google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: ਮਨਜੀਤ ਇੰਦਰਾ ਨਾਲ ਪੰਜਾਬ ਕਲਾ ਪ੍ਰੀਸ਼ਦ ਨੇ ਕਰਾਇਆ ਰੂਬਰੂ

Tuesday 29 August 2023

ਮਨਜੀਤ ਇੰਦਰਾ ਨਾਲ ਪੰਜਾਬ ਕਲਾ ਪ੍ਰੀਸ਼ਦ ਨੇ ਕਰਾਇਆ ਰੂਬਰੂ

ਤਾਰਿਆਂ ਦਾ ਛੱਜ ਕਿਸ ਕਿਸ ਨੂੰ ਕਿੰਨਾ ਕੁ ਛੱਟਦਾ ਹੈ ਪੜ੍ਹ ਕੇ ਦੇਖੋ 


ਚੰਡੀਗੜ੍ਹ
: 28 ਅਗਸਤ 2023: (ਕੈਮਰਾ-ਕਾਰਤਿਕਾ ਸਿੰਘ//ਰਿਪੋਰਟ-ਰੈਕਟਰ ਕਥੂਰੀਆ//ਸਾਹਿਤ ਸਕਰੀਨ)::

ਇੱਕ ਮਹਾਨ ਸ਼ਾਇਰ ਹੁੰਦੇ ਸਨ ਪ੍ਰਿੰਸੀਪਲ ਤਖਤ ਸਿੰਘ ਜੀ। ਜਗਰਾਓਂ ਦੇ ਅਗਵਾੜ ਗੁੱਜਰਾਂ ਜਾ ਕੇ ਉਹਨਾਂ ਨੂੰ ਸਜਦਾ ਕਰਨਾ ਹਰ ਸਾਹਿਤਕਾਰ ਜ਼ਰੂਰੀ ਸਮਝਦਾ ਸੀ। ਗੋਆ ਦੀ ਆਜ਼ਾਦੀ ਵਿਚ ਜਾਨ ਕੁਰਬਾਨ ਕਰਨ ਵਾਲੇ ਸ਼ਹੀਦ ਕਾਮਰੇਡ ਕਰਨੈਲ ਸਿੰਘ ਸਿੰਘ ਈਸੜੂ ਦਾ ਨਾਂਅ ਭਲਾ ਕੌਣ ਨਹੀਂ ਜਾਣਦਾ। ਹਰ ਸਾਲ 15 ਅਗਸਤ ਮੌਕੇ ਉਹਨਾਂ ਦੀ ਯਾਦ ਵਿੱਚ ਮੇਲਾ ਜੁੜਦਾ ਹੈ। ਸਾਰੀਆਂ ਸਿਆਸੀ ਪਾਰਟੀਆਂ ਪਹੁੰਚਦਿਆਂ ਹਨ। ਇਹ ਉਹ ਦੇਸ਼ ਭਗਤ ਸੀ ਜਿਹੜਾ ਆਪਣੇ ਪਿੰਡ ਈਸੜੂ ਤੋਂ ਸਾਈਕਲ 'ਤੇ ਚੱਲ ਕੇ ਲੁਧਿਆਣਾ ਵਿਚਲੇ ਪਾਰਟੀ ਦਫਤਰ ਪੁੱਜਿਆ ਅਤੇ ਉਥੇ ਸਾਈਕਲ ਰੱਖ ਕੇ ਗੋਆ ਵਾਲੀ ਟਰੇਨ ਫੜੀ ਅਤੇ ਤੁਰ ਪਿਆ ਸ਼ਹੀਦ ਹੋਣ ਲਈ। ਖੁਦ ਮਕਤਲ ਵਿਚ ਜਾ ਪਹੁੰਚਿਆ ਤਿਰੰਗੇ ਦਾ ਇਹ ਆਸ਼ਕ। ਗੋਲੀਆਂ ਦੇ ਸਾਹਮਣੇ ਹੋ ਕੇ ਵੀ ਤਿਰੰਗਾ ਹੱਥੋਂ ਨਹੀਂ ਡਿੱਗਣ ਦਿੱਤਾ। ਉਸ ਮਹਾਨ ਰਾਸ਼ਟਰਵਾਦੀ ਸ਼ਹੀਦ ਦੇ ਭਰਾ ਪ੍ਰਿੰਸੀਪਲ ਤਖਤ ਸਿੰਘ ਲੰਮੇ ਕੱਦ ਦੇ ਸਨ। ਜਦੋਂ ਉਹ ਬੈਠੇ ਬੈਠੇ ਅਚਾਨਕ ਕਦੇ ਉੱਠ ਖੜੋਂਦੇ ਤਾਂ ਅਸ਼ਟਾਵਕਰ ਦੀ ਯਾਦ ਤਾਜ਼ਾ ਹੋ ਜਾਂਦੀ। ਪ੍ਰਿੰਸੀਪਲ ਸਾਹਿਬ ਬੜੇ ਮਿਲਣਸਾਰ ਵੀ ਸਨ। ਜ਼ਿੰਦਗੀ ਦੇ ਤੱਤ ਅਤੇ ਨਿਚੋੜ ਉਹਨਾਂ ਦੀ ਸ਼ਾਇਰੀ ਵਿਚ ਨਜ਼ਰ ਆਉਂਦੇ ਸਨ>
ਕੁਝ ਕੁ ਸ਼ੀਸ਼ੇ ਰੋੜ ਖਾ ਕੇ ਵੀ ਨ ਭੱਜੇ; 
ਹਾਰ ਕੇ ਭੱਜੇ ਵੀ ਤਾਂ ਕਿਰਚਾਂ ਖਿੰਡਾ ਕੇ!

ਉਹਨਾਂ ਦੀ ਸ਼ਾਇਰੀ ਦੀ ਉਡਾਣ ਵੀ ਬਹੁਤ ਉੱਚੀ ਸੀ। ਸਾਦਗੀ ਭਰੇ ਅੰਦਾਜ਼ ਨਾਲ ਬੜੀ ਡੂੰਘੀ ਗੱਲ ਆਖ ਜਾਂਦੇ ਸਨ। ਇਸੇ ਗ਼ਜ਼ਲ ਵਿੱਚ ਉਹਨਾਂ ਇੱਕ ਸ਼ੇਅਰ ਲਿਖਿਆ ਸੀ:

ਮੈਂ ਤਾਂ ਕਲਮੂੰਹਾਂ ਗਿਆਂ ਪੂਣਿਆਂ ਤਾਂ ਫਿਰ ਕੀ!
ਚੰਦ ਕਿਓਂ ਛੱਟੇ ਗਏ ਛੱਜਾਂ 'ਚ ਪਾ ਕੇ!

ਉੰਝ ਇਸ ਸ਼ੇਅਰ ਦੀ ਵੀ ਇੱਕ ਵੱਖਰੀ ਕਹਾਣੀ ਹੈ ਪਰ ਉਹ ਫਿਰ ਕਦੇ ਸਹੀ। ਫਿਲਹਾਲ ਗੱਲ ਕਰਦੇ ਹਾਂ ਮਨਜੀਤ ਇੰਦਰਾ ਦੀ ਬਹੁਚਰਚਿਤ ਪੁਸਤਕ "ਤਾਰਿਆਂ ਦਾ ਛੱਜ" ਦੀ ਵੀ ਅਤੇ ਇਸਦੇ ਨਾਮ ਦੀ ਵੀ। ਇਸ ਨਾਵਲ ਦੇ ਕਈ ਐਡੀਸ਼ਨ ਛਪ ਚੁੱਕੇ ਹਨ। ਇਸ ਵਾਰ ਨਵਾਂ ਐਡੀਸ਼ਨ ਆਇਆ ਹੈ ਸੋ ਇਸਨੂੰ ਵੀ ਬਾਕਾਇਦਾ ਪਹਿਲੇ ਐਡੀਸ਼ਨ ਵਾਂਗ ਹੀ ਰਿਲੀਜ਼ ਕੀਤਾ ਗਿਆ। ਉਂਝ ਇਸਨੂੰ ਦਸਤਾਵੇਜ਼ੀ ਗਲਪ ਵਾਲੇ ਵਰਗ ਵਿਚ ਵੀ ਰੱਖਿਆ ਜਾ ਸਕਦਾ ਹੈ। ਇਹ ਪੁਸਤਕ ਇੱਕ ਖਾਸ ਵਿਅਕਤੀ ਦੇ  ਇੱਕ ਤਰਫ ਇਸ਼ਕ ਵਾਲੀ ਸ਼ਿੱਦਤ ਅਤੇ ਉਸ ਵਿਚਲੇ ਦਰਦ ਦੀ ਬੇਹੱਦ ਸੰਤੁਲਿਤ ਰਿਪੋਰਟ ਵੀ ਆਖੀ ਜਾ ਸਕਦੀ ਹੈ। ਪੱਤਰਕਾਰੀ ਵਾਲੇ ਨਿਰਪੱਖਤਾ ਦੇ ਧਰਮ ਨੂੰ ਨਿਭਾਉਂਦਿਆਂ ਦੂਜੀ ਧਿਰ ਦੇ ਦਿਲ ਅੰਦਰਲੇ ਸੱਚ ਨੂੰ ਵੀ ਟੋਹ ਟੋਹ ਕੇ ਲਭਿਆ ਗਿਆ ਹੈ। ਉਸ ਵਿੱਚੋਂ ਨਫਰਤ ਨਿਕਲੀ ਤਾਂ ਮਨਜੀਤ ਇੰਦਰਾ ਨੇ ਉਹੀ ਰਿਪੋਰਟ ਕਰਨੀ ਸੀ। ਜਿਹੜਾ ਪ੍ਰੋਫੈਸਰ ਮੋਹਨ ਸਿੰਘ ਅੰਮ੍ਰਿਤਾ ਪ੍ਰੀਤਮ ਨੂੰ ਸ਼ਿੱਦਤ ਨਾਲ ਇਸ਼ਕ ਕਰਦਾ ਸੀ ਉਹ ਅੰਮ੍ਰਿਤਾ ਉਸ ਮੋਹਨ ਸਿੰਘ ਨੂੰ ਨਫਰਤ ਕਰਦੀ ਸੀ। ਇਸ ਹਕੀਕਤ ਵਿਚ ਮਨਜੀਤ ਇੰਦਰ ਚਾਹ ਕੇ ਵੀ ਕੋਈ ਤਬਦੀਲੀ ਨਹੀਂ ਸੀ ਕਰ ਸਕਦੀ। ਜਿਸ ਨੂੰ ਮੋਹਨ ਸਿੰਘ ਨੇ ਇਸ਼ਕ ਕੀਤਾ ਉਹ ਉਸਦੇ ਨਸੀਬਾਂ ਵਿਚ ਨਹੀਂ ਸੀ। ਜਿਸਨੂੰ ਅੰਮ੍ਰਿਤਾ ਨੇ ਇਸ਼ਕ ਕੀਤਾ ਉਹ ਸਾਹਿਰ ਉਸਦੇ ਨਸੀਬਾਂ ਵਿਹਚ ਨਹੀਂ ਸੀ। ਇਸ ਗੱਲ ਤੋਂ ਇਮਰੋਜ਼ ਵੀ ਜਾਣੂੰ ਸੀ। ਅਤੇ ਮਨਜੀਤ ਇੰਦਰਾ ਵੀ। ਪ੍ਰਸਿੱਧ ਅਨੁਵਾਦਿਕਾ ਅਮੀਆ ਕੁੰਵਰ ਨੇ ਵੀ ਅੰਮ੍ਰਿਤਾ ਪ੍ਰੀਤਮ ਦੀ ਜ਼ਿੰਦਗੀ ਨੂੰ ਬਹੁਤ ਨੇੜਿਓਂ ਦੇਖਿਆ ਹੈ। ਚੰਗਾ ਹੋਵੇ ਜੇਕਰ ਉਹ ਵੀ ਆਪਣੇ ਵਿਚਾਰ ਦਰਜ ਕਰਾਉਣ। 

ਇਥੇ ਇਹ ਦੱਸਣਾ ਵੀ ਜ਼ਰੂਰੀ ਲੱਗਦਾ ਹੈ ਕਿ ਬਹੁਤਿਆਂ ਨੂੰ ਅੱਜਕਲ੍ਹ ਛੱਜ ਦਾ ਵੀ ਨਹੀਂ ਪਤਾ। ਪੂੰਜੀਵਾਦੀ ਵਿਕਾਸ ਅਤੇ ਫਿਸ਼ਨਾਂ ਦੀ ਹਨੇਰੀ ਨੇ ਸਾਡੇ ਕੋਲੋਂ ਸਦਾ ਸਭ ਕੁਝ ਖੋਹ ਲਿਆ ਅਤੇ ਭੁਲਾ ਵੀ ਦਿੱਤਾ। ਇੱਕ ਕਹਾਵਤ ਆਉਂਦੀ ਹੈ ‘‘ਛੱਜ ਤਾਂ ਬੋਲੇ ਛਾਨਣੀ ਕੀ ਬੋਲੇ’’ਇਹ ਪੰਜਾਬੀਆਂ ਵਿਚ ਆਮ ਬੋਲੀ ਜਾਂਦੀ ਰਹੀ। ਕਿਸੇ ਗੱਲ ਨੂੰ ਜਿਆਦਾ ਉਛਾਲਣ ਤੇ ‘‘ਛੱਜ ਵਿੱਚ ਪਾ ਕੇ ਛੱਟਣਾ’’ ਵਾਲੀ ਕਹਾਵਤ ਵੀ ਵਰਤੀ ਜਾਂਦੀ ਹੈ।  

ਹੁਣ ਮਨਜੀਤ ਇੰਦਰਾ ਨੇ ਕਿਸ ਕਿਸ ਦੀ ਕਿਸ ਕਿਸ ਗੱਲ ਨੂੰ ਆਪਣੇ ਛੱਜ ਵਿੱਚ ਪਾ ਕੇ ਜ਼ਿਆਦਾ ਛੱਟਿਆ  ਹੈ ਇਸਦਾ ਪਤਾ ਤੁਸੀਂ ਪੁਸਤਕ ਪੜ੍ਹ ਕੇ ਲਗਾ ਸਕਦੇ ਹੋ। ਇਹ ਪੁਸਤਕ ਪ੍ਰੋਫੈਸਰ ਮੋਹਨ ਸਿੰਘ ਅਤੇ ਅੰਮ੍ਰਿਤਾ ਪ੍ਰੀਤਮ ਦੇ ਇਸ਼ਕ ਦੀ ਉਸ ਕਹਾਣੀ ਤੇ ਕੇਂਦਰਿਤ ਵੀ ਹੈ ਜਿਸ ਬਾਰੇ ਯਾਦ ਆ ਰਹੀਆਂ ਨੇ ਇੱਕ ਪ੍ਰਸਿੱਧ ਪੁਰਾਣੇ ਫ਼ਿਲਮੀ ਗੀਤ ਦੀਆਂ ਸਤਰਾਂ-
ਮੋਹੱਬਤ ਕੀ ਝੂਠੀ ਯੇਹ ਕਹਾਣੀ ਪੇ ਰੋਏ--
ਬੜੀ ਚੋਟ ਖਾਈ ਜਵਾਨੀ ਪੇ ਰੋਏ..!
 
ਇਸ਼ਕ ਵਿਚ ਕਿਸੇ ਏਨੀ ਵੱਡੀ ਸ਼ਖ਼ਸੀਅਤ ਦਾ ਰੋਣਾ ਵੀ ਤਾਂ ਹਰ ਕਿਸੇ ਸਾਹਮਣੇ ਨਹੀਂ ਸੀ ਹੋ ਸਕਦਾ। ਤੜਪ ਅਤੇ ਰੋਂ ਵਾਲੀ ਉਸ ਅਵਸਥਾ ਵਿੱਚ ਮਨਜੀਤ ਇੰਦਰਾ ਦਾ ਕੋਲ ਹੋਣਾ ਹੀ ਬੜਾ ਵੱਡਾ ਹੌਂਸਲਾ ਹੁੰਦਾ ਸੀ। ਇਸ ਹਕੀਕਤ ਦਾ ਪਤਾ ਰੋਜ਼ ਗਾਰਡਨ ਵਾਲੀ ਸੜਕ ਨੂੰ ਵੀ ਹੈ ਅਤੇ ਸਵਰਗੀ ਕੁਲਵੰਤ ਸਿੰਘ ਵਰਗੀ ਮਹਾਨ ਸ਼ਖ਼ਸੀਅਤ ਨੂੰ ਵੀ। 

ਸ਼ਾਇਦ ਅਜਿਹੀ ਹੀ ਹਾਲਤ ਅੰਮ੍ਰਿਤਾ ਪ੍ਰੀਤਮ ਅਤੇ ਸਾਹਿਰ ਲੁਧਿਆਣਵੀ ਦੇ ਇਸ਼ਕ ਦੀ ਵੀ ਸੀ। ਨਿਦਾ ਫਾਜ਼ਲੀ  ਸਾਹਿਬ ਨੇ ਇੱਕ ਅਮਰ ਹਕੀਕਤ ਵਰਗੀ ਗੱਲ ਬਿਆਨ ਕੀਤੀ ਹੈ--ਕਭੀ ਕਿਸੀ ਕੋ ਮੁਕੰਮਲ ਜਹਾਂ ਨਹੀਂ ਮਿਲਤਾ--ਅਸਲ ਵਿਚ ਯਰਾ ਡੂੰਘਾਈ ਨਾਲ ਸੋਚੀਏ ਤਾਂ ਮੋਹੱਬਤ ਦੇ ਢਾਈ ਅੱਖਰ ਹੁੰਦੇ ਨੇ-ਮਤਲਬ ਅਧੂਰੇ ਹਨ ਆਪਣੇ ਆਪ ਵਿੱਚ ਹੀ..-ਇਹ ਗੱਲ ਨਿਰਥਰਕ ਨਹੀਂ ਹੈ--ਇਹੀ ਦੱਸਦੀ ਹੈ ਕਿ ਅਧੂਰੇਪਣ ਦਾ ਸੱਚ ਹੀ ਮੋਹੱਬਤ ਦਾ ਨਸੀਬ ਹੁੰਦਾ ਹੈ। ਉੰਝ ਇਸੇ ਬਹਿਰ   ਵਿੱਚ ਕੈਫ਼ੀ ਆਜ਼ਮੀ ਸਾਹਿਬ ਦੀ ਰਚਨਾ ਵੀ ਪੜ੍ਹਨ ਵਾਲੀ ਹੈ--

ਮੈਂ ਢੂੰਢਤਾ ਹੂੰ  ਜਿਸੇ ਵੋ ਜਹਾਂ ਨਹੀਂ ਮਿਲਤਾ! 
ਈ ਜ਼ਮੀਨ ਨਯਾ ਆਸਮਾਂ ਨਹੀਂ ਮਿਲਤਾ!

ਵੋ ਤੇਗ ਮਿਲ ਗਈ ਜਿਸੇ ਹੂਆ ਹੈ ਕਤਲ ਮੇਰਾ! 
ਕਿਸੀ ਕੇ ਹਾਥ ਕਾ ਉਸ ਪਰ ਨਿਸ਼ਾਂ ਨਹੀਂ ਮਿਲਤਾ!

ਕਈ ਵਾਰ ਜਿਸਮਾਨੀ ਕਤਲ ਨਹੀਂ ਹੁੰਦੇ ਪਰ ਸ਼ਖਸ਼ੀਅਤ ਦੇ ਕਤਲ ਹੋ ਜਾਂਦੇ ਨੇ। ਅੰਗਰੇਜ਼ੀ ਵਾਲਿਆਂ ਕੋਲ ਇੱਕ ਬਹੁਤ ਖੂਬਸੂਰਤ ਸ਼ਬਦ ਹੈ--ਕਰੈਕਟਰ ਅਸੈਸੀਨੇਸ਼ਨ-ਸਾਡੇ ਵੇਲਿਆਂ ਵਿਚ ਅਜਿਹੇ ਕਤਲ ਬਹੁਤ ਵੱਧ ਗਏ ਹਨ। ਮਨਜੀਤ ਇੰਦਰਾ ਨੇ ਇੱਕ ਤਰ੍ਹਾਂ ਨਾਲ ਸਾਹਿਤਕ ਪੱਤਰਕਾਰੀ ਵਾਲੀ ਖੋਜ ਭਰਪੂਰ ਰਿਪੋਰਟ ਲੱਭੀ ਅਤੇ ਲਿਖੀ ਜੋ ਹਕੀਕਤਾਂ ਬਾਰੇ ਕਾਫੀ ਕੁਝ ਦਰਸਾਉਂਦੀ ਹੈ।  ਏਨੇ ਵੱਡੇ ਕਾਤਲਾਨਾ ਵਾਰ ਸਹਿ ਕੇ ਵੀ ਸੀ ਨਾ ਕਰਨਾ--ਸ਼ਾਇਦ ਇਹੀ ਹੁੰਦਾ ਹੈ ਮੋਹੱਬਤ ਦਾ ਦਸਤੂਰ।
 
ਮੋਹੱਬਤ ਜੋ ਕਰਤੇ ਹੈਂ ਵੋ, ਮੋਹੱਬਤ ਜਤਾਤੇ ਨਹੀਂ!
ਧੜਕਣੇਂ ਆਪਣੇ ਦਿਲ ਕੀ ਕਭੀ, ਕਿਸੀ ਕੋ ਸੁਨਾਤੇ ਨਹੀਂ!
ਮਜ਼ਾ ਕੀਆ ਰਾਹ ਜਬਕਿ ਖੁਦ ਕਰ ਦੀਆ ਹੋ, 
ਮੋਹੱਬਤ ਕਾ ਇਜ਼ਹਾਰ ਆਪਣੀ ਜ਼ੁਬਾਂ ਸੇ!

ਉੰਝ ਇਸ ਸਾਰੇ ਮੁੱਦੇ ਅਤੇ ਵਿਸ਼ੇ ਬਾਰੇ ਡਾਕਟਰ ਸੁਰਜੀਤ ਪਾਤਰ ਵੀ ਬਹੁਤ ਕੁਝ ਜਾਣਦੇ ਹਨ ਇਹ ਵੱਖਰੀ ਗੱਲ ਹੈ ਕਿ ਉਹ ਬੋਲਦੇ ਬਹੁਤ ਘੱਟ ਹਨ। ਇਥੇ ਇਹ ਜ਼ਿਕਰ ਜ਼ਰੂਰੀ ਜਾਪਦਾ ਹੈ ਕਿ ਪ੍ਰੋਫੈਸਰ ਮੋਹਨ ਸਿੰਘ ਹੁਰਾਂ ਦੀ ਪ੍ਰੇਰਨਾ 'ਤੇ ਹੀ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਆਏ ਅਤੇ ਨਿਯੁਕਤ ਵੀ ਹੋਏ। ਯੂਨੀਵਰਸਿਟੀ ਦੇ ਤਿੰਨ ਨੰਬਰ ਗੇਟ ਤੋਂ ਜਿਹੜੀ ਸੜਕ ਫਿਰੋਜ਼ਪੁਰ ਰੋਡ ਨੂੰ ਜਾਂਦੀ ਹੈ ਉਸ ਸੜਕ ਤੇ ਪ੍ਰੋਫੈਸਰ ਮੋਹਨ ਸਿੰਘ ਹੁਰਾਂ ਦਾ ਉਹ ਮਕਾਨ ਹੁਣ ਵੀ ਬੜੀ ਬਦਹਾਲੀ ਵਿਚ ਹੈ। ਕਿਸੇ ਵੀ ਸਾਹਿਤਿਕ ਜਾਂ ਸਰਕਾਰੀ ਸੰਗਠਨ ਨੇ ਉਸ ਮਕਾਨ ਨੂੰ ਸੰਭਾਲ ਕੇ ਪ੍ਰੋਫੈਸਰ ਸਾਹਿਬ ਦੀ ਯਾਦ ਵਿੱਚ ਕੋਈ ਮਿਊਜ਼ੀਅਮ ਨਹੀਂ ਉਸਾਰਿਆ। 

ਇਹੀ ਹਸ਼ਰ ਅੰਮ੍ਰਿਤਾ ਪ੍ਰੀਤਮ ਦੇ ਦਿੱਲੀ ਵਿੱਚ ਕੇ-25 ਹੌਜ਼ ਖਾਸ ਵਾਲੇ ਮਕਾਨ ਨਾਲ ਵੀ ਹੋਇਆ। ਉਸ ਮਕਾਨ ਨੂੰ ਵੀ ਨਹੀਂ ਸੰਭਾਲਿਆ। ਉਥੇ ਬੁਲਡੋਜ਼ਰ ਚੱਲਿਆ ਅਤੇ ਕੋਈ ਸਾਹਿਤਿਕ ਸੰਗਠਨ ਕੁਝ ਨਾ ਕਰ ਸਕਿਆ। ਸਾਡੇ ਸਮਾਜ ਵਿਚ ਗੱਲਾਂ ਬਹੁਤ ਜ਼ਿਆਦਾ ਹਨ ਅਤੇ ਦੱਖਣੀ ਭਾਰਤ, ਬੰਗਾਲ ਅਤੇ ਵਿਦੇਸ਼ ਵਿੱਚ ਲੋਕ ਅਮਲੀ ਤੌਰ ਤੇ ਇਹਨਾਂ ਵਿਰਾਸਤਾਂ ਨੂੰ ਸੰਭਾਲਦੇ ਹਨ। ਉਹਨਾਂ ਦੀਵਾਰਾਂ ਵਿੱਚੋਂ ਆਉਂਦੀਆਂ ਤਰੰਗਾਂ ਨੂੰ ਮਹਿਸੂਸ ਕਰ ਕੇ ਸ਼ਕਤੀ ਲੈਂਦੇ ਹਨ। 

ਖੈਰ ਵਾਪਿਸ ਲੁਧਿਆਣਾ ਮੁੜਦੇ ਹਾਂ-ਪ੍ਰੋਫੈਸਰ ਮੋਹਨ ਸਿੰਘ ਉਸ ਮਕਾਨ ਵਿੱਚ ਹੀ ਡਾਕਟਰ ਪਾਤਰ ਕੋਲੋਂ ਵੀ ਹਰ ਰੋਜ਼ ਉਹਨਾਂ ਦੀ ਸ਼ਾਇਰੀ ਤਰੰਨੁਮ ਵਿਚ ਸੁਣਦੇ ਰਹੇ। ਇਹਨਾਂ ਸਤਰਾਂ ਦਾ ਲੇਖਕ ਵੀ ਕਈ ਵਾਰ ਇਸ ਗੱਲ ਦਾ ਗਵਾਹ ਰਿਹਾ। ਉਸ ਛੋਟੀ ਜਿਹੀ ਮਹਿਫ਼ਿਲ ਦੇ ਸਾਰੇ ਚਿਹਰੇ ਮੈਨੂੰ ਅੱਜ ਵੀ ਯਾਦ ਹਨ। ਖੱਬੇ ਪੱਖੀ ਆਗੂ ਡਾਕਟਰ ਗੁਰਬਚਨ ਸਿੰਘ ਕਥੂਰੀਆ, ਸੱਭਿਆਚਾਰਕ ਦੂਤ ਵੱਜੋਂ ਪ੍ਰਸਿੱਧ ਹੋਏ ਕਾਂਗਰਸੀ ਐਮ ਐਲ ਏ ਸਰਦਾਰ ਜਗਦੇਵ ਸਿੰਘ ਜੱਸੋਵਾਲ ਅਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਹੁਰਾਂ ਦੀ ਫੌਜ ਵਿੱਚ ਉਹਨਾਂ ਦੇ ਨਾਲ ਸਰਹਗਰਮ ਭੂਮਿਕਾ ਨਿਭਾਉਣ ਵਾਲੇ ਕੈਪਟਨ ਸੁਰਜੀਤ ਸਿੰਘ ਗਰੇਵਾਲ ਵੀ ਅਕਸਰ ਇਸ ਮਹਿਫ਼ਿਲ ਵਿਚ ਸ਼ਾਮਲ  ਹੋਇਆ ਕਰਦੇ ਸਨ। 

ਸ਼ਾਇਰਾ ਮਨਜੀਤ ਇੰਦਰਾ ਹੁਰਾਂ ਨਾਲ ਰੂਬਰੂ ਦੌਰਾਨ ਜਦੋਂ ਡਾਕਟਰ ਸੁਰਜੀਤ ਪਾਤਰ ਧੰਨਵਾਦ ਕਰਨ ਲਈ ਮਾਈਕ ਤੇ ਆਏ ਤਾਂ ਉਹਨਾਂ ਇੱਕ ਬੜੀ ਅਨਮੋਲ ਗੱਲ ਕਹੀ ਜਿਹੜੀ ਹਰ ਕਲਮਕਾਰ ਤੱਕ ਪਹੁੰਚਣੀ ਚਾਹੀਦੀ ਹੈ। ਉਹਨਾਂ ਆਖਿਆ ਸ਼ਾਇਰ ਨੂੰ ਹਮੇਸ਼ਾਂ ਆਪਣੀ ਅੰਤਰ ਆਤਮਾ ਦੀ ਆਵਾਜ਼ ਸੁਣਦਿਆਂ ਸੱਚ ਬੋਲਣਾ ਚਾਹੀਦਾ ਹੈ। ਜਦੋਂ ਉਹ ਝੂਠ ਮੂਠ ਕੁਝ ਆਖਣ ਲੱਗਦਾ ਹੈ ਤਾਂ ਉਸ ਰਚਨਾ ਵਿਚ ਉਹ ਗੱਲ ਹੀ ਨਹੀਂ ਰਹਿੰਦੀ। 

ਅਸਲ ਵਿੱਚ ਮਨਜੀਤ ਇੰਦਰਾ ਹੁਰਾਂ ਦੀ ਅੰਮ੍ਰਿਤਾ ਪ੍ਰੀਤਮ ਨਾਲ ਵੀ ਬਹੁਤ ਨੇੜਤਾ ਰਹੀ ਅਤੇ ਪ੍ਰੋਫੈਸਰ ਮੋਹਨ ਸਿੰਘ ਨਾਲ ਵੀ। ਇਹਨਾਂ ਸੰਬੰਧਾਂ ਨੂੰ ਮਨਜੀਤ ਇੰਦਰ ਹੁਰਾਂ ਨੇ ਦੋਹਾਂ ਵਿਚਲਾ ਰਾਬਤਾ ਮੈਬੂਤ ਬਣਾਉਣ ਅਤੇ ਸੰਬੰਧ ਸੁਧਾਰਨ ਲਈ ਵੀ ਵਰਤਿਆ ਅਤੇ ਮੋਹੱਬਤ ਵਾਲੇ ਮਾਮਲੇ ਦੀ ਤਹਿ ਤੱਕ ਜਾਣ ਲਈ ਵੀ। 

ਪ੍ਰੋਫੈਸਰ ਮੋਹਨ ਸਿੰਘ ਅੰਮ੍ਰਿਤਾ ਪ੍ਰੀਤਮ ਨਾਲ ਇੱਕ ਤਰ੍ਹਾਂ ਦਾ ਇਸ਼ਕ ਹੀ ਕਰਦੇ ਸਨ। ਸ਼ਾਇਦ ਇੱਕ ਤਰਫ ਪਿਆਰ ਹੀ ਸੱਚਾ ਪਿਆਰ ਹੁੰਦਾ ਹੈ। ਇਹ ਇਸ਼ਕ ਭਾਵੇਂ ਇੱਕ ਤਰਫਾ ਜਿਹਾ ਹੀ ਸੀ ਪਰ ਸੀ ਬੜੀ ਸ਼ਿੱਦਤ ਵਾਲਾ। ਇਸਦੀ ਚਰਚਾ ਵੀ ਬਹੁਤ ਹੋਣ ਲੱਗ ਪਈ ਸੀ।  

ਮਨਜੀਤ ਇੰਦਰਾ ਨੂੰ ਇਸ ਸਾਰੀ ਕਹਾਣੀ ਦਾ ਗਵਾਹ ਵੀ ਕਿਹਾ ਜਾ ਸਕਦਾ ਹੈ। ਉਸ ਦੀ ਦੋਹਾਂ ਧਿਰਾਂ ਨਾਲ ਨੇੜਤਾ ਸੀ। ਇੱਕ ਵਾਰ ਜਦੋਂ ਮਨਜੀਤ ਇੰਦਰਾ ਕਿਸੇ ਪੁਸਤਕ ਦੀ ਤਿਆਰੀ ਵਿੱਚ ਅੰਮ੍ਰਿਤਾ ਪ੍ਰੀਤਮ ਨਾਲ ਮਿਲੀ ਤਾਂ ਇਸ ਇਸ਼ਕ ਬਾਰੇ ਵੀ ਗੱਲਾਂ ਚੱਲੀਆਂ। ਅੰਮ੍ਰਿਤਾ ਪ੍ਰੀਤਮ ਨੇ ਆਖਿਆ-ਆਈ ਹੇਟ ਹਿਮ। ((I hate him)

ਹੁਣ ਜਦੋਕਿ ਦੋਵੇਂ ਮਹਾਨ ਸ਼ਖਸੀਅਤਾਂ ਸਾਡੇ ਦਰਮਿਆਨ ਨਹੀਂ ਰਹੀਆਂ ਤਾਂ ਇਸ ਅਨਮੋਲ ਗਵਾਹ ਅਰਥਾਤ, ਮਨਜੀਤ ਇੰਦਰਾ ਦੀ ਅਹਿਮੀਅਤ ਹੋਰ ਵੀ ਵੱਧ ਜਾਂਦੀ ਹੈ। ਸਾਨੂੰ ਇਸ ਗੱਲ ਦੀ ਕਦਰ ਵੀ ਕਰਨੀ ਚਾਹੀਦੀ ਹੈ। ਮਨਜੀਤ ਇੰਦਰਾ ਕਿਸੇ ਦੀ ਜਾਇਦਾਦ ਜਾਂ ਰੁਪਏ ਪੈਸੇ ਲਈ ਇਹ ਸਾਰੀ ਗਵਾਹੀ ਨਹੀਂ ਦੇ ਰਹੀ। ਇਹ ਤਾਂ ਦਿਲ ਦਾ ਮਾਮਲਾ ਹੈ। ਜਜ਼ਬਾਤਾਂ ਦੀ ਪੂੰਜੀ ਹੈ। ਇਹਨਾਂ ਦੀ ਤਰਜਮਾਨੀ ਵੀ ਸੌਖੀ ਨਹੀਂ ਹੁੰਦੀ। 

ਸ਼ਾਇਦ ਇਹੀ ਹਨ ਇਸ਼ਕ ਦੀਆਂ ਤਿਲਕਵੀਆਂ ਹਕੀਕਤਾਂ। ਜਿਹੜੀਆਂ ਦਿੱਸਦੀਆਂ ਵੀ ਹਨ ਪਰ ਕਦੇ ਹੱਥ ਨਹੀਂ ਆਉਂਦੀਆਂ। ਅੰਮ੍ਰਿਤਾ ਪ੍ਰੀਤਮ ਸਾਹਿਰ ਲੁਧਿਆਣਵੀ ਨੂੰ ਇਸ਼ਕ ਕਰਦੀ ਸੀ। ਉਸਦਾ ਇਹ ਵੀ ਦਾਅਵਾ ਸੀ ਕਿ ਸਾਹਿਰ ਵੀ ਉਸਨੂੰ ਇਸ਼ਕ ਕਰਦਾ ਸੀ ਪਰ ਸੁਧਾ ਮਲਹੋਤਰਾ ਦਾ ਕਹਿਣਾ ਹੈ ਕਿ ਇਹ ਗੱਲ ਝੂਠ ਹੈ। ਸੁਧਾ ਨੇ ਦੱਸਿਆ ਕਿ ਅਸਲ ਵਿਚ ਸਾਹਿਰ ਅੰਮ੍ਰਿਤਾ ਪ੍ਰੀਤਮ ਨੂੰ ਨਹੀਂ ਬਲਕਿ ਉਸਨੂੰ ਇਸ਼ਕ ਕਰਦਾ ਸੀ। ਇਸ਼ਕ ਦੀ ਬਾਜ਼ੀ ਕਿਸਦੇ ਹੱਥ ਲੱਗੇ ਕੁਝ ਕਿਹਾ ਨਹੀਂ ਜਾ ਸਕਦਾ ਹਾਂ ਅੱਜਕਲ੍ਹ ਦੀ ਪੀੜ੍ਹੀ ਨੂੰ ਇਸ ਇਸ਼ਕ ਦੀ ਗੱਲ ਸ਼ਾਇਦ ਕਦੇ ਵੀ ਸਮਝ ਨਾ ਆਏ ਜਿਸਦੇ ਇਰਾਦੇ ਬੈਡਰੂਮ ਤੋਂ ਵੱਧ ਕਦੇ ਵੀ ਨਹੀਂ ਹੁੰਦੇ। 

ਇੱਕ ਗੀਤ ਬਹੁਤ ਪ੍ਰਸਿੱਧ ਹੋਇਆ ਸੀ--ਫਿਲਮ ਸੀ -ਦੂਜ ਕਾ ਚਾਂਦ-ਇਸ ਗੀਤ ਨੂੰ ਲਿਖਿਆ ਸੀ ਸਾਹਿਰ ਲੁਧਿਆਣਵੀ ਸਾਹਿਬ ਨੇ, ਸੰਗੀਤ ਤਿਆਰ ਕੀਤਾ ਸੀ ਜਨਾਬ ਰੌਸ਼ਨ ਨੇ ਅਤੇ ਆਵਾਜ਼ ਦਿੱਤੀ ਸੀ ਮੋਹੰਮਦ ਰਫੀ ਸਾਹਿਬ ਨੇ। ਅੰਮ੍ਰਿਤਾ ਨੇ ਕਿਸੇ ਨੂੰ ਆਖਿਆ ਕਿ ਇਕ ਵਾਰ ਮੈਂ ਅਤੇ ਇਮਰੋਜ਼ ਸ਼ਹਿਰ ਸਾਹਿਬ ਕੋਲੋਂ ਉੱਠ ਕੇ ਆ ਗਏ। ਸਾਡੇ ਆਉਣ ਮਗਰੋਂ ਸ਼ਹਿਰ ਸਹਿਣ ਤਿੰਨ ਗਲਾਸਾਂ ਵਿੱਚ ਵਾਰੀ ਵਾਰੀ ਦਾਰੂ ਪਾ ਕੇ ਪੀਂਦੇ ਰਹੇ। ਉਦੋਂ ਹੀ ਉਹਨਾਂ ਇਹ ਗੀਤ ਲਿਖਿਆ ਸੀ ਜਿਸਦੇ ਬੋਲ ਸਨ-
ਮਹਿਫ਼ਿਲ ਸੇ ਉੱਠ ਜਾਣੇ ਵਾਲੋ!
ਤੁਮ ਲੋਗੋਂ ਪਰ ਕਿਆ ਇਲਜ਼ਾਮ!
ਤੁਮ ਆਬਾਦ ਘਰੋਂ ਕੇ ਬਾਸੀ!
ਮੈਂ ਆਵਾਰਾ ਔਰ ਬਦਨਾਮ!
ਮੇਰੇ ਸਾਥੀ ਮੇਰੇ ਸਾਥੀ, ਮੇਰਾ ਸਾਥੀ ਖਾਲੀ ਜਾਮ!

ਜਦੋਂ ਮੈਡਮ ਮਨਜੀਤ ਇੰਦਰਾ ਅੰਮ੍ਰਿਤਾ ਪ੍ਰੀਤਮ ਨਾਲ ਲੰਮੀ ਗੱਲਬਾਤ ਕਰਕੇ ਮੁੜਨ ਲੱਗੀ ਤਾਂ ਅੰਮ੍ਰਿਤਾ ਪ੍ਰੀਤਮ ਨੇ ਆਖਿਆ ਉੱਥੇ ਜਾ ਕੇ ਤੂੰ ਜਿਹੜੀ ਕਿਤਾਬ ਪ੍ਰੋਫੈਸਰ ਮੋਹਨ ਸਿੰਘ ਬਾਰੇ ਲਿਖੇਂਗੀ ਨ ਉਸਦਾ ਨਾਮ ਰੱਖੀਂ--ਮੋਹਨ ਸਿੰਘ ਦੇ ਤਾਰਿਆਂ ਦਾ ਛੱਜ! ਮਨਜੀਤ ਇੰਦਰਾ ਨੇ ਵਾਅਦਾ ਵੀ ਨਿਭਾਇਆ ਅਤੇ ਸੱਚ ਵੀ ਸਾਹਮਣੇ ਲਿਆਂਦਾ! ਇਥੋਂ ਹੀ ਕੁਝ ਹੋਰ ਪੁਰਾਣੀਆਂ ਯਾਦਾਂ ਆਉਣ ਲੱਗਿਆਂ ਹਨ। 

ਸੱਤਰਵਿਆਂ ਦਾ ਦਹਾਕਾ ਸ਼ਾਇਦ ਮੁੱਕਣ ਵਾਲਾ ਸੀ ਪਰ ਪੰਜਾਬ ਦੇ ਹਾਲਾਤਾਂ ਨੇ ਅਜੇ ਵੀ ਭਿਆਨਕ ਮੋੜ ਨਹੀਂ ਸੀ ਕੱਟਿਆ। ਨਿਸਚੇ ਹੀ ਇਹ ਗੱਲ ਸੰਨ 1978 ਦੀ ਵਿਸਾਖੀ ਵਾਲੇ ਟਕਰਾਉਣ ਤੋਂ ਪਹਿਲਾਂ ਦੀ ਗੱਲ ਹੋਣੀ ਚਾਹੀਦੀ ਹੈ। ਉਦੋਂ ਸਾਹਿਤਿਕ ਮਾਹੌਲ ਕਾਇਮ ਸੀ। ਜਲੰਧਰ ਵਿੱਚ ਸਾਹਿਤਿਕ ਮੀਟਿੰਗਾਂ ਲੁਧਿਆਣਾ ਨਾਲੋਂ ਜ਼ਿਆਦਾ ਹੋਇਆ ਕਰਦੀਆਂ ਸਨ। ਯੁਗ ਭਾਵੇਂ ਅੰਮ੍ਰਿਤਾ ਪ੍ਰੀਤਮ ਅਤੇ ਪ੍ਰੋਫੈਸਰ ਮੋਹਨ ਸਿੰਘ ਵਾਲਾ ਹੀ ਸੀ ਪਰ ਪ੍ਰੇਮ ਗੋਰਖੀ, ਕਿਰਪਾਲ ਕਜ਼ਾਕ, ਸਰੋਜ ਪਾਂਦੇ, ਰਸ਼ਪਾਲ ਕਲੇਰ, ਕੰਵਰ ਸੁਖਦੇਵ ਆਦਿ ਬਹੁਤ ਸਾਰੇ ਦਮਦਾਰ ਕਲਮਕਾਰ ਸਾਹਿਤਿਕ ਪ੍ਰੋਗਰਾਮਾਂ ਵੱਲ ਇਕੱਠੇ ਹੋ ਕੇ ਤੁਰਦੇ ਤਾਂ ਇੰਝ ਲੱਗਦਾ ਜਿਵੇਂ ਕੋਈ ਸਿਆਸੀ ਕਾਫ਼ਿਲਾ ਜਾ ਰਿਹਾ ਹੋਵੇ ਕਿਂਕਿ ਅਸੀਂ ਕਿ ਵਾਰ ਇੱਕ ਪ੍ਰੋਗਰਾਮ ਤੋਂ ਉੱਠਦੇ ਅਤੇ ਦੂਜੇ ਪ੍ਰੋਗਰਾਮ ਵੱਲ ਇਕੱਠੇ ਹੀ ਚੱਲ ਪੈਂਦੇ ਪੈਦਲ ਹੀ। 

ਉਸ ਦਿਨ ਮਨਜੀਤ ਇੰਦਰਾ ਨੇ ਜਲੰਧਰ ਦੇ ਕਿਸੇ ਖਾਸ ਪ੍ਰੋਗਰਾਮ ਵਿੱਚ ਆਉਣਾ ਸੀ। ਇਸਦੇ ਬਾਕਾਇਦਾ ਸਾਦਗੀ ਭਰੇ ਕਾਰਡ ਵੀ ਛਪੇ ਗਏ ਸਨ। ਸ਼ਾਇਦ ਉਹ ਕੋਈ ਵਿਦਿਅਕ ਅਦਾਰਾ ਸੀ। ਉਸਦਾ ਖੁਲ੍ਹਾ ਜਿਹਾ ਗਰਾਊਂਡ ਸੀ ਜਿਹੜਾ ਸਾਨੂੰ ਅਜਿਹੇ ਆਯੋਜਨ ਦੌਰਾਨ  ਸਾਹਿਤਿਕ ਵੇਹੜਾ ਲੱਗਿਆ ਕਰਦਾ ਸੀ। ਉਹ ਸਕੂਲ ਸੀ ਜਾਂ ਕਾਲਜ ਇਹ ਵੀ ਯਾਦ ਨਹੀਂ ਰਿਹਾ। ਸ਼ਾਇਦ ਇਹੀ ਹੁੰਦਾ ਹੈ ਬੁਢਾਪਾ। ਹੋਰ ਕੌਣ ਕੌਣ ਸੀ ਇਹ ਵੀ ਯਾਦ ਨਹੀਂ ਇਸ ਲਈ ਉਸ ਪ੍ਰੋਗਰਾਮ ਨੂੰ ਵੀ ਮਨਜੀਤ ਇੰਦਰਾ ਦਾ ਰੂਬਰੂ ਪ੍ਰੋਗਰਾਮ ਹੀ ਕਿਹਾ ਜਾ ਸਕਦਾ ਹੈ। ਉਸਦੇ ਸੱਦਾ ਪੱਤਰ ਵੀ ਬਾਕਾਇਦਾ ਛਾਪੇ ਅਤੇ ਵੰਡੇ ਗਏ ਸਨ। ਸੱਦੇ ਗਏ ਸਰੋਤੇ ਬੜੇ ਚੁਣੇ ਹੋਏ ਸਨ। ਭੀੜ ਇਕਠੀ ਕਰਨ ਤੋਂ ਸੁਚੇਤ ਤੌਰ |ਤੇ ਗੁਰੇਜ਼ ਕੀਤਾ ਗਿਆ ਸੀ ਫਿਰ ਵੀ ਉਹ ਗਰਾਊਂਡ ਨੁਮਾ ਵੇਹੜਾ ਕਾਫੀ ਹੱਦ ਤੱਕ ਭਰ ਗਿਆ ਸੀ /ਲੋਕਾਂ ਨੂੰ ਕੁਰਸੀਆਂ ਦੇ ਪਿਛੇ ਖੜੋਣ ਲਈ ਵੀ ਮਜਬੂਰ ਹੋਣਾ ਪਿਆ ਸੀ। । 

ਉਦੋਂ ਮਨਜੀਤ ਇੰਦਰ ਪਤਲੀ ਜਿਹੀ ਛੀਟਕੀ ਜਿਹੀ ਕੁੜੀ ਹੁੰਦੀ ਸੀ।  ਡਰ ਲੱਗਦਾ ਸੀ ਕਿ ਕਿਤੇ ਤੇਜ਼ ਹਵਾ ਵਿਚ ਉਡ ਹੀ  ਜਾਏ। ਸਲਵਾਰ ਕਮੀਜ਼ ਵਾਲਾ ਸਫੇਦ ਰੰਗ ਦਾ ਤੰਗ ਸੂਟ ਸੀ। ਕਮੀਜ਼ ਦੇ ਕਿਨਾਰਿਆਂ 'ਤੇ ਸ਼ਾਇਦ ਛੋਟੀ ਛੋਟੀ ਜਿਹੀ ਕਢਾਈ ਜਾਂ ਛਪਾਈ ਵਰਗਾ ਵੀ ਕੁਝ ਸੀ ਜਿਹੜਾ ਉਸ ਚਿੱਟੇ ਰੰਗ ਦੀ ਸੋਗ ਵਰਗੀ ਭਾਵਨਾ ਨੂੰ ਤੋੜ ਕੇ ਬਹੁਤ ਸਾਰੀ ਸ਼ੋਖੀ ਵੀ ਪ੍ਰਦਾਨ ਕਰ ਰਿਹਾ ਸੀ। ਮਨਜੀਤ ਇੰਦਰਾ ਹੁਰਾਂ ਦੀ ਚੜ੍ਹਤ ਦਾ ਦੌਰ ਸ਼ੁਰੂ ਹੋ ਚੁੱਕਿਆ ਸੀ। ਲੋਕ ਮਨਜੀਤ ਇੰਦਰਾ ਦਾ ਨਾਮ ਸੁਣ ਕੇ ਉਚੇਚਾ ਚੱਲ ਕੇ ਕਵਿਤਾਵਾਂ ਸੁਣਨ ਲਈ ਆਉਂਦੇ ਸਨ। ਉਸ ਸ਼ਾਇਰੀ ਵਿਚ ਦਰਦ ਹੀ ਨਹੀਂ ਨਾਬਰੀ ਦੀ ਸੁਰ ਵੀ ਹੁੰਦੀ ਸੀ। ਜੁਆਨ ਕੁੜੀਆਂ ਦੀਆਂ ਉਹਨਾਂ ਇੱਛਾਵਾਂ ਦਾ ਵੀ ਇਸ਼ਾਰਿਆਂ ਵਿਚ ਜ਼ਿਕਰ ਹੁੰਦਾ ਸੀ ਜਿਸ ਦੀ ਚਰਚਾ ਸਾਡਾ ਸਮਾਜ ਠੀਕ ਨਹੀਂ ਸੀ ਸਮਝਦਾ। ਇਸਦਾ ਇਸ਼ਾਰਾ ਉਹਨਾਂ ਕਲਾ ਭਵਨ ਵਾਲੇ ਰੂਬਰੂ ਪ੍ਰੋਗਰਾਮ ਵਿਚ ਦਿੱਤਾ ਇੱਕ ਪੁਰਾਣੀ ਯਾਦ ਦੀ ਗੱਲ ਕਰਦਿਆਂ ਜਦੋਂ ਮਾਂ ਨੇ ਰੋਕਿਆ ਕਿ ਆਲੇ ਦੁਆਲੇ ਦੀਆਂ ਜਨਾਨੀਆਂ ਜਦੋਂ ਇਥੇ ਆ ਕੇ ਗੱਲਾਂ ਕਰਦਿਆਂ ਹਨ ਤਾਂ ਤੂੰ ਨਾ ਬੈਠਿਆ ਕਰ। ਮਨਜੀਤ ਨੂੰ ਉਠਾ ਦਿੱਤਾ ਜਾਂਦਾ ਸੀ। ਇਸ ਲਈ ਮਨਜੀਤ ਹੈਰਾਨ ਸੀ ਕਿ ਉਹ ਕਿਹੜੀਆਂ ਗੱਲਾਂ ਹਨ ਜਿਹੜੀਆਂ ਮੇਰੀ ਮਾਂ ਤਾਂ ਸੁਣ  ਸਕਦੀ ਹੈ ਪਰ ਮੈਂ ਨਹੀਂ। ਆਖਿਰ ਕਿਓਂ!

ਉਹਨਾਂ ਦਿਨਾਂ ਵਿੱਚ ਸ਼ੋਹਰਤਾਂ ਦੇ ਰੱਥ 'ਤੇ ਸਵਾਰ ਮਨਜੀਤ ਇੰਦਰਾ ਨੂੰ ਸੁਣਨਾ ਹਾਰੀ ਸਾਰੀ ਦੇ ਵੱਸ ਦੀ ਗੱਲ ਵੀ ਨਹੀਂ ਸੀ ਹੁੰਦੀ। ਵਰਜਨਾਵਾਂ ਨੂੰ ਤੋੜਦੀ ਹੋਈ ਸ਼ਾਇਰੀ ਸੁਣਦਿਆਂ ਲੱਗਦਾ ਕਿ ਇਹ ਕੁੜੀ ਸ਼ਾਇਦ ਅੰਮ੍ਰਿਤਾ ਪ੍ਰੀਤਮ ਨੂੰ ਵੀ ਪਿਛੇ ਛੱਡ ਜਾਏਗੀ। ਇਸ ਸ਼ਾਇਰੀ ਨੂੰ ਸੁਣਨਾ ਕਿਸੇ ਮੂੰਹਜ਼ੋਰ ਪਹਾੜੀ ਨਦੀ ਕੋਲ ਬੈਠਣ ਵਾਂਗ ਹੁੰਦਾ ਜਾਂ ਫਿਰ ਕਿਸੇ ਵਾਵਰੋਲੇ ਨੂੰ ਉਤਸੁਕਤਾ ਵੱਜੋਂ ਨੇੜੇ ਹੋ ਕੇ ਦੇਖਣ ਦੀ ਗਲਤੀ ਵਰਗਾ ਹੁੰਦਾ। ਇਸਦਾ ਅੰਦਾਜ਼ਾ ਲਾਉਣਾ ਤਾਂ ਕੋਈ ਔਖਾ ਨਹੀਂ ਕਿ ਪਹਾੜੀ ਨਦੀ ਕੋਲ ਬੈਠਣਾ ਜਾਂ ਫਿਰ ਵਾਵਰੋਲਿਆਂ ਦੇ ਨੇੜਿਓਂ ਲੰਘਣਾ ਖਤਰਿਆਂ ਭਰਿਆ ਤਾਂ ਹੁੰਦਾ ਹੀ ਹੈ। 

ਵੱਡਾ ਖਤਰਾ ਇਹ ਹੁੰਦਾ ਕਿ ਮਨਜੀਤ ਇੰਦਰਾ ਦੀ ਸ਼ਾਇਰੀ ਆਪਣੇ ਸਰੋਤਿਆਂ ਅੰਦਰ ਆਪਣੇ ਸ਼ਬਦਾਂ ਨਾਲ ਮੁਖੌਟਿਆਂ ਵਾਲੇ ਸਮਾਜ ਦੇ ਖਿਲਾਫ ਨਾਬਰੀ ਵਾਲੀ ਭਾਵਨਾ ਨਾ ਜਗਾ ਦੇਵੇ। ਜੇ ਸੱਤਾ ਖਿਲਾਫ ਨਾਬਰੀ ਦੀ ਭਾਵਨਾ ਹੁੰਦੀ ਤਾਂ ਸ਼ਾਇਦ ਸੱਤਾ ਵਾਲਿਆਂ ਨੇ ਉਸਨੂੰ ਹੋਰ ਤਰ੍ਹਾਂ ਲਿਆ ਹੁੰਦਾ।  ਕਈ ਕੇਸ ਦਰਜ ਹੋ ਚੁੱਕੇ ਹੁੰਦੇ ਅਤੇ ਜੇਲ੍ਹ ਜ਼ਾਤਰਾਵਾਂ ਸ਼ੁਰੂ ਹੋ ਚੁੱਕੀਆਂ ਹੁੰਦੀਆਂ ਪਰ ਇਹ ਤਾਂ ਸਮਾਜ ਦੇ ਖਿਲਾਫ ਨਾਬਰੀ ਸੀ। ਉਹ ਸਮਾਜ ਜਿਸ ਨੂੰ ਬਦਲਣ ਦੇ ਮਾਮਲੇ ਵਿੱਚ ਕਿ ਵਾਰ ਸੱਤਾ ਵੀ ਨਾਕਾਮ ਹੋ ਜਾਂਦੀ ਹੈ। ਸਮਾਜ ਆਪਣੇ ਆਪ ਵਿੱਚ ਬੜਾ ਵੱਡਾ ਨਾਢੂ ਖਾਨ ਹੀ ਹੁੰਦਾ ਹੈ। 

ਇਸ ਲਈ ਮਨਜੀਤ ਇੰਦਰਾ ਦੀ ਸ਼ਾਇਰੀ ਨਕਸਲਬਾੜੀ ਸ਼ਾਇਰੀ ਵਾਲੀ ਲਹਿਰ ਤੋਂ ਹਮੇਸ਼ਾਂ ਵੱਖਰੀ ਹੀ ਰਹੀ ਹਾਲਾਂਕਿ ਉਸਦੀਆਂ ਕਈ ਗੱਲਾਂ ਕਈ ਵਾਰ ਹੁਣ ਵੀ ਨਕਸਲੀ ਸੁਰ ਵਾਲੀਆਂ ਹੁੰਦੀਆਂ ਹਨ। ਉਸਨੇ ਮਨੀਪੁਰ ਵਿਚ ਹੋਈ ਹਿੰਸਾ ਨੂੰ ਪੂਰੇ ਵੇਗ ਨਾਲ ਨਿੰਦਿਆ ਅਤੇ ਔਰਤਾਂ ਨੂੰ ਇਸ ਮੁੱਦੇ ਤੇ ਇਕਮੁੱਠ ਹੋਣ ਦਾ ਸੱਦਾ ਵੀ ਦਿੱਤਾ। ਉਹ ਸ਼ਾਇਰੀ ਵੀ ਸੁਣਨ ਵਾਲੀ ਹੈ। ਇਸ ਸ਼ਾਇਰੀ ਬਾਰੇ ਵਿਸ਼ੇਸ਼ ਲਿਖਤ ਜਲਦੀ ਹੀ ਵੱਖਰੇ ਤੌਰ ਤੇ ਵੀ ਪੋਸਟ ਕੀਤੀ ਜਾਏਗੀ। ਮੈਂ ਮਨੀਪੁਰ ਦੀਆਂ ਔਰਤਾਂ ਦੇ ਦਰਦ ਨੂੰ ਮਨਜੀਤ ਇੰਦਰਾ ਦੇ ਬੋਲਾਂ ਵਿਚ ਵੀ ਸੁਣਿਆ ਹੈ ਅਤੇ ਚਿਹਰੇ ਤੇ ਵੀ ਦੇਖਿਆ ਹੈ। ਉਸ ਜ਼ਿੱਲਤ, ਅਪਮਾਨ, ਹਿੰਸਾ ਅਤੇ ਉਥੇ ਚੱਲੀਆਂ ਗੋਲੀਆਂ ਦੀ ਗੱਲ ਕਰਦਿਆਂ ਮਨਜੀਤ ਇੰਦਰਾ ਪੂਰੀ ਤਰ੍ਹਾਂ ਜਜ਼ਬਾਤੀ ਵੀ ਹੋ ਜਾਂਦੀ ਹੈ। 

ਖੈਰ ਜਲੰਧਰ ਵਾਲੇ ਪ੍ਰੋਗਰਾਮ ਵੱਲ ਆਉਂਦੇ ਹਾਂ। ਉਸ ਦਿਨ ਸ਼ਾਮੀ ਵੀ ਪ੍ਰੋਗਰਾਮ ਤਾਂ ਦੋ ਤਿੰਨ ਘੰਟਿਆਂ ਮਗਰੋਂ ਮੁੱਕ ਗਿਆ ਅਤੇ ਮਨਜੀਤ ਇੰਦਰਾ ਆਪਣੇ ਘਰ ਵੱਲ ਵੀ ਤੁਰ ਗਈ ਪਰ ਉਸਦੀਆਂ ਕਵਿਤਾਵਾਂ ਦੇ ਬੋਲ, ਨਜ਼ਮਾਂ ਦੀਆਂ ਸਤਰਾਂ ਸਾਡੇ ਦਿਲਾਂ ਵਿਚ ਖੋਰੂ ਪਾਈ ਰੱਖਦੀਆਂ। ਅਸੀਂ ਵਾਪਿਸੀ ਵੇਲੇ ਜਾਂ ਫਿਰ ਅਗਲੇ ਦਿਨ ਵੀ ਨਿਊਜ਼ ਡੈਸਕ 'ਤੇ ਬੈਠਿਆਂ ਇਸੇ ਅਵਸਥਾ ਵਿਚ ਹੁੰਦੇ। ਜੇ ਸਾਡੀ ਡੈਸਕ ਵਾਲੇ ਪੱਤਰਕਾਰ ਸਾਥੀਆਂ ਦੀ ਆਪਸ ਵਿਚ ਕਦੇ ਅੱਖ ਮਿਲ ਜਾਂਦੀ ਤਾਂ ਚਿਹਰੇ ਤੇ ਸਿਰਫ ਮੁਸਕਰਾਹਟ ਹੀ ਆਉਂਦੀ ਜਾਂ ਫਿਰ ਮਨਜੀਤ ਇੰਦਰਾ ਦੀ ਸ਼ਾਇਰੀ ਦੀ ਕੋਈ ਸਤਰ ਵੀ। ਇਸ ਤੋਂ ਜਾਪਦਾ ਸੀ ਕਿ ਅਸੀਂ ਸਾਰੇ ਹੀ ਜਿਹੜੇ ਪ੍ਰੋਗਰਾਮ ਸੁਣ ਕੇ  ਆਏ ਹੁੰਦੇ ਸਾਂ ਉਹ ਮਨਜੀਤ ਇੰਦਰਾ  ਕਾਵਿਕ ਤਲਿਸਮ ਵਿਚ ਹੀ ਹੁੰਦੇ। ਇਹ ਜਾਦੂਈ ਅਸਰ ਕਈ ਘੰਟਿਆਂ ਤੋਂ ਲੈ ਕੇ ਕਈ ਦਿਨਾਂ ਜਾਂ ਕਈ ਹਫਤਿਆਂ ਤੱਕ ਵੀ ਰਹਿ ਸਕਦਾ ਸੀ।  ਇਹਨਾਂ ਅਨੁਭਵਾਂ ਵਿੱਚੋਂ ਗੁਜ਼ਰ ਕੇ ਹੀ ਅਹਿਸਾਸ ਹੁੰਦਾ ਹੈ ਕਿ ਸ਼ਬਦ ਗੁਰੂ ਕਿਵੇਂ ਹੋ ਸਕਦਾ ਹੈ। ਸ਼ਬਦਾਂ ਵਿਚ ਮੰਤਰਾਂ ਦੀ ਸ਼ਕਤੀ ਕਿਵੇਂ ਹੋ ਸਕਦੀ ਹੈ। 

ਏਨੇ ਦਹਾਕਿਆਂ ਮਗਰੋਂ ਮਨਜੀਤ ਇੰਦਰਾ ਨੂੰ ਨੇੜਿਉਂ ਸੁਣਨ ਦਾ ਇਤਫ਼ਾਕ ਚੰਡੀਗੜ੍ਹ ਦੇ ਇਲਾਕਿਆਂ ਵਿੱਚ ਹੀ ਹੋਇਆ। ਕਦੇ ਉਸਦੇ ਘਰ ਅਤੇ ਕਦੇ ਕਲਾ ਭਵਨ ਵਿੱਚ। ਉਸ ਕੋਲ ਸ਼ਬਦਾਂ ਦੇ ਜਾਦੂ ਨਾਲ ਇੱਕ ਪੂਰਾ ਤਲਿਸਮ ਰਚਣ ਦੀ ਸਮਰਥਾ ਅੱਜ ਵੀ ਹੈ। ਉਸਦੇ ਸ਼ਬਦਾਂ ਨੂੰ ਸੁਣ ਇਨਸਾਨ ਅੰਦਰ ਬਹੁਤ ਕੁਝ ਬਦਲ ਜਾਂਦਾ ਹੈ। 

ਇੱਕ ਵਿਸ਼ੇਸ਼ ਗੱਲ ਕਿੱਟੀ ਪਾਰਟੀਆਂ ਦੇ ਰਿਵਾਜ ਬਦਲਣ ਦੀ ਵੀ ਹੈ। ਮਨਜੀਤ ਇੰਦਰਾ ਨੇ ਔਰਤਾਂ ਦੇ ਕਿੱਟੀ ਪਾਰਟੀ ਵਾਲੇ ਰੁਝਾਣ ਨੂੰ ਰੱਦ ਕਰਦਿਆਂ ਇਸਦੇ ਬਰਾਬਰ ਤੇ ਆਪਣੇ ਘਰ ਇੱਕ ਸਾਹਿਤਿਕ ਆਯੋਜਨ ਦਾ ਸਿਲਸਿਲਾ ਆਰੰਭ ਕੀਤਾ ਜਿਸ ਵਿਚ ਅਨਮੋਲ ਸ਼ਖਸੀਅਤਾਂ ਹੁੰਦੀਆਂ ਹਨ। ਇਹਨਾਂ ਘਰੇਲੂ ਸਾਹਿਤਿਕ ਆਯੋਜਨਾਂ ਵਿਚ ਭਾਗ ਲੈਣ ਵਾਲਾ ਪੱਕੇ ਤੌਰ ਤੇ ਅਜਿਹੇ ਰੁਝਾਨ ਦਾ ਰਸੀਆ ਬਣ ਜਾਂਦਾ ਹੈ। ਪ੍ਰੋਗਰਾਮ ਕਰਾਉਂਦਿਆਂ ਕੁਝ ਹਜ਼ਾਰ ਦਾ ਖਰਚਾ ਤਾਂ ਹੋ ਜਾਂਦਾ ਹੈ ਪਰ ਮਨਜੀਤ ਇੰਦਰਾ ਦੇ ਚਿਹਰੇ ਤੇ ਕਦੇ ਸ਼ਿਕਨ ਤੱਕ ਨਹੀਂ ਦੇਖੀ। ਅਸਲ ਵਿੱਚ ਇਹੀ ਰੁਝਾਣ ਇਸ ਗਰਕਦੇ ਜਾਂਦੇ ਸਮਾਜ ਨੰ ਸ਼ਾਇਦ ਬਚਾ ਸਕੇਗਾ। ਲੋਕਾਂ ਵਿਚ ਕੋਈ ਚੇਤਨਾ ਜਗਾ ਸਕੇਗਾ। ਕੋਈ ਰੁੱਕ ਕ੍ਰਾਂਤੀ ਵੀ ਲਿਆ ਸਕੇਗਾ। 

ਇਥੇ ਇਹ ਸਪਸ਼ਟ ਕਰਨਾ ਵੀ ਜ਼ਰੂਰੀ ਹੈ ਕਿ ਹੁਣ ਵਾਲੀ ਮਨਜੀਤ ਇੰਦਰਾ ਕਿਸੇ ਵਾਵਰੋਲੇ ਜਾਂ ਪਹਾੜੀ ਨਦੀ ਵਾਂਗ ਨਹੀਂ ਰਹੀ।  ਉਹ ਸਮੁੰਦਰ ਵਾਂਗ ਅਥਾਹ ਅਤੇ ਅਸਗਾਹ ਬਣ ਚੁੱਕੀ ਹੈ।  ਹੁਣ ਉਸਦੀ ਖਾਮੋਸ਼ੀ ਵੀ ਸੁਣਨ ਵਾਲੀ ਹੁੰਦੀ ਹੈ। ਚਾਰੇ ਪਾਸੇ ਨਜ਼ਰ ਰੱਖਦਿਆਂ ਉਸਦੀਆਂ ਅੱਖਾਂ ਦੀਆਂ ਹਰਕਤਾਂ ਅਤੇ ਇਸ਼ਾਰੇ ਆਪਣੇ ਆਪ ਵਿਚ ਬਹੁਤ ਕੁਝ ਆਖਦੇ ਹਨ। ਅਫ਼ਸੋਸ ਕਿ ਮੈਂ ਉਸ ਦਿਨ 28 ਅਗਸਤ 2023 ਨੂੰ ਸਿਹਤ ਦੀ ਖਰਾਬੀ ਕਾਰਨ ਕਲਾ ਭਵਨ ਵਿਚ ਇਸ ਸਭ ਕੁਝ ਬਾਰੇ ਵੀਡੀਓ ਨਹੀਂ ਬਣਾ ਸਕਿਆ। ਉਸਦੀ ਗੰਭੀਰਤਾ ਉਸਦੇ ਅੰਦਰ ਚੱਲ ਰਹੇ ਤੂਫ਼ਾਨਾਂ ਦਾ ਪਤਾ ਹੁਣ ਵੀ ਦੇਂਦੀ ਹੈ। ਉਸਦੇ ਜਜ਼ਬਾਤੀ ਵਹਿਣ ਸ਼ਾਇਦ ਕੁਝ  ਜ਼ਿਆਦਾ ਅਮੋੜ ਹੋ ਗਏ ਹਨ। ਉਸਦੀ ਬੇਬਾਕੀ ਅਤੇ ਸਾਫ਼ਗੋਈ ਵਿਚ ਵਿਚ ਵੀ ਜ਼ਿਆਦਾ ਤਿੱਖਾਪਣ ਆਇਆ ਹੈ। ਇਸ ਦੇ ਬਾਵਜੂਦ ਉਸਨੂੰ ਅੱਜ ਵੀ ਯਾਦ ਹੈ ਕਿ ਰੇਡੀਓ ਵਾਲਾ ਮਹਾਨ ਸ਼ਾਇਰ  ਮੀਸ਼ਾ ਕਿਵੇਂ ਧੀਮਾ ਧੀਮਾ ਜਿਹਾ ਬੋਲਦਾ ਸੀ। 

ਕਲਾ ਭਵਨ ਵਾਲਾ ਪ੍ਰੋਗਰਾਮ ਤਕਰੀਬਨ ਇੱਕ ਘੰਟਾ ਦੇਰੀ ਨਾਲ ਸ਼ੁਰੂ ਹੋਇਆ ਇਸ ਲਈ ਇਸ ਰੂਬਰੂ ਦੌਰਾਨ ਸਰੋਤਿਆਂ ਨੂੰ ਸੁਆਲਾਂ ਜੁਆਬਾਂ ਦਾ ਜ਼ਿਆਦਾ ਸਮਾਂ ਹੀ ਨਹੀਂ ਮਿਲ ਸਕਿਆ। ਚਾਹ ਦੀ ਅਣਹੋਂਦ ਅਤੇ ਪਾਣੀ ਦੀ ਕਮੀ ਨੇ ਥਕਾਵਟ ਵੀ ਵਧਾਈ ਹੋਈ ਸੀ। ਪਤਾ ਨਹੀਂ ਆਰਟ ਕਾਉਂਸਿਲ ਵਾਲੇ ਕੰਜੂਸੀ ਕਿਓਂ ਕਰਨ ਲੱਗ ਪਏ ਹਨ। 

ਸਰੋਤਿਆਂ ਵਿਚ ਬਹੁਤ ਸਾਰੀਆਂ ਸ਼ਖਸੀਅਤਾਂ ਪੁੱਜੀਆਂ ਹੋਈਆਂ ਸਨ ਪਰ ਪ੍ਰਸਿੱਧ ਗਾਇਕ ਸਾਧਨਾ ਸਰਗਰਮ ਦਾ ਜ਼ਿਕਰ ਬਹੁਤ ਜ਼ਰੂਰੀ ਹੈ। ਇਸਦੇ ਨਾਲ ਹੀ ਸ਼ੋਹਰਤਾਂ ਅਤੇ ਸਾਹਿਤਿਕ ਸਿਆਸਤਾਂ ਤੋਂ ਦੂਰ ਰਹਿ ਕਿ ਕਿਸੇ ਪਹੁੰਚੇ ਹੋਏ ਕਰਮਯੋਗੀ ਵਾਂਗ ਸਾਧਨਾ ਕਰਨ ਵਾਲੇ ਜਨਾਬ ਜੰਗ ਬਹਾਦਰ ਗੋਇਲ ਵੀ ਇਸ ਪ੍ਰੋਗਰਾਮ ਵਿਚ ਮੌਜੂਦ ਰਹੇ। ਲਖਵਿੰਦਰ ਜੌਹਲ ਅਤੇ ਸੁਰਜੀਤ ਪਾਤਰ ਭਾਵੇਂ ਇਸ ਸਾਰੇ ਆਯੋਜਨ ਦੇ ਮੇਜ਼ਬਾਨ ਵੀ ਸਨ ਪਰ ਅਸਲ ਵਿੱਚ ਮਨਜੀਤ ਇੰਦਰਾ ਦੀ ਜ਼ਿੰਦਗੀ ਅਤੇ ਸ਼ਾਇਰੀ ਨੂੰ ਦੇਖਦੇ ਆਏ ਗਵਾਹ ਵਾਂਗ ਵੀ ਹਨ। ਉਹਨਾਂ ਵੀ ਸਾਹਿਤ ਜਗਤ ਦਾ ਬਹੁਤ ਕੁਝ ਨੇੜਿਓਂ ਦੇਖਿਆ ਹੈ। 

ਸ਼ਾਇਦ ਇਹੀ ਕਾਰਨ ਸੀ ਕਿ ਇਸ ਪ੍ਰੋਗਰਾਮ ਦਾ ਰਸਮੀ ਸ਼ੁਭਆਰੰਭ ਕਰਦਿਆਂ ਡਾਕਟਰ ਲਖਵਿੰਦਰ ਜੌਹਲ ਨੇ ਸਰੋਤਿਆਂ ਅਤੇ ਦਰਸ਼ਕਾਂ ਨੂੰ ਚੇਤੇ ਕਰਾਇਆ ਕਿ ਅੱਜ ਦਾ ਪ੍ਰੋਗਰਾਮ ਯਾਦਗਾਰੀ ਰਹੇਗਾ। ਇਹ ਪ੍ਰੋਗਰਾਮ ਸਿਰਫ ਯਾਦਗਾਰੀ ਹੀ ਨਹੀਂ ਰਿਹਾ ਬਲਕਿ ਇਸਨੇ ਬਹੁਤ ਸਾਰੇ ਸੁਆਲ ਵੀ ਖੜੇ ਕੀਤੇ ਹਨ। ਅੱਜ ਗੋਦੀ ਮੀਡੀਆ ਵਾਲੇ ਮਾਹੌਲ ਵਿੱਚ ਜਿਸ ਤਰ੍ਹਾਂ ਦੀ ਖੜੋਤ ਜਿਹੀ ਆਈ ਹੋਈ ਹੈ ਉਸਨੂੰ ਦੇਖਦਿਆਂ ਸੁਆਲਾਂ ਦਾ ਖੜੇ ਹੋਣਾ ਸੱਚਮੁੱਚ ਇੱਕ ਸ਼ੁਭ ਸੰਕੇਤ ਹੈ। 

ਹਾਸ਼ੀਏ ਵੱਲ ਵੱਧ ਰਹੇ ਕਮਿਊਨਿਸਟ ਅੰਦੋਲਨ ਬਾਰੇ ਉੰਝ ਤਾਂ ਮਨਜੀਤ ਇੰਦਰਾ ਨੇ ਵੀ ਕੁਝ ਨਹੀਂ ਕਿਹਾ ਪਰ ਇਹ ਜ਼ਰੂਰ ਦੱਸਿਆ ਕਿ ਮੇਰਾ ਪਿਤਾ ਵੀ ਕਾਮਰੇਡ ਸੀ, ਕਮਿਊਨਿਸਟ ਸੀ ਪਰ ਅੱਜ ਦੇ ਕਾਮਰੇਡਾਂ ਵਰਗਾ ਨਹੀਂ ਸੀ। ਚੇਤੇ ਰਹੇ ਕਿ ਬੀਰ ਕਲਸੀ ਵਰਗੀਆਂ ਸੰਘਰਸ਼ਸ਼ੀਲ ਕਮਿਊਨਿਸਟ ਕਾਰਕੁਨਾਂ ਨਾਲ ਮਨਜੀਤ ਇੰਦਰਾ ਦੀ ਕਾਫੀ ਨੇੜਤਾ ਰਹੀ ਸੀ। ਮਨਜੀਤ ਇੰਦਰਾ ਨੇ ਕਮਿਊਨਿਸਟਾਂ ਦੀ ਚੜ੍ਹਤ ਦਾ ਦੌਰ ਵੀ ਦੇਖਿਆ ਹੈ ਅਤੇ ਤਿੱਖੇ ਸੰਘਰਸ਼ ਦਾ ਵੀ। ਇਹਨਾਂ ਪ੍ਰਭਾਵਾਂ ਅਧੀਨ ਹੀ ਮਨਜੀਤ ਇੰਦਰਾ ਬੜੀ ਉਚੇਚ ਨਾਲ ਆਪਣੀ ਸ਼ਾਇਰੀ ਦੇ ਹਵਾਲੇ ਵੀ ਦੇਂਦੀ ਰਹੀ। ਕਾਲੇ ਬਾਗਾਂ ਦਾ ਵੀ ਚੇਤਾ ਕਰਵਾਇਆ ਅਤੇ ਛਡਰੇ ਹਨੇਰੀਆਂ ਦਾ ਵੀ। 
ਸਾਡਾ ਸੂਰਜ ਵੀ ਮੋੜੋ 
ਸਾਡਾ ਚਾਨਣ ਵੀ ਮੋੜੋ 
ਕਿਤੇ ਖਾ ਨਾ ਜਾਣ ਚੰਦਰੇ ਹਨੇਰੇ

ਕੱਟ ਬੇੜੀਆਂ, ਪੈਰਾਂ 'ਚ ਅਸਾਂ 
ਬਿਜਲੀ ਸੀ ਬੱਧੀ 
ਸਾਡੇ ਪੈਰਾਂ 'ਚੋਂ ਹਟਾਓ 
ਕਾਲੇ ਪੰਧ ਇਹ ਲੰਮੇਰੇ

ਸਾਡਾ ਚਾਨਣ ਚੁਰਾ ਕੇ 
ਤੁਸੀਂ ਕਿੱਥੇ ਭੱਜ ਚੱਲੇ 
ਅਸੀਂ ਜ਼ੁਲਮਾਂ ਦੇ ਵੈਰੀ 
ਅਸਾਂ ਵੰਡਣੇ ਸਵੇਰੇ

ਸਾਡੇ ਨੈਣਾਂ ਵਿੱਚ ਭਖਦੇ ਨੇ 
ਰੋਹ ਦੇ ਚਿੰਗਾੜੇ 
ਅਸੀਂ ਹਿੰਮਤਾਂ ਦੇ ਜਾਏ 
ਸਾਡੇ ਪਰਬਤਾਂ ਦੇ ਜੇਰੇ।

ਸਾਡੇ ਪੈਰਾਂ ਨਾਲ਼ ਕਾਲ਼ 
ਜਿਹੜਾ ਬੰਨ੍ਹਿਆ ਤੁਸਾਂ ਨੇ 
ਤੁਹਾਡੇ ਸਿਰਾਂ ਉੱਤੇ ਕੂਕੂ 
ਜਦੋਂ ਹੋਣਗੇ ਨਿਬੇੜੇ।

ਸਾਡਾ ਸੂਰਜ ਵੀ ਮੋੜੋ 
ਸਾਡਾ ਚਾਨਣ ਵੀ ਮੋੜੋ 
ਕਿਤੇ ਖਾ ਨਾ ਜਾਣ ਚੰਦਰੇ ਹਨੇਰੇ।

ਮਨਜੀਤ ਇੰਦਰਾ ਨੇ ਆਪਣੇ ਹਿੱਸੇ ਆਏ ਸਮੇਂ ਦੌਰਾਨ ਮਾਈਕ 'ਤੇ ਇਹ ਵੀ ਸਪਸ਼ਟ ਕਿਹਾ ਕਿ ਉਹ ਅੱਜ ਵੀ ਪੁਰਾਣਾ ਪੰਜਾਬ ਚਾਹੁੰਦੀ ਹੈ। ਬਹੁਤ ਕੁਝ ਹੋਰ ਵੀ ਹੈ ਜਿਸਦੀ ਚਰਚਾ ਵੱਖਰੀਆਂ ਲਿਖਤਾਂ ਵਿਚ ਸਮੇਂ ਸਮੇਂ ਹੁੰਦੀ ਰਹੇਗੀ। 




No comments:

Post a Comment