google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: Sushil Dosanjh
Showing posts with label Sushil Dosanjh. Show all posts
Showing posts with label Sushil Dosanjh. Show all posts

Wednesday, 25 February 2026

ਤ੍ਰੈ-ਭਾਸ਼ੀ ਕਵੀਆਂ ਦੀ ਅਦਬੀ ਮਹਿਫ਼ਲ 27 ਫਰਵਰੀ ਨੂੰ

On Wednesday 25th February 2026 at 14:06 Regarding Poetry Literary Meeting 

ਗਰੇਵਾਲ ਆਈ ਇੰਸਟੀਚਿਊਟ ਵਿੱਚ 27 ਨੂੰ ‘ਨਜ਼ਰ-ਏ-ਮੁਸ਼ਾਇਰਾ’

ਨਾਮੀ ਸ਼ਾਇਰਾਂ ਅਤੇ ਲੋਕ ਗਾਇਕੀ ਦੀ ਹੋਵੇਗੀ ਵਿਸ਼ੇਸ਼ ਪੇਸ਼ਕਾਰੀ

ਚੰਡੀਗੜ੍ਹ: 25 ਫਰਵਰੀ 2026: (ਮੀਡੀਆ ਲਿੰਕ ਰਵਿੰਦਰ//ਸਾਹਿਤ ਸਕਰੀਨ ਡੈਸਕ)::

ਚੰਡੀਗੜ੍ਹ ਨੂੰ ਸੰਵੇਦਨਾ ਅਤੇ ਜਜ਼ਬਾਤਾਂ ਤੋਂ ਵਾਂਝਾ ਸ਼ਹਿਰ ਪ੍ਰਚਾਰਨ ਦੇ ਇਰਾਦੇ ਨਾਲ ਕਈ ਵਾਰ ਪੱਥਰਾਂ ਦਾ ਸ਼ਹਿਰ ਵੀ ਆਖਿਆ ਜਾਂਦਾ ਹੈ। ਅਜਿਹਾ ਆਖਣ ਵਾਲਿਆਂ ਨੂੰ ਸ਼ਾਇਦ ਕੁਝ ਕੌੜੇ ਤਜਰਬੇ ਵੀ ਹੋਏ ਹੋਣਗੇ ਪਾਰ ਅਜਿਹੀ ਸੰਵੇਦਨਹੀਣਤਾ ਹੋਲੀ ਹੋਲੀ ਸਾਰੀ ਦੁਨੀਆ ਵਿੱਚ ਫੇਲ ਰਹੀ ਹੈ। ਭਰਾ ਨੂੰ ਭਰਾ ਦੀ ਖਬਰ ਨਹੀਂ ਰਹੀ ਅਤੇ ਗੁਆਂਢੀ ਨੂੰ ਗੁਆਂਢੀ ਦਾ ਕੁਝ ਪਤਾ ਨਹੀਂ ਹੁੰਦਾ। ਨਾਲ ਦੇ ਘਰ ਕੀ ਕੁਝ ਵਾਪਰਿਆ ਬਹੁਤੀ ਵਾਰ ਇਸਦਾ ਪਤਾ ਨਹੀਂ ਲੱਗਦਾ। ਉਹ ਭਾਵਨਾ ਜ਼ੋਰ ਫੜਦੀ ਜਾ ਰਹੀ ਹੈ ਕਿ ਤੁਝ ਕੋ ਪਰਾਈ ਕਿਆ ਪੜੀ ਆਪਣੀ ਨਬੇੜ ਤੂੰ! ਕਈ ਵਾਰ ਕੁਝ "ਸਿਆਣੇ ਕਿਸਮ" ਦੇ ਲੋਕ ਇਹ ਵੀ ਸਮਝਾਇਆ ਕਰਦੇ ਹਨ - -ਬਾਪ ਬੜਾ ਨ  ਭਈਆ ਸਬ ਸੇ ਬੜਾ ਰੁਪਈਆ! 

ਇਹੋ ਜਿਹੇ ਸਵਾਰਥੀ ਲੋਕਾਂ ਅਤੇ ਅਜਿਹੇ ਹੀ ਰੀਤੀ ਰਿਵਾਜਾਂ ਦੇ ਬਾਵਜੂਦ ਅਜੇ ਵੀ ਬਹੁਤ ਸਾਰੇ ਸੰਵੇਦਨਸ਼ੀਲ ਲੋਕ ਅਜੇ ਮੌਜੂਦ ਹਨ। ਇਹਨਾਂ ਲੋਕਾਂ ਕਰਕੇ ਹੀ ਨੇ ਤੱਕ ਮਨੁੱਖਤਾ ਵਾਲੀ ਅਤੇ ਕਲਾ ਵਾਲੀ ਸੋਚ ਜਿਊਂਦੀ ਜਾਗਦੀ ਹੈ। ਅਜਿਹੀ ਸੋਚ ਵਾਲੀ ਪੱਤਰਕਾਰ ਜੋੜੀ ਕੁਝ ਨ ਕੁਝ ਸਾਹਿਤਿਕ ਉੱਦਮ ਉਪਰਾਲੇ ਵੀ ਕਰਦੀ ਰਹਿੰਦੀ ਹੈ। ਮੇਰੀ ਮੁਰਾਦ ਸੁਸ਼ੀਲ ਦੋਸਾਂਝ ਅਤੇ ਕਮਲ ਦੋਸਾਂਝ ਤੋਂ ਹੈ। 

ਗਰੇਵਾਲ ਆਈ ਇੰਸਟੀਚਿਊਟ, ਚੰਡੀਗੜ੍ਹ ਵੱਲੋਂ ਪੰਜਾਬੀ ਸਾਹਿਤ ਸਭਾ ਮੁਹਾਲੀ ਦੇ ਸਹਿਯੋਗ ਨਾਲ਼ 27 ਫਰਵਰੀ ਨੂੰ ਤ੍ਰੈ-ਭਾਸ਼ੀ ਕਵੀਆਂ ’ਤੇ ਅਧਾਰਤ ‘ਨਜ਼ਰ-ਏ-ਮੁਸ਼ਾਇਰਾ’ ਕਰਵਾਇਆ ਜਾ ਰਿਹਾ ਹੈ। ਇਹ ਅਦਬੀ ਸਮਾਗਮ ਸ਼ੁੱਕਰਵਾਰ ਸ਼ਾਮ 3.30 ਤੋਂ 6.00 ਵਜੇ ਤੱਕ ਆਡੀਟੋਰੀਅਮ, ਗਰੇਵਾਲ ਆਈ ਇੰਸਟੀਚਿਊਟ, ਐੱਚ-6, ਮੈਡੀਸਿਟੀ, ਨਿਊ ਚੰਡੀਗੜ੍ਹ ਵਿਖੇ ਹੋਵੇਗਾ।

ਸਮਾਗਮ ਦੇ ਮੁੱਖ ਮਹਿਮਾਨ ਡਾ. ਦੀਪਕ ਮਨਮੋਹਨ ਸਿੰਘ ਹੋਣਗੇ, ਜਦਕਿ ਪ੍ਰਸਿੱਧ ਕਵਿਤਰੀ ਸੁਖਵਿੰਦਰ ਅੰਮ੍ਰਿਤ ਅਤੇ ਡਾ. ਐੱਸ.ਪੀ.ਐੱਸ. ਗਰੇਵਾਲ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਸਮਾਗਮ ਵਿੱਚ ਤ੍ਰੈ-ਭਾਸ਼ੀ  ਕਵਿਤਾ ਅਤੇ ਗ਼ਜ਼ਲ ਦੀ ਰੂਹਾਨੀ ਮਹਿਕ ਫ਼ੈਲੇਗੀ।

ਮੁਸ਼ਾਇਰੇ ਵਿੱਚ ਦਰਸ਼ਨ ਬੁੱਟਰ, ਗੁਰਦੀਪ ਗੁੱਲ, ਸੁਸ਼ੀਲ ਦੁਸਾਂਝ, ਤ੍ਰੈਲੋਚਨ ਲੋਚੀ, ਮਹੇਂਦਰ ਕੁਮਾਰ ਸਾਨੀ, ਅਮਰਦੀਪ ਸਿੰਘ, ਸਰਬਜੀਤ ਕੌਰ ਜੱਸ, ਸੰਦੀਪ ਜਸਵਾਲ ਅਤੇ ਨੰਦ ਕਿਸ਼ੋਰ ਵਰਗੇ ਪ੍ਰਸਿੱਧ ਸ਼ਾਇਰ ਆਪਣਾ ਕਲਾਮ ਪੇਸ਼ ਕਰਨਗੇ। ਇਸ ਤੋਂ ਇਲਾਵਾ ਲੋਕ ਗਾਇਕਾ ਹਰਪ੍ਰੀਤ ਕੌਰ ਸੰਧੂ ਦੀ ਵਿਸ਼ੇਸ਼ ਪੇਸ਼ਕਾਰੀ ਸਮਾਗਮ ਨੂੰ ਰੰਗੀਨ ਬਣਾਏਗੀ।

ਸਮਾਗਮ ਦੇ ਕੁਆਰਡੀਨੇਟਰ ਕਮਲ ਦੁਸਾਂਝ ਨੇ ਸਾਹਿਤ ਪ੍ਰੇਮੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸਮੇਂ ਸਿਰ ਪਹੁੰਚ ਕੇ ਇਸ ਅਦਬੀ ਸ਼ਾਮ ਦਾ ਹਿੱਸਾ ਬਣਨ। ਗਰੇਵਾਲ ਆਈ ਇੰਸਟੀਚਿਊਟ ਮੈਨੇਜਮੈਂਟ ਅਤੇ ਪੰਜਾਬੀ ਸਾਹਿਤ ਸਭਾ ਮੁਹਾਲੀ (ਰਜਿ) ਦੀ ਕਾਰਜਕਾਰਨੀ ਵੱਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।

ਆਯੋਜਕਾਂ ਮੁਤਾਬਕ ‘ਨਜ਼ਰ-ਏ-ਮੁਸ਼ਾਇਰਾ’ ਦਾ ਮਕਸਦ ਸ਼ਾਇਰੀ ਨੂੰ ਨਵੀਂ ਪੀੜ੍ਹੀ ਨਾਲ ਜੋੜਨਾ ਅਤੇ ਸਾਹਿਤਕ ਗਤੀਵਿਧੀਆਂ ਨੂੰ ਹੋਰ ਮਜ਼ਬੂਤ ਕਰਨਾ ਹੈ, ਤਾਂ ਜੋ ਅਦਬ ਦੀ ਇਹ ਰਵਾਇਤ ਲਗਾਤਾਰ ਅੱਗੇ ਵਧਦੀ ਰਹੇ।

Monday, 16 February 2026

ਕਹਾਣੀਕਾਰ ਲਾਲ ਸਿੰਘ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਗਹਿਰੇ ਦੁੱਖ ਦਾ ਇਜ਼ਹਾਰ

Sushil Dosanjh Sent on Monday 16th February 2026 at 16:03 Regarding Lal Singh Writer

ਕਹਾਣੀਕਾਰ ਲਾਲ ਸਿੰਘ ਦਾ ਅੰਤਿਮ ਸੰਸਕਾਰ ਹੋਵੇਗਾ 19 ਫਰਵਰੀ ਨੂੰ 

ਚੰਡੀਗੜ੍ਹ: 16 ਫਰਵਰੀ 2026: (ਮੀਡੀਆ ਲਿੰਕ ਰਵਿੰਦਰ//ਸਾਹਿਤ ਸਕਰੀਨ ਡੈਸਕ)::

ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ) ਨੇ ਪ੍ਰਸਿੱਧ ਪੰਜਾਬੀ ਕਹਾਣੀਕਾਰ ਸ੍ਰੀ ਲਾਲ ਸਿੰਘ ਦੇ ਦੇਹਾਂਤ ’ਤੇ ਗਹਿਰੇ ਦੁੱਖ ਅਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ। ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਜਨਰਲ ਸਕੱਤਰ ਸੁਸ਼ੀਲ ਦੁਸਾਂਝ, ਸੀਨੀਅਰ ਮੀਤ ਪ੍ਰਧਾਨ ਮੱਖਣ ਸਿੰਘ ਕੁਹਾੜ ਅਤੇ ਦਫ਼ਤਰ ਸਕੱਤਰ ਦੀਪ ਦੇਵਿੰਦਰ ਸਿੰਘ ਨੇ ਇੱਥੋਂ ਜਾਰੀ ਪ੍ਰੈੱਸ ਬਿਆਨ ਵਿੱਚ ਕਿਹਾ ਕਿ ਲਾਲ ਸਿੰਘ ਦਾ ਵਿਛੋੜਾ ਪੰਜਾਬੀ ਸਾਹਿਤ ਲਈ ਨਾ ਪੂਰਿਆ ਜਾਣ ਵਾਲਾ ਘਾਟਾ ਹੈ।

20 ਅਪ੍ਰੈਲ 1940 ਨੂੰ ਦਸੂਹਾ (ਜ਼ਿਲ੍ਹਾ ਹੁਸ਼ਿਆਰਪੁਰ) ਵਿਖੇ ਜਨਮੇ ਲਾਲ ਸਿੰਘ ਨੇ ਆਪਣੀ ਸਾਹਿਤ ਰਚਨਾ ਅਤੇ ਕਹਾਣੀਆਂ ਰਾਹੀਂ ਪੰਜਾਬੀ ਸਾਹਿਤ ਨੂੰ ਸਮਰੱਥ ਬਣਾਇਆ ਅਤੇ ਸਮਾਜਕ ਸਚਾਈਆਂ ਨੂੰ ਬੜੀ ਸੰਵੇਦਨਸ਼ੀਲਤਾ ਨਾਲ ਪੇਸ਼ ਕੀਤਾ।। ਉਨ੍ਹਾਂ ਨੇ ਸਮਾਜਕ ਹਕੀਕਤਾਂ, ਆਮ ਮਨੁੱਖ ਦੇ ਦੁੱਖ-ਦਰਦ ਅਤੇ ਜੀਵਨ ਸੰਘਰਸ਼ ਨੂੰ ਸੰਵੇਦਨਸ਼ੀਲ ਅਤੇ ਪ੍ਰਭਾਵਸ਼ਾਲੀ ਅੰਦਾਜ਼ ਵਿੱਚ ਪੇਸ਼ ਕੀਤਾ।

ਉਨ੍ਹਾਂ ਦੇ ਕਹਾਣੀ ਸੰਗ੍ਰਹਿ ਮਾਰਖੋਰੋ (1984), ਬਲੌਰ (1986), ਧੁੱਪ-ਛਾਂ (1990), ਕਾਲੀ ਮਿੱਟੀ (1996), ਚੋਣਵੀਂ ਪੰਜਾਬੀ ਕਹਾਣੀ (1996), ਅੱਧੇ ਅਧੂਰੇ (2003), ਸਰਦੇ ਪੁੱਜਦੇ, ਗੜ੍ਹੀ ਬ਼ਖ਼ਸ਼ਾ ਸਿੰਘ (2010) ਅਤੇ ਸੰਸਾਰ (2017) ਪੰਜਾਬੀ ਕਹਾਣੀ ਸਾਹਿਤ ਦੀ ਮਹੱਤਵਪੂਰਨ ਵਿਰਾਸਤ ਹਨ।

ਉਹ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ) ਨਾਲ ਲੰਬੇ ਸਮੇਂ ਤੱਕ ਸਰਗਰਮ ਤੌਰ ’ਤੇ ਜੁੜੇ ਰਹੇ ਅਤੇ ਮੀਤ ਪ੍ਰਧਾਨ ਸਮੇਤ ਕਈ ਅਹੁਦਿਆਂ ’ਤੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਰਹੇ। ਸਭਾ ਦੇ ਅਹੁਦੇਦਾਰਾਂ ਨੇ ਕਿਹਾ ਕਿ ਉਨ੍ਹਾਂ ਦੀ ਸਾਹਿਤਕ ਤੇ ਸਮਾਜਕ ਘਾਲਣਾ ਹਮੇਸ਼ਾਂ ਯਾਦ ਰੱਖੀ ਜਾਵੇਗੀ।

ਲਾਲ ਸਿੰਘ ਦਾ ਅੰਤਿਮ ਸੰਸਕਾਰ 19 ਫਰਵਰੀ ਨੂੰ ਬਾਅਦ ਦੁਪਹਿਰ ਇਕ ਵਜੇ ਸ਼ਮਸ਼ਾਨਘਾਟ ਪਿੰਡ ਕਹਿਰਵਾਲੀ, ਨੇੜੇ ਡਰਾਈਵਿੰਗ ਸਕੂਲ (ਦਸੂਹਾ) ਵਿਖੇ ਕੀਤਾ ਜਾਵੇਗਾ। ਉਨ੍ਹਾਂ ਨਮਿਤ ਭੋਗ 23 ਫਰਵਰੀ ਨੂੰ ਪਾਇਆ ਜਾਵੇਗਾ।

ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ) ਦੀ ਸਮੁੱਚੀ ਕਾਰਜਕਾਰਨੀ ਨੇ ਵਿਛੜੇ ਸਾਹਿਤਕਾਰ ਨੂੰ ਸ਼ਰਧਾਂਜਲੀ ਅਰਪਿਤ ਕਰਦਿਆਂ ਉਨ੍ਹਾਂ ਦੇ ਪਰਿਵਾਰ ਨਾਲ ਡੂੰਘੀ ਸੰਵੇਦਨਾ ਪ੍ਰਗਟ ਕੀਤੀ ਹੈ।

ਜਾਰੀ ਕਰਤਾ:ਸੁਸ਼ੀਲ ਦੁਸਾਂਝ:ਜਨਰਲ ਸਕੱਤਰ, ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ)//ਸੰਪਰਕ-98887-99870

Friday, 2 January 2026

ਪੱਤਰਕਾਰਾਂ ਦੇ ਹੱਕ ਵਿੱਚ ਖੁੱਲ੍ਹ ਕੇ ਆਈ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.)

Sushil Dosanjh:2nd January 2025 at 15:08 Regarding FIR on Media Persons of Bathinda 

ਪੱਤਰਕਾਰਾਂ ਨਾਲ ਲੇਖਕਾਂ ਨੇ ਵੀ ਲਿਆ ਵੱਡੀ ਪੱਧਰ ਤੇ ਸਟੈਂਡ 


ਚੰਡੀਗੜ੍ਹ
: 2 ਜਨਵਰੀ 2026: (ਮੀਡੀਆ ਲਿੰਕ 32//ਕਾਰਤਿਕਾ ਕਲਿਆਣੀ ਸਿੰਘ//ਸਾਹਿਤ ਸਕਰੀਨ ਡੈਸਕ)::

ਪੱਤਰਕਾਰਾਂ ਅਤੇ ਆਰ ਟੀ ਆਈ ਕਾਰਕੁਨਾਂ ਦੇ ਖਿਲਾਫ ਸੱਤਾ ਦੀ ਕਰੋਪੀ ਦਾ ਤਿੱਖਾ ਵਿਰੋਧ ਕਰਨ ਲਈ ਲੇਖਕ ਸਭਾਵਾਂ ਦੀ ਪ੍ਰਤੀਨਿਧੀ ਜੱਥੇਬੰਦੀ "ਕੇਂਦਰੀ ਪੰਜਾਬੀ ਲੇਖਕ ਸਭਾ (ਰਜਿਸਟਰਡ)" ਵੀ ਸਰਗਰਮੀ ਨਾਲ ਅੱਗੇ ਆਈ ਹੈ। ਕੇਂਦਰੀ ਪੰਜਾਬੀ ਲੇਖਕ ਸਭਾ ਨੇ ਪੱਤਰਕਾਰਾਂ ਖ਼ਿਲਾਫ਼ ਦਰਜ FIR ਤੁਰੰਤ ਰੱਦ ਕਰਨ ਦੀ ਮੰਗ ਵੀ ਉਠਾਈ ਹੈ। ਇਹ ਉਹੀ ਸੰਗਠਨ ਹੈ ਜਿਹੜਾ ਲੋਕ ਪੱਖੀ ਕਲਮਾਂ ਦੇ ਹੱਕ ਵਿੱਚ ਅਕਸਰ ਸਟੈਂਡ ਲੈਂਦਾ ਰਿਹਾ ਹੈ। ਇਸ ਵਾਰ ਵੀ ਲਿਖਣ-ਬੋਲਣ ਦੀ ਆਜ਼ਾਦੀ ਉੱਤੇ ਹੋ ਰਹੇ ਹਮਲਿਆਂ ਦੀ ਇਸ ਸੰਗਠਨ ਨੇ ਸਖ਼ਤ ਨਿੰਦਾ ਨਿਖੇਧੀ ਕੀਤੀ ਹੈ। 


ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਨੇ
ਪੰਜਾਬ ਵਿੱਚ ਪੱਤਰਕਾਰਾਂ ਅਤੇ ਆਰ.ਟੀ.ਆਈ. ਕਾਰਕੁੰਨਾਂ ਖ਼ਿਲਾਫ਼ ਦਰਜ ਕੀਤੀ ਗਈ ਐੱਫ.ਆਈ.ਆਰ. ਦੀ ਸਖ਼ਤ ਨਿੰਦਾ ਕੀਤੀ ਹੈ ਅਤੇ ਇਸ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਹੈ।  ਸਭਾ ਨੇ ਲਿਖਣ-ਬੋਲਣ ਦੀ ਆਜ਼ਾਦੀ ਉੱਤੇ ਹੋ ਰਹੇ ਅਜਿਹੇ ਹਮਲਿਆਂ ਦੀ ਸਖ਼ਤ ਨਿੰਦਾ ਕਰਦਿਆਂ  ਪ੍ਰੈੱਸ ਦੀ ਆਜ਼ਾਦੀ ਨੂੰ ਬਹਾਲ ਕਰਨ ਦੀ ਮੰਗ ਕੀਤੀ ਹੈ। 

ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਜਨਰਲ ਸਕੱਤਰ ਸੁਸ਼ੀਲ ਦੁਸਾਂਝ, ਸੀਨੀਅਰ ਮੀਤ ਪ੍ਰਧਾਨ ਮੱਖਣ ਸਿੰਘ ਕੁਹਾੜ ਅਤੇ ਦਫ਼ਤਰ ਸਕੱਤਰ ਦੀਪ ਦੇਵਿੰਦਰ ਸਿੰਘ ਨੇ ਇੱਥੋਂ ਜਾਰੀ ਸਾਂਝੇ ਪ੍ਰੈੱਸ ਬਿਆਨ ਵਿਚ ਕਿਹਾ ਹੈ ਕਿ ਇਹ ਕਾਰਵਾਈ ਲਿਖਣ ਅਤੇ ਬੋਲਣ ਦੀ ਆਜ਼ਾਦੀ ਅਤੇ ਪ੍ਰੈੱਸ ਦੀ ਆਜ਼ਾਦੀ ਉੱਤੇ ਸਿੱਧਾ ਹਮਲਾ ਹੈ, ਜਿਸ ਨੂੰ ਕਿਸੇ ਵੀ ਕੀਮਤ ਉੱਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।  

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਾਨਿਕ ਗੋਇਲ ਵਰਗੇ ਆਰ.ਟੀ.ਆਈ. ਕਾਰਕੁੰਨ ਅਤੇ ਮਿੰਟੂ ਗੁਰੂਸਰੀਆ ਅਤੇ ਮਨਿੰਦਰਜੀਤ ਸਿੱਧੂ ਵਰਗੇ ਪੱਤਰਕਾਰਾਂ ਸਮੇਤ ਲਗਭਗ 10 ਵਿਅਕਤੀਆਂ ਖ਼ਿਲਾਫ਼ ਇਹ ਐੱਫ਼.ਆਈ.ਆਰ. ਦਰਜ ਕਰਨਾ ਜਮਹੂਰੀ ਕਦਰਾਂ-ਕੀਮਤਾਂ ਨੂੰ ਤਹਿਸ-ਨਹਿਸ ਕਰਨ ਵਾਲੀ ਕਾਰਵਾਈ ਹੈ। ਅਜਿਹੀਆਂ ਕਾਰਵਾਈਆਂ ਨਾਲ ਨਾ ਸਿਰਫ਼ ਪੱਤਰਕਾਰਾਂ ਅਤੇ ਸਮਾਜਕ ਕਾਰਕੁੰਨਾਂ ਨੂੰ ਡਰਾਉਣ ਦਾ ਭਰਮ ਪਾਲ਼ਿਆ ਜਾ ਰਿਹਾ ਹੈ, ਸਗੋਂ ਜਨਤਕ ਜਾਣਕਾਰੀ ਅਤੇ ਸੱਚ ਨੂੰ ਲੁਕਾਉਣ  ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਜਾ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਕੇਂਦਰੀ ਪੰਜਾਬੀ ਲੇਖਕ ਸਭਾ ਸਮੂਹ ਪੱਤਰਕਾਰਾਂ ਅਤੇ ਲੋਕ-ਪੱਖੀ ਸਮਾਜਕ ਕਾਰਕੁੰਨਾਂ ਨਾਲ ਖੜ੍ਹੀ ਹੈ ਅਤੇ ਅਪੀਲ ਕਰਦੀ ਹੈ ਕਿ ਸਰਕਾਰ ਤੁਰੰਤ ਇਸ ਐੱਫ.ਆਈ.ਆਰ. ਨੂੰ ਰੱਦ ਕਰੇ ਅਤੇ ਭਵਿੱਖ ਵਿੱਚ ਅਜਿਹੀਆਂ ਗਲਤ ਕਾਰਵਾਈਆਂ ਤੋਂ ਗੁਰੇਜ਼ ਕਰੇ।

ਹੁਣ ਦੇਖਣਾ ਹੈ ਕਿ ਸਰਕਾਰ ਇਸ ਮਾਮਲੇ ਨੂੰ ਗੰਭੀਰਤਾ ਅਤੇ ਪਾਰਦਰਸ਼ਿਤਾ ਨਾਲ ਸਾਹਮਣੇ ਲਿਆ ਕੇ ਕੋਈ ਉਸਾਰੂ ਰੁੱਖ ਅਖਤਿਆਰ ਕਰਦੀ ਹੈ ਜਾਂ ਫਿਰ ਲੇਖਕਾਂ ਨੂੰ ਇੱਕ ਵਾਰ ਫੇਰ ਇਸ ਮੁੱਦੇ ਬਾਰੇ ਕੋਈ ਨਵਾਂ ਅੰਦੋਲਨ ਵੱਡੀ ਪੱਧਰ ਤੇ ਚਲਾਉਣ ਲਈ ਮਜਬੂਰ ਹੋਣਾ ਪੈਂਦਾ ਹੈ।

Wednesday, 11 December 2024

ਕੇਂਦਰੀ ਲੇਖਕ ਵਲੋਂ ਆਲਮੀ ਪੰਜਾਬੀ ਕਾਨਫਰੰਸ 7 ਮਾਰਚ ਤੋਂ

11th December 2024 at 16:30 WhatsApp Regarding Alami Punjabi Conference From 7th March 2025

ਹਰਭਜਨ ਸਿੰਘ ਹੁੰਦਲ ਕਾਵਿ ਪੁਰਸਕਾਰ ਸ਼ੁਰੂ ਕਰਨ ਦਾ ਵੀ ਅਹਿਮ ਐਲਾਨ 

ਕੇਂਦਰੀ ਪੰਜਾਬੀ ਲੇਖਕ ਸਭਾ ਦੀ ਕਾਰਜਕਾਰਨੀ ਦੀ ਮੀਟਿੰਗ ਵਿੱਚ ਹਾਜ਼ਰ ਪ੍ਰਧਾਨ ਦਰਸ਼ਨ ਬੁੱਟਰ,ਸੁਸ਼ੀਲ ਦੁਸਾਂਝ,
ਡਾ. ਅਟਵਾਲ, ਦੀਪ ਦੇਵਿੰਦਰ ਸਿੰਘ ਅਤੇ ਹੋਰ ਅਹੁਦੇਦਾਰ
ਚੰਡੀਗੜ੍ਹ: 11 ਦਸੰਬਰ 2024: (ਸਾਹਿਤ ਸਕਰੀਨ ਡੈਸਕ)::

ਜਦੋਂ ਸਾਡੇ ਆਲੇ ਦੁਆਲੇ ਪੰਜਾਬ ਅਤੇ ਪੰਜਾਬੀ ਦੇ ਦੁਸ਼ਮਣ ਆਪਣੀਆਂ ਸਾਜ਼ਿਸ਼ੀ ਸਰਗਰਮੀਆਂ ਨੂੰ ਹਨੇਰੀ ਵਾਂਗ ਚਲਾ ਰਹੇ ਹਨ। ਪੰਜਾਬ ਅਤੇ ਪੰਜਾਬੀ ਦੇ ਹੱਕਾਂ ਤੇ ਡਾਕੇ ਮਾਰ ਰਹੇ ਹਨ। ਪੰਜਾਬ ਵਿੱਚ ਪੰਜਾਬੀਆਂ ਅਤੇ ਪ੍ਰਵਾਸੀਆਂ ਨੂੰ ਲੜਾਉਣ  ਵਿੱਚ ਲੱਗੇ ਹੋਏ ਹਨ ਉਦੋਂ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਮੁੱਦਈ ਇਹਨਾਂ ਸਾਜ਼ਿਸ਼ਾਂ ਨੂੰ ਨਾਕਾਮ ਬਣਾਉਣ ਲਈ ਦੁਨੀਆ ਭਰ ਨੂੰ ਲਾਮਬੰਦ ਕਰਨ ਵਿੱਚ ਲੱਗੇ ਹੋਏ ਹਨ। ਇਹਨਾਂ ਖਾਮੋਸ਼ ਪਰ ਠੋਸ ਕੋਸ਼ਿਸ਼ਾਂ ਦੇ ਮੂੰਹੋਂ ਬੋਲਦੇ ਕੁਝ ਕੁ ਮੁਢਲੇ ਨਤੀਜੇ ਤੁਹਾਡੇ ਸਾਹਮਣੇ ਆਉਣਗੇ ਨਵੇਂ ਸਾਲ ਵਿੱਚ ਮਾਰਚ ਦੇ ਮਹੀਨੇ।ਦਿਲਚਸਪ ਗੱਲ ਇਹ ਵੀ ਕਿ ਮਾਰਚ ਦੇ ਮਹੀਨੇ ਬਹੁਤ ਸਾਰੇ ਉਘੇ ਲੇਖਕਾਂ,ਲੇਖਿਕਾਵਾਂ, ਅਦਾਕਾਰਾਂ ਅਤੇ ਹੋਰ ਸ਼ਖਸੀਅਤਾਂ ਦੇ ਜਨਮਦਿਨ ਵੀ ਆਉਂਦੇ ਹਨ। 

ਇਹ ਜਾਣਕਾਰੀ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਅਤੇ ਉਘੇ ਸਾਹਿਤਿਕ ਪੱਤਰਕਾਰ ਸੁਸ਼ੀਲ ਦੁਸਾਂਝ ਨੇ ਇੱਕ ਗੈਰ ਰਸਮੀ ਗੱਲਬਾਤ ਦੌਰਾਨ ਦਿੱਤੀ। ਉਹਨਾਂ ਦਾ ਅੰਦਾਜ਼ ਦੱਸਦਾ ਸੀ ਕਿ ਉਹ ਅਤੇ ਉਹਨਾਂ ਦੇ ਸਾਰੇ ਸਾਥੀ ਇਸ ਪ੍ਰੋਜੈਕਟ ਅਤੇ ਪ੍ਰੋਗਰਾਮ ਨਾਲ ਕਿੰਨੀ ਸ਼ਿੱਦਤ ਨਾਲ ਅਤੇ ਕਿੰਨੇ ਜਜ਼ਬਾਤੀ ਹੋ ਕੇ ਜੁੜੇ ਹੋਏ ਹਨ। 

ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ) ਦੀ ਮੇਜ਼ਬਾਨੀ ਹੇਠ ਹੋਣ ਹੋਣ ਵਾਲੀ ਆਲਮੀ ਪੰਜਾਬੀ ਕਾਨਫਰੰਸ ਦੀਆਂ ਤਰੀਕਾਂ ਦਾ ਐਲਾਨ ਅਤੇ ਹੋਰ ਤਿਆਰੀਆਂ ਸਬੰਧੀ ਵਿਚਾਰ ਵਟਾਂਦਰਾ ਸਭਾ ਦੀ ਹੋਈ ਕਾਰਜਕਾਰਨੀ ਦੀ ਇਕੱਤਰਤਾ ਵਿੱਚ ਕੀਤਾ ਗਿਆ।  

ਕੇਂਦਰੀ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਅਤੇ ਸੀਨੀਅਰ ਮੀਤ ਪ੍ਰਧਾਨ ਡਾ. ਹਰਜਿੰਦਰ ਸਿੰਘ ਅਟਵਾਲ ਦੀ ਅਗਵਾਈ ਵਿਚ ਹੋਈ  ਇਸ ਇਕੱਤਰਤਾ ਵਿੱਚ ਜਨਰਲ ਸਕੱਤਰ ਸੁਸ਼ੀਲ ਦੁਸਾਂਝ ਅਤੇ ਦਫਤਰ ਸਕੱਤਰ ਦੀਪ ਦੇਵਿੰਦਰ ਸਿੰਘ ਵਲੋਂ ਪੇਸ਼ ਏਜੰਡਿਆਂ ਦੀ ਰੌਸ਼ਨੀ ਵਿੱਚ ਸਭਾ ਵਲੋਂ ਕਰਵਾਈ ਜਾਣ ਵਾਲੀ ਤਿੰਨ ਰੋਜ਼ਾ ਆਲਮੀ ਪੰਜਾਬੀ ਕਾਨਫਰੰਸ ਮਿਤੀ ਸੱਤ, ਅੱਠ ਅਤੇ ਨੌਂ ਮਾਰਚ ਨੂੰ ਕਰਵਾਏ ਜਾਣ ਦਾ ਫੈਸਲਾ ਕੀਤਾ ਗਿਆ। 

ਕਾਨਫਰੰਸ  ਦਾ ਆਗਾਜ਼ ਸਆਦਤ ਹਸਨ ਮੰਟੋ, ਲਾਲ ਸਿੰਘ ਦਿਲ, ਗੁਲਜ਼ਾਰ ਮੁਹੰਮਦ ਗੌਰੀਆ, ਸੁਖਜੀਤ ਅਤੇ ਮਾਸਟਰ  ਤਰਲੋਚਨ ਵਰਗੇ ਵੱਡੇ ਸਾਹਿਤਕਾਰਾਂ ਦੀ ਕਰਮ ਭੂਮੀ ਸਮਰਾਲਾ ਵਿਖੇ 7 ਮਾਰਚ ਨੂੰ ਹੋਵੇਗਾ ਅਤੇ ਅਗਲੇ ਦੋ ਦਿਨ ਇਹ ਕਾਨਫਰੰਸ ਚੰਡੀਗੜ੍ਹ ਵਿਖੇ ਹੋਵੇਗੀ ਜਿਸ ਵਿੱਚ ਪਾਕਿਸਤਾਨ ਸਮੇਤ ਵਖ ਵਖ ਮੁਲਕਾਂ ਤੋਂ ਪੰਜਾਬੀ ਅਦੀਬ ਹਿੱਸਾ ਲੈਣਗੇ। 

ਇੱਸੇ ਸਭਾ ਵਲੋਂ ਪਹਿਲਾਂ ਦਿੱਤੇ ਜਾਣ ਵਾਲੇ ਪੁਰਸਕਾਰ ਗਿਆਨੀ ਹੀਰਾ ਸਿੰਘ ਦਰਦ ਜਥੇਬੰਦਕ ਪੁਰਸਕਾਰ, ਡਾ. ਰਵੀ ਰਵਿੰਦਰ ਅਲੋਚਨਾ ਪੁਰਸਕਾਰ ਅਤੇ ਡਾ. ਐਸ. ਤਰਸੇਮ ਸਾਹਿਤ ਸਾਧਨਾ ਪੁਰਸਕਾਰ ਤੋਂ ਇਲਾਵਾ ਹਰਭਜਨ ਸਿੰਘ ਹੁੰਦਲ ਕਾਵਿ ਪੁਰਸਕਾਰ ਸ਼ੁਰੂ ਕਰਨ ਦਾ ਫੈਸਲਾ ਵੀ ਕੀਤਾ ਗਿਆ। ਇਹ ਪੁਰਸਕਾਰ ਸਭਾ ਵਲੋਂ 23 ਫਰਵਰੀ 2025 ਨੂੰ ਕਰਵਾਏ ਜਾਣ ਵਾਲੇ ਡੇੜ੍ਹ ਸਾਲਾ ਜਰਨਲ ਇਜਲਾਸ ਮੌਕੇ ਦਿੱਤੇ ਜਾਣਗੇ।

ਕੇਂਦਰੀ ਸਭਾ ਦੇ ਅਹੁਦੇਦਾਰਾਂ ਸੁਰਿੰਦਰਪ੍ਰੀਤ ਘਣੀਆਂ,ਸ਼ੈਲਿੰਦਰਜੀਤ ਰਾਜਨ, ਦਲਜੀਤ ਸਿੰਘ ਸ਼ਾਹੀ, ਬਲਵਿੰਦਰ ਸੰਧੂ, ਮੂਲ ਚੰਦ ਸ਼ਰਮਾ, ਮਖਣ ਕੁਹਾੜ, ਡਾ. ਛਿੰਦਰਪਾਲ, ਯਤਿੰਦਰ ਕੌਰ ਮਾਹਲ,  ਜਸਵੀਰ ਰਾਣਾ, ਐਸ. ਨਸੀਮ, ਦੀਪਕ ਸ਼ਰਮਾ ਚਨਾਰਥਲ, ਮਨਜਿੰਦਰ ਧਨੋਆ, ਡਾ. ਦਵਿੰਦਰ ਸੈਫੀ , ਗੁਰਮੀਤ ਬਾਜਵਾ, ਮਨਜੀਤ ਸਿੰਘ ਵਸੀ, ਡਾ. ਲੇਖ ਰਾਜ  ਅਤੇ ਹੋਰ ਕਾਰਜਕਾਰਨੀ ਮੈਂਬਰਾਂ ਵਲੋਂ ਕਾਨਫਰੰਸ ਦੀ ਕਾਮਯਾਬੀ ਲਈ ਸਹਿਯੋਗ ਦੀ ਹਾਮੀ ਭਰੀ।

Saturday, 21 September 2024

ਮੌਨ ਵਰਗੇ ਸੂਖਮ ਅਤੇ ਕੋਮਲ ਜਿਹੇ ਸ਼ਬਦਾਂ ਦੀ ਗੂੰਜ

 ਤਿਆਰ ਕਰ ਰਹੀ ਹੈ ਨਵੇਂ ਸਮਾਜ ਦੀ ਇੱਕ ਸੁਨਾਮੀ ਨੂੰ 


ਮੋਹਾਲੀ: 21 ਸਤੰਬਰ 2024:(ਸਾਹਿਤ ਸਕਰੀਨ ਡੈਸਕ)::

ਪੂੰਜੀਵਾਦ ਨੇ ਆਹ ਕਰਤਾ, ਪੂੰਜੀਵਾਦ ਨੇ ਉਹ ਕਰਤਾ, ਸਰਮਾਏਦਾਰੀ ਨੇ ਬਰਾਬਰੀ ਦਾ ਢਾਂਚਾ ਹੀ ਤਬਾਹ ਕਰ ਦਿੱਤਾ--ਅਜਿਹਾ ਬਹੁਤ ਕੁਝ ਲੰਮੇ ਸਮੇਂ ਤੋਂ ਕਿਹਾ ਅਤੇ ਸੁਣਿਆ ਜਾ ਰਿਹਾ ਹੈ। ਇਹ ਸਾਰੀਆਂ ਗੱਲਾਂ ਸੱਚ ਵੀ ਹਨ। ਸਮਾਜ ਨੂੰ ਗੰਧਲਾ ਵੀ ਕਰ ਰਹੀਆਂ ਸਿਆਸਤਾਂ ਦੀਆਂ ਇਹਨਾਂ ਕੁਰੀਤੀਆਂ ਅਤੇ ਬੁਰਾਈਆਂ ਨੂੰ ਲੈ ਕੇ ਲੋਕਾਂ ਦੇ ਮਨਾਂ ਵਿੱਚ ਰੋਸ ਵੀ ਹੈ ਪਰ ਉਸ ਰੋਸ ਕੋਲ ਅਜਿਹੀ ਕੋਈ ਸਪਸ਼ਟ ਅਤੇ ਖੁੱਲ੍ਹੇਆਮ ਨਜ਼ਰ ਆਉਂਦੀ ਕੋਈ ਦਿਸ਼ਾ ਨਹੀਂ ਜਿਹੜੀ ਇਸ ਸਾਰੇ ਖਤਰਨਾਕ ਰੁਝਾਨ ਦੀ ਰੋਕਥਾਮ ਲਈ ਕੁਝ ਕਰ ਸਕੇ। ਭਾਵੇਂ ਅਮਲੀ ਤੌਰ ਤੇ ਕੋਈ ਠੋਸ ਕਦਮ ਚੁੱਕਣਾ ਅਜੇ ਸੰਭਵ ਨਹੀਂ ਹੋ ਸਕਿਆ ਪਰ ਹੁਣ ਇੱਕ ਅੰਦੋਲਨ ਵਰਗੀ ਸ਼ਕਤੀ ਸਰਗਰਮੀ ਫੜ ਰਹੀ ਹੈ ਜਿਸ ਨੇ ਆਪਣਾ ਅਸਰ ਵੀ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। 

ਮੌਨ ਵਰਗੇ ਸੂਖਮ ਅਤੇ ਕੋਮਲ ਜਿਹੇ ਸ਼ਬਦਾਂ ਦੀ ਇਹ ਗੂੰਜ ਇੱਕ ਸੁਨਾਮੀ ਪੈਦਾ ਕਰ ਰਹੀ ਹੈ ਜਿਹੜੀ ਬਹੁਤ ਜਲਦ ਆਪਣਾ ਰੰਗ ਵੀ ਦਿਖਾਏਗੀ ਅਤੇ ਦਿਲਾਂ ਵਿੱਚ ਉਤਰਦਾ ਜਾ ਰਿਹਾ ਪ੍ਰਭਾਵ ਵੀ ਨਜ਼ਰ ਆਉਣ ਲੱਗੇਗਾ। ਨਾ ਕੋਈ ਨਾਅਰਾ//ਨਾ ਕੋਈ ਧਰਨਾ-ਨਾ ਕੋਈ ਮੁਜ਼ਾਹਰਾ ਨਾ ਕੋਈ ਜਲਸਾ ਜਲੂਸ--ਪਰ ਕਿਸੇ ਅਣ ਦਿੱਸਦੀ ਸ਼ਕਤੀ ਵਾਂਗ ਇਹ ਮੁਹਿੰਮ ਨਵੇਂ ਸਮਾਜ ਦੀ ਸਿਰਜਣਾ ਦੇ ਮਿਸ਼ਨ ਨੂੰ ਤੇਜ਼ੀ ਨਾਲ ਸਫਲ ਬਣਾ ਰਹੀ ਹੈ। 


ਸੁਸ਼ੀਲ ਦੁਸਾਂਝ ਅਤੇ ਉਹਨਾਂ ਦੇ ਸਾਥੀਆਂ ਦੀ ਦੇਖਰੇਖ ਹੇਠ ਅਦਾਰਾ "ਹੁਣ" ਵੱਲੋਂ ਇਸ ਮੁਹਿੰਮ ਨੂੰ ਨੇਪਰੇ ਚੜ੍ਹਾ ਰਹੀ ਟੀਮ ਵਿੱਚ ਅੱਜ ਕੁਝ ਹੋਰ ਸ਼ਖ਼ਸੀਅਤਾਂ ਵੀ ਸ਼ਾਮਲ ਹੋਈਆਂ। ਪਟਿਆਲਾ ਤੋਂ ਉਚੇਚ ਨਾਲ ਪਹੁੰਚੀ ਹਰਪ੍ਰੀਤ ਕੌਰ ਸੰਧੂ ਅਤੇ ਕੁਝ ਹੋਰ ਕਲਮਕਾਰਾਂ ਨੇ ਜਿਹੜੀਆਂ ਗੱਲਾਂਬਾਤਾਂ ਅਤੇ ਕਵਿਤਾਵਾਂ ਸੁਣਾਈਆਂ ਜਿਹਨਾਂ ਵਿੱਚ ਮੌਜੂਦਾ  ਕੁਰੀਤੀਆਂ ਅਤੇ ਬੁਰਾਈਆਂ ਦੇ ਖਿਲਾਫ ਬੜੀ ਹੀ ਸੂਖਮਤਾ ਵਾਲੇ ਬੋਲਾਂ ਨਾਲ ਇੱਕ ਅਜਿਹਾ ਪ੍ਰਭਾਵ ਛੱਡਿਆ ਜਾ ਰਿਹਾ ਸੀ ਜਿਹੜਾ ਇਸ ਮੌਕੇ ਮੌਜੂਦਾ ਸਰੋਤਿਆਂ//ਦਰਸ਼ਕਾਂ ਦੇ ਦਿਲਾਂ ਵਿੱਚ ਨਾਲੋਂ ਨਾਲ ਆਪਣੀ ਥਾਂ ਬਣਾ ਰਿਹਾ ਸੀ। 


ਇਸ ਵੱਖਰੀ ਕਿਸਮ ਦੇ ਆਯੋਜਨ ਦੀ ਥਾਂ ਇਸ ਵਾਰ ਵੀ ਸਿਲਵੀ ਪਾਰਕ ਨੇੜੇ ਸਥਿਤ ਪ੍ਰਸਿੱਧ ਸ਼ਾਇਰਾ ਸੁਰਜੀਤ ਕੌਰ ਬੈਂਸ ਦੀ  ਰਿਹਾਇਸ਼ ਵਿਖੇ ਰੱਖੀ ਗਈ ਸੀ। ਅੱਜ ਦੇ ਇਸ ਆਯੋਜਨ ਨੂੰ ਦੇਖ ਕੇ ਦੂਰਦਰਸ਼ਨ ਤੋਂ ਕਈ ਦਹਾਕੇ ਪਹਿਲਾਂ ਹਰਮਨ ਪਿਆਰਾ ਹੋਇਆ ਪ੍ਰੋਗਰਾਮ "ਨਾਲੇ ਗੱਲਾਂ-ਨਾਲੇ ਗੀਤ" ਯਾਦ ਆਉ ਰਿਹਾ ਸੀ। ਇਸ ਪ੍ਰੋਗਰਾਮ ਵਿੱਚ ਗੱਲਾਂ ਅਤੇ ਗੀਤਾਂ ਦੇ ਨਾਲ ਨਾਲ ਸ਼ਾਇਰੀ ਵੀ ਸੀ। ਗੱਲਾਂ ਅਤੇ ਗੀਤਾਂ ਨੂੰ ਇੱਕ ਸੁਰ ਕਰਨ ਵਾਲੇ ਸੂਤਰਧਾਰ ਦੀ ਜ਼ਿੰਮੇਵਾਰੀ ਸੁਸ਼ੀਲ ਦੁਸਾਂਝ ਨਿਭਾ ਰਹੇ ਸਨ।  ਪਰ ਉਹਨਾਂ ਦੇ ਹੁੰਗਾਰੇ ਵੱਜੋਂ ਆਉਂਦੀਆਂ ਕੁਝ ਹੋਰ ਅਵਾਜ਼ਾਂ ਵੀ ਸਨ। ਦੀਪਕ ਸ਼ਰਮਾ ਚਨਾਰਥਲ, ਹਰਪ੍ਰੀਤ ਕੌਰ ਸੰਧੂ,ਖੁਦ ਸੁਰਜੀਤ ਕੌਰ ਬੈਂਸ, ਬਹੁਤ ਘੱਟ ਬੋਲਣ ਵਾਲੇ ਕੰਵਰ ਅਤੇ ਕਈ ਹੋਰ। ਇਹ ਰਲਵੀਂ ਮਿਲਵੀਂ ਇੱਕਸੁਰ ਹੋ ਕੇ ਆ ਰਹੀ ਆਵਾਜ਼ ਉਹਨਾਂ ਸਾਜ਼ਿਸ਼ਾਂ ਦੀਆਂ ਪੈੜਾਂ ਵੀ ਨੱਪ ਰਹੀ ਸੀ ਜਿਹੜੀਆਂ ਸਾਜ਼ਿਸ਼ਾਂ ਪਿਛਲੇ ਕੁਝ ਸਾਲਾਂ ਤੋਂ  ਕੁਝ ਸਿਆਸੀ ਧਿਰਾਂ ਲਗਾਤਾਰ ਘੜਦੀਆਂ ਆ ਰਹੀਆਂ ਹਨ। ਅੱਜ ਮੈਡਮ ਸੁਰਜੀਤ ਕੌਰ ਬੈਂਸ ਦੇ ਘਰ ਹੋਈ ਇਹ ਸਾਹਿਤਿਕ ਬੈਠਕ ਉਹਨਾਂ ਸਾਜ਼ਿਸ਼ਾਂ ਨੂੰ ਬੇਨਕਾਬ ਕਰ ਰਹੀ ਸੀ। ਸਿਰਫ ਬੇਨਕਾਬ ਹੀ ਨਹੀਂ ਸੀ ਕਰ ਰਹੀ ਬਲਕਿ ਸਿਹਤਮੰਦ ਸਮਾਜ ਦੀ ਸਿਰਜਨਾਂ ਵਾਲੇ ਗੁਰ ਵੀ ਸਿੱਖਾਂ ਰਹੀ ਸੀ। 

ਇਸ ਮੌਕੇ ਜਿੱਥੇ ਬਲਕਾਰ ਸਿੱਧੂ ਹੁਰਾਂ ਨੇ ਫਿਰਕਾਪ੍ਰਸਤੀ ਵਾਲੀ ਸੋਚ ਦੇ ਖਿਲਾਫ਼ ਆਪਣਾ ਇੱਕ ਹਿੰਦੀ ਗੀਤ ਪੜ੍ਹਿਆ-

ਹਮ ਹਿੰਦੂ  ਸਿੱਖ ਨ ਮੁਸਲਮਾਨ--ਹਮ ਮੇਹਨਤ ਕਰਨੇ ਵਾਲੇ ਹੈਂ--ਅੰਮ੍ਰਿਤ ਕੇ ਛਲਕਤੇ ਪਿਆਲੇ ਹੈਂ!

ਇੱਸੇ ਮਹਿਫਿਲ ਵਿੱਚ ਜਨਾਬ ਗੁਰਨਾਮ ਕੰਵਰ ਨੇ ਇੱਕ ਕਾਵਿ ਰਚਨਾ ਸੁਣਾਈ ਜਿਹੜੀ ਰੱਬ ਦੀ ਹੌਂਦ ਤੇ ਬੜੇ ਦਿਲਚਸਪ ਅੰਦਾਜ਼ ਨਾਲ ਸੁਆਲ ਖੜੇ ਕਰਦੀ ਸੀ। ਇਸ ਯਾਦਗਾਰੀ ਮਹਿਫਿਲ ਦੇ ਸੰਚਾਲਕ ਸੁਸ਼ੀਲ ਦੁਸਾਂਝ ਨੇ ਆਪਣੀ ਕਾਵਿ ਰਚਨਾ ਨਾਲ ਕੋਰੋਨਾ ਦਾ ਉਹ ਸਮਾਂ ਯਾਦ ਕਰਾਇਆ ਜਦੋਂ ਦੇਸ਼ ਦੀ ਸਾਰੀ ਜਨਤਾ ਨੂੰ ਬੰਧਕ ਬਣਾ ਦਿੱਤਾ ਗਿਆ ਸੀ। ਉਹਨਾਂ ਇੱਕ ਹੋਰ ਨਜ਼ਮ ਵੀ ਸੁਣਾਈ ਜਿਹੜੀ ਅੱਜ ਦੇ ਬਿੱਲਾ-ਰੰਗਾਂ ਵਾਲੇ ਚੇਹਰੇ ਬੇਨਕਾਬ ਕਰਦੀ ਸੀ। 

ਸ਼ਾਇਰ ਭੱਟੀ ਨੇ ਬੜੇ ਹੀ ਤਰੰਨੁਮ ਨਾਲ ਆਪਣੀ ਕਾਵਿ ਰਚਨਾ ਵਿੱਚ ਗੁਜ਼ਰੇ ਹੋਏ ਜ਼ਮਾਨੇ ਦਾ ਉਹ ਦ੍ਰਿਸ਼ ਆਪਣੇ ਸ਼ਬਦਾਂ ਨਾਲ ਦਿਖਾਇਆ ਜਦੋਂ ਆਪਸੀ ਭਾਈਚਾਰਾ ਕਾਇਮ, ਰਿਸ਼ਤਿਆਂ ਦਾ ਅਦਬ ਸਤਿਕਾਰ ਕਾਇਮ ਸੀ ਹੁਣ ਜਦੋਂ ਕਿ ਪੂੰਜੀਵਾਦ ਦੀਆਂ ਸਾਜ਼ਿਸ਼ਾਂ ਨੇ ਸਭ ਕੁਝ ਵਿਕਾਊ ਬਣਾ ਦਿੱਤਾ ਹੈ ਤਾਂ ਸਿਰਫ ਇੱਕ ਦਰਦ ਬਾਕੀ ਹੈ ਜਿਸਨੂੰ ਸ਼ਾਇਰ ਬਾਖੂਬੀ ਬਿਆਨ ਕਰ ਰਹੇ ਹਨ। ਇਸਦਾ ਬੜਾ ਸੰਵੇਦਨਸ਼ੀਲ ਪ੍ਰਗਟਾਵਾ ਸੀ ਇਸ ਮੀਟਿੰਗ ਵਿੱਚ। 

ਪੂੰਜੀਵਾਦ ਨੇ ਕਿਵੇਂ ਜਿਊਂਦੇ ਜਾਗਦੇ ਇਨਸਾਨਾਂ ਨੂੰ ਮਕੈਨੀਕਲ ਗੈਜੇਟ ਵਾਂਗ ਬਣਾ ਕੇ ਇੱਕ ਦੂਜੇ ਨੂੰ ਵਰਤਣਾਂ ਸਿਖਾ ਦਿੱਤਾ ਦਿੱਤਾ ਹੈ ਇਸਦਾ ਬਹੁਤ ਖੂਬਸੂਰਤ ਬਿਆਨ ਸੀ ਦੀਪਕ ਸ਼ਰਮਾ ਚਨਾਰਥਲ ਦੀ ਸ਼ਾਇਰੀ ਵਿੱਚ। ਕਿਵੇਂ ਅੱਜਕਲ੍ਹ ਚੰਗੇ ਭਲੇ ਇਨਸਾਨਾਂ ਨੂੰ ਕਦੇ ਕੈਲਕੁਲੇਟਰ ਸਮਝ ਕੇ ਵਰਤ ਲਿਆ ਜਾਂਦਾ ਹੈ, ਕਦੇ ਲਾਈਟਰ, ਕਦੇ ਰੈਗੁਲੇਟਰ, ਕਦੇ ਏ ਟੀ ਐਮ ਕਾਰਡ। ਇੰਝ ਲੱਗਦੀ ਜਿਵੇਂ ਵਰਤਣਾਂ ਹੀ ਅੱਜ ਕਲ ਦਾ ਧਰਮ ਅਤੇ ਵਿਧੀ ਵਿਧਾਨ ਬਣ ਗਿਆ ਹੋਵੇ। 

ਇਸ ਸਾਰੀ ਮਹਿਫਿਲ ਦਾ ਕੇਂਦਰੀ ਬਿੰਦੂ ਅਤੇ ਇਸ ਮਹਿਫਿਲ ਦੀ ਮੇਜ਼ਬਾਨ ਮੈਡਮ ਸੁਰਜੀਤ ਕੌਰ ਬੈਂਸ ਇੱਕ ਇੱਕ ਨੂੰ ਬੜੇ ਧਿਆਨ ਨਾਲ ਸੁਣ ਰਹੀ ਸੀ, ਦਾਦ ਵੀ ਦੇ ਰਹੀ ਅਤੇ ਹੌਂਸਲਾ ਅਫਜ਼ਾਈ ਵੀ ਕਰ ਰਹੀ ਸੀ। ਕਾਸ਼ ਸਾਹਿਤ, ਕਲਾ ਅਤੇ ਸਭਿਆਚਾਰ ਨਾਲ ਜੁੜੀਆਂ ਸ਼ਖਸੀਅਤਾਂ ਕਿੱਟੀ ਪਾਰਟੀਆਂ ਤੋਂ ਦੂਰੀ ਬਣਾਉਂਦਿਆਂ ਅਜਿਹੇ ਆਯੋਜਨਾਂ ਦੀ ਪਿਰਤ ਹਰ ਸ਼ਹਿਰ ਅਤੇ ਹਰ ਮੁਹੱਲੇ ਵਿੱਚ ਬਣਾ ਲੈਣ। 

ਅਖੀਰ ਵਿੱਚ ਪਟਿਆਲਾ ਤੋਂ ਆਈ ਧੜੱਲੇਦਾਰ ਕਲਮਕਾਰ ਹਰਪ੍ਰੀਤ ਕੌਰ ਸੰਧੂ ਨੇ ਜਿਥੇ ਸੋਸ਼ਲ ਮੀਡੀਆ ਬਾਰੇ ਆਪਣੇ ਅਨੁਭਵ ਸੁਨਾਏ ਉਥੇ ਆਪਣੀਆਂ ਕਾਵਿ ਰਚਨਾਵਾਂ ਵੀ ਸੁਣਾਈਆਂ। ਇਹਨਾਂ ਰਚਨਾਵਾਂ ਵਿੱਚੋਂ ਮਹਾਂਭਾਰਤ ਕਾਲ ਦੀ ਇੱਕ ਦੁਖਦਾਈ ਅਤੇ ਸ਼ਰਮਨਾਕ ਘਟਨਾ ਚੀਰ-ਹਰਣ ਦਾ ਜ਼ਿਕਰ ਕਰਦਿਆਂ ਮੈਡਮ ਸੰਧੂ ਨੇ ਉਹਨਾਂ ਆਧੁਨਿਕ ਸੰਦਰਭਾਂ ਦੀ ਗੱਲ ਕਰਦਿਆਂ ਕਿਹਾ ਕੀ ਕਿਵੇਂ ਅੱਜ ਵੀ ਥਾਂ ਥਾਂ ਬਾਰ ਬਾਰ ਚੀਰ-ਹਰਣ ਹੁੰਦਾ ਹੈ। ਅਫਸੋਸ ਕਿ ਮਹਾਂਭਾਰਤ ਵਾਲੇ ਯੁਗ ਵਿੱਚ ਤਾਂ ਪੰਜੇ ਪਾਂਡਵ ਪਤੀ ਬੇਬਸ ਜਿਹੇ ਹੋ ਕੇ ਬੈਠੇ ਸਨ ਅਤੇ ਚੀਰ ਹਾਰਨ ਸਾਹਮਣੇ ਖਾਮੋਸ਼ ਸਨ ਪਰ ਹੁਣ ਪਤੀ ਅਤੇ ਦੋਸਤ ਖੁਦ ਹੀ  ਅਜਿਹਾ ਚੀਰ ਹਰਣ ਆਪਣੇ ਦੂਜੇ ਦੋਸਤਾਂ ਮਿੱਤਰਾਂ ਦੀਆਂ ਮਹਿਫਿਲਾਂ ਵਿੱਚ ਕਰਦੇ ਹਨ। 

ਇਸ ਸ਼ਾਨਦਾਰ ਸਾਹਿਤਿਕ ਆਯੋਜਨ ਦੀ ਰਿਪੋਰਟ ਇਸ ਜ਼ਿਕਰ ਬਿਨਾ ਅਧੂਰੀ ਹੋਵੇਗੀ ਕਿ ਕੁਝ ਬਹੁਤ ਹੀ ਸੁਰੀਲੀਆਂ ਆਵਾਜ਼ਾਂ ਵਾਲੀਆਂ ਸ਼ਖਸੀਅਤਾਂ ਵੀ ਮੌਜੂਦ ਰਹੀਆਂ ਜਿਹਨਾਂ ਨੇ ਹਿੰਦੀ ਪੰਜਾਬੀ ਦੇ ਭੁੱਲੇ ਵਿਸਰੇ ਗੀਤਾਂ ਨਾਲ ਵੀ ਇਸ ਮਹਿਫਿਲ ਨੂੰ ਹੋਰ ਯਾਦਗਾਰੀ ਬਣਾਇਆ। ਇਹਨਾਂ ਵਿੱਚੋਂ ਇੱਕ ਸ਼ਖਸੀਅਤ ਸੀ ਗੁਰਜੋਧ ਕੌਰ।

ਤੀਹਵਿਆਂ ਦੇ ਨਾਲ ਸ਼ਾਇਦ ਉਹ ਦੋ ਚਾਰ ਸਾਲ ਹੋਰ ਵੱਡੀ ਉਰ ਹੋਵੇ ਪਰ ਲੱਗਦੀ ਬਹੁਤ ਛੋਟੀ ਹੈ। ਗੁਰਜੋਧ ਕੌਰ ਦੀਆਂ ਬਹੁਤ ਸਾਰੀਆਂ ਖੂਬੀਆਂ ਵਿੱਚੋਂ ਇੱਕ ਖਾਸੀਅਤ ਹੈ ਉਸਦਾ ਸੁਰੀਲਾਪਨ। ਉਸਨੇ ਪੰਜਾਬੀ ਗੀਤਾਂ ਦਾ ਉਹ ਸਾਰਾ ਖਜ਼ਾਨਾ ਸੰਭਾਲ ਕੇ ਰੱਖਿਅ ਹੋਇਆ ਹੈ ਜਿਹੜਾ ਸ਼ਾਇਦ ਅੱਜ ਵਾਲੀ ਪੀੜ੍ਹੀ ਦੀ ਕਿਸਮਤ ਵਿਚ ਹੀ ਨਹੀਂ ਰਿਹਾ। ਉਸਨੂੰ ਭੁੱਲੇ ਵਿੱਸਰੇ ਸਾਰੇ ਪੰਜਾਬੀ ਗੀਤ ਯਾਦ ਵੀ ਹਨ ਪਰ ਫਿਰ ਵੀ ਉਸਨੇ ਇੱਕ ਡਾਇਰੀ ਆਪਣੇ ਕੋਲ ਰੱਖੀ ਹੁੰਦੀ ਹੈ। ਕਿਓਂਕਿ ਪੰਜਾਬੀ ਦੇ ਪੁਰਾਣੇ ਗੀਤਾਂ ਦੀ ਫ਼ਰਮਾਇਸ਼ ਪੂਰੀ ਕਰਨ ਵਾਲਿਆਂ ਵਿੱਚ ਉਹ ਸਾਡੇ ਲਈ ਕਿਸੇ ਰੇਡੀਓ ਸਟੇਸ਼ਨ ਤੋਂ ਘੱਟ ਵੀ ਨਹੀਂ। ਅੱਜ ਦੇ ਸਮਾਗਮ ਵਿੱਚ ਗਏ ਗਏ ਗੀਤਾਂ ਵਿੱਚੋਂ ਇੱਕ ਯਾਦਗਾਰੀ ਗੀਤ ਸੀ ਇਹਨਾਂ ਅੱਖੀਆਂ 'ਚ ਪਾਂਵਾਂ ਕਿਵੇਂ ਸੂਰਮਾ! ਕਿ ਅੱਖੀਆਂ 'ਚ ਤੂੰ ਵੱਸਦਾ!

ਇੱਕ ਹੋਰ ਬੁਲੰਦ ਆਵਾਜ਼ ਇਸ ਮਹਿਫਿਲ ਵਿੱਚ ਸੀ ਤਰਸੇਮ ਲਾਲ ਹੁਰਾਂ ਦੀ। ਉਮਰ ਸ਼ਾਇਦ 60 ਸਾਲ ਤੋਂ ਵਧ ਹੈ ਪਰ ਆਵਾਜ਼ ਵਿੱਚ ਦਮ ਸੀ ਉਹੀ ਅਠਾਰਾਂ ਵੀਹਾਂ ਸਾਲਾਂ ਵਾਲਾ। ਉਹਨਾਂ ਬੜੀ ਦਮਦਾਰ ਆਵਾਜ਼ ਵੀ ਕਈ ਗੀਤ ਸੁਣਾਏ। ਇੱਕ ਗੀਤ ਇਹ ਵੀ ਸੀ-ਦਿਲ ਤੋੜਨੇ ਵਾਲੇ ਤੁਝੇ ਦਿਲ ਢੂਂਢ ਰਹਾ ਹੈ~! ਕਿਸੇ ਨੇ ਪੁਛ ਲਿਆ ਦਿਲ ਤੋਂ ਵਾਲੇ ਨੂੰ ਹੀ ਦਿਲ ਕਿਓਂ ਲਭਦਾ ਰਹਿੰਦਾ ਹੈ ਸਾਰੀ ਸਾਰੀ ਉਮਰ?

ਵੈਸੇ ਇਸ ਸੁਆਲ ਦਾ ਜੁਆਨ ਹੁਣ ਅਗਲੀ ਵਾਰ ਦੀ ਮਹਿਫ਼ਿਲ ਵਿੱਚ ਸੁਣਾਂਗੇ ਤਰਸੇਮ ਲਾਲ ਹੁਰਾਂ ਕੋਲੋਂ ਹੀ। ਜਿਹਨਾਂ ਦਾ ਜ਼ਿਕਰ ਇਸ ਰਿਪੋਰਟ ਵਿੱਚ ਨਹੀਂ ਹੋ ਸਕਿਆ ਉਹਨਾਂ ਦਾ ਜ਼ਿਕਰ ਬਹੁਤ ਜਲਦੀ ਕਿਸੇ ਵੱਖਰੀ ਰਿਪੋਰਟ ਵਿੱਚ ਪੱਕਾ ਕੀਤਾ ਜਾਏਗਾ। ਰਿਪੋਰਟ ਜ਼ਿਆਦਾ ਲੰਮੀ ਹੋ ਰਹੀ ਸੀ ਇਸ ਲਈ ਕੁਝ ਮਜਬੂਰੀ ਜਿਹੀ ਵੀ ਰਹੀ। ਪਰ ਹਰ ਕਿਸੇ ਦੀ ਮੌਜੂਦਗੀ ਅਤੇ ਭੂਮਿਕਾ ਸਾਡੀ ਟੀਮ ਨੂੰ ਯਾਦ ਹੈ। ਸਾਡੇ ਸਭਨਾਂ ਦੇ ਦਿਲਾਂ ਵਿੱਚ ਤੁਹਾਡੀ ਉਚੇਚੀ ਥਾਂ ਹੈ।

ਇਹਨਾਂ ਵਿੱਚੋਂ ਹੀ ਸਾਡੀ ਬਹੁਤ ਹੀ ਮਾਣਯੋਗ ਸ਼ਖ਼ਸੀਅਤ ਦੀਪਕ ਮਨਮੋਹਨ ਸਿੰਘ ਵੀ ਹਨ। ਉਹਨਾਂ ਇੱਕ ਸੁਨੇਹਾ ਇਸ ਸਾਰੀ ਲੁਕਾਈ ਲਈ ਦਿੱਤਾ ਹੈ। ਗਮ ਆਉਣ, ਸਦਮੇ ਜਾਂ ਤਕਲੀਫ਼ਾਂ ਬਸ ਰੋਇਆ ਧੋਇਆ ਨਾ ਕਰੋ। ਉਹਨਾਂ ਆਪਣੀਆਂ ਮਿਸਾਲਾਂ ਵੀ ਦਿੱਤੀਆਂ ਕਿ ਕਿਵੇਂ ਉਹਨਾਂ  ਨੇ ਮੁਸੀਬਤਾਂ ਦੇ ਤੂਫ਼ਾਨਾਂ ਨੂੰ ਆਪਣੀ ਮੁਸਕਰਾਹਟ ਨਾਲ ਹੀ ਠੱਲ ਲਿਆ ਅਤੇ ਉਹਨਾਂ ਦੇ ਮੂੰਹ ਮੋੜ ਦਿੱਤੇ। ਉਹਨਾਂ ਦੀਆਂ ਗੱਲਾਂ ਸੁਣ ਕੇ ਮੈਨੂੰ ਇੱਕ ਬਹੁਤ ਪੁਰਾਣਾ ਗੀਤ ਯਾਦ ਆਉਣ ਲੱਗ ਪਿਆ: 

ਬਰਬਾਦੀਓਂ ਕਾ ਸੋਗ ਮਨਾਣਾ ਫਿਜ਼ੂਲ ਥਾ!

ਬਰਬਾਦੀਓਂ ਕੇ ਜਸ਼ਨ ਮਨਾਤਾ ਚਲਾ ਗਿਆ!

ਉਹਨਾਂ ਬਾਰੇ ਵੀ ਇੱਕ ਵਖਰੀ ਪੋਸਟ ਬਹੁਤ ਜਲਦੀ ਹੀ।

ਬਹੁਤ ਸਾਰੀਆਂ ਹੋਰ ਗੱਲਾਂ ਵੀ ਬਹੁਤ ਛੇਤੀ ਹੀ ਸਾਂਝੀਆਂ ਕੀਤੀਆਂ ਜਾਣਗੀਆਂ......!

                            ---ਕਾਰਤਿਕਾ ਕਲਿਆਣੀ ਸਿੰਘ//ਰੈਕਟਰ ਕਥੂਰੀਆ 

Sunday, 8 September 2024

ਵੀਰ ਨਾਰੀਆਂ ਨੂੰ ਸਮਰਪਿਤ ਦੀਪਕ ਸ਼ਰਮਾ ਚਨਾਰਥਲ ਦੀ ਅਨੁਵਾਦਿਤ ਕਿਤਾਬ ਹੋਈ ਲੋਕ-ਅਰਪਣ

ਲੁੱਕੇ ਹੋਏ ਖਾਮੋਸ਼ ਦਰਦ ਨੂੰ ਬਿਆਨ ਕਰਦੀ ਹੈ ਇਹ ਪੁਸਤਕ


ਚੰਡੀਗੜ੍ਹ
: 8 ਸਤੰਬਰ 2024: (ਮੀਡੀਆ ਲਿੰਕ//ਕੇ ਕੇ ਸਿੰਘ//ਸਾਹਿਤ ਸਕਰੀਨ ਡੈਸਕ):: 

ਸਰਹੱਦਾਂ ਤੇ ਜੰਗ ਛਿੜਦੀ ਹੈ ਤਾਂ ਕੁਝ ਸਿਆਸਤਦਾਨਾਂ ਲਈ ਜੰਗੀ ਜਨੂੰਨ ਭੜਕਾਉਣ ਦਾ ਇਹ ਇੱਕ ਸੁਨਹਿਰੀ ਜਾਪਦਾ ਮੌਕਾ ਹੋ ਸਕਦਾ ਹੈ। ਗੋਲੀ ਚੱਲਦੀ ਹੈ ਤਾਂ ਕਦੇ ਸਰਹੱਦ ਦੇ ਇਸ ਪਾਸੇ ਕਿਸੇ ਦੀ ਜਾਂ ਲੈ ਜਾਂਦੀ ਹੈ ਅਤੇ ਕਦੇ ਉਸ ਪਾਸੇ। ਕਦੇ ਸਰਹੱਦ ਦੇ ਇਸ ਪਾਸੇਕੋਈ ਔਰਤ ਵਿਧਵਾ ਹੋ ਜਾਂਦੀ ਹੈ ਅਤੇ ਕਦੇ ਉਸ ਪਾਸੇ। ਕਦੇ ਏਧਰਲੇ ਬੱਚੇ ਅਨਾਥ ਹੋ ਜਾਂਦੇ ਨੇ ਅਤੇ ਕਦੇ ਓਧਰਲੇ ਬੱਚੇ। ਤੇ ਇਹ ਸਰਹੱਦ ਸਿਰਫ ਮੁਲਕਾਂ ਵਿਚਾਲੇ ਤਾਂ ਨਹੀਂ ਹੁੰਦੀ। ਸਮੇਂ ਸਮੇਂ ਚੱਲੇ ਅੰਦੋਲਨਾਂ ਨੇ ਵੀ ਬਿਨਾ ਕਿਸੇ ਬਾਰਡਰ ਦੇ ਇਹਨਾਂ ਸਰਹੱਦੀ ਤਾਰਾਂ ਦੀ ਚੁਭਣ ਨੂੰ ਮਹਿਸੂਸ ਕੀਤਾ ਹੈ। ਭਾਵੇਂ ਗਦਰ ਦੀ ਲਹਿਰ ਸੀ, ਭਾਵੇਂ ਆਜ਼ਾਦੀ ਸੰਗਰਾਮ ਦੀ ਲਹਿਰ ਸੀ ਅਤੇ ਭਾਵੇਂ ਆਜ਼ਾਦੀ ਤੋਂ ਬਾਅਦ ਚੱਲੇ ਅੰਦੋਲਨਾਂ ਦੀਆਂ ਲਹਿਰਾਂ ਸਨ। ਘਰ ਦੇ ਪੁੱਤ, ਭਰਾ ਜਾਂ ਪਤੀ ਜਦੋਂ ਇਸ ਦੁਨੀਆ ਤੋਂ ਚਲੇ ਜਾਂਦੇ ਨੇ ਤਾਂ ਉਹ ਦਰਦ ਵੀ ਸਭ ਤੋਂ ਵੱਧ ਪਰਿਵਾਰ ਦੀਆਂ ਇਸਤਰੀਆਂ ਦੇ ਹਿੱਸੇ ਹੀ ਆਉਂਦਾ ਰਿਹਾ ਹੈ। ਇਸ ਦੇ ਬਾਵਜੂਦ ਇਹਨਾਂ ਬਹਾਦਰ ਔਰਤਾਂ ਨੇ ਇਹਨਾਂ ਅੰਦੋਲਨਾਂ ਵਿੱਚ ਖੁਦ ਵੀ ਸਰਗਰਮੀ ਨਾਲ ਹਿੱਸਾ ਪਾਇਆ। ਇਸ ਦਰਦ ਨੂੰ ਨੇੜੇ ਹੋ ਕੇ ਮਹਿਸੂਸ ਕਰਨ ਵਾਲਿਆਂ ਦੇ ਦਿਲਾਂ ਵਿੱਚੋਂ ਹੀ ਇਹ ਸੁਆਲ ਉੱਠਦਾ ਰਿਹਾ ਕਿ ਕਿਸ ਮਿੱਟੀ ਦੀਆਂ ਬਣੀਆਂ ਸਨ ਇਹ ਬਹਾਦਰ ਔਰਤਾਂ?

ਅੱਜ ਪੰਜਾਬ ਕਲਾ ਭਵਨ ਵਿਖੇ ਪ੍ਰਸਿੱਧ  ਕਵੀ ਅਤੇ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਦੀ ਹਿੰਦੀ ਵਿੱਚ ਪਹਿਲੀ ਅਨੁਵਾਦ ਪੁਸਤਕ “ਕਿਸ ਮਿੱਟੀ ਕੀ ਬਨੀ ਥੀਂ ਯੇ ਵੀਰਾਂਗਨਾਏਂ” ਦਾ ਰੀਲੀਜ਼ ਸਮਾਰੋਹ ਬਹੁਤ ਹੀ ਭਰਵੇਂ ਇਕੱਠ ਵਿਚ ਹੋਇਆ। ਮੂਲ ਰੂਪ ਵਿੱਚ ਇਹ ਕਿਤਾਬ ਸੁਖਦੇਵ ਰਾਮ ਸੁੱਖੀ ਤੰਦਾ ਬੱਧਾ ਨੇ ਪੰਜਾਬੀ ਵਿੱਚ ਲਿਖੀ ਹੈ। ਫਰਜ਼ ਤਾਂ ਬਣਦਾ ਸੀ ਉਹਨਾਂ ਸਰਕਾਰਾਂ ਦਾ ਜਿਹਨਾਂ ਨੇ ਸ਼ਹੀਦਾਂ ਦੀਆਂ ਕੁਰਬਾਨੀਆਂ ਨਾਲ ਆਈ ਆਜ਼ਾਦੀ ਮਗਰੋਂ ਸੱਤਾ ਦਾ ਸੁੱਖ ਮਾਣਿਆ ਪਰ ਉਸ ਫਰਜ਼ ਨੂੰ ਨਿਭਾ ਰਹੇ ਹਨ ਖੋਜੀ ਲੇਖਕ ਸੁਖਦੇਵ ਰਾਮ ਸੁੱਖੀ ਤੰਦਾ ਬੱਧਾ ਅਤੇ ਅਨੁਵਾਦਕ ਦੀਪਕ ਸ਼ਰਮਾ ਚਨਾਰਥਲ। ਇਤਿਹਾਸ ਦੇ ਵਿਸ਼ੇਸ਼ ਪਹਿਲੂਆਂ ਨੂੰ ਉਜਾਗਰ ਕਰਨ ਵਾਲੀ ਇਸ ਪੁਸਤਕ ਨੂੰ ਅੱਜ ਚੰਡੀਗੜ੍ਹ ਦੇ ਕਲਾ ਭਵਨ ਵਿੱਚ ਰਿਲੀਜ਼ ਕੀਤਾ ਗਿਆ। 

ਇਸ ਰਿਲੀਜ਼ ਸਮਾਰੋਹ ਵਿਚ ਦੀਪਕ ਸ਼ਰਮਾ ਚਨਾਰਥਲ, ਸੁਖਦੇਵ ਰਾਮ ਸੁੱਖੀ, ਡਾ: ਵਨੀਤਾ, ਗੁਰਨਾਮ ਕੰਵਰ, ਸੁਸ਼ੀਲ ਦੁਸਾਂਝ, ਪ੍ਰੇਮ ਵਿਜ, ਕੇ. ਕੇ. ਸ਼ਾਰਦਾ, ਸੀਮਾ ਗੁਪਤਾ, ਬਲਕਾਰ ਸਿੱਧੂ, ਭੁਪਿੰਦਰ ਸਿੰਘ ਮਲਿਕ, ਅਨੂ ਸ਼ਰਮਾ ਅਤੇ ਰਾਜ ਰਾਣੀ ਉਚੇਚੇ ਤੌਰ 'ਤੇ ਸ਼ਾਮਿਲ ਹੋਏ। ਮਹਾਨ ਵੀਰਾਂਗਣਾਵਾਂ ਪ੍ਰਤੀ ਅਜਿਹਾ ਕਰਨਾ ਇਹਨਾਂ ਸ਼ਖਸੀਅਤਾਂ ਵੱਲੋਂ ਸਨਮਾਨ ਅਤੇ ਆਦਰ ਦਾ ਭਾਵ ਵੀ ਸੀ। ਅਕੀਦਤ ਦੇ ਫੁਲ ਵੀ ਸਨ। 

ਇਸ ਮੌਕੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਬਲਕਾਰ ਸਿੱਧੂ ਨੇ ਕਿਹਾ ਕਿ ਇਤਿਹਾਸ ਦੇ ਇਸ ਪੱਖ ਨੂੰ ਅੱਖੋਂ ਪਰੋਖੇ ਨਹੀ ਕੀਤਾ ਜਾ ਸਕਦਾ ਸੀ। ਇਸ ਲਈ ਇਹ ਕਿਤਾਬ ਇਤਿਹਾਸ ਦੇ ਇਸ ਬੇਹੱਦ ਜ਼ਰੂਰੀ ਪੱਖ ਨੂੰ ਲੋਕਾਂ ਸਾਹਮਣੇ ਲੈ ਕੇ ਆਈ ਹੈ। 

ਇਸ ਪ੍ਰੋਗਰਾਮ ਮੌਕੇ ਮੰਚ ਸੰਚਾਲਨ ਕਰਦਿਆਂ ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਨੇ ਕਿਹਾ ਕਿ ਇਹ ਇਕ ਵਿਲੱਖਣ ਕੰਮ ਹੈ। ਇਸ ਪੁਸਤਕ ਨੂੰ ਪੜ੍ਹ ਕੇ ਇਸ ਦੀ ਵਿਲੱਖਣਤਾ ਦਾ ਅਹਿਸਾਸ ਵੀ ਹੋਣ ਲੱਗ ਪੈਂਦਾ ਹੈ। 

ਇਸ ਪੁਸਤਕ ਨੂੰ ਰਿਲੀਜ਼ ਕਰਨ ਵਾਲੇ ਇਸ ਸਮਾਗਮ ਵਿੱਚ ਮੁੱਖ ਪਰਚਾ ਪੜ੍ਹਦਿਆਂ ਪ੍ਰਸਿੱਧ ਹਿੰਦੀ ਕਵਿੱਤਰੀ ਸੀਮਾ ਗੁਪਤਾ ਨੇ ਕਿਹਾ ਕਿ ਇਹ ਕਿਤਾਬ ਵੀਰ ਨਾਰੀਆਂ ਦੇ ਸੰਕਲਪ ਦੀ ਗੱਲ ਕਰਦੀ ਹੈ । 

ਸਮਾਗਮ ਵਿੱਚ ਇਸ ਕਿਤਾਬ ਦੇ ਅਨੁਵਾਦ ਵਾਲੇ ਤਕਨੀਕੀ ਪੱਖ ਦੀ ਵੀ ਗੱਲ ਹੋਈ। ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਸੁਸ਼ੀਲ ਦੁਸਾਂਝ ਨੇ ਕਿਹਾ ਕਿ ਚੰਗਾ ਅਨੁਵਾਦ ਕਿਸੇ ਰਚਨਾ ਦੀ ਪੁਨਰ ਸਿਰਜਣਾ ਹੀ ਹੁੰਦਾ ਹੈ।

ਇਸ ਪੁਸਤਕ ਦੀ ਅਹਿਮੀਅਤ ਬਾਰੇ ਗੱਲ ਕਰਦਿਆਂ ਉੱਘੇ ਕਵੀ, ਅਨੁਵਾਦਕ ਅਤੇ ਚਿੰਤਕ ਗੁਰਨਾਮ ਕੰਵਰ ਨੇ ਕਿਹਾ ਕਿ ਤੱਥਾਂ ਅਧਾਰਿਤ ਇਹ ਇਕ ਇਤਿਹਾਸਿਕ ਦਸਤਾਵੇਜ਼ ਹੈ।

ਪੁਸਤਕ ਦੇ ਸਫਲ ਪ੍ਰਕਾਸ਼ਨ ਅਤੇ ਸਫਲ ਲੋਕ-ਅਰਪਣ ਸੰਬੰਧੀ ਦੀਪਕ ਸ਼ਰਮਾ ਚਨਾਰਥਲ ਨੇ ਕਿਹਾ ਕਿ ਪਾਠਕਾਂ, ਸ਼ੁਭਚਿੰਤਕਾਂ ਦਾ ਪਿਆਰ ਉਹਨਾਂ ਦਾ ਸਭ ਤੋਂ ਵੱਡਾ ਹਾਸਿਲ ਹੈ।

ਮੂਲ ਲੇਖਕ ਸੁਖਦੇਵ ਰਾਮ ਸੁੱਖੀ ਤੰਦਾ ਬੱਧਾ ਨੇ ਕਿਤਾਬ ਦੀ ਕੇਂਦਰੀ ਭਾਵਨਾ ਨੂੰ ਸਪਸ਼ਟ ਕਰਦਿਆਂ ਕਿਹਾ ਕਿ ਇਸ ਗੱਲ ਦਾ ਜ਼ਿਕਰ ਬਹੁਤ ਘੱਟ ਹੋਇਆ ਹੈ ਕਿ ਸ਼ਹੀਦਾਂ ਦੇ ਪਰਿਵਾਰਾਂ ਨੇ ਕਿੰਨੇ ਦੁੱਖ ਝੱਲੇ ਹੋਣਗੇ।

ਵਿਸ਼ੇਸ਼ ਮਹਿਮਾਨ ਵਜੋਂ ਬੋਲਦਿਆਂ ਪ੍ਰਸਿੱਧ ਹਿੰਦੀ ਸਾਹਿਤਕਾਰ ਪ੍ਰੇਮ ਵਿਜ ਨੇ ਕਿਹਾ ਕਿ ਅਨੁਵਾਦ ਕਰਨਾ ਕੋਈ ਸੌਖਾ ਕੰਮ ਨਹੀ। ਉਹਨਾਂ ਅਨੁਵਾਦ ਦੀਆਂ ਮੁਸ਼ਕਲਾਂ ਵੱਲ ਇਸ਼ਾਰਾ ਦੁਆਂਉਂਦਿਆਂ ਕਿਹਾ ਕਿ ਮੁਸ਼ਕਲਾਂ ਦੇ ਬਾਵਜੂਦ ਇਹ ਕੰਮ ਸਫਲਤਾ ਨਾਲ ਨੇਪਰੇ ਚੜ੍ਹਿਆ ਹੈ। 

ਸਮਾਗਮ ਵਿੱਚ ਮੌਜੂਦ ਹੋਰਨਾਂ ਪ੍ਰਮੁੱਖ ਸ਼ਖਸੀਅਤਾਂ ਦੇ ਨਾਲ ਨਾਲ ਉੱਘੇ ਸਮਾਜ ਸੇਵੀ ਕੇ. ਕੇ. ਸ਼ਾਰਦਾ ਨੇ ਵੀ ਇਸ ਨੂੰ ਬਹੁਤ ਹੀ ਸ਼ਲਾਘਾਯੋਗ ਉੱਦਮ ਦੱਸਿਆ।

ਲੋਕ ਨਾਥ ਸ਼ਰਮਾ ਅਤੇ ਡਾ. ਰਾਜਿੰਦਰ ਸਿੰਘ ਦੋਸਤ ਨੇ ਲੇਖਕ ਦੇ ਅਧਿਐਨ ਨੂੰ ਉੱਚਕੋਟੀ ਦਾ ਬਿਆਨਿਆ। ਸਿਮਰਜੀਤ ਗਰੇਵਾਲ ਨੇ ਦੀਪਕ ਚਨਾਰਥਲ ਦੀ ਸ਼ਖ਼ਸੀਅਤ ਬਾਰੇ ਵੀ ਇਕ ਖ਼ੂਬਸੂਰਤ ਗੀਤ ਸੁਣਾਇਆ।

ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਪ੍ਰਸਿੱਧ ਸ਼ਾਇਰਾ, ਚਿੰਤਕ, ਅਨੁਵਾਦਕ ਅਤੇ ਭਾਰਤੀ ਸਾਹਿਤ ਅਕਾਦਮੀ ਦੇ ਸਾਬਕਾ ਕਨਵੀਨਰ ਡਾ. ਵਨੀਤਾ ਨੇ ਕਿਹਾ ਕਿ ਇਕ ਕਿਤਾਬ ਦੂਜੀ ਕਿਤਾਬ ਨੂੰ ਜਨਮ ਦਿੰਦੀ ਹੈ। ਨਾਰੀ-ਵਾਦ ਇਕ ਦ੍ਰਿੜ੍ਹ ਸੰਕਲਪ ਹੈ।

ਧੰਨਵਾਦੀ ਸ਼ਬਦਾਂ ਵਿਚ ਪੰਜਾਬੀ ਲੇਖਕ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਡਾ. ਅਵਤਾਰ ਸਿੰਘ ਪਤੰਗ ਨੇ ਸਮਾਗਮ ਨੂੰ ਯਾਦਗਾਰੀ ਦੱਸਿਆ।

ਸਮਾਰੋਹ ਵਿਚ ਹਾਜ਼ਰ ਹੋਈਆਂ ਪ੍ਰਮੁੱਖ ਸ਼ਖਸੀਅਤਾਂ  ਵਿੱਚ ਰੇਖਾ ਮਿੱਤਲ, ਮਨਜੀਤ ਕੌਰ ਮੀਤ, ਵਰਿੰਦਰ ਸਿੰਘ ਚੱਠਾ, ਸੁਨੀਲ ਕਟਾਰੀਆ, ਮੀਟ ਰੰਗਰੇਜ਼, ਲਾਭ ਸਿੰਘ ਲਹਿਲੀ, ਹਰਬੰਸ ਸੋਢੀ, ਹਰਮਿੰਦਰ ਕਾਲੜਾ, ਭਗਤ ਰਾਮ ਰੰਗਾੜਾ, ਨਿੰਮੀ ਵਸ਼ਿਸ਼ਟ, ਆਰ. ਪੀ. ਵਸ਼ਿਸ਼ਟ, ਲਾਭ ਸਿੰਘ, ਸ਼ੁਭਮ ਕੌਸ਼ਲ, ਨਿਤਿਨ ਸ਼ਰਮਾ, ਵਿਜੇ ਕਪੂਰ, ਸੁਭਾਸ਼ ਭਾਸਕਰ, ਬਬੀਤਾ ਕਪੂਰ, ਸੁਖਵਿੰਦਰ ਸਿੰਘ ਸਿੱਧੂ, ਪਾਲ ਅਜਨਬੀ, ਸੁਰਜੀਤ ਸਿੰਘ ਧੀਰ, ਸੁਰਿੰਦਰ ਕੁਮਾਰ, ਪਰਮਜੀਤ ਪਰਮ, ਦਵਿੰਦਰ ਬਾਠ, ਸਰਬਜੀਤ ਧਾਲੀਵਾਲ, ਸੁਰਮੀਤ ਕੌਰ, ਸੁਧਾ ਮਹਿਤਾ, ਰਾਜਿੰਦਰ ਕੌਰ, ਜਤਿਨ ਸਲਵਾਨ, ਰੇਣੂਕਾ ਸਲਵਾਨ, ਊਸ਼ਾ ਕੰਵਰ, ਸੁਨੀਤਾ ਰਾਣੀ, ਗੁਰਜੀਤ ਕੌਰ, ਰਾਜਿੰਦਰ ਸਿੰਘ ਧੀਮਾਨ, ਮਨਮੋਹਨ ਸਿੰਘ ਕਲਸੀ, ਕਮਲਜੀਤ ਸਿੰਘ ਬਨਵੈਤ, ਡਾ. ਸੁਰਿੰਦਰ ਗਿੱਲ, ਸ਼ਾਇਰ ਭੱਟੀ, ਭਜਨ ਸਿੰਘ, ਜੋਗਿੰਦਰ ਸਿੰਘ ਹੱਲੋਮਾਜਰਾ, ਸੁਖਜੀਤ ਸਿੰਘ ਸੁੱਖਾ, ਸੁਰਜੀਤ ਸੁਮਨ, ਨਰਿੰਦਰ ਪਾਲ ਸਿੰਘ ਕੋਮਲ, ਸੋਮੇਸ਼ ਗੁਪਤਾ, ਗੁਰਵਿੰਦਰ ਕੌਰ, ਸੁਮਿਤ ਸਿੰਘ, ਡਾ. ਮੇਹਰ ਮਾਣਕ, ਦਰਸ਼ਨ ਤਿਉਣਾ,  ਸਿਰੀ ਰਾਮ ਅਰਸ਼, ਡਾ. ਮਨਜੀਤ ਸਿੰਘ ਬੱਲ, ਬਹਾਦਰ ਸਿੰਘ ਗੋਸਲ, ਗੁਰਦੇਵ ਸਿੰਘ ਗਿੱਲ, ਹਰਬੰਸ ਕੌਰ ਗਿੱਲ, ਡਾ. ਨੀਨਾ ਸੈਣੀ, ਬਲਬੀਰ ਤਨਹਾ, ਅਸ਼ੋਕ ਨਾਦਿਰ, ਬਿਮਲਾ ਗੁਗਲਾਨੀ, ਡਾ. ਗੁਰਮੇਲ ਸਿੰਘ, ਗੋਵਰਧਨ ਗੱਬੀ, ਮਿੱਕੀ ਪਾਸੀ, ਜਗਦੀਸ਼, ਸੁਖਚੈਨ ਸਿੰਘ ਭੰਡਾਰੀ, ਕਰਨਵੀਰ ਸਿੰਘ, ਰਾਕੇਸ਼ ਸ਼ਰਮਾ, ਸੰਜੇ ਗੁਪਤਾ, ਪਵਨ ਸ਼ਰਮਾ, ਨੀਲੂ ਰਾਜ, ਜਸਬੀਰ ਪਾਲ ਸਿੰਘ, ਆਤਿਸ਼ ਗੁਪਤਾ, ਸੌਰਭ ਦੁੱਗਲ, ਪਲਵਿੰਦਰ ਸਿੰਘ, ਪਰਮਿੰਦਰ ਸਿੰਘ ਗਿੱਲ, ਨਰਿੰਦਰ ਕੌਰ ਨਸਰੀਨ, ਕੰਵਲਦੀਪ ਕੌਰ, ਸ਼ਿੰਦਰਪਾਲ ਸਿੰਘ, ਜੰਗ ਬਹਾਦਰ ਗੋਇਲ, ਡਾ. ਨੀਲਮ ਗੋਇਲ, ਨੇਹਾ ਸ਼ਰਮਾ, ਸ਼ਮਸ਼ੀਲ ਸਿੰਘ ਸੋਢੀ, ਪ੍ਰਭਜੋਤ ਕੌਰ ਢਿੱਲੋਂ, ਅਮਰਜੀਤ ਢਿੱਲੋਂ, ਗੁਰਜੋਧ ਕੌਰ,  ਅਮਿਤ ਚੋਪੜਾ, ਰਾਜੇਸ਼ ਬੈਨੀਵਾਲ, ਤੇਜਾ ਸਿੰਘ ਥੂਹਾ, ਕੁਲਤਾਰ ਸਿੰਘ ਮੀਆਂਪੁਰੀ, ਜੈ ਸਿੰਘ ਛਿੱਬਰ, ਅਮਰਪਾਲ ਸਿੰਘ ਬੈਂਸ, ਨਵਦੀਪ ਸਿੰਘ, ਪ੍ਰਵੇਸ਼ ਚੌਹਾਨ, ਕੇਵਲਜੀਤ ਸਿੰਘ ਕੰਵਲ, ਮਮਤਾ ਕਾਲੜਾ, ਨੀਰ ਕਾਂਤ ਸ਼ਰਮਾ, ਸ਼ਾਇਨਾ, ਪੂਨਮ ਸ਼ਰਮਾ, ਅਜੀਤ ਕੰਵਲ ਸਿੰਘ ਹਮਦਰਦ ਅਤੇ ਅਨਿਲ ਭਾਰਦਵਾਜ ਦੇ ਨਾਮ ਕਾਬਿਲੇ ਗ਼ੌਰ ਹਨ।

ਕੁੱਲ ਮਿਲਾ ਕੇ ਇਹ ਇੱਕ ਯਾਦਗਾਰੀ ਸਮਾਗਮ ਸੀ ਜਿਸਨੇ ਗੰਭੀਰ ਪੁਸਤਕਾਂ ਵਾਲੇ ਪਾਸੇ ਧਿਆਨ ਦੁਆਇਆ ਕਿ ਅਜਿਹੀਆਂ ਹੋਰ ਪੁਸਤਕਾਂ ਲਿਖੀਆਂ ਅਤੇ ਪੜ੍ਹੀਆਂ ਜਾਣੀਆਂ ਚਾਹੀਦੀਆਂ ਹਨ।