google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: ਮਿੰਨੀ ਕਹਾਣੀ ਵਾਲੇ ਯੁਗ ਦੀ ਦਸਤਕ ਫਿਰ ਸੁਣਾਈ ਦਿੱਤੀ ਲੁਧਿਆਣਾ ਵਿੱਚ

Sunday, 22 December 2024

ਮਿੰਨੀ ਕਹਾਣੀ ਵਾਲੇ ਯੁਗ ਦੀ ਦਸਤਕ ਫਿਰ ਸੁਣਾਈ ਦਿੱਤੀ ਲੁਧਿਆਣਾ ਵਿੱਚ

From Punjabi Sahit Academy on Sunday 22nd December 2024 at 4:34 PM Edit and input by Kartika Singh  

ਪੰਜਾਬੀ ਸਾਹਿਤ ਅਕਾਡਮੀ ਵੱਲੋਂ ਪੰਜਾਬੀ ਭਵਨ ਵਿਖੇ ਹੋਇਆ ਕੌਮੀ ਸੈਮੀਨਾਰ 


ਲੁਧਿਆਣਾ: 20 ਦਸੰਬਰ 2024: (ਰੈਕਟਰ ਕਥੂਰੀਆ//ਸਾਹਿਤ ਸਕਰੀਨ ਡੈਸਕ)::
ਜਦੋਂ ਪੰਜਾਬ ਵਿੱਚ ਨਕਸਲੀ ਲਹਿਰ ਉੱਠੀ ਤਾਂ ਇਸ ਲਹਿਰ ਦੇ ਪ੍ਰਭਾਵ ਹੇਠ ਸਾਹਿਤ ਦੀ ਵੀ ਇੱਕ ਨਵੀਂ ਧਾਰਾ ਪੈਦਾ ਹੋਈ ਜਿਹੜੀ ਨਕਸਲਬਾੜੀ ਵਾਲੇ ਵਿਚਾਰਾਂ ਤੋਂ ਪ੍ਰਭਾਵਿਤ ਸੀ। ਇਸ ਧਾਰਾ ਵਾਲੇ ਕਲਮਕਾਰਾਂ ਦਾ ਜੋਸ਼ੋ ਖਰੋਸ਼ ਰਵਾਇਤੀ ਕਾਮਰੇਡਾਂ ਨਾਲੋਂ ਕੁਝ ਵੱਧ ਤਿੱਖਾ ਹੁੰਦਾ ਸੀ। ਖੱਬੇਪੱਖੀਆਂ ਵਿੱਚ ਇਸ ਨਵੇਂ ਰੁਝਾਨ ਨੂੰ ਲੈ ਕੇ ਇੱਕ ਲਕੀਰ ਜਿਹੀ ਵੀ ਉਭਰਦੀ ਮਹਿਸੂਸ ਹੋ ਰਹੀ ਸੀ। ਜਦੋਂ ਕਿਧਰੇ ਕੋਈ ਨਕਸਲੀ ਸੁਰ ਵਾਲਾ ਸ਼ਾਇਰ ਜਾਂ ਲੇਖਕ ਸਟੇਜ ਤੇ ਬੋਲਦਾ ਹੁੰਦਾ ਜਾਂ ਕਿਸੇ ਹੋਰ ਤਰ੍ਹਾਂ ਵਿਚਰਦਾ ਹੁੰਦਾ ਤਾਂ ਕਈ ਵਾਰ ਰਵਾਇਤੀ ਖੱਬੇਪੱਖੀਆਂ ਵਿੱਚੋਂ ਕੋਈ ਨ ਕੋਈ ਕਿਸੇ ਨ ਕਿਸੇ ਦੇ ਕੰਨ ਵਿੱਚ ਇਹ ਆਖਦਾ ਵੀ ਸੁਣਿਆ ਜਾਂਦਾ ਕਿ ਇਹ ਤਾਂ ਨਕਸਲੀ ਐ। 

ਇਹ ਸ਼ਬਦ ਆਖਣ ਵਾਲਿਆਂ ਦਾ ਅੰਦਾਜ਼ ਵੀ ਕੁਝ ਛੁਟਿਆਉਣ ਜਿਹੀ ਸੁਰ ਵਾਲਾ ਹੁੰਦਾ। ਸਾਹਿਤਿਕ ਨੇੜਤਾ ਦੇ ਬਾਵਜੂਦ ਇੱਕ ਦੂਰੀ ਜਿਹੀ ਦਾ ਅਹਿਸਾਸ ਕਰਾਉਂਦਾ ਸੀ ਇਹ ਅੰਦਾਜ਼। ਪਾਸ਼ ਅਤੇ ਕੁਝ ਹੋਰਾਂ ਦੀ ਸ਼ਹਾਦਤ ਤੋਂ ਬਾਅਦ ਇਹ ਲਕੀਰ ਮੱਧਮ ਵੀ ਪੈਣ ਲੱਗ ਪਈ ਸੀ। ਹੋਲੀ ਹੋਲੀ ਖੱਬੀਆਂ ਕਲਮਾਂ ਵਾਲਿਆਂ ਦੀ ਪੁਰਾਣੀ ਏਕਤਾ ਵੀ ਅਤੇ ਮੋਹ ਪਿਆਰ ਵੀ ਪਰਤਣ ਲੱਗੇ। ਹਾਲਾਤ ਵੀ ਨਾਜ਼ੁਕ ਲੈ ਮੋੜ ਲੈ ਰਹੇ ਸਨ। ਸਿੱਖ ਖਾੜਕੂਵਾਦ ਵੀ ਜ਼ੋਰ ਫੜਦਾ ਜਾ ਰਿਹਾ ਸੀ। ਬਲਦੇਵ ਸਿੰਘ ਮਾਨ, ਗਿਆਨ ਸਿੰਘ ਸੰਘਾ ਅਤੇ ਕਈ ਹੋਰ ਖੱਬੇਪੱਖੀ ਆਗੂ ਅਤੇ ਕਾਰਕੁੰਨ ਖਾਲਿਸਤਾਨੀ ਲਹਿਰ ਦੌਰਾਨ ਸ਼ਹੀਦ ਕਰ ਦਿੱਤੇ ਗਏ ਸਨ। 

ਜਿਹੜੀ ਲਕੀਰ ਪਹਿਲਾਂ ਨਕਸਲੀ ਕਲਮਕਾਰਾਂ ਅਤੇ ਰਵਾਇਤੀ ਖੱਬੇਪੱਖੀਆਂ ਦੌਰਾਨ ਉਭਰੀ ਸੀ ਉੱਸੇ ਤਰ੍ਹਾਂ ਦੀ ਲਕੀਰ ਹੁਣ ਖੱਬੇਪੱਖੀਆਂ ਅਤੇ ਸਿੱਖ ਖਾੜਕੂਆਂ ਦਰਮਿਆਨ ਸਾਹਮਣੇ ਆਉਣ ਲੱਗ ਪਈ ਸੀ। ਇਹ ਲਕੀਰ ਸੀ ਵੀ ਬਹੁਤ ਗੂਹੜੀ। ਸੰਤ ਰਾਮ ਉਦਾਸੀ ਅਤੇ ਜਸਵੰਤ ਸਿੰਘ ਕੰਵਲ ਦੇ ਸਾਹਿਤ ਨੂੰ ਵੀ ਨਕਸਲੀ ਬੁਧੀਜੀਵੀਆਂ ਅਤੇ ਸਿੱਖ ਖਾੜਕੂਆਂ  ਨਾਲ ਜੁੜੇ ਬੁਧੀਜੀਵੀਆਂ ਨੇ ਨੇ ਆਪੋ ਆਪਣੇ ਢੰਗ ਨਾਲ ਵਿਆਖਿਆ ਕਰ ਕੇ ਵੰਡ ਲਿਆ ਸੀ। ਇਹ ਗੱਲ ਵੱਖਰੀ ਹੈ ਕਿ ਇਸ ਵੰਡ ਵੰਡਈਏ ਦੇ ਬਾਵਜੂਦ ਇਹ ਸ਼ਖਸੀਅਤਾਂ ਆਪੋ ਆਪਣੇ ਜੋਸ਼ੋ ਖਰੋਸ਼ ਵਾਲੀ ਭਾਵਨਾ ਅਤੇ ਸਪਿਰਿਟ ਨਾਲ ਪੂਰੀ ਤਰ੍ਹਾਂ ਜੁੜੀਆਂ ਵੀ ਰਹੀਆਂ। ਸਮੇਂ ਨੇ ਇਹਨਾਂ ਦੀ ਆਪਸੀ ਏਕਤਾ ਨੂੰ ਵੀ ਮਜ਼ਬੂਤ ਕੀਤਾ। 

ਅਸਲ ਵਿੱਚ ਜ਼ਿੰਦਗੀ ਦੇ ਬਹੁਤੇ ਵਰਗਾਂ ਕੋਲ  ਸਮਾਂ ਘਟਦਾ ਜਾ ਰਿਹਾ ਸੀ। ਬੁਧੀਜੀਵੀਆਂ ਲਈ ਇਹ ਸਮੱਸਿਆ ਹੋਰ ਵੀ ਗੰਭੀਰ ਸੀ। ਪਰਿਵਾਰ ਪਾਲਣਾ ਵੱਡੀ ਜ਼ਿੰਮੇਦਾਰੀ ਹੁੰਦੀ ਸੀ ਪਰ ਸਾਹਿਤ ਨਾਲ ਲਗਾਓ ਦੇ ਚੱਲਦਿਆਂ ਕਿਤਾਬਾਂ ਰਸਾਲੇ ਖਰੀਦਣੇ ਉਦੋਂ ਵੀ ਕੋਈ ਕੋਈ ਸਸਤੇ ਨਹੀਂ ਸਨ ਲੱਗਦੇ। ਸਾਹਿਤਕ ਆਯੋਜਨ ਵੀ ਹੁਣ ਵਾਂਗ ਚਕਾਚੌਂਧ ਵਾਲੇ ਬਹੁਤੇ ਖਰਚੀਲੇ ਨਹੀਂ ਸਨ ਹੁੰਦੇ। ਐਮਰਜੰਸੀ ਦੇ ਨਾਲ ਵੱਖ ਵੱਖ ਸਿਆਸੀ ਲਹਿਰਾਂ ਨੂੰ ਨੇੜਿਓਂ ਦੇਖ ਚੁੱਕੀ  ਮਿੰਨੀ ਕਹਾਣੀ ਵਾਲੀ ਲਹਿਰ ਦੀ ਧਾਰ ਵੀ ਤਿੱਖੀ ਹੁੰਦੀ ਜਾ ਰਹੀ ਸੀ। ਹਿੰਦੀ ਵਾਲੀ ਲਘੂ ਕਥਾ ਲਹਿਰ ਅਤੇ ਪੰਜਾਬੀ ਵਾਲੀ ਮਿੰਨੀ ਕਹਾਣੀ ਲੇਖਕ ਇੱਕ ਦੂਜੇ ਦੇ ਨੇੜੇ ਵੀ ਆ ਰਹੇ ਸਨ। ਨਾਜ਼ੁਕ ਵੇਲਿਆਂ ਦੇ ਬਾਵਜੂਦ ਮਿੰਨੀ ਕਹਾਣੀ ਮਜ਼ਬੂਤ ਹੋ ਰਹੀ ਸੀ। 

ਇਸੇ ਦੌਰਾਨ ਹੀ ਮਿੰਨੀ ਕਹਾਣੀ ਦੀ ਚੜ੍ਹਤ ਵੀ ਦੇਖੀ ਅਤੇ ਮਹਿਸੂਸ ਕੀਤੀ ਗਈ। ਮਿੰਨੀ ਕਹਾਣੀ ਕਿਸੇ ਤੇਜ਼ ਹਨੇਰੀ ਵਾਂਗ ਆਈ ਸੀ। ਸਾਹਿਤ ਤੇ ਆਲੋਚਕਾਂ ਵਾਂਗ ਨਜ਼ਰ ਰੱਖਣ ਵਾਲੇ ਹੁਣ ਕਹਾਣੀ ਅਤੇ ਮਿੰਨੀ ਕਹਾਣੀ ਦਰਮਿਆਨ ਵੀ ਲਕੀਰ ਦੇਖਣ ਲਗ ਪਏ ਸਨ। ਇਸ ਵਿਰੋਧ ਵਰਗੀ ਸੁਰ ਦੇ ਬਾਵਜੂਦ ਮਿੰਨੀ ਕਹਾਣੀ ਨੇ ਆਪਣੀ ਥਾਂ ਬਣਾਈ। ਆਲੋਚਕ ਲੋਕ ਮਿੰਨੀ ਕਹਾਣੀ ਨੂੰ ਚੁਟਕਲੇਬਾਜ਼ੀ ਕਹਿਣ ਤੋਂ ਵੀ ਨਹੀਂ ਸਨ ਹਟੇ। 

ਇਸ ਵਿਰੋਧ ਅਤੇ ਵਰਤਾਰੇ ਦੇ ਬਾਵਜੂਦ ਰੋਜ਼ਾਨਾ ਅਜੀਤ ਨੇ ਮਿੰਨੀ ਕਹਾਣੀ ਨੂੰ ਉਚੇਚ ਨਾਲ ਥਾਂ ਦੇਣੀ ਸ਼ੁਰੂ ਕੀਤੀ। ਅਜੀਤ ਦੇ ਮੈਗਜ਼ੀਨ ਐਡੀਟਰ ਬਲਦੇਵ ਗਰੇਵਾਲ ਹੁੰਦੇ ਸਨ। ਉਹਨਾਂ ਨੇ ਨੇ ਮਿੰਨੀ ਕਹਾਣੀ ਨੂੰ ਸਪੇਸ ਫਿੱਲਰ ਵਾਂਗ ਛਾਪਣ ਦੇ ਅੰਦਾਜ਼ ਨੂੰ ਵਿਕਸਿਤ ਕਰਦਿਆਂ ਬਾਅਦ ਵਿੱਚ ਵੱਡੀ ਕਹਾਣੀ ਵਾਂਗ ਉਸ ਨਾਲ ਸਕੈਚ ਅਤੇ ਡਿਜ਼ਾਈਨ ਛਾਪਣੇ ਵੀ ਸ਼ੁਰੂ ਕੀਤੇ ਜਿਸ ਨਾਲ ਮਿੰਨੀ ਕਹਾਣੀ ਵੀ ਛਪਣ ਮਗਰੋਂ ਬੜੀ ਆਕਰਸ਼ਿਤ ਲੱਗਦੀ। 

ਇਸੇ ਤਰ੍ਹਾਂ ਜਗਬਾਣੀ ਅਖਬਾਰ ਦੇ ਮੈਗਜ਼ੀਨ ਸੈਕਸ਼ਨ ਵਿੱਚ ਉਹਨਾਂ ਵੇਲਿਆਂ ਦੇ ਸਰਗਰਮ ਪੱਤਰਕਾਰ ਇਕਬਾਲ ਬਹਾਦਰ ਸਿੰਘ ਚਾਨਾ ਨੇ ਵੀ ਮਿੰਨੀ ਕਹਾਣੀਆਂ ਅਤੇ ਛੋਟੀਆਂ ਗ਼ਜ਼ਲਾਂ ਨੂੰ ਬੜੇ ਆਕਰਸ਼ਿਤ ਢੰਗ ਨਾਪ ਛਪਣਾ ਸ਼ੁਰੂ ਕੀਤਾ। ਇਸ ਢੰਗ ਤਰੀਕੇ ਨਾਲ ਛਪੀਆਂ ਮਿੰਨੀ ਕਹਾਣੀਆਂ ਪੂਰੇ ਸਫ਼ੇ ਦੀ ਸ਼ਾਨ ਵੀ ਲੱਗਦੀਆਂ ਸਨ। 

ਉਸ ਵੇਲੇ ਦੀ ਪ੍ਰਸਿੱਧ ਅਖਬਾਰ ਰੋਜ਼ਾਨਾ ਅਕਾਲੀ ਪੱਤ੍ਰਿਕਾ ਵਿੱਚ ਗੁਰਬਖਸ਼ ਸਿੰਘ ਵਿਰਕ ਵੀ ਇਸ ਪਾਸੇ ਉਚੇਚ ਨਾਲ ਧਿਆਨ  ਦੇਂਦੇ। ਅਕਾਲੀ ਪੱਤ੍ਰਿਕਾ ਵਿੱਚ ਛਪਣਾ ਵੀ ਉਦੋਂ ਬਹੁਤ ਮਾਣ ਸਨਮਾਨ  ਵਾਲੀ ਗੱਲ ਸਮਝੀ ਜਾਂਦੀ ਸੀ। ਕਈ ਹੋਰ ਨਵੇਂ ਪਰਚੇ ਵੀ ਸਾਹਮਣੇ ਆਏ।  

ਅਕਾਲੀ ਸਰਕਾਰ ਅਤੇ ਅਕਾਲੀ ਦਲ ਦੀ ਤਰਜਮਾਨ ਵੱਜੋਂ ਸ਼ੁਰੂ ਹੋਈ ਪੰਥਕ ਅਖਬਾਰ ਰੋਜ਼ਾਨਾ ਅਕਾਲੀ ਟਾਈਮਜ਼ ਵਿੱਚ ਗਿਆਨੀ ਜੰਗ ਸਿੰਘ ਸੰਪਾਦਕੀ ਸਫ਼ਾ ਵੀ ਦੇਖਦੇ ਅਤੇ ਮੈਗਜ਼ੀਨ ਸੈਕਸ਼ਨ ਵੀ। ਅਖਬਾਰੀ ਸਟਾਫ ਵਿੱਚ ਨੌਜਵਾਨ ਗੁਰਸਿੱਖ ਬਲਵੰਤ ਸਿੰਘ ਬੱਲ ਵੀ ਕਾਫੀ ਸਹਿਯੋਗ ਦੇਂਦੇ। ਜਲਦੀ ਹੀ ਅਕਾਲੀ ਸਰਕਾਰ ਅਤੇ ਅਕਾਲੀ ਦਲ ਵਿੱਚ ਖੜਕ ਪੈ ਅਤੇ ਇਹ ਅਖਬਾਰ ਉੱਸੇ ਟਕਰਾਓ ਦੇ ਚਲਦਿਆਂ ਬੰਦ ਹੋ ਗਈ। ਅਕਾਲੀ ਟਾਈਮਜ਼ ਅਖਬਾਰ ਖੁਦ ਅਕਾਲੀ ਸਰਕਾਰ ਵੇਲੇ ਹੀ ਬੰਦ ਹੋ  ਗਈ। ਇੱਕ ਪਾਸੇ ਸੰਤ ਹਰਚੰਦ ਸਿੰਘ ਲੌਂਗੋਵਾਲ ਅਤੇ ਇੱਕ ਪਾਸੇ ਲੋਹ ਪੁਰਸ਼ ਵੱਜੋਂ ਜਾਣੇ ਜਾਂਦੇ ਸਰਦਾਰ ਜਗਦੇਵ ਸਿੰਘ ਤਲਵੰਡੀ। ਇਸ ਟਕਰਾਓ ਨੇ ਅਕਾਲੀ ਟਾਈਮਜ਼ ਅਖਬਾਰ ਨੂੰ ਨਿਗਲ ਲਿਆ। 

ਰੋਜ਼ਾਨਾ ਨਵਾਂ ਜ਼ਮਾਨਾ ਵਿੱਚ ਮੈਗਜ਼ੀਨ ਸੈਕਸ਼ਨ ਦੀ ਦੇਖਰੇਖ ਸਰਵਣ ਸਿੰਘ, ਕਾਮਰੇਡ ਗੁਰਮੀਤ (ਹੁਣ ਦੇਸ਼ ਭਗਤ ਹਾਲ ਜਲੰਧਰ),  ਲਖਵਿੰਦਰ ਜੌਹਲ ਵੀ ਸਮਾਂ ਦੇਇਆ ਕਰਦੇ ਸਨ। ਕੁਝ ਸਮਾਂ ਇਹ ਚਾਰਜ ਮੇਰੇ ਕੋਲ ਵੀ ਰਿਹਾ। ਗੁਰਮੇਲ ਸਰਾ ਵੀ ਇਸ ਸੈਕਸ਼ਨ ਨੂੰ ਦਿਲਕਸ਼ ਬਣਾਉਣ ਲਈ ਆਪਣੀਆਂ ਦਿਲਚਸਪ ਲਿਖਤਾਂ ਦੇਇਆ ਕਰਦੇ ਸਨ। 

ਮਿੰਨੀ ਕਹਾਣੀ ਦੇ ਮਾਮਲੇ ਵਿੱਚ ਹਿੰਦੀ ਵਿੱਚ ਵੀ ਪੂਰਾ ਜ਼ੋਰ ਸੀ। ਜਨਾਬ ਸਿਮਰ ਸਦੋਸ਼ ਹੁਰਾਂ ਨੇ ਇਸ ਪਾਸੇ ਬਹੁਤ ਸਮਰਪਣ ਨਾਲ ਯੋਗਦਾਨ ਪਾਇਆ। ਉਹਨਾਂ ਹਿੰਦੀ ਮਿਲਾਪ ਅਖ਼ਬਾਰ ਦੇ ਤਿੰਨ ਵਿਸ਼ੇਸ਼ ਅੰਕ ਲਘੂ ਕਥਾ ਵਿਸ਼ੇਸ਼ ਅੰਕ ਵੱਜੋਂ ਕੱਢੇ। ਇਹ ਵਿਸ਼ੇਸ਼ ਅੰਕ ਬੜੇ ਖੋਜ ਭਰਪੂਰ ਵੀ ਸਨ ਅਤੇ ਬਹੁਤ ਸਾਂਭਣ ਯੋਗ ਵੀ ਸਨ। 

ਗਾਜ਼ੀਆਬਾਦ ਤੋਂ ਪੰਜਾਬ ਆਏ ਹੋਏ ਲੇਖਕ ਜਗਦੀਸ਼ ਕਸ਼ਿਅਪ ਹਿੰਦੀ ਮਿੰਨੀ ਕਹਾਣੀ ਵਿੱਚ ਕਾਫੀ ਸਰਗਰਮ ਰਹੇ। ਹਿੰਦੀ ਲੇਖਕ  ਲਘੂ ਕਥਾ ਆਖਿਆ ਕਰਦੇ ਸਨ। ਪੰਜਾਬੀ ਦੇ ਮੰਨੇ ਪ੍ਰਮੰਨੇ ਹਸਤਾਖਰ ਜਸਵੰਤ ਸਿੰਘ ਵਿਰਦੀ ਨਾਲ ਉਹਨਾਂ ਦਾ ਖਾਸ ਪਿਆਰ ਸੀ। ਉਹ ਨਾਵਲ ਵੀ ਲਿਖਦੇ ਸਨ ਪਰ ਮਿੰਨੀ ਕਹਾਣੀ ਨੂੰ ਲਹਿਰ ਬਣਾਉਣ ਵਿੱਚ ਵੀ ਉਹਨਾਂ ਦਾ ਕਾਫੀ ਯੋਗਦਾਨ ਸੀ। ਉਹਨਾਂ ਦੀ ਸ਼ੈਲੀ ਵੀ ਕਮਾਲ ਦੀ ਸੀ ਅਤੇ ਲਿਖਾਵਟ ਵੀ। 

ਲੁਧਿਆਣਾ ਵਿੱਚ ਹਿੰਦੀ ਪਰਚੇ ਵਿਨੀਤ ਦੇ ਸੰਪਾਦਕ ਅਤੇ ਪ੍ਰਕਾਸ਼ਕ ਮੁਲਖਰਾਜ ਮਲਹੋਤਰਾ ਮਾੜੀ ਆਰਥਿਕ ਹਾਲਤ ਦੇ ਬਾਵਜੂਦ ਮਿੰਨੀ ਕਹਾਣੀ ਨੂੰ ਇੱਕ ਸੁਤੰਤਰ ਵਿਧਾ ਵੱਜੋਂ ਸਥਾਪਿਤ ਕਰਨ ਲਈ ਸਰਗਰਮ ਰਹੇ। ਉਹ ਲੁਧਿਆਣਾ ਵਿੱਚ ਮਾਧੋਪੁਰੀ ਇਲਾਕੇ ਵਿੱਚ ਕਿਰਾਏ ਦੇ ਇੱਕ ਕਮਰੇ ਵਿਚ ਰਹਿੰਦੇ ਸਨ। 

ਅੰਮ੍ਰਿਤਸਰ ਦੇ ਸਰਗਰਮ ਲੇਖਕ ਹਰਭਜਨ ਸਿੰਘ ਖੇਮਕਰਨੀ ਹੁਰਾਂ ਨੇ ਇਹ ਸਾਰਾ ਦੌਰ ਆਪਣੀ ਅੱਖੀਂ ਬੜਾ ਨੇੜਿਓਂ ਹੋ ਕੇ ਦੇਖਿਆ ਹੋਇਆ ਹੈ। ਅੰਮ੍ਰਿਤਸਰ ਵਿੱਚ ਮਾਸਿਕ ਪਰਚੇ ਕੰਵਲ ਦੀ ਸੰਪਾਦਿਕਾ ਅਨਵੰਤ ਕੌਰ, ਸ਼ਰਨ ਮੱਕੜ, ਰਣਜੀਤ ਕੋਮਲ, ਐਮ ਐਸ ਪਾਲ, ਅਮਰੀਕ ਬਮਰ੍ਹਾ ਸਮੇਤ ਬਹੁਤ ਸਾਰੇ ਸਾਹਿਤਕਾਰ ਸਰਗਰਮ ਰਹਿੰਦੇ ਸਨ। ਉਹ ਇੱਕੋ ਇੱਕ ਕਮਰਾ ਹੀ ਉਹਨਾਂ ਦੀ  ਵੀ ਰਹੀ ਅਤੇ ਕਲਮ ਦੀ ਵੀ। 

ਜਲੰਧਰ ਵਿੱਚ ਹੀ ਅੱਜ ਦੀ ਆਵਾਜ਼, ਪੰਜਾਬ ਟਾਈਮਜ਼ ਅਤੇ ਕੁਝ ਹੋਰਨਾਂ ਅਖਬਾਰਾਂ ਨੇ ਵੀ ਸਾਹਿਤਿਕ ਕਵਰੇਜ ਵੱਲ ਉਚੇਚਾ ਧਿਆਨ ਦਿੱਤਾ। ਸਵਰਗੀ ਸੁਰਜੀਤ ਜਲੰਧਰੀ ਹੁਰਾਂ ਦੀ ਅਗਵਾਈ ਹੇਠ ਚੱਲਣ ਵਾਲਾ ਸੰਡੇ ਸੰਸਾਰ ਵੀ ਅਜਿਹੇ ਪਰਚਿਆਂ ਵਿੱਚ ਇੱਕ ਸੀ। 

ਕੁਝ ਕੁ ਅਰਸੇ ਮਗਰੋਂ ਹਿੰਦੀ ਵਿੱਚ ਰੋਜ਼ਾਨਾ ਜਾਗਰਣ, ਰੋਜ਼ਾਨਾ ਅਮਰ ਉਜਾਲਾ ਅਤੇ ਕੁਝ ਹੋਰਨਾਂ ਅਖਬਾਰਾਂ ਨੇ ਆ ਦਸਤਕ ਦਿੱਤੀ। ਕੇ ਮਨਜੀਤ ਦੀ "ਮਿੰਨੀ ਪੱਤ੍ਰਿਕਾ" ਵੀ ਬਹੁਤ ਹਰਮਨ ਪਿਆਰੀ ਰਹੀ। ਇਹ ਅੰਤਰਰਾਜੀ ਚਿੱਠੀ ਤੇ ਹੀ ਛਪਿਆ ਕਰਦੀ ਸੀ। ਕੇ ਮਨਜੀਤ ਦੇ ਹੀ ਪਰਚੇ ਸ੍ਰਿਸ਼ਟੀ ਨੇ ਵੀ ਆਪਣੀ ਕਾਫੀ ਥਾਂ ਬਣਾਈ ਸੀ। ਮਿੰਨੀ ਕਹਾਣੀ ਅਤੇ ਗ਼ਜ਼ਲ ਸਮੇਤ ਇਹ ਵਿਧਾਵਾਂ ਇਹ ਤੇਜ਼ ਹੋ ਰਹੀਆਂ ਸਨ

ਇਸੇ ਦੌਰਾਨ ਮਾਨ ਸਨਮਾਨ ਦੇ ਰੁਝਾਣ ਨੇ ਵੀ ਜ਼ੋਰ ਫੜਿਆ, ਸਮਾਗਮਾਂ ਦੀਆਂ ਪ੍ਰਧਾਨਗੀਆਂ ਦਾ ਚਲਣ ਵੀ ਤੇਜ਼ ਹੋਇਆ, ਸਾਹਿਤਿਕ ਸੰਗਠਨਾਂ ਨੇ ਸਿਆਸੀ ਧਿਰਾਂ ਦੀਆਂ ਟਰੇਡ ਯੂਨੀਅਨਾਂ ਵਾਂਗ ਉਭਰਨਾ ਵੀ ਸ਼ੁਰੂ ਕੀਤਾ। ਗੁੱਟਬੰਦੀਆਂ ਵੀ ਤੇਜ਼ ਹੋਈਆਂ ਅਤੇ ਸਾਹਿਤਿਕ ਚੋਣਾਂ ਦੇ ਮੌਸਮ ਵੀ ਆਪਣਾ ਰੰਗ ਦਿਖਾਉਣ ਲੱਗੇ। ਏਨੇ ਨਵੇਂ ਰੁਝਾਨਾਂ ਦੇ ਯੁਗ ਵਿੱਚ ਕਿਤਾਬਾਂ ਦੀਆਂ ਪ੍ਰਕਾਸ਼ਨਾਂ ਦੇ ਕਾਰੋਬਾਰ ਵੀ ਤੇਜ਼ ਹੋਏ। ਕਿਤਾਬਾਂ ਨੂੰ ਛਾਪਣ ਤੋਂ ਇਲਾਵਾ ਰਿਲੀਜ਼ ਕਰਨ ਦਾ ਸਿਲਸਿਲਾ ਵੀ ਇੱਕ ਕਾਰੋਬਾਰ ਬਣ ਕੇ ਉਭਰਿਆ। ਜਿਸ ਦੇ ਨਾਲ ਪੁਸਤਕਾਂ ਦੀ ਚਰਚਾ ਅਤੇ ਰਿਵਿਊਂ ਵੀ ਹੋਣ ਲੱਗੇ। ਮਿੰਨੀ ਕਹਾਣੀ ਅਤੇ ਗ਼ਜ਼ਲ ਦੀ ਤਕਨੀਕ ਵਿੱਚ ਇਸ ਸਾਰੇ ਪਸਾਰੇ ਵਿੱਚ ਅਲੋਪ ਵਾਂਗ ਹੋ ਗਏ। 

ਹੁਣ ਜਨਾਬ ਸੁਰਿੰਦਰ ਸਿੰਘ ਕੈਲੇ ਦੀ ਅਗਵਾਈ ਵਾਲੇ ਅਣੂ ਮੰਚ ਨੇ ਇੱਕ ਵਾਰ ਫੇਰ ਅਲੋਪ ਹੋ ਰਹੀਆਂ ਇਹਨਾਂ ਵਿਧਾਵਾਂ ਵੱਲ ਉਚੇਚ ਨਾਲ ਧਿਆਨ ਦਿੱਤਾ ਹੈ। ਉਹਨਾਂ ਦੀ ਦੇਖਰੇਖ ਹੇਠ ਕਰਵਾਏ ਗਏ ਇਸ ਸੈਮੀਨਾਰ ਨੇ ਅਤੀਤ ਦਾ ਵੀ ਕਾਫੀ ਕੁਝ ਯਾਦ ਕਰਾਇਆ ਅਤੇ ਭਵਿਖ ਦੇ ਪੂਰਨਿਆਂ ਬਾਰੇ ਵੀ ਚਰਚਾ ਕੀਤੀ। 
ਲੁਧਿਆਣਾ  ਵਿੱਚ 22 ਦਸੰਬਰ 2024 ਨੂੰ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹੀਦੀ ਨੂੰ
ਸਮਰਪਿਤ, ਮਿੰਨੀ ਕਹਾਣੀ ਰਾਸ਼ਟਰੀ ਸੈਮੀਨਾਰ ਪੰਜਾਬੀ ਭਵਨ, ਲੁਧਿਆਣਾ ਵਿਖੇ ਕਰਵਾਇਆ ਗਿਆ। ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਹਾਜ਼ਰੀਨ ਨੂੰ ਜੀ ਆਇਆਂ ਨੂੰ ਕਹਿੰਦਿਆਂ ਅਕਾਡਮੀ ਦੀਆਂ ਸਰਗਰਮੀਆਂ ਦੀ ਸੰਖੇਪ ਜਾਣਕਾਰੀ ਦਿੱਤੀ।

‘ਮਿੰਨੀ ਕਹਾਣੀ ਦੀ ਬਣਤਰ ਗਲਪ ਪਰਿਵਾਰ ਵਾਲੀ ਹੈ ਜਿਸ ਦੀ ਪੇਸ਼ਕਾਰੀ ਕਾਲ ਬਣਤਰ ਅਤੇ ਨਾਟਕੀ ਅੰਸ਼ ਪ੍ਰਭਾਵਸ਼ਾਲੀ ਰੋਲ ਅਦਾ ਕਰਦੇ ਹਨ। ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਮਿੰਨੀ ਕਹਾਣੀ ਰਾਸ਼ਟਰੀ ਸੈਮੀਨਾਰ ਦਾ ਆਯੋਜਨ ਕਰਨਾ ਸਾਹਿਤ ਲਈ ਇਕ ਅਗਾਂਹਵਧੂ ਕਦਮ
ਹੈ।’ 

ਡਾ. ਪਦੀਪ ਕੌੜਾ ਨੇ ਆਪਣੇ ਪ੍ਰਧਾਨਗੀ ਭਾਸ਼ਨ ਵਿਚ ਕਿਹਾ ਕਿ ਡਾ. ਅਸ਼ੋਕ ਭਾਟੀਆ ਨੇ ਆਪਣੇ ਖੋਜ ਪੱਤਰ ‘ਪੰਜਾਬੀ ਮਿੰਨੀ ਕਹਾਣੀ ਦਾ ਭਾਰਤੀ ਮਿੰਨੀ
ਕਹਾਣੀ ਨਾਲ ਤੁਲਨਾਤਮਕ ਅਧਿਐਨ’ ਵਿਚ ਖਾਸ ਤੌਰ ’ਤੇ ਪੰਜਾਬੀ ਮਿੰਨੀ ਕਹਾਣੀ ਅਤੇ ਹਿੰਦੀ 
ਲਘੂ ਕਥਾ ਦੀ ਤੁਲਨਾ ਦਸ ਕਸੌਟੀਆਂ ’ਤੇ ਕੀਤੀ।  ਉਹਨਾਂ ਤਰਕ, ਅੰਧ ਵਿਸ਼ਵਾਸ, ਰਾਜਨੀਤੀ ਅਤੇ ਸੰਪਰਦਾਇਕ ਪੱਖਾਂ ਦੀ ਦੋਹਾਂ ਭਾਸ਼ਾਵਾਂ ਵਿਚ ਲੋੜ ਨੂੰ ਉਦਾਹਰਣਾ ਰਾਹੀਂ ਪੇਸ਼ ਕੀਤਾ।

‘ਮਿੰਨੀ ਕਹਾਣੀ ਦਾ ਕਥਾ ਬਿਰਤਾਂਤ ਵਿਚ ਸਥਾਨ’ ਖੋਜ ਪੱਤਰ ਪੇਸ਼ ਕਰਦਿਆਂ ਡਾ. ਨਾਇਬ ਸਿੰਘ ਮੰਡੇਰ ਕਿਹਾ ਮਿੰਨੀ ਕਹਾਣੀ ਨੂੰ ਗਲਪੀ ਬਿਰਤਾਂਤਕ ਸ਼ੈਲੀ ਵਿਚ ਪੇਸ਼ ਕਰਨਾ ਹੁੰਦਾ ਹੈ ਅਤੇ ਇਸ ਵਿਚ ਕਥਾ ਦੀ ਬਹੁਤ ਮਹੱਤਤਾ ਹੈ।  ‘ਮਿੰਨੀ ਕਹਾਣੀ ਦੀ ਰੂਪ ਬਣਤਰ-ਸਿਧਾਂਤਕ ਪ੍ਰਸ਼ਨ’ ਵਿਸ਼ੇ ’ਤੇ ਖੋਜ ਪੱਤਰ ਵਿਚ ਨਿਰੰਜਨ ਬੋਹਾ ਨੇ ਕਹਾਣੀ ਦੀ ਬਣਤਰ, ਵਿਸ਼ੇ ਅਤੇ ਭਾਸ਼ਾ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ। ਉਨ੍ਹਾਂ ਨੇ ਖਾਸ ਤੌਰ ’ਤੇ ਕਹਾਣੀ ਦੇ ਸਿਰਲੇਖ ਬਾਰੇ ਗੱਲ ਕਰਦਿਆਂ ਕਿਹਾ ਕਿ ਕਹਾਣੀ ਦਾ ਅੰਤਰੀਵ ਭਾਵ ਕਹਾਣੀ ਵਿਚ ਹੋਣਾ ਚਾਹੀਦਾ ਹੈ, ਇਸ ਦੇ ਨਾਂ ਤੋਂ ਕਹਾਣੀ ਦੇ ਵਿਸ਼ੇ ਦਾ ਪਤਾ ਨਹੀਂ ਲਗਣਾ ਚਾਹੀਦਾ।

ਡਾ. ਯੋਗਰਾਜ ਪ੍ਰਭਾਕਰ ਨੇ ਸੈਮੀਨਾਰ ਵਿਚ ਪੜ੍ਹੇ ਗਏ ਤਿੰਨਾਂ ਪੇਪਰਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਤਿੰਨੇ ਵਿਦਵਾਨਾਂ ਦੇ ਖੋਜ ਪੱਤਰ ਬਹੁਤ ਵਧੀਆ ਸਨ। ਲੇਖਕ ਨੂੰ ਭਾਸ਼ਾਈ ਗਿਆਨ ਦਾ ਹੋਣਾ ਜ਼ਰੂਰੀ ਹੈ ਕਿਉਕਿ ਲੇਖਕ ਦੀ ਭਾਸ਼ਾ ਅਤੇ ਪਾਠਕ ਦੀ ਭਾਸ਼ਾ ਅਲੱਗ ਅਲੱਗ ਹੁੰਦੀ ਹੈ। ਹੁਣ ਰਚਨਾਕਾਰਾਂ ਨੂੰ ਅੰਤਰਰਾਸ਼ਟਰੀ ਪੱਧਰ ਦੀਆਂ ਰਚਨਾਵਾਂ ਵੱਲ ਧਿਆਨ ਦੀ ਲੋੜ ਹੈ। 

ਸ. ਹਰਭਜਨ ਸਿੰਘ ਖੇਮਕਰਨੀ ਨੇ ਅਕਾਡਮੀ ਦੇ ਇਸ ਸੈਮੀਨਾਰ ਲਈ ਪ੍ਰਸੰਸਾ ਕਰਦਿਆਂ ਕਿਹਾ ਕਿ ਇਹੋ ਜਿਹੇ ਸੈਮੀਨਾਰ ਭਵਿੱਖ ਵਿਚ ਵੀ ਹੁੰਦੇ ਰਹਿਣੇ ਚਾਹੀਦੇ ਹਨ ਤਾਂ ਜੋ ਨਵੇਂ ਲੇਖਕਾਂ ਨੂੰ ਵਿਧਾ ਬਾਰੇ ਜਾਣਕਾਰੀ ਮਿਲ ਸਕੇ। ਡਾ. ਹਰਪ੍ਰੀਤ ਸਿੰਘ ਰਾਣਾ ਨੇ ਮਿੰਨੀ ਕਹਾਣੀ ਬਾਰੇ ਗਲ ਕਰਦਿਆਂ ਕਿਹਾ ਕਿ ਅਕਾਡਮੀ ਵਲੋਂ ਇਹੋ ਜਿਹੇ ਸੈਮੀਨਾਰ ਹੋਣੇ ਸ਼ੁਭ ਸਗਨ ਹੈ। ਮਿੰਨੀ ਕਹਾਣੀ ਦਾ ਇਤਿਹਾਸ ਅੱਧੀ ਸਦੀ ਤੋਂ ਵੱਧ ਪੁਰਾਣਾ ਹੈ ਇਸ ਵਿਚ ਨਵੇਂ ਪ੍ਰਯੋਗ ਵੀ ਹੋ ਰਹੇ ਹਨ। ਜਿਹਨਾਂ ਦੇ ਦੂਰਰਸ ਸਿੱਟੇ ਬਹੁਤ ਚੰਗੇ ਨਿਕਲਣਗੇ। 

ਸੈਮੀਨਾਰ ਮੌਕੇ ਕਈ ਨਵੀਆਂ ਪ੍ਰਕਾਸ਼ਨਾਵਾਂ ਵੀ ਰਿਲੀਜ਼ ਕੀਤੀਆਂ ਗਈਆਂ। ਇਹਨਾਂ ਵਿੱਚ ਅਣੂ, ਮਾਰਚ 2025, ਡਾ. ਗੁਰਚਰਨ ਕੌਰ ਥਿੰਦ ਦੀ ਪੁਸਤਕ ‘ਲਹਿੰਦੇ ਪੰਜਾਬ ’ਚ 14 ਦਿਨ’ ਅਤੇ ਸ. ਹਰਭਜਨ ਸਿੰਘ ਖੇਮਕਰਨੀ ਦੀ ਪੁਸਤਕ ‘ਬਸੰਤ ਕਾਵਿ ਰੰਗ’ ਲੋਕ ਅਰਪਣ ਕੀਤੀ ਗਈ। ਇਸ ਸੈਮੀਨਾਰ ਦੇ ਕਨਵੀਨਰ ਸੁਰਿੰਦਰ ਕੈਲੇ ਨੇ ਮੰਚ ਸੰਚਾਲਨ ਕਰਦਿਆਂ ਕਿਹਾ ਕਿ ਵੱਡੀ ਗਿਣਤੀ ਵਿਚ ਵਿਦਵਾਨਾਂ ਦੀ ਸ਼ਮੂਲੀਅਤ ਇਸ ਗੱਲ ਦੀ ਗਵਾਹ ਹੈ ਕਿ ਮਿੰਨੀ ਕਹਾਣੀ ਲਗਾਤਾਰ ਨੂੰ ਗੰਭੀਰਤਾ ਨਾਲ ਪੜ੍ਹਿਆ ਅਤੇ ਪੜਚੋਲਿਆ ਜਾ ਰਿਹਾ ਹੈ।

ਮਿੰਨੀ ਕਹਾਣੀ ਨਾਲ ਸਬੰਧਤ ਇਸ ਕੌਮੀ ਸੈਮੀਨਾਰ ਮੌਕੇ ਡਾ. ਜੋਗਿੰਦਰ ਸਿੰਘ ਨਿਰਾਲਾ, ਤ੍ਰੈਲੋਚਨ ਲੋਚੀ, ਜਨਮੇਜਾ ਸਿੰਘ ਜੌਹਲ,ਕਰਮਜੀਤ ਸਿੰਘ ਗਰੇਵਾਲ, ਕੇ. ਸਾਧੂ ਸਿੰਘ, ਅਮਰੀਕ ਸਿੰਘ ਤਲਵੰਡੀ, ਦਵਿੰਦਰ ਪਟਿਆਲਵੀ, ਇੰਦਰਜੀਤਪਾਲ ਕੌਰ, ਸੁਰਿੰਦਰ ਦੀਪ, ਸਤੀਸ਼ ਗੁਲਾਟੀ, ਰਵੀ ਰਵਿੰਦਰ, ਮਲਕੀਅਤ ਸਿੰਘ ਔਲਖ, ਮਨਦੀਪ ਕੌਰ ਭੰਮਰਾ, ਡਾ. ਗੁਰਵਿੰਦਰ ਸਿੰਘ ਅਮਨ, ਸੀਮਾ ਵਰਮਾ, ਮਨਜੀਤ ਕੌਰ ਧੀਮਾਨ,ਮੋਹੀ ਅਮਰਜੀਤ ਸਿੰਘ, ਬੀਬਾ ਕੁਲਵੰਤ,ਪਰਗਟ ਸਿੰਘ ਜੰਬਰ, ਡੀ.ਐਮ. ਸਿੰਘ, ਹਿੰਮਤ ਸਿੰਘ, ਜੈਪਾਲ, ਸੁਖਚਰਨ ਸਿੰਘ ਸਿੱਧੂ, ਬਲਰਾਜ ਕੁਹਾੜਾ, ਅਮਰਜੀਤ ਸ਼ੇਰਪੁਰੀ, ਸੋਮ ਨਾਥ ਕਲਸੀਆ, ਗੁਰਦੀਪ ਸਿੰਘ ਸਮੇਤ ਕਾਫ਼ੀ ਗਿਣਤੀ ਵਿਚ ਲੇਖਕ ਅਤੇ ਸਰੋਤੇ ਹਾਜ਼ਰ ਸਨ।

ਨਿਸਚੇ ਹੀ ਇਸ ਸੈਮੀਨਾਰ ਨਾਲ ਮਿੰਨੀ ਕਹਾਣੀ ਵਾਲੇ ਸਾਹਿਤ ਦੀ ਚਰਚਾ ਹੋਰ ਅੱਗੇ ਵਧੀ ਹੈ। 

No comments:

Post a Comment