ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦਾ ਅਹਿਮ ਇਕੱਠ ਅੱਠ ਨੂੰ ਲੁਧਿਆਣਾ ਵਿੱਚ
ਭਾਸ਼ਾ ਵਿਭਾਗ ਦੇ ਸਨਮਾਨਾਂ ਪ੍ਰਤੀ ਕੇਂਦਰੀ ਸਭਾ ਦੀ ਪਹੁੰਚ ਸੰਬੰਧੀ ਵੀ ਵਿਚਾਰਾਂ
*ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦਾ ਵਿਚਾਰਕ ਮੈਦਾਨ ਇਸ ਵਾਰ ਵੀ ਚੁਣੌਤੀਆਂ ਭਰਪੂਰ
*ਕਾਰਜਕਾਰਣੀ ਦੀ ਮੀਟਿੰਗ ਅਤੇ ਜਨਰਲ ਇਜਲਾਸ 08 ਅਕਤੂਬਰ ਨੂੰ
*ਕਾਰਜਕਾਰਣੀ ਅਤੇ ਜਨਰਲ ਇਜਲਾਸ ਦੋਹਾਂ ਵਿੱਚ ਹੋ ਸਕਦੀ ਹੈ ਭਖਵੀਂ ਬਹਿਸ
ਚੰਡੀਗੜ੍ਹ: 07 ਅਕਤੂਬਰ 2022: (ਸਾਹਿਤ ਸਕਰੀਨ ਬਿਊਰੋ)::
ਸਾਦਗੀ ਭਰੀ ਜ਼ਿੰਦਗੀ ਜਿਊਣ, ਸੱਚ ਲਈ ਕੁਰਬਾਨੀਆਂ ਕਰਨ, ਅਹੁਦਿਆਂ ਨੂੰ ਲੱਤ ਮਾਰਨ ਦੀਆਂ ਗੱਲਾਂ ਅਤੇ ਦੁਨਿਆਵੀ ਮਾਣ ਸਨਮਾਨਾਂ ਤੋਂ ਉੱਪਰ ਉੱਠ ਕੇ ਜਿਊਣ ਵਾਲਿਆਂ ਵਰਗੀਆਂ ਜ਼ਿੰਦਗੀਆਂ ਜਿਊਣ ਦੀ ਪ੍ਰੇਰਨਾ ਦੇਣ ਵਾਲਾ ਸਾਹਿਤ ਵੱਡੀ ਪੱਧਰ 'ਤੇ ਰਚਿਆ ਜਾਂਦਾ ਰਿਹਾ ਹੈ। ਅਤੀਤ ਵਿਚ ਵੀ ਰਚਿਆ ਗਿਆ ਅਤੇ ਹੁਣ ਵੀ ਰਚਿਆ ਜਾ ਰਿਹਾ ਹੈ। ਨਾਂਵਾਂ ਦੀ ਸੂਚੀ ਬੜੀ ਵੱਡੀ ਹੈ। ਮੌਲਿਕ ਕਿਤਾਬਾਂ ਦੀ ਸੂਚੀ ਵੀ ਬਹੁਤ ਵੱਡੀ ਹੈ ਅਤੇ ਅਨੁਵਾਦਿਤ ਸਾਹਿਤ ਵਾਲੀਆਂ ਪੁਸਤਕਾਂ ਦੀ ਵੀ। ਰਚਨਾਕਾਰਾਂ ਦੀ ਲਿਸਟ ਵੀ ਕਾਫੀ ਲੰਮੀ ਹੈ।
ਇਹਨਾਂ ਕਿਤਾਬਾਂ ਨੇ ਜਨਸਾਧਾਰਨ ਨੰ ਪ੍ਰਭਾਵਿਤ ਵੀ ਬਹੁਤ ਕੀਤਾ। ਬਹੁਤ ਸਾਰੇ ਲੋਕ ਕਿਸੇ ਨ ਕਿਸੇ ਅਜਿਹੇ ਫਲਸਫੇ ਵੱਲ ਖਿੱਚੇ ਗਏ ਜਿਹੜਾ ਫਲਸਫਾ ਲੋਕਾਂ ਦੇ ਸੰਘਰਸ਼ਾਂ ਦੀ ਗੱਲ ਕਰਦਾ ਸੀ। ਸਿਰਫ ਮੈਕਸਿਮ ਗੋਰਕੀ ਦੇ ਨਾਵਲ ਮਾਂ ਨੇ ਹੀ ਲੋਕਾਂ ਨੂੰ ਸੰਘਰਸ਼ਾਂ ਵਾਲੇ ਰਸਤਿਆਂ ਤੇ ਨਹੀਂ ਸੀ ਤੋਰਿਆ ਇਸਦੇ ਨਾਲ ਨਾਲ ਸਾਹਿਰ ਲੁਧਿਆਣਵੀ ਸਾਹਿਬ ਦੇ ਗੀਤਾਂ ਅਤੇ ਜਸਵੰਤ ਸਿੰਘ ਕੰਵਲ ਹੁਰਾਂ ਦੇ ਨਾਵਲਾਂ ਨੇ ਵੀ ਆਪਣੇ ਆਪਣੇ ਪਾਠਕਾਂ ਨੂੰ ਲੋਕਾਂ ਦੇ ਸੰਘਰਸ਼ਾਂ ਲਈ ਤਿਆਰ ਕੀਤਾ ਸੀ। ਸੁਜਾਨ ਸਿੰਘ ਦੀ ਕਹਾਣੀ ਕੁਲਫੀ ਇੱਕ ਅਜਿਹਾ ਜ਼ਬਰਦਸਤ ਹਲੂਣੇ ਵਾਲਾ ਸੁਨੇਹਾ ਦੇਂਦੀ ਹੈ ਜਿਹੜਾ ਅੱਜ ਵੀ ਅਹਿਮੀਅਤ ਰੱਖਦਾ ਹੈ। ਸੰਤੋਖ ਸਿੰਘ ਧੀਰ ਹੁਰਾਂ ਦੀ ਕਹਾਣੀ "ਕੋਈ ਇੱਕ ਸਵਾਰ" ਵੀ ਦਹਾਕਿਆਂ ਪਹਿਲਾਂ ਉਹਨਾਂ ਸੰਘਰਸ਼ਾਂ ਦੀ ਲੋੜ ਵੱਲ ਸਪਸ਼ਟ ਇਸ਼ਾਰਾ ਕਰ ਗਈ ਸੀ ਜਿਹੜੇ ਅੱਜ ਸਾਡੇ ਸਾਹਮਣੇ ਹਕੀਕਤ ਬਣ ਕੇ ਆ ਚੁੱਕੇ ਹਨ। ਅਜਿਹੇ ਸਾਹਿਤ ਨੇ ਲੋਕ ਪੱਖੀ ਸਾਹਿਤਕਾਰਾਂ ਦਾ ਇੱਕ ਵਿਸ਼ਾਲ ਕਾਫ਼ਿਲਾ ਵੀ ਤਿਆਰ ਕੀਤਾ। ਇਹ ਗੱਲ ਵੱਖਰੀ ਹੈ ਕਿ ਇਹ ਸਾਹਿਤਕਾਰ ਵੱਖ ਵੱਖ ਸੰਗਠਨਾਂ ਅਤੇ ਫਿਰ ਛੋਟੇ ਛੋਟੇ ਧੜਿਆਂ ਵਿੱਚ ਵੀ ਵੰਡੇ ਗਏ। ਇਥੋਂ ਤੱਕ ਵੀ ਸਭ ਠੀਕ ਹੈ। ਅਜਿਹੀਆਂ ਸੰਭਾਵਨਾਵਾਂ ਵੀ ਕੋਈ ਗੈਰ ਮੁਮਕਿਨ ਨਹੀਂ ਸਨ ਪਰ ਲੋਕ ਪੱਖੀ ਧਾਰਾ ਦੇ ਨਾਲ ਨਾਲ ਚੱਲਦਿਆਂ ਬਹੁਤ ਸਾਰੇ ਲੇਖਕ ਸਰਕਾਰੀ ਇਨਾਮਾਂ ਸਨਮਾਨਾਂ ਵੱਲ ਕਿਵੇਂ ਖਿੱਚੇ ਗਏ। ਮਿੱਤਰ ਸੈਨ ਮੀਤ ਹੁਰਾਂ ਨੂੰ ਇਹ ਭਾਣਾ ਵਾਪਰਨ ਦੇ ਇਸ ਇਤਿਹਾਸ ਬਾਰੇ ਵੀ ਉਚੇਚ ਨਾਲ ਖੋਜ ਕਰਨੀ ਚਾਹੀਦੀ ਹੈ। ਕਿਥੋਂ ਸ਼ੁਰੂ ਹੋਇਆ ਸੀ ਨਿਘਾਰ ਦਾ ਇਹ ਅੰਤਹੀਣ ਸਿਲਸਿਲਾ?
ਭਾਸ਼ਾ ਵਿਭਾਗ ਨੇ ਕਿਵੇਂ ਕਿਵੇਂ ਢਾਹ ਲਾਈ--ਦੱਸ ਰਹੇ ਹਨ ਮਿੱਤਰ ਸੈਨ ਮੀਤ
ਇਹਨਾਂ ਇਨਾਮਾਂ ਸਨਮਾਨਾਂ ਲਈ ਕਈ ਕਈ ਤਰ੍ਹਾਂ ਦੇ ਜੁਗਾੜ ਲੋਕ ਪੱਖੀ ਅਖਵਾਉਂਦੇ ਲੇਖਕਾਂ ਲਈ ਵੀ ਕਿਓਂ ਜ਼ਰੂਰੀ ਹੋ ਗਏ? ਕੀ ਥੁੜਿਆ ਪਿਆ ਸੀ ਇਹਨਾਂ ਜੁਗਾੜੀ ਐਵਾਰਡਾਂ, ਇਨਾਮਾਂ ਅਤੇ ਸਨਮਾਨਾਂ ਬਿਨਾ? ਕੀ ਲੋਕਾਂ ਦਾ ਪ੍ਰੇਮ, ਪਾਠਕਾਂ ਦਾ ਪ੍ਰੇਮ ਕਾਫੀ ਨਹੀਂ ਸੀ? ਕੀ ਸਮਾਜ ਨੇ ਇਹਨਾਂ ਦੀਆਂ ਆਰਥਿਕ ਲੋੜਾਂ ਨੂੰ ਨਜ਼ਰ ਅੰਦਾਜ਼ ਕੀਤਾ ਸੀ ਤਾਂ ਏਧਰ ਝੁਕਾਅ ਹੋਇਆ? ਇਹ ਸਾਰੀ ਗੜਬੜ ਕਿਥੋਂ ਸ਼ੁਰੂ ਹੋਈ?
ਸ਼ੁਕਰ ਹੈ ਮੁਨਸ਼ੀ ਪ੍ਰੇਮ ਚੰਦ ਵਰਗੇ ਸਾਹਿਤਕਾਰਾਂ ਨੇ ਇਸ ਦੌਰ ਦਾ ਇਹ ਨਿਘਾਰ ਨਹੀਂ ਦੇਖਿਆ ਵਰਨਾ ਉਹਨਾਂ ਭਰੇ ਦਿਲ ਨਾਲ ਇਸ ਸੰਬੰਧੀ ਵੀ ਕੁਝ ਨਾ ਕੁਝ ਸਾਹਿਤ ਜ਼ਰੂਰ ਰਚਿਆ ਹੁੰਦਾ। ਧਰਨਿਆਂ ਮੁਜ਼ਾਹਰਿਆਂ ਵਿਚ ਸਰਕਾਰਾਂ ਨੂੰ ਚੇਤਾਵਨੀਆਂ ਦੇਣ ਵਾਲੇ ਕਲਮਕਾਰ ਅੰਦਰਖਾਤੇ ਇਨਾਮਾਂ ਸਨਮਾਨਾਂ ਦੀਆਂ ਪੌੜੀਆਂ ਕਿਵੇਂ ਚੜ੍ਹਨ ਲੱਗ ਪਏ ਅਤੇ ਕਿਓਂ? ਇਸ ਦੌਰ ਬਾਰੇ ਸਾਹਿਤ ਰਚਨਾ ਸ਼ੁਰੂ ਹੋ ਚੁੱਕੀ ਹੈ। ਆਉਣ ਵਾਲੇ ਸਮੇਂ ਵਿਚ ਤੇਜ਼ ਵੀ ਹੋਣੀ ਹੈ। ਸਮਾਂ ਆਉਣ ਤੇ ਅਹਿਮ ਖੁਲਾਸੇ ਵੀ ਹੋਣੇ ਹਨ। ਲੇਖਕਾਂ ਦੇ ਇਨਾਮਾਂ ਸਨਮਾਨਾਂ ਬਾਰੇ ਜਸਬੀਰ ਭੁੱਲਰ ਹੁਰਾਂ ਦਾ ਨਾਵਲ ਖਿੱਦੋ ਕਿਸੇ ਦਸਤਾਵੇਜ਼ੀ ਵਾਂਗ ਸਾਹਮਣੇ ਆਇਆ। ਇਸਨੇ ਲੇਖਕਾਂ ਨੂੰ ਸ਼ੀਸ਼ਾ ਵੀ ਦਿਖਾਇਆ ਪਰ ਇਸ ਰੁਝਾਨ ਨੂੰ ਠੱਲ ਫਿਰ ਵੀ ਨਾ ਪਈ। ਇੱਕ ਦਿਨ ਮਿੱਤਰ ਸੈਨ ਮੀਤ ਹੁਰਾਂ ਦਾ ਕਾਫ਼ਿਲਾ ਰੰਗ ਲਿਆਇਆ। ਸ਼੍ਰੋਮਣੀ ਐਵਾਰਡਾਂ ਉੱਤੇ ਅਦਾਲਤ ਨੇ ਹੀ ਸਟੇਅ ਦੇ ਦਿੱਤਾ। ਇਸਦੇ ਬਾਵਜੂਦ ਬਹੁਤ ਸਾਰੇ ਉਹ ਲੋਕ ਲੰਮੇ ਸਮੇਂ ਤੱਕ ਖਾਮੋਸ਼ ਰਹੇ ਜਿਹਨਾਂ ਨੰ ਆਪਣਾ ਪ੍ਰਤੀਕਰਮ ਤੁਰੰਤ ਪ੍ਰਗਟ ਕਰਨਾ ਚਾਹੀਦਾ ਸੀ। ਅਖੀਰ ਈ ਖ਼ਾਮੋਸ਼ੀ ਵੀ ਟੁੱਟਣ ਲੱਗੀ। ਇਸਦਾ ਵੇਰਵਾ ਤੁਸੀਂ ਇਹ ਲਿੰਕ ਕਲਿੱਕ ਕਰਕੇ ਵੀ ਪੜ੍ਹ ਸਕਦੇ ਹੋ। ਕੇਂਦਰੀ ਪੰਜਾਬੀ ਲੇਖਕ ਸਭਾ ਦੀ ਅੱਠ ਅਕਤੂਬਰ ਵਾਲੀ ਮੀਟਿੰਗ ਵਿੱਚ ਇਸ ਸੰਬੰਧੀ ਵੀ ਚਰਚਾ ਹੋਣੀ ਹੈ। ਸ਼੍ਰੋਮਣੀ ਐਵਾਰਡਾਂ 'ਤੇ ਅਦਾਲਤੀ ਸਟੇਅ ਮਗਰੋਂ ਪੈਦਾ ਹੋਈ ਖਾਮੋਸ਼ੀ ਟੁੱਟਣ ਲੱਗੀ
ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਪ੍ਰਧਾਨ ਸ਼੍ਰੀ ਦਰਸ਼ਨ ਬੁੱਟਰ ਅਤੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਸਾਂਝੇ ਬਿਆਨ ਰਾਹੀਂ ਦਸਿਆ ਕਿ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੀ ਕਾਰਜਕਾਰਨੀ ਦੀ ਮੀਟਿੰਗ ਮਿਤੀ 08 ਅਕਤੂਬਰ 2022 ਦਿਨ ਸ਼ਨੀਵਾਰ ਨੂੰ ਪੰਜਾਬੀ ਭਵਨ, ਲੁਧਿਆਣਾ ਵਿਖੇ ਠੀਕ 10 ਵਜੇ ਕੀਤੀ ਜਾਵੇਗੀ। ਕਾਰਜਕਾਰਣੀ ਮੀਟਿੰਗ ਦਾ ਏਜੰਡਾ ਜਥੇਬੰਦਕ ਰਿਪੋਰਟ ਦੀ ਪ੍ਰਵਾਨਗੀ, ਵਿੱਤ ਰਿਪੋਰਟ ਦੀ ਪ੍ਰਵਾਨਗੀ, ਭਾਸ਼ਾ ਵਿਭਾਗ ਦੇ ਸਨਮਾਨਾਂ ਪ੍ਰਤੀ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੀ ਪਹੁੰਚ ਸੰਬੰਧੀ ਵਿਚਾਰ, ਨਵੀਂ ਮੈਂਬਰਸ਼ਿਪ ਬਾਰੇ ਵਿਚਾਰ ਅਤੇ ਕੋਈ ਫੁਟਕਲ ਏਜੰਡਾ ਪ੍ਰਧਾਨ ਜੀ ਦੀ ਆਗਿਆ ਨਾਲ ਲਿਆ ਜਾ ਸਕੇਗਾ।
ਕਾਰਜਕਾਰਣੀ ਦੀ ਮੀਟਿੰਗ ਉਪਰੰਤ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦਾ ਜਨਰਲ ਇਜਲਾਸ 11.30 ਵਜੇ ਸ਼ੁਰੂ ਹੋਵੇਗਾ। ਜਨਰਲ ਇਜਲਾਸ ਦੌਰਾਨ ਪਿਛਲੇ ਤਿੰਨ ਸਾਲਾਂ ਦੌਰਾਨ ਕਿਤੇ ਸੈਮੀਨਾਰਾਂ ਬਾਰੇ ਜਥੇਬੰਦਕ ਰਿਪੋਰਟ ਅਤੇ ਵਿੱਤ ਦੀ ਰਿਪੋਰਟ ਪੇਸ਼ ਕੀਤੀ ਜਾਵੇਗੀ। ਕੇਂਦਰੀ ਸਭਾ ਦੇ ਮੈਂਬਰਾਂ ਨਾਲ ਵਿਚਾਰ ਵਟਾਂਦਰਾ ਕਰਕੇ ਭਵਿੱਖ ਵਿਚ ਕੀਤੇ ਜਾਣ ਵਾਲੇ ਕਾਰਜਾਂ ਦੀ ਰੂਪਰੇਖਾ ਤਹਿ ਕੀਤੀ ਜਾਵੇਗੀ।
ਲੋਕ ਪੱਖੀ ਲੇਖਕ ਲੋਕਾਂ ਦੇ ਨਾਲ ਖੜ੍ਹਦੇ ਰਹੇ ਹਨ। ਉਹਨਾਂ ਸਰਕਾਰ ਕੋਲੋਂ ਕਦੇ ਇਨਾਮ ਸ਼ਨਾਮ ਨਹੀਂ ਮੰਗੇ। ਉਹਨਾਂ ਹਮੇਸ਼ਾਂ ਤਿਆਗ, ਸਾਦਗੀ ਅਤੇ ਸੰਘਰਸ਼ ਦੇ ਸੁਨੇਹੇ ਦਿੱਤੇ ਹਨ। ਹੁਣ ਕੀ ਭਾਣਾ ਵਾਪਰ ਗਿਆ ਹੈ? ਨਿੱਤ ਨਵੀਆਂ ਕਹਾਣੀਆਂ ਕਿਓਂ ਸਾਹਮਣੇ ਆ ਰਹੀਆਂ ਹਨ। ਮਿੱਤਰ ਸੈਨ ਮੀਤ ਹੁਰਾਂ ਨੇ ਬਹੁਤ ਸਾਰੇ ਸੁਆਲ ਪੁਛੇ ਹਨ। ਇਹ ਸੁਆਲ ਲੁੜੀਂਦੀ ਪੜਤਾਲ ਮਗਰੋਂ ਹੀ ਪੁਛੇ ਗਏ ਹਨ। ਉਹਨਾਂ ਸੁਆਲਾਂ ਦਾ ਜੁਆਬ ਦੇਣਾ ਸਬੰਧਤ ਧਿਰਾਂ ਵਿੱਚੋਂ ਜ਼ਿੰਮੇਵਾਰ ਸੱਜਣਾਂ ਦਾ ਪੂਰਾ ਫਰਜ਼ ਬਣਦਾ ਹੈ। ਉਹਨਾਂ ਨੂੰ ਆਪਣੇ ਦਰਮਿਆਨ ਬਿਠਾ ਕੇ ਸਾਰੇ ਸ਼ੰਕੇ ਨਵਿਰਤ ਕਰਦੇ ਤਾਂ ਕਿੰਨਾ ਚੰਗਾ ਹੁੰਦਾ! ਸੰਘਰਸ਼ਾਂ ਦੇ ਰਾਹੀ ਇਨਾਮਾਂ-ਸ਼ਨਾਮਾਂ ਲਈ ਜੁਗਾੜਾਂ ਦੇ ਨਿਘਾਰ ਤੱਕ ਕਿਵੇਂ ਪੁੱਜੇ? ਕੌਣ ਹੈ ਜ਼ਿੰਮੇਦਾਰ? ਅਮੀਰ ਲੇਖਕ ਵੀ ਕਿਓਂ ਗਾਉਣ ਲੱਗੇ--ਸਬਸੇ ਬੜਾ ਰੁਪਈਆ! ਕੀ ਹੁਣ ਪਾਸ਼ ਦਾ ਉਹ ਸੁਨੇਹਾ ਕਿਸੇ ਨੂੰ ਯਾਦ ਹੈ--ਅਸੀਂ ਲੜਾਂਗੇ ਸਾਥੀ--!
ਕੇਂਦਰੀ ਪੰਜਾਬੀ ਲੇਖਕ ਸਭਾ ਨਾਲ ਸਬੰਧਤ ਕੁਝ ਹੋਰ ਖਬਰਾਂ//ਪੋਸਟਾਂ ਇਥੇ ਕਲਿੱਕ ਕਰ ਕੇ ਵੀ ਦੇਖ//ਪੜ੍ਹ ਸਕਦੇ ਹੋ
ਸਮਾਜਿਕ ਚੇਤਨਾ ਅਤੇ ਜਨਸਰੋਕਾਰਾਂ ਨਾਲ ਜੁੜੇ ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।
No comments:
Post a Comment