google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: ਕਹਾਣੀ//ਕੁੱਖ ਦਾ ਕਤਲ//ਰਿਸ਼ੀ ਗੁਲਾਟੀ

Saturday, 11 September 2021

ਕਹਾਣੀ//ਕੁੱਖ ਦਾ ਕਤਲ//ਰਿਸ਼ੀ ਗੁਲਾਟੀ

ਇਸ ਕਹਾਣੀ ਵਿਚਲੇ ਸੁਨੇਹੇ ਬਾਰੇ ਚਰਚਾ ਹੋਵੇ ਤਾਂ ਜੋ ਸਮਾਜ ਸੁੱਧਰ ਸਕੇ

ਸੋਸ਼ਲ ਮੀਡੀਆ: ਇਹ ਕਹਾਣੀ 14 ਸਾਲ ਪਹਿਲਾਂ ਲਿਖੀ ਗਈ ਸੀ। ਅੱਜ ਵੀ ਇਸਦੀ ਚਰਚਾ ਹੈ। ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਕੀ ਇਹ ਕਹਾਣੀ ਕੋਈ ਗਲਤ ਸੁਨੇਹਾ ਦੇ ਰਹੀ ਹੈ? ਸਭ ਤੋਂ ਪਹਿਲਾਂ ਪੜ੍ਹੋ ਰਿਸ਼ੀ ਗੁਲਾਟੀ ਹੁਰਾਂ ਦੀ ਇਹ ਕਹਾਣੀ। ਸ਼ਾਇਦ ਤੁਹਾਨੂੰ ਅਖਬਾਰਾਂ ਵਿੱਚ ਪੜ੍ਹੀਆਂ ਅਜਿਹੀਆਂ ਕਈ ਸੱਚੀਆਂ ਖਬਰਾਂ ਅਤੇ ਤਸਵੀਰਾਂ ਵੀ ਯਾਦ ਆ ਜਾਣ ਜਿਹਨਾਂ ਨੂੰ ਪੜ੍ਹਨਾ ਅਤੇ ਦੇਖਣਾ ਆਸਾਨ ਨਹੀਂ ਹੁੰਦਾ। ਕਹਾਣੀ ਪੜ੍ਹ ਕੇ ਤੁਹਾਡਾ ਮਨ ਕੀ ਆਖਦਾ ਹੈ ਇਸ ਬਾਰੇ ਜ਼ਰੂਰ ਲਿਖਣਾ। -ਸੰਪਾਦਕ

ਬਚਨੇ ਦੀਆਂ ਅੱਖਾਂ ਦੇ ਹੰਝੂ ਉਹਦੀ ਕਰੜ-ਬਰੜ ਦਾਹੜ੍ਹੀ ਵਿੱਚ ਦੀ ਹੋ ਕੇ ਚੋ ਰਹੇ ਸਨ। ਉਹਦੀਆਂ ਅੱਖਾਂ ਰੋ-ਰੋ ਕੇ ਲਾਲ ਹੋਈਆਂ ਪਈਆਂ ਸਨ। ਉਹ ਬੜਾ ਕੁਝ ਕਹਿਣਾ ਚਾਹੁੰਦਾ ਸੀ ਪਰ ਗਲੇ ਵਿੱਚੋਂ ਆਵਾਜ਼ ਹੀ ਨਹੀਂ ਨਿੱਕਲ ਰਹੀ ਸੀ। ਉਹ ਤਾਂ ਬੱਸ ਭੁੱਬਾਂ ਹੀ ਮਾਰੀ ਜਾ ਰਿਹਾ ਸੀ ਜਾਂ ਕਦੀ-ਕਦੀ ਆਪਣੇ ਮੂੰਹ ਤੇ ਚਪੇੜਾਂ ਮਾਰ ਲੈਂਦਾ ਸੀ।
-“ਹਾਏ ਓਏ ਰੱਬਾ! ਕੀ ਕਰਾਂ ਓਏ! ਕਿਹੜੇ ਜਨਮਾਂ ਦਾ ਵੈਰ ਕੱਢਿਆ ਈ ਓਏ? ਏਹਦੇ ਨਾਲੋਂ ਤਾਂ ਮੈਨੂੰ ਚੁੱਕ ਲੈਂਦਾ! ਨੀਂ ਸੰਤੀਏ, ਕੀਹਦੇ ਆਸਰੇ ਛੱਡ ਗਈ ਏਂ? ਹਾਏ! ਹਾਏ ਓਏ ਰੱਬਾ, ਮੈਨੂੰ ਵੀ ਚੁੱਕ ਲੈ ਵੈਰੀਆ!”, ਬਚਨ ਸਿੰਘ ਬੁਰੀ ਤਰਾਂ ਵਿਲਕ ਰਿਹਾ ਸੀ।
- “ਬਚਨ ਸਿਆਂ! ਹੁਣ ਤਾਂ ਹੌਸਲਾ ਧਰਿਆਂ ਹੀ ਕੁਝ ਬਣਨੈ। ਐਂ ਜਨਾਨੀਆਂ ਵਾਂਗੂੰ ਕੁਰਲਾਇਆਂ ਕੁਸ਼ ਬਣ ਸਕਦੈ ਭਲਾ? ਹੌਸਲਾ ਰੱਖ ਬਚਨ ਸਿਆਂ… ਹੌਸਲਾ ਰੱਖ!”, ਸੱਥਰ ਤੇ ਹੋਏ ਕੱਠ ‘ਚੋਂ ਇੱਕ ਨੇ ਹੌਸਲਾ ਦਿੱਤਾ।
- “ਆਹੋ ਭਾਈ! ਓਸ ਡਾਢੇ ਦੀਆਂ ਲਿਖੀਆਂ ਕੌਣ ਮੇਟ ਸਕਦੈ? ਏਹ ਕਿਹੜਾ ਦਿਹਾੜੀ ਦਾ ਰੋਣ ਐ? ਸਾਰੀ ਉਮਰਾਂ ਦਾ ਰੋਣਾ ਪੱਲੇ ਪਾ ਗੀ ਭਾਈ। ਚੰਦਰੀ ਬਿਮਾਰੀ ਵੀ ਕਿਸੇ ਨੂੰ ਨਾ ਚਿੰਬੜੇ। ਓ ਹੋ!”, ਹੌਕਾ ਭਰਦਿਆਂ ਦੂਜੇ ਨੇ ਹਾਂ ‘ਚ ਹਾਂ ਮਿਲਾਈ।
-“ਕਾਹਦਾ ਹੌਸਲਾ ਰੱਖਾਂ ਓਏ। ਭਾਵੇਂ ਬਿਮਾਰ ਠਿਮਾਰ ਸੀ, ਮੰਜੀ ‘ਤੇ ਪਈ ਸੀ। ਪਰ ਤੀਹਾਂ ਵਰ੍ਹਿਆਂ ਦਾ ਸਾਥ ਸੀ। ਜਿਉਂਦੀ ਜਿੰਦ ਸੀ ਓਏ! ਹੋਰ ਨੀਂ ਤਾਂ ਘੱਟੋ ਘੱਟ ਓਹਦੇ ਨਾਲ਼ ਦਿਲ ਦਾ ਬੋਝ ਹੀ ਹਲਕਾ ਕਰ ਲੈਂਦਾ ਸੀ। ਮੈਨੂੰ ਵੀ ਚੁੱਕ ਲੈਂਦਾ ਓਏ ਡਾਢਿਆ!”, ਬਚਨ ਸਿੰਘ ਮੁੜ ਕੁਰਲਾਇਆ।
- “ਲੈ, ਹੈ ਨੀ ਕਮਲਾ ਹੋਇਆ! ਅਖੇ ਮੈਨੂੰ ਵੀ ਚੁੱਕ ਲੈਂਦਾ! ਬਚਨਿਆਂ ਹੌਸਲਾ ਰੱਖ ਭਰਾਵਾ, ਐਂ ਕਿਤੇ ਮਰਿਆਂ ਨਾਲ਼ ਮਰਿਆ ਜਾਂਦੈ!”, ਕਹਿੰਦਿਆਂ ਪਹਿਲੇ ਪਿੰਡ ਵਾਸੀ ਨੇ ਕਿਸੇ ਨੂੰ ਆਵਾਜ਼ ਮਾਰੀ, “ਓ ਕਾਕਾ! ਪਾਣੀ ਦਾ ਗਿਲਾਸ ਲਿਆ ਨਲਕੇ ਤੋਂ ਭਰ ਕੇ। ਬਚਨਾ ਬਾਹਲਾ ਹੀ ਬੇਹਾਲ ਹੋਇਆ ਪਿਐ। ਬਚਨਿਆਂ ਰੱਬ ਦੀਆਂ ਲਿਖੀਆਂ ਓਹੀ ਜਾਣਦੈ। ਜਾਣ ਆਲੇ ਨਾਲ ਜਾਇਆ ਨਹੀਂ ਜਾਂਦਾ। ਸਿਆਣਿਆਂ ਨੇ ਵੀ ਕਿਹੈ ਪਈ ਜਿਉਣਾ ਝੂਠ ਤੇ ਮਰਨਾ ਸੱਚ!”
- “ਆਹੋ ਭਾਈ! ਸਿਆਣੇ ਤਾਂ ਏਹ ਵੀ ਕਹਿੰਦੇ ਐ ਬਈ ਸਾਨੂੰ ਜਿਉਂਦੇ ਜੀਅ ਐਸੇ ਕਰਮ ਕਰਨੇ ਚਾਹੀਦੇ ਨੇ ਬਈ ਅੱਗਾ ਸੁਧਰ ਜਾਏ। ਪਤਾ ਨਹੀਂ ਕਦੋਂ ਜੋਰਾਵਰ ਆ ਕੇ ਕਹੇ, ਬਈ ਚੱਲ ਤੁਰ, ਮੁੱਕ ਗਿਆ ਤੇਰਾ ਦਾਣਾ ਪਾਣੀ!”, ਇੱਕ ਹੋਰ ਆਵਾਜ਼ ਆਈ।
-“ਤੇਰੀ ਗੱਲ ਤਾਂ ਲੱਖ ਰੁਪਈਏ ਦੀ ਐ। ਪਰ ਜਿਉਂਦੇ ਜੀਅ ਕਿੱਥੇ ਅੱਗਾ ਸੁਧਾਰਨ ਬਾਰੇ ਸੁਝਦੈ? ਸਾਰੀ ਉਮਰ ਟੱਪ ਜਾਂਦੀ ਐ, ਢਿੱਡ ਨੂੰ ਝੁਲਕਾ ਦੇਣ ਦਾ ਜੁਗਾੜ ਈ ਸੂਤ ਨੀਂ ਆਉਂਦਾ। (ਕੁਝ ਪਲ ਠਹਿਰ ਕੇ) ਲੈ ਬਚਨ ਸਿਆਂ! ਪਾਣੀ ਦਾ ਘੁੱਟ ਪੀ ਲੈ।”, ਪਹਿਲੇ ਪਿੰਡ ਵਾਸੀ ਨੇ ਗਲਾਸ ਫੜਾਉਂਦਿਆਂ ਕਿਹਾ।
ਲੇਖਕ ਰਿਸ਼ੀ ਗੁਲਾਟੀ 
-“ਨਾ ਓਏ! ਕਿੱਥੇ ਘੁੱਟ ਟੱਪਦੀ ਐ, ਸੰਘੋਂ ਹੇਠਾਂ? ਕੋਈ ਮਹੁਰਾ ਲਿਆ ਦਿਓ ਓਏ! ਮੈਂ ਵੀ ਤੁਰ ਜਾਂ ਸੰਤੀ ਦੇ ਰਾਹ ‘ਤੇ ਈ। ਕਿਹੜੇ ਰਾਹਾਂ ‘ਤੇ ਤੁਰਗੀ ਕਰਮਾਂ ਆਲੀਏ!”, ਬਚਨ ਸਿੰਘ ਕਲਪ ਰਿਹਾ ਸੀ।
ਸੱਥਰ ਤੇ ਬੈਠੇ ਸਾਕ ਸੰਬੰਧੀ ਉਸਨੂੰ ਬਥੇਰਾ ਹੌਸਲਾ ਦੇਣ ਦੀ ਕੋਸ਼ਿਸ਼ ਕਰ ਰਹੇ ਸਨ, ਪਰ ਉਹ ਸੀ ਕਿ ਬੱਸ ਵਿਲਕੀ ਹੀ ਜਾਂਦਾ ਸੀ। ਕੋਲੇ ਬੈਠੇ ਉਹਦੇ ਪੁੱਤਰ ਹਰਜਿੰਦਰ ਦੀਆਂ ਅੱਖਾਂ ਵਿੱਚੋਂ ਹੰਝੂਆਂ ਦੀ ਜਗ੍ਹਾ ਅੱਗ ਵਰ੍ਹ ਰਹੀ ਸੀ। ਉਹ ਬੈਠਾ ਕਦੇ ਆਪਣੇ ਨਹੁੰ ਕੁਤਰਣ ਲੱਗ ਪੈਂਦਾ ਤੇ ਕਦੇ ਸੱਥਰ ਵਾਲੀ ਦਰੀ ਦੇ ਧਾਗੇ ਖਿੱਚਣ ਲੱਗ ਪੈਂਦਾ। ਚਿਹਰੇ ਵੱਲ ਤੱਕ ਕੇ ਪਤਾ ਲੱਗਦਾ ਸੀ ਕਿ ਉਹ ਆਪਣੇ ਆਪ ਨਾਲ ਗੱਲਾਂ ਕਰਦਾ ਦੰਦ ਕਿਰਚੀ ਜਾਂਦਾ ਸੀ। ਉਸਦੇ ਦਿਲ ਵਿੱਚ ਜ਼ਬਰਦਸਤ ਤੁਫਾਨ ਉਮੜਿਆ ਹੋਇਆ ਸੀ, ਜਿਸਨੂੰ ਇਸ ਔਖੀ ਘੜੀ ਵਿੱਚ ਉਸਨੇ ਬੜੀ ਮੁਸ਼ਕਿਲ ਨਾਲ ਕਾਬੂ ਕੀਤਾ ਹੋਇਆ ਸੀ।
ਇੱਕ ਭਿਆਨਕ ਜਿਹਾ ਵਾਤਾਵਰਣ ਚਾਰ ਚੁਫੇਰੇ ਪਸਰਿਆ ਹੋਇਆ ਸੀ। ਸਾਰਾ ਪਿੰਡ ਸੱਥਰ ਤੇ ਬੈਠਾ ਸੀ ਪਰ ਮੌਤ ਵਰਗੀ ਖਾਮੋਸ਼ੀ ਛਾਈ ਹੋਈ ਸੀ। ਪਿੰਡ ਵਾਲੇ ਤੇ ਰਿਸ਼ਤੇਦਾਰ ਨਮੋਸ਼ੀ ਤੇ ਦੁੱਖ ਵਿੱਚ ਸਿਰ ਝੁਕਾਈ ਬੈਠੇ ਸਨ। ਜੇ ਕਿਸੇ ਦੀ ਨਜ਼ਰ ਇੱਕ ਦੂਜੇ ਨਾਲ ਟਕਰਾ ਵੀ ਜਾਂਦੀ ਤਾਂ ਉਹ ਨਜ਼ਰ ਚੁਰਾ ਲੈਂਦਾ। ਜਾਪਦਾ ਸੀ ਕਿ ਕੋਈ ਹੋਵੇ ਹੀ ਨਾਂ। ਸਿਰਫ਼ ਬਚਨੇ ਦੇ ਵਿਲਕਣ ਦੀ ਆਵਾਜ਼ ਜਾਂ ਕਦੇ ਕਿਸੇ ਜ਼ਨਾਨੀ ਦਾ ਕੀਰਨਾਂ ਹੀ ਸੁਣਦਾ ਸੀ। ਅੰਦਰਲੀ ਸਬਾਤ ਵਿੱਚ ਜਿੱਥੇ ਜ਼ਨਾਨੀਆਂ ਬੈਠੀਆਂ ਸਨ, ਬਚਨੇ ਦੀ ਘਰ ਵਾਲੀ ਸੰਤੀ ਦੀ ਲਾਸ਼ ਪਈ ਸੀ।
ਸੰਤੀ ਢਿੱਲੀ ਤਾਂ ਕਾਫੀ ਚਿਰ ਦੀ ਸੀ ਪਰ ਦਮਾ ਐਨਾ ਵੀ ਨਹੀਂ ਸੀ ਕਿ ਉਹ ਚਾਣਚੱਕ ਹੀ ਤੁਰ ਜਾਂਦੀ। ਬਚਨੇ ਨੇ ਸੰਤੀ ਦੇ ਇਲਾਜ ਤੇ ਬੜਾ ਪੈਸਾ ਰੋੜਿਆ ਪਰ ਸਭ ਵਿਅਰਥ ਹੋ ਗਿਆ ਸੀ। ਆਪਣੇ ਵਿਤ ਤੋਂ ਵਧ ਕੇ, ਉਸਨੇ ਆੜ੍ਹਤੀਆਂ ਤੋਂ ਵਿਆਜੂ ਪੈਸੇ ਚੁੱਕ-ਚੁੱਕ ਕੇ ਇਲਾਜ ਤੇ ਲਾਏ ਤਾਂ ਜੋ ਘਰ ਦਾ ਚੁੱਲਾ ਤਪਦਾ ਰਹੇ ਪਰ ਹੋਣੀ ਅੱਗੇ ਕਿਸ ਦਾ ਜ਼ੋਰ ਚਲਦਾ ਹੈ?
ਬਚਨਾ ਆਪ ਤਾਂ ਭਾਵੇਂ ਕੋਰਾ ਅੰਗੂਠਾ ਛਾਪ ਸੀ ਪਰ ਉਸਦੀ ਸੋਚ ਬੜੀ ਅਗਾਂਹ ਵਧੂ ਸੀ। ਚਾਰ ਬੰਦਿਆਂ ਵਿੱਚ ਗੱਲਬਾਤ ਕਰਨ ਜੋਗਾ ਸੀ। ਸਾਰੇ ਪਿੰਡ ਵਿੱਚ ਚੰਗੀ ਬਣਾ ਕੇ ਰੱਖੀ ਸੀ। ਹਰੇਕ ਦੇ ਦੁੱਖ ਸੁੱਖ ਵਿੱਚ ਕੰਮ ਆਉਂਦਾ ਸੀ। ਚਾਰ ਚੱਪੇ ਪੈਲੀ ਦੇ ਵੀ ਸਨ। ਚੰਗੀ ਰੋਟੀ ਦੇ ਗੁਜ਼ਾਰੇ ਤੋਂ ਬਿਨਾਂ ਇਕਲੌਤੇ ਮੁੰਡੇ ਨੂੰ ਅੰਗਰੇਜ਼ੀ ਸਕੂਲ ਵਿੱਚ ਪੜ੍ਹਨੇ ਪਾ ਛੱਡਿਆ ਸੀ ਉਹ ਵੀ ਅਗਲੇ ਸਾਲ ਕਾਲਜ ਜਾਣ ਜੋਗਾ ਹੋ ਗਿਆ ਸੀ ਤੇ ਕੁੜੀ ਵੀ ਪੜ੍ਹਨ ਲਈ ਸ਼ਹਿਰ ਜਾਂਦੀ ਸੀ।
ਹਰ ਸਾਲ ਬੇ-ਵਕਤੇ ਮੀਂਹ ਤੇ ਸੁੰਡੀ ਪੈਣ ਕਰਕੇ ਕਿਰਸਾਨੀ ਦਮ ਤੋੜਨ ਲੱਗੀ ਸੀ, ਖਰਚੇ ਤੇ ਆਮਦਨ ਦੇ ਵਧਦੇ ਫ਼ਰਕ ਨੂੰ ਮਹਿਸੂਸ ਕਰਦਿਆਂ ਉਸਨੇ ਸ਼ਹਿਦ ਦੀਆਂ ਮੱਖੀਆਂ ਪਾਲ ਲਈਆਂ ਸਨ ਤੇ ਨਾਲ ਬੈਂਕ ਤੋਂ ਕਰਜ਼ਾ ਲੈ ਕੇ ਦੋ ਝੋਟੀਆਂ ਵੀ ਲੈ ਲਈਆਂ ਸਨ। ਮਾੜੀ ਕਿਸਮਤ ਨੂੰ ਸੰਤੀ ਨੂੰ ਦਮੇ ਵਰਗੀ ਚੰਦਰੀ ਬਿਮਾਰੀ ਨੇ ਘੇਰ ਲਿਆ ਤੇ ਉਸਦੀ ਦਵਾਈ ‘ਤੇ ਵੀ ਕਾਫੀ ਖਰਚ ਆਉਣ ਲੱਗ ਪਿਆ ਸੀ। ਸੰਤੀ ਬਥੇਰਾ ਕਲਪਦੀ ਰਹਿੰਦੀ, “ਰਾਣੋ ਦੇ ਬਾਪੂ, ਮੇਰਾ ਕੀ ਭਰੋਸਾ। ਹੁਣ ਰਾਣੋ ਦੇ ਹੱਥ ਪੀਲੇ ਕਰ ਦੇ!”
- “ਸੰਤੀਏ! ਤੈਨੂੰ ਕੀ ਦੱਸਾਂ, ਆੜ੍ਹਤੀਏ ਦੀ ਵਹੀ ਦਾ, ਐਸਾ ਰੱਬ ਦਾ ਵਰਦਾਨ ਮਿਲਿਐ ਉਹਨੂੰ, ਬਈ ਦਿਨ ਰਾਤ ਮੀਟਰ ਘੁਕੀ ਜਾਂਦੈ ਵਿਆਜ ਦਾ। ਕਿਸੇ ਟੈਮ ਤਾਂ ਸੂਰਜ ਤੇ ਚੰਦ ਵੀ ਥੱਕ ਕੇ ਸੌਂ ਜਾਂਦੇ ਐ, ਰਾਤ ਦਾ ਦਿਨ ਤੇ ਦਿਨ ਦੀ ਰਾਤ ਹੋ ਜਾਂਦੀ ਐ, ਪਰ ਆੜ੍ਹਤੀਆਂ ਦਾ ਵਿਆਜ ਕਦੇ ਨਹੀਂ ਰੁਕਦਾ, ਕੌੜੀ ਵੇਲ ਵਾਂਗ ਵਧੀ ਜਾਂਦੈ!”
- “ਸਿਰ ਦਿਆ ਸਾਈਆਂ! ਦੋ ਝੋਟੀਆਂ ਕਿੱਲੇ ਖੜ੍ਹੀਐਂ, ਓਹਨਾਂ ਨੂੰ ਵੇਚ ਦੇ, ਪਰ ਸਿਰੋਂ ਭਾਰ ਲਾਹ। ਮੇਰਾ ਕੀ ਪਤੈ, ਕਦੋਂ ਬੁਲਾਵਾ ਆ ਜਾਣੈ!”, ਸੰਤੀ ਖੰਘਦੀ ਹੋਈ ਬੋਲੀ।
- “ਹੈ ਕਮਲੀ! ਝੋਟੀਆਂ ਵੇਚ ਕੇ ਬੈਂਕ ਦੀਆਂ ਕਿਸ਼ਤਾਂ ਕੌਣ ਮੋੜੂਗਾ? ਪਤੈ ਨਾ ਬਈ ਪੈਲੀ ਦੇ ਨੰਬਰ ਦਿੱਤੇ ਹੋਏ ਐ, ਬੈਂਕ ਆਲਿਆਂ ਨੂੰ। ਨਾਲ ਦੇ ਪਿੰਡ ਪਤੈ, ਆਹ ਰਾਮੇ ਕੇ ਰਿਸ਼ਤੇਦਾਰਾਂ ਦੇ... ਝੋਟੀਆਂ ਆਸਤੇ ਕਰਜ਼ਾ ਲਿਆ ਸੀ ਬੈਂਕ ਤੋਂ, ਕਰੰਟ ਨਾਲ਼ ਝੋਟੀਆਂ ਮਰ ਗਈਆਂ। ਮੁੜਕੇ ਜ਼ਮੀਨ ਕੁਰਕੀ ਦੇ ਆਡਰ ਆ ਗਏ। ਮਸਾਂ ਟਰੈਕਟਰ ਵੇਚ ਕੇ ਇੱਕ ਵਾਰੀ ਟਿਕ-ਟਕਾ ਕੀਤੈ। ਅਜੇ ਤੱਕ ਨਬੇੜਾ ਨਹੀਂ ਹੋਇਆ। ਬੈਂਕ ਆਲੇ ਆਵਦੀ ਆਈ ਤੇ ਆ ਜਾਣ ਤਾਂ ਰੋਲ ਕੇ ਧਰ ਦਿੰਦੇ ਐ, ਰੋਲ ਕੇ। ਤੂੰ ਕਹਿੰਨੀ ਐਂ, ਝੋਟੀਆਂ ਵੇਚ ਦਿਆਂ? ਝੋਟੀਆਂ ਦਾ ਦੁੱਧ ਵੇਚ ਕੇ ਤਾਂ ਕਿਸ਼ਤਾਂ ਮਸਾਂ ਜਾਂਦੀਐਂ, ਮੁੜਕੇ ਕਿਸ਼ਤਾਂ ਕਿੱਥੋਂ ਲਾਹ ਦੇਂਗੀ, ਝੋਟੀਆਂ ਵੇਚ ਦੇ... ਬੜੀ ਸਿਆਣੀ ਗੱਲ ਕੀਤੀ ਐ, ਝੋਟੀਆਂ ਵੇਚ ਦੇ!” ਬਚਨ ਸਿੰਘ ਸੰਤੀ ਦੀ ਗੱਲ ਸੁਣ ਕੇ ਖਿਝ ਗਿਆ ਸੀ।
- “ਓ ਮੈਂ ਕਿਹੜਾ ਬੋਲੀ ਲਾਈ ਖੜੀ ਐਂ, ਮੇਰੇ ‘ਤੇ ਕਿਉਂ ਗੁੱਸੇ ਹੋਈ ਜਾਨੈਂ? ਮੈਂ ਤਾਂ ਸੁਭੈਕੀ ਗੱਲ ਕੀਤੀ ਸੀ ਬਈ ਕੁੜੀ ਨੂੰ ਤੋਰ ਆਪਣੇ ਘਰ, ਕੁੜੀਆਂ ਚਿੜੀਆਂ ਆਪਣੇ ਘਰ ਈ ਸੋਭਦੀਐਂ!”
- “ਮੈਂ ਕਾਹਦਾ ਗੁੱਸੇ ਹੋਣੈ ਤੇਰੇ ‘ਤੇ ਸੰਤੀਏ? ਓਹੋ ਜਿਆ ਮੈਂ ਆਂ, ਮੁਸ਼ਕਲਾਂ ਨਾਲ਼ ਨਜਿੱਠਿਆ ਮੈਥੋਂ ਆਪ ਤੋਂ ਨਹੀਂ ਜਾਂਦਾ, ਬੱਸ ਮੂੰਹੋਂ ਨਿੱਕਲ ਜਾਂਦੀ ਐ। ਚੱਲ ਦਿਲ ਨੂੰ ਨਾ ਲਾਈਂ, ਤੂੰ ਦੁਆਈ ਟੈਮ ਨਾਲ਼ ਲਈ ਜਾਂਦੀ ਐਂ?”
- “ਦੁਆਈ ਤਾਂ ਲਈ ਜਾਨੀਂ ਆਂ ਪਰ ਹੁਣ ਤਾਂ ਦਮ ਦਾ ਦਮ ਈ ਪੱਲੇ ਲੱਗਦੈ, ਪਤਾ ਨਹੀਂ ਕਦੋਂ ਧੁਰ ਦਰਗਾਹੋਂ ਬੁਲਾਵਾ ਆ ਜਾਣੈ? ਜਿੰਦਰ ਵੀ ਅਜੇ ਨਿਆਣੈ, ਕੁਸ਼ ਕਰਨ ਜੋਕਰਾ ਨਹੀਂ ਹੋਇਆ। ਤੂੰ ਕੱਲਾ ਮਿੱਟੀ ਨਾਲ਼ ਮਿੱਟੀ ਹੋਇਆ ਰਹਿੰਨੈ, ਓਹਨੂੰ ਨਾਲ ਲਾ ਲੈ, ਕੁਸ਼ ਤਾਂ ਮੱਦਤ ਕਰੂਗਾ ਈ!”
- “ਕਹਾਨੂੰ ਸੰਤੀਏ! ਮੈਂ ਸੋਚਦੈਂ ਬਈ ਚਾਰ ਪੰਜ ਵਰ੍ਹਿਆਂ ਦੀ ਗੱਲ ਐ, ਮੁੰਡਾ ਪੜ੍ਹ ਲਿਖ ਕੇ ਪੈਰਾਂ ਸਿਰ ਹੋ ਜਾਊ ਤੇ ਨੌਕਰੀ ਲੱਗ ਕੇ ਸਾਰੇ ਦੁੱਖ ਧੋ ਦੇਊ। ਕਦੇ ਸੋਚਦੈਂ ਬਈ ਪੜ੍ਹਨੋਂ ਹਟਾ ਕੇ ਆੜ੍ਹਤੀਆਂ ਦੀ ਹੱਟੀ ‘ਤੇ ਈ ਲਾ ਦਿਆਂ। ਕੰਮ ਸਿੱਖ ਕੇ ਮੁਨੀਮ ਬਣ ਗਿਆ ਤਾਂ ਆਪਣੇ ਪੈਰਾਂ ਤੇ ਖੜਾ ਹੋ ਜਾਊ ਤੇ ਸ਼ੈਦ ਸੇਠ ਵਿਆਜ ‘ਚ ਕੋਈ ਮਾੜੀ ਮੋਟੀ ਰਿਐਤ ਵੀ ਕਰ ਦੇਣ!”
- “ਆਹ ਵੀ ਤੇਰੀ ਗੱਲ ਠੀਕ ਐ। ਕੇਰਾਂ ਯਕੀਨ ਬਣੇ ਦੀ ਗੱਲ ਐ, ਫੇਰ ਤਾਂ ਆੜ੍ਹਤੀਏ, ਮੈਨੂੰ ਮੈਦ (ਉਮੀਦ) ਐ, ਰਾਣੋ ਦੇ ਵਿਆਹ ‘ਚ ਵੀ ਮਾੜੀ ਮੋਟੀ ਮੱਦਤ ਕਰ ਦੇਣਗੇ!”
- “ਹੋਰ ਨਾ ਕੁਸ਼, ਅਖੇ ਮੱਦਤ ਕਰ ਦੇਣਗੇ। ਤੇਰਾ ਵੀ ਨਾ ਸੰਤੀਏ, ਬੱਸ ਸਰਿਆ ਈ ਪਿਐ। ਅਗਲੇ ਰੁਪਈਏ ਨਾਲ਼ ਜੋੜ ਕੇ ਰੁਪਈਆ ਕਮਾਉਂਦੇ ਐ। ਮੱਦਤ ਕਰ ਦੇਣਗੇ!”
- “ਫੇਰ ਰਾਣੋ ਨੂੰ ਪੜ੍ਹਨੋ ਹਟਾ ਲੈ। ਊਂ ਤਾਂ ਘਰ ਦਾ ਸਾਰਾ ਕੰਮ ਉਹੀ ਕਰਦੀ ਐ, ਫੇਰ ਵੀ ਮਾੜੀ ਮੋਟੀ ਸਿਲਾਈ ਕਢਾਈ ਸਿਖਾ ਦਿਆਂਗੇ!”
- “ਸੰਤੀਏ, ਜੇ ਪੜ੍ਹਨੋ ਹਟਾ ਲਈ ਤਾਂ ਘਰੇ ਬੈਠੀ ਕੋਠੇ ਜਿੱਡੀ ਹੁੰਦੀ ਧੀ ਝੱਲਣੀ ਸੌਖੀ ਐ? ਪੜ੍ਹਨ ਜਾਂਦੀ ਐ ਤਾਂ ਕੁਸ਼ ਸਿੱਖ ਕੇ ਈ ਆਉਂਦੀ ਐ। ਹੁਣ ਸਾਰਾ ਦਿਨ ਕਿਤਾਬਾਂ ‘ਚ ਰੁੱਝੀ ਰਹਿੰਦੀ ਐ। ਸਿਆਣੇ ਕਹਿੰਦੇ ਐ, ਵਿਹਲਾ ਮਨ ਸ਼ੈਤਾਨ ਦਾ ਘਰ ਹੁੰਦੈ!”
- “ਤੈਨੂੰ ਜਿਵੇਂ ਠੀਕ ਲੱਗਦੈ ਕਰ ਲੈ ਰਾਣੋ ਦੇ ਬਾਪੂ। ਪਰ ਯਾਦ ਰੱਖੀਂ ਉਹਦੀਆਂ ਦਸਵੀਂ ਦੀਆਂ ਜਮਾਤਣਾਂ ਵਿੱਚੋਂ ਕਈਆਂ ਦੇ ਕੁੱਛੜ ਤਾਂ ਨਿਆਣੇ ਵੀ ਹੈਗੇ ਐ। ਇੱਕ ਤੂੰ ਈ ਅਨੋਖੀ ਗੱਲ ਕਰਦੈਂ। ਮੇਰੀ ਕਹੀ ਯਾਦ ਰੱਖੀਂ, ਕੱਲ ਨੂੰ ਕੋਈ ਅਬੀ-ਨਬੀ ਹੋ ਗਈ ਤਾਂ ਮੁੜ ਕੇ ਮੈਨੂੰ ਨਾ ਕਹੀਂ!”
- “ਓ ਕੁਸ਼ ਨੀਂ ਹੁੰਦਾ। ਆਵਦੀ ਔਲਾਦ ‘ਤੇ ਭਰੋਸਾ ਰੱਖੀਦੈ। ੳਂੂ… ਰਾਣੋ ਵੀ ਕਹਿੰਦੀ ਸੀ ਬਈ ਪੇਪਰਾਂ ਤੋਂ ਬਾਦ ਮੈਂ ਕੰਪੂਟਰ ਸਿੱਖਣੈ। ਕਹਿੰਦੀ ਸੀ ਬਈ ਕੰਪੂਟਰ ਸਿੱਖ ਕੇ ਛੇਤੀ ਨੌਕਰੀ ਮਿਲ ਜਾਂਦੀ ਐ!”
- “ਤੂੰ ਜਾਣ, ਜਾਣੇ ਤੇਰਾ ਕੰਮ। ਮੈਂ ਜੋ ਕਹਿਣਾ ਸੀ ਕਹਿ ਦਿੱਤਾ। ਨਾ ਅੱਗੇ ਕਦੇ ਤੂੰ ਮੇਰੀ ਮੰਨੀ ਐ, ਜੋ ਹੁਣ ਮੰਨੇਗਾ? ਭਾਵੇਂ ਸਿਖਾ ਕੰਪੂਟਰ ਤੇ ਭਾਵੇਂ ਟਰੈਕਟਰ, ਮੇਰੀ ਕੋਈ ਜਿੰਮੇਦਾਰੀ ਨਹੀਂ!”
- “ਤੂੰ ਤਾਂ ਬੱਸ ਆਵਦੀਆਂ ਮਾਰੀ ਜਾਂਦੀ ਐਂ। ਕੁੜੀ ਨੂੰ ਖਾਲੀ ਹੱਥੀਂ ਕਿੱਥੋਂ ਤੋਰ ਦਿਆਂ? ਕੱਲ ਨੂੰ ਬਿਗਾਨੀ ਨੇ ਅੱਡ ਕਰਤੀ ਤਾਂ ਚਾਰ ਭਾਂਡੇ ਵੀ ਨਾ ਹੋਣ ਕੁੜੀ ਕੋਲ ਰੋਟੀ ਥੱਪਣ ਨੂੰ? ਕੋਈ ਜੁੱਲੀ ਬਿਸਤਰਾ, ਕੱਪੜਾ ਵੀ ਨਾ ਹੋਵੇ ਤਨ ਕੱਜਣ ਨੂੰ? ਹੂੰ… ਜਿੰਮੇਦਾਰੀ ਨਹੀਂ। ਜਿੰਮੇਦਾਰੀ ਆਪਣੀ ਨਹੀਂ ਤਾਂ ਹੋਰ ਕੀਹਦੀ ਐ? ਮੈਂ ਕੀ ਮਾੜਾ ਕਰਤਾ ਕਿਸੇ ਦਾ, ਜੇ ਹੁਣ ਲੱਖਾਂ ਰੁਪਈਏ ਹੈ ਨੀਂ ਲਾਉਣ ਨੂੰ ਤੇ ਕੁਸ਼ ਹਜ਼ਾਰ ਲਾ ਕੇ ਕੁੜੀ ਦਾ ਧਿਆਨ ਪਾਸੇ ਲੱਗਦੈ ਤਾਂ ਮਾੜਾ ਕੀ ਐ? ਮੈਨੂੰ ਤਾਂ ਸਮਝ ਨਹੀਂ ਆਉਂਦੀ ਇਹਨਾਂ ਜਨਾਨੀਆਂ ਦੀ। ਅਖੇ ਜਿੰਮੇਦਾਰੀ ਨਹੀਂ, ਜਿੰਮੇਦਾਰੀ ਹੋਰ ਥੋਡੇ ਪਿੰਡ ਆਲੇ ਨੰਜੂ ਬਾਹਮਣ ਦੀ ਐ? ਹੈ ਕਿ ਨਹੀਂ ਗਿੱਟਿਆਂ ‘ਚ ਮੱਤ। ਸਾਲੀ ਢੇਡ ਜਨਾਨੀ!”, ਬਚਨ ਸਿੰਘ ਤਲਖੀ ਨਾਲ ਬੋਲਿਆ।
ਮਹਿੰਗੀਆਂ ਪੜ੍ਹਾਈਆਂ, ਕਾਲਜਾਂ ਦੀਆਂ ਡੋਨੇਸ਼ਨਾਂ ਤੇ ਸਮੇਂ ਦੀ ਨਜ਼ਾਕਤ ਸਮਝਦਿਆਂ ਰਾਣੋ ਨੇ ਕੰਪਿਊਟਰ ਲਾਈਨ ਨੂੰ ਆਪਣਾ ਕੈਰੀਅਰ ਬਨਾਉਣ ਲਈ ਸ਼ਹਿਰ ਦੇ ਨਾਮੀ ਕੰਪਿਊਟਰ ਸੈਂਟਰ ਵਿੱਚ ਦਾਖਲਾ ਲੈ ਲਿਆ। ਹਾਲਾਂਕਿ ਘਰੇਲੂ ਹਾਲਾਤ ਏਨਾ ਖ਼ਰਚ ਕਰਨ ਦੀ ਇਜਾਜ਼ਤ ਨਹੀਂ ਸਨ ਦਿੰਦੇ, ਪਰ ਵਿਆਹ ਦੇ ਖ਼ਰਚ ਨਾਲੋਂ ਕਈ ਗੁਣਾ ਘੱਟ ਖ਼ਰਚ ਦੇ ਲਾਲਚ ਕਰਕੇ ਬਚਨੇ ਨੂੰ ਇਹ ਫ਼ੀਸਾਂ ਭਰਨੀਆਂ ਸੌਖੀਆਂ ਜਾਪੀਆਂ। ਕੰਪਿਊਟਰ ਸੈਂਟਰ ਵਿੱਚ ਸਮੇਂ-ਸਮੇਂ ਸਿਰ ਕਰਵਾਏ ਜਾਂਦੇ ਸੈਮੀਨਾਰਾਂ ਵਿੱਚ ਉਸਨੇ ਵਧ-ਚੜ੍ਹ ਕੇ ਭਾਗ ਲੈਣਾ ਸ਼ੁਰੂ ਕੀਤਾ। ਬੱਸ ਇਕੋ ਹੀ ਧੁਨ ਸਵਾਰ ਹੋ ਗਈ ਕਿ ਆਪਣੇ ਪੈਰਾਂ ਸਿਰ ਖੜੀ ਹੋਣਾ ਹੈ। ਉਹ ਕਲਾਸ ਤੋਂ ਬਾਅਦ ਵੀ ਕੰਪਿਊਟਰ ਤੇ ਪ੍ਰੈਕਟਿਸ ਕਰਦੀ ਤੇ ਆਪਣੇ ਤੋਂ ਜੂਨੀਅਰ ਸਿਖਿਆਰਥੀਆਂ ਨੂੰ ਵੀ ਸਿਖਾਉਂਦੀ, ਇਹ ਸੋਚ ਕੇ ਕਿ ਉਸਦੀ ਪ੍ਰੈਕਟਿਸ ਹੋ ਰਹੀ ਹੈ।
ਜਦੋਂ ਰਾਣੋ ਦੀਆਂ ਪੇਕੇ ਆਈਆਂ ਸਹੇਲੀਆਂ ਉਸਨੂੰ ਮਿਲਣ ਆਉਂਦੀਆਂ ਤਾਂ ਉਹ ਤਾਂ ਰਾਣੋ ਦੇ ਪੜ੍ਹੀ ਲਿਖੀ ਹੋਣ ਤੇ ਰਸ਼ਕ ਕਰਦੀਆਂ ਕਹਿੰਦੀਆਂ, “ਨੀਂ ਰਾਣੋ, ਧੰਨ ਤੇਰੇ ਮਾਪੇ ਜਿਹੜੇ ਤੈਨੂੰ ਪੜ੍ਹਾਈ ਜਾਂਦੇ ਐ, ਪੜ੍ਹ ਕੇ ਅਫਸਰ ਲੱਗ ਜਾਏਂਗੀ। ਅਸੀਂ ਤਾਂ ਸਾਰੀ ਉਮਰ ਗੋਹਾ ਚੁੱਕਣ ਜੋਗੀਆਂ ਹੀ ਰਹਿ ਗਈਆਂ!”
ਉਹਨਾਂ ਕੁੜੀਆਂ ਦੀ ਗੱਲ ਸੁਣ ਕੇ ਬਚਨੇ ਤੇ ਸੰਤੀ ਦੇ ਸਾਹਮਣੇ ਆਪਣੀ ਅਫ਼ਸਰ ਧੀ ਰਾਣੋ ਨਹੀਂ ਸਗੋਂ ਆਪਣੀਆਂ ਉਹ ਮਜ਼ਬੂਰੀਆਂ ਘੁੰਮਣ ਲੱਗ ਜਾਂਦੀਆਂ ਜਿਹਨਾਂ ਕਰਕੇ ਰਾਣੋ ਅਜੇ ਤੱਕ ਪੜ੍ਹ ਰਹੀ ਸੀ। ਆਖਿਰ ਕੀਤਾ ਵੀ ਕੀ ਜਾ ਸਕਦਾ ਸੀ? ਮਜਬੂਰੀ ਮਾਰਿਆ ਠੰਢਾ ਹੌਕਾ ਖਿੱਚ ਕੇ ਹੀ ਸਾਰ ਲੈਂਦੇ। ਜਿ਼ੰਦਗੀ ਆਪਣੇ ਉਸੇ ਰਸਤੇ ਤੇ ਚਲਦੀ ਗਈ, ਜਿਸ ਤੇ ਅੱਜ ਤੱਕ ਚਲ ਰਹੀ ਸੀ।
ਸਮਾਂ ਆਪਣੀ ਤੋਰ ਤੁਰਦਾ ਰਿਹਾ ਤੇ ਇਸੇ ਦੌਰਾਨ ਉਸ ਦੀਆਂ ਅੱਖਾਂ ਰਾਜੇਸ਼ ਨਾਲ ਚਾਰ ਹੋ ਗਈਆਂ। ਰਾਜੇਸ਼ ਦੇ ਪਾਪਾ ਕਿਸੇ ਸਰਕਾਰੀ ਦਫ਼ਤਰ ਵਿੱਚ ਕਲਰਕ ਲੱਗੇ ਹੋਏ ਸਨ। ਕੁੱਲ ਮਿਲਾ ਕੇ ਘਰ ਦਾ ਤੋਰੀ ਫੁਲਕਾ ਚੰਗਾ ਚਲਦਾ ਸੀ। ਰਾਜੇਸ਼ ਦੀ ਵੱਡੀ ਭੈਣ ਵੀ ਵਿਆਹੁਣ ਯੋਗ ਸੀ। ਸਮੱਸਿਆ ਉਹੀ ਸੀ ਜੋ ਹਰ ਮੱਧਿਅਮ ਵਰਗ ਦੀ ਪੜ੍ਹੀ-ਲਿਖੀ ਕੁੜੀ ਨੂੰ ਪੇਸ਼ ਆਉਂਦੀ ਹੈ, ਕਿ ਬਰਾਬਰ ਦੇ ਪੜ੍ਹੇ ਲਿਖੇ ਪਰਿਵਾਰ ਦੀਆਂ ਮੰਗਾਂ ਪੂਰੀਆਂ ਕਰਨੀਆਂ ਔਖੀਆਂ ਹਨ ਤੇ ਘੱਟ ਵਾਲਿਆਂ ਘਰ ਜਾਣ ਨੂੰ ਕੁੜੀ ਦਾ ਦਿਲ ਨਹੀਂ ਮੰਨਦਾ। ਸਮਾਂ ਆਪਣੀ ਤੋਰ ਤੁਰਦਾ ਗਿਆ ਤੇ ਰਾਣੋ ਤੇ ਰਾਜੇਸ਼ ਦੀਨ-ਦੁਨੀਆਂ ਤੋਂ ਬੇ-ਖ਼ਬਰ ਆਪਣੀ ਦੁਨੀਆਂ ਵਿੱਚ ਵਿਚਰਦੇ ਰਹੇ।
- “ਰਾਜੇਸ਼, ਕੋਰਸ ਪੂਰਾ ਕਰਕੇ ਕੀ ਸੋਚਿਆ?”, ਇੱਕ ਦਿਨ ਰਾਣੋ ਨੇ ਪੁੱਛਿਆ।
- “ਸੋਚਣਾ ਕੀ ਐ ਰਾਣੋ, ਸਰਕਾਰੀ ਦਫ਼ਤਰਾਂ ਵਿੱਚ ਐਪਲੀਕੇਸ਼ਨਾਂ ਤਾਂ ਭੇਜੀ ਹੀ ਜਾਂਦੇ ਆਂ। ਜਿਵੇਂ ਜਿਵੇਂ ਸਮੈਸਟਰ ਕੰਪਲੀਟ ਹੋਈ ਜਾਂਦੇ ਐ, ਐਪਲੀਕੇਸ਼ਨ ਨਾਲ ਇੱਕ ਸਰਟੀਫਿ਼ਕੇਟ ਹੋਰ ਵਧ ਜਾਂਦਾ ਹੈ!”
- “ਤੈਨੂੰ ਤਾਂ ਹਮੇਸ਼ਾ ਨੌਕਰੀ ਹੀ ਨਜ਼ਰ ਆਉਂਦੀ ਹੈ, ਮੈਂ ਨਹੀਂ। ਕਦੇ ਤਾਂ ਆਪਣੇ ਸੁਪਨੇ ਸੱਚ ਹੋਣ ਦੀ ਗੱਲ ਕਰ ਲਿਆ ਕਰ”, ਰਾਣੋ ਕਦੀ-ਕਦੀ ਜਿਵੇਂ ਨਾਰਾਜ਼ ਹੋ ਜਾਂਦੀ।
- “ਰਾਣੋ... ਮੇਰੀ ਰਾਣੋ... ਪਲੀਜ਼ ਇੰਝ ਨਾਰਾਜ਼ ਹੋਇਆ ਕਰ” ਰਾਜੇਸ਼ ਰਾਣੋ ਦਾ ਚਿਹਰਾ ਆਪਣੇ ਦੋਨਾਂ ਹੱਥਾਂ ਵਿੱਚ ਲੈ ਕੇ ਕਹਿੰਦਾ “ਦੇਖ ਰਾਣੋ... ਮੈਨੂੰ ਤੇਰੇ ਨਾਲ ਕੀਤੇ ਵਾਅਦਿਆਂ ਦਾ ਪੂਰਾ-ਪੂਰਾ ਅਹਿਸਾਸ ਹੈ। ਪਰ ਸਾਨੂੰ ਜਿ਼ੰਦਗੀ ਵਿੱਚ ਆਪਣੀਆਂ ਜਿੰਮੇਵਾਰੀਆਂ ਤੋਂ ਮੂੰਹ ਨਹੀਂ ਮੋੜਨਾ ਚਾਹੀਦਾ!”
- “ਚੰਗਾ! ਜਿੰਮੇਵਾਰੀਆਂ ਨਾਲ਼ ਹੀ ਵਿਆਹ ਕਰਵਾ ਲਈਂ। ਮੈਂ ਨੀਂ ਬੋਲਦੀ ਹੁਣ ਤੇਰੇ ਨਾਲ਼...!”
- “ਓ… ਹੋ! ਸਾਰੀ ਦਿਹਾੜੀ ਗੁੱਸਾ ਤਾਂ ਤੇਰੇ ਨੱਕ ‘ਤੇ ਹੀ ਬੈਠਾ ਰਹਿੰਦੈ। ਕਦੇ ਤਾਂ ਹੱਸ ਕੇ ਗੱਲ ਕਰ ਲਿਆ ਕਰੋ ਮਾਲਕੋ!” ਰਾਜੇਸ਼ ਨੇ ਹੱਸਦਿਆਂ ਕਿਹਾ।
- “ਜਾਣ ਦੇ, ਜਾਣ ਦੇ, ਵੱਡਾ ਹੱਸ ਕੇ ਗੱਲਾਂ ਕਰਨ ਵਾਲਾ। ਕਦੇ ਕਦੇ ਤਾਂ ਲੱਗਦੈ ਪੰਗਾ ਈ ਲੈ ਲਿਆ ਤੇਰੇ ਨਾਲ ਦਿਲ ਲਾ ਕੇ!”
- “ਲੈ !!! ਬਈ ਏਡੀ ਕਿਹੜੀ ਗੱਲ ਐ? ਜੇ ਪੰਗਾ ਲੈ ਈ ਲਿਐ, ਭਾਵ ਗ਼ਲਤੀ ਕਰ ਈ ਲਈ ਐ ਤਾਂ ਸਿਆਣੇ ਕਹਿੰਦੇ ਐ ਬਈ ਜੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜੇ ਤਾਂ ਓਹਨੂੰ ਭੁੱਲਿਆ ਨਹੀਂ ਕਹਿੰਦੇ!”
- “ਮਤਲਬ ਕੀ ਏ ਤੇਰਾ?”
- “ਮਤਲਬ... ਮਤਲਬ ਤਾਂ ਕੁਝ ਨਹੀਂ!”
- “ਨਹੀਂ ਮੈਨੂੰ ਮਤਲਬ ਸਮਝਾ ਜਰਾ, ਜਿਹੜੀ ਟੇਢੀ ਗੱਲ ਕਰਦੈਂ, ਤੈਨੂੰ ਕੀ ਲੱਗਦੈ, ਮੈਂ ਸਮਝਦੀ ਨਹੀਂ?”
- “ਕੀ ਸਮਝੇ ਮਾਲਕੋ! ਮੈਂ ਤਾਂ ਅਜਿਹੀ ਕੋਈ ਗੱਲ ਨਹੀਂ ਕੀਤੀ ਜੋ ਟੇਢੀ ਹੋਵੇ!”
- “ਹੋਰ ਟੇਢੀ ਗੱਲ ਕੀ ਹੋਊਗੀ? ਆਖੀ ਤਾਂ ਜਾਂਦੈਂ ਬਈ ਤੇਰੇ ਨਾਲ਼ ਦਿਲ ਲਾਉਣ ਦੀ ਗਲਤੀ ਸੁਧਾਰ ਲਾਂ!”
- “ਮੈਂ ਕਦੋਂ ਆਖਿਐ, ਐਵੇਂ ਈ ਇਲਜ਼ਾਮ ਲਾਈ ਜਾਂਦੀ ਐਂ। ਅਖੇ ਆਪੇ ਈ ਸਿ਼ਕਾਇਤ, ਆਵਦੇ ਕੋਲੇ ਈ ਸਿ਼ਕਾਇਤ ਤੇ ਹੁਣ ਆਪ ਹੀ ਗੁੱਸੇ ਹੋਣ ਦਾ ਨਕਲੀ ਡਰਾਮਾ...। ਯਾਨੀ ਕਿ ਆਪ ਹੀ ਮਦਈ, ਆਪ ਹੀ ਗਵਾਹ, ਆਪ ਹੀ ਵਕੀਲ ਤੇ ਆਪ ਹੀ ਜੱਜ, ਕਿਉਂ ਆਏਂ ਈ ਐ ਨਾ ਜਨਾਬ?”
- “ਰਹਿਣ ਦੇ, ਰਹਿਣ ਦੇ... ਬਾਹਲਾ ਸਿਆਣਾ ਨਾ ਹੋਵੇ ਤਾਂ। ਜੇ ਛੱਡ ਗਈ ਨਾ ਤਾਂ ਮੁੜਕੇ ਮੱਥੇ ‘ਤੇ ਹੱਥ ਰੱਖ ਕੇ ਬੈਠਾ ਰਹੀਂ। ਕਰੀ ਜਾਈਂ ਮਿੰਨਤਾਂ ਤਰਲੇ, ਮੈਂ ਨੀਂ ਗੱਲ ਸੁਣਨੀ। ਆਹੋ!”
- “ਲੈ... ਐਦਾਂ ਕਦੀ ਹੋ ਸਕਦੈ? ਤੂੰ ਕੀ ਸਮਝਦੀ ਐਂ ਮੇਰੀਏ ਬੱਗੀਏ ਕਬੂਤਰੀਏ, ਐਂ ਉਡ ਜਾਏਂਗੀ ਮਿੱਤਰਾਂ ਦੀ ਛਤਰੀ ਤੋਂ? ਐਸਾ ਕਭੀ ਹੋ ਸਕਤਾ ਹੈ? ਕਭੀ ਨਹੀਂ। ਗੱਬਰ ਸੀਂਗ, ਮੈਂ ਤੁਝੇ ਜਾਨੇ ਨਹੀਂ ਦੂੰਗਾ, ਟੈਂ ਟੈਂ ਟੈਂ !!!”
- “ਜਾ ਵੇ ਰਾਜੇਸ਼! ਕਦੀ ਤਾਂ ਸੀਰੀਅਸ ਹੋ ਜਾਇਆ ਕਰ। ਸਾਰਾ ਦਿਨ ਸ਼ਰਾਰਤਾਂ ਈ ਸੁਝਦੀਆਂ ਰਹਿੰਦੀਐਂ ਤੈਨੂੰ!” ਰਾਣੋ ਖਿੜਖੜਾ ਕੇ ਹੱਸਦੀ ਹੋਈ ਬੋਲੀ।
- “ਯੇ ਤੋ ਅਪੁਨ ਕਾ ਇਸ਼ਟਾਈਲ ਹੈ ਜਾਨੇਮਨ!”, ਰਾਜੇਸ਼ ਨੇ ਸਟਾਈਲ ਮਾਰ ਕੇ ਕਿਹਾ। ਦੋਵੇਂ ਖੂਬ ਹੱਸਦੇ ਹਨ।
ਵਕਤੀ ਚਾਲ ਨਾਲ ਉਹਨਾਂ ਦੇ ਪਿਆਰ ਦੀ ਖੁਸ਼ਬੋਈ ਆਲੇ ਦੁਆਲੇ ਫੈਲ ਗਈ ਤੇ ਉੱਡਦਿਆਂ-ਉੱਡਦਿਆਂ ਰਾਣੋ ਦੇ ਘਰ ਤੱਕ ਜਾ ਪੁੱਜੀ। ਇੱਕ ਦਿਨ ਸ਼ਾਮ ਨੂੰ ਜਦ ਸ਼ਹਿਰ ਤੋਂ ਰਾਣੋ ਘਰ ਪੁੱਜੀ ਤਾਂ ਉਸਨੂੰ ਘਰ ਦਾ ਮਾਹੌਲ ਕੁਝ ਬਦਲਿਆ ਬਦਲਿਆ ਜਾਪਿਆ। ਬਚਨ ਸਿੰਘ ਨੇ ਦੁਖੀ ਮਨ ਨਾਲ ਰਾਣੋ ਨੂੰ ਪੁੱਛਿਆ, “ਰਾਣੋ ਪੁੱਤ! ਮੈਂ ਆਹ ਕੀ ਸੁਣ ਰਿਹਾਂ?”
- “ਕੀ ਹੋਇਆ ਬਾਪੂ ਜੀ?”
- “ਕਿੰਝ ਪੁੱਛਾਂ ਧੀਏ? ਮੇਰੀ ਤਾਂ ਜੁਬਾਨ ਹੀ ਸਾਥ ਨਹੀਂ ਦੇ ਰਹੀ?”
- “ਐਹੋ ਜਿਹੀ ਕਿਹੜੀ ਗੱਲ ਐ ਬਾਪੂ ਜੀ, ਜੋ ਤੁਸੀਂ ਐਹੋ ਜਿਹੀਆਂ ਗੱਲਾਂ ਕਰ ਰਹੇ ਹੋ?”
- “ਦਿਲ ਡਰਦੈ ਧੀਏ, ਕਿਤੇ ਮੇਰਾ ਭਰੋਸਾ ਖੇਰੂੰ ਖੇਰੂੰ ਨਾ ਹੋ ਜਾਏ। ਤੈਨੂੰ ਕਦੇ ਪੁੱਤਾਂ ਨਾਲ਼ੋਂ ਘੱਟ ਨਹੀਂ ਸਮਝਿਆ ਪਰ ਅੱਜ ਅਹਿਸਾਸ ਹੋ ਰਿਹੈ ਕਿ ਧੀਆਂ ਆਖਿਰ ਧੀਆਂ ਹੁੰਦੀਆਂ ਨੇ, ਪੁੱਤਾਂ ਦੀ ਆਪਣੀ ਥਾਂ ਹੁੰਦੀ ਐ ਪਰ ਧੀਆਂ, ਹਮੇਸ਼ਾ ਧੀਆਂ ਹੋਣ ਦੇ ਨਾਲ਼ ਨਾਲ਼ ਪਿਉ ਦੀ ਪੱਗ ਦੀਆਂ ਪਹਿਰੇਦਾਰ ਵੀ ਹੁੰਦੀਆਂ ਨੇ। ਪੁੱਤ ਲੱਖ ਗ਼ਲਤੀਆਂ ਕਰੀ ਜਾਏ ਪਰ ਧੀ ਦੀ ਇੱਕ ਗ਼ਲਤੀ ਪਿਉ ਦੀ ਪੱਗ ਲੀਰਾਂ ਲੀਰਾਂ ਕਰ ਸੁੱਟਦੀ ਏ। ਏਸੇ ਗੱਲੋਂ ਡਰਦਾਂ ਕਿਤੇ ਸੁਣੀ ਸੁਣਾਈ ਸੱਚ ਨਾ ਹੋ ਜਾਏ। ਜੇ ਕਿਤੇ ਗੱਲ ਸੱਚ ਨਿੱਕਲ ਆਈ ਤਾਂ ਮੇਰਾ ਜਿਉਂਦੇ ਦਾ ਮਰਨ ਹੋ ਜਾਣੈ!”
- “ਦੇਖ ਬਾਪੂ, ਸਿੱਧੀ ਗੱਲ ਕਰ ਏਹਦੇ ਨਾਲ਼, ਕਿਉਂ ਐਵੇਂ ਕਹਾਣੀਆਂ ਜਿਹੀਆਂ ਪਾਈ ਜਾਂਦੈਂ?”, ਹਰਜਿੰਦਰ ਦੋਹਾਂ ਨੂੰ ਗੱਲਾਂ ਕਰਦਿਆਂ ਗੁੱਸੇ ਨਾਲ਼ ਬੋਲਿਆ।
- “ਕੋਈ ਨਾ ਕਾਕਾ, ਕਰਦੈਂ ਮੈਂ ਸਾਰੀ ਗੱਲ ਪਰ ਗੱਲ ਕਰਨ ਦਾ ਵੀ ਕੋਈ ਤਰੀਕਾ ਹੁੰਦੈ!”, ਬਚਨ ਸਿੰਘ ਦਾ ਜੁਆਬ ਸੀ।
- “ਮੇਰਾ ਖੂਨ ਖੌਲੀ ਜਾਂਦੈ ਬਾਪੂ। ਏਨਾ ਸਬਰ ਮੇਰੇ ‘ਚ ਹੈ ਨਹੀਂ ਬਈ ਤੇਰੇ ਵਾਗੂੰ ਵਲ-ਸ਼ਲ ਪਾ ਕੇ ਗੱਲ ਕਰਾਂ, ਸਿੱਧੀ ਗੱਲ ਕਰ ਬਈ ਏਹ ਸੱਚੀ ਸਾਡੇ ਸਿਰ ‘ਚ ਖੇਹ ਪਾਈ ਜਾਂਦੀ ਐ ਜਾਂ ਐਵੇਂ ਕਿਸੇ ਕੰਜਰ ਨੇ ਭਕਾਈ ਮਾਰੀ ਐ?
- “ਕੀ ਮਤਲਬ ਐ ਜਿੰਦਰ ਤੇਰਾ? ਕਹਿਣਾ ਕੀ ਚਾਹੁੰਨੈ? ਤੈਨੂੰ ਹੋਸ਼ ਹੈ ਕਿ ਤੂੰ ਕਹਿ ਕੀ ਰਿਹੈਂ?”, ਰਾਣੋ ਦੇ ਪੈਰਾਂ ਥੱਲੋਂ ਜ਼ਮੀਨ ਨਿੱਕਲ ਗਈ।
- “ਹੋਸ਼-ਹੂਸ਼ ਦਾ ਤਾਂ ਮੈਨੂੰ ਪਤਾ ਨਹੀਂ ਪਰ ਤੂੰ ਇਹ ਦੱਸ ਬਈ ਕਿੱਥੋਂ ਖੇਹ ਖਾ ਕੇ ਆਈ ਐਂ?”
- “ਖੇਹ ਖਾ ਕੇ ਆਈ ਐਂ? ਕੀ ਬਕਦੈਂ ਜਿੰਦਰ? ਅਕਲ ਦੀ ਗੱਲ ਕਰ। ਬਾਹਲੀ ਬਕਵਾਸ ਕਰਨ ਦੀ ਲੋੜ ਨਹੀਂ। ਤੂੰ ਹੁੰਦਾ ਕੌਣ ਐਂ ਐਸ ਤਰੀਕੇ ਮੇਰੇ ਨਾਲ਼ ਗੱਲ ਕਰਨ ਵਾਲਾ? ਕਿਸੇ ਨੇ ਗੱਲ ਕਰਨ ਦੀ ਅਕਲ ਨਹੀਂ ਸਿਖਾਈ ਤੈਨੂੰ? ਬਾਪੂ ਇਹ ਕੀ ਬਕੀ ਜਾਂਦੈ?”, ਰਾਣੋ ਨੇ ਹੈਰਾਨੀ ਨਾਲ਼ ਪੁੱਛਿਆ।
- “ਬਕਦਾ ਮੈਂ ਆਂ ਕਿ ਤੂੰ? ਸੱਚ ਦੱਸ ਕਿੱਥੋਂ ਆਈ ਐਂ ਨਹੀਂ ਤਾਂ ਪਤਾ ਸਾਨੂੰ ਸਾਰਾ ਈ ਐ!”
- “ਕੀ ਪਤੈ ਤੈਨੂੰ, ਐਵੇਂ ਸਿਰ ਚੜ੍ਹੀ ਜਾਨੈਂ। ਬਾਪੂ ਜੀ ਤੁਸੀਂ ਕਿਉਂ ਚੁੱਪ ਖੜੇ ਹੋ? ਇਹ ਕੀ ਬਕਵਾਸ ਕਰੀ ਜਾਂਦੈ?”
- “ਰਾਣੋ, ਬਹੁਤ ਸਾਰੇ ਅਜਿਹੇ ਸੁਆਲ ਹੁੰਦੇ ਨੇ, ਜਿਹਨਾਂ ‘ਚ ਮੱਲੋ ਮੱਲੀ ਤਲਖ਼ੀ ਆ ਜਾਂਦੀ ਐ। ਉਹ ਸੁਆਲ ਜੁਆਬ ਚਾਹੁੰਦੇ ਨੇ ਪਰ ਜੁਆਬ ਤੋਂ ਡਰ ਵੀ ਬਹੁਤ ਲੱਗਦੈ। ਜੇ ਜਿੰਦਰ ਗੁੱਸੇ ‘ਚ ਐ ਤਾਂ ਉਹਦਾ ਵੀ ਕੋਈ ਕਸੂਰ ਨਹੀਂ ਅਸਲ ‘ਚ ਜੁਆਨ ਖੂਨ ਕਦੇ ਬੇਇੱਜ਼ਤੀ ਬਰਦਾਸ਼ਤ ਈ ਨਹੀਂ ਕਰਦਾ। ਸਾਡੀ ਉਮਰ ‘ਚ ਆ ਕੇ ਬੋਲਣ ਤੋਂ ਪਹਿਲਾਂ ਬੜਾ ਕੁਝ ਸੋਚਣਾ ਪੈਂਦੈ, ਵਿਚਾਰਨਾ ਪੈਂਦੈ। ਏਸ ਉਮਰ ‘ਚ ਬੰਦੇ ਨੂੰ ਗੁੱਸਾ ਆਉਂਦਾ ਵੀ ਐ ਤਾਂ ਬਹੁਤ ਕੁਝ ਸੋਚਕੇ ਗੁੱਸਾ ਪੀਣਾ ਵੀ ਪੈਂਦੈ। ਪਰ ਜੇਕਰ ਸੱਚਮੁੱਚ ਨਮੋਸ਼ੀ ਹੋ ਜਾਏ ਨਾ ਤਾਂ ਬੰਦਾ ਜਿਉਂਦੇ ਜੀਅ ਗਰਕ ਜਾਂਦੈ!”, ਬਚਨ ਸਿੰਘ ਨਮੋਸ਼ੀ ਨਾਲ਼ ਗਰਕਦਾ ਜਾਂਦਾ ਸੀ।
- “ਬਾਪੂ! ਹਾਲੇ ਵੀ ਅਛਣੀਆਂ ਪਛਣੀਆਂ ਕਰੀ ਜਾਦੈਂ? ਸਿੱਧਾ ਪੁੱਛ ਕਿਹੜੇ ਕੰਜਰ ਨਾਲ਼ ਤੁਰੀ ਫਿਰਦੀ ਸੀ?”, ਹਰਜਿੰਦਰ ਦਾ ਗੁੱਸਾ ਆਸਮਾਨ ਨੂੰ ਛੂਹ ਰਿਹਾ ਸੀ।
- “ਜਿੰਦਰ! ਮਾੜਾ ਜਿਆ ਅਕਲ ਨੂੰ ਹੱਥ ਮਾਰ। ਕਿਉਂ ਘਰ ਦੀ ਇੱਜ਼ਤ ਉਛਾਲਦੈਂ?”, ਬਚਨ ਸਿੰਘ ਥੋੜੀ ਸਖ਼ਤੀ ਨਾਲ਼ ਬੋਲਿਆ.
- “ਕਿਹੜੀ ਇੱਜ਼ਤ ਦੀ ਗੱਲ ਕਰਦੈਂ ਬਾਪੂ? ਰੋਜ਼ ਤਾਂ ਇਹ ਪੜ੍ਹਨ ਗਈ ਅਸਮਾਨ ਨੂੰ ਟਾਕੀਆਂ ਲਾ ਕੇ ਮੁੜਦੀ ਐ, ਜੇ ਕੋਈ ਕਸਰ ਬਾਕੀ ਰਹਿੰਦੀ ਐ ਤਾਂ ਉਹ ਵੀ ਪੂਰੀ ਕਰਦੂਗੀ, ਛੱਡ ਦੇ ਵਾਗਾਂ ਢਿੱਲੀਆਂ ਏਹਦੀਆਂ!”
- “ਕਿਉਂ ਟੁੱਟੇ ਛਿੱਤਰ ਵਾਂਗੂੰ ਵਧੀ ਜਾਂਦੈਂ ਜਿੰਦਰ? ਇਉਂ ਲੱਗਦੈ ਜਿਵੇਂ ਗੱਲ ਕਰਨ ਦੀ ਅਕਲ ਹੀ ਨਹੀਂ ਰਹੀ ਤੈਨੂੰ, ਕੋਈ ਛੋਟੇ ਵੱਡੇ ਦੀ ਤਮੀਜ਼ ਹੀ ਨਹੀਂ!”, ਰਾਣੋ ਨੂੰ ਵੀ ਗੁੱਸਾ ਆ ਗਿਆ।
- “ਮਾਰ ਓ ਬਾਪੂ ਲਫੇੜਾ ਏਹਦੇ, ਇੱਕ ਤਾਂ ਮੂੰਹ ਕਾਲਾ ਕਰਕੇ ਰੱਖ ‘ਤਾ ਸਾਰੇ ਟੱਬਰ ਦਾ, ਦੂਜਾ ਉਤੋਂ ਆਕੜਦੀ ਐ। ਵੱਡੀ ਕਰਕੇ ਮੈਂ ਮੂੰਹ ਵੰਨੀਂ ਵੇਖੀ ਜਾਨਾਂ, ਇਹ ਸਿਰ ‘ਤੇ ਈ ਚੜ੍ਹੀ ਜਾਂਦੀ ਐ!”, ਹਰਜਿੰਦਰ ਲਗਾਤਾਰ ਅੱਗ ਦਾ ਗੋਲਾ ਬਣਿਆ ਹੋਇਆ ਸੀ।
- “ਕੌਣ ਸਿਰ ‘ਤੇ ਚੜ੍ਹੀ ਜਾਂਦੀ ਐ, ਕੀਹਦੇ ਸਿਰ ‘ਤੇ ਚੜ੍ਹੀ ਜਾਂਦੀ ਐ? ਸਿਰ ਤੇ ਤੂੰ ਚੜ੍ਹੀ ਜਾਨੈਂ ਕਿ ਮੈਂ? ਮੈਂ ਕੁਸ਼ ਕਹਿੰਦੀ ਨਹੀਂ, ਤਾਂ ਹੀ ਔਖਾ ਹੋਈ ਜਾਨੈਂ? ਨਾਲੇ ਲਫੇੜਾ ਮਾਰਨ ਦਾ ਕੀ ਮਤਲਬ ਐ? ਤੂੰ ਹੁੰਦਾ ਕੌਣ ਐਂ ਏਨੀ ਗੱਲ ਕਰਨ ਵਾਲਾ? ਹੈਂ? ਤੂੰ ਹੱਥ ਤਾਂ ਲਾ, ਹੱਥ ਵੱਢ ਕੇ ਧਰ ਦੇਊਂ। ਜਿਹੜੇ ਪਿਉ ਦਾ ਤੂੰ ਪੁੱਤ ਐਂ ਨਾ ਉਸੇ ਦੀ ਮੈਂ ਵੀ ਧੀ ਆਂ। ਵੱਡਾ ਆਇਆ ਖੱਬੀ ਖਾਨ!”
- “ਖੜ੍ਹ ਤੇਰੇ ਵੱਡੇ ਦੀ ਮੈਂ... ਮੈਂ ਡੱਕਰੇ ਕਰਦੂੰ ਸਾਲੇ ਮਹਾਜਨ ਦੇ ਤੇ ਨਾਲ ਤੇਰੇ ਵੀ, ਸਾਡੀ ਇੱਜ਼ਤ ਨੂੰ ਹੱਥ ਪਾਇਆ ਉਹਨੇ?”, ਹਰਜਿੰਦਰ ਰਾਣੋ ਦੇ ਕਈ ਥੱਪੜ ਮਾਰਦਿਆਂ ਚੀਕਿਆ।
ਘਰ ‘ਚ ਰੌਲਾ ਪੈ ਗਿਆ। ਸੰਤੀ ਤੇ ਬਚਨ ਸਿੰਘ ਨੇ ਰੋਂਦਿਆਂ ਕੁਰਲਾਉਂਦਿਆਂ ਹੋਇਆਂ ਜਿੰਦਰ ਨੂੰ ਮਾਰਨ ਤੋਂ ਰੋਕਣ ਦਾ ਯਤਨ ਕੀਤਾ ਪਰ ਹਰਜਿੰਦਰ ਦੇ ਸਿਰ ਜਾਪਦਾ ਸੀ ਕਿ ਖੂਨ ਚੜ੍ਹ ਗਿਆ ਸੀ।
- “ਓਏ… ਆ ਕੀ ਕਰਨ ਲੱਗ ਪਿਐਂ ਦੁਸ਼ਮਣਾਂ? ਨਾ ਹੱਥ ਚੱਕ ਓਏ। ਓਏ ਤੇਰੀ ਵੱਡੀ ਭੈਣ ਐ, ਓਏ ਨਾ ਮਾਰ ਓਏ। ਮੇਰੀ ਪੱਗ ਨਾ ਰੋਲੋ ਓਏ। ਓ ਮੇਰਿਆ ਰੱਬਾ, ਕੀ ਥੁੜਿਆ ਸੀ ਐਹੋ ਜਿਹੀ ਔਲਾਦ ਬਿਨਾਂ?”, ਬਚਨ ਸਿੰਘ ਕੁਰਲਾ ਰਿਹਾ ਸੀ।
- “ਜਿੰਦਰ ਵੀਰੇ ਨਾ ਮਾਰ ਪਲੀਜ਼, ਤੇਰੀ ਵੱਡੀ ਭੈਣ ਆਂ ਫਿਰ ਵੀ…” ਵਿਲਕਦਿਆਂ ਰਾਣੋ ਨੇ ਹਰਜਿੰਦਰ ਨੂੰ ਵਾਸਤਾ ਪਾਇਆ।
- “ਨੀ ਡੁੱਬੜੀਏ! ਤੈਨੂੰ ਪੜ੍ਹ-ਲਿਖ ਕੇ ਪੈਰਾਂ ਸਿਰ ਹੋਣ ਲਈ ਭੇਜਿਆ ਸੀ ਜਾਂ ਖੇਹ ਖਾਣ ਲਈ? ਏਹਦੇ ਨਾਲੋਂ ਤਾਂ ਜੰਮਦੀ ਮਰ ਜਾਂਦੀ!”, ਸੰਤੀ ਰੋਂਦਿਆਂ ਹੋਇਆਂ ਮੰਜੀ ਤੇ ਬੈਠੀ ਅੱਡ ਵੈਣ ਪਾ ਰਹੀ ਸੀ।
- “ਸਾਡਾ ਕੋਈ ਗ਼ਲਤ ਰਿਸ਼ਤਾ ਨਹੀਂ ਬੀਬੀ। ਰਾਜੇਸ਼ ਬਹੁਤ ਚੰਗਾ ਲੜਕਾ ਹੈ। ਮੈਂ ਵਾਅਦਾ ਕਰਦੀ ਆਂ ਉਹ ਤੁਹਾਨੂੰ ਕਦੇ ਵੀ ਸਿ਼ਕਾਇਤ ਦਾ ਮੌਕਾ ਨਹੀਂ ਦੇਵੇਗਾ!”
- “ਖ਼ਬਰਦਾਰ ਜੇ ਅੱਜ ਤੋਂ ਬਾਅਦ ਜੇ ਉਹਦਾ ਨਾਂ ਲਿਆ ਜਾਂ ਘਰੋਂ ਪੈਰ ਬਾਹਰ ਕੱਢਿਆ ਤਾਂ... ਲੱਤਾਂ ਭੰਨ ਦੇਊਂ ਤੇਰੀਆਂ!” ਕਹਿੰਦਿਆਂ ਹਰਜਿੰਦਰ ਠਾਹ ਦੇਣੇ ਦਰਵਾਜ਼ਾ ਬੰਦ ਕਰ ਗਿਆ।
ਰਾਣੋ ਦਾ ਘਰੋਂ ਬਾਹਰ ਜਾਣਾ ਬੰਦ ਹੋ ਗਿਆ। ਇਹ ਸਭ ਕੁਝ ਦੇਖ ਕੇ ਸੰਤੀ ਦੀ ਤਬੀਅਤ ਹੋਰ ਜਿ਼ਆਦਾ ਖਰਾਬ ਰਹਿਣ ਲੱਗ ਪਈ ਤੇ ਤਾਪ ਉਤਰਨ ਦਾ ਨਾਮ ਨਹੀਂ ਸੀ ਲੈ ਰਿਹਾ। ਕੁਝ ਦਿਨ ਉਸਨੇ ਰੋਂਦਿਆਂ-ਧੋਦਿਆਂ ਗੁਜਾਰੇ। ਇੱਕ ਦਿਨ ਜਦ ਹਰਜਿੰਦਰ ਪਿੰਡੋਂ ਬਾਹਰ ਗਿਆ ਹੋਇਆ ਸੀ ਤੇ ਬਚਨਾ ਵੀ ਖੇਤੀਂ ਗਿਆ ਹੋਇਆ ਸੀ, ਰਾਣੋ ਨੇ ਕੁਝ ਕੱਪੜੇ ਤੇ ਵਿਆਹ ਲਈ ਬਣਾ ਕੇ ਰੱਖੇ ਮਾੜੇ ਮੋਟੇ ਗਹਿਣੇ ਚੁੱਕੇ ਤੇ ਬੱਸ ਚੜ੍ਹ ਸ਼ਹਿਰ ਆ ਗਈ।
- “ਰਾਜੇਸ਼! ਮੈਂ ਤੇਰੇ ਲਈ ਸਭ ਕੁਝ ਛੱਡ ਆਈ ਆਂ!”
- “ਰਾਣੋ! ਤੂੰ ਇਹ ਕੀ ਕੀਤਾ? ਘੱਟੋ-ਘੱਟ ਇਹ ਕਦਮ ਚੁੱਕਣ ਤੋਂ ਪਹਿਲਾਂ ਮੈਨੂੰ ਪੁੱਛ ਤਾਂ ਲੈਣਾ ਸੀ!”
- “ਨਹੀਂ ਰਾਜੇਸ਼, ਮੈਂ ਤੇਰੇ ਬਿਨਾਂ ਨਹੀਂ ਰਹਿ ਸਕਦੀ। ਜੇਕਰ ਇਸ ਜ਼ਮਾਨੇ ਤੋਂ ਡਰ ਲੱਗਦਾ ਹੈ ਤਾਂ ਮੈਨੂੰ ਮਰ ਕੇ ਵੀ ਇੱਕ ਹੋਣ ਵਿੱਚ ਕੋਈ ਇਤਰਾਜ਼ ਨਹੀਂ!”
- “ਰਾਣੋ! ਗੱਲ ਨੂੰ ਸਮਝਣ ਦੀ ਕੋਸਿ਼ਸ਼ ਕਰ। ਅਜੇ ਆਪਣਾ ਕੋਰਸ ਪੂਰਾ ਨਹੀਂ ਹੋਇਆ। ਆਪਾਂ ਘਰੋਂ ਜਾ ਕੇ ਗੁਜ਼ਾਰਾ ਕਿਵੇਂ ਕਰਾਂਗੇ?”
- “ਮੈਨੂੰ ਕੁਝ ਨਹੀਂ ਪਤਾ। ਬੱਸ ਏਨਾ ਪਤਾ ਹੈ ਕਿ ਮੈਂ ਤੇਰੇ ਲਈ ਆਪਣਾ ਘਰ-ਪਰਿਵਾਰ ਛੱਡ ਆਈ ਆਂ!”
ਰਾਣੋ ਦੀ ਜਿੱਦ ਦੇ ਅੱਗੇ ਉਸਦੀ ਇੱਕ ਨਾ ਚੱਲੀ। ਰਾਜੇਸ਼ ਨੂੰ ਵੀ ਮਜਬੂਰਨ ਘਰੋਂ ਪੈਰ ਬਾਹਰ ਕੱਢਣਾ ਪੈ ਗਿਆ। ਏਧਰ ਸ਼ਾਮ ਨੂੰ ਹਰਜਿੰਦਰ ਨੇ ਵਾਪਸ ਆ ਕੇ ਜਦ ਰਾਣੋ ਨੂੰ ਨਾ ਦੇਖਿਆ ਤਾਂ ਉਸਨੇ ਘਰ ਨੂੰ ਸਿਰ ਤੇ ਚੱਕ ਲਿਆ। ਸੰਤੀ ਨੇ ਪਿੱਟ-ਪਿੱਟ ਕੇ ਬੁਰਾ ਹਾਲ ਕਰ ਲਿਆ ਤੇ ਉਸਦੀ ਤਬੀਅਤ ਹੋਰ ਜਿ਼ਆਦਾ ਵਿਗੜ ਗਈ ਤੇ ਆਖਿਰ ਉਹੀ ਹੋ ਗਿਆ ਜਿਸਦਾ ਡਰ ਸੀ, ਅੱਧੀ ਰਾਤ ਨੂੰ ਸੰਤੀ ਪਰਲੋਕ ਸਿਧਾਰ ਗਈ।
ਗੁਆਂਢੀਆਂ ਦਾ ਮੁੰਡਾ ਸਵੇਰੇ ਸਾਝਰੇ ਹੀ ਸਕੂਟਰ ਤੇ ਸੰਤੀ ਦੇ ਪੇਕੇ ਪਿੰਡ ਤੁਰ ਗਿਆ ਸੀ ਤੇ ਉਹਨਾਂ ਦਾ ਹੀ ਇੰਤਜ਼ਾਰ ਹੋ ਰਿਹਾ ਸੀ।
- “ਉਏ ਲੋਕੋ! ਇਹ ਕੁੜੀਆਂ ਮੁੰਡਿਆਂ ਨਾਲੋਂ ਜਿਆਦਾ ਤਾਂ ਨਹੀਂ ਖਾਂਦੀਆਂ। ਇਹ ਦਿਨ ਦੇਖਣ ਦੇ ਡਰੋਂ ਹੀ ਲੋਕ ‘ਕੁੱਖ ਦਾ ਕਤਲ’ ਕਰ ਦਿੰਦੇ ਹਨ!”, ਬਚਨੇ ਨੇ ਵਿਲਕਦਿਆਂ ਧਾਹ ਮਾਰੀ।
- ਰਿਸ਼ੀ (2007) Author of Punjabi books "Zindagi Aje Baaki Hai" and "Aakarshan da Sidhaant"

No comments:

Post a Comment