google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: ਲੋਕਾਂ ਤੋਂ ਆਸ ਨਾ ਲਾਈਏ ਆਦੀ ਨੇ ਜੁੱਤੀਆਂ ਦੇ!

Friday 24 May 2019

ਲੋਕਾਂ ਤੋਂ ਆਸ ਨਾ ਲਾਈਏ ਆਦੀ ਨੇ ਜੁੱਤੀਆਂ ਦੇ!

ਰਿਸ਼ਤੇ ਵੀ ਗੂਹੜੇ ਹੋ ਗਏ, ਚੋਰਾਂ ਸੰਗ ਕੁੱਤੀਆਂ ਦੇ!
ਲੁਧਿਆਣਾ: 23 ਮਈ 2019: (ਸਾਹਿਤ ਸਕਰੀਨ ਡੈਸਕ)::
ਚੋਣ ਦੇ ਨਤੀਜੇ ਆਏ ਤਾਂ ਵਧਾਈਆਂ ਦਾ ਸਿਲਸਿਲਾ ਵੀ ਬੜੀ ਤੇਜ਼ੀ ਨਾਲ ਸ਼ੁਰੂ ਹੋ ਗਿਆ। ਜਿਹੜੇ ਵੋਟਾਂ ਵਾਲੇ ਦਿਨਾਂ ਤੱਕ ਹਾਰਨ ਵਾਲਿਆਂ ਨਾਲ ਤੁਰੇ ਫਿਰਦੇ ਸਨ ਉਹ ਵੀ ਜੇਤੂਆਂ ਨਾਲ ਨਜ਼ਰ ਆ ਰਹੇ ਹਨ।  ਗਿਰਗਿਟ ਵਾਂਗ ਰੰਗ ਬਦਲਣ ਦੀ ਇਹ ਖਾਸੀਅਤ ਸ਼ਾਇਦ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਕਾਬਲੀਅਤ ਬਣ ਗਈ ਹੈ। ਇਸਦੇ ਬਾਵਜੂਦ--ਆਖਦੇ ਨੇ ਨਾ--ਅਭੀ ਕੁਛ ਲੋਗ ਬਾਕੀ ਹੈਂ ਜਹਾਂ ਮੈਂ। ਪ੍ਰੋਫੈਸਰ ਗੁਰਭਜਨ ਗਿੱਲ ਵੀ ਉਹਨਾਂ ਵਿੱਚੋਂ ਇੱਕ ਹਨ। ਸਮੇਂ ਦੇ ਨਾਲ ਚੱਲਣਾ--ਜੇ ਲੋੜ ਪਾਵੇ ਤਾਂ ਧਾਰਾ ਦੇ ਉਲਟ ਵੀ ਚੱਲਣਾ ਪਰ ਜਿਸ ਗੱਲ 'ਤੇ ਪਹਿਰਾ ਦਿੱਤਾ ਉਸਤੋਂ ਨਹੀਂ ਹਟਣਾ। ਉਹਨਾਂ ਵੱਲੋਂ ਇੱਕ ਵਟਸਐਪ ਗਰੁੱਪ ਚਲਾਇਆ ਜਾਂਦਾ ਹੈ-ਸਿਰਜਣਧਾਰਾ। ਸਿਰਜਣਧਾਰਾ ਇੱਕ ਸੰਸਥਾ ਵੀ ਹੈ ਜਿਹੜੀ ਕਾਫੀ ਲੰਮੇ ਸਮੇਂ ਤੋਂ ਚਲਦੀ ਆ ਰਹੀ ਹੈ। ਇਸਦੀ ਸਥਾਪਨਾ ਵਿੱਚ ਵੀ ਪ੍ਰੋਫੈਸਰ ਗੁਰਭਜਨ ਗਿੱਲ ਬਹੁਤ ਸਰਗਰਮ ਸਨ। ਇੰਝ ਕਹਿ ਲਓ ਕਿ ਮੋਢੀਆਂ ਵਿੱਚੋਂ ਇੱਕ। ਇਸ ਗਰੁੱਪ ਵਿੱਚ ਉਹਨਾਂ ਦਾ ਸਾਹਿਤਿਕ ਰੰਗ ਸਮੇਂ ਦੀ ਸੂਚਨਾ ਵੀ ਦਰਜ ਕਰਦਾ ਹੈਂ। ਹੁਣ ਜਦੋਂ ਕਿ ਜਿੱਤਣ ਵਾਲੀ ਧਿਰ ਨੂੰ ਵਧਾਈਆਂ ਦੇਣਾ ਇੱਕ ਫੈਸ਼ਨ ਵਾਂਗ ਸਾਹਮਣੇ ਆ ਰਿਹਾ ਹੈ ਉਦੋਂ ਉਹਨਾਂ ਨੇ ਇੱਕ ਰਚਨਾ ਪੋਸਟ ਕੀਤੀ ਹੈ ਜਿਹੜੀ ਲੋਕਾਂ ਦੀ ਇਸ ਖਸਲਤ ਬਾਰੇ ਵੀ ਦੱਸਦੀ ਹੈ।  ਇਹ ਰਚਨਾ ਸ਼ਾਇਦ ਕਿਸੇ "ਸੰਧੂ" ਸਾਹਿਬ ਦੀ ਲਿਖੀ ਹੋਈ ਹੈ। ਪੂਰਾ ਨਾਮ ਪਤਾ ਨਹੀਂ  ਸਕਿਆ। ਲਓ ਰਚਨਾ ਪੜ੍ਹੋ ਅਤੇ ਅੱਜ ਦੇ ਲੋਕਾਂ ਦੀ ਖਸਲਤ ਵੀ ਦੇਖੋ। ਇਹ ਹਕੀਕਤ ਲੋਕ ਪੱਖੀਆਂ ਨੂੰ ਸਦਮਾ ਪਹੁੰਚ ਸਕਦੀ ਹੈ ਇਸ ਲਈ ਧਿਆਨ ਨਾਲ ਪੜ੍ਹੀ ਜਾਵੇ ਜੀ। 
ਲੋਕਾਂ ਤੋਂ ਆਸ ਨਾ ਲਾਈਏ
ਆਦੀ ਨੇ ਜੁੱਤੀਆਂ ਦੇ,
ਰਿਸ਼ਤੇ ਵੀ ਗੂਹੜੇ ਹੋ ਗਏ 
ਚੋਰਾਂ ਸੰਗ ਕੁੱਤੀਆਂ ਦੇ,
ਖੱਟ ਲੂ ਕੀ ਰਾਹੁਲ ਗਾਂਧੀ
'ਮੇਠੀ ਤੋਂ ਈ ਹਰਕੇ ਜੀ
ਆ ਗਿਆ ਏ ਮੋਦੀ ਫਿਰ ਤੋਂ
ਭਗਵੇਂ ਰੰਗ ਕਰਕੇ ਜੀ.....

ਲੋਕਾਂ ਦੇ ਹੱਕਾਂ ਲਈ ਜੋ
ਰਾਣੀ ਲਲਕਾਰ ਗਿਆ 
ਹੁੰਦੀ ਏ ਖੂਬ ਹੈਰਾਨੀ  
ਗਾਂਧੀ ਕਿਓਂ ਹਾਰ ਗਿਆ
ਮਹਿਲਾਂ ਤੱਕ ਕਿੱਥੇ ਸੁਣਦੇ
ਚੌਕਾਂ ਦੇ ਖੜਕੇ ਜੀ 
ਆ ਗਿਆ ਏ ਮੋਦੀ ਫਿਰ ਤੋਂ 
ਭਗਵੇਂ ਰੰਗ ਕਰਕੇ ਜੀ.....

ਜਿਸਨੇ ਸੀ ਲੱਭਿਆ ਮਰ ਕੇ
ਦੱਬੀ ਹੋਈ ਜੁਆਨੀ ਨੂੰ
ਭੁੱਲ ਗਿਆ 'ਪੰਥਕ ਹਲਕਾ"
ਉਸਦੀ ਕੁਰਬਾਨੀ ਨੂੰ
ਅਣਖਾਂ ਉਣਖਾਂ ਦੇ ਹੁਣ ਤਾਂ
ਪਾੜੇ ਗਏ ਵਰਕੇ ਜੀ 
ਆ ਗਿਆ ਏ ਮੋਦੀ ਫਿਰ ਤੋਂ
ਭਗਵੇਂ ਰੰਗ ਕਰਕੇ ਜੀ.....

ਪਾਵਣ ਗੁਰਬਾਣੀ ਨੂੰ ਵੀ
ਤੱਕੜੀ ਸੰਗ ਤੋਲ ਦਿੱਤਾ
ਜਾਤੀ ਦੇ ਨਾਂ ਤੇ ਵੋਟ ਦਾ
ਬਿਸਤਰ ਕਰ ਗੋਲ ਦਿੱਤਾ
ਬਣਜੂੰ ਪਰ ਜਲਾਲਾਬਾਦੋਂ 
ਅੈਮ.ਅੈਲ.ੲੇ ਖੜਕੇ ਜੀ
ਆ ਗਿਆ ਏ ਮੋਦੀ ਫਿਰ ਤੋਂ
ਭਗਵੇਂ ਰੰਗ ਕਰਕੇ ਜੀ.....

ਜਾਖੜ ਤੋਂ 'ਬੋਹਰ ਵੀ ਖੁੱਸਿਆ
ਲੁੱਟਿਆ ਗਿਆ ਮਾਝਾ ਵੀ
ਲੱਗਦਾ ਪ੍ਰਧਾਨਗੀ ਦਾ ਵੀ
ਵੱਜ ਜੂ ਹੁਣ ਵਾਜਾ ਜੀ
ਵੇਖੋ ਪਰ ਕਿੰਨੇ ਦਿਨ ਰਹੂ 
ਸੰਨੀ ਵਿੱਚ ਹਲਕੇ ਜੀ 
ਆ ਗਿਆ ਏ ਮੋਦੀ ਫਿਰ ਤੋਂ
ਭਗਵੇਂ ਰੰਗ ਕਰਕੇ ਜੀ.....

ਝੀਲਾਂ ਤੇ ਚੱਲ ਗਿਆ ਜਾਦੂ
ਜਿੱਤ ਪਰ ਕੋਈ ਖਾਸ ਨਹੀਂ
ਝਾੜੂ ਤੇ ਖਹਿਰੇ ਦੀ ਪਰ 
ਪੁੱਛੀ ਕਿਸੇ ਬਾਤ ਨਹੀਂ
ਹਰ ਕੇ ਵੀ ਜਿੱਤ ਗਿਆ ਰਾਜਾ
ਲੜਿਆ ਹੈ ਅੜ ਕੇ ਜੀ
ਆ ਗਿਆ ਏ ਮੋਦੀ ਫਿਰ ਤੋਂ
ਭਗਵੇਂ ਰੰਗ ਕਰਕੇ ਜੀ.....

ਦਬਦਾ ਤਾਂ ਪਹਿਲਾਂ ਈ ਨਹੀਂ ਸੀ
ਹੁਣ ਤਾਂ ਹੋ ਰੀਪੀਟ ਗਿਆ
ਝਾੜੂ ਚਾਹੇ ਹੋ ਗਿਆ ਤੀਲਾ
ਪੱਕੀ ਕਰ ਸੀਟ ਗਿਆ
ਲੈ ਲਿਆ ਸੰਗਰੂਰ ਹੀ ਮੁੱਲ 
ਉਸ ਕੰਮਾਂ ਦੇ ਸਦਕੇ ਜੀ
ਆ ਗਿਆ ਏ ਮੋਦੀ ਫਿਰ ਤੋਂ
ਭਗਵੇਂ ਰੰਗ ਕਰਕੇ ਜੀ.....

ਕਿਹੜੀ ਹੁਣ ਨਜ਼ਰ ਨਾ' ਤੱਕੀਏ
ਵੋਟਾਂ ਦੀ ਮਿਣਤੀ ਨੂੰ
ਹੋ ਜੂ ਪੰਜ ਸਾਲ ਲਈ ਔਖਾ
ਸੰਧੂਆ ਘੱਟ ਗਿਣਤੀ ਨੂੰ
ਉੱਚਾ ਸਾਹ ਲੈ ਨੀ ਹੋਣਾ
ਰਹਿਣਾ ਚੁੱਪ ਕਰਕੇ ਜੀ
ਆ ਗਿਆ ਏ ਮੋਦੀ ਫਿਰ ਤੋਂ
ਭਗਵੇਂ ਰੰਗ ਕਰਕੇ ਜੀ.....
23 ਮਈ 2019 ਨੂੰ ਰਾਤੀ 22:08 ਵਜੇ ਪੋਸਟ ਕੀਤੀ ਗਈ।  

No comments:

Post a Comment