ਦੀਪਕ ਸ਼ਰਮਾ ਚਨਾਰਥਲ ਅਤੇ ਭੁਪਿੰਦਰ ਮਲਿਕ ਸਾਥੀਆਂ ਸਣੇ ਚੁਣੇ ਗਏ
ਚੰਡੀਗੜ੍ਹ: 8 ਦਸੰਬਰ 2024: (ਕਾਰਤਿਕਾ ਕਲਿਆਣੀ ਸਿੰਘ//ਸਾਹਿਤ ਸਕਰੀਨ ਡੈਸਕ)::
ਸਾਹਿਤ ਦੀ ਦੁਨੀਆ ਵਿੱਚ ਲਗਾਤਾਰ ਸਰਗਰਮ ਰਹਿਣ ਵਾਲੀ ਸਾਹਿਤਿਕ ਸੰਸਥਾ "ਪੰਜਾਬੀ ਲੇਖਕ ਸਭਾ" ਦੀ ਬਿਨਾ ਮੁਕਾਬਲਾ ਚੋਣ ਅੱਜ ਪਹਿਲਾਂ ਤੋਂ ਐਲਾਨੇ ਪ੍ਰੋਗਰਾਮ ਮੁਤਾਬਕ ਹੋਈ ਜਿਸ ਵਿਚ ਸਰਗਰਮ ਕਲਮਕਾਰ ਇੱਕ ਵਾਰ ਫੇਰ ਆਪੋ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਅੱਗੇ ਆਏ ਹਨ। ਇਹਨਾਂ ਨੂੰ ਸਭਨਾਂ ਵੱਲੋਂ ਹਾਰਦਿਕ ਵਧਾਈਆਂ ਦੇਂਦਿਆਂ ਜੀ ਆਇਆਂ ਆਖਿਆ ਗਿਆ। ਕਲਾ ਭਵਨ ਵਿੱਚ ਅੱਜ ਸਾਹਿਤ ਨਸਲ ਸਬੰਧਤ ਵਖਰੀ ਕਿਸਮ ਦੀਆਂ ਰੌਣਕਾਂ ਰਹੀਆਂ।
ਸਾਹਿਤ ਦੇ ਨਾਲ ਨਾਲ ਪੱਤਰਕਾਰੀ ਵਿੱਚ ਨਵੀਆਂ ਪਿਰਤਾਂ ਪਾਉਣ ਵਾਲੇ ਦੀਪਕ ਸ਼ਰਮਾ ਚਨਾਰਥਲ ਪ੍ਰਧਾਨ ਚੁਣੇ ਗਏ। ਦੇਸ਼, ਪੰਜਾਬ ਅਤੇ ਦੁਨੀਆ ਵਿੱਚ ਹੁੰਦੀਆਂ ਸਰਗਰਮੀਆਂ ਨੂੰ ਤੀਸਰੀ ਅੱਖ ਨਾਲ ਦੇਖਣ ਵਾਲੇ ਦੀਪਕ ਸ਼ਰਮਾ ਚਨਾਰਥਲ ਵਿੱਚ ਬਹੁਤ ਖੂਬੀਆਂ ਹਨ ਜਿਹਨਾਂ ਦੀ ਚਰਚਾ ਵੱਖਰੀ ਪੋਸਟ ਵਿੱਚ ਕੀਤੀ ਜਾਏਗੀ ਬਹੁਤ ਹੀ ਜਲਦੀ।
ਇੱਸੇ ਸੰਗਠਨ ਨਾਲ ਜੁੜੇ ਹੋਏ ਭੁਪਿੰਦਰ ਸਿੰਘ ਮਲਿਕ ਇਸ ਵਾਰ ਵੀ ਜਨਰਲ ਸਕੱਤਰ ਚੁਣੇ ਗਏ ਹਨ। ਰੇਡੀਓ ਦੀ ਦੁਨੀਆ, ਪ੍ਰਿੰਟ ਮੀਡੀਆ ਦੀ ਦੁਨੀਆ ਅਤੇ ਕਲਮਾਂ ਵਾਲਿਆਂ ਦੇ ਸੰਸਾਰ ਦੀ ਗੱਲ ਉਹ ਅਕਸਰ ਆਪਣੀਆਂ ਉਹਨਾਂ ਪੋਸਟਾਂ ਵਿੱਚ ਕਰਦੇ ਰਹਿੰਦੇ ਹਨ ਜਿਹਨਾਂ ਨੂੰ ਮਾਈਕਰੋ ਪੋਸਟਾਂ ਵੀ ਕਿਹਾ ਜਾ ਸਕਦਾ ਹੈ। ਇਹ ਨਿੱਕੀਆਂ ਪੋਸਟਾਂ ਵਿੱਚ ਹਰ ਵਾਰ ਕੋਈ ਨੇ ਕੂ ਵੱਡੀ ਗੱਲ ਲੁਕੀ ਹੁੰਦੀ ਹੈ।
ਪੰਜਾਬੀ ਦੇ ਨਾਲ ਅਥਾਹ ਪਿਆਰ ਕਰਨ ਵਾਲੇ ਪਾਲ ਅਜਨਬੀ ਸੀਨੀਅਰ ਮੀਤ ਪ੍ਰਧਾਨ ਚੁਣੇ ਗਏ ਹਨ। ਦਿਲਚਸਪ ਗੱਲ ਹੈ ਕਿ ਜਨਾਬ ਪਾਲ ਅਜਨਬੀ ਹਿੰਦੀ ਵਿਚ ਵੀ ਬਹੁਤ ਵਧੀਆ ਲਿਖਦੇ ਹਨ। ਜਿਹੜੇ ਕਲਮਕਾਰ ਹਿੰਦੀ, ਪੰਜਾਬੀ ਅਤੇ ਹੋਰਨਾਂ ਭਾਸ਼ਾਵਾਂ ਦਰਮਿਆਨ ਇੱਕ ਪੁਲ ਵਾਂਗ ਕੰਮ ਕਰਦੇ ਹਨ ਉਹਨਾਂ ਵਿੱਚ ਪਾਲ ਅਜਨਬੀ ਬਹੁਤ ਵਿਸ਼ੇਸ਼ ਥਾਂ ਰੱਖਦੇ ਹਨ।
ਸਾਹਿਤਿਕ ਕਿਰਤਾਂ ਨੂੰ ਬਹੁਤ ਦਿਲਚਸਪੀ ਅਤੇ ਡੂੰਘਾਈ ਨਾਲ ਵਾਚਣਾ, ਫਿਰ ਉਹਨਾਂ ਬਾਰੇ ਪੂਰੀ ਦਿਆਨਤਦਾਰੀ ਨਾਲ ਲਿਖਣ ਵਾਲਿਆਂ ਵਿੱਚ ਗਿਣੇ ਜਾਣ ਵਾਲੇ ਵਿਸ਼ੇਸ਼ ਲੇਖਕ ਡਾ. ਗੁਰਮੇਲ ਸਿੰਘ ਮੀਤ ਪ੍ਰਧਾਨ ਵੱਜੋਂ ਚੁਣੇ ਗਏ ਹਨ। ਉਹ ਲੇਖਕ ਹੋਣ ਦੇ ਨਾਲ ਬਹੁਤ ਚੰਗੇ ਪਾਠਕ, ਬਹੁਤ ਚੰਗੇ ਸਰੋਤੇ ਅਤੇ ਵਿਸ਼ਲੇਸ਼ਕ ਵੀ ਹਨ।
ਇੱਸੇ ਤਰ੍ਹਾਂ ਇਸਤਰੀ ਲੇਖਕਾਂ ਦੀ ਪ੍ਰਤੀਨਿਧਤਾ ਕਰਨ ਦੀ ਜ਼ਿੰਮੇਵਾਰੀ ਇੱਕ ਵਾਰ ਫਿਰ ਮਨਜੀਤ ਕੌਰ ਮੀਤ ਹੁਰਾਂ ਦੇ ਹਿੱਸੇ ਆਈ ਹੈ। ਉਹ ਇਸ ਵੱਕਾਰੀ ਸੰਗਠਨ ਦੇ ਮੀਤ ਪ੍ਰਧਾਨ ਚੁਣੇ ਗਏ ਹਨ। ਉਹਨਾਂ ਦੀ ਮੌਜੂਦਗੀ ਇਸਤਰੀ ਕਲਮਕਾਰਾਂ ਨੂੰ ਵੀ ਹੋਰ ਉਤਸ਼ਾਹਿਤ ਕਰੇਗੀ।
ਕਿਸੇ ਵੀ ਥਾਂ ਕੋਈ ਸਾਹਿਤਿਕ ਇਕਤੱਰਤਾ ਹੋਵੇ, ਉਥੇ ਕਿਹੜੀ ਪੁਸਤਕ ਰਿਲੀਜ਼ ਹੋਣੀ ਹੈ ਇਹਨਾਂ ਸਾਰੀਆਂ ਮੁਢਲੀਆਂ ਜਾਣਕਾਰੀਆਂ ਦੀ ਜਾਣਕਾਰੀ ਸੰਗਠਨ ਦੇ ਮੈਂਬਰਾਂ ਅਤੇ ਗੈਰ ਮੈਂਬਰ ਪਾਠਕਾਂ ਤੱਕ ਵੀ ਸਮੇਂ ਸਿਰ ਪਹੁੰਚਾਉਣ ਵਾਲਿਆਂ ਵਿੱਚ ਸੁਖਵਿੰਦਰ ਸਿੰਘ ਸਿੱਧੂ ਬਹੁਤ ਸਰਗਰਮੀ ਨਾਲ ਇਹ ਸੇਵਾ ਨਿਭਾਉਂਦੇ ਹਨ। ਉਹ ਇਸ ਸਾਹਿਤਿਕ ਸੰਗਠਨ ਦੇ ਸਕੱਤਰ ਚੁਣੇ ਗਏ ਹਨ।
ਸਾਹਿਤ ਸਿਰਜਣਾ ਵਿੱਚ ਬੜੀਆਂ ਸੂਖਮ ਗੱਲਾਂ ਬੜੀ ਬੇਬਾਕੀ ਨਾਲ ਕਹਿਣ ਵਾਲਿਆਂ ਵਿੱਚ ਸਿਮਰਜੀਤ ਗਰੇਵਾਲ ਵੀ ਹਨ। ਉਹਨਾਂ ਦੀਆਂ ਲਿਖਤਾਂ ਪਾਠਕਾਂ ਅਤੇ ਸਰੋਤਿਆਂ ਨੂੰ ਸੋਚਣ ਲਈ ਮਜਬੂਰ ਕਰਦੀਆਂ ਹਨ। ਉਹ ਇਸ ਸੰਗਠਨ ਦੇ ਸਕੱਤਰ ਚੁਣੇ ਗਏ ਹਨ।
ਸਾਹਿਤ ਸਿਰਜਣਾ, ਸਾਹਿਤ ਦੇ ਅਧਿਐਨ, ਸਾਹਿਤ ਦੀ ਮਾਰਕੀਟਿੰਗ, ਸਾਹਿਤ ਅਤੇ ਪੱਤਰਕਾਰਿਤਾ ਵਿਚਲੇ ਸੰਬੰਧਾਂ ਬਹੁਤ ਹੀ ਨੇੜਿਉਂ ਹੋ ਕੇ ਦੇਖਣ ਵਾਲੇ ਹਰਮਿੰਦਰ ਕਾਲੜਾ ਅਸਲ ਵਿਚ ਸਾਹਿਤ ਦੀ ਸਾਧਨਾ ਕਰਨ ਵਾਲੇ ਸਾਧਕ ਵਾਂਗ ਹਨ। ਉਹ ਲੇਖਕਾਂ ਦੇ ਇਸ ਪ੍ਰਤੀਬਧ ਸੰਗਠਨ ਦੇ ਵਿੱਤ ਸਕੱਤਰ ਚੁਣੇ ਗਏ ਹਨ।
ਕੁਲ ਮਿਲਾ ਕੇ ਇੱਕ ਵਾਰ ਫੇਰ ਉਹਨਾਂ ਸਰਗਰਮ ਕਲਮਕਾਰਾਂ ਦੀ ਟੀਮ ਤੁਹਾਡੇ ਸਾਹਮਣੇ ਹੈ ਜਿਸਦੇ ਲਈ ਸਾਹਿਤਿਕ ਸਰਗਰਮੀਆਂ ਇੱਕ ਗੰਭੀਰ ਅਤੇ ਪ੍ਰਤੀਬੱਧਤਾ ਵਾਲਾ ਕਾਰਜ ਹਨ। ਅਸੀ ਸਾਹਿਤ ਸਕਰੀਨ ਵੱਲੋਂ ਇਸ ਸਾਰੀ ਟੀਮ ਨੂੰ ਮੁਬਾਰਕ ਦੇਂਦੇ ਹੋਏ ਜੀ ਆਇਆਂ ਆਖਦੇ ਹਾਂ।
ਤੁਹਾਡੇ ਵਿਚਾਰਾਂ ਅਤੇ ਟਿੱਪਣੀਆਂ ਦੀ ਉਡੀਕ ਇਸ ਵਾਰ ਵੀ ਰਹੇਗੀ ਹੀ। ਸਮਾਂ ਕੱਢ ਕੇ ਸੁਝਾਅ ਵੀ ਦੇਣਾ।
ਲੇਖਕ ਸਭਾ ਦੀ ਟੀਮ ਬਾਰੇ ਬਹੁਤ ਸੋਹਣੀ ਤੇ ਦਰੁੱਸਤ ਜਾਣਕਾਰੀ। ਸ਼ੁਕਰੀਆ ਸਾਹਿਤ ਸਕਰੀਨ।
ReplyDeleteਬਹੁਤ ਬਹੁਤ ਧੰਨਵਾਦ ਗੁਰਨਾਮ ਕੰਵਰ ਜੀ...
Deleteਇਹ ਸਭ ਤੁਹਾਡੀ ਪ੍ਰੇਰਣਾ ਸਦਕਾ ਹੀ ਹੈ।