਟਿੰਗ ਤੋਂ ਬਾਦ ਅਗਲੇ ਹਫ਼ਤੇ ਮੈ ਅਮਰੀਕਾ ਤੇ ਕੈਨੇਡਾ ਚਲਾ ਗਿਆ। ਮੇਲੇ ਚ ਹਾਜ਼ਰ ਨਹੀਂ ਸਾਂ ਪਰ ਰੀਪੋਰਟ ਨਾਲੋ ਨਾਲ ਮਿਲ ਰਹੀ ਸੀ ਕਿ ਨਿਧੜਕ ਦਾ ਸਖ਼ਤ ਅਨੁਸ਼ਾਸਨ ਸੀ ਤੇ ਧਾਲੀਵਾਲ ਦੀ ਖ਼ੁੱਲ੍ਹੀ ਬੁੱਕਲ। ਨਿਰਮਲ ਜੌੜਾ ਸਭ ਨੂੰ ਟਿਕਾਣੇ ਸਿਰ ਰੱਖ ਰਿਹਾ ਸੀ।
ਜਦ ਮੈਂ ਅਮਰੀਕਾ ਤੋਂ ਪਰਤਿਆ ਤਾਂ ਧਾਲੀਵਾਲ ਨਾਲ ਜੱਸੋਵਾਲ ਸਾਹਿਬ ਦੇ ਘਰ ਮੁਲਾਕਾਤ ਹੋਈ। ਇੱਕੋ ਬੋਲ ਬਾਰ ਬਾਰ ਬੋਲ ਰਿਹਾ ਸੀ ਉਹ
ਬਾਈ ਜੀ ਤੁਸੀਂ ਤਾਂ ਚਲੇ ਗਏ ਪਰ ਮੇਲਾ ਵੇਖਦੇ ਕਦੇ। ਤੁਹਾਡੇ ਹੁੰਦਿਆਂ ਹੋਰ ਵੀ ਰੰਗ ਭਰਦਾ।
ਮੈਨੂੰ ਚੰਗਾ ਲੱਗਿਆ ਉਸ ਦਾ ਚਾਅ ਲੈਣ ਦਾ ਅੰਦਾਜ਼।
ਉਹ ਕਈ ਤਪਦੀਆਂ ਲੂਆਂ ਚੋਂ ਲੰਘ ਕੇ ਸਿਖ਼ਰ ਤੇ ਪੁੱਜਾ ਸੀ ਪਰ ਉਸ ਨੂੰ ਹੋਰ ਅੱਗੇ ਜਾਣ ਦਾ ਉਤਸ਼ਾਹ ਸੀ।
ਡਾ.ਜਸਮੇਲ ਸਿੰਘ ਧਾਲੀਵਾਲ ਦੀ ਚੇਅਰਮੈਨਸ਼ਿਪ ਹੇਠ ਹੀ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਵਾਲਿਆਂ ਦੀ ਯਾਦ ਵਿੱਚ ਇਹ ਵਿੱਦਿਅਕ ਸੰਸਥਾਵਾਂ ਕਾਰਜਸ਼ੀਲ ਹਨ ਅਤੇ ਤਲਵੰਡੀ ਸਾਬੋ (ਬਠਿੰਡਾ) ਅਤੇ ਮੋਹਾਲੀ ਦੇ ਨੇੜ ਤੇੜ ਵੀ ਕਈ ਵਿੱਦਿਅਕ ਅਦਾਰੇ ਤਕਨੀਕੀ ਸਿੱਖਿਆ ਦੇ ਰਹੇ ਹਨ। ਦੁਪਹਿਰੀ ਭੋਜ ਕਰਦਿਆਂ ਨੇੜਤਾ ਦੀਆਂ ਕਈ ਗੱਲਾਂ ਹੋਈਆਂ, ਜੋ ਬਾਅਦ ’ਚ ਸਨੇਹੀ ਰਿਸ਼ਤੇ ’ਚ ਤਬਦੀਲ ਹੋ ਗਈਆਂ।
ਮੋਗਾ ਤੋਂ ਮੋਹਾਲੀ ਜਾਂਦਿਆਂ ਉਹ ਅਕਸਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇੜੇ ਬਰੇਕਾਂ ਮਾਰ ਮਿਲ ਜਾਂਦੇ।
2010-11 ਦੇ ਨੇੜੇ ਉਨ੍ਹਾਂ ਬਾਰੇ ਪਤਾ ਲੱਗਿਆ ਕਿ ਉਹ ਤਲਵੰਡੀ ਸਾਬੋ ਵਿਖੇ ਗੁਰੂ ਕਾਸ਼ੀ ਯੂਨੀਵਰਸਿਟੀ ਸਥਾਪਤ ਕਰ ਰਹੇ ਹਨ। ਅਚਾਨਕ ਮੁਲਾਕਾਤ ਹੋਈ ਤਾਂ ਉਹ ਭਰਪੂਰ ਉਤਸ਼ਾਹ ’ਚ ਸਨ। ਕਹਿਣ ਲੱਗੇ, ਤੇਰੀ ਕਿੰਨੀ ਕੁ ਨੌਕਰੀ ਰਹਿ ਗਈ? ਮੈਂ ਦੱਸਿਆ ਕਿ ਮਈ 2013 ਤੀਕ ਹੀ ਏਥੇ ਹਾਂ। ਕਹਿਣ ਲੱਗੇ, ਮਗਰੋਂ ਸਾਡਾ ਸਾਥ ਦੇਵੀਂ, ਇਕਰਾਰ ਪੱਕਾ ਕਰੀਂ। ਮੈਂ ਚੁੱਪ ਰਿਹਾ।
ਮੇਰੀ ਸੇਵਾ ਮੁਕਤੀ ਦੀ ਖਬਰ ਮਿਲਣ ਸਾਰ ਜੂਨ ਦੇ ਪਹਿਲੇ ਹਫ਼ਤੇ ਫੋਨ ਆਇਆ, ਛੋਟੇ ਭਾਈ, ਇਕਰਾਰ ਚੇਤੇ ਹੈ? ਮੈਂ ਕਿਹਾ ਕਿਹੜਾ ? ਬੋਲੇ, ਜੱਟ ਮਚਲਾ ਖੁਦਾ ਨੂੰ ਲੈ ਗਏ ਚੋਰ! ਸਾਥ ਦੇਣ ਵਾਲਾ ਹੋਰ ਕਿਹੜਾ?
ਮੈਂ ਕਿਹਾ ਸੋਚਦੇ ਹਾਂ, ਅਜੇ ਤਾਂ ਮਨ ਨਹੀਂ, ਨੌਕਰੀ ਕਰਨ ਦਾ। ਡਾ: ਬਲਦੇਵ ਸਿੰਘ ਢਿੱਲੋਂ ਵੀ ਨੌਕਰੀ ਵਾਧਾ ਬਦਲਵੇਂ ਰੂਪ ਚ ਦੇ ਰਹੇ ਸਨ ਪਰ ਮੈਂ ਨਾਂਹ ਕਰ ਦਿੱਤੀ। ਲੋਕ ਸਮਝਦੇ ਨੇ ਇਹਨੂੰ ਝੱਲਦਾ ਕੋਈ ਨਹੀਂ, ਯੂਨੀਵਰਸਿਟੀ ਨੂੰ ਚੰਬੜਿਆ ਹੋਇਐ ਚਿੱਚੜ ਵਾਂਗ। ਮੈਂ ਚਿੱਚੜ ਕਿਉਂ ਬਣਾਂ?
ਕਹਿਣ ਲੱਗੇ ਤੈਨੂੰ ਨੌਕਰੀ ਕਰਨ ਨੂੰ ਕੌਣ ਕਹਿੰਦਾ ਹੈ? ਸਾਥ ਮੰਗਿਆ ਹੈ। ਮੈਂ ਨਿਰ ਉੱਤਰ ਸਾਂ! ਬੇ ਹਥਿਆਰਾ ! ਅੱਖਾਂ ਸਿੱਲ੍ਹੀਆਂ ਹੋ ਗਈਆਂ, ਭਲਾ ! ਕੋਈ ਸੱਜਣ ਮੇਰੇ ’ਤੇ ਏਨਾ  ਵੀ ਹੱਕ ਜਤਾ ਸਕਦਾ ਹੈ?
ਮੈਂ ਪਿੱਛਲ ਝਾਤ ਮਾਰੀ ਤਾਂ ਕਿੰਨਾ ਕੁਝ ਚੇਤੇ ਆਇਆ।
ਉਹ ਵੀ ਦਿਨ ਜਦ ਸ. ਜਗਦੇਵ ਸਿੰਘ ਜੱਸੋਵਾਲ ਦੇ ਘਰ ਸਵੇਰੇ ਚਾਹ ਵੇਲਾ ਖਾਂਦਿਆਂ ਵਿਰਾਸਤ ਭਵਨ ਦੇ ਹਾਲ ਕਮਰੇ ਦੀ ਉਸਾਰੀ ਦੀ ਗੱਲ ਤੁਰੀ ਤਾਂ ਡਾ. ਜਸਮੇਲ ਸਿੰਘ ਧਾਲੀਵਾਲ ਨੇ ਮੇਰੀ ਬਾਤ ਦਾ ਹੁੰਗਾਰਾ ਭਰਦਿਆਂ ਆਪ ਹੀ ਕਹਿ ਦਿੱਤਾ, ਬਾਪੂ ਜੀ ਚੰਨਣ ਸਿੰਘ ਸੀ, ਦੀ ਯਾਦ ਵਿੱਚ ਇਹ ਹਾਲ ਕਮਰਾ ਮੈਂ ਉਸਾਰ ਕੇ ਦਿਆਂਗਾ, ਹੁਣ ਹੋਰ ਗੱਲ ਕਰੋ! ਹਫ਼ਤੇ ਡੇਢ ਬਾਅਦ ਡਾ. ਧਾਲੀਵਾਲ ਦੇ ਭੇਜੇ ਇੰਜੀਨੀਅਰ ਕਾਮੇ ਤੇ ਸੁਪਰਵਾਈਜ਼ਰ ਪਾਲਮ ਵਿਹਾਰ ਦੇ ਵਿਰਾਸਤ ਭਵਨ ’ਚ ਹਾਜ਼ਰ ਸਨ।
ਉਨ੍ਹਾਂ ਕੋਲ ਖਲੋ ਕੇ ਇਹ ਹਾਲ ਕਮਰਾ ਬਣਵਾਇਆ, ਪਤਾ ਨਹੀਂ 10 ਲੱਖ ਲੱਗਿਆ ਕਿ ਪੰਦਰਾਂ, ਅੱਜ ਤੀਕ ਪਤਾ ਨਹੀਂ ਲੱਗਿਆ?
1 ਜੂਨ 1952 ਨੂੰ ਪੈਦਾ ਹੋਏ ਡਾ. ਜਸਮੇਲ ਸਿੰਘ ਧਾਲੀਵਾਲ ਦਾ ਕੱਦ ਲਗਭਗ ਸਵਾ ਛੇ ਕੁ ਫੁੱਟ ਸੀ। ਬਿਲਕੁਲ ਜੱਸੋਵਾਲ ਜਿੱਡਾ। ਜਦ ਗੱਲਾਂ ਕਰਦੇ ਤਾਂ ਜਾਪਦਾ ਦੋ ਮੀਨਾਰ ਆਹਮੋ ਸਾਹਮਣੇ ਖੜ੍ਹੇ ਹਨ। ਇੱਕ ਨੇ ਤਕਨੀਕੀ ਸਿੱਖਿਆ ਦੇ ਖੇਤਰ ’ਚ ਮੱਲ੍ਹਾਂ ਮਾਰੀਆਂ ਤੇ ਦੂਸਰੇ ਨੇ ਸੱਭਿਆਚਾਰਕ ਕਾਮੇ ਵਜੋਂ ਨਿਵੇਕਲੀਆਂ ਪੈੜਾਂ ਕੀਤੀਆਂ।
ਸਮਾਜ ਦੇ ਦੱਬੇ, ਕੁਚਲੇ ਤੇ ਆਰਥਿਕ ਤੌਰ ’ਤੇ ਟੁੱਟੇ ਬੁੜੇ ਲੋਕਾਂ ਲਈ ਉਹ ਆਸ ਉਮੀਦ ਦਾ ਰੌਸ਼ਨ ਮੀਨਾਰ ਬਣੇ। ਉਨ੍ਹਾਂ ਦੀ ਸਦਾਰਤ  ਹੇਠ ਕੰਮ ਕਰਦੇ ਅਦਾਰਿਆਂ ਵਿੱਚ ਹਰ ਸਾਲ ਲਗ-ਪਗ 25 ਹਜ਼ਾਰ ਵਿਦਿਆਰਥੀ ਸਿੱਖਿਆ ਗ੍ਰਹਿਣ ਕਰਦੇ ਸਨ। ਹੋਰ ਤਾਂ ਹੋਰ! ਦਸਮੇਸ਼ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜਨਮ ਭੂਮੀ ਪਟਨਾ ਸਾਹਿਬ ਵਿਖੇ ਵੀ ਮੈਡੀਕਲ ਕਾਲਜ ਜਾ ਖੋਲ੍ਹਿਆ।
ਮੈਂ ਇੱਕ ਸਤਰ ਵਿੱਚ ਡਾ. ਜਸਮੇਲ ਸਿੰਘ ਧਾਲੀਵਾਲ ਦਾ ਰੇਖਾ ਚਿੱਤਰ ਉਲੀਕਣਾ ਹੋਵੇ ਤਾਂ ਇਹੀ ਬਣੇਗਾ ਕਿ ਡਾ. ਜਸਮੇਲ ਸਿੰਘ ਧਾਲੀਵਾਲ ਖ਼ਤਰਿਆਂ  ਦਾ ਖਿਡਾਰੀ ਸੀ। ਉਸ ਵਿੱਚ ਉਤਸ਼ਾਹ ਕੁੱਟ ਕੁੱਟ ਕੇ ਭਰਿਆ ਹੋਇਆ ਸੀ। ਇਲੈਕਟਰੋਪੈਥੀ ਵਿੱਚ ਐਮ.ਡੀ. ਕਰਕੇ ਮਗਰੋਂ ਵਕਾਲਤ ਪਾਸ ਕਰਨਾ ਕਮਾਲ ਸੀ। ਜੇ ਇਲੈਕਟਰੋਪੈਥੀ ਨੂੰ ਪ੍ਰਵਾਨਗੀ ਮਿਲ ਜਾਂਦੀ ਤਾਂ ਸ਼ਾਇਦ ਵਿਸ਼ਾਲ ਸਿੱਖਿਆ ਤੰਤਰ ਦਾ ਸੁਪਨਕਾਰ ਡਾ. ਜਸਮੇਲ ਸਿੰਘ ਧਾਲੀਵਾਲ ਸਿਰਫ਼ ਮੋਗਾ ਜ਼ਿਲ੍ਹੇ ਤੀਕ ਸੀਮਤ ਰਹਿ ਜਾਂਦਾ।
ਮੇਰੀ ਗੱਲ ਮੰਨ ਕੇ ਉਨ੍ਹਾਂ ਕਈ ਵੱਡੇ ਫ਼ੈਸਲੇ ਕੀਤੇ। ਯੂਨੀਵਰਸਿਟੀ ਵਾਈਸ ਚਾਂਸਲਰ ਲਾਉਣ ਤੀਕ। ਖੇਤੀਬਾੜੀ ਕਾਲਿਜ ਦੇ ਅਧਿਆਪਕਾਂ ਨੂੰ ਮੂੰਹ ਮੰਗਵੀਂ ਤਨਂਕਾਹ ਦੇ ਕੇ ਤਲਵੰਡੀ ਸਾਬੋ ਲਿਆਉਣ ਤੀਕ। ਕਿਸਾਨ ਮੇਲਾ ਵੀ ਕਰਵਾਇਆ ਤੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬੁਲਾ ਕੇ ਪ੍ਰਸ਼ਾਸਕੀ ਬਲਾਕ ਦਾ ਉਦਘਾਟਨ ਵੀ ਕਰਵਾਇਆ। ਪ੍ਰੋ: ਮੋਹਨ ਸਿੰਘ ਮੇਲੇ ਦਾ ਅੱਧਾ ਆਯੋਜਨ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਚ ਕੀਤਾ। ਦੂਰਦਰਸ਼ਨ ਤੋਂ ਯੂਨੀਵਰਸਿਟੀ ਬਾਰੇ ਦਸਤਾਵੇਜ਼ੀ ਫਿਲਮ ਵੀ ਬਣਵਾਈ। ਡਾ: ਜਸਮੇਲ ਸਿੰਘ ਧਾਲੀਵਾਲ, ਗੁਰਲਾਭ ਸਿੰਘ ਸਿੱਧੂ ਤੇ ਸੁਖਰਾਜ ਸਿੰਘ ਸਿੱਧੂ ਤੋਂ ਇਲਾਵਾ ਇੰਜਨੀਅਰ ਸੁਖਵਿੰਦਰ ਸਿੰਘ ਸਿੱਧੂ ਹਰ ਕਾਰਜ ਸਿਰ ਜੋੜ ਕੇ ਕਰਦੇ ਸਨ।
ਜਦ ਡਾ: ਨ ਸ  ਮੱਲ੍ਹੀ ਜੀ ਨੂੰ ਬਤੌਰ ਵੀ ਸੀ ਜਾਇਨ ਕਰਾਉਣ ਗਏ ਤਾਂ ਅਸੀਂ ਲੁਧਿਆਣਿਉਂ ਪੰਜ ਜਣੇ ਸਾਂ। ਚਾਰ ਇੱਕ ਕਾਰ ਚ ਤੇ ਪੰਜਵੇਂ ਡਾ: ਬਲਦੇਵ ਸਿੰਘ ਢਿੱਲੋਂ ਵੀ ਸੀ ,ਪੀ ਏ ਯੂ ਵੱਖਰੇ। ਉਨ੍ਹਾਂ ਉਥੋਂ ਅੱਗੇ ਬਠਿੰਡਾ ਜਾਣਾ ਸੀ।
ਜਦ ਡਾ: ਨ ਸ ਮੱਲ੍ਹੀ ਨੇ ਅਹੁਦਾ ਸੰਭਾਲ ਲਿਆ ਤਾਂ ਡਾ: ਧਾਲੀਵਾਲ ਬੋਲੇ,ਹੁਣ ਤੂੰ ਵੀ ਅਹੁਦਾ ਸੰਭਾਲ।
ਮੈਂ ਕਿਹਾ, ਆਪਣੀ ਤਾਂ ਨੌਕਰੀ ਦੀ ਗੱਲ ਹੀ ਨਹੀਂ ਹੋਈ?
ਗੁਰਲਾਭ ਸਿੰਘ ਤੇ ਡਾ: ਧਾਲੀਵਾਲ ਇਕੱਠੇ ਬੋਲੇ, ਨੌਕਰੀ ਨਹੀਂ ਸਾਥ ਦੀ ਕਮਿੱਟਮੈਂਟ ਭੁੱਲ ਗਿਐ?
ਮੇਰੀਆ ਅੱਖਾਂ ਚ ਨਮੀ ਸੀ, ਕੋਈ ਮੇਰੇ ਤੇ ਏਨਾ ਹੱਕ ਵੀ ਜਤਾ ਸਕਦੈ, ਕਦੇ ਨਹੀਂ ਸੀ ਸੋਚਿਆ!
ਡਾ: ਬਲਦੇਵ ਸਿੰਘ ਢਿੱਲੋਂ ਨੇ ਮੈਨੂੰ ਮਿੱਠਾ ਜਿਹਾ ਘੂਰਿਆ ਵੀ ,ਤੂੰ ਆਪਣੇ ਆਪ ਨੂੰ ਕੀ ਸਮਝਦੈਂ?ਪਹਿਲਾਂ ਮੈਨੂੰ ਨਾਂਹ ਕਰ ਗਿਆ, ਹੁਣ ਇਨ੍ਹਾਂ ਨੂੰ ਨਾਂਹ ਕਰ ਰਿਹੈਂ।
ਗੁਰਲਾਭ ਤੇ ਡਾ: ਧਾਲੀਵਾਲ ਨਾਲ ਵਾਲੇ ਕਮਰੇ ਚ ਮੈਨੂੰ ਲੈ ਗਏ।
ਬੋਲੇ, ਦੋ ਹਰਫ਼ੀ ਗੱਲ ਹੈ ਨਾਂਹ ਨਹੀਂ ਸੁਣਨੀ। ਜ਼ੁੰਮੇਵਾਰੀ ਤੇ ਰੁਤਬਾ ਤੇਰੀ ਮਰਜ਼ੀ ਦਾ।
ਪੰਜ ਮਿੰਟਾਂ ਬਾਦ ਮੈਂ ਯੂਨੀਵਰਸਿਟੀ ਦਾ ਡਾਇਰੈਕਟਰ ਯੋਜਨਾ ਤੇ ਵਿਕਾਸ ਸਾਂ। ਵਾਈਸ ਚਾਂਸਲਰ ਤੋਂ ਦੂਜੇ ਨੰਬਰ ਤੇ। ਵੱਖਰੀ ਕਾਰ, ਘਰ ਤੇ ਹੋਰ ਸਹੂਲਤਾਂ। ਤਨਖ਼ਾਹ ਮੂੰਹ ਮੰਗਵੀਂ। ਮੈਂ ਮੰਨ ਤਾਂ ਗਿਆ ਪਰ
ਮੈਂ 8 ਮਹੀਨੇ ਬਾਅਦ ਉਕਤਾ ਗਿਆ। ਲੱਗਿਆ ਜੋ ਕੁਝ ਹਾਸਲ ਕਰ ਰਿਹਾਂ, ਓਨਾ ਕੰਮ ਨਹੀਂ ਕਰ ਰਿਹਾ। ਜਿੰਨਾ ਚਿਰ ਰਿਹਾ, ਅਨੇਕਾਂ ਨਿਵੇਕਲੇ ਕਾਰਜ ਕੀਤੇ। ਡਾ: ਨ ਸ ਮੱਲ੍ਹੀ ਦੀ ਅਗਵਾਈ ਚ ਖੇਤੀਬਾੜੀ ਕਾਲਿਜ ਸਮਰੱਥ ਬਣਾਇਆ। ਚੋਟੀ ਦੇ ਵਿਗਿਆਨੀ ਭਰਤੀ ਕੀਤੇ। ਕਿਸਾਨ ਮੇਲਾ ਕਰਵਾਇਆ।
ਯੂਨੀਵਰਸਿਟੀ ਦੇ ਪ੍ਰਸ਼ਾਸਕੀ ਬਲਾਕ ਦੇ ਬਾਹਰ ਇੱਕ ਹਫ਼ਤੇ ਅੰਦਰ ਅੰਦਰ ਯਾਦਗਾਰੀ ਗਿਆਨ ਸਤੰਭ ਵਿਉਂਤਿਆ ਤੇ ਬਣਾਇਆ। ਉਸ ਚ ਡਾ: ਜਸਮੇਰ ਸਿੰਘ ਧਾਲੀਵਾਲ ਦੋ ਤਿੰਨ ਵਾਰ ਮੇਰੇ ਨਾਲ ਬੁੱਤ ਤਰਾਸ਼ ਕੋਲ ਕਈ ਕਈ ਘੰਟੇ ਬੈਠੇ। ਡਾ: ਬਲਵਿੰਦਰ ਲੱਖੇਵਾਲੀ ਨੇ ਵੀ ਵਿਉਂਤਕਾਰੀ ਚ ਵੱਡਾ ਸਾਥ ਦਿੱਤਾ। ਉਸ ਦਾ ਸਮਰਪਣ ਵੇਖ ਕੇ ਧਾਲੀਵਾਲ ਨੇ ਉਸ ਨੂੰ ਪਰਿਵਾਰ ਸਮੇਤ ਯੂਨੀਵਰਸਿਟੀ ਸੇਵਾ ਚ ਆਉਣ ਦੀ ਪੇਸ਼ਕਸ਼ ਵੀ ਕੀਤੀ ਪਰ ਉਹ ਲੁਧਿਆਣਾ ਨਹੀਂ ਸੀ ਛੱਡਣਾ ਚਾਹੁੰਦਾ।
ਜਦ ਕਦੇ ਵੀ ਹੁਣ ਤੋਂ ਕੁਝ ਮਹੀਨੇ ਪਹਿਲਾਂ ਤੀਕ ਫੋਨ ਆਉਂਦਾ, ਹਰ ਫੋਨ ਹੱਕ ਵਾਲਾ ਹੀ ਹੁੰਦਾ।
ਛੋਟੇ ਭਾਈ! ਆਹ ਕੰਮ ਤੇਰੇ ਜ਼ਿੰਮੇ, ਸਾਡੀ ਸਿਰਦਰਦੀ ਖ਼ਤਮ!
ਹੁਣ ਅਜਿਹਾ ਫ਼ੋਨ ਕਦੇ ਨਹੀਂ ਆਏਗਾ।
ਜਾਣ ਵਾਲਿਆ ਵੇ ਕਦੇ ਏਸਰਾਂ ਨਹੀਂ ਕਰੀਦਾ।
ਨਿਭਣਾ ਨਾ ਹੋਵੇ ਤਾਂ ਹੁੰਗਾਰਾ ਵੀ ਨਹੀਂ ਭਰੀਦਾ।
ਪਰ ਡਾ: ਜਸਮੇਲ ਸਿੰਘ ਧਾਲੀਵਾਲ ਤਾਂ ਨਿਭਾ ਗਿਆ।
ਯਾਦ ਸਲਾਮਤ ਰਹੇਗੀ।

⚫️
ਚੇਅਰਮੈਨ
ਪੰਜਾਬੀ ਲੋਕ ਵਿਰਾਸਤ ਅਕਾਡਮੀ
ਲੁਧਿਆਣਾ।