google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: ਆਪੋ ਆਪਣੀ ਚੁੱਪ ਨੂੰ ਤੋੜੋ//ਗੁਰਭਜਨ ਗਿੱਲ

Monday 2 October 2023

ਆਪੋ ਆਪਣੀ ਚੁੱਪ ਨੂੰ ਤੋੜੋ//ਗੁਰਭਜਨ ਗਿੱਲ

Monday 2nd October 2023 at 6:10 PM

ਸਭ ਕੁਝ ਦੇਖ ਕੇ ਵੀ ਖਾਮੋਸ਼ ਬੈਠਿਆਂ ਨੂੰ ਹਲੂਣਾ ਦੇਂਦੀ ਕਾਵਿ ਰਚਨਾ 
ਜਾਗੋ ਜਾਗੋ ਸੌਣ ਵਾਲਿਓ!
ਦੇਸ਼ ਕੌਮ ਤੇ ਮਾਨਵਤਾ ਦੇ ਪੈਰੀਂ ਜੋ ਜ਼ੰਜੀਰਾਂ ਪਈਆਂ ।

ਸਿਉਂਕ ਨੇ ਖਾਧੇ ਘਰ ਦੇ ਬੂਹੇ?
ਸਣੇ ਚੁਗਾਠਾਂ ਅਤੇ ਬਾਰੀਆਂ।
ਗਿਆਨ ਧਿਆਨ ਫ਼ਲਸਫ਼ੇ ਲੀਰਾਂ ਲੀਰਾਂ ਹੋਏ।
ਨੰਗੀ ਅੱਖ ਨੂੰ ਕੇਵਲ ਉਤਲਾ ਰੋਗਨ ਦਿਸਦਾ।
ਸੁੱਤਿਆਂ ਸੁੱਤਿਆਂ ਖਾ ਗਈ ਚੰਦਰੀ ਸਭ ਅਲਮਾਰੀਆਂ।

ਪੜ੍ਹੇ ਲਿਖੇ ਚਿੰਤਕ ਤੇ ਚੇਤਨ ਜੀਵ ਕਹਾਉਂਦੇ ਭਰਮੀ ਲੋਕੋ।
ਸੁਣੋ ਸੁਣੋ ਹੁਣ ਏਧਰ ਆਪਣੀ ਬਿਰਤੀ ਜੋੜੋ,
ਆਪੋ ਆਪਣੀ ਚੁੱਪ ਨੂੰ ਤੋੜੋ।

ਚੁੱਪ ਨੂੰ ਗਹਿਣਾ ਮੰਨਦੇ ਮੰਨਦੇ,
ਅੱਧੀ ਸਦੀ ਵਿਅਰਥ ਗੁਆਈ।
ਬੁੜ ਬੁੜ ਕਰਦੇ ਘੂਕੀ ਅੰਦਰ ਸੁੱਤੇ ਸੁੱਤੇ,
ਬੋਲਣ ਦੀ ਸਭਨਾਂ ਨੇ ਲੱਗਦੈ ਜਾਚ ਭੁਲਾਈ।

ਇਸ ਤੋਂ ਅੱਗੇ ਪਿੱਛੇ ਸੱਜੇ ਖੱਬੇ ਪਾਸੇ,
ਉਹ ਅਣਦਿਸਦੀ ਡੂੰਘੀ ਖਾਈ ।
ਜਿਸ ਵਿੱਚ ਡਿੱਗੀ ਚੀਜ਼ ਕਦੇ ਨਹੀਂ ਵਾਪਸ ਆਈ ।

ਖੌਰੇ ਕਿਹੜੇ ਭਰਮ ਭੁਲੇਖੇ,
ਜਾਂ ਫਿਰ ਡੂੰਘੀ ਸਾਜ਼ਿਸ਼ ਕਾਰਨ,
ਅਸਾਂ ਸਮਝਿਆ।
ਪੜ੍ਹਨ ਲਿਖਣ ਦਾ ਕਾਰਜ ਕਰਦੇ,
ਪੜ੍ਹਦੇ ਅਤੇ ਪੜ੍ਹਾਉਂਦੇ ਸਾਰੇ,
ਰੰਗ ਦੇ ਰਸੀਏ ਸ਼ਬਦਕਾਰ,
ਤੇ ਸੁਰ ਸ਼ਹਿਜ਼ਾਦੇ।
ਪਰਮਾਤਮ ਲੜ ਲੱਗੇ ਲੋਕੀਂ,
ਕੇਵਲ ਪੁਸਤਕ-ਪਾਠ ਕਰਨਗੇ।

ਪਾਠ ਪੁਸਤਕਾਂ ਵੀ ਬੱਸ ਉਹੀ,
ਜਿਨ੍ਹਾਂ ਦੇ ਅੱਖਰ ਅੱਧਮੋਏ।
ਨਵੀਂ ਸੋਚ ਤੇ ਸਰੋਕਾਰ ਸੰਸਾਰ ਨਵੇਲੇ,
ਜਿਸ ਵਿਚ ਵਰਜਿਤ ਧੁੰਦਲੇ ਹੋਏ।

ਕਲਮਾਂ ਤੇ ਬੁਰਸ਼ਾਂ ਸੰਗ ਸੁਪਨ-ਸਿਰਜਣਾ ਕਰਦੇ,
ਹੇਕਾਂ ਲਾ ਲਾ ਸੁਰਾਂ ਵੇਚਦੇ ਗਾਉਣ ਵਾਲਿਓ !
ਜਾਗੋ ਜਾਗੋ ਸੌਣ ਵਾਲਿਓ।

ਨ੍ਹੇਰੇ ਵਿਚੋਂ ਬਾਹਰ ਆਓ।
ਕਿਹੜੀ ਸ਼ਕਤੀ ਹੈ ਜੋ ਸਾਨੂੰ,
ਆਪਣੀ ਇੱਛਿਆ ਮੂਜਬ ਤੋਰੇ ।
ਭਰ ਵਗਦੇ ਦਰਿਆਵਾਂ ਦੇ ਜੋ ਕੰਢੇ ਭੋਰੇ।
ਧਰਤੀ ਦੀ ਮਰਯਾਦਾ ਖੋਰੇ ।
ਜਿੱਸਰਾਂ ਚਾਹੇ ਰਾਗ-ਰੰਗ ਸ਼ਬਦਾਂ ਨੂੰ,
ਕਿਸੇ ਵਗਾਰੀ ਵਾਂਗੂੰ,
ਜਿੱਧਰ ਚਾਹੇ ਮਰਜ਼ੀ ਤੋਰੇ।

ਸਰਮਾਏ ਦੀ ਅਮਰ-ਵੇਲ ਹੈ,
ਅਣਦਿਸਦੀ ਜਹੀ ਤਾਰ ਦਾ ਬੰਧਨ।
ਤਨ ਮਨ ਉੱਪਰ ਧਨ ਦਾ ਪਹਿਰਾ।
ਚਾਰ ਚੁਫ਼ੇਰ ਪਸਰਿਆ ਸਹਿਰਾ।

ਬੰਦੇ ਕਾਹਦੇ ਕੋਹਲੂ ਅੱਗੇ ਜੁੱਪੇ ਢੱਗੇ,
ਰੰਗ ਬਰੰਗੇ ਗਦਰੇ ਬੱਗੇ।
ਉੱਡਣੇ ਪੁੱਡਣੇ ਪੰਛੀ ਬਣ ਗਏ ਰੀਂਘਣ ਹਾਰੇ।
ਰਾਜ ਭਵਨ ਦੀ ਅਰਦਲ ਬੈਠੇ ਬਣੇ ਨਿਕਾਰੇ।

ਭੂਤ ਭਵਿੱਖ ਤੇ ਵਰਤਮਾਨ ਨੂੰ,
ਸਰਮਾਏ ਦਾ ਨਾਗ ਲਪੇਟੇ ਮਾਰੀ ਬੈਠਾ।
ਜਦ ਵੀ ਕੋਈ ਇਸ ਤੋਂ ਮੁਕਤੀ ਦੀ ਗੱਲ ਸੋਚੇ,
ਕੁੱਤੇ ਬਿੱਲੀਆਂ ਗਿੱਦੜਾਂ ਤੇ ਬਘਿਆੜਾਂ ਰਲ ਕੇ,
ਸਦਾ ਉਨ੍ਹਾਂ ਦੇ ਮੂੰਹ-ਸਿਰ ਨੋਚੇ।

ਜੇਕਰ ਸਾਡਾ ਚਿੰਤਨ ਸੋਚ ਚੇਤਨਾ ਸਭ ਕੁਝ,
ਨਿਸ਼ਚਤ ਦਾਇਰੇ ਅੰਦਰ ਹੀ ਬੱਸ ਬੰਦ ਰਹਿਣਾ ਹੈ।
ਜੇਕਰ ਆਪਾਂ ਆਪਣੀ ਅਕਲ ਮਹਾਨ ਸਮਝ ਕੇ,
ਗੁਫ਼ਾ ਵਿਚ ਪਏ ਰਹਿਣਾ ਹੈ ।

ਤਦ ਫਿਰ ਜ਼ਿੰਦਗੀ ਦੀ ਰਫ਼ਤਾਰ ਤੇ ਚੱਲਦਾ ਪਹੀਆ,
ਜਬਰ ਜਨਾਹੀਆਂ ਚੋਰ ਲੁਟੇਰਿਆਂ,
ਤੇ ਕਾਲੇ ਧਨ ਵਾਨ ਸ਼ਾਸਕਾਂ,
ਹੱਥ ਰਹਿਣਾ ਹੈ।

ਹੇ ਧਰਤੀ ਦੇ ਜੰਮੇ ਜਾਏ,
ਅਕਲਾਂ ਵਾਲੇ ਲੋਕੋ ਆਓ।
ਆਪੋ ਆਪਣੀ ਸੁਰਤਿ ਜਗਾਓ।
ਵਰਜਿਤ ਰਾਹਾਂ ਚੱਲ ਕੇ ਨਵੀਆਂ ਪੈੜਾਂ ਪਾਓ।

ਵਕਤ ਦੇ ਅੱਥਰੇ ਘੋੜੇ ਨੂੰ,
ਹੁਣ ਕਾਬੂ ਕਰੀਏ।
ਇਸ ਉੱਪਰ ਹੁਣ ਕਾਠੀ ਪਾਈਏ।

ਸਬਰ ਦਾ ਸਰਵਰ ਨੱਕੋ ਨੱਕ ਹੈ,
ਤਰਣ ਦੁਹੇਲਾ।
ਲੱਖ ਕਰੋੜ ਸਿਰਾਂ ਨੂੰ ਜੋੜੋ।
ਚੁੱਪ ਨਾ ਬੈਠੋ,
ਆਪੋ ਆਪਣੀ ਚੁੱਪ ਨੂੰ ਤੋੜੋ। 

     --ਗੁਰਭਜਨ ਗਿੱਲ

No comments:

Post a Comment