google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: ਜਗਜੀਤ ਸਿੰਘ 'ਗੁਰਮ' ਦੇ ਦੋ ਧਾਰਮਿਕ ਗੀਤ

Sunday 19 May 2019

ਜਗਜੀਤ ਸਿੰਘ 'ਗੁਰਮ' ਦੇ ਦੋ ਧਾਰਮਿਕ ਗੀਤ

ਸਮਰਪਿਤ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਸਮਾਗਮਾਂ ਨੂੰ
     ਪਹਿਲਾ ਗੀਤ 
ਚੰਨ ਚਮਕਿਆ, ਸੂਰਜ ਮਿਿਲਆ, ਭੱਜ ਗਲਵਕੜੀ ਪਾ।
ਮੇਰੇ ਸਾਈਆਂ, ਜਦੋ ਧਰਤ ਤੈਂ, ਦਿੱਤਾ ਪੈਰ ਟਿਕਾ।

ਰੁੱਖਾਂ ਤੇ ਹਰਿਆਲੀ ਛਾਈ, ਗੀਤ ਪੰਛੀਆਂ ਗਾਏ।
ਠੰਢੀ ਠੰਢੀ ‘ਵਾ ਨਾ ਆ ਕੇ, ਪੱਤਰ ਝੂਮਣ ਲਾਏ।
ਸ਼ਬਨਮ ਨੇ ਆ ਪੋਲੇ ਪੈਰ੍ਹੀਂ, ਦਿੱਤੇ ਫੁੱਲ ਨਹਿਲਾ।
ਮੇਰੇ ਸਾਈਆਂ, ..............................।

ਵਿੱਚ ਦੁੱਧ ਜਿਉ ਕੇਸਰ ਘੁਲਿਆ, ਧੁੱੱਪਾਂ ਇੰਝ ਦੀ ਹੋਈ।
ਆਪ ਮੁਹਾਰੇ ਚਸ਼ਮੇ ਫੁੱਟ-ਫੁੱਟ, ਧਰਤੀ ਜਾਵਣ ਧੋਈ।
ਭਰ ਭਰ ਵੱਗਣ ਲੱਗ ਪਏ, ਜੋ ਸੁੱਕੇ ਸੀ ਦਰਿਆ।
ਮੇਰੇ ਸਾਈਆਂ, ..............................।

ਰਾਹਾਂ ਵਿੱਚ ਕੰਡੇ ਹੀ ਕੰਡੇ, ਰੋੜ ਤੇ ਪੱਥਰ ਭਾਰੇ।
ਦੀਪ ਗਿਆਨ ਜਗਾਇਆ ਜੋ ਤੈਂ, ਚਾਨਣ ਦਵੇ ਹੁਲਾਰੇ।
ਤੇਰੇ ਦਿੱਤੇ ਚਾਨਣ ਸਦਕਾ, ਗਏ ਨੇ ਰਾਹ ਰੁਸ਼ਨਾ।
ਮੇਰੇ ਸਾਈਆਂ, ..............................।

ਤੇਰੇ ਸ਼ਬਦਾਂ ਦੀ ਛੋਹ ਨੇ ਤਾਂ, ‘ਗੁਰਮ’ ਨੂੰ ਹੈ ਰੁਸ਼ਨਾਇਆ।
ਨਾਨਕ ਤੇਰੇ ਵਰਗਾ ਹੋਰ ਨਾ, ਕੋਈ ਜੱਗ ਤੇ ਆਇਆ।
ਲੋਕਾਂ ਖਾਤਰ ਨੰਗੇ ਪੈਰ੍ਹੀਂ, ਛਾਣੇ ਸਭ ਤੈਂ ਰਾਹ।  

ਚੰਨ ਚਮਕਿਆ, ਸੂਰਜ ਮਿਿਲਆ, ਭੱਜ ਗਲਵਕੜੀ ਪਾ।
ਮੇਰੇ ਸਾਈਆਂ, ਜਦੋ ਧਰਤ ਤੈਂ, ਦਿੱਤਾ ਪੈਰ ਟਿਕਾ।
ਦੂਜਾ ਗੀਤ 
ਤੇਰੇ ਬੋਲਾਂ ਨੇ ਹੀ ਬਾਬਾ ਰਾਹ ਸਾਡੇ ਰੁਸ਼ਨਾਏ।
ਕੀ ਦੱਸਾਂ ਤੇਰੇ ਬੋਲਾਂ ਨੂੰ ਹੀ ਟੋਲੇ ਵੰਡਣ ਆਏ।

ਤੇਰੇ ਬੋਲਾਂ ਨੇ ਤਾਂ ਬਾਬਾ ਥਾਂ ਥਾਂ ਨੇ੍ਹਰ ਮਿਟਾਇਆ।
ਤੇਰੇ ਬੋਲਾਂ ਸਦਕੇ ਸਾਡਾ ਸੂਰਜ ਅੰਬਰੀ ਛਾਇਆ।
ਨਹੀ ਬੁਝੇ ਓਹ ਨਾ ਹੀ ਬੁਝਣੇ ਤੈਂ ਜੋ ਦੀਪ ਜਗਾਏ।
ਤੇਰੇ ਬੋਲਾਂ ਨੇ ਹੀ .................................।

ਬਾਬਾ ਤੇਰੇ ਨਾਂ ਠੱਗੀਆਂ ਇਹ ਟੋਲੇ ਮਾਰਦੇ ਫਿਰਦੇ।
ਸੱਜਣ ਠੱਗ ਬਥੇਰੇ ਪਰ ਓਹ ਸੱਜਣ ਭੁੱਲੇ ਚਿਰਦੇ।
ਆਪਾ ਧਾਪੀ ਮੱਚੀ ਹੈ ਸਾਰੇ ਕੌਣ ਕਿਹਨੂੰ ਸਮਝਾਏ।
ਤੇਰੇ ਬੋਲਾਂ ਨੇ ਹੀ .................................।

ਤੇਰੇ ਦਰ ਤੇ ਭੀੜ ਬੜੀ ਹੁਣ ਮਲਕ ਭਾਗੋਆ ਲਾਈ।
ਦੂਰ ਖੜਾ ਔਹ ਲਾਲੋ ਸੋਚੇ ਕੌਣ ਕਰੂ ਸੁਣਵਾਈ।
ਨਿੱਤ ਉਡੀਕੇ ਲਾਲੋ ਹੁਣ ਆ ਕੌਣ ਕੁੰਡਾ ਖੜਕਾਏ।
ਤੇਰੇ ਬੋਲਾਂ ਨੇ ਹੀ .................................।

‘ਗੁਰਮਾ’ ਉਸਰੇ ਮਹਿਲਾਂ ਵਰਗੇ ਡੇਰੇ ਵੀ ਗੱਲ ਕਰਦੇ।
ਲੁੱਟਦੇ ਲੋਕਾਂ ਤਾਂਈ ਨਾਲੇ ਕਹਿਣ ਤੇਰਾ ਦਮ ਭਰਦੇ।
ਫਿਰ ਵੀ ਤੇਰੇ ਬੋਲਾਂ ਕੋਲੋਂ ਫਿਰਦੇ ਨੇ ਘਬਰਾਏ।
ਤੇਰੇ ਬੋਲਾਂ ਨੇ ਹੀ ਬਾਬਾ ਰਾਹ ਸਾਡੇ ਰੁਸ਼ਨਾਏ।
ਕੀ ਦੱਸਾਂ ਤੇਰੇ ਬੋਲਾਂ ਨੂੰ ਹੀ ਟੋਲੇ ਵੰਡਣ ਆਏ।

ਜਗਜੀਤ ਸਿੰਘ ‘ਗੁਰਮ’
ਮਕਾਨ ਨੰ: 1008/29/2, ਗਲੀ ਨੰ: 8
ਬਾਲ ਸਿੰਘ ਨਗਰ, ਬਸਤੀ ਜੋਧੇਵਾਲ,
ਲੁਧਿਆਣਾ।
ਮੋਬਾਈਲ ਸੰਪਰਕ-99147 01668

No comments:

Post a Comment