11th December 2024 at 16:30 WhatsApp Regarding Alami Punjabi Conference From 7th March 2025
ਹਰਭਜਨ ਸਿੰਘ ਹੁੰਦਲ ਕਾਵਿ ਪੁਰਸਕਾਰ ਸ਼ੁਰੂ ਕਰਨ ਦਾ ਵੀ ਅਹਿਮ ਐਲਾਨ
ਕੇਂਦਰੀ ਪੰਜਾਬੀ ਲੇਖਕ ਸਭਾ ਦੀ ਕਾਰਜਕਾਰਨੀ ਦੀ ਮੀਟਿੰਗ ਵਿੱਚ ਹਾਜ਼ਰ ਪ੍ਰਧਾਨ ਦਰਸ਼ਨ ਬੁੱਟਰ,ਸੁਸ਼ੀਲ ਦੁਸਾਂਝ, ਡਾ. ਅਟਵਾਲ, ਦੀਪ ਦੇਵਿੰਦਰ ਸਿੰਘ ਅਤੇ ਹੋਰ ਅਹੁਦੇਦਾਰ |
ਜਦੋਂ ਸਾਡੇ ਆਲੇ ਦੁਆਲੇ ਪੰਜਾਬ ਅਤੇ ਪੰਜਾਬੀ ਦੇ ਦੁਸ਼ਮਣ ਆਪਣੀਆਂ ਸਾਜ਼ਿਸ਼ੀ ਸਰਗਰਮੀਆਂ ਨੂੰ ਹਨੇਰੀ ਵਾਂਗ ਚਲਾ ਰਹੇ ਹਨ। ਪੰਜਾਬ ਅਤੇ ਪੰਜਾਬੀ ਦੇ ਹੱਕਾਂ ਤੇ ਡਾਕੇ ਮਾਰ ਰਹੇ ਹਨ। ਪੰਜਾਬ ਵਿੱਚ ਪੰਜਾਬੀਆਂ ਅਤੇ ਪ੍ਰਵਾਸੀਆਂ ਨੂੰ ਲੜਾਉਣ ਵਿੱਚ ਲੱਗੇ ਹੋਏ ਹਨ ਉਦੋਂ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਮੁੱਦਈ ਇਹਨਾਂ ਸਾਜ਼ਿਸ਼ਾਂ ਨੂੰ ਨਾਕਾਮ ਬਣਾਉਣ ਲਈ ਦੁਨੀਆ ਭਰ ਨੂੰ ਲਾਮਬੰਦ ਕਰਨ ਵਿੱਚ ਲੱਗੇ ਹੋਏ ਹਨ। ਇਹਨਾਂ ਖਾਮੋਸ਼ ਪਰ ਠੋਸ ਕੋਸ਼ਿਸ਼ਾਂ ਦੇ ਮੂੰਹੋਂ ਬੋਲਦੇ ਕੁਝ ਕੁ ਮੁਢਲੇ ਨਤੀਜੇ ਤੁਹਾਡੇ ਸਾਹਮਣੇ ਆਉਣਗੇ ਨਵੇਂ ਸਾਲ ਵਿੱਚ ਮਾਰਚ ਦੇ ਮਹੀਨੇ।ਦਿਲਚਸਪ ਗੱਲ ਇਹ ਵੀ ਕਿ ਮਾਰਚ ਦੇ ਮਹੀਨੇ ਬਹੁਤ ਸਾਰੇ ਉਘੇ ਲੇਖਕਾਂ,ਲੇਖਿਕਾਵਾਂ, ਅਦਾਕਾਰਾਂ ਅਤੇ ਹੋਰ ਸ਼ਖਸੀਅਤਾਂ ਦੇ ਜਨਮਦਿਨ ਵੀ ਆਉਂਦੇ ਹਨ।
ਇਹ ਜਾਣਕਾਰੀ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਅਤੇ ਉਘੇ ਸਾਹਿਤਿਕ ਪੱਤਰਕਾਰ ਸੁਸ਼ੀਲ ਦੁਸਾਂਝ ਨੇ ਇੱਕ ਗੈਰ ਰਸਮੀ ਗੱਲਬਾਤ ਦੌਰਾਨ ਦਿੱਤੀ। ਉਹਨਾਂ ਦਾ ਅੰਦਾਜ਼ ਦੱਸਦਾ ਸੀ ਕਿ ਉਹ ਅਤੇ ਉਹਨਾਂ ਦੇ ਸਾਰੇ ਸਾਥੀ ਇਸ ਪ੍ਰੋਜੈਕਟ ਅਤੇ ਪ੍ਰੋਗਰਾਮ ਨਾਲ ਕਿੰਨੀ ਸ਼ਿੱਦਤ ਨਾਲ ਅਤੇ ਕਿੰਨੇ ਜਜ਼ਬਾਤੀ ਹੋ ਕੇ ਜੁੜੇ ਹੋਏ ਹਨ।
ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ) ਦੀ ਮੇਜ਼ਬਾਨੀ ਹੇਠ ਹੋਣ ਹੋਣ ਵਾਲੀ ਆਲਮੀ ਪੰਜਾਬੀ ਕਾਨਫਰੰਸ ਦੀਆਂ ਤਰੀਕਾਂ ਦਾ ਐਲਾਨ ਅਤੇ ਹੋਰ ਤਿਆਰੀਆਂ ਸਬੰਧੀ ਵਿਚਾਰ ਵਟਾਂਦਰਾ ਸਭਾ ਦੀ ਹੋਈ ਕਾਰਜਕਾਰਨੀ ਦੀ ਇਕੱਤਰਤਾ ਵਿੱਚ ਕੀਤਾ ਗਿਆ।
ਕੇਂਦਰੀ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਅਤੇ ਸੀਨੀਅਰ ਮੀਤ ਪ੍ਰਧਾਨ ਡਾ. ਹਰਜਿੰਦਰ ਸਿੰਘ ਅਟਵਾਲ ਦੀ ਅਗਵਾਈ ਵਿਚ ਹੋਈ ਇਸ ਇਕੱਤਰਤਾ ਵਿੱਚ ਜਨਰਲ ਸਕੱਤਰ ਸੁਸ਼ੀਲ ਦੁਸਾਂਝ ਅਤੇ ਦਫਤਰ ਸਕੱਤਰ ਦੀਪ ਦੇਵਿੰਦਰ ਸਿੰਘ ਵਲੋਂ ਪੇਸ਼ ਏਜੰਡਿਆਂ ਦੀ ਰੌਸ਼ਨੀ ਵਿੱਚ ਸਭਾ ਵਲੋਂ ਕਰਵਾਈ ਜਾਣ ਵਾਲੀ ਤਿੰਨ ਰੋਜ਼ਾ ਆਲਮੀ ਪੰਜਾਬੀ ਕਾਨਫਰੰਸ ਮਿਤੀ ਸੱਤ, ਅੱਠ ਅਤੇ ਨੌਂ ਮਾਰਚ ਨੂੰ ਕਰਵਾਏ ਜਾਣ ਦਾ ਫੈਸਲਾ ਕੀਤਾ ਗਿਆ।
ਕਾਨਫਰੰਸ ਦਾ ਆਗਾਜ਼ ਸਆਦਤ ਹਸਨ ਮੰਟੋ, ਲਾਲ ਸਿੰਘ ਦਿਲ, ਗੁਲਜ਼ਾਰ ਮੁਹੰਮਦ ਗੌਰੀਆ, ਸੁਖਜੀਤ ਅਤੇ ਮਾਸਟਰ ਤਰਲੋਚਨ ਵਰਗੇ ਵੱਡੇ ਸਾਹਿਤਕਾਰਾਂ ਦੀ ਕਰਮ ਭੂਮੀ ਸਮਰਾਲਾ ਵਿਖੇ 7 ਮਾਰਚ ਨੂੰ ਹੋਵੇਗਾ ਅਤੇ ਅਗਲੇ ਦੋ ਦਿਨ ਇਹ ਕਾਨਫਰੰਸ ਚੰਡੀਗੜ੍ਹ ਵਿਖੇ ਹੋਵੇਗੀ ਜਿਸ ਵਿੱਚ ਪਾਕਿਸਤਾਨ ਸਮੇਤ ਵਖ ਵਖ ਮੁਲਕਾਂ ਤੋਂ ਪੰਜਾਬੀ ਅਦੀਬ ਹਿੱਸਾ ਲੈਣਗੇ।
ਇੱਸੇ ਸਭਾ ਵਲੋਂ ਪਹਿਲਾਂ ਦਿੱਤੇ ਜਾਣ ਵਾਲੇ ਪੁਰਸਕਾਰ ਗਿਆਨੀ ਹੀਰਾ ਸਿੰਘ ਦਰਦ ਜਥੇਬੰਦਕ ਪੁਰਸਕਾਰ, ਡਾ. ਰਵੀ ਰਵਿੰਦਰ ਅਲੋਚਨਾ ਪੁਰਸਕਾਰ ਅਤੇ ਡਾ. ਐਸ. ਤਰਸੇਮ ਸਾਹਿਤ ਸਾਧਨਾ ਪੁਰਸਕਾਰ ਤੋਂ ਇਲਾਵਾ ਹਰਭਜਨ ਸਿੰਘ ਹੁੰਦਲ ਕਾਵਿ ਪੁਰਸਕਾਰ ਸ਼ੁਰੂ ਕਰਨ ਦਾ ਫੈਸਲਾ ਵੀ ਕੀਤਾ ਗਿਆ। ਇਹ ਪੁਰਸਕਾਰ ਸਭਾ ਵਲੋਂ 23 ਫਰਵਰੀ 2025 ਨੂੰ ਕਰਵਾਏ ਜਾਣ ਵਾਲੇ ਡੇੜ੍ਹ ਸਾਲਾ ਜਰਨਲ ਇਜਲਾਸ ਮੌਕੇ ਦਿੱਤੇ ਜਾਣਗੇ।
ਕੇਂਦਰੀ ਸਭਾ ਦੇ ਅਹੁਦੇਦਾਰਾਂ ਸੁਰਿੰਦਰਪ੍ਰੀਤ ਘਣੀਆਂ,ਸ਼ੈਲਿੰਦਰਜੀਤ ਰਾਜਨ, ਦਲਜੀਤ ਸਿੰਘ ਸ਼ਾਹੀ, ਬਲਵਿੰਦਰ ਸੰਧੂ, ਮੂਲ ਚੰਦ ਸ਼ਰਮਾ, ਮਖਣ ਕੁਹਾੜ, ਡਾ. ਛਿੰਦਰਪਾਲ, ਯਤਿੰਦਰ ਕੌਰ ਮਾਹਲ, ਜਸਵੀਰ ਰਾਣਾ, ਐਸ. ਨਸੀਮ, ਦੀਪਕ ਸ਼ਰਮਾ ਚਨਾਰਥਲ, ਮਨਜਿੰਦਰ ਧਨੋਆ, ਡਾ. ਦਵਿੰਦਰ ਸੈਫੀ , ਗੁਰਮੀਤ ਬਾਜਵਾ, ਮਨਜੀਤ ਸਿੰਘ ਵਸੀ, ਡਾ. ਲੇਖ ਰਾਜ ਅਤੇ ਹੋਰ ਕਾਰਜਕਾਰਨੀ ਮੈਂਬਰਾਂ ਵਲੋਂ ਕਾਨਫਰੰਸ ਦੀ ਕਾਮਯਾਬੀ ਲਈ ਸਹਿਯੋਗ ਦੀ ਹਾਮੀ ਭਰੀ।
ਵਧੀਆ ਉਪਰਾਲਾ
ReplyDeleteਬਹੁਤ ਖ਼ੂਬ , ਬੁੱਧੀਜੀਵੀਆਂ ਲਈ ਸਾਹਿਤਕ ਸਰਗਰਮੀਆਂ ਦੀ ਜਾਣਕਾਰੀ ਧੰਨਵਾਦ ਜੀ 🙏🙏
ReplyDelete