google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: ਕਿਹੜੀ ਸੱਤਾ ਲਏਗੀ ਕਲਮਕਾਰਾਂ ਦੀ ਸਾਰ--ਪੁੱਛਦੇ ਸਨ ਜੇ ਐਸ ਭਾਟੀਆ

Saturday 3 December 2022

ਕਿਹੜੀ ਸੱਤਾ ਲਏਗੀ ਕਲਮਕਾਰਾਂ ਦੀ ਸਾਰ--ਪੁੱਛਦੇ ਸਨ ਜੇ ਐਸ ਭਾਟੀਆ

ਉਹ ਚਾਹੁੰਦੇ ਸਨ ਲੇਖਕਾਂ ਨੂੰ ਵੀ ਪੈਨਸ਼ਨਾਂ ਅਤੇ ਸਬਸਿਡੀਆਂ ਮਿਲਿਆ ਕਰਨ 

ਲੁਧਿਆਣਾ: 3 ਦਸੰਬਰ 2022: (ਰੈਕਟਰ ਕਥੂਰੀਆ//ਸਾਹਿਤ ਸਕਰੀਨ)::

ਜੋਗਿੰਦਰ ਸਿੰਘ ਭਾਟੀਆ ਅੰਤਲੇ ਦਿਨਾਂ ਤੀਕ ਵੀ ਕਲਮ ਨੂੰ ਸਮਰਪਿਤ ਰਹੇ। ਉਹਨਾਂ ਦੀਆਂ ਕੁਝ ਪੁਸਤਕਾਂ ਛਪਣ ਮਗਰੋਂ ਚਰਚਾ ਵਿੱਚ ਵੀ ਆਈਆਂ। ਉਹਨਾਂ ਸੰਸਾਰ ਪ੍ਰਸਿੱਧ ਰਚਨਾਵਾਂ ਦੇ ਅਨੁਵਾਦ ਵੀ ਕੀਤੇ। ਸਾਹਿਤਿਕ ਹਲਕਿਆਂ ਵਿੱਚ ਕਿਸੇ ਵੇਲੇ ਉਹ ਬਹੁਤ ਹੀ ਹਰਮਨ ਪਿਆਰੇ ਵੀ ਰਹੇ। ਖੰਨਾ ਰਹਿੰਦਿਆਂ ਉਹ ਉਥੋਂ ਦੇ ਲੋਕਾਂ ਨਾਲ ਦਿਲੋਂ ਜੁੜੇ ਹੋਏ ਸਨ। ਸਾਹਿਤ ਸਭਾਵਾਂ ਵਿਚ ਅਕਸਰ ਉਹਨਾਂ ਦੀ ਗੱਲ ਹੁੰਦੀ। ਲੁਧਿਆਣਾ ਸ਼ਿਫਟ ਹੋਣ ਮਗਰੋਂ ਵੀ ਉਹ ਕਲਮ ਲਈ ਸਮਰਪਿਤ ਰਹੇ। ਟੈਲੀਫੋਨ 'ਤੇ ਲੰਮੀਆਂ ਗੱਲਾਂਬਾਤਾਂ ਦੌਰਾਨ ਉਹ ਅਕਸਰ ਆਪਣੀਆਂ ਰਚਨਾਵਾਂ ਅਤੇ ਖਰੜਿਆਂ ਦੀ ਵੀ ਗੱਲ ਕਰਦੇ। ਚਿੱਤ ਚੇਤਾ ਵੀ ਨਹੀਂ ਸੀ ਉਹ ਏਨੀ ਜਲਦੀ ਤੁਰ ਜਾਣਗੇ ਪਰ ਸਿਹਤ ਜਦੋਂ ਖਰਾਬ ਹੋਣ 'ਤੇ ਆਈ ਤਾਂ ਖਰਾਬ ਹੀ ਹੁੰਦੀ ਚਲੀ ਗਈ। ਇਸ ਵਾਰ ਸਾਡੇ ਸਭਨਾਂ ਦੀਆਂ ਦੁਆਵਾਂ ਵੀ ਕੰਮ ਨਹੀਂ ਆਈਆਂ ਅਤੇ ਸਿਹਤ ਨੂੰ ਮੋੜਾ ਨਹੀਂ ਪੈ ਸਕਿਆ। ਹਸਪਤਾਲੋਂ ਘਰ ਪਰਤਣ ਦੀ ਇੱਛਾ ਉਹਨਾਂ ਦੇ ਵੀ ਮਨ ਵਿਚ ਰਹੀ ਅਤੇ ਪਰਿਵਾਰ ਦੇ ਵੀ। 

ਉਹਨਾਂ ਨੂੰ ਡੀ ਐਮ ਸੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਡਾਕਟਰਾਂ ਨੇ ਕਰੀਬ ਇੱਕ ਹਫਤਾ ਪੂਰੀ ਵਾਹ ਲਾਈ। ਇਸ ਪ੍ਰਸਿੱਧ ਹਸਪਤਾਲ ਦੇ ਡਾਕਟਰਾਂ ਨਾਲ ਉਹਨਾਂ ਦੀ ਸੁਰ ਵੀ ਮਿਲੀ ਹੋਇਆ ਸੀ। ਡਾਕਟਰਾਂ ਨੂੰ ਉਹਨਾਂ ਦੀ ਕੇਸ ਹਿਸਟਰੀ ਵੀ ਬੜੀ ਚੰਗੀ ਤਰ੍ਹਾਂ ਪਤਾ ਸੀ ਕਿਓਂਕਿ ਜਦੋਂ ਵੀ ਸਿਹਤ ਦੀ ਕੋਈ ਸਮੱਸਿਆ ਹੁੰਦੀ ਤਾਂ ਉਹਨਾਂ ਨੂੰ ਇਥੇ ਹੀ ਲਿਆਂਦਾ ਜਾਂਦਾ ਸੀ। ਹਰ ਵਾਰ ਉਹ ਠੀਕ ਹੋ ਕੇ ਪਰਤਦੇ ਅਤੇ  ਪਰਿਵਾਰ ਨਾਲ ਗੱਲਾਂ ਕਰਦੇ। ਇਸਦੇ ਬਾਵਜੂਦ ਇਸ ਵਾਰ ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ। 

ਉਹਨਾਂ ਦਾ ਬਲੱਡ ਪ੍ਰੈਸ਼ਰ ਡਿੱਗਦਾ ਚਲਾ ਗਿਆ ਅਤੇ ਅਤੇ ਸੱਠ//ਚਾਲੀ (60//40) 'ਤੇ ਆ ਕੇ ਸਥਿਰ ਵਰਗਾ ਹੀ ਹੋ ਗਿਆ। ਡਾਕਟਰਾਂ ਨੇ ਬਹੁਤ ਵਾਹ ਲਾਈ ਪਰ ਇਹ ਬਲੱਡ ਪ੍ਰੈਸ਼ਰ ਉੱਪਰ ਵੱਲ ਨਹੀਂ ਚੜ੍ਹਿਆ। ਇੰਝ ਲੱਗਦਾ ਸੀ ਜਿਵੇਂ ਉਹ ਅੰਤਲੀਆਂ ਘੜੀਆਂ ਨੂੰ ਬਹੁਤ ਨੇੜਿਓਂ ਹੋ ਕੇ ਦੇਖ ਰਹੇ ਹੋਣ। ਸਿਰਫ ਦੇਖ ਹੀ ਨਾ ਰਹੇ ਹੋਣ ਬਲਕਿ ਉਹਨਾਂ ਨਾਲ ਮੁਲਾਕਾਤ ਵੀ ਕਰ ਰਹੇ ਹੋਣ। ਜੇ ਉਹ ਹਸਪਤਾਲੋਂ ਰਾਜ਼ੀਖੁਸ਼ੀ ਹੋ ਕੇ ਘਰ ਪਰਤ ਆਉਂਦੇ ਤਾਂ ਉਹਨਾਂ ਨਿਸਚੇ ਹੀ ਇਸ ਮੁਲਾਕਾਤ ਨੂੰ ਸ਼ਬਦਾਂ ਦੀ ਤਰਤੀਬ ਦੇਣੀ ਸੀ। ਕੋਈ ਲੇਖ ਵੀ ਲਿਖਣਾ ਸੀ ਅਤੇ ਕੋਈ  ਕਹਾਣੀ ਵੀ ਲਿਖਣੀ ਸੀ। 

ਉਹ ਰਸੂਲ ਹਮਜ਼ਾਤੋਵ ਦੀ ਪੁਸਤਕ ਮੇਰਾ ਦਾਗਿਸਤਾਨ ਬਾਰੇ ਕਈ ਕਈ ਵਾਰ ਪੁੱਛਦੇ ਕਿ ਉਹ ਪੜ੍ਹੀ ਹੈ ਜਾਂ ਨਹੀਂ? ਲੱਗਦੈ ਉਹ ਇਸ ਪੁਸਤਕ ਨੂੰ ਦੋਬਾਰਾ ਪੜ੍ਹਨਾ ਚਾਹੁੰਦੇ ਸਨ। ਉਹ ਅਕਸਰ ਪੁੱਛਦੇ ਇਥੇ ਆਪਣੇ ਪੰਜਾਬ ਅਤੇ ਆਪਣੇ ਇੰਡੀਆ ਵਿਚ ਲੇਖਕਾਂ ਦੀ ਸਾਰ ਲੈਣ ਵਾਲੇ ਕਾਨੂੰਨ ਕਦੋਂ ਸਭਨਾਂ ਲੇਖਕਾਂ ਦਾ ਭਲਾ ਕਰਨਗੇ? ਕਦੋਂ ਇਹਨਾਂ ਲਈ ਬੁਢਾਪਾ ਪੈਨਸ਼ਨ ਲੱਗੇਗੀ? ਕਦੋਂ ਇਹਨਾਂ ਨੂੰ ਦੂਜਿਆਂ ਥਾਂਵਾਂ 'ਤੇ ਜਾ ਕੇ ਉਹਨਾਂ ਥਾਂਵਾਂ ਬਾਰੇ ਲਿਖਣ ਲਈ ਲੁੜੀਂਦਾ ਖਰਚਾ ਪਾਣੀ ਮਿਲੇਗਾ। 

ਮਨਿੰਦਰ ਭਾਟੀਆ ਦੀ ਕਮਿਊਨਿਸਟ ਸੋਚ ਅਤੇ ਕਮਿਊਨਿਸਟ ਪਾਰਟੀ ਬਾਰੇ ਗੱਲ ਕਰਦਿਆਂ ਉਹ ਅਕਸਰ ਪੁੱਛਦੇ ਜੇ ਲਾਲ ਝੰਡੇ ਵਾਲਿਆਂ ਦੀ ਹਕੂਮਤ ਆ ਗਈ ਤਾਂ ਕੀ ਇਹ ਕਲਮਕਾਰਾਂ ਦੀ ਸਾਰ ਲੈਣਗੇ? ਫਿਰ ਉਹ ਚਿੰਤਾ ਵੀ ਕਰਦੇ। ਮਨਿੰਦਰ ਭਾਟੀਆ ਬਾਰੇ ਅਕਸਰ ਕਹਿੰਦੇ ਲੋਕਾਂ ਦੀ ਸੇਵਾ ਤਾਂ ਚੰਗੀ ਗੱਲ ਹੈ ਪਾਰ ਆਪਣੀ ਸਿਹਤ ਖਰਾਬ ਕਰ ਲੈਣਾ ਇਹ ਕੋਈ ਚੰਗੀ ਗੱਲ ਨਹੀਂ। ਉਹਨਾਂ ਦਿਨਾਂ ਵਿੱਚ ਮਨਿੰਦਰ ਭਾਟੀਆ ਬਾਈ ਪਾਸ ਸਰਜਰੀ ਮਗਰੋਂ ਬਾਅਦ ਰੈਸਟ 'ਤੇ ਸਨ। 

ਜੋਗਿੰਦਰ ਸਿੰਘ ਭਾਟੀਆ ਜੀ ਨੇ ਮਨਿੰਦਰ ਸਿੰਘ ਭਾਟੀਆ ਦੀ ਸ਼ਖ਼ਸੀਅਤ ਸਿਰਜਣ ਵਿਚ ਕਾਫੀ ਯੋਗਦਾਨ ਦਿੱਤਾ ਸੀ। ਜੋਗਿੰਦਰ ਸਿੰਘ ਭਾਟੀਆ ਜੀ ਦੀ ਸਰਪ੍ਰਸਤੀ ਮਨਿੰਦਰ ਸਿੰਘ ਭਾਟੀਆ 'ਤੇ ਬਚਪਨ ਦੇ ਦਿਨਾਂ ਵਿੱਚ ਉਦੋਂ ਤੋਂ ਹੀ ਬਣੀ ਰਹੀ ਜਦੋਂ ਮਨਿੰਦਰ ਭਾਟੀਆ  ਵਿੱਚ ਨਾਸਤਿਕਤਾ ਦੀ ਸੋਚ ਪ੍ਰਫੁੱਲਿਤ ਹੋਣ ਲੱਗ ਪਈ ਸੀ ਅਤੇ ਉਹ ਟੂਣੇ ਲਈ ਕਿਸੇ ਵੱਡੇ ਦਰਖਤ ਰੱਖੇ ਲੱਡੂ ਨੂੰ ਹੱਸਦੇ ਹੱਸਦੇ ਮੂੰਹ ਵਿਚ ਪਾ ਗਏ ਸਨ। ਇਹ ਸਰਪ੍ਰਸਤੀ ਆਖ਼ਿਰੀ ਸਾਹਾਂ ਤੀਕ ਬਣੀ ਰਹੀ। ਜੋਗਿੰਦਰ ਸਿੰਘ ਭਾਟੀਆ ਖੁਦ ਬੈਡ 'ਤੇ ਪਿਆਂ ਵੀ ਮਨਿੰਦਰ ਭਾਟੀਆ ਲਈ ਚਿੰਤਿਤ ਸਨ। ਉਹ ਚਾਹੁੰਦੇ ਸਨ ਟਰੇਡ ਯੂਨੀਅਨ ਜਾਂ ਪਾਰਟੀ ਦਾ ਕੰਮ ਕਰਦਿਆਂ ਮਨਿੰਦ ਆਪਣੀ ਸਿਹਤ ਦਾ ਖਿਆਲ ਜ਼ਰੂਰ ਰੱਖੇ। 

ਸਾਹਿਤ ਅਤੇ ਮਨਿੰਦਰ ਭਾਟੀਆ ਦੀ ਚਿੰਤਾ ਵਿੱਚ ਜੋਗਿੰਦਰ ਸਿੰਘ ਭਾਟੀਆ ਖੁਦ ਹੀ ਉਹਨਾਂ ਰਾਹਾਂ 'ਤੇ ਤੁਰ ਗਏ ਜਿੱਥੋਂ ਕੋਈ ਨਹੀਂ ਮੁੜਿਆ। ਉਹਨਾਂ ਦੀਆਂ ਰਚਨਾਵਾਂ ਦੇ ਖਰੜੇ ਉਹਨਾਂ ਦੇ ਲੇਖਕ ਬੇਟੇ ਨਵਦੀਪ ਭਾਟੀਆ ਕੋਲ ਹਨ। ਉਹਨਾਂ ਨਮਿਤ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ 4 ਦਸੰਬਰ ਦੁਪਹਿਰ 12 ਵਜੇ ਤੋਂ ਇੱਕ ਵਜੇ ਤੀਕ ਗੁਰਦੁਆਰਾ ਸਾਹਿਬ ਰਣਜੋਧ ਪਾਰਕ ਹੈਬੋਵਾਲ ਲੁਧਿਆਣਾ ਵਿਖੇ ਹੋਵੇਗੀ। ਛੇਤੀ ਹੀ ਅਸੀਂ ਉਹਨਾਂ ਦੀ ਕਿਸੇ ਨਵੀਂ ਛਪੀ ਪੁਸਤਕ ਨੂੰ ਵੀ ਦੇਖ ਸਕਾਂਗੇ। 

ਸਵਰਗੀ ਜੇ ਐਸ ਭਾਟੀਆ ਸੰਬੰਧੀ ਇਹ ਲਿਖਤ ਵੀ ਪੜ੍ਹਨਾ ਜ਼ਰਾ 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

No comments:

Post a Comment