google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: Harpreet Kaur Sandhu
Showing posts with label Harpreet Kaur Sandhu. Show all posts
Showing posts with label Harpreet Kaur Sandhu. Show all posts

Sunday, 26 October 2025

ਹਰਪ੍ਰੀਤ ਸੰਧੂ ਦੀ ਕਵਿਤਾ ਪੜ੍ਹਦਿਆਂ ਹੋਇਆ ਟਾਈਮ ਮਸ਼ੀਨ ਵਾਲੀ ਯਾਤਰਾ ਦਾ ਅਹਿਸਾਸ

Posted on Sunday 26th October 2025 at 12:55 PM Regarding Comment on Social Media 

ਅਤੀਤ ਦੇ ਦਰਸ਼ਨ ਕਦੇ ਆਪਣੀ ਮਰਜ਼ੀ ਜਾਂ ਜ਼ਿਦ ਨਾਲ ਨਹੀਂ ਹੁੰਦੇ 

ਖਰੜ: ਸੋਸ਼ਲ ਮੀਡੀਆ ਦੀ ਦੁਨੀਆ ਵਿੱਚੋਂ: 26 ਅਕਤੂਬਰ  2025: (ਰੈਕਟਰ ਕਥੂਰੀਆ//ਸਾਹਿਤ ਸਕਰੀਨ ਡੈਸਕ) :: 

ਹਰਪ੍ਰੀਤ ਸੰਧੂ ਹੁਰਾਂ ਦੀ ਕਵਿਤਾ ਨੂੰ ਪੜ੍ਹਦਿਆਂ ਬਹੁਤ ਸਾਰੇ ਉਤਰਾਅ ਚੜ੍ਹਾਅ ਮਹਿਸੂਸ ਹੁੰਦੇ ਹਨ। ਮੈਂ ਸ਼ਾਇਦ ਕੁਮੈਂਟ ਵੀ ਕੀਤਾ ਕਿ ਤੁਹਾਡੀ ਇਹ ਕਾਵਿ ਰਚਨਾ ਵੀ ਬੜੀਆਂ ਡੂੰਘੀਆਂ ਗੱਲਾਂ ਕਰਦੀ ਹੈ। ਉਂਝ ਰਮਜ਼ਾਂ ਭਰੇ ਇਸ਼ਾਰੇ ਹੋਣੇ ਵੀ ਚਾਹੀਦੇ ਹਨ। ਠਾਹ  ਸੋਟੇ ਵਾਲੀ ਗੱਲ ਵੀ ਚੱਲਦੀ ਹੈ ਪਰ ਉਸ ਨਾਲ ਕਵਿਤਾ ਵਿੱਚ ਕਵਿਤਾ ਵਰਗੀ ਗੱਲ ਨਹੀਂ ਰਹਿੰਦੀ। ਤੁਸੀਂ ਇਸ ਕਵਿਤਾ ਵਿੱਚ ਹਿੰਮਤ ਵਾਲੀ ਗੱਲ ਕੀਤੀ ਹੈ। ਇਸ ਬੇਬਾਕੀ ਅਤੇ ਹਿੰਮਤ ਨੂੰ ਸਲਾਮ - ---ਪਰ ਅਤੀਤ ਛੱਡਿਆ ਕਿਥੇ ਜਾਂਦਾ ਹੈ? ਕਿਸੇ ਨ ਕਿਸੇ ਵਿੱਚ ਨਜ਼ਰ ਆ ਜਾਣਾ ਵੀ ਉਸ ਬੀਤ ਚੁੱਕੇ ਕਾਲਖੰਡ ਦੀ ਸ਼ਕਤੀ , ਸਮਰਥਾ ਅਤੇ ਆਕਰਸ਼ਣ ਦਾ ਸਬੂਤ ਹੀ ਤਾਂ ਹੁੰਦਾ ਹੈ। ਅਤੀਤ ਦੀਆਂ ਇਮਾਰਤਾਂ ਵਾਲੀਆਂ ਦੀਵਾਰਾਂ ਵੀ , ਕਿਤਾਬਾਂ ਵਿਚ ਰੱਖੀਆਂ ਮੋਰ ਖੰਭਾਂ ਅਤੇ ਗੁਲਾਬ ਫੁੱਲਾਂ ਵਰਗੀਆਂ ਨਿਸ਼ਾਨੀਆਂ ਵੀ----ਅਲਮਾਰੀਆਂ ਵਿੱਚ ਪਏ ਰੁਮਾਲ ਵੀ , ਕੈਮਰੇ ਵਿੱਚ ਖਿੱਚੀਆਂ ਤਸਵੀਰਾਂ ਵੀ------ਇਹ ਸਭ ਸਾਨੂੰ ਖਿੱਚ ਲਿਜਾਂਦੇ ਹਨ ਅਤੀਤ ਦੇ ਉਸ ਦੌਰ ਵੱਲ---ਜਿਵੇਂ ਇਸ਼ਕ ਬਾਰੇ ਆਖਿਆ ਜਾਂਦਾ ਹੈ---ਸੱਚ ਕਹਿਤੀ ਹੈ ਦੁਨੀਆ--ਇਸ਼ਕ ਪਰ ਜ਼ੋਰ ਨਹੀਂ----ਸ਼ਾਇਦ ਇਸ਼ਕ ਦੀ ਥਾਂਵੇਂ ਅਤੀਤ ਵੀ ਪੜ੍ਹਿਆ ਜਾ ਸਕਦਾ ਹੈ। ਇਸ ਅਤੀਤ  'ਤੇ ਵੀ ਜ਼ੋਰ ਨਹੀਂ ਹੁੰਦਾ। ਸ਼ਾਇਦ ਅਸੀਂ ਤਾਂ ਹੀ ਘਰਾਂ ਤੋਂ ਦੂਰ ਉਹਨਾਂ ਇਮਾਰਤਾਂ ਨੂੰ ਦੇਖਣ ਨਿਕਲ ਜਾਂਦੇ ਹਾਂ ---ਜਿਹਨਾਂ ਨਾਲ ਅਦਿੱਖ ਰਿਸ਼ਤਾ ਬਣਿਆਂ ਵੀ ਦੇਰ ਹੋ ਚੁੱਕੀ ਹੁੰਦੀ ਹੈ। ਕਈ ਵਾਰ ਇਹੋ ਜਿਹੇ ਰਿਸ਼ਤਿਆਂ ਦੇ ਕਾਰਨ ਵੀ ਚੇਤੇ ਨਹੀਂ ਆਉਂਦੇ ਜਾਂ ਫਿਰ ਸਮਝ ਵੀ ਨਹੀਂ ਪੈਂਦੇ। 

ਉਂਝ ਫੇਸਬੁੱਕ ਵਰਗੇ ਮੰਚ ਅਤੇ ਇੰਟਰਨੈਟ ਵੀ ਤਾਂ ਹੀ ਸਾਨੂੰ ਆਪਣੇ ਵੱਲ ਸ਼ਾਇਦ ਤਾਂ ਹੀ ਖਿੱਚਦੇ ਹਨ ਕਿਓਂਕਿ ਇਹਨਾਂ ਵਿੱਚ ਟਾਈਮ ਮਸ਼ੀਨ ਦੀ ਯਾਤਰਾ ਵਾਲਾ ਜਾਦੂ ਵੀ ਮਹਿਸੂਸ ਹੁੰਦਾ ਹੈ। ਬਾਕੀ ਕਵਿਤਾ ਬਹੁਤ ਖੂਬਸੂਰਤ ਹੈ - --ਇਸ ਨੂੰ ਪੜ੍ਹ ਕੇ ਮੈਨੂੰ ਵੀ ਬਹੁਤ ਕੁਝ ਚੇਤੇ ਆਇਆ... ਉਹ ਲੋਕ ਵੀ ਜਿਹੜੇ ਹੁਣ ਇਸ ਦੁਨੀਆ ਵਿੱਚ ਵੀ ਨਹੀਂ ਰਹੇ। ਉਹਨਾਂ ਨੂੰ ਦੇਖਿਆਂ ਵੀ ਦਹਾਕੇ ਲੰਘ ਗਏ।  ਜਿਹੜੇ ਮੌਜੂਦ ਹਨ ਉਹਨਾਂ ਦੇ ਫੋਨ ਨੰਬਰ ਵੀ ਗੁਆਚੇ ਤਾਂ ਫਿਰ ਕਦੇ ਨਾ ਮਿਲੇ। ਇਸਦੇ ਬਾਵਜੂਦ ਉਨ੍ਹਾਂ ਨੂੰ ਕਦੇ ਨ ਕਦੇ ਮਿਲਣ ਦੀ ਉਡੀਕ ਰਹਿੰਦੀ ਹੈ. .ਉਹ ਉਡੀਕ ਵੀ ਪੱਕੇ ਵਿਸ਼ਵਾਸ ਵਰਗੀ ਉਡੀਕ। 

ਅਜਿਹੇ ਲੋਕ ਸਿਰਫ ਪ੍ਰੇਮੀ ਪ੍ਰੇਮਿਕਾ ਵਾਲੇ ਹੀ ਨਹੀਂ ਹੋਰ ਵੀ ਸਨ ਅਤੇ ਹੁਣ ਵੀ ਹਨ। ਟ੍ਰੇਨਾਂ ਵਿੱਚ ਦੋ ਚਾਰ ਘੰਟਿਆਂ ਲਈ ਮਿਲੇ ਲੋਕ ਵੀ . .ਬਸ ਦੇ ਸਫਰ ਅਤੇ ਬਸ ਅੱਡਿਆਂ 'ਤੇ ਬੈਠੇ ਮਿਲੇ ਲੋਕ ਵੀ। ਰੇਲ ਗੱਡੀਆਂ ਵਾਲੇ ਸਫ਼ਰਾਂ ਦੌਰਾਨ ਮਿਲੇ ਬਹੁਤ ਹੀ ਅਨਮੋਲ ਲੋਕ ਵੀ---ਬਹੁਤ ਕੁਝ ਚੇਤੇ ਆਉਣ ਲੱਗਿਆ ਹੈ। ਇੱਕ ਵਾਰ ਫੇਰ ਰੇਡੀਓ ਤੋਂ ਦਹਾਕਿਆਂ ਪਹਿਲਾਂ ਸੁਣਿਆ ਨਾਟਕ-ਰਿਸ਼ਤਿਆਂ ਦਾ ਕੀ ਰੱਖੀਏ ਨਾਂਅ--? ਉਹ ਨਾਟਕ ਸਾਡੇ ਬਹੁਤ ਹੀ ਮਾਣਯੋਗ ਨਾਟਕਕਾਰ ਆਤਮਜੀਤ ਹੁਰਾਂ ਦਾ ਲਿਖਿਆ ਹੋਇਆ ਸੀ। ਮੈਂ ਸੱਤਰਵਿਆਂ ਦੌਰਾਨ ਇਹ ਨਾਟਕ ਸੁਣ  ਲਿਆ ਸੀ ਅਤੇ ਬਹੁਤ ਹੀ ਪ੍ਰਭਾਵਸ਼ਾਲੀ ਸੀ। ਉਦੋਂ ਅਸੀਲ ਲੁਧਿਆਣਾ ਦੇ ਨਵਾਂ ਮੁਹੱਲਾ ਵਾਲੇ ਮਕਾਨ ਵਿੱਚ ਰਹਿੰਦੇ ਸਾਂ। ਨਾਨਕਸ਼ਾਹੀ ਇੱਟ ਵਾਲਾ ਇਹ ਮਕਾਨ ਅੱਜ ਵੀ ਬਹੁਤ ਚੇਤੇ ਆਉਂਦਾ ਹੈ। ਮੈਂ ਕਈ ਵਾਰ ਨਵੀਆਂ ਥਾਂਵਾਂ ਤੋਂ ਲੰਘਦਿਆਂ ਟੱਪਦਿਆਂ ਨਵਾਂ ਮੁਹੱਲਾ ਵਾਲੇ ਉਸ ਮਕਾਨ ਨੂੰ ਦੇਖਣ ਦੀ ਕੋਸ਼ਿਸ਼ ਕਰਦਾ ਹਾਂ। ਕਈ ਵਾਰ ਖੜੋ ਕੇ ਅਤੇ ਇਜ਼ਾਜ਼ਤ ਲਾਇ ਕੇ ਫੋਟੋ ਵਿੱਚ ਖਿੱਚ ਲੈਂਦਾ ਹਾਂ। ਅਜਿਹੇ ਮਕਾਨਾਂ ਵਿਚ ਰਹਿਣ ਵਾਲੇ ਕਈ ਵਾਰ ਬਹੁਤ ਪ੍ਰੇਮ ਨਾਲ ਮਿਲਦੇ ਹਨ ਅਤੇ ਚਾਹ ਪਾਣੀ ਬਿਨਾ ਨਹੀਂ ਆਉਣ ਦੇਂਦੇ। ਇੱਕ ਅਦਿੱਖ ਜਿਹਾ ਰਾਬਤਾ ਇਹਨਾਂ ਲੋਕਾਂ ਅਤੇ ਇਮਾਰਤਾਂ ਨਾਲ ਵੀ ਬਣਿਆ ਰਹਿੰਦਾ ਹੈ। 

ਹਰਪ੍ਰੀਤ ਕੌਰ ਸੰਧੂ ਹੁਰਾਂ ਦੀ ਕਵਿਤਾ ਭਾਵੇਂ ਇੱਕ ਬੜਾ ਹੀ ਸਪਸ਼ਟ ਸੁਨੇਹਾ ਦੇਂਦੀ ਹੈ - --ਪਰ ਫਿਰ ਵੀ ਇਸ ਕਾਵਿਤਾ ਨੂੰ ਪੜ੍ਹਦਿਆਂ ਅਤੇ ਸੋਚਦਿਆਂ ਮੈਂ ਮਹਿਸੂਸ ਕਰ ਨ ਲੱਗਿਆ ਕਿ ਸ਼ਾਇਦ ਮੈਂ ਕਿਸੇ ਟਾਈਮ ਮਸ਼ੀਨ ਰਾਹੀਂ ਅਤੀਤ ਵੱਲ ਜਾ ਰਿਹਾ ਹਾਂ। ਮੈਂ ਇਸ ਸਫਲ ਕਵਿਤਾ ਰਾਹੀਂ ਉਹਨਾਂ ਨੂੰ ਵਧਾਈ ਵੀ ਦੇਂਦਾ ਹਾਂ। ਇਸ ਕਵਿਤਾ ਨੂੰ ਪੜ੍ਹ ਕੇ ਜੋ ਕੁਝ ਲਿਖਾਈ ਗਿਆ ਉਹ ਸਾਹਿਤ ਸਕਰੀਨ ਦੇ ਪਾਠਕਾਂ ਲਈ ਵੀ ਹਾਜ਼ਰ ਹੈ।    ---ਰੈਕਟਰ ਕਥੂਰੀਆ 

 

Saturday, 21 September 2024

ਮੌਨ ਵਰਗੇ ਸੂਖਮ ਅਤੇ ਕੋਮਲ ਜਿਹੇ ਸ਼ਬਦਾਂ ਦੀ ਗੂੰਜ

 ਤਿਆਰ ਕਰ ਰਹੀ ਹੈ ਨਵੇਂ ਸਮਾਜ ਦੀ ਇੱਕ ਸੁਨਾਮੀ ਨੂੰ 


ਮੋਹਾਲੀ: 21 ਸਤੰਬਰ 2024:(ਸਾਹਿਤ ਸਕਰੀਨ ਡੈਸਕ)::

ਪੂੰਜੀਵਾਦ ਨੇ ਆਹ ਕਰਤਾ, ਪੂੰਜੀਵਾਦ ਨੇ ਉਹ ਕਰਤਾ, ਸਰਮਾਏਦਾਰੀ ਨੇ ਬਰਾਬਰੀ ਦਾ ਢਾਂਚਾ ਹੀ ਤਬਾਹ ਕਰ ਦਿੱਤਾ--ਅਜਿਹਾ ਬਹੁਤ ਕੁਝ ਲੰਮੇ ਸਮੇਂ ਤੋਂ ਕਿਹਾ ਅਤੇ ਸੁਣਿਆ ਜਾ ਰਿਹਾ ਹੈ। ਇਹ ਸਾਰੀਆਂ ਗੱਲਾਂ ਸੱਚ ਵੀ ਹਨ। ਸਮਾਜ ਨੂੰ ਗੰਧਲਾ ਵੀ ਕਰ ਰਹੀਆਂ ਸਿਆਸਤਾਂ ਦੀਆਂ ਇਹਨਾਂ ਕੁਰੀਤੀਆਂ ਅਤੇ ਬੁਰਾਈਆਂ ਨੂੰ ਲੈ ਕੇ ਲੋਕਾਂ ਦੇ ਮਨਾਂ ਵਿੱਚ ਰੋਸ ਵੀ ਹੈ ਪਰ ਉਸ ਰੋਸ ਕੋਲ ਅਜਿਹੀ ਕੋਈ ਸਪਸ਼ਟ ਅਤੇ ਖੁੱਲ੍ਹੇਆਮ ਨਜ਼ਰ ਆਉਂਦੀ ਕੋਈ ਦਿਸ਼ਾ ਨਹੀਂ ਜਿਹੜੀ ਇਸ ਸਾਰੇ ਖਤਰਨਾਕ ਰੁਝਾਨ ਦੀ ਰੋਕਥਾਮ ਲਈ ਕੁਝ ਕਰ ਸਕੇ। ਭਾਵੇਂ ਅਮਲੀ ਤੌਰ ਤੇ ਕੋਈ ਠੋਸ ਕਦਮ ਚੁੱਕਣਾ ਅਜੇ ਸੰਭਵ ਨਹੀਂ ਹੋ ਸਕਿਆ ਪਰ ਹੁਣ ਇੱਕ ਅੰਦੋਲਨ ਵਰਗੀ ਸ਼ਕਤੀ ਸਰਗਰਮੀ ਫੜ ਰਹੀ ਹੈ ਜਿਸ ਨੇ ਆਪਣਾ ਅਸਰ ਵੀ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। 

ਮੌਨ ਵਰਗੇ ਸੂਖਮ ਅਤੇ ਕੋਮਲ ਜਿਹੇ ਸ਼ਬਦਾਂ ਦੀ ਇਹ ਗੂੰਜ ਇੱਕ ਸੁਨਾਮੀ ਪੈਦਾ ਕਰ ਰਹੀ ਹੈ ਜਿਹੜੀ ਬਹੁਤ ਜਲਦ ਆਪਣਾ ਰੰਗ ਵੀ ਦਿਖਾਏਗੀ ਅਤੇ ਦਿਲਾਂ ਵਿੱਚ ਉਤਰਦਾ ਜਾ ਰਿਹਾ ਪ੍ਰਭਾਵ ਵੀ ਨਜ਼ਰ ਆਉਣ ਲੱਗੇਗਾ। ਨਾ ਕੋਈ ਨਾਅਰਾ//ਨਾ ਕੋਈ ਧਰਨਾ-ਨਾ ਕੋਈ ਮੁਜ਼ਾਹਰਾ ਨਾ ਕੋਈ ਜਲਸਾ ਜਲੂਸ--ਪਰ ਕਿਸੇ ਅਣ ਦਿੱਸਦੀ ਸ਼ਕਤੀ ਵਾਂਗ ਇਹ ਮੁਹਿੰਮ ਨਵੇਂ ਸਮਾਜ ਦੀ ਸਿਰਜਣਾ ਦੇ ਮਿਸ਼ਨ ਨੂੰ ਤੇਜ਼ੀ ਨਾਲ ਸਫਲ ਬਣਾ ਰਹੀ ਹੈ। 


ਸੁਸ਼ੀਲ ਦੁਸਾਂਝ ਅਤੇ ਉਹਨਾਂ ਦੇ ਸਾਥੀਆਂ ਦੀ ਦੇਖਰੇਖ ਹੇਠ ਅਦਾਰਾ "ਹੁਣ" ਵੱਲੋਂ ਇਸ ਮੁਹਿੰਮ ਨੂੰ ਨੇਪਰੇ ਚੜ੍ਹਾ ਰਹੀ ਟੀਮ ਵਿੱਚ ਅੱਜ ਕੁਝ ਹੋਰ ਸ਼ਖ਼ਸੀਅਤਾਂ ਵੀ ਸ਼ਾਮਲ ਹੋਈਆਂ। ਪਟਿਆਲਾ ਤੋਂ ਉਚੇਚ ਨਾਲ ਪਹੁੰਚੀ ਹਰਪ੍ਰੀਤ ਕੌਰ ਸੰਧੂ ਅਤੇ ਕੁਝ ਹੋਰ ਕਲਮਕਾਰਾਂ ਨੇ ਜਿਹੜੀਆਂ ਗੱਲਾਂਬਾਤਾਂ ਅਤੇ ਕਵਿਤਾਵਾਂ ਸੁਣਾਈਆਂ ਜਿਹਨਾਂ ਵਿੱਚ ਮੌਜੂਦਾ  ਕੁਰੀਤੀਆਂ ਅਤੇ ਬੁਰਾਈਆਂ ਦੇ ਖਿਲਾਫ ਬੜੀ ਹੀ ਸੂਖਮਤਾ ਵਾਲੇ ਬੋਲਾਂ ਨਾਲ ਇੱਕ ਅਜਿਹਾ ਪ੍ਰਭਾਵ ਛੱਡਿਆ ਜਾ ਰਿਹਾ ਸੀ ਜਿਹੜਾ ਇਸ ਮੌਕੇ ਮੌਜੂਦਾ ਸਰੋਤਿਆਂ//ਦਰਸ਼ਕਾਂ ਦੇ ਦਿਲਾਂ ਵਿੱਚ ਨਾਲੋਂ ਨਾਲ ਆਪਣੀ ਥਾਂ ਬਣਾ ਰਿਹਾ ਸੀ। 


ਇਸ ਵੱਖਰੀ ਕਿਸਮ ਦੇ ਆਯੋਜਨ ਦੀ ਥਾਂ ਇਸ ਵਾਰ ਵੀ ਸਿਲਵੀ ਪਾਰਕ ਨੇੜੇ ਸਥਿਤ ਪ੍ਰਸਿੱਧ ਸ਼ਾਇਰਾ ਸੁਰਜੀਤ ਕੌਰ ਬੈਂਸ ਦੀ  ਰਿਹਾਇਸ਼ ਵਿਖੇ ਰੱਖੀ ਗਈ ਸੀ। ਅੱਜ ਦੇ ਇਸ ਆਯੋਜਨ ਨੂੰ ਦੇਖ ਕੇ ਦੂਰਦਰਸ਼ਨ ਤੋਂ ਕਈ ਦਹਾਕੇ ਪਹਿਲਾਂ ਹਰਮਨ ਪਿਆਰਾ ਹੋਇਆ ਪ੍ਰੋਗਰਾਮ "ਨਾਲੇ ਗੱਲਾਂ-ਨਾਲੇ ਗੀਤ" ਯਾਦ ਆਉ ਰਿਹਾ ਸੀ। ਇਸ ਪ੍ਰੋਗਰਾਮ ਵਿੱਚ ਗੱਲਾਂ ਅਤੇ ਗੀਤਾਂ ਦੇ ਨਾਲ ਨਾਲ ਸ਼ਾਇਰੀ ਵੀ ਸੀ। ਗੱਲਾਂ ਅਤੇ ਗੀਤਾਂ ਨੂੰ ਇੱਕ ਸੁਰ ਕਰਨ ਵਾਲੇ ਸੂਤਰਧਾਰ ਦੀ ਜ਼ਿੰਮੇਵਾਰੀ ਸੁਸ਼ੀਲ ਦੁਸਾਂਝ ਨਿਭਾ ਰਹੇ ਸਨ।  ਪਰ ਉਹਨਾਂ ਦੇ ਹੁੰਗਾਰੇ ਵੱਜੋਂ ਆਉਂਦੀਆਂ ਕੁਝ ਹੋਰ ਅਵਾਜ਼ਾਂ ਵੀ ਸਨ। ਦੀਪਕ ਸ਼ਰਮਾ ਚਨਾਰਥਲ, ਹਰਪ੍ਰੀਤ ਕੌਰ ਸੰਧੂ,ਖੁਦ ਸੁਰਜੀਤ ਕੌਰ ਬੈਂਸ, ਬਹੁਤ ਘੱਟ ਬੋਲਣ ਵਾਲੇ ਕੰਵਰ ਅਤੇ ਕਈ ਹੋਰ। ਇਹ ਰਲਵੀਂ ਮਿਲਵੀਂ ਇੱਕਸੁਰ ਹੋ ਕੇ ਆ ਰਹੀ ਆਵਾਜ਼ ਉਹਨਾਂ ਸਾਜ਼ਿਸ਼ਾਂ ਦੀਆਂ ਪੈੜਾਂ ਵੀ ਨੱਪ ਰਹੀ ਸੀ ਜਿਹੜੀਆਂ ਸਾਜ਼ਿਸ਼ਾਂ ਪਿਛਲੇ ਕੁਝ ਸਾਲਾਂ ਤੋਂ  ਕੁਝ ਸਿਆਸੀ ਧਿਰਾਂ ਲਗਾਤਾਰ ਘੜਦੀਆਂ ਆ ਰਹੀਆਂ ਹਨ। ਅੱਜ ਮੈਡਮ ਸੁਰਜੀਤ ਕੌਰ ਬੈਂਸ ਦੇ ਘਰ ਹੋਈ ਇਹ ਸਾਹਿਤਿਕ ਬੈਠਕ ਉਹਨਾਂ ਸਾਜ਼ਿਸ਼ਾਂ ਨੂੰ ਬੇਨਕਾਬ ਕਰ ਰਹੀ ਸੀ। ਸਿਰਫ ਬੇਨਕਾਬ ਹੀ ਨਹੀਂ ਸੀ ਕਰ ਰਹੀ ਬਲਕਿ ਸਿਹਤਮੰਦ ਸਮਾਜ ਦੀ ਸਿਰਜਨਾਂ ਵਾਲੇ ਗੁਰ ਵੀ ਸਿੱਖਾਂ ਰਹੀ ਸੀ। 

ਇਸ ਮੌਕੇ ਜਿੱਥੇ ਬਲਕਾਰ ਸਿੱਧੂ ਹੁਰਾਂ ਨੇ ਫਿਰਕਾਪ੍ਰਸਤੀ ਵਾਲੀ ਸੋਚ ਦੇ ਖਿਲਾਫ਼ ਆਪਣਾ ਇੱਕ ਹਿੰਦੀ ਗੀਤ ਪੜ੍ਹਿਆ-

ਹਮ ਹਿੰਦੂ  ਸਿੱਖ ਨ ਮੁਸਲਮਾਨ--ਹਮ ਮੇਹਨਤ ਕਰਨੇ ਵਾਲੇ ਹੈਂ--ਅੰਮ੍ਰਿਤ ਕੇ ਛਲਕਤੇ ਪਿਆਲੇ ਹੈਂ!

ਇੱਸੇ ਮਹਿਫਿਲ ਵਿੱਚ ਜਨਾਬ ਗੁਰਨਾਮ ਕੰਵਰ ਨੇ ਇੱਕ ਕਾਵਿ ਰਚਨਾ ਸੁਣਾਈ ਜਿਹੜੀ ਰੱਬ ਦੀ ਹੌਂਦ ਤੇ ਬੜੇ ਦਿਲਚਸਪ ਅੰਦਾਜ਼ ਨਾਲ ਸੁਆਲ ਖੜੇ ਕਰਦੀ ਸੀ। ਇਸ ਯਾਦਗਾਰੀ ਮਹਿਫਿਲ ਦੇ ਸੰਚਾਲਕ ਸੁਸ਼ੀਲ ਦੁਸਾਂਝ ਨੇ ਆਪਣੀ ਕਾਵਿ ਰਚਨਾ ਨਾਲ ਕੋਰੋਨਾ ਦਾ ਉਹ ਸਮਾਂ ਯਾਦ ਕਰਾਇਆ ਜਦੋਂ ਦੇਸ਼ ਦੀ ਸਾਰੀ ਜਨਤਾ ਨੂੰ ਬੰਧਕ ਬਣਾ ਦਿੱਤਾ ਗਿਆ ਸੀ। ਉਹਨਾਂ ਇੱਕ ਹੋਰ ਨਜ਼ਮ ਵੀ ਸੁਣਾਈ ਜਿਹੜੀ ਅੱਜ ਦੇ ਬਿੱਲਾ-ਰੰਗਾਂ ਵਾਲੇ ਚੇਹਰੇ ਬੇਨਕਾਬ ਕਰਦੀ ਸੀ। 

ਸ਼ਾਇਰ ਭੱਟੀ ਨੇ ਬੜੇ ਹੀ ਤਰੰਨੁਮ ਨਾਲ ਆਪਣੀ ਕਾਵਿ ਰਚਨਾ ਵਿੱਚ ਗੁਜ਼ਰੇ ਹੋਏ ਜ਼ਮਾਨੇ ਦਾ ਉਹ ਦ੍ਰਿਸ਼ ਆਪਣੇ ਸ਼ਬਦਾਂ ਨਾਲ ਦਿਖਾਇਆ ਜਦੋਂ ਆਪਸੀ ਭਾਈਚਾਰਾ ਕਾਇਮ, ਰਿਸ਼ਤਿਆਂ ਦਾ ਅਦਬ ਸਤਿਕਾਰ ਕਾਇਮ ਸੀ ਹੁਣ ਜਦੋਂ ਕਿ ਪੂੰਜੀਵਾਦ ਦੀਆਂ ਸਾਜ਼ਿਸ਼ਾਂ ਨੇ ਸਭ ਕੁਝ ਵਿਕਾਊ ਬਣਾ ਦਿੱਤਾ ਹੈ ਤਾਂ ਸਿਰਫ ਇੱਕ ਦਰਦ ਬਾਕੀ ਹੈ ਜਿਸਨੂੰ ਸ਼ਾਇਰ ਬਾਖੂਬੀ ਬਿਆਨ ਕਰ ਰਹੇ ਹਨ। ਇਸਦਾ ਬੜਾ ਸੰਵੇਦਨਸ਼ੀਲ ਪ੍ਰਗਟਾਵਾ ਸੀ ਇਸ ਮੀਟਿੰਗ ਵਿੱਚ। 

ਪੂੰਜੀਵਾਦ ਨੇ ਕਿਵੇਂ ਜਿਊਂਦੇ ਜਾਗਦੇ ਇਨਸਾਨਾਂ ਨੂੰ ਮਕੈਨੀਕਲ ਗੈਜੇਟ ਵਾਂਗ ਬਣਾ ਕੇ ਇੱਕ ਦੂਜੇ ਨੂੰ ਵਰਤਣਾਂ ਸਿਖਾ ਦਿੱਤਾ ਦਿੱਤਾ ਹੈ ਇਸਦਾ ਬਹੁਤ ਖੂਬਸੂਰਤ ਬਿਆਨ ਸੀ ਦੀਪਕ ਸ਼ਰਮਾ ਚਨਾਰਥਲ ਦੀ ਸ਼ਾਇਰੀ ਵਿੱਚ। ਕਿਵੇਂ ਅੱਜਕਲ੍ਹ ਚੰਗੇ ਭਲੇ ਇਨਸਾਨਾਂ ਨੂੰ ਕਦੇ ਕੈਲਕੁਲੇਟਰ ਸਮਝ ਕੇ ਵਰਤ ਲਿਆ ਜਾਂਦਾ ਹੈ, ਕਦੇ ਲਾਈਟਰ, ਕਦੇ ਰੈਗੁਲੇਟਰ, ਕਦੇ ਏ ਟੀ ਐਮ ਕਾਰਡ। ਇੰਝ ਲੱਗਦੀ ਜਿਵੇਂ ਵਰਤਣਾਂ ਹੀ ਅੱਜ ਕਲ ਦਾ ਧਰਮ ਅਤੇ ਵਿਧੀ ਵਿਧਾਨ ਬਣ ਗਿਆ ਹੋਵੇ। 

ਇਸ ਸਾਰੀ ਮਹਿਫਿਲ ਦਾ ਕੇਂਦਰੀ ਬਿੰਦੂ ਅਤੇ ਇਸ ਮਹਿਫਿਲ ਦੀ ਮੇਜ਼ਬਾਨ ਮੈਡਮ ਸੁਰਜੀਤ ਕੌਰ ਬੈਂਸ ਇੱਕ ਇੱਕ ਨੂੰ ਬੜੇ ਧਿਆਨ ਨਾਲ ਸੁਣ ਰਹੀ ਸੀ, ਦਾਦ ਵੀ ਦੇ ਰਹੀ ਅਤੇ ਹੌਂਸਲਾ ਅਫਜ਼ਾਈ ਵੀ ਕਰ ਰਹੀ ਸੀ। ਕਾਸ਼ ਸਾਹਿਤ, ਕਲਾ ਅਤੇ ਸਭਿਆਚਾਰ ਨਾਲ ਜੁੜੀਆਂ ਸ਼ਖਸੀਅਤਾਂ ਕਿੱਟੀ ਪਾਰਟੀਆਂ ਤੋਂ ਦੂਰੀ ਬਣਾਉਂਦਿਆਂ ਅਜਿਹੇ ਆਯੋਜਨਾਂ ਦੀ ਪਿਰਤ ਹਰ ਸ਼ਹਿਰ ਅਤੇ ਹਰ ਮੁਹੱਲੇ ਵਿੱਚ ਬਣਾ ਲੈਣ। 

ਅਖੀਰ ਵਿੱਚ ਪਟਿਆਲਾ ਤੋਂ ਆਈ ਧੜੱਲੇਦਾਰ ਕਲਮਕਾਰ ਹਰਪ੍ਰੀਤ ਕੌਰ ਸੰਧੂ ਨੇ ਜਿਥੇ ਸੋਸ਼ਲ ਮੀਡੀਆ ਬਾਰੇ ਆਪਣੇ ਅਨੁਭਵ ਸੁਨਾਏ ਉਥੇ ਆਪਣੀਆਂ ਕਾਵਿ ਰਚਨਾਵਾਂ ਵੀ ਸੁਣਾਈਆਂ। ਇਹਨਾਂ ਰਚਨਾਵਾਂ ਵਿੱਚੋਂ ਮਹਾਂਭਾਰਤ ਕਾਲ ਦੀ ਇੱਕ ਦੁਖਦਾਈ ਅਤੇ ਸ਼ਰਮਨਾਕ ਘਟਨਾ ਚੀਰ-ਹਰਣ ਦਾ ਜ਼ਿਕਰ ਕਰਦਿਆਂ ਮੈਡਮ ਸੰਧੂ ਨੇ ਉਹਨਾਂ ਆਧੁਨਿਕ ਸੰਦਰਭਾਂ ਦੀ ਗੱਲ ਕਰਦਿਆਂ ਕਿਹਾ ਕੀ ਕਿਵੇਂ ਅੱਜ ਵੀ ਥਾਂ ਥਾਂ ਬਾਰ ਬਾਰ ਚੀਰ-ਹਰਣ ਹੁੰਦਾ ਹੈ। ਅਫਸੋਸ ਕਿ ਮਹਾਂਭਾਰਤ ਵਾਲੇ ਯੁਗ ਵਿੱਚ ਤਾਂ ਪੰਜੇ ਪਾਂਡਵ ਪਤੀ ਬੇਬਸ ਜਿਹੇ ਹੋ ਕੇ ਬੈਠੇ ਸਨ ਅਤੇ ਚੀਰ ਹਾਰਨ ਸਾਹਮਣੇ ਖਾਮੋਸ਼ ਸਨ ਪਰ ਹੁਣ ਪਤੀ ਅਤੇ ਦੋਸਤ ਖੁਦ ਹੀ  ਅਜਿਹਾ ਚੀਰ ਹਰਣ ਆਪਣੇ ਦੂਜੇ ਦੋਸਤਾਂ ਮਿੱਤਰਾਂ ਦੀਆਂ ਮਹਿਫਿਲਾਂ ਵਿੱਚ ਕਰਦੇ ਹਨ। 

ਇਸ ਸ਼ਾਨਦਾਰ ਸਾਹਿਤਿਕ ਆਯੋਜਨ ਦੀ ਰਿਪੋਰਟ ਇਸ ਜ਼ਿਕਰ ਬਿਨਾ ਅਧੂਰੀ ਹੋਵੇਗੀ ਕਿ ਕੁਝ ਬਹੁਤ ਹੀ ਸੁਰੀਲੀਆਂ ਆਵਾਜ਼ਾਂ ਵਾਲੀਆਂ ਸ਼ਖਸੀਅਤਾਂ ਵੀ ਮੌਜੂਦ ਰਹੀਆਂ ਜਿਹਨਾਂ ਨੇ ਹਿੰਦੀ ਪੰਜਾਬੀ ਦੇ ਭੁੱਲੇ ਵਿਸਰੇ ਗੀਤਾਂ ਨਾਲ ਵੀ ਇਸ ਮਹਿਫਿਲ ਨੂੰ ਹੋਰ ਯਾਦਗਾਰੀ ਬਣਾਇਆ। ਇਹਨਾਂ ਵਿੱਚੋਂ ਇੱਕ ਸ਼ਖਸੀਅਤ ਸੀ ਗੁਰਜੋਧ ਕੌਰ।

ਤੀਹਵਿਆਂ ਦੇ ਨਾਲ ਸ਼ਾਇਦ ਉਹ ਦੋ ਚਾਰ ਸਾਲ ਹੋਰ ਵੱਡੀ ਉਰ ਹੋਵੇ ਪਰ ਲੱਗਦੀ ਬਹੁਤ ਛੋਟੀ ਹੈ। ਗੁਰਜੋਧ ਕੌਰ ਦੀਆਂ ਬਹੁਤ ਸਾਰੀਆਂ ਖੂਬੀਆਂ ਵਿੱਚੋਂ ਇੱਕ ਖਾਸੀਅਤ ਹੈ ਉਸਦਾ ਸੁਰੀਲਾਪਨ। ਉਸਨੇ ਪੰਜਾਬੀ ਗੀਤਾਂ ਦਾ ਉਹ ਸਾਰਾ ਖਜ਼ਾਨਾ ਸੰਭਾਲ ਕੇ ਰੱਖਿਅ ਹੋਇਆ ਹੈ ਜਿਹੜਾ ਸ਼ਾਇਦ ਅੱਜ ਵਾਲੀ ਪੀੜ੍ਹੀ ਦੀ ਕਿਸਮਤ ਵਿਚ ਹੀ ਨਹੀਂ ਰਿਹਾ। ਉਸਨੂੰ ਭੁੱਲੇ ਵਿੱਸਰੇ ਸਾਰੇ ਪੰਜਾਬੀ ਗੀਤ ਯਾਦ ਵੀ ਹਨ ਪਰ ਫਿਰ ਵੀ ਉਸਨੇ ਇੱਕ ਡਾਇਰੀ ਆਪਣੇ ਕੋਲ ਰੱਖੀ ਹੁੰਦੀ ਹੈ। ਕਿਓਂਕਿ ਪੰਜਾਬੀ ਦੇ ਪੁਰਾਣੇ ਗੀਤਾਂ ਦੀ ਫ਼ਰਮਾਇਸ਼ ਪੂਰੀ ਕਰਨ ਵਾਲਿਆਂ ਵਿੱਚ ਉਹ ਸਾਡੇ ਲਈ ਕਿਸੇ ਰੇਡੀਓ ਸਟੇਸ਼ਨ ਤੋਂ ਘੱਟ ਵੀ ਨਹੀਂ। ਅੱਜ ਦੇ ਸਮਾਗਮ ਵਿੱਚ ਗਏ ਗਏ ਗੀਤਾਂ ਵਿੱਚੋਂ ਇੱਕ ਯਾਦਗਾਰੀ ਗੀਤ ਸੀ ਇਹਨਾਂ ਅੱਖੀਆਂ 'ਚ ਪਾਂਵਾਂ ਕਿਵੇਂ ਸੂਰਮਾ! ਕਿ ਅੱਖੀਆਂ 'ਚ ਤੂੰ ਵੱਸਦਾ!

ਇੱਕ ਹੋਰ ਬੁਲੰਦ ਆਵਾਜ਼ ਇਸ ਮਹਿਫਿਲ ਵਿੱਚ ਸੀ ਤਰਸੇਮ ਲਾਲ ਹੁਰਾਂ ਦੀ। ਉਮਰ ਸ਼ਾਇਦ 60 ਸਾਲ ਤੋਂ ਵਧ ਹੈ ਪਰ ਆਵਾਜ਼ ਵਿੱਚ ਦਮ ਸੀ ਉਹੀ ਅਠਾਰਾਂ ਵੀਹਾਂ ਸਾਲਾਂ ਵਾਲਾ। ਉਹਨਾਂ ਬੜੀ ਦਮਦਾਰ ਆਵਾਜ਼ ਵੀ ਕਈ ਗੀਤ ਸੁਣਾਏ। ਇੱਕ ਗੀਤ ਇਹ ਵੀ ਸੀ-ਦਿਲ ਤੋੜਨੇ ਵਾਲੇ ਤੁਝੇ ਦਿਲ ਢੂਂਢ ਰਹਾ ਹੈ~! ਕਿਸੇ ਨੇ ਪੁਛ ਲਿਆ ਦਿਲ ਤੋਂ ਵਾਲੇ ਨੂੰ ਹੀ ਦਿਲ ਕਿਓਂ ਲਭਦਾ ਰਹਿੰਦਾ ਹੈ ਸਾਰੀ ਸਾਰੀ ਉਮਰ?

ਵੈਸੇ ਇਸ ਸੁਆਲ ਦਾ ਜੁਆਨ ਹੁਣ ਅਗਲੀ ਵਾਰ ਦੀ ਮਹਿਫ਼ਿਲ ਵਿੱਚ ਸੁਣਾਂਗੇ ਤਰਸੇਮ ਲਾਲ ਹੁਰਾਂ ਕੋਲੋਂ ਹੀ। ਜਿਹਨਾਂ ਦਾ ਜ਼ਿਕਰ ਇਸ ਰਿਪੋਰਟ ਵਿੱਚ ਨਹੀਂ ਹੋ ਸਕਿਆ ਉਹਨਾਂ ਦਾ ਜ਼ਿਕਰ ਬਹੁਤ ਜਲਦੀ ਕਿਸੇ ਵੱਖਰੀ ਰਿਪੋਰਟ ਵਿੱਚ ਪੱਕਾ ਕੀਤਾ ਜਾਏਗਾ। ਰਿਪੋਰਟ ਜ਼ਿਆਦਾ ਲੰਮੀ ਹੋ ਰਹੀ ਸੀ ਇਸ ਲਈ ਕੁਝ ਮਜਬੂਰੀ ਜਿਹੀ ਵੀ ਰਹੀ। ਪਰ ਹਰ ਕਿਸੇ ਦੀ ਮੌਜੂਦਗੀ ਅਤੇ ਭੂਮਿਕਾ ਸਾਡੀ ਟੀਮ ਨੂੰ ਯਾਦ ਹੈ। ਸਾਡੇ ਸਭਨਾਂ ਦੇ ਦਿਲਾਂ ਵਿੱਚ ਤੁਹਾਡੀ ਉਚੇਚੀ ਥਾਂ ਹੈ।

ਇਹਨਾਂ ਵਿੱਚੋਂ ਹੀ ਸਾਡੀ ਬਹੁਤ ਹੀ ਮਾਣਯੋਗ ਸ਼ਖ਼ਸੀਅਤ ਦੀਪਕ ਮਨਮੋਹਨ ਸਿੰਘ ਵੀ ਹਨ। ਉਹਨਾਂ ਇੱਕ ਸੁਨੇਹਾ ਇਸ ਸਾਰੀ ਲੁਕਾਈ ਲਈ ਦਿੱਤਾ ਹੈ। ਗਮ ਆਉਣ, ਸਦਮੇ ਜਾਂ ਤਕਲੀਫ਼ਾਂ ਬਸ ਰੋਇਆ ਧੋਇਆ ਨਾ ਕਰੋ। ਉਹਨਾਂ ਆਪਣੀਆਂ ਮਿਸਾਲਾਂ ਵੀ ਦਿੱਤੀਆਂ ਕਿ ਕਿਵੇਂ ਉਹਨਾਂ  ਨੇ ਮੁਸੀਬਤਾਂ ਦੇ ਤੂਫ਼ਾਨਾਂ ਨੂੰ ਆਪਣੀ ਮੁਸਕਰਾਹਟ ਨਾਲ ਹੀ ਠੱਲ ਲਿਆ ਅਤੇ ਉਹਨਾਂ ਦੇ ਮੂੰਹ ਮੋੜ ਦਿੱਤੇ। ਉਹਨਾਂ ਦੀਆਂ ਗੱਲਾਂ ਸੁਣ ਕੇ ਮੈਨੂੰ ਇੱਕ ਬਹੁਤ ਪੁਰਾਣਾ ਗੀਤ ਯਾਦ ਆਉਣ ਲੱਗ ਪਿਆ: 

ਬਰਬਾਦੀਓਂ ਕਾ ਸੋਗ ਮਨਾਣਾ ਫਿਜ਼ੂਲ ਥਾ!

ਬਰਬਾਦੀਓਂ ਕੇ ਜਸ਼ਨ ਮਨਾਤਾ ਚਲਾ ਗਿਆ!

ਉਹਨਾਂ ਬਾਰੇ ਵੀ ਇੱਕ ਵਖਰੀ ਪੋਸਟ ਬਹੁਤ ਜਲਦੀ ਹੀ।

ਬਹੁਤ ਸਾਰੀਆਂ ਹੋਰ ਗੱਲਾਂ ਵੀ ਬਹੁਤ ਛੇਤੀ ਹੀ ਸਾਂਝੀਆਂ ਕੀਤੀਆਂ ਜਾਣਗੀਆਂ......!

                            ---ਕਾਰਤਿਕਾ ਕਲਿਆਣੀ ਸਿੰਘ//ਰੈਕਟਰ ਕਥੂਰੀਆ 

Monday, 26 February 2024

ਡਾਕਟਰ ਸੁਖਵਿੰਦਰ ਪਰਮਾਰ ਜੀ ਦੇ ਕੁਝ ਸਵਾਲਾਂ ਦਾ ਜਵਾਬ--ਹਰਪ੍ਰੀਤ ਕੌਰ ਸੰਧੂ

Sunday 25th February 2024 at 9:39 PM

ਉਹ ਸਵਾਲ ਹੀ ਗਲਤ ਥਾਂ ਤੇ ਪੁੱਛ ਰਹੇ ਹਨ


ਪਟਿਆਲਾ
//ਲੁਧਿਆਣਾ: 26 ਫਰਵਰੀ 2024:(ਮੀਡੀਆ ਲਿੰਕ//ਸਾਹਿਤ ਸਕਰੀਨ ਡੈਸਕ)::

ਪੰਜਾਬੀ ਸਾਹਿਤ ਅਕਾਦਮੀ ਦੀਆਂ ਚੋਣਾਂ ਨਾਲ ਸਬੰਧਤ ਸਰਗਰਮੀਆਂ ਤੇਜ਼ੀ ਨਾਲ ਜਾਰੀ ਹਨ। ਇਸ ਵਾਰ ਵੀ ਇਹਨਾਂ ਚੋਣਾਂ ਦੇ ਚਰਚੇ ਜ਼ੋਰਾਂ ਸ਼ੋਰਾਂ ਨਾਲ ਹੋ ਰਹੇ ਹਨ। ਮੁੱਦੇ ਭਖੇ ਹੋਏ ਹਨ। ਜਿਹੜੇ ਲੇਖਕ ਸੱਜਣ ਕਦੇ ਨਹੀਂ ਬੋਲਿਆ ਕਰਦੇ ਸਨ ਹੁਣ ਉਹ ਵੀ ਬੋਲ ਰਹੇ ਹਨ।  ਇਹਨਾਂ ਚੋਣਾਂ ਦੇ ਮੁੱਦਿਆਂ ਨੂੰ ਲੈ ਕੇ ਡਾਕਟਰ ਸੁਖਵਿੰਦਰ ਸਿੰਘ ਪਰਮਾਰ ਹੁਰਾਂ ਨੇ ਪਿਛਲੇ ਦਿਨੀਂ ਕੁਝ ਤਿੱਖੇ ਸੁਆਲ ਵੀ ਪੁੱਛੇ ਸਨ। ਇਹਨਾਂ ਸੁਆਲਾਂ ਨੇ ਵੀ ਸਾਹਿਤਿਕ ਹਲਕਿਆਂ ਦਾ ਧਿਆਨ ਖਿੱਚਿਆ ਸੀ। ਇਹਨਾਂ ਸੁਆਲਾਂ ਦੇ ਕੁਝ ਤਿੱਖੇ ਜੁਆਬ ਚਲੰਤ ਮਾਮਲਿਆਂ ਦੀ ਚਰਚਾ ਵਿਚ ਸਰਗਰਮ ਰਹਿਣ ਵਾਲੀ ਬੁਧੀਜੀਵੀ ਮੈਡਮ ਹਰਪ੍ਰੀਤ ਕੌਰ ਸੰਧੂ ਹੁਰਾਂ ਨੇ ਦਿੱਤੇ ਹਨ ਜਿਹੜੇ ਕਾਬਿਲੇ ਜ਼ਿਕਰ ਵੀ ਹਨ ਅਤੇ ਕਾਬਿਲੇ ਗੌਰ ਵੀ ਹਨ। ਇਥੇ ਇਹ ਕਹਿਣਾ ਵੀ ਗ਼ਲਤ ਨਹੀਂ ਹੋਵੇਗਾ ਕਿ ਮੈਡਮ ਹਰਪ੍ਰੀਤ ਕੌਰ ਸੰਧੂ ਅਕਸਰ ਆਪਣੀਆਂ ਪੋਸਟਾਂ ਵਿੱਚ ਜ਼ਰੂਰੀ ਮੁੱਦੇ ਉਠਾਉਂਦੇ ਹੀ ਰਹਿੰਦੇ ਹਨ। ਦਾ. ਪਰਮਾਰ ਵੱਲੋਂ ਉਥੇ ਸੁਆਲਾਂ ਦਾ ਜੁਆਬ ਦੇਂਦਿਆਂ ਵੀ ਉਹਨਾਂ ਇੱਕ ਇੱਕ ਨੁਕਤਾ ਉਠਾਇਆ ਹੈ ਆਪਣੇ ਇਹਨਾਂ ਜੁਆਬਾਂ ਵਿੱਚ ਉਹਨਾਂ ਨੇ ਜੋ ਜੋ ਕੁਝ ਕਿਹਾ ਹੈ ਉਹ ਇਥੇ ਹਾਜ਼ਰ ਹੈ:

ਮੈਂ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੀ ਅਹੁਦੇਦਾਰ ਨਹੀਂ ਹਾਂ। ਪਰ ਮੈਂ ਡਾਕਟਰ ਸੁਖਵਿੰਦਰ ਪਰਮਾਰ ਜੀ ਦੇ ਕੁਝ ਸਵਾਲਾਂ ਦਾ ਜਵਾਬ ਦੇਣਾ ਚਾਹੁੰਦੀ ਹਾਂ। 

1. ਡਾਕਟਰ ਸੁਖਵਿੰਦਰ ਪਰਮਾਰ ਸਵਾਲ ਪੁੱਛਦੇ ਹਨ ਕਿ ਇਸ ਸੰਸਥਾ ਨੇ ਕਿੰਨੇ ਕੁ ਆਈਐਸ ਪੀਸੀਐਸ ਤੇ ਹੋਰ ਵੱਡੇ ਅਫਸਰ ਮਾਤ ਭਾਸ਼ਾ ਦੇ ਆਧਾਰ ਤੇ ਬਣਾ ਕੇ ਅਹੁਦਿਆਂ ਤੇ ਪਹੁੰਚਣ ਵਿੱਚ ਮਦਦ ਕੀਤੀ ਹੈ। ਕਿ ਉਹ ਇਹ ਜਾਣਦੇ ਹਨ ਕਿ ਮਾਧਿਅਮ ਪ੍ਰੀਖਿਆਰਥੀ ਨੇ ਖੁਦ ਚੁਣਨਾ ਹੁੰਦਾ ਹੈ। ਵਿਦਿਆਰਥੀ ਨੇ ਜਿਸ ਮਾਧਿਅਮ ਵਿੱਚ ਪੜ੍ਹਾਈ ਕੀਤੀ ਹੁੰਦੀ ਹੈ ਉਸੇ ਨੂੰ ਹੀ ਉਹ ਆਪਣੀ ਪ੍ਰੀਖਿਆ ਦਾ ਮਾਧਿਅਮ ਬਣਾਉਂਦਾ ਹੈ। ਇਹ ਕੰਮ ਪੰਜਾਬੀ ਯੂਨੀਵਰਸਿਟੀ ਦਾ ਬਣਦਾ ਹੈ। ਪੰਜਾਬੀ ਯੂਨੀਵਰਸਿਟੀ ਵਿਚਲੇ ਪੰਜਾਬੀ ਵਿਭਾਗ ਨੂੰ ਇਹ ਸਵਾਲ ਪੁੱਛਣਾ ਬਣਦਾ ਹੈ। ਉਥੇ ਦੇ ਆਈਏਐਸ ਪੀਸੀਐਸ ਟਰੇਨਿੰਗ ਸੈਂਟਰ ਨੂੰ ਇਹ ਸਵਾਲ ਪੁੱਛਣਾ ਬਣਦਾ ਹੈ। ਉਹ ਸਵਾਲ ਹੀ ਗਲਤ ਥਾਂ ਤੇ ਪੁੱਛ ਰਹੇ ਹਨ।

2. ਉਹਨਾਂ ਦੇ ਦੂਜੇ ਸਵਾਲ ਮੁਤਾਬਕ 25 ਸਾਲਾਂ ਤੋਂ ਪੰਜਾਬੀ ਦੇ ਅਧਿਆਪਕਾਂ ਦੀ ਭਰਤੀ ਨਹੀਂ ਹੋਈ ਉਸ ਲਈ ਸੰਸਥਾ ਨੇ ਕੀ ਯਤਨ ਕੀਤਾ ਹੈ। ਸ਼ਾਇਦ ਉਹ ਇਹ ਨਹੀਂ ਜਾਣਦੇ ਕਿ ਸਿਰਫ ਪੰਜਾਬੀ ਦੇ ਹੀ ਨਹੀਂ ਕਿਸੇ ਵੀ ਵਿਸ਼ੇ ਦੇ ਅਧਿਆਪਕਾਂ ਦੀ ਭਰਤੀ ਨਹੀਂ ਹੋਈ। ਇਹ ਸਵਾਲ ਸਰਕਾਰਾਂ ਨੂੰ ਕਰਨੇ ਬਣਦੇ ਹਨ। ਸਰਕਾਰ ਨੇ ਕਾਲਜ ਦੀਆਂ ਪ੍ਰੋਫੈਸਰ ਦੀਆਂ ਅਸਾਮੀਆਂ ਲਈ ਪੱਕੀਆਂ ਭਰਤੀਆਂ ਕਿਉਂ ਨਹੀਂ ਕੀਤੀਆਂ ਇਸ ਦਾ ਜਵਾਬ ਉਸ ਸਮੇਂ ਦੀਆਂ ਸਰਕਾਰਾਂ ਨੂੰ ਪੁੱਛਣਾ ਚਾਹੀਦਾ ਸੀ। ਚੋਣਾਂ ਦਾ ਫਾਇਦਾ ਉਠਾਉਂਦੇ ਹੋਏ ਇੱਕ ਧਿਰ ਨੂੰ ਫਾਇਦਾ ਦੇਣ ਲਈ ਬੇ ਮੌਕੇ ਇਹ ਸਵਾਲ ਕਰਨੇ ਠੀਕ ਨਹੀਂ ਹਨ। ਜੇਕਰ 25 ਸਾਲ ਨਹੀਂ ਹੋਈ ਤਾਂ ਕੋਈ ਗੱਲ ਨਹੀਂ ਬੀਤੇ ਸਮੇਂ ਨੂੰ ਵਾਪਸ ਨਹੀਂ ਲਿਆਂਦਾ ਜਾ ਸਕਦਾ ਪਰ ਅੱਜ ਉਹ ਇਹ ਸਵਾਲ ਮੌਜੂਦਾ ਸਰਕਾਰ ਨੂੰ ਕਿਉਂ ਨਹੀਂ ਕਰਦੇ ਕਿ ਕਾਲਜ ਦੇ ਅਧਿਆਪਕਾਂ ਦੀ ਪੱਕੀ ਭਰਤੀ ਕੀਤੀ ਜਾਵੇ। ਸਿਰਫ ਪੰਜਾਬੀ ਦੇ ਹੀ ਨਹੀਂ ਬਾਕੀ ਵਿਸ਼ਿਆਂ ਦੇ ਵੀ।

3. ਤੀਜਾ ਸਵਾਲ ਉਨਾਂ ਨੂੰ ਲੱਗਦਾ ਹੈ ਕਿ ਆਪਣੇ ਸਾਥੀਆਂ ਨੂੰ ਹੀ ਇਨਾਮ ਦਿੱਤੇ ਜਾਂਦੇ ਹਨ ਇੱਥੇ ਮੈਂ ਇਹ ਗੱਲ ਸਪਸ਼ਟ ਕਰ ਦੇਣਾ ਚਾਹੁੰਦੀ ਹਾਂ ਕਿ ਉਹ ਇੱਕ ਵਾਰ ਸਨਮਾਨਾਂ ਤੇ ਨਜ਼ਰ ਜਰੂਰ ਮਾਰਨ। ਜਿੱਥੋਂ ਤੱਕ ਮੈਨੂੰ ਯਾਦ ਹੈ ਹਰ ਸਨਮਾਨ ਯੋਗਤਾ ਦੇ ਆਧਾਰ ਤੇ ਹੀ ਮਿਲਿਆ ਹੈ। ਸਨਮਾਨ ਪ੍ਰਾਪਤ ਕਰਨ ਵਾਲੇ ਜਰੂਰੀ ਨਹੀਂ ਕਿ ਇਸੇ ਧਿਰ ਵਿੱਚ ਹੋਣ ਉਹ ਦੂਜੀ ਧਿਰ ਦੇ ਵੀ ਹਨ। ਬਹੁਤਾ ਪਿੱਛੇ ਦੀ ਗੱਲ ਨਹੀਂ ਕਰਦੇ ਹਾਲ ਹੀ ਵਿੱਚ ਪਿਛਲੇ ਦਿਨੀ ਇੱਕ ਸਾਹਿਤਿਕ ਸ਼ਖਸੀਅਤ  ਨੂੰ ਇਨਾਮ ਮਿਲਿਆ ਹੈ ਜਿਨਾਂ ਦੀ ਧਰਮ ਪਤਨੀ ਦੂਜੇ ਧਿਰ ਵੱਲੋਂ ਪ੍ਰਬੰਧਕੀ ਬੋਰਡ ਮੈਂਬਰ ਦੀ ਉਮੀਦਵਾਰ ਹੈ। ਉਹ ਚਾਹੁੰਦੇ ਹਨ ਤਾਂ ਇਸ ਗੱਲ ਨੂੰ ਵੈਰੀਫਾਈ ਵੀ ਕਰ ਸਕਦੇ ਹਨ।

ਜਿੱਥੋਂ ਤੱਕ ਪੰਜਾਬੀ ਬਾਰੇ ਕੰਮ ਕਰਨ ਦੀ ਗੱਲ ਹੈ ਤਾਂ ਜੋ ਕੰਮ ਪੰਜਾਬ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਲਖਵਿੰਦਰ ਜੌਹਲ ਜੀ ਨੇ ਕੀਤਾ ਹੈ ਉਹ ਪੰਜਾਬੀ ਯੂਨੀਵਰਸਿਟੀ ਵਿੱਚ ਬੈਠੇ ਪੰਜਾਬੀ ਦੇ ਸ਼ੁਭ ਚਿੰਤਕ ਵੀ ਨਹੀਂ ਕਰ ਸਕੇ। ਡਾਕਟਰ ਸੁਖਵਿੰਦਰ ਪਰਮਾਰ ਨੂੰ ਪਤਾ ਹੋਏਗਾ ਕਿ ਕਿਵੇਂ ਕਾਲਜਾਂ ਵਿੱਚ ਪੰਜਾਬੀ ਬੰਦ ਕਰ ਦੇਣ ਬਾਰੇ ਗੱਲ ਹੋਈ ਸੀ। ਇਸ ਵਿੱਚ ਡਾਕਟਰ ਲਖਵਿੰਦਰ ਜੌਹਲ ਨੇ ਇੱਕ ਮਹੱਤਵਪੂਰਨ ਰੋਲ ਅਦਾ ਕੀਤਾ। ਉਨਾਂ ਦੇ ਯਤਨਾ ਸਦਕਾ ਪੰਜਾਬੀ ਯੂਨੀਵਰਸਿਟੀ ਪੰਜਾਬੀ ਨੂੰ ਲਾਗੂ ਕਰਨ ਲਈ ਮੰਨ ਗਈ ਹੈ ਪਰ ਇਸ ਦਾ ਅਸਲੀ ਪ੍ਰਭਾਵ ਜੂਨ ਤੋਂ ਪਤਾ ਲੱਗੇਗਾ।

ਪੰਜਾਬੀ ਦੇ ਬਹੁਤੇ ਸ਼ੁਭ ਚਿੰਤਕ ਕਹਾਉਣ ਵਾਲੇ ਸੱਜਣਾਂ ਨੇ ਤਾਂ ਮੂੰਹ ਵੀ ਨਹੀਂ ਖੋਲਿਆ। ਖੈਰ ਇਹ ਗੱਲਾਂ ਹੌਲੀ ਹੌਲੀ ਸਭ ਦੇ ਸਾਹਮਣੇ ਆ ਜਾਣਗੀਆਂ।

ਮੇਰੀ ਜਾਚੇ ਮੇਰੀ ਸਮਝ ਮੁਤਾਬਿਕ ਮੈਂ ਡਾਕਟਰ ਸੁਖਵਿੰਦਰ ਪਰਮਾਰ ਜੀ ਦੇ ਸਵਾਲਾਂ ਦਾ ਜਵਾਬ ਦਿੱਤਾ ਹੈ। 

ਇਹ ਚੋਣਾਂ ਰਾਜਨੀਤਿਕ ਚੋਣਾਂ ਨਹੀਂ ਹਨ ਤੇ ਨਾ ਹੀ ਇਹਨਾਂ ਨੂੰ ਰਾਜਨੀਤਿਕ ਚੋਣਾਂ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਕੋਈ ਜਾਤ ਦਾ ਮੁੱਦਾ ਉਠਾ ਰਿਹਾ ਹੈ ਤੇ ਕੋਈ ਇਸ ਤਰ੍ਹਾਂ ਦੇ ਸਵਾਲ ਕਰ ਰਿਹਾ ਹੈ ਜੋ ਕਿ ਮੌਕੇ ਦੀਆਂ ਸਰਕਾਰਾਂ ਨੂੰ ਕਰਨੇ ਬਣਦੇ ਹਨ। ਸਾਹਿਤ ਅਕਾਦਮੀਆਂ ਦੇ ਕੰਮ ਸਾਹਿਤ ਤੇ ਭਾਸ਼ਾ ਪ੍ਰਤੀ ਹੁੰਦੇ ਹਨ ਜੋ ਕਿ ਪੰਜਾਬ ਸਾਹਿਤ ਅਕਾਦਮੀ ਲੁਧਿਆਣਾ ਬਾਖੂਬੀ ਕਰ ਰਹੀ ਹੈ।                      --ਹਰਪ੍ਰੀਤ ਕੌਰ ਸੰਧੂ

ਹੁਣ ਦੇਖਣਾ ਹੈ ਕਿ ਵੱਖ ਵੱਖ ਅਹੁਦਿਆਂ ਲਈ ਕਿਸ ਨੂੰ ਕਿੰਨੀਆਂ ਵੋਟਾਂ ਪੈਂਦੀਆਂ ਹਨ ਅਤੇ ਕਿਸ ਦੇ ਸਿਰ 'ਤੇ ਸਜੇਗਾ ਜਿੱਤ ਦਾ ਤਾਜ। ਇੱਕ ਗੱਲ ਤਸੱਲੀ ਵਾਲੀ ਹੈ ਕਿ ਇਸ ਵਾਰ ਸੋਸ਼ਲ ਮੀਡੀਆ 'ਤੇ ਇਹਨਾਂ ਸਾਹਿਤਿਕ ਚੋਣਾਂ ਲਈ ਵੀ ਸਿਆਸੀ ਚੋਣਾਂ ਵਰਗੀਆਂ ਸਰਗਰਮੀਆਂ ਨਜ਼ਰ ਆਈਆਂ। ਇਹ ਵੀ ਚੰਗੀ ਗੱਲ ਹੈ ਕਿ ਅਜਿਹੀਆਂ ਚੋਣਾਂ ਮੌਕੇ ਇੱਕ ਦੂਜੇ ਬਾਰੇ ਪ੍ਰਗਟਾਏ ਗਏ ਵਿਚਾਰ ਵੀ ਰਿਕਾਰਡ ਵਿੱਚ ਆ ਗਏ। ਸਾਹਿਤਿਕ ਚੋਣਾਂ ਦੀ ਇਹ ਪ੍ਰਚਾਰ ਮੁਹਿੰਮ ਜਿੱਤਣ ਵਾਲੀ ਧਿਰ ਅਤੇ ਹਾਰਨ ਵਾਲੀ ਧਿਰ ਦੋਹਾਂ ਨੂੰ ਵਧੇਰੇ ਜ਼ਿੰਮੇਵਾਰ ਬਣਾਏਗੀ ਅਤੇ ਸਵੈ ਪੜਚੋਲ ਦੀ ਪ੍ਰੇਰਨਾ ਵੀ ਦੇਂਦੀ ਰਹੇਗੀ।