7th August 2022 at 1:04 PM
ਵੰਡ ਤੇ ਸਾਡਾ ਲੇਖਕ ਜੋਗਿੰਦਰ ਭਾਟੀਆ-ਜ਼ਰਾ ਇਹ ਵੇਰਵਾ ਵੀ ਪੜ੍ਹ ਲਓ
ਲੁਧਿਆਣਾ: 7 ਅਗਸਤ 2022: (ਪ੍ਰੋਫੈਸਰ ਗੁਰਭਜਨ ਗਿੱਲ//ਸਾਹਿਤ ਸਕਰੀਨ)::ਪਾਕਿਸਤਾਨ ਦੇ ਸ਼ਹਿਰ ਲਾਹੌਰ ਵੱਸਦੇ ਵੱਡੇ ਕਹਾਣੀਕਾਰ ਇਲਿਆਸ ਘੁੰਮਣ ਦਾ ਸੁਨੇਹਾ ਆਇਆ ਕਿ ਮੈਂ 1947 ਦੀ ਵੰਡ ਬਾਰੇ ਵੱਡ ਆਕਾਰੀ ਪੁਸਤਕ ਸੰਪਾਦਿਤ ਕਰ ਰਿਹਾਂ।
ਤੁਹਾਡੇ ਵਤਨ ਚ ਕੋਈ ਕਹਾਣੀਕਾਰ ਹੈ ਜੋਗਿੰਦਰ ਭਾਟੀਆ।
ਮੈਂ ਵੰਡ ਪੁਸਤਕ 'ਚ ਜੋਗਿੰਦਰ ਭਾਟੀਆ ਦੀ ਕਹਾਣੀ "ਇਹੋ ਜਿਹੇ ਦਿਨ ਮੁੜ ਕੇ ਨਾ ਵੇਖਣੋ ਪੈਣ" ਸ਼ਾਮਲ ਕਰ ਰਿਹਾਂ। ਤਸਵੀਰ ਸਮੇਤ ਕਹਾਣੀ ਕਾਰ ਸਬੰਧੀ ਜਾਣਕਾਰੀ ਚਾਹੀਦੀ ਹੈ।
ਮੈਂ ਸੋਚੀਂ ਪੈ ਗਿਆ।
ਅਚਨਚੇਤ ਬੱਤੀ ਜਗੀ ਤਾਂ ਚੇਤੇ ਆਇਆ ਕਿ ਕੁਝ ਸਾਲ ਪਹਿਲਾਂ ਸਾਹਿੱਤ ਸਭਾ ਖੰਨਾ ਦੇ ਸਮਾਗਮ ਤੇ ਇੱਕ ਬਜ਼ੁਰਗ ਮਿਲੇ ਸਨ ਇਸ ਨਾਮ ਦੇ। ਕਿਤੇ ਓਹੀ ਨਾ ਹੋਣ। ਉਨ੍ਹਾਂ ਮੈਨੂੰ ਆਪਣੀ ਅਨੁਵਾਦ ਕੀਤੀ ਰੂਸੀ ਬਾਲ ਕਹਾਣੀਆਂ ਦੀ ਕਿਤਾਬ ਕੀੜੀ ਤੇ ਤੂਫ਼ਾਨ ਵੀ ਦਿੱਤੀ ਸੀ।
ਮੈਂ ਸਾਹਿੱਤ ਸਭਾ ਦੇ ਪ੍ਰਧਾਨ ਗੁਰਜੰਟ ਸਿੰਘ ਕਾਲਾ ਪਾਇਲ ਵਾਲਾ ਤੇ ਕਹਾਣੀਕਾਰ ਸੁਖਜੀਤ ਨੂੰ ਮਾਛੀਵਾੜੇ ਫੋਨ ਮਿਲਾ ਲਿਆ। ਸੁਖਜੀਤ ਨੇ ਤਾਂ ਸਾਫ਼ ਕਿਹਾ ਕਿ ਨਾਮ ਤਾਂ ਸੁਣਿਐ ਪਰ ਅਤਾ ਪਤਾ ਨਹੀਂ। ਕਾਲਾ ਨੇ ਟੈਲੀ ਫੋਨ ਲੱਭ ਦਿੱਤਾ। ਫੋਨ ਕੀਤਾ ਤਾਂ ਉਹੀ ਸੱਜਣ ਨਿਕਲੇ ਜਿੰਨ੍ਹਾਂ ਦੀ ਭਾਲ ਸੀ।
ਖੰਨਾ ਛੱਡ ਕੇ ਹੁਣ ਲੁਧਿਆਣਾ ਵਿੱਚ ਆ ਗਏ ਨੇ। ਗੱਲਬਾਤ ਤੋਂ ਸਿਹਤ ਵੀ ਢਿੱਲੀ ਜਾਪੀ। ਉਦਾਸੀ ਵੀ, ਪਰ ਕੁਝ ਗੱਲਾਂ ਕਰਨ ਉਪਰੰਤ ਉਹ ਖੁੱਲ੍ਹ ਗਏ। ਉਹ ਸਾਡੇ ਸੱਜਣ ਤੇ ਟਰੇਡ ਯੂਨੀਅਨ ਆਗੂ ਮਨਿੰਦਰ ਸਿੰਘ ਭਾਟੀਆ ਦੇ ਨਜ਼ਦੀਕੀ ਰਿਸ਼ਤੇਦਾਰ ਨਿਕਲੇ। ਦੱਸਿਆ ਕਿ ਮਨਿੰਦਰ ਦੀ ਬਾਈਪਾਸ ਸਰਜਰੀ ਹੋਈ ਹੈ ਕੁਝ ਦਿਨ ਪਹਿਲਾਂ।
ਸਬੰਧਿਤ ਜਾਣਕਾਰੀ ਪੁੱਛ ਕੇ ਲਿਖ ਲਈ।
ਅਸਲ ਨਾਮ : ਜੋਗਿੰਦਰ ਸਿੰਘ ਭਾਟੀਆ
ਕਲਮੀ ਨਾਮ
ਜੋਗਿੰਦਰ ਭਾਟੀਆ
ਮਾਤਾ ਪਿਤਾ ਦੇ ਨਾਮ:
ਸਃ ਹਰਨਾਮ ਸਿੰਘ ਭਾਟੀਆ
ਮਾਤਾ ਲਾਭ ਕੌਰ
ਜਨਮ ਮਿਤੀ 1.11.1941
ਪਿੰਡ ਖੰਭੀ (ਤਹਿਸੀਲ ਪਾੜ੍ਹਿਆਂ ਵਾਲੀ) ਜ਼ਿਲਾਃ ਗੁਜਰਾਤ
ਵਿਦਿਅਕ ਯੋਗਤਾ:
ਮੈਟਰਿਕ
ਕਿੱਤਾ:
ਸਹਾਇਕ ਪੋਸਟ ਮਾਸਟਰ
ਪ੍ਰਕਾਸ਼ਤ ਪੰਜਾਬੀ ਪੁਸਤਕਾਂ:
ਮਾਂ ਕਦੇ ਨਹੀਂ ਮਰਦੀ
ਅਨੁਵਾਦ
ਕੀੜੀ ਤੇ ਤੂਫ਼ਾਨ(ਰੂਸੀ ਬਾਲ ਕਹਾਣੀਆਂ)
ਗਲ਼ੀ ਵੱਲ ਖੁੱਲ੍ਹਦਾ ਬੂਹਾ(ਲੇਖ ਸੰਗ੍ਰਹਿ) ਪ੍ਰਕਾਸ਼ਨ ਅਧੀਨ
ਪਤਾਃ
ਮਕਾਨ ਨੰਬਰ 10513
ਹਕੀਕਤ ਨਗਰ
ਨੇੜੇ ਸ਼ਹੀਦ ਭਗਤ ਸਿੰਘ ਪਬਲਿਕ ਸਕੂਲ , ਹੈਬੋਵਾਲ ਕਲਾਂ
ਲੁਧਿਆਣਾ
ਫੋਨ +91 99885 90956
ਇਹ ਸਾਰਾ ਕੁਝ ਮੈਂ ਇਸ ਲਈ ਦੱਸ ਰਿਹਾਂ ਕਿ ਅਸੀਂ ਆਪਣੇ ਸਿਰਜਕਾਂ ਬਾਰੇ ਕਿੰਨੇ ਅਵੇਸਲੇ ਹਾਂ ਜਦ ਕਿ ਗੁਆਂਢੀ ਵਤਨ ਚ ਬੈਠਾ ਸੱਜਣ ਸਾਡੇ ਜੋਗਿੰਦਰ ਸਿੰਘ ਭਾਟੀਆ ਦੀ ਲਿਖਤ ਸੰਭਾਲ ਰਿਹੈ।
--ਗੁਰਭਜਨ ਗਿੱਲ
No comments:
Post a Comment