google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: Story
Showing posts with label Story. Show all posts
Showing posts with label Story. Show all posts

Saturday, 11 September 2021

ਇਸ ਗੱਲ ਦਾ ਜੁਆਬ ਲੇਖਕ ਕਿਉਂ ਦੇਵੇ?

 ਦੋਹਾਂ ਨੇ ਘਰੋਂ ਭੱਜ ਕੇ ਕਿਹੜਾ ਮੈਦਾਨ ਫਤਹਿ ਕਰ ਲਿਆ?


"ਕੁੱਖ ਦਾ ਕਤਲ" ਰਿਸ਼ੀ ਗੁਲਾਟੀ ਹੁਰਾਂ ਦੀ 14 ਸਾਲ ਪਹਿਲਾਂ ਲਿਖੀ ਗਈ ਕਹਾਣੀ ਹੈ ਪਰ ਹੁਣ ਲੰਮੇ ਵਕਫ਼ੇ ਮਗਰੋਂ ਫੇਸਬੁੱਕ ਤੇ ਵੀ ਪੋਸਟ ਕੀਤੀ ਗਈ ਹੈ ਹਾਲ ਹੀ ਵਿੱਚ 9 ਸਤੰਬਰ 2021 ਨੂੰ ਬਾਅਦ ਦੁਪਹਿਰ 1:23 ਵਜੇ। ਦਿਲਚਸਪ ਗੱਲ ਇਹ ਹੈ ਕਿ ਇਸਦੀ ਪ੍ਰਸੰਗਕਤਾ ਅੱਜ ਵੀ ਕਾਇਮ ਹੈ। ਅਜਿਹੀਆਂ ਘਟਨਾਵਾਂ ਅੱਜ ਵੀ ਹੁੰਦੀਆਂ ਹਨ। ਚਾਰ ਦਿਨਾਂ ਦੇ ਬੁਖਾਰ ਵਾਲੇ "ਇਸ਼ਕ" ਅਤੇ "ਪ੍ਰੇਮ" ਦੇ ਨਾਂਅ ਤੇ ਸਾਰੇ ਘਰ ਪਰਿਵਾਰ ਦੇ ਸਾਰੇ ਸੁਪਨੇ ਚਕਨਾਚੂਰ ਕਰ ਦਿੱਤੇ ਜਾਂਦੇ ਹਨ। ਆਪਣੀ ਜ਼ਿੰਦਗੀ ਵੀ ਬਰਬਾਦ ਕਰ ਲਈ ਜਾਂਦੀ ਹੈ ਅਤੇ ਦੂਜੇ ਦੀ ਵੀ। ਸਮਾਜ ਦੇ ਇੱਕ ਹਿੱਸੇ ਵੱਲੋਂ ਅਖੌਤੀ ਪ੍ਰਗਤੀਸ਼ੀਲਤਾ ਵਾਲੀ ਰੌਸ਼ਨੀ ਅਧੀਨ ਇਸਨੂੰ "ਆਜ਼ਾਦੀ" ਦੇ ਨਾਂਅ ਤੇ ਜਾਇਜ਼ ਵੀ ਠਹਿਰਾਇਆ ਜਾਂਦਾ ਹੈ ਅਤੇ ਕਿਹਾ ਜਾਂਦਾ ਹੈ ਕਿ ਇਸ ਵਿੱਚ ਗਲਤ ਹੀ ਕੀ ਸੀ? ਕਹਾਣੀ "ਕੁੱਖ ਦਾ ਕਤਲ" ਇਥੇ ਕਲਿੱਕ ਕਰ ਕੇ ਵੀ ਪੜ੍ਹ ਸਕਦੇ ਹੋ 

ਸਮਾਜ ਸੁਧਾਰ ਜਾਂ ਸਮਾਜ ਬਦਲਣ ਵਾਲੀ ਕਿਸੇ ਵੀ ਤਰ੍ਹਾਂ ਦੀ ਵਿਚਾਰਧਾਰਾ ਤੋਂ ਨਿਰਲੇਪ ਰਹਿ ਕੇ ਲਿਖੀ ਗਈ ਹੈ। ਇਹ ਕਹਾਣੀ ਸ਼ੁੱਧ ਤੌਰ ਤੇ ਉਹਨਾਂ ਕੋੜੀਆਂ ਹਕੀਕਤਾਂ ਦੀ ਗੱਲ ਕਰਦੀ ਹੈ ਜਿਹੜੀਆਂ ਅੱਜ ਵੀ ਸਮਾਜ ਵਿੱਚ ਮੌਜੂਦ ਹਨ। ਇਹ ਇੱਕ ਸ਼ੀਸ਼ਾ ਦਿਖਾਉਂਦੀ ਹੈ ਜਿਸ ਨੂੰ ਹਿੰਦੀ ਵਾਲੇ ਆਈਨਾ ਵੀ ਕਹਿੰਦੇ ਹਨ ਅਤੇ ਦਰਪਣ ਵੀ। ਇਸ ਤਰ੍ਹਾਂ ਸ਼ੀਸ਼ਾ ਦਿਖਾਉਂਣ ਤੋਂ ਬਾਅਦ ਇਹ ਬਾਕੀ ਸਭ ਕੁਝ ਸਮਾਜ ਤੇ ਛੱਡ ਦੇਂਦੀ ਹੈ। ਸਾਡੇ ਮੰਨਣ ਜਾਂ ਨਾ ਮੰਨਣ ਨਾਲ ਹਕੀਕਤ ਬਦਲਣ ਨਹੀਂ ਲੱਗੀ ਹਾਂ ਮਨਾਂ ਦੇ ਭਰਮ ਭਾਵੇਂ ਵੱਧ ਜਾਣ। ਇਹਨਾਂ ਕੌੜੀਆਂ ਹਕੀਕਤਾਂ ਤੇ ਪਰਦਾਪੋਸ਼ੀ ਤਾਂ ਬਹੁਤ ਸਾਰਿਆਂ ਨੇ ਕੀਤੀ ਹੋਣੀ ਹੈ ਪਰ ਇਹਨਾਂ ਨੂੰ ਬਦਲਣ ਲਈ ਜੱਥੇਬੰਦਕ ਤੌਰ ਤੇ ਕੋਈ ਠੋਸ ਹੰਭਲਾ ਸ਼ਾਇਦ ਕਿਸੇ ਨੇ ਨਹੀਂ ਮਾਰਿਆ। ਇੱਕਾ ਦੁੱਕਾ ਵਿਅਕਤੀਗਤ ਜਤਨ ਜ਼ਰੂਰ ਹੋਏ ਹੋਣੇ ਹਨ ਅਤੇ ਉਹਨਾਂ ਦਾ ਅਸਰ ਵੀ ਜ਼ਰੂਰ ਪਿਆ ਹੋਣਾ ਹੈ। ਇਸ ਕਹਾਣੀ ਵਿਚਲੀ ਸਾਰੀ ਬੇਬਸੀ ਦਾ ਕਾਰਨ ਵੀ ਕਮਜ਼ੋਰ ਆਰਥਿਕਤਾ ਹੀ ਕੇਂਦਰੀ ਪਹਿਲੂ ਬਣ ਕੇ ਉਘੜਦੀ ਹੈ। ਕਮਜ਼ੋਰ ਆਰਥਿਕਤਾ ਅਕਸਰ ਮਾੜੇ ਦਿਨ ਹੀ ਦਿਖਾਉਂਦੀ ਹੈ ਉਸਨੂੰ ਸਿਰਫ ਨਾਅਰਿਆਂ ਨਾਲ ਨਹੀਂ ਬਦਲਿਆ ਜਾ ਸਕਦਾ ਹਾਂ ਨਾਅਰਿਆਂ ਵਾਲੇ ਵਿਚਾਰਾਂ ਨਾਲ ਵਿਹਲਾ ਮਨ ਸ਼ੈਤਾਨ ਦਾ ਘਰ ਵਾਲੀ ਉਸ ਮਨੋਸਥਿਤੀ ਨੂੰ ਜ਼ਰੂਰ ਬਦਲਿਆ ਜਾ ਸਕਦਾ ਹੈ ਜਿਸਦਾ ਸ਼ਿਕਾਰ ਰਾਣੋ ਪੜ੍ਹੀ ਲਿਖੀ ਹੋ ਕੇ ਵੀ ਬਣ ਗਈ। ਉਸਨੇ ਆਪਣੇ ਪ੍ਰੇਮੀ ਨਾਇਕ ਰਾਜੇਸ਼ ਵਾਂਗ ਘਰ ਦੀਆਂ ਹਾਲਤਾਂ ਬਾਰੇ ਕਿਓਂ ਨ ਸੋਚਿਆ? ਮਾੜੀਆਂ ਹਾਲਤਾਂ ਵਾਲੇ ਘਰ ਵਿੱਚ ਪੜ੍ਹਾਈ ਕਰ ਕੇ ਵੀ ਉਸਦੇ ਦਿਲ ਦਿਮਾਗ ਵਿੱਚ ਇਹ ਖਿਆਲ ਕਿਓਂ ਨਾ ਜਾਗਿਆ ਕਿ ਕਰਜ਼ੇ ਚੁੱਕ ਚੁੱਕ ਕੀਤੀ ਪੜ੍ਹਾਈ ਮਗਰੋਂ ਹੁਣ ਘਰ ਪਰਿਵਾਰ ਦਾ ਕੀ ਬਣੂ? ਮੈਨੂੰ ਪੁੱਤਾਂ ਵਾਂਗ ਪੜ੍ਹਾਉਣ ਵਾਲੇ ਮਾਂ ਪਿਓ ਦਾ ਕੀ ਬਣੂ? ਉਸਨੂੰ ਇਹ ਖਿਆਲ ਕਿਓਂ ਨਾ ਆਇਆ ਜਿਸ ਬਾਰੇ ਇਹ ਗੀਤ ਬਹੁਤ ਹਰਮਨ ਪਿਆਰਾ ਹੋਇਆ ਸੀ--

ਭੂਖ ਔਰ ਪਿਆਸ ਕੀ ਮਾਰੀ ਹੁਈ ਇਸ ਦੁਨੀਆ ਮੇਂ; 

ਇਸ਼ਕ ਹੀ ਏਕ ਹਕੀਕਤ ਨਹੀਂ ਕੁਛ ਔਰ ਭੀ ਹੈ!

ਫਿਰ ਵੀ ਕਹਾਣੀ ਸਮਾਜ ਦੇ ਪੀੜਿਤ ਵਰਗ ਨਾਲ ਜੁੜੇ ਬਹੁਤ ਸਾਰੇ ਲੋਕਾਂ ਦੀ ਹਾਲਤ ਬਿਆਨ ਕਰਦੀ ਹੈ। ਵਿਚਾਰਧਾਰਕ ਸੇਧ ਦੇਣ ਦੇ ਨਾਂਅ  ਹੇਠ ਕਹਾਣੀ ਵਿਚ ਕੋਈ ਜਬਰੀ ਮੋੜਾ ਨਹੀਂ ਲਿਆਂਦਾ ਗਿਆ। ਸਮਾਜ ਸੁਧਾਰ ਦਾ ਖੋਖਲਾ ਜਿਹਾ ਕੋਈ ਫਰੇਮ ਵੀ ਨਹੀਂ ਪਾਇਆ ਗਿਆ। ਨਾ ਹੀ ਕਿਸੇ ਵਾਦ ਜਾਂ ਫਲਸਫੇ ਵਾਲਾ ਕਿਸੇ ਵਿਸ਼ੇਸ਼ ਰੰਗ ਦਾ ਕੋਈ ਚਸ਼ਮਾ ਚੜ੍ਹਾਇਆ ਗਿਆ ਹੈ। ਇਸ ਵਿਚਲਾ ਬਹੁਤ ਕੁਝ ਸਚ ਹੈ ਅਤੇ ਇਸ ਸਚ ਨੂੰ ਬਦਲਣ ਲਈ ਕੁਝ ਕਰਨਾ ਪੈਣਾ ਹੈ ਜਿਹੜਾ ਸਿਰਫ ਨਾਅਰੇ ਮਾਰ ਕੇ ਨਹੀਂ ਹੋਣਾ। ਨਾਅਰੇ ਵੀ ਤਾਂ ਹੁਣ ਸਿਰਫ ਸਿਆਸੀ ਜਿਹੇ ਬਣ ਕੇ ਰਹਿ ਗਏ ਹਨ।  ਇਹ ਨਾਅਰੇ ਹੁਣ ਸਮਾਜਿਕ ਤਬਦੀਲੀ ਦਾ ਕੋਈ ਰਸਤਾ ਨਹੀਂ ਦਿਖਾਉਂਦੇ। ਇਸਦੀ ਮੰਗ ਵੀ ਨਹੀਂ ਕਰਦੇ। ਸਿਰਫ ਅਤੇ ਸਿਰਫ ਸਿਆਸੀ ਸੱਤਾ ਬਦਲਣ ਦੀ ਗੱਲ ਕਰਦੇ ਹਨ। ਸਿਸਟਮ ਜਾਂ ਢਾਂਚਾ ਨਹੀਂ ਬਦਲਦੇ। ਇੱਕ ਝੰਡਾ ਹਟਾ ਦਿਓ ਤੇ ਦੂਜਾ ਝੰਡਾ ਲੈ ਆਓ। ਇੱਕ ਪਾਰਟੀ ਹਟਾ ਦਿਓ ਅਤੇ ਦੂਜੀ ਪਾਰਟੀ ਲੈ ਆਓ। ਸਮਾਜ ਦੀਆਂ ਹਾਲਤਾਂ ਕੌਣ ਬਦਲੇਗਾ ਇਸਦੀ ਗਾਰੰਟੀ ਕੋਈ ਮੰਗਦਾ ਹੀ ਨਹੀਂ ਦੇਣੀ ਤਾਂ ਕਿਸੇ ਨੇ ਕੀ ਹੈ? ਸ਼ਾਇਦ ਇਹ ਨਾਅਰੇ ਮਜਬੂਰ ਲੋਕਾਂ ਵੱਲੋਂ ਆਪਣੀ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਵੱਲੋਂ ਬਣ ਕੇ ਆਏ ਹੁੰਦੇ ਹਨ ਜਿਹਨਾਂ ਵਿਚ ਕਿਸੇ ਵੀ ਸਥਾਨਕ ਮਸਲੇ ਦੀ ਕੋਈ ਗੱਲ ਨਹੀਂ ਹੁੰਦੀ ਨਿਜੀ ਮਸਲਿਆਂ ਦੀ ਤਾਂ ਗੱਲ ਹੀ ਕੀ ਹੋਣੀ ਹੈ? ਜਦਕਿ ਦਰਦ ਦਾ ਅਹਿਸਾਸ ਨਿੱਜ ਤੋਂ ਹੀ ਵਿਕਸਿਤ ਹੋ ਕੇ ਸਮਾਜ ਤੱਕ ਪਹੁੰਚਦਾ ਹੈ। ਬਕੌਲ ਡਾ. ਰਣਧੀਰ ਸਿੰਘ ਚੰਦ-

ਇੱਕ ਬਿੰਦੂ ਫੈਲ ਕੇ ਦਾਇਰੇ ਬਰਾਬਰ ਹੋ ਗਿਆ;

ਤੇਰਾ ਗਮ ਕਤਰੇ ਜਿਹਾ ਸੀ, ਹੁਣ ਸਮੁੰਦਰ ਹੀ ਗਿਆ!

ਇਸ ਕਹਾਣੀ ਬਾਰੇ ਇੱਕ ਪਾਠਕਾ ਗੁਰਵਿੰਦਰ ਕੌਰ ਨੇ ਟਿੱਪਣੀ ਕਰਦਿਆਂ ਪੁੱਛਿਆ ਹੈ ਕਿ ਆਖਿਰ ਇਸਦਾ Moral ਕੀ ਹੈ? ਕਹਾਣੀ ਪੜ੍ਹ ਕੇ ਅਸੀਂ ਕਿਸ ਸਿੱਟੇ ਤੇ ਪੁੱਜਦੇ ਹਾਂ? ਇਸ ਪਾਠਕਾ ਦਾ ਇਤਰਾਜ਼ ਹੈ ਕਿ ਇਹ ਕਹਾਣੀ ਸਮਾਜ ਵਿੱਚ ਭਰੂਣ ਹੱਤਿਆ ਵਾਲੇ ਗਲਤ ਸੁਨੇਹੇ ਨੂੰ ਫੈਲਾਉਂਦੀ ਹੈ? ਕੀ ਕਿਸੇ ਕੁੜੀ ਨੂੰ ਆਪਣਾ ਜੀਵਨਸਾਥੀ ਚੁਣਨ ਦਾ ਹੱਕ ਨਹੀਂ?

ਇਸਦੇ ਜੁਆਬ ਵਿੱਚ ਲੇਖਕ ਰਿਸ਼ੀ ਗੁਲਾਟੀ ਕਹਿੰਦੇ ਹਨ:

ਚੌਦਾਂ ਸਾਲ ਪਹਿਲਾਂ ਜਦੋਂ ਇਹ ਕਹਾਣੀ ਲਿਖੀ ਸੀ, ਉਦੋਂ ਵੀ ਮੈਨੂੰ ਅਜਿਹੇ ਸੁਆਲਾਂ ਦਾ ਸਾਹਮਣਾ ਕਰਨਾ ਪਿਆ ਸੀ। ਪਿਛਲੇ ਦਿਨੀਂ ਇੱਕ ਵਿਲਕਦੇ ਪਿਓ ਦੀ ਵੀਡੀਓ ਸਭ ਨੇ ਵੇਖੀ ਹੋਵੇਗੀ, ਪਰ ਚੌਦਾਂ ਸਾਲ ਪਹਿਲਾਂ ਜੋ ਵਾਕਿਆ ਵੇਖ ਕੇ ਇਸ ਕਹਾਣੀ ਦਾ ਪਲਾਟ ਸਿਰਜਿਆ ਸੀ, ਉਹ ਇਹ ਵੀਡੀਓ ਵੇਖ ਕੇ ਜ਼ਿਹਨ ਵਿਚ ਮੁੜ ਤਾਜ਼ਾ ਹੋ ਗਿਆ।
ਲੇਖਕ ਨੂੰ ਕਟਿਹਰੇ ਵਿਚ ਤਾਂ ਹੀ ਖੜਾ ਕੀਤਾ ਜਾ ਸਕਦਾ ਹੈ, ਜੇਕਰ ਉਹ ਕੋਈ ਸਟੇਟਮੈਂਟ ਦੇ ਰਿਹਾ ਹੋਵੇ। ਇਸ ਕਹਾਣੀ ਵਿਚ 'ਕੁੱਖ ਦੇ ਕਤਲ' ਵਾਲੀ ਗੱਲ 'ਲੇਖਕ ਨਹੀਂ', ਉਹ ਦੁਖਿਆਰਾ ਪਿਓ ਕਰ ਰਿਹਾ ਹੈ, ਜਿਸ ਦੀ ਜੁਆਨ ਧੀ ਘਰੋਂ ਭੱਜ ਗਈ ਹੈ ਅਤੇ ਇਸੇ ਕਾਰਣ ਉਸਦੀ ਘਰ ਵਾਲੀ ਦੁਨੀਆ ਤੋਂ ਵਿਦਾ ਹੋ ਗਈ ਹੈ।
ਹੁਣ ਇਹ ਸੁਆਲ ਪੈਦਾ ਹੁੰਦਾ ਹੈ ਕਿ ਕੀ ਇਹ ਸਾਰੇ ਹਾਲਾਤ ਪੈਦਾ ਹੋਣ ਪਿੱਛੇ ਰਾਣੋ ਦੀ ਜ਼ਿੰਮੇਵਾਰੀ ਹੈ? ਕੀ ਉਹ ਆਪਣੀ ਮਰਜ਼ੀ ਨਾਲ ਜੀਵਨਸਾਥੀ ਚੁਣਨ ਦਾ ਹੱਕ ਨਹੀਂ ਰੱਖਦੀ?
ਇਸ ਗੱਲ ਦਾ ਜੁਆਬ ਲੇਖਕ ਕਿਉਂ ਦੇਵੇ? ਲੇਖਕ ਦਾ ਕੇਵਲ ਇੱਕ ਦਿਮਾਗ਼ ਹੈ, ਜਿਸਨੇ ਇਸ ਸਾਰੀ ਕਹਾਣੀ ਨੂੰ ਸਿਰਜਿਆ। ਪਾਠਕ ਹਜ਼ਾਰਾਂ ਜਾਂ ਇਸ ਤੋਂ ਵੀ ਵੱਧ ਗਿਣਤੀ ਦੇ ਹੋ ਸਕਦੇ ਹਨ। ਇਹ ਹਜ਼ਾਰਾਂ ਦਿਮਾਗ਼ ਮਿਲ ਕੇ ਵਿਚਾਰ ਕਰਨ ਕਿ ਰਾਣੋ ਜਿਸ ਸਮਾਜ ਵਿਚ ਵਿਚਰ ਰਹੀ ਸੀ, ਜੰਮੀ ਪਲੀ ਸੀ, ਕੀ ਉਸ ਸਮਾਜ ਵਿਚ ਘਰੋਂ ਭੱਜ ਕੇ ਵਿਆਹ ਕਰਵਾਉਣ ਨੂੰ ਮਾਨਤਾ ਮਿਲਦੀ ਹੈ, ਜੇਕਰ ਹਾਂ ਤਾਂ ਕਿੰਨੀ, ਜੇਕਰ ਨਹੀਂ ਤਾਂ ਕਿਉਂ? ਰਾਣੋ ਮਾਪਿਆਂ ਨੂੰ ਬੇਸ਼ੱਕ ਕੋਠੇ ਜਿੱਡੀ ਹੁੰਦੀ ਨਜ਼ਰ ਆਉਂਦੀ ਸੀ ਪਰ ਅਸਲ ਵਿਚ ਤਾਂ ਉਹ ਵੱਧ ਤੋਂ ਵੱਧ ਅਠਾਰਾਂ ਜਾਂ ਉਨੀਆਂ ਸਾਲਾਂ ਦੀ ਸੀ। ਉਮਰ ਦੇ ਇਸ ਦੌਰ ਵਿਚ ਉਸਨੂੰ ਵਿਆਹ ਕਰਵਾਉਣ ਦੀ, ਤੇ ਉਹ ਵੀ ਘਰੋਂ ਭੱਜ ਕੇ, ਕਾਹਦੀ ਕਾਹਲੀ ਸੀ? ਰਾਜੇਸ਼ ਵੀ ਤਾਂ ਅਜੇ ਬੇਰੋਜ਼ਗਾਰ ਸੀ। ਉਹ ਵੀ ਤਾਂ ਉਸਦੇ ਹਾਣ ਦਾ ਹੀ ਸੀ, ਸਾਲ-ਦੋ ਸਾਲ ਵੱਡਾ ਹੋਵੇਗਾ। ਉਸਦੇ ਮੋਢੇ ਵੀ ਤਾਂ ਕਬੀਲਦਾਰੀ ਦਾ ਭਾਰ ਚੁੱਕਣ ਜੋਗੇ ਨਹੀਂ ਸਨ। ਫਿਰ ਦੋਹਾਂ ਨੇ ਘਰੋਂ ਭੱਜ ਕੇ ਕਿਹੜਾ ਮੈਦਾਨ ਫਤਹਿ ਕਰ ਲਿਆ? ਇਸ਼ਕੇ ਦਾ ਬੁਖ਼ਾਰ ਤਾਂ ਦਰ-ਦਰ ਦੀਆਂ ਠੋਕਰਾਂ ਖਾ ਕੇ ਬੜੀ ਛੇਤੀ ਉਤਰ ਜਾਵੇਗਾ, ਪਰ ਜ਼ਿੰਦਗੀ ਕਿਵੇਂ ਬੀਤੇਗੀ? ਕੀ ਇਸ ਬਾਰੇ ਕੋਈ ਪਲਾਨ ਉਹਨਾਂ ਕੋਲ ਸੀ? ਬਿਲਕੁੱਲ ਨਹੀਂ।
ਉਹ ਦੋਵੇਂ ਤਾਂ ਆਪਣੇ ਮਾਪਿਆਂ ਨੂੰ ਵਿਆਹ ਲਈ ਰਾਜ਼ੀ ਕਰਨ ਦੇ ਕਾਬਿਲ ਵੀ ਨਹੀਂ ਸਨ। ਜੇਕਰ ਹੁੰਦੇ ਤਾਂ ਉਹਨਾਂ ਨੂੰ ਵੀ ਇਸ ਗੱਲ ਦਾ ਗਿਆਨ ਹੁੰਦਾ। ਜੇਕਰ ਉਹਨਾਂ ਦੀ ਸੋਚ ਇਨੀ ਹੀ ਮਚਿਉਰ ਹੁੰਦੀ ਤਾਂ ਉਹ ਇਹ ਕਦਮ ਕਦੇ ਨਾ ਚੁੱਕਦੇ। ਹੁਣ ਜੇਕਰ ਉਹਨਾਂ ਦੀ ਸੋਚ ਮਚਿਉਰ ਨਾ ਹੋਣ ਕਰਕੇ ਇਹ ਕਦਮ ਚੁੱਕ ਲਿਆ ਤਾਂ ਦੋਹਾਂ ਦੇ ਮਾਪਿਆਂ ਦੀ ਸਮਾਜ ਵਿਚ ਹੋਈ ਬਦਖੋਈ ਅਤੇ ਸੰਤੀ ਦੀ ਮੌਤ ਦੇ ਜ਼ਿੰਮੇਵਾਰ ਵੀ ਉਹੀ ਹਨ। ਜਿਨਾ ਕੁ ਤਜਰਬਾ ਆਪਣਾ ਸਭ ਦਾ ਇਸ ਸਮਾਜ ਵਿਚ ਵਿਚਰਨ ਦਾ ਹੋ ਚੁੱਕਿਆ ਹੈ, ਇਹ ਗੱਲ ਤਾਂ ਪੱਥਰ 'ਤੇ ਲਕੀਰ ਹੈ ਕਿ ਵਧੇਰੇ ਕਰਕੇ ਸਮਾਜ ਦੀਆਂ ਮਾਨਤਾਵਾਂ ਦੇ ਉਲਟ ਚੱਲਣਾ ਔਖਾ ਹੈ। ਸਮਾਜ ਤਾਂ ਛੱਡੋ, ਜੇਕਰ ਸਾਂਝਾ ਪਰਿਵਾਰ ਹੋਵੇ ਤਾਂ ਉਹਨਾਂ ਦਾ ਵਿਰੋਧ ਕਰਨਾ ਵੀ ਔਖਾ ਹੁੰਦਾ ਹੈ। ਚਲੋ ਸਾਰੀ ਗੱਲ ਛੱਡੋ! ਰਾਣੋ ਨੇ ਆਪਣੀ ਮਰਜ਼ੀ ਨਾਲ ਘਰ ਵਸਾਉਣ ਲਈ ਰਾਜੇਸ਼ ਨੂੰ ਮਜ਼ਬੂਰ ਕਰ ਦਿੱਤਾ, ਸਹੀ! ਆਪਣੀ ਜ਼ਿੰਦਗੀ ਖ਼ੁਦ ਜਿਉਣ ਦਾ ਹੌਸਲਾ ਕੀਤਾ, ਸਹੀ! ਪਰ ਜੋ ਕੁਝ ਉਸਦਾ ਬੇਕਸੂਰ ਪਿਓ ਭੁਗਤ ਰਿਹਾ ਹੈ, ਉਸਦਾ ਕੀ? ਕੀ ਉਸਦਾ ਕਸੂਰ ਇਹ ਹੈ ਕਿ ਉਸਨੇ ਆਪਣੀ ਸੋਚ ਤੋਂ ਅੱਗੇ ਵਧ ਕੇ ਆਪਣੀ ਧੀ ਨੂੰ ਪੈਰਾਂ ਸਿਰ ਕਰਨ ਦਾ ਫੈਸਲਾ ਕੀਤਾ? ਕੀ ਇਹ ਸਹੀ ਸੀ ਕਿ ਉਸਦਾ ਪਿਓ ਉਸਨੂੰ ਨਾ ਪੜ੍ਹਾਉਂਦਾ, ਉਹ ਘਰੇ ਹੀ ਰਹਿੰਦੀ, ਉਸਦੀ ਸੋਚ ਦਾ ਦਾਇਰਾ ਵਿਸ਼ਾਲ ਨਾ ਹੁੰਦਾ ਤੇ ਸਮਾਂ ਪਾ ਕੇ ਕਿਸੇ ਐਰੇ ਗੈਰੇ ਨੱਥੂ ਖੈਰੇ ਨਾਲ ਉਸਨੂੰ ਵਿਆਹ ਕੇ ਤੋਰ ਦਿੱਤਾ ਜਾਂਦਾ? ਮੁੜ ਉਹੀ ਚੱਕੀ ਗੇੜ ਉਸ ਨਾਲ ਵੀ ਸ਼ੁਰੂ ਹੋ ਜਾਂਦਾ, ਜੋ ਉਸਦੇ ਮਾਪਿਆਂ ਦਾ ਸੀ।
ਸੋ, ਜੇਕਰ ਕਹਾਣੀ ਨੂੰ ਪਾਤਰਾਂ ਦੇ ਨਾਲ-ਨਾਲ ਚੱਲਦਿਆਂ ਉਹਨਾਂ ਦੀ ਮਾਨਸਿਕਤਾ ਮੁਤਾਬਿਕ ਦੋਬਾਰਾ ਪੜ੍ਹੋਗੇ ਤਾਂ ਇਹ ਆਸ਼ਾ ਨਜ਼ਰ ਆਵੇਗਾ ਕਿ ਇਹ ਕਹਾਣੀ ਭਰੂਣ ਹੱਤਿਆ ਨੂੰ ਉਤਸ਼ਾਹਿਤ ਕਰਨ ਨਹੀਂ ਕਰਦੀ, ਬਲਕਿ ਨੌਜਵਾਨ ਪੀੜ੍ਹੀ ਨੂੰ ਆਪਣੀ ਅਕਲ ਨੂੰ ਹੱਥ ਮਾਰਨ ਦਾ ਸੰਦੇਸ਼ ਦਿੰਦੀ ਹੈ। ਸ਼ੁਕਰੀਆ!

ਡੈਸਕ ਇਨਪੁਟ: ਕੀ ਤੁਹਾਡੇ ਕੋਲ ਇਸ ਕਹਾਣੀ ਦਾ ਕੋਈ ਹੋਰ ਚੰਗੇਰਾ ਅੰਤ ਹੈ? ਜੇ ਹੈ ਤਾਂ ਕਿਰਪਾ ਕਰਕੇ ਜ਼ਰੂਰ ਲਿਖ ਭੇਜੋ। ਈਮੇਲ ਹੈ-medialink32@gmail.com

ਕਹਾਣੀ//ਕੁੱਖ ਦਾ ਕਤਲ//ਰਿਸ਼ੀ ਗੁਲਾਟੀ

ਇਸ ਕਹਾਣੀ ਵਿਚਲੇ ਸੁਨੇਹੇ ਬਾਰੇ ਚਰਚਾ ਹੋਵੇ ਤਾਂ ਜੋ ਸਮਾਜ ਸੁੱਧਰ ਸਕੇ

ਸੋਸ਼ਲ ਮੀਡੀਆ: ਇਹ ਕਹਾਣੀ 14 ਸਾਲ ਪਹਿਲਾਂ ਲਿਖੀ ਗਈ ਸੀ। ਅੱਜ ਵੀ ਇਸਦੀ ਚਰਚਾ ਹੈ। ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਕੀ ਇਹ ਕਹਾਣੀ ਕੋਈ ਗਲਤ ਸੁਨੇਹਾ ਦੇ ਰਹੀ ਹੈ? ਸਭ ਤੋਂ ਪਹਿਲਾਂ ਪੜ੍ਹੋ ਰਿਸ਼ੀ ਗੁਲਾਟੀ ਹੁਰਾਂ ਦੀ ਇਹ ਕਹਾਣੀ। ਸ਼ਾਇਦ ਤੁਹਾਨੂੰ ਅਖਬਾਰਾਂ ਵਿੱਚ ਪੜ੍ਹੀਆਂ ਅਜਿਹੀਆਂ ਕਈ ਸੱਚੀਆਂ ਖਬਰਾਂ ਅਤੇ ਤਸਵੀਰਾਂ ਵੀ ਯਾਦ ਆ ਜਾਣ ਜਿਹਨਾਂ ਨੂੰ ਪੜ੍ਹਨਾ ਅਤੇ ਦੇਖਣਾ ਆਸਾਨ ਨਹੀਂ ਹੁੰਦਾ। ਕਹਾਣੀ ਪੜ੍ਹ ਕੇ ਤੁਹਾਡਾ ਮਨ ਕੀ ਆਖਦਾ ਹੈ ਇਸ ਬਾਰੇ ਜ਼ਰੂਰ ਲਿਖਣਾ। -ਸੰਪਾਦਕ

ਬਚਨੇ ਦੀਆਂ ਅੱਖਾਂ ਦੇ ਹੰਝੂ ਉਹਦੀ ਕਰੜ-ਬਰੜ ਦਾਹੜ੍ਹੀ ਵਿੱਚ ਦੀ ਹੋ ਕੇ ਚੋ ਰਹੇ ਸਨ। ਉਹਦੀਆਂ ਅੱਖਾਂ ਰੋ-ਰੋ ਕੇ ਲਾਲ ਹੋਈਆਂ ਪਈਆਂ ਸਨ। ਉਹ ਬੜਾ ਕੁਝ ਕਹਿਣਾ ਚਾਹੁੰਦਾ ਸੀ ਪਰ ਗਲੇ ਵਿੱਚੋਂ ਆਵਾਜ਼ ਹੀ ਨਹੀਂ ਨਿੱਕਲ ਰਹੀ ਸੀ। ਉਹ ਤਾਂ ਬੱਸ ਭੁੱਬਾਂ ਹੀ ਮਾਰੀ ਜਾ ਰਿਹਾ ਸੀ ਜਾਂ ਕਦੀ-ਕਦੀ ਆਪਣੇ ਮੂੰਹ ਤੇ ਚਪੇੜਾਂ ਮਾਰ ਲੈਂਦਾ ਸੀ।
-“ਹਾਏ ਓਏ ਰੱਬਾ! ਕੀ ਕਰਾਂ ਓਏ! ਕਿਹੜੇ ਜਨਮਾਂ ਦਾ ਵੈਰ ਕੱਢਿਆ ਈ ਓਏ? ਏਹਦੇ ਨਾਲੋਂ ਤਾਂ ਮੈਨੂੰ ਚੁੱਕ ਲੈਂਦਾ! ਨੀਂ ਸੰਤੀਏ, ਕੀਹਦੇ ਆਸਰੇ ਛੱਡ ਗਈ ਏਂ? ਹਾਏ! ਹਾਏ ਓਏ ਰੱਬਾ, ਮੈਨੂੰ ਵੀ ਚੁੱਕ ਲੈ ਵੈਰੀਆ!”, ਬਚਨ ਸਿੰਘ ਬੁਰੀ ਤਰਾਂ ਵਿਲਕ ਰਿਹਾ ਸੀ।
- “ਬਚਨ ਸਿਆਂ! ਹੁਣ ਤਾਂ ਹੌਸਲਾ ਧਰਿਆਂ ਹੀ ਕੁਝ ਬਣਨੈ। ਐਂ ਜਨਾਨੀਆਂ ਵਾਂਗੂੰ ਕੁਰਲਾਇਆਂ ਕੁਸ਼ ਬਣ ਸਕਦੈ ਭਲਾ? ਹੌਸਲਾ ਰੱਖ ਬਚਨ ਸਿਆਂ… ਹੌਸਲਾ ਰੱਖ!”, ਸੱਥਰ ਤੇ ਹੋਏ ਕੱਠ ‘ਚੋਂ ਇੱਕ ਨੇ ਹੌਸਲਾ ਦਿੱਤਾ।
- “ਆਹੋ ਭਾਈ! ਓਸ ਡਾਢੇ ਦੀਆਂ ਲਿਖੀਆਂ ਕੌਣ ਮੇਟ ਸਕਦੈ? ਏਹ ਕਿਹੜਾ ਦਿਹਾੜੀ ਦਾ ਰੋਣ ਐ? ਸਾਰੀ ਉਮਰਾਂ ਦਾ ਰੋਣਾ ਪੱਲੇ ਪਾ ਗੀ ਭਾਈ। ਚੰਦਰੀ ਬਿਮਾਰੀ ਵੀ ਕਿਸੇ ਨੂੰ ਨਾ ਚਿੰਬੜੇ। ਓ ਹੋ!”, ਹੌਕਾ ਭਰਦਿਆਂ ਦੂਜੇ ਨੇ ਹਾਂ ‘ਚ ਹਾਂ ਮਿਲਾਈ।
-“ਕਾਹਦਾ ਹੌਸਲਾ ਰੱਖਾਂ ਓਏ। ਭਾਵੇਂ ਬਿਮਾਰ ਠਿਮਾਰ ਸੀ, ਮੰਜੀ ‘ਤੇ ਪਈ ਸੀ। ਪਰ ਤੀਹਾਂ ਵਰ੍ਹਿਆਂ ਦਾ ਸਾਥ ਸੀ। ਜਿਉਂਦੀ ਜਿੰਦ ਸੀ ਓਏ! ਹੋਰ ਨੀਂ ਤਾਂ ਘੱਟੋ ਘੱਟ ਓਹਦੇ ਨਾਲ਼ ਦਿਲ ਦਾ ਬੋਝ ਹੀ ਹਲਕਾ ਕਰ ਲੈਂਦਾ ਸੀ। ਮੈਨੂੰ ਵੀ ਚੁੱਕ ਲੈਂਦਾ ਓਏ ਡਾਢਿਆ!”, ਬਚਨ ਸਿੰਘ ਮੁੜ ਕੁਰਲਾਇਆ।
- “ਲੈ, ਹੈ ਨੀ ਕਮਲਾ ਹੋਇਆ! ਅਖੇ ਮੈਨੂੰ ਵੀ ਚੁੱਕ ਲੈਂਦਾ! ਬਚਨਿਆਂ ਹੌਸਲਾ ਰੱਖ ਭਰਾਵਾ, ਐਂ ਕਿਤੇ ਮਰਿਆਂ ਨਾਲ਼ ਮਰਿਆ ਜਾਂਦੈ!”, ਕਹਿੰਦਿਆਂ ਪਹਿਲੇ ਪਿੰਡ ਵਾਸੀ ਨੇ ਕਿਸੇ ਨੂੰ ਆਵਾਜ਼ ਮਾਰੀ, “ਓ ਕਾਕਾ! ਪਾਣੀ ਦਾ ਗਿਲਾਸ ਲਿਆ ਨਲਕੇ ਤੋਂ ਭਰ ਕੇ। ਬਚਨਾ ਬਾਹਲਾ ਹੀ ਬੇਹਾਲ ਹੋਇਆ ਪਿਐ। ਬਚਨਿਆਂ ਰੱਬ ਦੀਆਂ ਲਿਖੀਆਂ ਓਹੀ ਜਾਣਦੈ। ਜਾਣ ਆਲੇ ਨਾਲ ਜਾਇਆ ਨਹੀਂ ਜਾਂਦਾ। ਸਿਆਣਿਆਂ ਨੇ ਵੀ ਕਿਹੈ ਪਈ ਜਿਉਣਾ ਝੂਠ ਤੇ ਮਰਨਾ ਸੱਚ!”
- “ਆਹੋ ਭਾਈ! ਸਿਆਣੇ ਤਾਂ ਏਹ ਵੀ ਕਹਿੰਦੇ ਐ ਬਈ ਸਾਨੂੰ ਜਿਉਂਦੇ ਜੀਅ ਐਸੇ ਕਰਮ ਕਰਨੇ ਚਾਹੀਦੇ ਨੇ ਬਈ ਅੱਗਾ ਸੁਧਰ ਜਾਏ। ਪਤਾ ਨਹੀਂ ਕਦੋਂ ਜੋਰਾਵਰ ਆ ਕੇ ਕਹੇ, ਬਈ ਚੱਲ ਤੁਰ, ਮੁੱਕ ਗਿਆ ਤੇਰਾ ਦਾਣਾ ਪਾਣੀ!”, ਇੱਕ ਹੋਰ ਆਵਾਜ਼ ਆਈ।
-“ਤੇਰੀ ਗੱਲ ਤਾਂ ਲੱਖ ਰੁਪਈਏ ਦੀ ਐ। ਪਰ ਜਿਉਂਦੇ ਜੀਅ ਕਿੱਥੇ ਅੱਗਾ ਸੁਧਾਰਨ ਬਾਰੇ ਸੁਝਦੈ? ਸਾਰੀ ਉਮਰ ਟੱਪ ਜਾਂਦੀ ਐ, ਢਿੱਡ ਨੂੰ ਝੁਲਕਾ ਦੇਣ ਦਾ ਜੁਗਾੜ ਈ ਸੂਤ ਨੀਂ ਆਉਂਦਾ। (ਕੁਝ ਪਲ ਠਹਿਰ ਕੇ) ਲੈ ਬਚਨ ਸਿਆਂ! ਪਾਣੀ ਦਾ ਘੁੱਟ ਪੀ ਲੈ।”, ਪਹਿਲੇ ਪਿੰਡ ਵਾਸੀ ਨੇ ਗਲਾਸ ਫੜਾਉਂਦਿਆਂ ਕਿਹਾ।
ਲੇਖਕ ਰਿਸ਼ੀ ਗੁਲਾਟੀ 
-“ਨਾ ਓਏ! ਕਿੱਥੇ ਘੁੱਟ ਟੱਪਦੀ ਐ, ਸੰਘੋਂ ਹੇਠਾਂ? ਕੋਈ ਮਹੁਰਾ ਲਿਆ ਦਿਓ ਓਏ! ਮੈਂ ਵੀ ਤੁਰ ਜਾਂ ਸੰਤੀ ਦੇ ਰਾਹ ‘ਤੇ ਈ। ਕਿਹੜੇ ਰਾਹਾਂ ‘ਤੇ ਤੁਰਗੀ ਕਰਮਾਂ ਆਲੀਏ!”, ਬਚਨ ਸਿੰਘ ਕਲਪ ਰਿਹਾ ਸੀ।
ਸੱਥਰ ਤੇ ਬੈਠੇ ਸਾਕ ਸੰਬੰਧੀ ਉਸਨੂੰ ਬਥੇਰਾ ਹੌਸਲਾ ਦੇਣ ਦੀ ਕੋਸ਼ਿਸ਼ ਕਰ ਰਹੇ ਸਨ, ਪਰ ਉਹ ਸੀ ਕਿ ਬੱਸ ਵਿਲਕੀ ਹੀ ਜਾਂਦਾ ਸੀ। ਕੋਲੇ ਬੈਠੇ ਉਹਦੇ ਪੁੱਤਰ ਹਰਜਿੰਦਰ ਦੀਆਂ ਅੱਖਾਂ ਵਿੱਚੋਂ ਹੰਝੂਆਂ ਦੀ ਜਗ੍ਹਾ ਅੱਗ ਵਰ੍ਹ ਰਹੀ ਸੀ। ਉਹ ਬੈਠਾ ਕਦੇ ਆਪਣੇ ਨਹੁੰ ਕੁਤਰਣ ਲੱਗ ਪੈਂਦਾ ਤੇ ਕਦੇ ਸੱਥਰ ਵਾਲੀ ਦਰੀ ਦੇ ਧਾਗੇ ਖਿੱਚਣ ਲੱਗ ਪੈਂਦਾ। ਚਿਹਰੇ ਵੱਲ ਤੱਕ ਕੇ ਪਤਾ ਲੱਗਦਾ ਸੀ ਕਿ ਉਹ ਆਪਣੇ ਆਪ ਨਾਲ ਗੱਲਾਂ ਕਰਦਾ ਦੰਦ ਕਿਰਚੀ ਜਾਂਦਾ ਸੀ। ਉਸਦੇ ਦਿਲ ਵਿੱਚ ਜ਼ਬਰਦਸਤ ਤੁਫਾਨ ਉਮੜਿਆ ਹੋਇਆ ਸੀ, ਜਿਸਨੂੰ ਇਸ ਔਖੀ ਘੜੀ ਵਿੱਚ ਉਸਨੇ ਬੜੀ ਮੁਸ਼ਕਿਲ ਨਾਲ ਕਾਬੂ ਕੀਤਾ ਹੋਇਆ ਸੀ।
ਇੱਕ ਭਿਆਨਕ ਜਿਹਾ ਵਾਤਾਵਰਣ ਚਾਰ ਚੁਫੇਰੇ ਪਸਰਿਆ ਹੋਇਆ ਸੀ। ਸਾਰਾ ਪਿੰਡ ਸੱਥਰ ਤੇ ਬੈਠਾ ਸੀ ਪਰ ਮੌਤ ਵਰਗੀ ਖਾਮੋਸ਼ੀ ਛਾਈ ਹੋਈ ਸੀ। ਪਿੰਡ ਵਾਲੇ ਤੇ ਰਿਸ਼ਤੇਦਾਰ ਨਮੋਸ਼ੀ ਤੇ ਦੁੱਖ ਵਿੱਚ ਸਿਰ ਝੁਕਾਈ ਬੈਠੇ ਸਨ। ਜੇ ਕਿਸੇ ਦੀ ਨਜ਼ਰ ਇੱਕ ਦੂਜੇ ਨਾਲ ਟਕਰਾ ਵੀ ਜਾਂਦੀ ਤਾਂ ਉਹ ਨਜ਼ਰ ਚੁਰਾ ਲੈਂਦਾ। ਜਾਪਦਾ ਸੀ ਕਿ ਕੋਈ ਹੋਵੇ ਹੀ ਨਾਂ। ਸਿਰਫ਼ ਬਚਨੇ ਦੇ ਵਿਲਕਣ ਦੀ ਆਵਾਜ਼ ਜਾਂ ਕਦੇ ਕਿਸੇ ਜ਼ਨਾਨੀ ਦਾ ਕੀਰਨਾਂ ਹੀ ਸੁਣਦਾ ਸੀ। ਅੰਦਰਲੀ ਸਬਾਤ ਵਿੱਚ ਜਿੱਥੇ ਜ਼ਨਾਨੀਆਂ ਬੈਠੀਆਂ ਸਨ, ਬਚਨੇ ਦੀ ਘਰ ਵਾਲੀ ਸੰਤੀ ਦੀ ਲਾਸ਼ ਪਈ ਸੀ।
ਸੰਤੀ ਢਿੱਲੀ ਤਾਂ ਕਾਫੀ ਚਿਰ ਦੀ ਸੀ ਪਰ ਦਮਾ ਐਨਾ ਵੀ ਨਹੀਂ ਸੀ ਕਿ ਉਹ ਚਾਣਚੱਕ ਹੀ ਤੁਰ ਜਾਂਦੀ। ਬਚਨੇ ਨੇ ਸੰਤੀ ਦੇ ਇਲਾਜ ਤੇ ਬੜਾ ਪੈਸਾ ਰੋੜਿਆ ਪਰ ਸਭ ਵਿਅਰਥ ਹੋ ਗਿਆ ਸੀ। ਆਪਣੇ ਵਿਤ ਤੋਂ ਵਧ ਕੇ, ਉਸਨੇ ਆੜ੍ਹਤੀਆਂ ਤੋਂ ਵਿਆਜੂ ਪੈਸੇ ਚੁੱਕ-ਚੁੱਕ ਕੇ ਇਲਾਜ ਤੇ ਲਾਏ ਤਾਂ ਜੋ ਘਰ ਦਾ ਚੁੱਲਾ ਤਪਦਾ ਰਹੇ ਪਰ ਹੋਣੀ ਅੱਗੇ ਕਿਸ ਦਾ ਜ਼ੋਰ ਚਲਦਾ ਹੈ?
ਬਚਨਾ ਆਪ ਤਾਂ ਭਾਵੇਂ ਕੋਰਾ ਅੰਗੂਠਾ ਛਾਪ ਸੀ ਪਰ ਉਸਦੀ ਸੋਚ ਬੜੀ ਅਗਾਂਹ ਵਧੂ ਸੀ। ਚਾਰ ਬੰਦਿਆਂ ਵਿੱਚ ਗੱਲਬਾਤ ਕਰਨ ਜੋਗਾ ਸੀ। ਸਾਰੇ ਪਿੰਡ ਵਿੱਚ ਚੰਗੀ ਬਣਾ ਕੇ ਰੱਖੀ ਸੀ। ਹਰੇਕ ਦੇ ਦੁੱਖ ਸੁੱਖ ਵਿੱਚ ਕੰਮ ਆਉਂਦਾ ਸੀ। ਚਾਰ ਚੱਪੇ ਪੈਲੀ ਦੇ ਵੀ ਸਨ। ਚੰਗੀ ਰੋਟੀ ਦੇ ਗੁਜ਼ਾਰੇ ਤੋਂ ਬਿਨਾਂ ਇਕਲੌਤੇ ਮੁੰਡੇ ਨੂੰ ਅੰਗਰੇਜ਼ੀ ਸਕੂਲ ਵਿੱਚ ਪੜ੍ਹਨੇ ਪਾ ਛੱਡਿਆ ਸੀ ਉਹ ਵੀ ਅਗਲੇ ਸਾਲ ਕਾਲਜ ਜਾਣ ਜੋਗਾ ਹੋ ਗਿਆ ਸੀ ਤੇ ਕੁੜੀ ਵੀ ਪੜ੍ਹਨ ਲਈ ਸ਼ਹਿਰ ਜਾਂਦੀ ਸੀ।
ਹਰ ਸਾਲ ਬੇ-ਵਕਤੇ ਮੀਂਹ ਤੇ ਸੁੰਡੀ ਪੈਣ ਕਰਕੇ ਕਿਰਸਾਨੀ ਦਮ ਤੋੜਨ ਲੱਗੀ ਸੀ, ਖਰਚੇ ਤੇ ਆਮਦਨ ਦੇ ਵਧਦੇ ਫ਼ਰਕ ਨੂੰ ਮਹਿਸੂਸ ਕਰਦਿਆਂ ਉਸਨੇ ਸ਼ਹਿਦ ਦੀਆਂ ਮੱਖੀਆਂ ਪਾਲ ਲਈਆਂ ਸਨ ਤੇ ਨਾਲ ਬੈਂਕ ਤੋਂ ਕਰਜ਼ਾ ਲੈ ਕੇ ਦੋ ਝੋਟੀਆਂ ਵੀ ਲੈ ਲਈਆਂ ਸਨ। ਮਾੜੀ ਕਿਸਮਤ ਨੂੰ ਸੰਤੀ ਨੂੰ ਦਮੇ ਵਰਗੀ ਚੰਦਰੀ ਬਿਮਾਰੀ ਨੇ ਘੇਰ ਲਿਆ ਤੇ ਉਸਦੀ ਦਵਾਈ ‘ਤੇ ਵੀ ਕਾਫੀ ਖਰਚ ਆਉਣ ਲੱਗ ਪਿਆ ਸੀ। ਸੰਤੀ ਬਥੇਰਾ ਕਲਪਦੀ ਰਹਿੰਦੀ, “ਰਾਣੋ ਦੇ ਬਾਪੂ, ਮੇਰਾ ਕੀ ਭਰੋਸਾ। ਹੁਣ ਰਾਣੋ ਦੇ ਹੱਥ ਪੀਲੇ ਕਰ ਦੇ!”
- “ਸੰਤੀਏ! ਤੈਨੂੰ ਕੀ ਦੱਸਾਂ, ਆੜ੍ਹਤੀਏ ਦੀ ਵਹੀ ਦਾ, ਐਸਾ ਰੱਬ ਦਾ ਵਰਦਾਨ ਮਿਲਿਐ ਉਹਨੂੰ, ਬਈ ਦਿਨ ਰਾਤ ਮੀਟਰ ਘੁਕੀ ਜਾਂਦੈ ਵਿਆਜ ਦਾ। ਕਿਸੇ ਟੈਮ ਤਾਂ ਸੂਰਜ ਤੇ ਚੰਦ ਵੀ ਥੱਕ ਕੇ ਸੌਂ ਜਾਂਦੇ ਐ, ਰਾਤ ਦਾ ਦਿਨ ਤੇ ਦਿਨ ਦੀ ਰਾਤ ਹੋ ਜਾਂਦੀ ਐ, ਪਰ ਆੜ੍ਹਤੀਆਂ ਦਾ ਵਿਆਜ ਕਦੇ ਨਹੀਂ ਰੁਕਦਾ, ਕੌੜੀ ਵੇਲ ਵਾਂਗ ਵਧੀ ਜਾਂਦੈ!”
- “ਸਿਰ ਦਿਆ ਸਾਈਆਂ! ਦੋ ਝੋਟੀਆਂ ਕਿੱਲੇ ਖੜ੍ਹੀਐਂ, ਓਹਨਾਂ ਨੂੰ ਵੇਚ ਦੇ, ਪਰ ਸਿਰੋਂ ਭਾਰ ਲਾਹ। ਮੇਰਾ ਕੀ ਪਤੈ, ਕਦੋਂ ਬੁਲਾਵਾ ਆ ਜਾਣੈ!”, ਸੰਤੀ ਖੰਘਦੀ ਹੋਈ ਬੋਲੀ।
- “ਹੈ ਕਮਲੀ! ਝੋਟੀਆਂ ਵੇਚ ਕੇ ਬੈਂਕ ਦੀਆਂ ਕਿਸ਼ਤਾਂ ਕੌਣ ਮੋੜੂਗਾ? ਪਤੈ ਨਾ ਬਈ ਪੈਲੀ ਦੇ ਨੰਬਰ ਦਿੱਤੇ ਹੋਏ ਐ, ਬੈਂਕ ਆਲਿਆਂ ਨੂੰ। ਨਾਲ ਦੇ ਪਿੰਡ ਪਤੈ, ਆਹ ਰਾਮੇ ਕੇ ਰਿਸ਼ਤੇਦਾਰਾਂ ਦੇ... ਝੋਟੀਆਂ ਆਸਤੇ ਕਰਜ਼ਾ ਲਿਆ ਸੀ ਬੈਂਕ ਤੋਂ, ਕਰੰਟ ਨਾਲ਼ ਝੋਟੀਆਂ ਮਰ ਗਈਆਂ। ਮੁੜਕੇ ਜ਼ਮੀਨ ਕੁਰਕੀ ਦੇ ਆਡਰ ਆ ਗਏ। ਮਸਾਂ ਟਰੈਕਟਰ ਵੇਚ ਕੇ ਇੱਕ ਵਾਰੀ ਟਿਕ-ਟਕਾ ਕੀਤੈ। ਅਜੇ ਤੱਕ ਨਬੇੜਾ ਨਹੀਂ ਹੋਇਆ। ਬੈਂਕ ਆਲੇ ਆਵਦੀ ਆਈ ਤੇ ਆ ਜਾਣ ਤਾਂ ਰੋਲ ਕੇ ਧਰ ਦਿੰਦੇ ਐ, ਰੋਲ ਕੇ। ਤੂੰ ਕਹਿੰਨੀ ਐਂ, ਝੋਟੀਆਂ ਵੇਚ ਦਿਆਂ? ਝੋਟੀਆਂ ਦਾ ਦੁੱਧ ਵੇਚ ਕੇ ਤਾਂ ਕਿਸ਼ਤਾਂ ਮਸਾਂ ਜਾਂਦੀਐਂ, ਮੁੜਕੇ ਕਿਸ਼ਤਾਂ ਕਿੱਥੋਂ ਲਾਹ ਦੇਂਗੀ, ਝੋਟੀਆਂ ਵੇਚ ਦੇ... ਬੜੀ ਸਿਆਣੀ ਗੱਲ ਕੀਤੀ ਐ, ਝੋਟੀਆਂ ਵੇਚ ਦੇ!” ਬਚਨ ਸਿੰਘ ਸੰਤੀ ਦੀ ਗੱਲ ਸੁਣ ਕੇ ਖਿਝ ਗਿਆ ਸੀ।
- “ਓ ਮੈਂ ਕਿਹੜਾ ਬੋਲੀ ਲਾਈ ਖੜੀ ਐਂ, ਮੇਰੇ ‘ਤੇ ਕਿਉਂ ਗੁੱਸੇ ਹੋਈ ਜਾਨੈਂ? ਮੈਂ ਤਾਂ ਸੁਭੈਕੀ ਗੱਲ ਕੀਤੀ ਸੀ ਬਈ ਕੁੜੀ ਨੂੰ ਤੋਰ ਆਪਣੇ ਘਰ, ਕੁੜੀਆਂ ਚਿੜੀਆਂ ਆਪਣੇ ਘਰ ਈ ਸੋਭਦੀਐਂ!”
- “ਮੈਂ ਕਾਹਦਾ ਗੁੱਸੇ ਹੋਣੈ ਤੇਰੇ ‘ਤੇ ਸੰਤੀਏ? ਓਹੋ ਜਿਆ ਮੈਂ ਆਂ, ਮੁਸ਼ਕਲਾਂ ਨਾਲ਼ ਨਜਿੱਠਿਆ ਮੈਥੋਂ ਆਪ ਤੋਂ ਨਹੀਂ ਜਾਂਦਾ, ਬੱਸ ਮੂੰਹੋਂ ਨਿੱਕਲ ਜਾਂਦੀ ਐ। ਚੱਲ ਦਿਲ ਨੂੰ ਨਾ ਲਾਈਂ, ਤੂੰ ਦੁਆਈ ਟੈਮ ਨਾਲ਼ ਲਈ ਜਾਂਦੀ ਐਂ?”
- “ਦੁਆਈ ਤਾਂ ਲਈ ਜਾਨੀਂ ਆਂ ਪਰ ਹੁਣ ਤਾਂ ਦਮ ਦਾ ਦਮ ਈ ਪੱਲੇ ਲੱਗਦੈ, ਪਤਾ ਨਹੀਂ ਕਦੋਂ ਧੁਰ ਦਰਗਾਹੋਂ ਬੁਲਾਵਾ ਆ ਜਾਣੈ? ਜਿੰਦਰ ਵੀ ਅਜੇ ਨਿਆਣੈ, ਕੁਸ਼ ਕਰਨ ਜੋਕਰਾ ਨਹੀਂ ਹੋਇਆ। ਤੂੰ ਕੱਲਾ ਮਿੱਟੀ ਨਾਲ਼ ਮਿੱਟੀ ਹੋਇਆ ਰਹਿੰਨੈ, ਓਹਨੂੰ ਨਾਲ ਲਾ ਲੈ, ਕੁਸ਼ ਤਾਂ ਮੱਦਤ ਕਰੂਗਾ ਈ!”
- “ਕਹਾਨੂੰ ਸੰਤੀਏ! ਮੈਂ ਸੋਚਦੈਂ ਬਈ ਚਾਰ ਪੰਜ ਵਰ੍ਹਿਆਂ ਦੀ ਗੱਲ ਐ, ਮੁੰਡਾ ਪੜ੍ਹ ਲਿਖ ਕੇ ਪੈਰਾਂ ਸਿਰ ਹੋ ਜਾਊ ਤੇ ਨੌਕਰੀ ਲੱਗ ਕੇ ਸਾਰੇ ਦੁੱਖ ਧੋ ਦੇਊ। ਕਦੇ ਸੋਚਦੈਂ ਬਈ ਪੜ੍ਹਨੋਂ ਹਟਾ ਕੇ ਆੜ੍ਹਤੀਆਂ ਦੀ ਹੱਟੀ ‘ਤੇ ਈ ਲਾ ਦਿਆਂ। ਕੰਮ ਸਿੱਖ ਕੇ ਮੁਨੀਮ ਬਣ ਗਿਆ ਤਾਂ ਆਪਣੇ ਪੈਰਾਂ ਤੇ ਖੜਾ ਹੋ ਜਾਊ ਤੇ ਸ਼ੈਦ ਸੇਠ ਵਿਆਜ ‘ਚ ਕੋਈ ਮਾੜੀ ਮੋਟੀ ਰਿਐਤ ਵੀ ਕਰ ਦੇਣ!”
- “ਆਹ ਵੀ ਤੇਰੀ ਗੱਲ ਠੀਕ ਐ। ਕੇਰਾਂ ਯਕੀਨ ਬਣੇ ਦੀ ਗੱਲ ਐ, ਫੇਰ ਤਾਂ ਆੜ੍ਹਤੀਏ, ਮੈਨੂੰ ਮੈਦ (ਉਮੀਦ) ਐ, ਰਾਣੋ ਦੇ ਵਿਆਹ ‘ਚ ਵੀ ਮਾੜੀ ਮੋਟੀ ਮੱਦਤ ਕਰ ਦੇਣਗੇ!”
- “ਹੋਰ ਨਾ ਕੁਸ਼, ਅਖੇ ਮੱਦਤ ਕਰ ਦੇਣਗੇ। ਤੇਰਾ ਵੀ ਨਾ ਸੰਤੀਏ, ਬੱਸ ਸਰਿਆ ਈ ਪਿਐ। ਅਗਲੇ ਰੁਪਈਏ ਨਾਲ਼ ਜੋੜ ਕੇ ਰੁਪਈਆ ਕਮਾਉਂਦੇ ਐ। ਮੱਦਤ ਕਰ ਦੇਣਗੇ!”
- “ਫੇਰ ਰਾਣੋ ਨੂੰ ਪੜ੍ਹਨੋ ਹਟਾ ਲੈ। ਊਂ ਤਾਂ ਘਰ ਦਾ ਸਾਰਾ ਕੰਮ ਉਹੀ ਕਰਦੀ ਐ, ਫੇਰ ਵੀ ਮਾੜੀ ਮੋਟੀ ਸਿਲਾਈ ਕਢਾਈ ਸਿਖਾ ਦਿਆਂਗੇ!”
- “ਸੰਤੀਏ, ਜੇ ਪੜ੍ਹਨੋ ਹਟਾ ਲਈ ਤਾਂ ਘਰੇ ਬੈਠੀ ਕੋਠੇ ਜਿੱਡੀ ਹੁੰਦੀ ਧੀ ਝੱਲਣੀ ਸੌਖੀ ਐ? ਪੜ੍ਹਨ ਜਾਂਦੀ ਐ ਤਾਂ ਕੁਸ਼ ਸਿੱਖ ਕੇ ਈ ਆਉਂਦੀ ਐ। ਹੁਣ ਸਾਰਾ ਦਿਨ ਕਿਤਾਬਾਂ ‘ਚ ਰੁੱਝੀ ਰਹਿੰਦੀ ਐ। ਸਿਆਣੇ ਕਹਿੰਦੇ ਐ, ਵਿਹਲਾ ਮਨ ਸ਼ੈਤਾਨ ਦਾ ਘਰ ਹੁੰਦੈ!”
- “ਤੈਨੂੰ ਜਿਵੇਂ ਠੀਕ ਲੱਗਦੈ ਕਰ ਲੈ ਰਾਣੋ ਦੇ ਬਾਪੂ। ਪਰ ਯਾਦ ਰੱਖੀਂ ਉਹਦੀਆਂ ਦਸਵੀਂ ਦੀਆਂ ਜਮਾਤਣਾਂ ਵਿੱਚੋਂ ਕਈਆਂ ਦੇ ਕੁੱਛੜ ਤਾਂ ਨਿਆਣੇ ਵੀ ਹੈਗੇ ਐ। ਇੱਕ ਤੂੰ ਈ ਅਨੋਖੀ ਗੱਲ ਕਰਦੈਂ। ਮੇਰੀ ਕਹੀ ਯਾਦ ਰੱਖੀਂ, ਕੱਲ ਨੂੰ ਕੋਈ ਅਬੀ-ਨਬੀ ਹੋ ਗਈ ਤਾਂ ਮੁੜ ਕੇ ਮੈਨੂੰ ਨਾ ਕਹੀਂ!”
- “ਓ ਕੁਸ਼ ਨੀਂ ਹੁੰਦਾ। ਆਵਦੀ ਔਲਾਦ ‘ਤੇ ਭਰੋਸਾ ਰੱਖੀਦੈ। ੳਂੂ… ਰਾਣੋ ਵੀ ਕਹਿੰਦੀ ਸੀ ਬਈ ਪੇਪਰਾਂ ਤੋਂ ਬਾਦ ਮੈਂ ਕੰਪੂਟਰ ਸਿੱਖਣੈ। ਕਹਿੰਦੀ ਸੀ ਬਈ ਕੰਪੂਟਰ ਸਿੱਖ ਕੇ ਛੇਤੀ ਨੌਕਰੀ ਮਿਲ ਜਾਂਦੀ ਐ!”
- “ਤੂੰ ਜਾਣ, ਜਾਣੇ ਤੇਰਾ ਕੰਮ। ਮੈਂ ਜੋ ਕਹਿਣਾ ਸੀ ਕਹਿ ਦਿੱਤਾ। ਨਾ ਅੱਗੇ ਕਦੇ ਤੂੰ ਮੇਰੀ ਮੰਨੀ ਐ, ਜੋ ਹੁਣ ਮੰਨੇਗਾ? ਭਾਵੇਂ ਸਿਖਾ ਕੰਪੂਟਰ ਤੇ ਭਾਵੇਂ ਟਰੈਕਟਰ, ਮੇਰੀ ਕੋਈ ਜਿੰਮੇਦਾਰੀ ਨਹੀਂ!”
- “ਤੂੰ ਤਾਂ ਬੱਸ ਆਵਦੀਆਂ ਮਾਰੀ ਜਾਂਦੀ ਐਂ। ਕੁੜੀ ਨੂੰ ਖਾਲੀ ਹੱਥੀਂ ਕਿੱਥੋਂ ਤੋਰ ਦਿਆਂ? ਕੱਲ ਨੂੰ ਬਿਗਾਨੀ ਨੇ ਅੱਡ ਕਰਤੀ ਤਾਂ ਚਾਰ ਭਾਂਡੇ ਵੀ ਨਾ ਹੋਣ ਕੁੜੀ ਕੋਲ ਰੋਟੀ ਥੱਪਣ ਨੂੰ? ਕੋਈ ਜੁੱਲੀ ਬਿਸਤਰਾ, ਕੱਪੜਾ ਵੀ ਨਾ ਹੋਵੇ ਤਨ ਕੱਜਣ ਨੂੰ? ਹੂੰ… ਜਿੰਮੇਦਾਰੀ ਨਹੀਂ। ਜਿੰਮੇਦਾਰੀ ਆਪਣੀ ਨਹੀਂ ਤਾਂ ਹੋਰ ਕੀਹਦੀ ਐ? ਮੈਂ ਕੀ ਮਾੜਾ ਕਰਤਾ ਕਿਸੇ ਦਾ, ਜੇ ਹੁਣ ਲੱਖਾਂ ਰੁਪਈਏ ਹੈ ਨੀਂ ਲਾਉਣ ਨੂੰ ਤੇ ਕੁਸ਼ ਹਜ਼ਾਰ ਲਾ ਕੇ ਕੁੜੀ ਦਾ ਧਿਆਨ ਪਾਸੇ ਲੱਗਦੈ ਤਾਂ ਮਾੜਾ ਕੀ ਐ? ਮੈਨੂੰ ਤਾਂ ਸਮਝ ਨਹੀਂ ਆਉਂਦੀ ਇਹਨਾਂ ਜਨਾਨੀਆਂ ਦੀ। ਅਖੇ ਜਿੰਮੇਦਾਰੀ ਨਹੀਂ, ਜਿੰਮੇਦਾਰੀ ਹੋਰ ਥੋਡੇ ਪਿੰਡ ਆਲੇ ਨੰਜੂ ਬਾਹਮਣ ਦੀ ਐ? ਹੈ ਕਿ ਨਹੀਂ ਗਿੱਟਿਆਂ ‘ਚ ਮੱਤ। ਸਾਲੀ ਢੇਡ ਜਨਾਨੀ!”, ਬਚਨ ਸਿੰਘ ਤਲਖੀ ਨਾਲ ਬੋਲਿਆ।
ਮਹਿੰਗੀਆਂ ਪੜ੍ਹਾਈਆਂ, ਕਾਲਜਾਂ ਦੀਆਂ ਡੋਨੇਸ਼ਨਾਂ ਤੇ ਸਮੇਂ ਦੀ ਨਜ਼ਾਕਤ ਸਮਝਦਿਆਂ ਰਾਣੋ ਨੇ ਕੰਪਿਊਟਰ ਲਾਈਨ ਨੂੰ ਆਪਣਾ ਕੈਰੀਅਰ ਬਨਾਉਣ ਲਈ ਸ਼ਹਿਰ ਦੇ ਨਾਮੀ ਕੰਪਿਊਟਰ ਸੈਂਟਰ ਵਿੱਚ ਦਾਖਲਾ ਲੈ ਲਿਆ। ਹਾਲਾਂਕਿ ਘਰੇਲੂ ਹਾਲਾਤ ਏਨਾ ਖ਼ਰਚ ਕਰਨ ਦੀ ਇਜਾਜ਼ਤ ਨਹੀਂ ਸਨ ਦਿੰਦੇ, ਪਰ ਵਿਆਹ ਦੇ ਖ਼ਰਚ ਨਾਲੋਂ ਕਈ ਗੁਣਾ ਘੱਟ ਖ਼ਰਚ ਦੇ ਲਾਲਚ ਕਰਕੇ ਬਚਨੇ ਨੂੰ ਇਹ ਫ਼ੀਸਾਂ ਭਰਨੀਆਂ ਸੌਖੀਆਂ ਜਾਪੀਆਂ। ਕੰਪਿਊਟਰ ਸੈਂਟਰ ਵਿੱਚ ਸਮੇਂ-ਸਮੇਂ ਸਿਰ ਕਰਵਾਏ ਜਾਂਦੇ ਸੈਮੀਨਾਰਾਂ ਵਿੱਚ ਉਸਨੇ ਵਧ-ਚੜ੍ਹ ਕੇ ਭਾਗ ਲੈਣਾ ਸ਼ੁਰੂ ਕੀਤਾ। ਬੱਸ ਇਕੋ ਹੀ ਧੁਨ ਸਵਾਰ ਹੋ ਗਈ ਕਿ ਆਪਣੇ ਪੈਰਾਂ ਸਿਰ ਖੜੀ ਹੋਣਾ ਹੈ। ਉਹ ਕਲਾਸ ਤੋਂ ਬਾਅਦ ਵੀ ਕੰਪਿਊਟਰ ਤੇ ਪ੍ਰੈਕਟਿਸ ਕਰਦੀ ਤੇ ਆਪਣੇ ਤੋਂ ਜੂਨੀਅਰ ਸਿਖਿਆਰਥੀਆਂ ਨੂੰ ਵੀ ਸਿਖਾਉਂਦੀ, ਇਹ ਸੋਚ ਕੇ ਕਿ ਉਸਦੀ ਪ੍ਰੈਕਟਿਸ ਹੋ ਰਹੀ ਹੈ।
ਜਦੋਂ ਰਾਣੋ ਦੀਆਂ ਪੇਕੇ ਆਈਆਂ ਸਹੇਲੀਆਂ ਉਸਨੂੰ ਮਿਲਣ ਆਉਂਦੀਆਂ ਤਾਂ ਉਹ ਤਾਂ ਰਾਣੋ ਦੇ ਪੜ੍ਹੀ ਲਿਖੀ ਹੋਣ ਤੇ ਰਸ਼ਕ ਕਰਦੀਆਂ ਕਹਿੰਦੀਆਂ, “ਨੀਂ ਰਾਣੋ, ਧੰਨ ਤੇਰੇ ਮਾਪੇ ਜਿਹੜੇ ਤੈਨੂੰ ਪੜ੍ਹਾਈ ਜਾਂਦੇ ਐ, ਪੜ੍ਹ ਕੇ ਅਫਸਰ ਲੱਗ ਜਾਏਂਗੀ। ਅਸੀਂ ਤਾਂ ਸਾਰੀ ਉਮਰ ਗੋਹਾ ਚੁੱਕਣ ਜੋਗੀਆਂ ਹੀ ਰਹਿ ਗਈਆਂ!”
ਉਹਨਾਂ ਕੁੜੀਆਂ ਦੀ ਗੱਲ ਸੁਣ ਕੇ ਬਚਨੇ ਤੇ ਸੰਤੀ ਦੇ ਸਾਹਮਣੇ ਆਪਣੀ ਅਫ਼ਸਰ ਧੀ ਰਾਣੋ ਨਹੀਂ ਸਗੋਂ ਆਪਣੀਆਂ ਉਹ ਮਜ਼ਬੂਰੀਆਂ ਘੁੰਮਣ ਲੱਗ ਜਾਂਦੀਆਂ ਜਿਹਨਾਂ ਕਰਕੇ ਰਾਣੋ ਅਜੇ ਤੱਕ ਪੜ੍ਹ ਰਹੀ ਸੀ। ਆਖਿਰ ਕੀਤਾ ਵੀ ਕੀ ਜਾ ਸਕਦਾ ਸੀ? ਮਜਬੂਰੀ ਮਾਰਿਆ ਠੰਢਾ ਹੌਕਾ ਖਿੱਚ ਕੇ ਹੀ ਸਾਰ ਲੈਂਦੇ। ਜਿ਼ੰਦਗੀ ਆਪਣੇ ਉਸੇ ਰਸਤੇ ਤੇ ਚਲਦੀ ਗਈ, ਜਿਸ ਤੇ ਅੱਜ ਤੱਕ ਚਲ ਰਹੀ ਸੀ।
ਸਮਾਂ ਆਪਣੀ ਤੋਰ ਤੁਰਦਾ ਰਿਹਾ ਤੇ ਇਸੇ ਦੌਰਾਨ ਉਸ ਦੀਆਂ ਅੱਖਾਂ ਰਾਜੇਸ਼ ਨਾਲ ਚਾਰ ਹੋ ਗਈਆਂ। ਰਾਜੇਸ਼ ਦੇ ਪਾਪਾ ਕਿਸੇ ਸਰਕਾਰੀ ਦਫ਼ਤਰ ਵਿੱਚ ਕਲਰਕ ਲੱਗੇ ਹੋਏ ਸਨ। ਕੁੱਲ ਮਿਲਾ ਕੇ ਘਰ ਦਾ ਤੋਰੀ ਫੁਲਕਾ ਚੰਗਾ ਚਲਦਾ ਸੀ। ਰਾਜੇਸ਼ ਦੀ ਵੱਡੀ ਭੈਣ ਵੀ ਵਿਆਹੁਣ ਯੋਗ ਸੀ। ਸਮੱਸਿਆ ਉਹੀ ਸੀ ਜੋ ਹਰ ਮੱਧਿਅਮ ਵਰਗ ਦੀ ਪੜ੍ਹੀ-ਲਿਖੀ ਕੁੜੀ ਨੂੰ ਪੇਸ਼ ਆਉਂਦੀ ਹੈ, ਕਿ ਬਰਾਬਰ ਦੇ ਪੜ੍ਹੇ ਲਿਖੇ ਪਰਿਵਾਰ ਦੀਆਂ ਮੰਗਾਂ ਪੂਰੀਆਂ ਕਰਨੀਆਂ ਔਖੀਆਂ ਹਨ ਤੇ ਘੱਟ ਵਾਲਿਆਂ ਘਰ ਜਾਣ ਨੂੰ ਕੁੜੀ ਦਾ ਦਿਲ ਨਹੀਂ ਮੰਨਦਾ। ਸਮਾਂ ਆਪਣੀ ਤੋਰ ਤੁਰਦਾ ਗਿਆ ਤੇ ਰਾਣੋ ਤੇ ਰਾਜੇਸ਼ ਦੀਨ-ਦੁਨੀਆਂ ਤੋਂ ਬੇ-ਖ਼ਬਰ ਆਪਣੀ ਦੁਨੀਆਂ ਵਿੱਚ ਵਿਚਰਦੇ ਰਹੇ।
- “ਰਾਜੇਸ਼, ਕੋਰਸ ਪੂਰਾ ਕਰਕੇ ਕੀ ਸੋਚਿਆ?”, ਇੱਕ ਦਿਨ ਰਾਣੋ ਨੇ ਪੁੱਛਿਆ।
- “ਸੋਚਣਾ ਕੀ ਐ ਰਾਣੋ, ਸਰਕਾਰੀ ਦਫ਼ਤਰਾਂ ਵਿੱਚ ਐਪਲੀਕੇਸ਼ਨਾਂ ਤਾਂ ਭੇਜੀ ਹੀ ਜਾਂਦੇ ਆਂ। ਜਿਵੇਂ ਜਿਵੇਂ ਸਮੈਸਟਰ ਕੰਪਲੀਟ ਹੋਈ ਜਾਂਦੇ ਐ, ਐਪਲੀਕੇਸ਼ਨ ਨਾਲ ਇੱਕ ਸਰਟੀਫਿ਼ਕੇਟ ਹੋਰ ਵਧ ਜਾਂਦਾ ਹੈ!”
- “ਤੈਨੂੰ ਤਾਂ ਹਮੇਸ਼ਾ ਨੌਕਰੀ ਹੀ ਨਜ਼ਰ ਆਉਂਦੀ ਹੈ, ਮੈਂ ਨਹੀਂ। ਕਦੇ ਤਾਂ ਆਪਣੇ ਸੁਪਨੇ ਸੱਚ ਹੋਣ ਦੀ ਗੱਲ ਕਰ ਲਿਆ ਕਰ”, ਰਾਣੋ ਕਦੀ-ਕਦੀ ਜਿਵੇਂ ਨਾਰਾਜ਼ ਹੋ ਜਾਂਦੀ।
- “ਰਾਣੋ... ਮੇਰੀ ਰਾਣੋ... ਪਲੀਜ਼ ਇੰਝ ਨਾਰਾਜ਼ ਹੋਇਆ ਕਰ” ਰਾਜੇਸ਼ ਰਾਣੋ ਦਾ ਚਿਹਰਾ ਆਪਣੇ ਦੋਨਾਂ ਹੱਥਾਂ ਵਿੱਚ ਲੈ ਕੇ ਕਹਿੰਦਾ “ਦੇਖ ਰਾਣੋ... ਮੈਨੂੰ ਤੇਰੇ ਨਾਲ ਕੀਤੇ ਵਾਅਦਿਆਂ ਦਾ ਪੂਰਾ-ਪੂਰਾ ਅਹਿਸਾਸ ਹੈ। ਪਰ ਸਾਨੂੰ ਜਿ਼ੰਦਗੀ ਵਿੱਚ ਆਪਣੀਆਂ ਜਿੰਮੇਵਾਰੀਆਂ ਤੋਂ ਮੂੰਹ ਨਹੀਂ ਮੋੜਨਾ ਚਾਹੀਦਾ!”
- “ਚੰਗਾ! ਜਿੰਮੇਵਾਰੀਆਂ ਨਾਲ਼ ਹੀ ਵਿਆਹ ਕਰਵਾ ਲਈਂ। ਮੈਂ ਨੀਂ ਬੋਲਦੀ ਹੁਣ ਤੇਰੇ ਨਾਲ਼...!”
- “ਓ… ਹੋ! ਸਾਰੀ ਦਿਹਾੜੀ ਗੁੱਸਾ ਤਾਂ ਤੇਰੇ ਨੱਕ ‘ਤੇ ਹੀ ਬੈਠਾ ਰਹਿੰਦੈ। ਕਦੇ ਤਾਂ ਹੱਸ ਕੇ ਗੱਲ ਕਰ ਲਿਆ ਕਰੋ ਮਾਲਕੋ!” ਰਾਜੇਸ਼ ਨੇ ਹੱਸਦਿਆਂ ਕਿਹਾ।
- “ਜਾਣ ਦੇ, ਜਾਣ ਦੇ, ਵੱਡਾ ਹੱਸ ਕੇ ਗੱਲਾਂ ਕਰਨ ਵਾਲਾ। ਕਦੇ ਕਦੇ ਤਾਂ ਲੱਗਦੈ ਪੰਗਾ ਈ ਲੈ ਲਿਆ ਤੇਰੇ ਨਾਲ ਦਿਲ ਲਾ ਕੇ!”
- “ਲੈ !!! ਬਈ ਏਡੀ ਕਿਹੜੀ ਗੱਲ ਐ? ਜੇ ਪੰਗਾ ਲੈ ਈ ਲਿਐ, ਭਾਵ ਗ਼ਲਤੀ ਕਰ ਈ ਲਈ ਐ ਤਾਂ ਸਿਆਣੇ ਕਹਿੰਦੇ ਐ ਬਈ ਜੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜੇ ਤਾਂ ਓਹਨੂੰ ਭੁੱਲਿਆ ਨਹੀਂ ਕਹਿੰਦੇ!”
- “ਮਤਲਬ ਕੀ ਏ ਤੇਰਾ?”
- “ਮਤਲਬ... ਮਤਲਬ ਤਾਂ ਕੁਝ ਨਹੀਂ!”
- “ਨਹੀਂ ਮੈਨੂੰ ਮਤਲਬ ਸਮਝਾ ਜਰਾ, ਜਿਹੜੀ ਟੇਢੀ ਗੱਲ ਕਰਦੈਂ, ਤੈਨੂੰ ਕੀ ਲੱਗਦੈ, ਮੈਂ ਸਮਝਦੀ ਨਹੀਂ?”
- “ਕੀ ਸਮਝੇ ਮਾਲਕੋ! ਮੈਂ ਤਾਂ ਅਜਿਹੀ ਕੋਈ ਗੱਲ ਨਹੀਂ ਕੀਤੀ ਜੋ ਟੇਢੀ ਹੋਵੇ!”
- “ਹੋਰ ਟੇਢੀ ਗੱਲ ਕੀ ਹੋਊਗੀ? ਆਖੀ ਤਾਂ ਜਾਂਦੈਂ ਬਈ ਤੇਰੇ ਨਾਲ਼ ਦਿਲ ਲਾਉਣ ਦੀ ਗਲਤੀ ਸੁਧਾਰ ਲਾਂ!”
- “ਮੈਂ ਕਦੋਂ ਆਖਿਐ, ਐਵੇਂ ਈ ਇਲਜ਼ਾਮ ਲਾਈ ਜਾਂਦੀ ਐਂ। ਅਖੇ ਆਪੇ ਈ ਸਿ਼ਕਾਇਤ, ਆਵਦੇ ਕੋਲੇ ਈ ਸਿ਼ਕਾਇਤ ਤੇ ਹੁਣ ਆਪ ਹੀ ਗੁੱਸੇ ਹੋਣ ਦਾ ਨਕਲੀ ਡਰਾਮਾ...। ਯਾਨੀ ਕਿ ਆਪ ਹੀ ਮਦਈ, ਆਪ ਹੀ ਗਵਾਹ, ਆਪ ਹੀ ਵਕੀਲ ਤੇ ਆਪ ਹੀ ਜੱਜ, ਕਿਉਂ ਆਏਂ ਈ ਐ ਨਾ ਜਨਾਬ?”
- “ਰਹਿਣ ਦੇ, ਰਹਿਣ ਦੇ... ਬਾਹਲਾ ਸਿਆਣਾ ਨਾ ਹੋਵੇ ਤਾਂ। ਜੇ ਛੱਡ ਗਈ ਨਾ ਤਾਂ ਮੁੜਕੇ ਮੱਥੇ ‘ਤੇ ਹੱਥ ਰੱਖ ਕੇ ਬੈਠਾ ਰਹੀਂ। ਕਰੀ ਜਾਈਂ ਮਿੰਨਤਾਂ ਤਰਲੇ, ਮੈਂ ਨੀਂ ਗੱਲ ਸੁਣਨੀ। ਆਹੋ!”
- “ਲੈ... ਐਦਾਂ ਕਦੀ ਹੋ ਸਕਦੈ? ਤੂੰ ਕੀ ਸਮਝਦੀ ਐਂ ਮੇਰੀਏ ਬੱਗੀਏ ਕਬੂਤਰੀਏ, ਐਂ ਉਡ ਜਾਏਂਗੀ ਮਿੱਤਰਾਂ ਦੀ ਛਤਰੀ ਤੋਂ? ਐਸਾ ਕਭੀ ਹੋ ਸਕਤਾ ਹੈ? ਕਭੀ ਨਹੀਂ। ਗੱਬਰ ਸੀਂਗ, ਮੈਂ ਤੁਝੇ ਜਾਨੇ ਨਹੀਂ ਦੂੰਗਾ, ਟੈਂ ਟੈਂ ਟੈਂ !!!”
- “ਜਾ ਵੇ ਰਾਜੇਸ਼! ਕਦੀ ਤਾਂ ਸੀਰੀਅਸ ਹੋ ਜਾਇਆ ਕਰ। ਸਾਰਾ ਦਿਨ ਸ਼ਰਾਰਤਾਂ ਈ ਸੁਝਦੀਆਂ ਰਹਿੰਦੀਐਂ ਤੈਨੂੰ!” ਰਾਣੋ ਖਿੜਖੜਾ ਕੇ ਹੱਸਦੀ ਹੋਈ ਬੋਲੀ।
- “ਯੇ ਤੋ ਅਪੁਨ ਕਾ ਇਸ਼ਟਾਈਲ ਹੈ ਜਾਨੇਮਨ!”, ਰਾਜੇਸ਼ ਨੇ ਸਟਾਈਲ ਮਾਰ ਕੇ ਕਿਹਾ। ਦੋਵੇਂ ਖੂਬ ਹੱਸਦੇ ਹਨ।
ਵਕਤੀ ਚਾਲ ਨਾਲ ਉਹਨਾਂ ਦੇ ਪਿਆਰ ਦੀ ਖੁਸ਼ਬੋਈ ਆਲੇ ਦੁਆਲੇ ਫੈਲ ਗਈ ਤੇ ਉੱਡਦਿਆਂ-ਉੱਡਦਿਆਂ ਰਾਣੋ ਦੇ ਘਰ ਤੱਕ ਜਾ ਪੁੱਜੀ। ਇੱਕ ਦਿਨ ਸ਼ਾਮ ਨੂੰ ਜਦ ਸ਼ਹਿਰ ਤੋਂ ਰਾਣੋ ਘਰ ਪੁੱਜੀ ਤਾਂ ਉਸਨੂੰ ਘਰ ਦਾ ਮਾਹੌਲ ਕੁਝ ਬਦਲਿਆ ਬਦਲਿਆ ਜਾਪਿਆ। ਬਚਨ ਸਿੰਘ ਨੇ ਦੁਖੀ ਮਨ ਨਾਲ ਰਾਣੋ ਨੂੰ ਪੁੱਛਿਆ, “ਰਾਣੋ ਪੁੱਤ! ਮੈਂ ਆਹ ਕੀ ਸੁਣ ਰਿਹਾਂ?”
- “ਕੀ ਹੋਇਆ ਬਾਪੂ ਜੀ?”
- “ਕਿੰਝ ਪੁੱਛਾਂ ਧੀਏ? ਮੇਰੀ ਤਾਂ ਜੁਬਾਨ ਹੀ ਸਾਥ ਨਹੀਂ ਦੇ ਰਹੀ?”
- “ਐਹੋ ਜਿਹੀ ਕਿਹੜੀ ਗੱਲ ਐ ਬਾਪੂ ਜੀ, ਜੋ ਤੁਸੀਂ ਐਹੋ ਜਿਹੀਆਂ ਗੱਲਾਂ ਕਰ ਰਹੇ ਹੋ?”
- “ਦਿਲ ਡਰਦੈ ਧੀਏ, ਕਿਤੇ ਮੇਰਾ ਭਰੋਸਾ ਖੇਰੂੰ ਖੇਰੂੰ ਨਾ ਹੋ ਜਾਏ। ਤੈਨੂੰ ਕਦੇ ਪੁੱਤਾਂ ਨਾਲ਼ੋਂ ਘੱਟ ਨਹੀਂ ਸਮਝਿਆ ਪਰ ਅੱਜ ਅਹਿਸਾਸ ਹੋ ਰਿਹੈ ਕਿ ਧੀਆਂ ਆਖਿਰ ਧੀਆਂ ਹੁੰਦੀਆਂ ਨੇ, ਪੁੱਤਾਂ ਦੀ ਆਪਣੀ ਥਾਂ ਹੁੰਦੀ ਐ ਪਰ ਧੀਆਂ, ਹਮੇਸ਼ਾ ਧੀਆਂ ਹੋਣ ਦੇ ਨਾਲ਼ ਨਾਲ਼ ਪਿਉ ਦੀ ਪੱਗ ਦੀਆਂ ਪਹਿਰੇਦਾਰ ਵੀ ਹੁੰਦੀਆਂ ਨੇ। ਪੁੱਤ ਲੱਖ ਗ਼ਲਤੀਆਂ ਕਰੀ ਜਾਏ ਪਰ ਧੀ ਦੀ ਇੱਕ ਗ਼ਲਤੀ ਪਿਉ ਦੀ ਪੱਗ ਲੀਰਾਂ ਲੀਰਾਂ ਕਰ ਸੁੱਟਦੀ ਏ। ਏਸੇ ਗੱਲੋਂ ਡਰਦਾਂ ਕਿਤੇ ਸੁਣੀ ਸੁਣਾਈ ਸੱਚ ਨਾ ਹੋ ਜਾਏ। ਜੇ ਕਿਤੇ ਗੱਲ ਸੱਚ ਨਿੱਕਲ ਆਈ ਤਾਂ ਮੇਰਾ ਜਿਉਂਦੇ ਦਾ ਮਰਨ ਹੋ ਜਾਣੈ!”
- “ਦੇਖ ਬਾਪੂ, ਸਿੱਧੀ ਗੱਲ ਕਰ ਏਹਦੇ ਨਾਲ਼, ਕਿਉਂ ਐਵੇਂ ਕਹਾਣੀਆਂ ਜਿਹੀਆਂ ਪਾਈ ਜਾਂਦੈਂ?”, ਹਰਜਿੰਦਰ ਦੋਹਾਂ ਨੂੰ ਗੱਲਾਂ ਕਰਦਿਆਂ ਗੁੱਸੇ ਨਾਲ਼ ਬੋਲਿਆ।
- “ਕੋਈ ਨਾ ਕਾਕਾ, ਕਰਦੈਂ ਮੈਂ ਸਾਰੀ ਗੱਲ ਪਰ ਗੱਲ ਕਰਨ ਦਾ ਵੀ ਕੋਈ ਤਰੀਕਾ ਹੁੰਦੈ!”, ਬਚਨ ਸਿੰਘ ਦਾ ਜੁਆਬ ਸੀ।
- “ਮੇਰਾ ਖੂਨ ਖੌਲੀ ਜਾਂਦੈ ਬਾਪੂ। ਏਨਾ ਸਬਰ ਮੇਰੇ ‘ਚ ਹੈ ਨਹੀਂ ਬਈ ਤੇਰੇ ਵਾਗੂੰ ਵਲ-ਸ਼ਲ ਪਾ ਕੇ ਗੱਲ ਕਰਾਂ, ਸਿੱਧੀ ਗੱਲ ਕਰ ਬਈ ਏਹ ਸੱਚੀ ਸਾਡੇ ਸਿਰ ‘ਚ ਖੇਹ ਪਾਈ ਜਾਂਦੀ ਐ ਜਾਂ ਐਵੇਂ ਕਿਸੇ ਕੰਜਰ ਨੇ ਭਕਾਈ ਮਾਰੀ ਐ?
- “ਕੀ ਮਤਲਬ ਐ ਜਿੰਦਰ ਤੇਰਾ? ਕਹਿਣਾ ਕੀ ਚਾਹੁੰਨੈ? ਤੈਨੂੰ ਹੋਸ਼ ਹੈ ਕਿ ਤੂੰ ਕਹਿ ਕੀ ਰਿਹੈਂ?”, ਰਾਣੋ ਦੇ ਪੈਰਾਂ ਥੱਲੋਂ ਜ਼ਮੀਨ ਨਿੱਕਲ ਗਈ।
- “ਹੋਸ਼-ਹੂਸ਼ ਦਾ ਤਾਂ ਮੈਨੂੰ ਪਤਾ ਨਹੀਂ ਪਰ ਤੂੰ ਇਹ ਦੱਸ ਬਈ ਕਿੱਥੋਂ ਖੇਹ ਖਾ ਕੇ ਆਈ ਐਂ?”
- “ਖੇਹ ਖਾ ਕੇ ਆਈ ਐਂ? ਕੀ ਬਕਦੈਂ ਜਿੰਦਰ? ਅਕਲ ਦੀ ਗੱਲ ਕਰ। ਬਾਹਲੀ ਬਕਵਾਸ ਕਰਨ ਦੀ ਲੋੜ ਨਹੀਂ। ਤੂੰ ਹੁੰਦਾ ਕੌਣ ਐਂ ਐਸ ਤਰੀਕੇ ਮੇਰੇ ਨਾਲ਼ ਗੱਲ ਕਰਨ ਵਾਲਾ? ਕਿਸੇ ਨੇ ਗੱਲ ਕਰਨ ਦੀ ਅਕਲ ਨਹੀਂ ਸਿਖਾਈ ਤੈਨੂੰ? ਬਾਪੂ ਇਹ ਕੀ ਬਕੀ ਜਾਂਦੈ?”, ਰਾਣੋ ਨੇ ਹੈਰਾਨੀ ਨਾਲ਼ ਪੁੱਛਿਆ।
- “ਬਕਦਾ ਮੈਂ ਆਂ ਕਿ ਤੂੰ? ਸੱਚ ਦੱਸ ਕਿੱਥੋਂ ਆਈ ਐਂ ਨਹੀਂ ਤਾਂ ਪਤਾ ਸਾਨੂੰ ਸਾਰਾ ਈ ਐ!”
- “ਕੀ ਪਤੈ ਤੈਨੂੰ, ਐਵੇਂ ਸਿਰ ਚੜ੍ਹੀ ਜਾਨੈਂ। ਬਾਪੂ ਜੀ ਤੁਸੀਂ ਕਿਉਂ ਚੁੱਪ ਖੜੇ ਹੋ? ਇਹ ਕੀ ਬਕਵਾਸ ਕਰੀ ਜਾਂਦੈ?”
- “ਰਾਣੋ, ਬਹੁਤ ਸਾਰੇ ਅਜਿਹੇ ਸੁਆਲ ਹੁੰਦੇ ਨੇ, ਜਿਹਨਾਂ ‘ਚ ਮੱਲੋ ਮੱਲੀ ਤਲਖ਼ੀ ਆ ਜਾਂਦੀ ਐ। ਉਹ ਸੁਆਲ ਜੁਆਬ ਚਾਹੁੰਦੇ ਨੇ ਪਰ ਜੁਆਬ ਤੋਂ ਡਰ ਵੀ ਬਹੁਤ ਲੱਗਦੈ। ਜੇ ਜਿੰਦਰ ਗੁੱਸੇ ‘ਚ ਐ ਤਾਂ ਉਹਦਾ ਵੀ ਕੋਈ ਕਸੂਰ ਨਹੀਂ ਅਸਲ ‘ਚ ਜੁਆਨ ਖੂਨ ਕਦੇ ਬੇਇੱਜ਼ਤੀ ਬਰਦਾਸ਼ਤ ਈ ਨਹੀਂ ਕਰਦਾ। ਸਾਡੀ ਉਮਰ ‘ਚ ਆ ਕੇ ਬੋਲਣ ਤੋਂ ਪਹਿਲਾਂ ਬੜਾ ਕੁਝ ਸੋਚਣਾ ਪੈਂਦੈ, ਵਿਚਾਰਨਾ ਪੈਂਦੈ। ਏਸ ਉਮਰ ‘ਚ ਬੰਦੇ ਨੂੰ ਗੁੱਸਾ ਆਉਂਦਾ ਵੀ ਐ ਤਾਂ ਬਹੁਤ ਕੁਝ ਸੋਚਕੇ ਗੁੱਸਾ ਪੀਣਾ ਵੀ ਪੈਂਦੈ। ਪਰ ਜੇਕਰ ਸੱਚਮੁੱਚ ਨਮੋਸ਼ੀ ਹੋ ਜਾਏ ਨਾ ਤਾਂ ਬੰਦਾ ਜਿਉਂਦੇ ਜੀਅ ਗਰਕ ਜਾਂਦੈ!”, ਬਚਨ ਸਿੰਘ ਨਮੋਸ਼ੀ ਨਾਲ਼ ਗਰਕਦਾ ਜਾਂਦਾ ਸੀ।
- “ਬਾਪੂ! ਹਾਲੇ ਵੀ ਅਛਣੀਆਂ ਪਛਣੀਆਂ ਕਰੀ ਜਾਦੈਂ? ਸਿੱਧਾ ਪੁੱਛ ਕਿਹੜੇ ਕੰਜਰ ਨਾਲ਼ ਤੁਰੀ ਫਿਰਦੀ ਸੀ?”, ਹਰਜਿੰਦਰ ਦਾ ਗੁੱਸਾ ਆਸਮਾਨ ਨੂੰ ਛੂਹ ਰਿਹਾ ਸੀ।
- “ਜਿੰਦਰ! ਮਾੜਾ ਜਿਆ ਅਕਲ ਨੂੰ ਹੱਥ ਮਾਰ। ਕਿਉਂ ਘਰ ਦੀ ਇੱਜ਼ਤ ਉਛਾਲਦੈਂ?”, ਬਚਨ ਸਿੰਘ ਥੋੜੀ ਸਖ਼ਤੀ ਨਾਲ਼ ਬੋਲਿਆ.
- “ਕਿਹੜੀ ਇੱਜ਼ਤ ਦੀ ਗੱਲ ਕਰਦੈਂ ਬਾਪੂ? ਰੋਜ਼ ਤਾਂ ਇਹ ਪੜ੍ਹਨ ਗਈ ਅਸਮਾਨ ਨੂੰ ਟਾਕੀਆਂ ਲਾ ਕੇ ਮੁੜਦੀ ਐ, ਜੇ ਕੋਈ ਕਸਰ ਬਾਕੀ ਰਹਿੰਦੀ ਐ ਤਾਂ ਉਹ ਵੀ ਪੂਰੀ ਕਰਦੂਗੀ, ਛੱਡ ਦੇ ਵਾਗਾਂ ਢਿੱਲੀਆਂ ਏਹਦੀਆਂ!”
- “ਕਿਉਂ ਟੁੱਟੇ ਛਿੱਤਰ ਵਾਂਗੂੰ ਵਧੀ ਜਾਂਦੈਂ ਜਿੰਦਰ? ਇਉਂ ਲੱਗਦੈ ਜਿਵੇਂ ਗੱਲ ਕਰਨ ਦੀ ਅਕਲ ਹੀ ਨਹੀਂ ਰਹੀ ਤੈਨੂੰ, ਕੋਈ ਛੋਟੇ ਵੱਡੇ ਦੀ ਤਮੀਜ਼ ਹੀ ਨਹੀਂ!”, ਰਾਣੋ ਨੂੰ ਵੀ ਗੁੱਸਾ ਆ ਗਿਆ।
- “ਮਾਰ ਓ ਬਾਪੂ ਲਫੇੜਾ ਏਹਦੇ, ਇੱਕ ਤਾਂ ਮੂੰਹ ਕਾਲਾ ਕਰਕੇ ਰੱਖ ‘ਤਾ ਸਾਰੇ ਟੱਬਰ ਦਾ, ਦੂਜਾ ਉਤੋਂ ਆਕੜਦੀ ਐ। ਵੱਡੀ ਕਰਕੇ ਮੈਂ ਮੂੰਹ ਵੰਨੀਂ ਵੇਖੀ ਜਾਨਾਂ, ਇਹ ਸਿਰ ‘ਤੇ ਈ ਚੜ੍ਹੀ ਜਾਂਦੀ ਐ!”, ਹਰਜਿੰਦਰ ਲਗਾਤਾਰ ਅੱਗ ਦਾ ਗੋਲਾ ਬਣਿਆ ਹੋਇਆ ਸੀ।
- “ਕੌਣ ਸਿਰ ‘ਤੇ ਚੜ੍ਹੀ ਜਾਂਦੀ ਐ, ਕੀਹਦੇ ਸਿਰ ‘ਤੇ ਚੜ੍ਹੀ ਜਾਂਦੀ ਐ? ਸਿਰ ਤੇ ਤੂੰ ਚੜ੍ਹੀ ਜਾਨੈਂ ਕਿ ਮੈਂ? ਮੈਂ ਕੁਸ਼ ਕਹਿੰਦੀ ਨਹੀਂ, ਤਾਂ ਹੀ ਔਖਾ ਹੋਈ ਜਾਨੈਂ? ਨਾਲੇ ਲਫੇੜਾ ਮਾਰਨ ਦਾ ਕੀ ਮਤਲਬ ਐ? ਤੂੰ ਹੁੰਦਾ ਕੌਣ ਐਂ ਏਨੀ ਗੱਲ ਕਰਨ ਵਾਲਾ? ਹੈਂ? ਤੂੰ ਹੱਥ ਤਾਂ ਲਾ, ਹੱਥ ਵੱਢ ਕੇ ਧਰ ਦੇਊਂ। ਜਿਹੜੇ ਪਿਉ ਦਾ ਤੂੰ ਪੁੱਤ ਐਂ ਨਾ ਉਸੇ ਦੀ ਮੈਂ ਵੀ ਧੀ ਆਂ। ਵੱਡਾ ਆਇਆ ਖੱਬੀ ਖਾਨ!”
- “ਖੜ੍ਹ ਤੇਰੇ ਵੱਡੇ ਦੀ ਮੈਂ... ਮੈਂ ਡੱਕਰੇ ਕਰਦੂੰ ਸਾਲੇ ਮਹਾਜਨ ਦੇ ਤੇ ਨਾਲ ਤੇਰੇ ਵੀ, ਸਾਡੀ ਇੱਜ਼ਤ ਨੂੰ ਹੱਥ ਪਾਇਆ ਉਹਨੇ?”, ਹਰਜਿੰਦਰ ਰਾਣੋ ਦੇ ਕਈ ਥੱਪੜ ਮਾਰਦਿਆਂ ਚੀਕਿਆ।
ਘਰ ‘ਚ ਰੌਲਾ ਪੈ ਗਿਆ। ਸੰਤੀ ਤੇ ਬਚਨ ਸਿੰਘ ਨੇ ਰੋਂਦਿਆਂ ਕੁਰਲਾਉਂਦਿਆਂ ਹੋਇਆਂ ਜਿੰਦਰ ਨੂੰ ਮਾਰਨ ਤੋਂ ਰੋਕਣ ਦਾ ਯਤਨ ਕੀਤਾ ਪਰ ਹਰਜਿੰਦਰ ਦੇ ਸਿਰ ਜਾਪਦਾ ਸੀ ਕਿ ਖੂਨ ਚੜ੍ਹ ਗਿਆ ਸੀ।
- “ਓਏ… ਆ ਕੀ ਕਰਨ ਲੱਗ ਪਿਐਂ ਦੁਸ਼ਮਣਾਂ? ਨਾ ਹੱਥ ਚੱਕ ਓਏ। ਓਏ ਤੇਰੀ ਵੱਡੀ ਭੈਣ ਐ, ਓਏ ਨਾ ਮਾਰ ਓਏ। ਮੇਰੀ ਪੱਗ ਨਾ ਰੋਲੋ ਓਏ। ਓ ਮੇਰਿਆ ਰੱਬਾ, ਕੀ ਥੁੜਿਆ ਸੀ ਐਹੋ ਜਿਹੀ ਔਲਾਦ ਬਿਨਾਂ?”, ਬਚਨ ਸਿੰਘ ਕੁਰਲਾ ਰਿਹਾ ਸੀ।
- “ਜਿੰਦਰ ਵੀਰੇ ਨਾ ਮਾਰ ਪਲੀਜ਼, ਤੇਰੀ ਵੱਡੀ ਭੈਣ ਆਂ ਫਿਰ ਵੀ…” ਵਿਲਕਦਿਆਂ ਰਾਣੋ ਨੇ ਹਰਜਿੰਦਰ ਨੂੰ ਵਾਸਤਾ ਪਾਇਆ।
- “ਨੀ ਡੁੱਬੜੀਏ! ਤੈਨੂੰ ਪੜ੍ਹ-ਲਿਖ ਕੇ ਪੈਰਾਂ ਸਿਰ ਹੋਣ ਲਈ ਭੇਜਿਆ ਸੀ ਜਾਂ ਖੇਹ ਖਾਣ ਲਈ? ਏਹਦੇ ਨਾਲੋਂ ਤਾਂ ਜੰਮਦੀ ਮਰ ਜਾਂਦੀ!”, ਸੰਤੀ ਰੋਂਦਿਆਂ ਹੋਇਆਂ ਮੰਜੀ ਤੇ ਬੈਠੀ ਅੱਡ ਵੈਣ ਪਾ ਰਹੀ ਸੀ।
- “ਸਾਡਾ ਕੋਈ ਗ਼ਲਤ ਰਿਸ਼ਤਾ ਨਹੀਂ ਬੀਬੀ। ਰਾਜੇਸ਼ ਬਹੁਤ ਚੰਗਾ ਲੜਕਾ ਹੈ। ਮੈਂ ਵਾਅਦਾ ਕਰਦੀ ਆਂ ਉਹ ਤੁਹਾਨੂੰ ਕਦੇ ਵੀ ਸਿ਼ਕਾਇਤ ਦਾ ਮੌਕਾ ਨਹੀਂ ਦੇਵੇਗਾ!”
- “ਖ਼ਬਰਦਾਰ ਜੇ ਅੱਜ ਤੋਂ ਬਾਅਦ ਜੇ ਉਹਦਾ ਨਾਂ ਲਿਆ ਜਾਂ ਘਰੋਂ ਪੈਰ ਬਾਹਰ ਕੱਢਿਆ ਤਾਂ... ਲੱਤਾਂ ਭੰਨ ਦੇਊਂ ਤੇਰੀਆਂ!” ਕਹਿੰਦਿਆਂ ਹਰਜਿੰਦਰ ਠਾਹ ਦੇਣੇ ਦਰਵਾਜ਼ਾ ਬੰਦ ਕਰ ਗਿਆ।
ਰਾਣੋ ਦਾ ਘਰੋਂ ਬਾਹਰ ਜਾਣਾ ਬੰਦ ਹੋ ਗਿਆ। ਇਹ ਸਭ ਕੁਝ ਦੇਖ ਕੇ ਸੰਤੀ ਦੀ ਤਬੀਅਤ ਹੋਰ ਜਿ਼ਆਦਾ ਖਰਾਬ ਰਹਿਣ ਲੱਗ ਪਈ ਤੇ ਤਾਪ ਉਤਰਨ ਦਾ ਨਾਮ ਨਹੀਂ ਸੀ ਲੈ ਰਿਹਾ। ਕੁਝ ਦਿਨ ਉਸਨੇ ਰੋਂਦਿਆਂ-ਧੋਦਿਆਂ ਗੁਜਾਰੇ। ਇੱਕ ਦਿਨ ਜਦ ਹਰਜਿੰਦਰ ਪਿੰਡੋਂ ਬਾਹਰ ਗਿਆ ਹੋਇਆ ਸੀ ਤੇ ਬਚਨਾ ਵੀ ਖੇਤੀਂ ਗਿਆ ਹੋਇਆ ਸੀ, ਰਾਣੋ ਨੇ ਕੁਝ ਕੱਪੜੇ ਤੇ ਵਿਆਹ ਲਈ ਬਣਾ ਕੇ ਰੱਖੇ ਮਾੜੇ ਮੋਟੇ ਗਹਿਣੇ ਚੁੱਕੇ ਤੇ ਬੱਸ ਚੜ੍ਹ ਸ਼ਹਿਰ ਆ ਗਈ।
- “ਰਾਜੇਸ਼! ਮੈਂ ਤੇਰੇ ਲਈ ਸਭ ਕੁਝ ਛੱਡ ਆਈ ਆਂ!”
- “ਰਾਣੋ! ਤੂੰ ਇਹ ਕੀ ਕੀਤਾ? ਘੱਟੋ-ਘੱਟ ਇਹ ਕਦਮ ਚੁੱਕਣ ਤੋਂ ਪਹਿਲਾਂ ਮੈਨੂੰ ਪੁੱਛ ਤਾਂ ਲੈਣਾ ਸੀ!”
- “ਨਹੀਂ ਰਾਜੇਸ਼, ਮੈਂ ਤੇਰੇ ਬਿਨਾਂ ਨਹੀਂ ਰਹਿ ਸਕਦੀ। ਜੇਕਰ ਇਸ ਜ਼ਮਾਨੇ ਤੋਂ ਡਰ ਲੱਗਦਾ ਹੈ ਤਾਂ ਮੈਨੂੰ ਮਰ ਕੇ ਵੀ ਇੱਕ ਹੋਣ ਵਿੱਚ ਕੋਈ ਇਤਰਾਜ਼ ਨਹੀਂ!”
- “ਰਾਣੋ! ਗੱਲ ਨੂੰ ਸਮਝਣ ਦੀ ਕੋਸਿ਼ਸ਼ ਕਰ। ਅਜੇ ਆਪਣਾ ਕੋਰਸ ਪੂਰਾ ਨਹੀਂ ਹੋਇਆ। ਆਪਾਂ ਘਰੋਂ ਜਾ ਕੇ ਗੁਜ਼ਾਰਾ ਕਿਵੇਂ ਕਰਾਂਗੇ?”
- “ਮੈਨੂੰ ਕੁਝ ਨਹੀਂ ਪਤਾ। ਬੱਸ ਏਨਾ ਪਤਾ ਹੈ ਕਿ ਮੈਂ ਤੇਰੇ ਲਈ ਆਪਣਾ ਘਰ-ਪਰਿਵਾਰ ਛੱਡ ਆਈ ਆਂ!”
ਰਾਣੋ ਦੀ ਜਿੱਦ ਦੇ ਅੱਗੇ ਉਸਦੀ ਇੱਕ ਨਾ ਚੱਲੀ। ਰਾਜੇਸ਼ ਨੂੰ ਵੀ ਮਜਬੂਰਨ ਘਰੋਂ ਪੈਰ ਬਾਹਰ ਕੱਢਣਾ ਪੈ ਗਿਆ। ਏਧਰ ਸ਼ਾਮ ਨੂੰ ਹਰਜਿੰਦਰ ਨੇ ਵਾਪਸ ਆ ਕੇ ਜਦ ਰਾਣੋ ਨੂੰ ਨਾ ਦੇਖਿਆ ਤਾਂ ਉਸਨੇ ਘਰ ਨੂੰ ਸਿਰ ਤੇ ਚੱਕ ਲਿਆ। ਸੰਤੀ ਨੇ ਪਿੱਟ-ਪਿੱਟ ਕੇ ਬੁਰਾ ਹਾਲ ਕਰ ਲਿਆ ਤੇ ਉਸਦੀ ਤਬੀਅਤ ਹੋਰ ਜਿ਼ਆਦਾ ਵਿਗੜ ਗਈ ਤੇ ਆਖਿਰ ਉਹੀ ਹੋ ਗਿਆ ਜਿਸਦਾ ਡਰ ਸੀ, ਅੱਧੀ ਰਾਤ ਨੂੰ ਸੰਤੀ ਪਰਲੋਕ ਸਿਧਾਰ ਗਈ।
ਗੁਆਂਢੀਆਂ ਦਾ ਮੁੰਡਾ ਸਵੇਰੇ ਸਾਝਰੇ ਹੀ ਸਕੂਟਰ ਤੇ ਸੰਤੀ ਦੇ ਪੇਕੇ ਪਿੰਡ ਤੁਰ ਗਿਆ ਸੀ ਤੇ ਉਹਨਾਂ ਦਾ ਹੀ ਇੰਤਜ਼ਾਰ ਹੋ ਰਿਹਾ ਸੀ।
- “ਉਏ ਲੋਕੋ! ਇਹ ਕੁੜੀਆਂ ਮੁੰਡਿਆਂ ਨਾਲੋਂ ਜਿਆਦਾ ਤਾਂ ਨਹੀਂ ਖਾਂਦੀਆਂ। ਇਹ ਦਿਨ ਦੇਖਣ ਦੇ ਡਰੋਂ ਹੀ ਲੋਕ ‘ਕੁੱਖ ਦਾ ਕਤਲ’ ਕਰ ਦਿੰਦੇ ਹਨ!”, ਬਚਨੇ ਨੇ ਵਿਲਕਦਿਆਂ ਧਾਹ ਮਾਰੀ।
- ਰਿਸ਼ੀ (2007) Author of Punjabi books "Zindagi Aje Baaki Hai" and "Aakarshan da Sidhaant"

Wednesday, 14 April 2021

ਮਹਾਂਮਾਰੀ//ਕਹਾਣੀ//ਲਾਲ ਸਿੰਘ

 13th April 2021 at 5:41 PM

“ਏਹ ਤਾਂ ਨੂਪੇ–ਬੋਘੇ-ਮੀਹੇ ਵਰਗੇ ਗੱਦਾਰਾਂ ਦੀਆਂ ਬੇੜੀਆਂ ‘ਚ ਵੱਟੇ ਪਏ...!!... ਨਹੀ ਹੁਣ ਨੁੰ ਨਕਸ਼ਾ ਹੋਰ ਦਾ ਹੋਰ ਹੋਣਾ ਸੀ.....!!!...ਖੜਕਵੇਂ ਸੰਗਰਾਮੀ ਘੋਲਾਂ ਨਾਲ ਜੁੜੀ ਪੰਜਾਬੀ ਅਣਖ ਐਉਂ ਹੀਣੀ ਨਹੀ ਸੀ ਹੋਣੀ , ਜਿਹੋ ਜਿਹੀ ਹੁਣ ਹੋਈ ਪਈ ਆ , ਕੁਰਸੀ ਭੁੱਖ ਪਿੱਛੇ................, “  (ਇਸੇ ਕਹਾਣੀ ਵਿੱਚੋਂ )

Pexels Photo-by Artem Beliaikin 

ਦੋਨੋਂ ਧਿਰਾਂ ਆਪਣੀ –ਆਪਣੀ ਥਾਂ ਅੜੀਆਂ ਖਲੋਤੀਆਂ ਸਨ। ਲੰਬੜ ਧੜਾ ਆਖੇ–“ਬਾਵੇ ਦਾ ਮੁੰਡਾ ਕਿਸ਼ਨ ਹੀ ਅਗਲਾ ਪਾਂਧਾ ਬਣੂ। ਉਹਦਾ ਹੱਕ ਬਣਦਾ। ਸਾਰਾ ਕੁਝ ਤਾਂ ਉਹ ਜਾਣਦਾ। ਉਹਦਾ ਬਾਪ ਸਮਝਾਉਂਦਾ ਰਿਹਾ ਚਿਰ ਤੋਂ। ਟਿੱਕਾ ਕਿੱਦਾਂ ਲਾਉਣਾ, ਜੋਤ ਕਿੱਥੇ ਰੱਖਣੀ ਆ, ਆਰਤੀ ਕਿੱਦਾਂ ਕਰਨੀ ਆ। ਹੋਰ ਕਰਨਾ ਕੀ ਹੁੰਦਾ, ਸਵੇਰੇ ਸ਼ਾਮੀਂ।” ਓਧਰ ਹੁਕਮ ਚੰਦ ਪਹਿਲਾਂ ਕੱਲਾ ਸੀ ਫਿਰ ਪੰਜ-ਸੱਤ ਜਣੇ ਹੋਰ ਜੁੜ ਗਏ। ਉਹ ਹੋਰ ਈ ਬੋਲੀ ਬੋਲਣ–‘ਪਾਂਧਾ ਨਹੀਂ ਹੁਣ ਪੁਜਾਰੀ ਚਾਹੀਦਾ ਪਿੰਡ ਨੂੰ। ਸਮੇਂ ਬਦਲ ਗਏ ਆ। ਪੜ੍ਹਿਆ-ਲਿਖਿਆ ਪੁਜਾਰੀ, ਪੂਜਾ ਪਾਤਰ, ਵੈਦਿਕ ਸ਼ਾਸ਼ਤਰਾਂ ਦਾ ਗਿਆਤਾ, ਸ਼ੁੱਧ-ਭਾਸ਼ਾ-ਸ਼ਾਸ਼ਤਰੀ। ਲੱਭੂ ਲੰਬੜ ਹੈਰਾਨ-ਪ੍ਰੇਸ਼ਾਨ । ਉਸ ਦੇ ਜੋਟੀਦਾਰ ਉਸ ਤੋਂ ਵੀ ਵੱਧ। ਉਹ ਆਖਣ- ਏਹ ਹੁਕਮੇ ਬਾਮ੍ਹਣ ਨੂੰ ਕੀ ਹੋ ਗਿਆ। ਚਾਰ ਦਿਨ ਭਰਾ ਕੋਲ ਕਾਦ੍ਹਾ ਗਿਆ , ਛੋਟੇ ਭਾਈ ਬਸ਼ੇਸ਼ਰ ਕੋਲ। ਏਦ੍ਹੀ ਤਾਂ ਸੁਰਤ ਈ ਮਾਰੀ ਗਈ। ਏਹ ਤਾਂ ਗੱਲਾਂ ਈ ਹੋਰ ਤਰ੍ਹਾਂ ਦੀਆਂ ਕਰਨ ਲੱਗ  ਪਿਆ। ਏਨੂੰ ਕੋਈ ਪੁੱਛੇ, ਸਵੇਰੇ-ਸ਼ਾਮੀਂ ਜੋਤ ਜਗਾਉਣੀ, ਜਾਂ ਟੇਪ ਲਾਉਣੀ ਆ ਰੇਡੂਏ ਤੇ ਭੇਟਾਂ ਆਲੀ। ਹੋਰ ਸੀੜ ਪੁੱਟਣੀ ਆ ਭਲਾ। ਏਨੇ ਕੰਮ ਲਈ ਬਾਹਰੇ ਗਿਆਨ-ਗੋਸ਼ਟੇ ਦੀ, ਬਹੁਤੇ ਪੜ੍ਹਿਓਂ ਲਿਖਿਓਂ ਦੀ ਕੀ ਲੋੜ। 

ਬਾਵਾ ਰਾਮ ਦੇ ਅਸਤ ਹਰਦੁਆਰ ਤਾਰ ਆਉਣ ਤੱਕ ਦੀ ਗੱਲ ਕਿਸੇ ਤਣ-ਪੱਤਣ ਨਹੀਂ ਸੀ ਲੱਗੀ। ਦੋਨੋਂ ਧਿਰਾਂ ਨਾ ਤਾਂ ਬਹੁਤਾ ਉਭਾਬਰ ਕੇ ਆਹਮੋ-ਸਾਹਮਣੇ ਆਈਆਂ, ਨਾ ਹੀ ਬਾਹਰਲੀਆਂ ਚੁੱਪ ਗੜੁੱਪ ਹੀ ਰਹੀਆਂ।  ਹਿੱਲਦੀ–ਤੁਰਦੀ ਗੱਲ ਪਿੰਡ ਦੀ ਲਹਿੰਦੀ ਬਾਹੀ ਤੱਕ ਵੀ ਖਿੱਲਰ ਗਈ। ਲਹਿੰਦੀ ਬਾਹੀ ਗੁਰਦੁਆਰਾ ਸੀ, ਬਾਹਰਲੀ ਫਿਰਨੀ ਦੇ ਅੰਦਰ ਵੰਨੀ। ਮੂੰਹ ਚੜ੍ਹਦੇ ਪਾਸੇ। ਜਾਗੀਰੇ ਸਰਪੰਚ ਦੀ ਕੋਠੀ ਵੱਲ ਨੂੰ। ਸਵੇਰੇ–ਸ਼ਾਮੀਂ ਗੁਰਦੁਆਰੇ ਆਉਂਦਾ ਜਾਂਦਾ, ਹਰ ਕੋਈ ਜਗੀਰੇ ਨੂੰ ਸਾਬ੍ਹ-ਸਲਾਮ ਕਰਦਾ। ਕੋਈ ਕੋਈ ਜਣਾ ਰੁਕਦਾ ਵੀ ਉਸ ਪਾਸ। ਫਤੇਹ-ਫਤਹੀ ਪਿੱਛੋਂ ਐਧਰ-ਓਧਰ ਦੀਆਂ ਕਰਦਿਆਂ ਮੰਦਰ ਮਸਲਾ ਵੀ ਛਿੜਦਾ ਰਿਹਾ। ਅੱਗੋਂ ਸਰਪੰਚ ਦੀ ਹਾਹੋ-ਅੱਛਾ ਨੇ ਕਿਸੇ ਨੂੰ ਕੋਈ ਨਿਠਵਾਂ ਉੱਤਰ ਨਹੀਂ ਸੀ ਦਿੱਤਾ। ਜੇ ਕਿਸੇ ਨੇ ਬਾਹਰੀ ਈ ਤਾਂਘ ਜਿਹੀ ਰੱਖੀ ਤਾਂ  ਕਹਿ ਛੱਡਿਆ–‘ਏਹ ਭਾਈ ਅਗਲਿਆਂ ਦੇ ਵਿਹੜੇ ਦਾ ਮਾਮਲਾ ਐ। ਉਹਨਾਂ ਦੇ ਧਰਮ-ਕਰਮ ਦਾ ਮਸਲਾ। ਅਸੀਂ-ਤੁਸੀਂ ਬਾਹਰੀ ਨਹੀਂ ਦਖਲਅੰਦਾਜ਼ੀ ਕਰ ਸਕਦੇ। ਊਂ ਜੇ ਪੰਚੈਤ ਤੱਕ ਗੱਲ ਪੁੱਜੂ , ਫੇਰ ਸੋਚ –ਵਿਚਾਰ ਲਾਂਗੇ।‘

ਕਹਿਣ ਨੂੰ ਤਾਂ ਉਹ ਤੋਂ ਏਹੀ ਗੱਲ ਭਾਈਆਂ ਦੇ ਕਰਮੇ ਨੂੰ ਵੀ ਆਖੀ ਗਈ, ਕਰਮਵੀਰ ਨੂੰ ਇਕ ਦਿਨ। ਅੱਗੋਂ ਕਰਮਵੀਰ ਨੇ ਉਸਨੂੰ ਹੋਰ ਈ ਬਾਰੀਕ-ਬੀਨੀ ਕਹਿ ਸੁਣਾਈ ਜਿਸ ਨੂੰ ਸੁਣ ਕੇ ਇਕ ਵਾਰ ਤਾਂ ਜਗੀਰਾ ਜਿਵੇਂ ਅੱਧ-ਅਸਮਾਨੇ ਲਟਕ ਗਿਆ ਸੀ। ਪਿਛਲੇ ਵੀਹ ਵਰ੍ਹਿਆਂ ਤੋਂ ਲਗਾਤਾਰ ਸਰਪੰਚੀ ਕਰਦੇ ਦੀ ਉਸਦੀ ਐਹੋ ਜਿਹੀ ਦਸ਼ਾ ਕਦੀ ਨਹੀਂ ਸੀ ਬਣੀ। ਪਿਤਾ-ਪੁਰਖੀ ਢੰਗ ਦੇ ਫੈਸਲੇ ਕਰਦੇ ਉਸਦੇ ਸਰਪੰਚੀ ਸੁਭਾਅ ਨੇ ਕਿਸੇ ਵੀ ਛੋਟੇ-ਵੱਡੇ ਦੀ ਪੁੱਛ-ਗਿੱਛ ਦਾ ਕਦੀ ਸਾਵਾਂ–ਢੁੱਕਵਾਂ ਉੱਤਰ ਨਹੀਂ ਸੀ ਦਿੱਤਾ। ਉਸੇ ਚਲਾਵੀਂ ਚਾਲੇ ਚਲਦੇ ਨੇ ਉਸਨੇ ਕਰਮਵੀਰ ਨੂੰ ਵੀ ਇਵੇਂ ਹੀ ਆਖ ਦਿੱਤਾ –“ਕਰਮਿਆਂ ਤੂੰ ਤਾਂ ਪੜ੍ਹਿਆ-ਲਿਖਿਆ ਮੁੰਡਾਂ, ਤੈਨੂੰ ਤਾਂ ਪਤਾ ਈ ਐ, ਦੂਜੇ ਦੇ ਧਰਮ-ਕਾਰਜ ‘ਚ ਆਪਾਂ ਦਖਲਅੰਦਾਜ਼ੀ ਕਿੱਦਾਂ ਕਰ ਸਕਦੇ ਆਂ, ਭਲਾ !“

“ਮਸਲਾ ਧਰਮ-ਕਾਰਜ ਦਾ ਨਈਂ ਸਰਪੰਚ ਸਾਬ੍ਹ ਮਸਲਾ ਪਿੰਡ ਦਾ ਐ। ਪਿੰਡ ਦੇ ਤਾਣੇ-ਬਾਣੇ ਨੂੰ ਬਦਲਵੇਂ ਰੰਗ ‘ਚ ਰੰਗਣ ਦਾ ਆ , ਇੱਕ ਖਾਸ ਤਰ੍ਹਾਂ ਦਾ ਚੋਗਾ-ਧਾਰੀ ਮੰਦਰ ‘ਚ ਬੀੜ ਕੇ। ਤੂਹਾਨੂੰ ਪਤਾ ਤਾਂ ਹੈ ਈ, ਹੁਕਮ ਚੰਦ ਦਾ ਭਰਾ ਠੇਕੇਦਾਰੀ ਕਰਦਾ ਮੋਦੀ ਨਗਰ ਬੰਦਰਗਾਹ ‘ਤੇ। ਉਸਦਾ ਤਾਲਮੇਲ ਅੱਗੋਂ ਮੋਟੇ ਸ਼ਾਹੂਕਾਰਾਂ ਆਪਦੀ ਮਨਮਰਜ਼ੀ ਸਰਕਾਰਾਂ ਬਣਾਉਂਦੇ ਹਰ ਥਾਂ। ਲੋਕ ਮਸਲਿਆਂ ਦੀ ਥਾਂ ਸਰਕਾਰਾਂ ਵੱਡੇ-ਘਰਾਂ ਦੀ ਜੀ ਹਜ਼ੂਰੀ ਦੀ ਕਰਦਿਆਂ ਜਾਂ ਜਾਤਾਂ-ਗੋਤਾਂ ਧਰਮਾਂ ਦੀ ਆੜ ‘ਚ ਵੋਟਾਂ ਦੀ ਪੈਰਵੀ। ਹੁਣ ਉਹੀ ਪੈਰਵੀ ਪਿੰਡਾਂ ਥਾਵਾਂ ਦੇ ਵੋਟਰ ਭਰਮਾਉਣ ਵੱਲ ਨੂੰ ਨਿਕਲ ਤੁਰੀ ਆ। ਹੁਕਮ ਚੰਦ ਤਾਂ ਨਿਰਾ ਹੱਥ-ਠੋਕਾ ਈ ਆ ਉਹਨਾਂ ਦਾ।“

“ਕਿਹੋ ਜਿਹੀਆਂ ਗੱਲਾਂ ਕਰਦਾਂ ਤੂੰ ਪਾੜ੍ਹਿਆ। ਏਹ ਵੋਟਾਂ ਦੀ ਘੈਂਸ-ਘੈਂਸ ਸਾਡੇ ਮੰਦਰ ਤੱਕ ਕਿੱਦਾਂ ਅੱਪੜ ਗਈ। ਮਸਲਾ ਤਾਂ ਅਗਲਾ ਪਾਂਧਾ ਰੱਖਣ ਦਾ। ਮੇਰੇ ਲਈ ਜਿਹੋ ਜਿਹਾ ਹੁਕਮਾ, ਉਹੋ ਜਿਹਾ ਲੱਭੂ। ਦੋਨੋਂ ਬਰਾ-ਬਰੋਬਰ ਦੇ ਪੰਚੈਤ, ਇਕੋ ਵਿਹੜਿਓਂ। ਦੋਨੋਂ ਸਿਆਣੇ ਬਿਆਣੇ ਆਪੋ ਵਿੱਚ ਦੀ ਕਰ ਲੈਣਗੇ ਕੋਈ ਫੌਸਲਾ। ਉਹਨਾਂ ਦੇ ਆਪਣੇ ਪਾਸੇ ਦਾ ਮਾਮਲਾ, ਚੜ੍ਹਦੇ ਪਾਸੇ ਦਾ। “ਜਗੀਰੇ ਨੇ ਆਪਣਾ ਪੱਖ ਫਿਰ ਲਕੋਈ ਰੱਖਿਆ ।

“ਪਾਸਾ ਚੜ੍ਹਦਾ ਹੋਵੇ ਜਾਂ ਲਹਿੰਦਾ, ਹੈ ਤਾਂ ਪਿੰਡ ਦਾ ਈ ਨਾ ਆਪਣੇ ਪਿੰਡ ਈਸਾਪੁਰ ਦਾ। “ਇਸ ਤੋਂ ਅਗਾਂਹ ਕਰਮਵੀਰ ਨੇ ਕੁਝ ਨਹੀਂ ਸੀ ਕਿਹਾ ਜਾਗੀਰੇ ਨੂੰ। ਵਾਪਿਸ ਪਰਤ ਆਇਆ ਸੀ, ਘਰ। ਉਸ ਨੂੰ ਜਾਪਿਆ ਸੀ ਸਰਪੰਚ ਹੋਣੀ ਜਾਣ-ਬੁੱਝ ਕੇ ਅਣਜਾਣ ਬਣਦੇ ਆ। ਪਰ, ਜਾਗੀਰਾ ਆਪਣੀ ਥਾਂ ਡਾਵਾਂਡੋਲ ਸੀ।  ਕਰਮੇ ਦੀ ਆਖੀ ਪੂਰੀ ਤਰ੍ਹਾਂ ਸਮਝ ਤਾਂ ਨਹੀਂ ਸੀ ਪਈ, ਪਰ ਸ਼ੱਕ-ਸ਼ੁਭਾ ਦੇ ਹਵਾਲੇ ਜ਼ਰੂਰ ਕਰ ਗਈ ਸੀ, ਉਸ ਨੂੰ। ਉਸ ਨੇ ਸੋਚਿਆ–‘ਕਰਮੇ ਨੇ ਔਹੋ ਜਿਹੀ ਡੂੰਘੀ ਗੱਲ ਪਹਿਲੋਂ ਤਾਂ ਕਦੇ ਨਈਂ ਕੀਤੀ।ਜ਼ਰੂਰ ਕੋਈ ਵਲ-ਵਲੇਵਾਂ ਹੋਣਾ ਹੁਕਮੇ ਦੀ ਅੜੀ ਪਿੱਛੇ। ਨਹੀਂ, ਪਹਿਲੋਂ ਵੀ ਐਥੇ ਈ ਸੀ ਉਹ ਐਨੇ ਚਿਰਾਂ ਤੋਂ। ਸਾਡੇ ਆਂਗੂੰ ਖੇਤਾਂ-ਬੰਨ੍ਹਿਆਂ ਦੀ ਦੇਖਭਾਲ ਈ ਕਰਦਾ ਰਿਹਾ, ਹੁਣ ਤਾਈ। ਕੰਮ ਤਾਂ ਚਲੋ ਵਿਹੜੇ ਆਲੀ ਲੇਬਰ ਈ ਕਰਦੀ ਆਈ ਆ, ਉਹਦਾ ਵੀ ਸਾਡਾ ਵੀ। ਉਹਨੂੰ ਤਾਂ ਪਹਿਲੋਂ ਪੰਚੀ ਲਈ ਵੀ ਮਸਾਂ ਮਨਾਉਂਦੇ ਸੀ ਆਪਾਂ, ਜ਼ੋਰ-ਜ਼ਾਰ ਪਾ ਕੇ। ਉਹ ਤਾਂ ਐਹੋ ਜਿਹੀ ਚੌਧਰ ਤੋਂ ਭਾਜੂ ਈ ਰਿਹਾ ਹੁਣ ਤੱਕ। ਹੁਣ ਕੀ ਹੋ ਗਿਆ ਉਹਨੂੰ।“

ਧੁੱਪ ‘ਚ ਘਿਰ ਗਈ ਕੁਰਸੀ ਨੂੰ ਛਾਂ ਵੱਲ ਨੂੰ ਸਰਕਾਉਦਾ ਉਹ ਅਜੇ ਵੀ ਹੁਕਮ ਚੰਦ ਨਾਲ ਹੀ ਜੁੜਿਆ ਹੋਇਆ ਸੀ–‘ਮੋਦੀ ਨਗਰ ਕਾਦ੍ਹਾ ਗਿਆ ਦੋ ਕੁ ਵਾਰ , ਉਹਦੀ ਤਾਂ ਚਾਲ-ਢਾਲ ਈ ਬਦਲ ਗਈ ਲਗਦੀ। ਉਹਨੇ ਭਲਾ ਕੀ ਲੈਂਣਾ ਕਿਸੇ ਬਾਹਰਲ੍ਹੇ ਪਾਂਧੇ-ਪੁਜਾਰੀ ਤੋਂ। ਕਰਨਾ ਤਾਂ ਧੂਫ-ਟਿੱਕਾ ਈ ਆ ਸਵੇਰੇ–ਸ਼ਾਮੀਂ, ਬਾਵਾ ਰਾਮ ਆਂਗੂੰ .....।“

ਬਾਵਾ ਰਾਮ ਦਾ ਚੇਤਾ ਆਉਂਦਿਆਂ ਸਾਰ ਉਹ ਦੂਰ ਪਿਛਾਂਹ ਪਰਤ ਗਿਆ। ਕਰੀਬ ਅੱਧੀ ਸਦੀ ਪਹਿਲੋਂ ਵਾਲੇ ਪੁਰਾਣੇ ਘਰ ‘ਚ। ਪੁਰਾਣੇ ਘਰ ਦੇ ਖੁੱਲ੍ਹੇ ਵਿਹੜੇ ‘ਚ। ਜਿਸ ਥਾਂ ਹੁਣ ਕੋਠੀ ਖੜ੍ਹੀ ਆ, ਆਲੀਸ਼ਾਨ। ਓਦੋਂ, ਵਿਹੜਾ ਹੁਣ ਵਾਂਗ ਉੱਸੇ ਵਾਸਲ੍ਹੇ ਨਾਲ ਨਹੀਂ ਸੀ ਘਿਰਿਆ ਹੁੰਦਾ। ਬੱਸ, ਕਿੱਕਰ ਦੇ ਛਾਪੇ ਰੱਖੇ ਹੁੰਦੇ ਸਨ ਚਿਣਕੇ, ਡੰਗਰਾਂ-ਪਸ਼ੂਆਂ ਦੇ ਬਚ-ਬਚਾਅ ਲਈ। ਇਕ ਕੋਣੇ ਲਾਂਘਾ ਹੁੰਦਾ ਸੀ ਗੱਡਾ ਲੰਘਣ ਨੂੰ। ਉਹ ਵੀ ਰਾਤ ਵੇਲੇ ਡਾਹੀ ਰੱਖ ਕੇ ਰੋਕ ਲਿਆ ਜਾਂਦਾ। ਬਾਕੀ ਸਾਰਾ ਦਿਨ ਖੁੱਲਾ। ਬਾਵੇ ਦੀ ਆਮਦ ਵੀ ਇਸੇ ਲਾਂਘੇ ਰਾਹੀਂ ਹੁੰਦੀ।  ਕਰੀਬ ਛਾਹ ਕੁ ਜਾਂਦਾ। ਗਜ਼ਾ ਸਮੱਗਰੀ ਮੰਜੀ ‘ਤੇ ਰੱਖ ਕੇ ਉਹ ਜਾਗੀਰੇ ਨੂੰ ਘੁਨੇੜੀ ਚੁੱਕ ਲਿਆ ਕਰਦਾ ਸੀ। ਕੁਤ-ਕੁਤਾਰੀਆਂ ਕੱਢਦਾ ਉਸ ਨੂੰ ਰੱਜ ਕੇ ਹਸਾਉਂਦਾ ਸੀ, ਮੰਜੀ ਦੁਆਲੇ ਘੁੰਮ ਕੇ। ਜੇ ਕਿਧਰੇ ਜਾਗੀਰਾ ਢਿੱਲਾ-ਮੱਠਾ ਹੁੰਦਾ, ਉਹ ਪੱਤਰੀ ਖੋਲ੍ਹ ਕੇ ਉਸਨੂੰ ਪੰਨੇ ਦੀ ਕਿਸੇ ਡੱਬੀ ਤੇ ਉਂਗਲੀ ਰੱਖਣ ਨੂੰ ਆਖਦਾ। ਫਿਰ ਅੱਖਾਂ ਮੀਟ ਕੇ ਕੁਝ ਪੜ੍ਹਦਾ-ਉਚਾਰਦਾ, ਹੇਕ ਲਾ ਕੇ। ਫਿਰ , ਪੰਜ ਸੱਤ ਫੂਕਾਂ ਜਾਗੀਰੇ ਦੇ ਮੱਥੇ ਤੇ ਮਾਰ ਕੇ ਆਖਿਆ ਕਰਦਾ ਸੀ–“ਲੇਅ ਮੇਰਾ ਬੱਚਾ ਅਭ ਸੁਅਰਥ ਹੋਈ ਗੈਆ।“ ਤੇ ਸੱਚਮੁੱਚ ਜਾਗੀਰੇ ਦੀ ਮਾਤਾ ਚਿੰਤੋ ਨੂੰ ਲਗਦਾ ਸੀ ਕਿ ਰੀਂ-ਰੀਂ ਕਰਦਾ ਉਸਦਾ ਪੁੱਤਰ ਝੱਟ ਹੱਸਣ-ਮੁਸਕਰਾਉਣ ਲੱਗ ਪਿਆ ਐ ।

ਇਹ ਉਸਦੇ ਹੱਥਾਂ ਦੀ ਛੋਹ ਸੀ ਜਾਂ ਅਗਲੇ ਦਾ ਦੁੱਖ-ਦਰਦ ਹਰਨ ਦੀ ਵਿਧੀ, ਕਿ ਜਾਗੀਰੇ ਸਮੇਤ ਪਿੰਡ ਦੇ ਸਾਰੇ ਜੀਅ ਅੰਤਲੇ ਸਾਹਾਂ ਤੱਕ ਉਸਨੂੰ ਆਪਣਾ-ਆਪਣਾ ਸਮਝਦੇ ਰਹੇ ਸਨ। ਹੁਣ....ਹੁਣ ਉਸ ਦੇ ਚਲੇ ਜਾਣ ਤੋਂ ਪਿੱਛੋਂ ਕਿਸ਼ਨ ਨੂੰ , ਉਸਦੇ ਪੁੱਤਰ ਨੂੰ ਮੰਦਰ –ਸੇਵਾ ਤੋਂ ਲਾਂਭੇ ਕਰਨਾ ਸਚਮੁੱਚ ਧੱਕਾ ਕਰਨ ਵਾਲੀ ਗੱਲ ਜਾਪਦੀ ਸੀ ਉਹਨਾਂ ਨੂੰ , ਬਾਵਾ ਰਾਮ ਨਾਲ ।

ਕਰਮਵੀਰ ਦੀ ਆਖੀ-ਦੱਸੀ, ਜਾਗੀਰੇ ਅੰਦਰ ਬਹੁਤਾ ਨਹੀਂ ਤਾਂ ਐਨਾ ਕੁ ਸ਼ੱਕ-ਸੁਭਾ ਜ਼ਰੂਰ ਜਗਦਾ ਕਰ ਗਈ–‘ਏਦ੍ਹੇ  ‘ਚੋਂ ਹੁਕਮ ਚੰਦ ਨੂੰ ਕੀ ਮਿਲੂ ਭਲਾ! ‘ਸਹਿ-ਸੁਭਾਅ ਹੀ ਉਸਦੇ ਬੋਲ ਹੁਕਮ ਚੰਦ ਦੁਆਲੇ ਲਿਪਟ ਗਏ। ਆਪਣੇ ਘਰ ਸੱਦਣ ਦੀ ਬਜਾਏ ,ਉਹ ਅਗਲੇ ਹੀ ਦਿਨ ਲੌਢੇ ਕੁ ਵੇਲੇ ਉਚੇਚ ਨਾਲ ਹੁਕਮ ਚੰਦ ਦੇ ਥੜ੍ਹੇ ਤੇ ਪਈਆਂ ਕੁਰਸੀਆਂ ‘ਚੋਂ ਇਕ ‘ਤੇ ਜਾ ਬੈਠਾ। ਚਾਂਦੀ ਰੰਗੇ ਹੁੱਕੇ ਦੀ ਲੰਮੀ ਨਾਲੀ ਮੂੰਹ ਨੂੰ ਲਾਈ ਹੁਕਮ ਚੰਦ ਲੱਕੜ ਦੇ ਤਖਤ-ਪੋਸ਼ ਤੇ ਬੈਠਾ ਸੀ। ਹਲਕਾ ਜਿਹਾ ਹੁੱਬੂੰ ਮਾਰ ਕੇ ਹੁਕਮੇ ਨੇ ਉਸਦੀ ਆਮਦ ਨੂੰ ਜੀ-ਆਇਆਂ ਆਖਿਆ–“ਆਈਏ ਸਰਪੰਚ ਸੈਸ਼,ਸ਼ੁਕਰ ਹੈਅ ਆਪ ਕੋ ਸਮਾਂ ਮਿਲਿਆ ਹਮਰੇ ਵੰਨੀ ਆਨੇ ਕਾ । “ਜਾਗੀਰੇ ਨੂੰ ਉਸਦੀ ਚੰਗੀ ਭਲੀ ਭਾਸ਼ਾ ‘ਚ ਨਵੀਂ ਕਿਸਮ ਦਾ ਰਲਾਅ ਚੁੱਭਿਆ ਤਾਂ ਜ਼ਰੂਰ, ਪਰ ਉਸਨੇ ਹਊ-ਪਰੇ ਕਰ ਦਿੱਤਾ । “ਸਮਾਂ ਈ ਸਮਾਂ ਆ ਅਪਣੇ ਪਾਸ, ਹੁਕਮ ਚੰਦ ਜੀਈ। ਤੁਸੀਂ ਈ ਬੜਾ ਚਿਰ ਲਾ ਕੇ ਮੁੜੇ ਆਂ ਇਸ ਵਾਰ ਮੋਦੀ ਨਗਰੋਂ। ਹੁਕਮ ਕਰੋ, ਹੁਣ ਮੈਂ ਹਰ-ਰੋਜ਼ ਆ ਜਿਆ ਕਰ਼, ਐਸਲੇ, “ਉਸਦੇ ਲਿਸ਼ਕੇ-ਪੁਸ਼ਕੇ ਬਸਤਰ ਦੇਖ ਕੇ,ਇਸ ਵਾਰ ਜਾਗੀਰੇ ਤੋਂ ਸਹਿ-ਸੁਭਾਅ ਹੀ ਤੂੰ ਦੀ ਤਾਂ ਤੁਸੀਂ ਦੇ ਸੰਬੋਧਨ ਦੀ ਵਰਤੋਂ ਹੋ ਗਈ।

ਮੋੜ ਵਜੋਂ ਹੁਕਮ ਚੰਦ ਨੂੰ ਕੋਈ ਖਾਸ ਉੱਤਰ ਨਾ ਅਹੁੜਿਆ। ਤਾਂ ਵੀ ਲਮਕਵੀਂ ਜਿਹੀ ਹੂੰਅ-ਹਾਂਅ ਪਿੱਛੋਂ ਉਸ ਨੂੰ ਕਰੀਬ ਦੋ ਮਹੀਨੇ ਮੋਦੀ ਨਗਰ ਰਹਿਣ-ਰੁਕਣ ਦਾ ਕਾਰਨ ਦੱਸਣਾ ਪਿਆ–“ਬਾਤ ਏਹ ਥੀ ਸਰਪੰਚ ਸੈਬ, ਛੋਟੇ ਪਆਈ ਐਮ.ਐਲ.ਏ. ਦੀ ਚੋਣ ਲੜ ਰਹੇ ਥੇ , ਆਪਣੇ ਸ਼ੈਹਰ ਤੋਂ। ਮੇਰੇ ਕੋਲ ਉਠ ਕੇ ਦਫ਼ਤਰ ਦੀ ਸੰਭਾਲ ਕਰਨੀ ਪਈ। “

“ਫੇਅਰ ਤਾਂ ਵਧਾਈਆਂ! ਚੋਣ ਤਾਂ ਤੁਸੀ ਜਿੱਤ ਈ ਗਏ ਹੋਵੋਗੇ ?” ਜਾਗੀਰੇ ਨੇ ਸਿੱਧੇ-ਅਸਿੱਧੇ ਜਿੱਤ-ਹਾਰ ਦੀ ਗੱਲ ਵੀ ਪੁੱਛ ਲਈ।

“ਹਾਂ ਜੀਤ ਗਏ, ਪ੍ਰਭੂ ਕੀ ਅਪਾਰ ਕਿਰਪਾ ਹੋਈ। ਬੜੇ ਫਰਕ ਨਾਲ ਜਿੱਤੇ“। ਅਸੈਂਬਲੀ ਜਿੱਤ ਦਾ ਜਲੌਅ ਹੁਕਮ ਚੰਦ ਦੇ ਚਿਹਰੇ ‘ਤੇ ਗੂੜ੍ਹਾ ਚਮਕ ਰਿਹਾ ਸੀ।

“ਏਹ ਤਾਂ ਹੋਰ ਵੀ ਖੁਸ਼ੀ ਦੀ ਗੱਲ ਐ। ਪਿੰਡ ਦਾ ਮਾਣ ਵਧਿਆ, ਨਾਂ ਉੱਚਾ ਹੋਇਆ ਹੋਰਨਾਂ ਸੂਬਿਆਂ ‘ਚ ਵੀ"ਜਾਗੀਰੇ ਨੇ ਉਸਨੂੰ ਭਰਮਾਉਣ ਦਾ ਇਕ ਹੋਰ ਯਤਨ ਕੀਤਾ।

ਇਸ ਵਾਰ ਹੁਕਮ ਚੰਦ ਦੇ ਜੁੜੇ ਹੱਥ ਪਹਿਲਾਂ ਆਕਾਸ਼ ਵੱਲ ਨੂੰ ਉੱਠੇ,ਫਿਰ ਮੱਥੇ ਨਾਲ ਜੁੜ ਕੇ ਮੰਦਰ ਵੱਲ ਨੂੰ ਲਿਫ ਗਏ। ਪਰ ਬੋਲਿਆ ਕੁਝ ਨਾ। ਉਸਦੀ ਚੁੱਪ ਕਾਰਨ ਜਾਗੀਰੇ ਨੂੰ ਅਗਲੀ ਗੱਲ ਸ਼ੁਰੂ ਕਰਨ ਦਾ ਕੋਈ ਬਿੰਦੂ ਨਾ ਲੱਭਾ। ਥੋੜ੍ਹਾ ਕੁ ਚਿਰ ਚੁੱਪ ਰਹਿਣ ਪਿੱਛੋਂ,ਬਾਵਾ ਰਾਮ ਦੇ ਪ੍ਰਲੋਕ ਸਿਧਾਰਨ ਦੀ ਗੱਲ ਨਾ ਚਹੁੰਦਿਆਂ ਵੀ ਉਸ ਨੇ ਇਸ਼ਾਰੇ ਮਾਤਰ ਹੀ ਛੇੜੀ–“ਤੇਰੇ ਪਿੱਛੋਂ ਬਾਵਾ ਰਾਮ ਪਾਂਧਾ.....ਵਿਚਾਰਾ.....।“

ਹੁਕਮ ਚੰਦ ਨੇ ਜਿਵੇਂ ਉਸ ਨੂੰ ਸੁਣਿਆ ਹੀ ਨਾ ਹੋਵੇ। ਉਸ ਨੇ ਇਸ ਨੂੰ ਜਿੱਤ ਦੇ ਸ਼ਗਨ ‘ਚ ਸ਼ਾਇਦ ਅਪਸ਼ਗਨ ਸਮਝਿਆ ਸੀ।

ਦੋ-ਚਾਰ ਐਧਰ-ਓਧਰ ਦੀਆਂ ਹੋਰ ਕਹਿ-ਸੁਣ ਕੇ ਜਾਗੀਰਾ ਵਾਪਸ ਮੁੜਨ ਲਈ ਉਠ ਖੜੋਇਆ। ਬਦਲਵੀਂ ਆਦਤ ਮੂਜਬ ਹੁਕਮ ਚੰਦ ਨੇ ਫਿਰ ਢੱਲੇ ਜਿਹੇ ਹੱਥ ਜੋੜ ਦਿੱਤੇ, ਬੋਲਿਆ ਕੁਝ ਨਾ।

ਘਰ-ਕੋਠੀ ਮੁੜਦਾ ਜਾਗੀਰਾ ਇਕ ਘਰ ਫਿਰ ਕਰਮੇ ਪਾੜ੍ਹੇ ਦੇ ਰੂ-ਬ-ਰੂ ਸੀ –“....ਹੁਕਮ ਚੰਦ ਤਾਂ ਵਿਚਾਰਾ ਹੱਥ ਠੋਕਾ ਆ ਉਨ੍ਹਾਂ ਦਾ। ‘ਇਸ ਵਾਰ ਜਾਗੀਰੇ ਨੂੰ ਕਰਮੇ ਦੀ ਗੱਲ ਓਪਰੀ ਨਹੀਂ ਸੀ ਲੱਗੀ। ਪੰਡਤਾਂ ਵਿਹੜੇ ਦੇ ਦੋਨੋਂ ਮੈਂਬਰ ਵੀ ਬਰਾ ਬਰੋਬਰ ਦੇ ਪੰਚਾਇਤ ਮੈਂਬਰ ਨਹੀ ਸੀ ਲੱਗੇ। ਹੁਕਮ ਚੰਦ ਅੰਦਰ ਆਈ ਤਬਦੀਲੀ ਉਸਨੂੰ ਵੱਖਰੀ ਤਰ੍ਹਾਂ ਦੇ ਸੰਕੇਤ ਦਿੰਦੀ ਜਾਪੀ, ਬਾਵਾ ਰਾਮ ਦੇ ਪੁੱਤਰ ਕਿਸ਼ਨ ਚੰਦ ਦੀ ਤਾਂ ਕਿਸੇ ਓਪਰੇ ਬੰਦੇ ਨੂੰ ਮੰਦਰ-ਪਾਂਧਾ ਲਾਉਣ ਦਾ ਮੁੱਦਾ ਉਸਨੂੰ ਕਰਮੇ ਦੀ ਆਖੀ-ਦੱਸੀ ਨਾਲ ਜੁੜਦਾ ਜਾਪਿਆ।

ਘਰ ਪੁੱਜਾ ਤਾਂ ਲੱਭੂ ਲੰਬੜ ਆਇਆ ਬੈਠਾ ਸੀ। ਉਸਨੇ ਜਾਂਦੇ ਨੂੰ ਸਿੱਧਾ ਸਵਾਲ ਦਾਗ ਦਿੱਤਾ –“ਕੀ ਕਹਿੰਦਾ ਸੀ ਹੁਕਮਾ .....?

“ਕੁਝ ਨਹੀਂ, ਬਸ਼ੇਸ਼ਰ ਦੀਆਂ ਗੱਲਾਂ ਕਰਦਾ ਸੀ, ਉਹਦੀ ਚੋਣ ਦੀਆਂ ।ਐਮ.ਐਲ.ਏ. ਬਣ ਗਿਆ ਉਹ ਉਥੇ । ....ਹੋਰ ਉਸਨੇ ਕੋਈ ਗੱਲ ਨਹੀਂ ਕੀਤੀ ਐਥੋਂ ਦੀ , ਨਾ ਮੰਦਰ ਦੀ, ਨਾ ‘ਫਸੋਸ ਕੀਤਾ ਬਾਵਾ ਰਾਮ ਦਾ, “ਜਾਗੀਰੇ ਦਾ ਉੱਤਰ ਕਾਫੀ ਸਾਰਾ ਹਰਖੀਲਾ ਸੀ।

“ਉਹਨੇ ਕਾਨੂੰ ਕਰਨੀ ਆਂ। ਉਦ੍ਹੇ ਪੈਰ ਤਾਂ ਚਿਰਾਂ ਤੋਂ ਚੁੱਕ ਹੋਇਓ ਆ। ਜਦ ਦਾ ਠੇਕੇਦਾਰੀ ਕਰਨ ਲੱਗਾ ਬਸ਼ੇਸ਼ਰ। ਰਹਿੰਦੀ ਕਸਰ, ਹੁਣ ਚੜ੍ਹੀਆਂ–ਚੋਣਾਂ ਨੇ ਪੂਰੀ ਕਰ ਛੱਡੀ.......। ਐਮੇ ਨਈਂ ਘੁਣਤਰਾਂ ਸੁੱਝਦੀਆਂ “,ਭਰਿਆ-ਪੀਤਾ ਲੰਬੜ ਮੰਦਰ ਮੁੱਦਾ ਹੱਲ ਕਰਨ ਲਈ ਹੱਦੋਂ ਵੱਧ ਕਾਹਲਾ ਸੀ –“...ਕਰਦੇ ਆਂ ਏਦ੍ਹਾ ਕੋਈ ਅਲਾਜ! “

“ਦੇਖ ਲਓ....ਕਰ ਲਓ ਕੋਈ ਹੀਲਾ-ਵਸੀਲਾ ਆਪੋ-ਵਿੱਚ ਈ। ਨਈਂ ਫੇਅ ਮਸਲਾ ਪਚੈਤ ‘ਚ ਲੈ ਆਓ...। “ਜਾਗੀਰੇ ਦਾ ਸੁਝਾਅ ਸੁਣ ਕੇ ਲੰਬੜ ਥੋੜ੍ਹਾ ਝੇਂਪ ਜਿਹਾ ਗਿਆ। ਉਬਾਲੇ ਮਾਰਦੀ ਤਲਖੀ ਕਾਫੀ ਸਾਰੀ ਮੱਠੀ ਪੈ ਗਈ। ਭਰਵਾਂ ਜਿਹਾ ਹਉਕਾ ਭਰ ਕੇ ਉਹ ਥੋੜ੍ਹਾ ਕੁ ਚਿਰ ਅਵਾਕ ਹੋਇਆ ਬੈਠਾ ਰਿਹਾ। ਘੜੀ ਦੋ ਘੜੀਆਂ ਪਿੱਛੋਂ ਉਹ ਜਿਵੇਂ ਡੂੰਘੇ ਖੂਹ ‘ਚੋਂ ਬੋਲਿਆ ਹੋਵੇ–“ਜਾਗੀਰ ਸਿਓਂ ਜੀਈ, ਤੁਆਨੂੰ ਪਤਆ ਏਸ ਮੰਦਰ ਨਾਲ ਸਾਡੇ ਘਰ ਦੀ ਕਿੰਨੀ ਆਸਥਾ ਜੁੜੀਊ ਆ। ਆਹ ਜੇੜਾ ਪਿੱਪਲ ਆ ਨਾ ਵਿਹੜੇ ‘ਚ, ਏਹ ਐਵੇਂ ਪੁੰਗਾਰ ਜੇਈ ਸੀ ਗਜ਼ ਕੁ ਭਰ ਦੀ। ਨਿੱਕਾ ਜਿਆ ਹੁੰਦਾ ਸੀ ਮੈਂ ਉਦੋਂ। ਇਕ ਦਿਨ ਕੀ ਹੋਇਆ, ਬਾਹਰਲੇ ਚੁਰਾਹੇ ‘ਚ ਕਿਸੇਨੇ ਟੂਣਾ ਕਰ ਦਿੱਤਾ। ਗਾਨੀ ਬੱਧਾ ਕੁੱਜਾ ਰਾਹ ‘ਚ ਰੱਖ ਕੇ ਕਿੰਨੀ ਸਾਰੀ ਤਿੰਨ-ਚੌਲੀ ਸਮੇਤ ਕਈ ਕੁਝ ਖਿਲਾਰ ਦਿੱਤਾ ਆਲੇ-ਦੁਆਲੇ। ਤੜਕੇ ਮੂੰਹ-ਹਨੇਰੇ ਬਾਹਰ-ਅੰਦਰ ਨਿਕਲੀ ਮਾਂ ਮੇਰੀ ਦਾ ਇਕ ਪੈਰ ਸਹਿਬਨ ਕੁੱਜੇ ‘ਚ ਵੱਜ ਗਿਆ ।ਇਸ ਅੰਦਰਲਾ ਸਾਰਾ ਕੁਸ਼ ਬਾਹਰ। ਉਹ ਡਰੀ-ਡੋਲੀ ਨਾ। ਏਸ ਗੱਲੋਂ ਦਲੇਰ ਸੀ ਉਹ। ਉਹਨੇ ਸਾਰਾ ਨਿੱਕ–ਸੁੱਕ ਕੱਠਾ-ਵੱਠਾ ਕੀਤਾ , ਮੁੱਢ ਲਾਗੇ ਰੱਖ ਕੇ ਕੁੱਜੇ ਵਾਲੇ ਗਾਨੀ ਪਿੱਪਲ ਨੂੰ ਬੰਨ੍ਹ ਆਈ। ਵੀਰਵਾਰ ਦਾ ਦਿਨ ਸੀ ਓਦਣ। ਓਦਰ ਵੰਨੀ ਗਈਆਂ ਕਈ ਜਣੀਆਂ ਹੋਰ ਵੀ ਉਦ੍ਹੇ ਆਂਗੂ ਮੱਥਾ ਟੇਕ ਆਈਆਂ। ਉਸ ਦਿਨ ਪਿੱਛੋਂ ਪਿੱਪਲ ਦੀ ਜਾਣੋ ਮਾਨਤਾ ਹੋਣ ਲੱਗ ਪਈ। ਵੀਰਵਾਰ ਦੇ ਵੀਰਵਾਰ ਦੀਵਾ-ਬੱਤੀ,ਥੋੜ੍ਹਾ ਬਹੁਤ ਚੜ੍ਹਤ-ਚੜ੍ਹਾਵਾ। ਅੱਜ ਹੋਰ, ਕੱਲ੍ਹ ਹੋਰ। ਪਿੱਪਲ ਵੱਡਾ ਹੁੰਦਾ ਗਿਆ। ਆਸ-ਪਾਸ ਦੀ ਕਿੰਨੀ ਸਾਰੀ ਥਾਂ ਵਗਲ ਹੁੰਦੀ ਗਈ। ਹੋਰ ਸਮਾਂ ਲੰਘੇ ਤੇ ਮਮਟੀ ਬਣ ਗਈ। ਅੰਦਰ ਕ੍ਰਿਸ਼ਨ ਭਗਵਾਨ ਦੀ ਮੂਰਤੀ ਲਿਆ ਟਿਕਾਈ ਬਾਪੂ ਸਾਡੇ ਨੇ। ਆਉਂਦੇ ਸਾਲ ਹਰਦੁਆਰ ਗਿਆ, ਉਹ, ਮੂੰਡੂ ਜਿਹੇ ਬਾਵਾ ਰਾਮ ਨੂੰ ਲੈ ਆਇਆ, ਕਿਸੇ ਪੰਡਿਤ ਪ੍ਰੋਹਤ ਤੋਂ ਮੰਗ ਕੇ। ਅੱਜ ਜਿਹੜੀ ਅਲੀਸ਼ਾਨ ਉਸਾਰੀ ਹੋਈ ਲੱਭਦੀ ਐ ਨਾ, ਸਾਰੀ ਉਸੇ ਦੀ ਹਿੰਮਤ ਆ ‘ਕੱਲੇ ਬਾਵਾ ਰਾਮ ਦੀ। ਅਸੀਂ ਤਾਂ ਜਿੱਦਾਂ ਉਹ ਕਹਿੰਦਾ ਗਿਆ ਕਰਦੇ ਗਏ।“

ਏਨੀ ਕੁ ਵਾਰਤਾ  ਤਾਂ ਲੰਬੜ ਕਈਆਂ ਨੂੰ ਸੁਣਾ ਚੁੱਕਾ ਸੀ ਪਹਿਲੋਂ ਵੀ, ਪਰ ਇਸ ਵਾਰ ਜਾਗੀਰੇ ਲਾਗੇ ਬੈਠੇ ਤੋਂ ਉਸ  ਤੋਂ ਆਪਣਾ ਆਪ ਜਿਵੇਂ ਸੰਭਾਲਿਆ ਨਾ ਗਿਆ। ਇਕ ਚੰਗੀ  ਭਰਵੀਂ ਲਪੇਟਵੀਂ ਜਿਹੀ ਲਪੇਟਵੀਂ ਜਿਹੀ ਗਾਲ੍ਹ ਹੁਕਮੇ ਨੂੰ ਕੱਢਦਿਆਂ ਉਸ ਨੇ ਉੱਚੀ ਸਾਰੀ ਆਖਿਆ– “ਅੱਜ ਭੈਣ.... ਆਹ ਹੁਕਮਾਂ ਈ ਨਈਂ ਮਾਣ। ਕੱਲ੍ਹ ਤਾਈਂ ਤਾਂ ਕਦੇ ਰੜਕਿਆ ਨਈਂ ਸੀ। ਨਾ ਈ ਏਦ੍ਹਾ ਪੇਏ, ਨਾ ਕੋਈ ਹੋਰ ਜੀਅ। ਅੱਜ ਖਾਹ਼-ਮਖਾਹ ਦੀਆਂ ਲੱਤਾਂ ਡਾਹੁਣ ਢਿਆ ਆ। ਕੋਈ ਪੁੱਛਣ ਆਲਾ ਹੋਵੇ, ਪਈ ਤੂੰ ਛਿੱਕੂ ਲੈਣਾ। ਦੀਵਾ-ਬੱਤੀ ਈ ਕਰਨਾ ਸਵੇਰੇ-ਸ਼ਾਮ। ਹੋਰ ਕੇੜ੍ਹਾ ਸੀੜ ਪੁੱਟਣੀ ਆ। ਅਖੇ ਵਿਦਵਾਨ ਚਾਹੀਦਾ, ਆਰਤੀ ਉਤਾਰਨ ਨੂੰ। ਬਾਵਾ ਰਾਮ ਦੇ ਮੁੰਡੇ  ਦੀ ਥਾਂ ਮੰਦਰ ‘ਚ। “

“ਕੋਈ ਨਾ, ਕੋਈ ਨੰਬੜਦਾਰਾ ਖ਼ਫਾ ਨਾ ਹੋ, ਆਪਾਂ ਰਲ-ਮਿਲ ਕੇ ਕਰਦੇ ਆਂ ਵਿਚਾਰਾਂ। ਲੱਭ ਲੈਨੇ ਆਂ ਕੋਈ ਨਾ ਕੋਈ ਹੱਲ“ ,ਤਰਲੋਮੱਛੀ ਹੋਏ ਲੰਬੜ ਨੂੰ ਸ਼ਾਂਤ ਕਰਦੇ ਜਾਗੀਰ ਨੂੰ ਕਰਮੇ ਪਾੜ੍ਹੇ ਦੀ ਸਮਝਾਉਣੀ ਹੋਰ ਵੀ ਮੁੱਲਵਾਨ ਲੱਗੀ–“ਪਾਸਾ ਚੜ੍ਹਦਾ ਹੋਵੇ ਜਾਂ ਲਹਿੰਦਾ, ਹੈ ਤਾਂ ਪਿੰਡ ਆਪਣੇ ਦਾ ਈ ਆ ਨਾ, ਈਸਾ-ਪੁਰ ਦਾ।“ ਜਾਗੀਰੇ ਨੂੰ ਸਾਫ ਸਪੱਸ਼ਟ ਜਾਪ ਰਿਹਾ ਸੀ–“ਦੋਨੋਂ ਬਰਾ-ਬਰੋਬਰ ਦੇ ਪੰਚਾਇਤ ਮੈਂਬਰ ਆਪੋ-ਵਿਚ ਦੀ ਫੈਸਲਾ ਨਹੀਂ ਕਰ ਸਕਦੇ। ਸਰਪੰਚ ਹੋਣ ਨਾਤੇ ਉਸਨੂੰ ਦਖ਼ਲ-ਅੰਦਾਜ਼ ਹੋਣਾ ਈ ਪੈਣਾ।“

ਚਾਨਚੱਕ ਆ ਪਿਆ ਟਕਰਾਅ-ਮਸਲਾ ਨਜਿੱਠਣ ਲਈ ਅਜੇ ਉਹ ਆਮ-ਇਜਲਾਸ ਸੱਦਣ ਬਾਰੇ ਸੋਚ ਹੀ ਰਿਹਾ ਸੀ ਕਿ ਤੀਜੇ ਕੁ ਦਿਨ ਉਸਦੇ ਤੱਕ ਇਕ ਨਵੀਂ ਨਿਵੇਕਲੀ ਖ਼ਬਰ ਆ ਪੁੱਜੀ। ਛਿੱਬੂ ਚੌਕੀਦਾਰ ਨੇ ਇਕ ਸ਼ਾਮੀਂ ਆ ਦੱਸਿਆ–“ ਉਸ ਦਿਨ ਦੁਪਹਿਰ ਕੁ ਵੇਲੇ ਇਕ ਲੰਮੀ ਸਾਰੀ ਗੱਡੀ ‘ਚ ਕਿੰਨੇ ਸਾਰੇ ਬੰਦੇ ਹੁਕਮੇ ਕੋਲ ਆਏ ਸਨ। ਖੁੱਲ੍ਹੇ-ਖੁੱਲ੍ਹੇ ਚੋਗੇ ਪਾਇਓ ਸੀ ਉਹਨਾਂ, ਗੂੜ੍ਹੇ ਰੰਗ ਦੇ। ਵਾਲ ਸਭ ਦੇ ਖੁੱਲ੍ਹੇ ਪਿਛਾਂਹ ਵੱਲ ਨੂੰ ਲਮਕਣ। ਦੇਖਣ-ਚਾਖਣ ਨੂੰ ਤਪੀ-ਤਪੀਸਰ ਲਗਦੇ ਸੀ ਸਾਰੇ। ਪੂਰੇ ਪਹੁੰਚਿਓ ਮਹਾਂ ਪੁਰਖ। ਦੁਪੈਰਾ ਕੱਟ ਕੇ ਬਾਕੀ ਤਾਂ ਮੁੜ ਗਏ ਵਾਪਸ, ਉਸੇ ਗੱਡੀ ‘ਚ , ਦੋ ਜਣੇ ਹਜੇ ਵੀ ਹੁਕਮ ਚੰਦ ਹੋਣਾਂ ਕੋਲ ਰੁਕਿਓ ਆ। ਅੱਗੇ ਤਾਂ ਕਦੀ ਦੇਖੇ ਨਈਂ ਏਹ!”

ਸ਼ਿਬੂ ਦੀ ਤਫ਼ਸੀਲ ਨੇ ਜਗੀਰੇ ਨੂੰ ਹੋਰ ਵੀ ਫਿਕਰਮੰਦ ਕਰ ਦਿੱਤਾ। ਘੜੀ-ਪਲ ਲਈ ਉਸਨੂੰ ਆਪਣਾ-ਆਪ ਲਾਚਾਰ ਹੋਇਆ ਜਾਪਿਆ। ਝੱਟ ਹੀ ੳਸਨੇ ਆਪਣੇ ਇਕੋ-ਇਕ ਸੰਗੀ-ਸਹਿਯੋਗੀ ਦੀ ਜਿਵੇਂ ਬਾਂਹ ਜਾ ਫੜੀ। ਕਰਮੇ ਨਾਲ ਹੋਈ ਕੀਤੀ ਬਾਤ-ਚੀਤ ਉਸਨੂੰ ਮੁੜ ਤੋਂ ਢਾਰਸ ਦੇਣ ਲੱਗ ਪਈ। ਕਰਮੇ ਨੂੰ ਵੀ ਓਪਰੇ ਬੰਦਿਆਂ ਦੀ ਤਟਫਟ ਹੋਈ ਆਮਦ ਨੇ ਬੇ-ਚੈਨ ਕਰ ਦਿੱਤਾ ਸੀ। ਉਹ ਤਾਂ ਪਹਿਲੋਂ ਹੀ ਇਹੋ-ਜਿਹਾਂ ਦਾ ਜਬਰ ਝਲਦਾ ਪੁੱਜਾ ਪਿਆ ਸੀ ਪਿੰਡ, ਤਿੰਨ ਮਹੀਨੇ ਲਈ। ਯੂਨੀਵਰਸਿਟੀਓਂ ਸਸਪੈਂਡ ਹੋ ਕੇ। ਉਸ ਦਾ ਰੋਸ ਤਾਂ ਫੀਸ ਵਾਧੇ ਕਾਰਨ ਹੀ ਵਧਿਆ। ਪਾੜ੍ਹਿਆਂ ਦੀ ਮੰਗ ਸੀ ਫੀਸ ਵਾਧਾ ਵਾਪਸ ਲਿਆ ਜਾਵੇ। ਮੁਲਕ ਭਰ ਦੇ ਗਰੀਬ-ਗੁਰਬਿਆਂ ਦੇ ਹਾਣ ਦੀ ਗਿਣ ਹੁੰਦੀ ਯੂਨੀਵਰਸਿਟੀ ਉਹਨਾਂ ਤੋਂ ਨਾ ਖੋਹੀ ਜਾਏ। ਪਰ ਯੂਨੀਵਰਸਿਟੀ ਪ੍ਰਬੰਧ ਉਹਨਾਂ ਦੀ ਕੋਈ ਦਲੀਲ ਸੁਣਨ ਨੂੰ ਤਿਆਰ ਨਹੀਂ ਸੀ ਹੋਇਆ। ਉਲਟਾ ਡਰ-ਡਰਾਵੇ ਦਿੰਦਾ, ਉਹਨਾਂ ਦੀ  ਮਾਰ-ਕੁੱਟ ਕਰਨ ਤੱਕ ਦੀਆਂ ਕਾਰਵਾਈਆਂ ਕਰਦਾ ਰਿਹਾ ।

ਤਸਵੀਰਾਂ ਇੰਟਰਨੈਟ ਤੋਂ 
ਪਿੰਡ-ਘਰ ਆਏ ਬੈਠੇ ਕਰਮਵੀਰ ਦੀ ਪਲਸਤਰ ਲੱਗੀ ਬਾਂਹ ‘ਚੋਂ ਇੱਕ ਜ਼ੋਰਦਾਰ ਚੀਸ ਉੱਠੀ। ਉਸ ਨੂੰ ਲੱਗਾ....ਯੂਨੀਵਰਸਿਟੀ ਲਾਇਬਰੇਰੀ ‘ਚ ਆਪਣੇ ਧਿਆਨ ਪੜ੍ਹਦੇ ਬੈਠੇ ਤੇ,ਬਾਹਰੋਂ ਚਾਨਚੱਥ ਆ ਧਮਕੇ ਇੱਕ ਹਥਿਆਰਬੰਦ ਟੋਲੇ ਨੇ ਫਿਰ  ਹਮਲਾ ਕਰ ਦਿੱਤਾ ਹੈ। ਰੰਗ-ਬਰੰਗੇ ਕੱਪੜਿਆਂ ‘ਚ ਆਏ ਹਮਲਾਵਰਾਂ ਨੇ ਸਾਰੇ ਹੋਸਟਲ ਕਮਰੇ ਬਿਨਾਂ ਕਿਸੇ ਰੋਕ-ਟੋਕ ਘੁੰਮੇ ਹਨ। ਵਿਦਿਆਰਥੀ ਇਕੱਠਾ ‘ਚ ਮੋਹਰੀ ਬਣੇ ਪਾੜ੍ਹਿਆਂ ਨੂੰ ਲੱਭ-ਲੱਭ ਕੇ ਮਾਰਿਆ–ਕੁੱਟਿਆ ਹੈ। ਪਾੜ੍ਹਿਆਂ ਦੀ ਹਾਹਾਕਾਰ ਯੂਨੀਵਰਸਿਟੀ ਪ੍ਰਸ਼ਾਸ਼ਨ ਨੂੰ ਫਿਰ ਵੀ ਨਹੀਂ ਸੁਣਾਈ ਦਿੰਦੀ। ਸਿੱਟੇ ਵਜੋਂ ਉੱਠੇ ਤਿੱਖੇ ਵਿਰੋਧ ਨੂੰ ਜ਼ੋਰ-ਜਬਰੀ ਨੱਪ ਲਿਆ ਹੈ। ਇਸ ਰੋਹ ਦੇ ਹਮਦਰਦ ਅਧਿਆਪਕੀ ਅਮਲੇ ਦੀ ਵੀ ਅਤਿ ਨੀਵੇਂ ਪੱਧਰ ‘ਤੇ ਡਿੱਗ ਕੇ ਹੇਠੀ ਕੀਤੀ ਹੈ। ਸਾਰੇ ਸਰਗਰਮ ਪਾੜ੍ਹੇ ਘਰਾਂ-ਪਿੰਡਾਂ ਨੂੰ ਭੇਜ ਦਿੱਤੇ ਗਏ ਹਨ, ਤਿੰਨ ਮਹੀਨੇ ਲਈ ਮੁਅੱਤਲ ਕਰਕੇ ....।“

ਬੀਤੇ ਦਿਨੀਂ ਹੋਈ-ਬੀਤੀ ਤਾਜ਼ੀ ਰੀਲ੍ਹ ਵਾਂਗ ਮੁੜ ਉਸ ਸਾਹਮਣੇ ਘੁੰਮ ਗਈ। ਆਪਣੇ ਪਿੰਡ, ਆਪਣੇ ਘਰ ਬੇਚੈਨ ਬੈਠੇ ਕਰਮੇ ਨੂੰ ਅਣ-ਪਛਾਤੇ ਓਪਰਿਆਂ ਦੀ ਪਿੰਡ ‘ਚ ਹੋਈ ਆਮਦ ਫਿਰ ਕਿਸੇ ਧੱਕੇ–ਵਧੀਕੀ ਦੇ ਸੰਕੇਤ ਵਜੋਂ ਜਾਪੀ। ਪਰ ਸਮੇਂ, ਸਥਾਨ ਤੇ ਸਥਿਤੀ ‘ਚ ਘਿਰ ਕੇ ਚੁੱਪ ਰਹਿਣਾ ਹੁਣ ਉਸ ਦੀ ਆਦਤ ਵਿਚ ਸ਼ਾਮਲ ਨਹੀ ਸੀ ਰਿਹਾ। ਇਹ ਸਿੱਖਿਆ ਉਸਨੂੰ ਆਪਣੇ ਪੁਰਖਿਆਂ ਤੋਂ ਵੀ ਮਿਲੀ ਸੀ ਤੇ ..... ਤੇ ਜਾਗੀਰੇ ਦੇ ਦਾਦੇ ਬਬਰ ਹੀਰਾ ਸਿੰਘ ਦੀ ਜੀਵਨ ਜਾਚ ਤੋਂ ਵੀ।

ਬਾਂਹ ‘ਚ ਉੱਠੀ ਚੀਸ ਨੂੰ ਭੁੱਲ ਭੁਲਾ ਕੇ, ਆਪ-ਮੁਹਾਰੇ ਉਸ ਦੇ ਕਦਮ ਜਾਗੀਰੇ ਸਰਪੰਚ ਦੀ ਕੋਠੀ ਵੱਲ ਨੂੰ ਹੋ ਤੁਰੇ। ਜਾਗੀਰਾ ਜਿਵੇਂ ਪਹਿਲੋਂ ਹੀ ਉਸ ਦੀ ਉਡੀਕ ਕਰ ਰਿਹਾ ਹੋਵੇ –“ ਆ ਬਈ ਪਾੜ੍ਹਿਆ ਤੈਨੂੰ ਈ ਚੇਤੇ ਕਰਦਾ ਸੀ ਮੈਂ....।“

“ਹੁਣ ਦੱਸੋ ਅੰਕਲ, ਹੁਣ ਕਿਹੜੇ ਪਾਸੇ ਭੁਗਤੋਗੇ .....”,ਕਰਮਵੀਰ ਨੇ ਬੈਠਦਿਆਂ ਸਾਰ ਸਿੱਧਾ ਸਵਾਲ ਕਰ ਦਿੱਤਾ–“ਇੱਕ ਪਾਸੇ ਲੰਬੜ ਆ ਤੁਹਾਡਾ ਮੁੱਢ–ਸ਼ੁਰੂ ਦਾ ਪੱਕਾ–ਠੱਕਾ ਜੋਟੀਦਾਰ। ਤੇ ....ਦੂਜੇ ਪਾਸੇ ਨਵੀਂ ਉਭਰੀ ਸਿਆਸੀ ਸਫ਼ਬੰਦੀ? “

ਕਰਮੇ ਨੇ ਥੋੜ੍ਹਾ ਕੁ ਰੁਕ ਕੇ ਬੇਚੈਨ ਜਾਪਦੇ ਜਾਗੀਰੇ ਵਲ ਨੂੰ ਧਿਆਨ ਨਾਲ ਦੇਖਿਆ। ਉਸਦੇ ਚਿਹਰੇ ਦੀ ਗੁਸੈਲੀ ਆਭਾ ਉਸ ਨੂੰ ਥੋੜ੍ਹਾ ਸੰਭਲ ਦੇ ਸੰਕੇਤ ਕਰਦੀ ਜਾਪੀ। ਤਾਂ ਵੀ ਉਸ ਤੋਂ ਆਪਣੇ ਆਪੇ ਨੂੰ ਠੀਕ  ਤਰ੍ਹਾਂ ਰੋਕਿਆ ਨਾ ਗਿਆ। “....ਸੱਤਾ ਦਾ ਕਾਲਾ ਚਸ਼ਮਾ ਸਰਪੰਚ ਸਾਬ੍ਹ, ਹਰ ਤਰ੍ਹਾਂ ਦੀਆਂ ਸਰਕਾਰਾਂ ਦੀਆਂ ਅੱਖਾਂ ‘ਚ ਹਨੇਰਾ ਤਾਂ ਉਤਾਰਦਾ ਦੀ ਉਤਾਰਦਾ ,ਇਹਨਾਂ ਦੇ ਤਾਂ ਕੰਨਾਂ ਨੂੰ ਵੀ ਜਿਮੇਂ ਸੁਨਣਾ ਬੰਦ ਹੋ ਜਾਂਦਾ। ਨਾ ਇਹਨਾਂ ਨੂੰ ਗਰੀਬ-ਗੁਰਬਿਆਂ ਦੀਆਂ ਚੀਕਾਂ-ਆਵਾਜ਼ਾਂ ਸੁਣਦੀਆਂ ਨਾ ਕਿਰਤੀਆਂ-ਕਾਮਿਆਂ-ਵਿਦਿਆਰਥੀਆਂ ਦੇ ਹਉਕੇ-ਹਾਵੇ ।........ਆਹ ਦੇਖ ਲਓ ਮੇਰੀ ਬਾਂਹ ਦਾ ਹਾਲ ।“

ਕਰਮੇ ਦੀ ਗੁਸੈਲੀ ਸੁਰ ਬਿਨਾਂ ਰੋਕ-ਟੋਕ ਉਬਾਲੇ ਮਾਰਦੀ ਜਾਗੀਰੇ ਨੂੰ ਬੁਰੀ ਤਾਂ ਲੱਗੀ, ਪਰ ਕਿੰਨਾ ਸਾਰਾ ਅਖਬਾਰੀ ਸੱਚ ਵੀ ਉਸਦੇ ਆਖੇ-ਬੋਲੇ ਨਾਲ ਮੇਲ ਖਾਂਦਾ ਦਿੱਸਿਆ। ਤਾਂ ਵੀ ਉਸ ਤੋਂ ਰਿਹਾ ਨਾ ਗਿਆ –“ਚੱਲ ਛੱਡ ਕਰ ..... ਤੂੰ ਤਾਂ ਬਾਹਲਾ ਈ ਤਿੱਖਾ ਬੋਲਦਾਂ। ਉਹ ਵੀ ਆਪਣੇ ਈ ਮੁਲਕ ਦੇ ਬੰਦੇ ਆ, ਕੋਈ ਸੱਤ-ਪਰਾਏ ਤਾਂ ਹੈਅ  ਨਹੀਂ। ਐਮੇਂ ਨਈਂ ਭੰਡੀ ਜਾਈਦਾ ਹਰ ਕਿਸੇ ਨੂੰ......। ਘਰੋਂ ਪੜ੍ਹਨ ਗਿਆ ਤੂੰ ਆਹੀ ਕੁਝ ਸਿੱਖ ਕੇ ਆਇਆ ਉਥੋਂ .....।“ਜਾਗੀਰਾ ਜਿਵੇਂ ਉਕਤਾ ਗਿਆ ਸੀ।

“ਓਥੋਂ ਨਈਂ ਐਥੋਂ ਸਿੱਖਿਆ ਸਰਪੰਚ ਸਾਬ੍ਹ ਤੁਹਾਡੇ ਘਰੋ, ਬਾਬੇ ਹੀਰਾ ਸਿੰਘ ਹੋਣਾਂ ਤੋਂ। ਹੱਕ-ਸੱਚ ਨੂੰ ਪ੍ਰਣਾਏ ਯੁੱਧਵੀਰਾਂ ਤੋਂ ....”  ਕਰਮੇ ਦਾ ਸੱਚ-ਸੁੱਚ ਸੁਣ ਕੇ ਜਾਗੀਰਾ ਇਸ ਵਾਰ ਚੁੱਪ ਰਿਹਾ। ਕੋਈ ਹੂੰਅ-ਹਾਂ, ਹਾਂ-ਨਾਂਹ ਨਾ ਕੀਤੀ , ਉਂਝ ਵੀ ਉਸਨੂੰ ਬਾਬੇ ਹੀਰਾ ਸਿੰਘ ਦੀ ਛਿੜੀ ਵਾਰਤਾ  ਨੇ ਆਪਣੇ ਅਤੀਤ ਨਾਲ ਜੋੜ ਲਿਆ ਸੀ। ਆਪਣੇ ਆਪ, ਆਪਣੇ ਪੁਰਖਿਆਂ ਨਾਲ।“.....ਇਕ ਲੱਤੋਂ ਹੀਣਾ ਹੋਣ ਕਰਕੇ ਆਪ ਤਾਂ ਉਹ ਬਹੁਤ ਦੌੜ-ਭੱਜ ਨਹੀਂ ਸੀ ਕਰ ਸਕਦਾ ਪਰ ਜ਼ਿਲ੍ਹੇ ਭਰ ਦੀਆਂ ਗੁਪਤ ਸਲਾਹਾਂ ਸਭ ਉਸਦੀ ਦੇਖ-ਰੇਖ ‘ਚ ਹੀ ਹੁੰਦੀਆਂ ਸਨ, ਹਵੇਲੀ ਜਾਂ ਖੂਹ ‘ਤੇ। ਆਇਆਂ-ਗਿਆਂ ਦੀ ਸਾਂਭ –ਸੰਭਾਲ ਕਰਮੇ ਦੇ ਬਾਬੇ ਜੁੰਮੇ ਹੁੰਦੀ, ਜੀਵਨ ਸਿੰਘ ਦੇ। ਪਰਦਾ ਏਨਾ, ਕਦੀ ਕਿਸੇ ਨੂੰ ਸੂਹ ਤੱਕ ਨਹੀਂ ਸੀ ਲੱਗਣ ਦਿੱਤੀ ਉਹਨਾਂ। ਇਹ ਸਾਰਾ ਕੁਝ ਉਸਦੇ ਬਾਪ ਨੇ ਦੱਸਿਆ ਸੀ ਉਸਨੂੰ ਬਾਪੂ ਕੇਹਰ ਸਿੰਘ ਨੇ ਜਾਂ ਕਰਮੇ ਦੇ ਬਾਬੇ ਜੀਵਨ ਸਿੰਘ ਨੇ।

ਸਹਿ-ਸੁਭਾਅ ਹੀ ਕਰਮੇ ਦੀ ਨਿਗਾਹ ਆਪਣੇ ਆਪ ‘ਚ ਮਗਨ ਦਿੱਸਦੇ ਜਾਗੀਰੇ ਵਲ੍ਹ ਨੂੰ ਘੁੰਮੀ। ਉਸ ਅੰਦਰ ਡੱਕ ਹੋਇਆ ਕਿੰਨਾ ਸਾਰਾ ਹੋਰ ਸੱਚ ਮੁੜ ਉਸਦੇ ਬੋਲਾਂ ‘ਚ ਸ਼ਾਮਿਲ ਸੀ  - “ਤੁਹਾਨੂੰ ਪਤਆ ਸਰਪੰਚ ਸਾਬ੍ਹ ਧੰਨਾ ਸਿੰਘ ਬਹਿਲਪੁਰੀਆ , ਰਤਨ ਸਿੰਘ ਰਕੜ ਵਰਗੇ ਬੱਬਰਾਂ ਬਾਬਿਆਂ, ਪੁਲਿਸ ਹੱਥੋਂ ਨਾ ਫੜ ਹਣ ਦੀ ਕਸਮ ਵੀ ਤੁਆਡੇ ਬਾਬਾ ਜੀ ਹੀਰਾ ਸਿੰਘ ਬੱਬਰ ਤੋਂ ਥਾਪੜਾ ਲੈ ਕੇ ਖਾਧੀ ਸੀ। ਇਕ ਨੇ ਸ਼ਹੀਦ ਹੋਣ ਤੋਂ ਪਹਿਲਾਂ ਨੌਂ ਪੁਲਸੀਏ ਮਾਰੇ ਸਨ, ਦੂਜੇ ਨੇ ਪੰਜ।“

ਕਰਮੇ ਦੇ ਦੱਸੇ ਅਲੋਕਾਰੀ ਭੇਤ ਨੇ ਜਾਗੀਰੇ ਨੂੰ ਧੁਰ ਅੰਦਰ ਤੱਕ ਝੰਜੋੜ ਦਿੱਤਾ। ਅਵਾਕ ਜਿਹਾ ਹੋਏ ਦੀ ਸੁਰਤੀ-ਬਿਰਤੀ ਕਰਮੇ ਦੀ ਬਾਤ-ਵਾਰਤਾ ਨਾਲ ਹੋਰ ਵੀ ਡੂੰਘੀ ਤਰ੍ਹਾਂ ਜੁੜ ਗਈ, ਉਹ ਦੱਸ ਰਿਹਾ ਸੀ –“ਏਹ ਤਾਂ ਨੂਪੇ–ਬੋਘੇ-ਮੀਹੇ ਵਰਗੇ ਗੱਦਾਰਾਂ ਦੀਆਂ ਬੇੜੀਆਂ ‘ਚ ਵੱਟੇ ਪਏ। ਨਹੀ ਹੁਣ ਨੁੰ ਨਕਸ਼ਾ ਹੋਰ ਦਾ ਹੋਰ ਹੋਣਾ ਸੀ। ਖੜਕਵੇਂ ਸੰਗਰਾਮੀ ਘੋਲਾਂ ਨਾਲ ਜੁੜੀ ਪੰਜਾਬੀ ਅਣਖ ਐਉਂ ਹੀਣੀ ਨਹੀ ਸੀ ਹੋਣੀ, ਜਿਹੋ ਜਿਹੀ ਹੁਣ ਹੋਈ ਪਈ ਆ, ਕੁਰਸੀ ਭੁੱਖ ਪਿੱਛੇ, “ਨਾ ਚਾਹੁੰਦਿਆਂ ਵੀ ਕਰਮੇ ਤੋਂ ਤਲਖ ਟਿਣੀ ਫਿਰ ਤੋਂ ਕਰ ਹੋ ਗਈ। ਜਾਗੀਰੇ ਨੂੰ ਲੱਗਾ ਕਰਮੇ ਨੇ ਇਹ ਕੁਰਸੀ ਤਨਜ਼ ਹੋਰਨਾਂ ਸਮੇਤ ਉਸ ਉੱਤੇ ਵੀ ਕੱਸੀ ਐ। ਉਹ ਖਿਝਿਆ ਜ਼ਰੂਰ , ਪਰ ਛੇਤੀ ਹੀ ਸੰਭਲ ਗਿਆ। ਅਗਲੇ ਹੀ ਪਲ, ਥੋੜ੍ਹੀ ਕੁ ਲਾਂਭੇ ਗਈ  ਬਾਤ-ਚੀਤ, ਲੀਹ ਸਿਰ ਕਰਦੇ ਕਰਦੇ ਨੇ ਫਿਰ ਤੋਂ ਛੇੜ ਲਈ -“ ਏਹ ਰਹਿਣ ਦੇ ਹੁਣ, ਤੂੰ....ਤੂੰ ਆਹ ਦੱਸ ,ਏਹਨਾਂ ਓਪਰੇ ਬੰਦਿਆਂ ਦਾ ਕੀ ਕਰੀਏ?”

“ਕਰਮੇ ਦੀ ਸਲਾਹ ਨਾਲੋਂ ਵੱਧ ਜਾਗੀਰੇ ਦੀ ਪਿੱਠ ‘ਤੇ ਉਸਦੇ ਅਤੀਤ ਨੇ ਚੂੰਢੀ ਵੱਢੀ, ਉਸਦੇ ਬਾਬੇ ਹੀਰਾ ਸਿੰਘ ਬੱਬਰ ਨੇ –“ਚੰਗਾ ਕਰਦੇ ਆਂ ਫੇਏ ਹੀਲਾ-ਵਸੀਲਾ ।“

ਅਗਲੇ ਤੋਂ ਅਗਲੇ ਦਿਨ ਜੁੜੀ ਗ੍ਰਾਮ ਸਭਾ ਨੇ ਲੱਭੂ ਲੰਬੜ ਦਾ ਪ੍ਰਸਤਾਵ ਅੱਧਿਓਂ ਵੱਧ ਪਿੰਡ ਨੇ ਹੱਥ ਖੜ੍ਹੇ ਕਰਕੇ ਪਾਸ ਕਰ ਦਿੱਤਾ । ਬਾਵਾ ਰਾਮ ਦੇ ਕਿਰਿਆ-ਕਰਮ ਤੋਂ ਅਗਲੀ ਸੰਗਰਾਂਦੇ, ਕਿਸ਼ਨ ਨੂੰ ਪਿੰਡ ਦੇ ਮੰਦਰ ਦਾ ਅਗਲਾ ਪਾਂਧਾ ਨਿਯੁਕਤ ਕਰਨ ਦੀ ਮਿਤੀ ਵੀ ਉਸੇ ਦਿਨ ਮਿੱਥ ਲਈ ਗਈ।

ਉਸ ਦਿਨ ਘਰ-ਕੋਠੀ ਵੱਲ ਨੂੰ ਵਾਪਿਸ ਤੁਰੇ ਆਉਂਦੇ ਜਾਗੀਰੇ ਸਰਪੰਚ ਨੂੰ ਲੱਗਾ ਸੀ ਕਿ ਉਸ ਦੇ ਪਿਤਾ-ਪੁਰਖਿਆਂ ਤੋਂ ਤੁਰੀ ਆਉਂਦੀ ਸਾਂਝ ਨੂੰ ਦੁਫੇੜਨ ਵਾਲੇ ਨਾਗੋਨਾ ਵਾਇਰਸ ਦੇ ਡੰਗ ਤੋਂ ਸਮੇਂ ਸਿਰ ਉਪਰਾਲਾ ਕਰਕੇ ਪੰਡਤਾਂ ਵਿਹੜੇ ਸਮੇਤ ਸਾਰੇ ਪਿੰਡ ਈਸਪੁਰ ਨੂੰ ਸਹੀ ਸਲਾਮਤ ਬਚਾ ਲਿਆ ਹੈ।


ਪਤਾ :–

 ਲਾਲ ਸਿੰਘ ਦਸੂਹਾ

ਨੇੜੇ ਸੈਂਟ ਪਾਲ ਕਾਨਵੈਂਟ ਸਕੂਲ,

ਨਿਹਾਲਪੁਰ,ਵਾਰਡ ਨੰਬਰ-6,

ਦਸੂਹਾ ( ਜਿਲ੍ਹਾ-ਹੁਸ਼ਿਆਰਪੁਰ)

ਪੰਜਾਬ (ਭਾਰਤ)

ਸੰਪਰਕ - +91-94655-74866

ਵੈਬ-ਪੇਜ : www.lalsinghdasuya.yolasite.com

Saturday, 2 June 2018

ਸਮਕਾਲੀ ਯਥਾਰਥ ਦੀਆਂ ਬੇਤਰਤੀਬੀਆਂ ਦੇ ਖਰ੍ਹ੍ਵੇ ਕਥਾ ਬਿੰਥ – “ਸੰਸਾਰ”

Fri, Jun 1, 2018 at 8:27 PM
ਲਾਲ ਸਿੰਘ ਦੀ ਕਥਾਕਾਰੀ ਜਟਿਲ ਬਿਰਤਾਂਤ ਬਣਤਰ ਵਾਲੀ ਹੈ 
ਲਾਲ ਸਿੰਘ ਸਮਕਾਲੀ ਪੰਜਾਬੀ ਕਹਾਣੀ ਦਾ ਵਿਸ਼ੇਸ਼ ਨਾਮ ਹੈ । ਉਹ ਚੌਥੇ ਪੜਾਅ  ਦੀ ਪੰਜਾਬੀ ਕਹਾਣੀ  ਦੇ ਵੱਖਰੇ ਰੁਝਾਨਾਂ ਵਿੱਚ ਪ੍ਰਤੀਨਿਧੀ ਭੂਮਿਕਾ ਨਿਭਾ ਰਿਹਾ ਹੈ । ਚੌਥੇ ਪੜਾਅ ਦੀ ਕਹਾਣੀ ਨੂੰ ਵਸਤੂ , ਰੂਪ ਅਤੇ ਦ੍ਰਿਸ਼ਟੀ ਪੱਖੋਂ ਨਵਾਂਪਨ ਦੇਣ ਵਿੱਚ ਕਹਾਣੀ ਦੇ ਆਲੋਚਕਾਂ ਵੱਲੋਂ ਕਥਾਕਾਰਾਂ ਦੀ ਭੂਮਿਕਾ ਅਹਿਮ ਮੰਨੀ ਜਾ ਰਹੀ  ਹੈ। ਲਾਲ ਸਿੰਘ ਪ੍ਰੋੜ ਉਮਰ ਦਾ ਕਥਾਕਾਰ ਹੈ,ਪਰ ਉਸਦੀ ਕਥਾ ਚੇਤਨਾ ਵਿੱਚ ਉਹ ਸਭ ਕੁਝ ਹੈ ਜੋ ਚੌਥੇ ਪੜਾਅ ਦੀ ਕਹਾਣੀ ਦੀ ਵੱਖਰਤਾ ਵਿੱਚ ਮੌਜੂਦ ਹੈ। ਲਾਲ ਸਿੰਘ ਦੀ ਕਥਾਕਾਰੀ ਜਟਿਲ ਬਿਰਤਾਂਤ ਬਣਤਰ ਵਾਲੀ ਹੈ ਜਿਸ ਵਿੱਚੋਂ ਸਮਾਜਿਕ ਯਥਾਰਥ ਦੀਆਂ ਬਹੁਪਾਸਾਰੀ ਵਿਸਫੋਟਕ ਹੋ ਰਹੀਆਂ ਹਨ। ਚੌਥੇ ਪੜਾਅ ਦੀ ਕਹਾਣੀ ਜਿਸ ਕਿਸਮ ਦੇ ਟਾਕਰਵੇਂ ਵਿਚਾਰਾਂ , ਪਾਤਰਾਂ ਦੇ ਵਿਸਫੋਟਕ ਉਚਾਰ ਅਤੇ  ਲੁਕੇ ਸਮਾਜਿਕ ਯਥਾਰਥ ਨੂੰ ਆਪਣੇ ਨਿਵੇਕਲੇ ਸ਼ਿਲਪ ਵਿਧਾਨ ਵਿੱਚ ਪ੍ਰਸਤੁਤ ਕਰ ਰਹੀ ਹੈ ਲਾਲ ਸਿੰਘ ਦੀ ਕਹਾਣੀ ਇਸਦਾ ਪ੍ਰਮਾਣ ਹੈ। ਉਸਦੀ ਬਿਰਤਾਂਤ ਦ੍ਰਿਸ਼ਟੀ ਮਾਰਕਸੀ ਵਿਚਾਰਧਾਰਾ ਦੇ ਰਚਨਾਤਮਿਕ ਰੂਪ ਵਾਲੀ ਹੈ। ਉਹ ਮਾਰਕਸੀ ਪ੍ਰਗਤੀਵਾਦੀ ਸਿਧਾਂਤ ਦੀ ਮੌਖਿਕ ਅਤੇ ਕੱਟੜਤਾ ਵਾਲੀ ਗਲਪੀ ਦ੍ਰਿਸ਼ਟੀ ਦਾ ਪੂਜਕ ਨਹੀ ਸਗੋਂ ਕਾਰਪੋਰੇਟ ਸੈਕਟਰ ਦੀ ਸੱਤਾ ਨਾਲ ਸਾਂਝ ਭਿਆਲੀ ਦੇ ਯੁੱਗ ਵਿੱਚ ਲੋਕ ਹਿਤੂ ਸਿਧਾਂਤਾਂ ਦੀ ਪ੍ਰਸੰਗਿਕਤਾ ਨੂੰ ਸੰਵਾਦ ਦੇ ਨਜ਼ਰੀਏ ਤੋਂ ਪ੍ਰਸਤੁਤ ਕਰਨ ਵਾਲਾ ਲੇਖਕ ਹੈ। ਹੁਣ ਦੀ ਕਹਾਣੀ ਵਿਚਾਰਧਾਰਾ ਦੀ ਫੋਰਸ ਨਾਲ ਨਹੀਂ ਤੁਰਦੀ ਸਗੋਂ ਟਾਕਰਵੇਂ ਹਾਲਾਤ ਦੀ ਉਪਜ ਵਿਚੋਂ ਪੈਦਾ ਹੁੰਦੇ ਸਾਪੇਖ ਸੱਚ ਨੂੰ ਕਈ ਕੋਣਾਂ ਤੋਂ ਉਭਾਰ ਕੇ ਪੇਸ਼ ਕਰ ਰਹੀ ਹੈ। ਇਹ ਕਹਾਣੀ ਵਿਸ਼ਵੀਕਰਨ ਦੇ ਗੜਬੜੀਆਂ ਵਾਲੇ ਸਮਿਆਂ ਦੀ ਸੰਵੇਦਨਾ ਨੂੰ ਰਜਿਸਟਰ ਕਰ ਰਹੀ ਹੈ ਅਤੇ ਵਸਤੂ ਵਿਧਾਨ ਪੱਖੋਂ ਹੀ ਨਹੀਂ ਸਗੋਂ ਸ਼ਿਲਪ ਵਿਧਾਨ ਪੱਖੋਂ ਵੀ ਵਿਲੱਖਣ ਗਲਪੀ ਪ੍ਰਬੰਧ ਉਸਾਰ ਰਹੀ ਹੈ। ਲਾਲ ਸਿੰਘ ਦੀ ਕਥਾ ਵਾਰਤਾ ਵੀ ਇਸੇ ਪਰੰਪਰਾ ਨੂੰ ਹੋਰ ਵਿਸਥਾਰ ਦਿੰਦੀ ਹੈ। ਲਾਲ ਸਿੰਘ ਪੂੰਜੀਵਾਦੀ ਵਿਸ਼ਵੀਕਰਨ ਦੀਆਂ ਤਿੱਖੀਆਂ  ਅਲਾਮਤਾਂ ਦਾ ਜਾਣਕਾਰ ਹੀ ਨਹੀਂ ਸਗੋਂ ਭੇਤੀ ਵੀ ਹੈ। ਪੂੰਜੀਵਾਦੀ ਵਿਸ਼ਵੀਕਰਨ ਜਿਸ ਕਿਸਮ ਦੇ ਸੰਕਟ ਲੈ ਕੇ ਪੰਜਾਬੀ ਸਭਿਆਚਾਰ ਵਿੱਚ ਦਾਖਿਲ ਹੁੰਦਾ ਹੈ ਇਸ ਵਰਤਾਰੇ ਨੂੰ ਸਮਕਾਲੀ ਦੀ ਕਹਾਣੀ ਵਿੱਚ ਲਾਲ ਸਿੰਘ ਵਰਗੇ ਕਥਾਕਾਰ ਚਿੰਤਨ ਦੀ ਪੱਧਰ ਉੱਤੇ ਜਾ ਕੇ ਪ੍ਰਸਤੁਤ ਕਰਦੇ ਹਨ। ਵਰਤਮਾਨ ਦੀ ਕਹਾਣੀ ਪੰਜਾਬ ਦੇ ਇਸੇ ਯਥਾਰਥ ਦੇ ਰੂ-ਬ-ਰੂ ਹੈ ਜਿਸ ਵਿੱਚ ਕਾਰਪੋਰੇਟ ਸੈਕਟਰ ਦੇ ਖਪਤਵਾਦੀ ਰੁਝਾਨਾਂ ਨੇ ਪੰਜਾਬੀ ਲੋਕਾਂ ਨੂੰ ਸੱਭਿਆਚਾਰ ਦੇ ਉਸਾਰੂ ਜੀਵਨ ਮੁੱਲਾਂ ਤੋਂ ਵਿਛੁੰਨ ਕੇ ਪਦਾਰਥਵਾਦੀ ,ਉਪਭੋਗੀ ਅਤੇ ਵਿਅਕਤੀਵਾਦੀ ਅਲਾਮਤਾਂ ਨਾਲ ਜੋੜ ਦਿੱਤਾ ਹੈ।
ਲਾਲ ਸਿੰਘ ਦਾ ਪਹਿਲਾ ਕਹਾਣੀ ਸੰਗ੍ਰਹਿ “ ਮਾਰਖੋਰੇ ” 1984 ਵਿੱਚ ਛਪਦਾ ਹੈ ਇਸ ਪਿੱਛੋਂ 1986 ਵਿੱਚ “ਬਲੌਰ ”, 1990 ਵਿੱਚ “ ਧੁੱਪ-ਛਾਂ “ ,1996 ਵਿੱਚ ਕਾਲੀ ਮਿੱਟੀ , 2003 ਵਿੱਚ “ਅੱਧੇ ਅਧੂਰੇ ” ਅਤੇ 2009 ਵਿੱਚ “ ਗੜ੍ਹੀ ਬਖ਼ਸ਼ਾ ਸਿੰਘ ” ਨਾਮਕ ਕਥਾ ਸੰਗ੍ਰਿਹ ਛਪਦੇ ਹਨ । ਲੇਖਣੀ ਦੀ ਇਹ ਵਿਰਾਸਤ ਲਾਲ ਸਿੰਘ ਨੂੰ ਉਸ ਕਹਾਣੀ ਦੇ ਵੀ ਸਮਾਨ ਅੰਤਰ ਰੱਖਦੀ ਹੈ ਜਿਸਦੀ ਪੰਜਾਬੀ ਕਹਾਣੀ ਦੇ ਤੀਜੇ ਪੜਾਅ ਦੇ ਪਿਛਲੇ ਸਮਿਆਂ ਦੌਰਾਨ ਦੇਹ ਦੇ ਜਸ਼ਨੀ ਸਰੋਕਾਰਾਂ ਅਤੇ ਵਰਜਿਤ ਰਿਸ਼ਤਿਆਂ ਨੂੰ ਕਹਾਣੀ ਦਾ ਇਕੋ ਇੱਕ ਕੇਂਦਰ ਬਣਾ ਕੇ ਪ੍ਰਸਤੁਤ ਕਰਦੀ ਰਹੀ ਹੈ।ਇਹ ਦੌਰ ਵਰਜਿਤ ਰਿਸ਼ਤਿਆਂ ਅਤੇ ਕਾਮੁਕ ਮਨੋਂ ਗੁੰਝਲਾਂ ਦੁਆਲੇ ਭਿਣਭਿਣਾਉਂਦੀ ਕਥਾਕਾਰੀ ਦਾ ਦੌਰ ਹੈ। ਲਾਲ ਸਿੰਘ ਅਜਿਹਾ ਪ੍ਰਭਾਵ ਲੈਣ ਦੀ ਥਾਂ ਮਾਰਖੋਰੇ, ਧੁੱਪ-ਛਾਂ, ਨਾਈਟ ਸਰਵਿਸ, ਬਲੌਰ ਵਰਗੀਆਂ ਕਹਾਣੀਆਂ ਲਿਖ ਕੇ ਉਸ ਸਮੇਂ ਦਹਿਸ਼ਤਗਰਦਾਂ ਅਤੇ ਸਟੇਟ ਦੇ ਜ਼ਬਰ ਵਿੱਚ ਪਿਸਦੀ ਲੋਕਾਈ ਦੇ ਦਰਦ ਨੂੰ ਪ੍ਰਗਤੀਵਾਦੀ ਨਜ਼ਰੀਏ ਤੋਂ ਪੇਸ਼ ਕਰਦਾ ਹੈ। ਇਸਦੇ ਨਾਲ ਉਸਦੀ ਕਹਾਣੀ ਪੰਜਾਬੀ ਸਮਾਜ ਦੇ ਜਾਤੀ ਜਮਾਤੀ ਪ੍ਰਸੰਗਾਂ ਨੂੰ ਪ੍ਰਸਤਤ ਕਰਦੀ ਪੰਜਾਬੀ ਦੇ ਰਾਜਨੀਤਕ, ਆਰਥਿਕ ਅਤੇ ਸਮਾਜਿਕ ਢਾਂਚੇ ਉੱਤੇ ਕਾਬਜ਼ ਧਿਰਾਂ ਵੱਲੋਂ ਮਿਹਨਤਕਸ਼ ਵਰਗਾਂ ਦੀ ਕੀਤੀ ਜਾਂਦੀ ਲੁੱਟ ਖਸੁੱਟ ਪ੍ਰਤੀ ਤਿੱਖੇ ਪ੍ਰਵਚਨ ਉਚਾਰਦੀ ਹੈ।ਉਸਦੀਆਂ ਸਮੁੱਚੀਆਂ ਕਹਾਣੀਆਂ ਦਾ ਕੇਂਦਰੀ ਨੁਕਤਾ ਸਾਮਰਾਜੀ ਤਾਕਤਾਂ ਦੇ ਵਿਦੇਸ਼ੀ ਅਤੇ ਦੇਸੀ ਰੂਪਾਂ ਦੁਆਰਾ ਹਾਸ਼ੀਅਤ ਵਰਗਾਂ ਨਾਲ ਕੀਤੇ ਜਾਂਦੇ ਸਮਾਜਿਕ ਅਨਿਆਂ ਵਿਰੁੱਧ ਉਗਰ ,ਖਰ੍ਹਵੇਂ ਅਤੇ ਬੜਬੋਲੇ ਉਚਾਰਾਂ ਵਾਲੇ ਕਥਾ ਸ਼ਿਲਪ ਦਾ ਪ੍ਰਸਾਰ ਕਰਨਾ ਹੈ । ਇਸ ਪੱਖੋਂ ਉਹ ਵਕਤ ਦੀ ਚਾਲ ਨੂੰ ਪਛਾਣ ਕੇ ਆਪਣੀ ਕਹਾਣੀ ਨੂੰ ਚਿੰਤਨ ਪ੍ਰਧਾਨ ਬਣਾਉਣ ਵਾਲਾ ਸੁਚੇਤ ਕਥਾਕਾਰ ਹੈ। ਸੰਨ 1990 ਤੋਂ ਬਾਅਦ ਸਮਾਜਵਾਦੀ ਬਲਾਕ ਦੇ ਟੁੱਟਣ ਅਤ ਵਿਸ਼ਵੀਕਰਨ ਦੀਆਂ ਨੀਤੀਆਂ ਦੇ ਫੈਲਾਅ ,ਸੂਚਨਾ ਸੰਚਾਰ ਸਾਧਨਾਂ ਦੀ ਬਹੁਤਾਂਤ ਅਤੇ ਉਪਭੋਗੀ ਸੱਭਿਆਚਾਰ ਦੇ ਪ੍ਰਚਲਨ ਨਾਲ ਜਿਸ ਤਰ੍ਹਾਂ ਸੰਘਰਸ਼ ਦੀ ਰੂੜ੍ਹੀ ਅਤੇ ਨਾਇਕ ਕੇਂਦਰਿਤ ਕਥਾਕਾਰੀ ਕਹਾਣੀ ਦੇ ਦ੍ਰਿਸ਼ ਵਿੱਚੋਂ ਲੋਪ ਹੁੰਦੀ ਹੈ ਉਸਦਾ ਪ੍ਰਗਟਾਵਾ ਲਾਲ ਸਿੰਘ ਦੀਆਂ ਕਹਾਣੀਆਂ ਅੰਦਰ ਦਰਜ ਹੈ ।ਇਸ ਕਹਾਣੀ ਵਿੱਚ ਇਕਹਿਰੇ ਯਥਾਰਥ ਦੀ ਥਾਂ ਬਹੁਪਰਤੀ ਯਥਾਰਥ ,ਨਿਰਪੇਖ ਸੱਚ ਦੀ ਥਾਂ ਸਾਪੇਖ ਸੱਚ ,ਜਿੱਤ ਦੀ ਥਾਂ ਹਾਰ ਦਾ ਬਿਰਤਾਂਤ ,ਨਾਇਕ ਦੀ ਸੂਰਮਗਤੀ ਦੀ ਥਾਂ ਵਿਗਠਨਕਾਰੀ ,ਰਾਹ ਦੀ ਥਾਂ ਤਣਾਓ ,ਲੇਖਣੀ ਦੇ ਸਰਬਗਿਆਨ ਦੀ ਥਾਂ ਅਰਥਾਂ ਦਾ ਭੇੜ ,ਚੇਤਨ ਦੀ ਥਾਂ ਅਵਚੇਤਨ ,ਵਿਅੰਗ ਦੀ ਥਾਂ ਵਿਡੰਬਨਾ ,ਕਹਾਣੀ ਸੁਣਾਉਣ ਦੀ ਥਾਂ ਦਿਖਾਉਣ ,ਦਿਸਦੇ ਸੱਚ ਦੀ ਥਾਂ ਅਣਦਿਸਦੇ ਸੱਚ ਨਾਲ ਜੁੜੇ ਕਥਾ ਸਰੋਕਾਰ ਪ੍ਰਵੇਸ਼ ਕਰਦੇ ਹਨ। ਕਹਾਣੀ ਦਾ ਇਹ ਨਵਾਂ ਸੁਹਜ ਅਤੇ ਸ਼ਿਲਪ ਵਿਧਾਨ ਵਿਸ਼ਵੀਕਰਨ ਦੀਆਂ ਨੀਤੀਆਂ ਤੋਂ ਕਾਰਪੋਰੇਟ ਸੈਕਟਰ ਦੀ ਚੜਤ ਦੌਰਾਨ ਬਦਲਦੇ ਪੰਜਾਬੀ ਸਮਾਜ ਦੀ ਕਠੋਰਤਾ ਵਿੱਚੋਂ ਰੂਪਮਾਨ ਹੋ ਰਿਹਾ ਹੈ। ਲਾਲ ਸਿੰਘ ਦੀ ਕਹਾਣੀ ਵੀ ਇਸੇ ਸਮਾਜੀ ਕਠੋਰਤਾ ਤੋਂ ਉੱਪਜੀਆਂ ਕਥਾ ਸਥਿਤੀਆਂ ਉੱਤੇ ਆਪਣੀ ਬੁਣਤੀ ਬੁਣਦੀ ਹੈ। ਜਿਸ ਵਿੱਚ ਸਮਕਾਲੀ ਸਮਾਜਿਕ ਯਥਾਰਥ ਦੀ ਕਰੂਰਤਾ ਦਾ ਭਰਪੂਰ ਪ੍ਰਗਟਾਵਾ ਮਿਲਦਾ ਹੈ। ਲੇਖਕ ਕਾਰਪੋਰੇਟ ਸੈਕਟਰ ਦੀ ਅੰਨ੍ਹੀ ਚੜਤ ਤੋਂ ਪੈਦਾ ਹੋ ਰਹੇ ਸਮਾਜਿਕ ਦੁਖਾਂਤ ਪ੍ਰਤੀ ਚਿੰਤਾਤੁਰ ਹੀ ਨਹੀਂ ਸਗੋਂ ਚੇਤੰਨ ਵੀ ਹੈ ਇਸੇ ਕਰਕੇ ਉਹ ਕਾਰਪੋਰੇਟ ਵਰਤਾਰਿਆਂ ਦੇ ਰਾਜਨੀਤੀ ਅਤੇ ਸਰਮਾਏਦਾਰੀ ਨਾਲ ਹੁੰਦੇ ਨਾਪਾਕ ਗਠਜੋੜ ਦੀ ਸਿਆਸਤ ਦਾ ਭੇਤੀ ਹੈ। ਉਸਦੀਆਂ ਵਰਤਮਾਨ ਕਹਾਣੀਆਂ ਪੰਜਾਬ ਦੇ ਮੌਜੂਦ ਸੰਕਟਾਂ ਦਾ ਇਕਹਿਰਾ ਪਰਿਪੇਖ ਪੇਸ਼ ਕਰਨ ਨਾਲੋਂ ਇਨ੍ਹਾਂ ਦਾ ਬਹੁਪਾਸਾਰੀ ਚਿਹਰਾ ਰੂਪਮਾਨ ਕਰਦੀਆਂ ਹਨ। ਬਾਕੀ ਕਥਾਕਾਰਾਂ ਤੋਂ ਉਸਦੀ ਭਿੰਨਤਾ ਹੈ ਕਿ ਉਹ ਪੰਜਾਬ ਦੇ ਜੁਝਾਰੂ ਮਾਦੇ ਵਾਲੇ ਸੱਭਿਆਚਾਰਕ ਅਤੇ ਇਤਿਹਾਸਿਕ ਪਿਛੋਕੜ ਦੀ ਸਮਝ ਰੱਖਦਾ ਇਸਦੀ ਸਦੀਵੀ ਪ੍ਰਸੰਗਿਕਤਾ ਦਾ ਅਹਿਸਾਸ ਵੀ ਕਰਵਾਉਂਦਾ ਹੈ ।ਇਸੇ ਕਰਕੇ ਉਹ ਆਪਣੀ ਮਾਰਕਸੀ ਕਥਾ ਦ੍ਰਿਸ਼ਟੀ ਨੂੰ ਕਿਸੇ ਮਕੈਨੀਕਲ ਸਿਧਾਂਤਵਾਦੀ ਦੀ ਜਕੜ ਨਾਲੋਂ ਇਸਦੀ ਲੋਕ ਪੱਖੀ ਭੂਮਿਕਾ ਨੂੰ ਆਪਣੇ ਇਤਿਹਾਸ ਦੇ ਪ੍ਰੇਰਨਾਦਇਕ ਨਾਇਕਾਂ, ਘਟਨਾਵਾਂ ਅਤੇ ਵਰਤਾਰਿਆਂ ਨਾਲ ਮੇਲ ਜੋੜ ਕੇ ਪ੍ਰਸਾਰਦਾ ਹੈ । ਲਾਲ ਸਿੰਘ ਦੀਆਂ ਕਹਾਣੀਆਂ ਦਾ ਇਕ ਸਰੋਕਾਰ ਕਮਿਊਨਿਸਟ ਲਹਿਰ ਦੇ ਚਿੰਤਨ ਨਾਲ ਜੁੜਿਆ ਹੈ । ਕਮਿਊਨਿਸਟ ਲਹਿਰ ਗਲਪੀ ਮੁਲਾਂਕਣ ਕਰਦਿਆਂ ਉਹ ਲਹਿਰ ਦੀ ਕਥਿਤ ਅਸਫ਼ਲਤਾ ਤੇ ਕੱਛ ਵਜਾਉਣ ਵਾਲੀ ਗਲਪੀ ਸਿਆਸਤ ਨਹੀਂ ਖੇਡਦਾ ਸਗੋਂ ਲਹਿਰ ਦੇ ਮਨਸੂਬਿਆਂ ਦੀ ਅਪ੍ਰਾਪਤੀ ‘ਤੇ ਮੰਥਨ ਕਰਦਾ ਦੱਬੀਆਂ ਘੁੱਟੀਆਂ ਰਗਾਂ ‘ਤੇ ਹੱਥ ਧਰਦਾ ਹੈ। ਇਸਦੇ ਨਾਲ ਨਾਲ ਖੁਦਕੁਸ਼ੀਆਂ ਦੇ ਰਾਹ ਪਈ ਪੰਜਾਬ ਦੀ ਕਿਸਾਨੀ , ਨੌਜਵਾਨਾਂ ਦੀ ਦਿਸ਼ਾਹੀਣਤਾ, ਦਿਹਾਤੀ ਖੇਤਰ ਵਿੱਚ ਉਪਭੋਗਤਾਵਾਦੀ ਰੁਚੀਆਂ ਦੇ ਦਖ਼ਲ , ਗਲੋਬਲ ਪਿੰਡ ਦੇ ਵਿਕਾਸ ਮਾਡਲ ਵੱਲੋਂ ਮੰਡੀ ਅਤੇ ਬਾਜ਼ਾਰ ਦੇ ਖੜ੍ਹੇ ਕੀਤੇ ਤਲਿੱਸਮ ਵਿੱਚ ਉਲਝੀ ਪੰਜਾਬੀ ਬੰਦਿਆਈ ਨੂੰ ਆਏ ਸੰਕਟਾਂ ‘ਤੇ ਰੁਦਨ ਕਰਨਾ ਵੀ ਉਸ ਦੇ ਕਥਾ ਮਰਕਜ਼ ਦਾ ਹਿੱਸਾ ਰਿਹਾ ਹੈ । ਲਾਲ ਸਿੰਘ ਦੇ ਕਥਾ ਪਾਤਰ ਬੇਚੈਨ ਕਿਸਮ ਦੇ ਅਤੇ ਆਪਣੇ ਅਸਲੇ ਤੋਂ ਉਖੜੇ ਹੋਏ ਹਨ। ਇਨ੍ਹਾਂ ਦੀ ਅਸਹਿਜ , ਅਸ਼ਾਂਤ ਅਤੇ ਅਸਥਿਰ ਮਾਨਸਿਕਤਾ ਲਈ ਜਿਸ ਕਿਸਮ ਦੀ ਗੁੰਝਲਦਾਰ ਕਥਾ ਭਾਸ਼ਾ ਦੀ ਲੋੜ ਹੈ ਲਾਲ ਸਿੰਘ ਦੀ ਭਾਸ਼ਾ ਦੀ ਲੋੜ ਨੂੰ ਪੂਰਾ ਕਰਦਾ ਹੈ । ਕਈ ਵਾਰ ਗੁੰਝਲਦਾਰ ਕਥਾ ਜੁਗਤਾਂ ਦੀ ਸ਼ਿਕਾਰ ਹੋ ਕੇ ਉਸਦੀ ਕਹਾਣੀ ਰਵਾਨੀ ਰਹਿਤ ਅਤੇ ਕਥਾ ਰਸ ਤੋਂ ਵਿਰਵੀ ਹੁੰਦੀ ਜਾਂਦੀ ਹੈ । ਪਰ ਲੇਖਕ ਦੀ ਪ੍ਰਗਤੀਵਾਦੀ ਅਤੇ ਮਾਨਵਵਾਦ ਲਈ ਪ੍ਰਤੀਬੱਧਤਾ ਪਾਠਕਾਂ ਨੂੰ ਜ਼ਿੰਦਗੀ ਜੀਉਣ ਦਾ ਕੋਈ ਨਾਲ ਕੋਈ ਰਸਤਾ ਪ੍ਰਦਾਨ ਕਰਦੀ ਨਵੀਆਂ ਚਿੰਤਨੀ ਦਿਸ਼ਾਵਾਂ ਨਾਲ ਜੋੜਦੀ ਹੈ ।
ਉਪਰੋਤਕ ਚਰਚਾ ਦੇ ਪ੍ਰਸੰਗ ਵਿੱਚ  ਲਾਲ ਸਿੰਘ ਦੀ ਵਿਚਾਰ ਅਧੀਨ ਪੁਸਤਕ “ਸੰਸਾਰ ” ਦੇ ਕੇਂਦਰੀ ਥੀਮ ਵੀ ਸਮਕਾਲ ਦੇ ਸੰਸਾਰੀਕਰਨ ਦੇ ਵਰਤਾਰੇ ਦੀ ਗ੍ਰਿਫਤ ਵਿੱਚ ਆਏ ਪੰਜਾਬੀ ਜਨ ਜੀਵਨ, ਸੂਚਨਾ ਸੰਚਾਰ ਸਾਧਨਾਂ ਦੇ ਵਹਿਣ ਵਿੱਚ ਰੁੜੀ ਜਾਂਦੀ ਨੌਜਵਾਨ ਪੀੜ੍ਹੀ ਦੇ ਦੁਖਾਂਤ , ਨਵ ਪੂੰਜੀਵਾਦ ਤੋਂ ਪੈਦਾ ਉਪਭੋਗਤਾਵਾਦੀ ਰੁਝਾਨਾਂ ਅਤੇ ਲੋਕ ਪੱਖੀ ਲਹਿਰਾਂ ਦੀ ਸਿਧਾਂਤਕ ਵਿਹਾਰਕ ਵਿੱਥ ਤੋਂ ਉਪਜੇ ਸੰਤਾਪ ਅਤੇ ਸੱਤਾ ਦੇ ਸ਼ੋਸ਼ਣ ਵਿੱਚ ਪਿਸਦੇ ਪੰਜਾਬੀ ਬੰਦੇ ਦੇ ਸਹਿਜ ਜੀਵਨ ਵਿੱਚ ਆਈ ਅਸਹਿਜਤਾ ਦੇ ਵਿਖਿਆਨ ਪੇਸ਼ ਕਰਨਾ ਹੈ। ਪੁਸਤਕ ਵਿੱਚ ਲਾਲ ਸਿੰਘ ਆਪਣੇ ਪਾਤਰਾਂ ਦੀ ਸਿਰਜਣ ਪ੍ਰਕਿਰਿਆ ਬਾਰੇ ਲਿਖਦਾ ਹੈ –“ ਸਮਾਜ ਦੇ ਵਿਸ਼ਵੀਕਰਨ ਦੇ ਵਰਤਾਰੇ ਨੇ, ਸੂਚਨਾ ਤਕਨਾਲੋਜੀ ਦੇ ਤੇਜ਼ਤਰਾਰ ਯੁੱਗ ਵਿੱਚ ਨਵ-ਪੂੰਜੀਵਾਦ ਦੇ ਕਰੂਰ ਪਰਪੰਚ ਨੇ,ਮਨੁੱਖ ਦੀ ਬੌਧਿਕਤਾ ,ਮਾਨਸਿਕਤਾ ਤੇ ਭਾਵੁਕਤਾ ਦੇ ਸਮੀਕਰਨ ਨਿਘਾਰ ਦੀ ਸਭ ਤੋਂ ਹੇਠਲੀ ਹੱਦ ਤੱਥ ਉਥਲ ਪੁਥਲ ਕਰ ਦਿੱਤੇ ਹਨ । “
ਲਾਲ ਸਿੰਘ ਦੀ ਕਹਾਣੀ ਦੀ ਵੱਖਰਤਾ ਨੇ ਸੰਸਾਰੀਕਰਨ ਤੋਂ  ਪੈਦਾ ਹੋਈ ਪਿਛਲੇ ਦੋ ਦਹਾਕਿਆਂ ਦੀ ਉਥਲ ਪੁਥਲ ਦਾ ਮਾਰਮਿਕ ਅਤੇ ਚਿੰਤਨੀ ਬਿਰਤਾਂਤ ਪੇਸ਼ ਕੀਤਾ ਹੈ । ਉਸਦੇ ਕਥਾ ਸੰਸਾਰ ਵਿੱਚ ਭੂਤਕਾਲ ਨੂੰ ਨਮਸਕਾਰ ਅਤੇ ਵਰਤਮਾਨ ਨੂੰ ਤ੍ਰਿਸਕਾਰਨ ਦੀ ਰੂੜੀ ਮੌਜੂਦ ਹੈ ।ਇਸੇ  ਤਹਿਤ ਉਹ ਦੇਸ਼ ਦੀ ਆਜ਼ਾਦੀ ਅਤੇ ਸਮਾਰਾਜੀ ਕੈਦ ਤੋਂ ਮੁਕਤੀ ਲਈ ਜੂਝਦੀਆਂ ਰਹੀਆਂ ਗ਼ਦਰ ਲਹਿਰ, ਕਿਰਤੀ ਕਿਸਾਨ ਲਹਿਰ ਅਤੇ ਹੋਰ ਲੋਕ ਪੱਖੀ ਤਹਿਰੀਕਾਂ ਦੀ ਸਿਮਰਤੀ ਕਰਦਾ ਹੈ ਅਤੇ ਸਮਕਾਲ ਦੇ ਵਿਸ਼ਵੀਕਰਨ ਵਾਲੇ ਵਰਤਾਰਿਆਂ ਵਿੱਚ ਮਨੁੱਖ ਦੀ ਹੋਂਦ ਨੂੰ ਦਰਪੇਸ਼ ਸੰਕਟਾਂ ‘ਤੇ ਰੁਦਨ ਕਰਦਾ ਹੈ । ‘ਗ਼ਦਰ ’ ਕਹਾਣੀ ਵਿੱਚ ਉਹ ‘ ਗ਼ਦਰ ’ਸ਼ਬਦ ਦੇ ਅਰਥਾਂ ਉੱਤੇ ਸਵਾਲੀਆਂ ਚਿੰਨ੍ਹ ਲਗਾਉਂਦਾ ਹੈ । ਪੰਜਾਬ ਦੇ ਬਸਤੀਵਾਦੀ ਇਤਿਹਾਸ ਵਿੱਚ ਗ਼ਦਰ ਲਹਿਰ ਦੀ ਵਡੇਰੀ ਭੂਮਿਕਾ ਦੇ ਬਾਵਜੂਦ ਲੋਕ ਮਨਾਂ ਵਿੱਚ ਗ਼ਦਰ ਸ਼ਬਦ ਦੀ ਨਕਾਰਤਮਿਕ ਭੂਮਿਕਾ ਉਸਦੇ ਕਥਾ ਚਿੰਤਨ ਦਾ ਅਹਿਮ ਸਰੋਕਾਰ ਹੈ ।ਆਜ਼ਾਦੀ ਦੀ ਲਹਿਰ ਵਿੱਚ ਗ਼ਦਰੀ ਬਾਬਿਆਂ ਦੇ ਇਨਕਲਾਬੀ ਯੋਗਦਾਨ ਦੇ ਬਾਵਜੂਦ ਇਹ ਲਹਿਰ ਭਾਰਤ ਦੇ ਆਜ਼ਾਦੀ ਸੰਗਰਾਮ ਦੀ ਇਤਿਹਾਸਕਾਰੀ ਵਿੱਚ ਇਕ ਹਾਸ਼ੀਆ ਹੰਢਾਉਂਦੀ ਰਹੀ ਹੈ । ਲਾਲ ਸਿੰਘ ਹਾਸ਼ੀਏ ਦੇ ਕਾਰਨ ਤਲਾਸ਼ਣ ਦੀ ਥਾਂ ਸਮਕਾਲ ਦੀ ਨਿਆਂ ਪਾਲਿਕਾ , ਕਾਰਜ ਪਾਲਿਕਾ ਅਤੇ ਵਿਧਾਨ ਪਾਲਿਕਾ ਦੀ ਕਾਰਗੁਜ਼ਾਰੀ ‘ਤੇ ਪ੍ਰਸ਼ਨ ਚਿੰਨ ਉਠਾਉੱਦਾ ਹੈ । ਉਹ ਗ਼ਦਰੀ ਬਾਬਿਆਂ ਨੂੰ ਗ਼ਦਰ ਸ਼ਬਦ ਦੇ ਰਵਾਇਤੀ ਅਰਥ ਤਬਦੀਲ ਕਰਕੇ ਬਸਤੀਵਾਦੀ ਸੱਤਾ ਦੇ ਸ਼ੋਸ਼ਨ ਤੋਂ ਲੋਕਾਂ ਨੂੰ ਆਜ਼ਾਦ ਕਰਾਉਣ ਪੱਖੋਂ ਸਿਮਰਦਾ ਹੈ ਪਰ ਸਮਕਾਲ ਦੇ ਭ੍ਰਿਸ਼ਟ ਤੰਤਰ ਦੌਰਾਨ ਲੋਕਤੰਤਰ ਵਿੱਚ ‘ਗ਼ਦਰ ’ ਪਾਉਣ ਵਾਲੇ ਸਰਕਾਰੀ ਅਫ਼ਸਰਾਂ , ਅਧਿਆਪਕਾਂ ਅਤੇ ਅਖੌਤੀ ਆਗੂਆਂ ਦੇ ਕਿਰਦਾਰ ਦੀ ਨਿੰਦਾ ਕਰਦਾ ਹੈ । ਕਹਾਣੀ ਵਿਚਲਾ ਉੱਤਮ ਪੁਰਖੀ ਪਾਤਰ ਇਕ ਪਰਵਾਸੀ ਲੇਖਕ ਹੈ ਜੋ ਕਿ ਪੰਜਾਬ ਵਿੱਚ ਆ ਕੇ ਯੂਨੀਵਰਸਿਟੀਆਂ ਵਿਚ ਫੈਲੇ ਅਕਾਦਮਿਕ ਭ੍ਰਿਸ਼ਟਾਚਾਰ, ਪਰਵਾਸੀਆਂ ਦੀਆਂ ਜ਼ਮੀਨਾਂ ਦੱਬੀ ਬੈਠੇ ਮਾਫੀਏ ਸਰਮਾਏਦਾਰਾਂ , ਪੁਲੀਸ ਅਤੇ ਨਿਆਂ ਪਾਲਿਕਾ  ਦੀ ਰਿਸ਼ਵਤਖੋਰੀ ਦੇਖ ਕੇ ਸੁੰਨ ਹੋ ਜਾਂਦਾ ਹੈ ।ਕਹਾਣੀ ਦਾ ਗ਼ਦਰੀ ਬਜ਼ੁਰਗ ਪਾਤਰ ਉਧੋ ਸਮਕਾਲ ਦੀ ਇਸੇ ਆਪਾਧਾਪੀ ਨੂੰ ਦੇਖ ਕੇ ਗੁੰਮਨਾਮੀ ਮੌਤ ਮਰ ਜਾਂਦਾ ਹੈ ਅਤੇ ਕਹਾਣੀ ਦੇ ਮੁੱਖ ਪਾਤਰ ਦੀ ਮਨਬਚਨੀ ਵਰਤਮਾਨ ਦੇ ਸਮਾਜਿਕ ਯਥਾਰਥ ਦੀ ਇਸ ਕਰੂਰਤਾ ਅੱਗੇ ਕਹਾਣੀ ਦੇ ਅੰਤ ਵਿਚ ਇੱਕ ਵਿਸਫੋਟ ਬਣ ਕੈ ਉਭਰਦੀ ਹੈ ।
"ਗਦਰੀ ਤੁਸੀ ਨਹੀਂ, ਆਹ ਹੁਣ ਦਾ ਅਮਲਾ ਫੈਲਾ....ਹੁਣ ਦਾ ਲਾਣਾ ਐ ਪੂਰਾ ਗੰਦ ਗਦਰੀ । ਇਹਨਾਂ ਤਾਂ ਤੁਹਾਡੇ ਮਿਸ਼ਨ ਤੁਹਾਡੀ ਲਹਿਰ ਨੂੰ ਪੂਰੀ ਤਰ੍ਹਾਂ ਕਲੰਕਤ ਹੀ ਕਰ ਛੱਡਿਆ । ਤੁਸੀਂ .....ਤਾਂ ਅਠਾਰਾਂ ਸਤਵੰਜਾਂ ਦੀ ਜੰਗ ਨੂੰ ਸਲਾਮ ਕੀਤੀ ਸੀ ਇਕ ਤਰ੍ਹਾਂ ਨਾਲ। ਅਧਵਾਟੇ ਰੁਕੇ ਕਾਰਜ ਨੂੰ ਅੱਗੇ ਤੋਰਿਆ ਸੀ ਗਹਿ ਗੱਚ ਖੁੱਭ ਕੇ। ਤੁਸੀਂ....ਤੁਸੀਂ ਤਾਂ ਗ਼ਦਰ ਸ਼ਬਦ ਦੇ ਨਾਂਹ ਵਾਚੀ ਅਰਥ ਹੀ ਤਬਦੀਲ ਕਰ ਦਿੱਤੇ ਸਨ ਮੁੱਢੋਂ ਸੁੱਢੋਂ। ਪਰ ਅਸੀਂ ਪਤਾ ਨੀਂ ਕਿਦੀ ਰੀਸੇ ਤੁਹਾਨੂੰ ਮੁਕਤੀ ਕਾਮਿਆਂ ਨੂੰ , ਬੇ-ਦਾਗ, ਬੇਲਾਗ ਯੋਧਿਆਂ , ਸੂਰਬੀਰਾਂ ਨੂੰ ਗ਼ਦਰੀ ਆਖਦੇ ਰਹੇ ਐਨਾ ਚਿਰ । ਹੱਦ ਹੋਈ ਪਈ ਆ ਸਾਡੇ ਆਲੀ। “
ਲਾਲ ਸਿੰਘ ਦੀ ਇਕ ਕਹਾਣੀ ‘ਆਪੋ ਆਪਣੇ ਮੁਹਾਜ਼ ’ ਵੀ ਇਸੇ ਵਿਚਾਰਧਾਰਾ ਆਧਾਰ ਵਾਲੀ ਹੈ ਜਿਸ ਵਿੱਚ ਸੀਮਤ ਸਾਧਨਾਂ ਨਾਲ ਆਜ਼ਾਦੀ ਦੇ ਅਸੀਮਤ ਸੁਪਨੇ ਨੂੰ ਦੇਖਣ ਅਤੇ ਪੂਰਾ ਕਰਨ ਲਈ ਉੱਠੀਆਂ ਪੰਜਾਬ ਦੀਆਂ ਜੁਝਾਰੂ ਇਨਕਲਾਬੀ ਲਹਿਰਾਂ ਦੀ ਵਿਚਾਰਧਾਰਾ ਨੂੰ ਸਮਕਾਲੀ ਸਮਿਆਂ ਦੇ ਪ੍ਰਸੰਗ ਵਿੱਚ ਸੰਵਾਦੀ ਬਣਾਇਆ ਮਿਲਦਾ ਹੈ । ‘ਆਪੋ ਆਪਣੇ ਮੁਹਾਜ਼ ’ ਕਹਾਣੀ ਵਿਚ ਮੌਜੂਦਾ ਸਮੇਂ ਅੰਦਰ ਰਾਜਨੀਤੀ ਵਿੱਚ ਪਰਿਵਾਰਵਾਦ, ਭ੍ਰਿਸ਼ਟ ਤੰਤਰ ਅਤੇ ਬੇਰੁਜ਼ਗਾਰੀ ਕਾਰਨ ਦਿਸ਼ਾਹੀਣਤਾ ਭੋਗਦੀ ਨੌਜਵਾਨ ਪੀੜ੍ਹੀ ਦੀ ਸੰਵੇਦਨਾ ਦਾ ਵਰਨਣ ਹੈ ।ਕਹਾਣੀ ਦਾ ਅਨਯ ਪੁਰਖੀ ਪਾਤਰ ਬਿੰਦਰ ਇਕ ਬੇਰੁਜ਼ਗਾਰ ਨੌਜਵਾਨ ਹੈ ਜਿਹੜਾ ਬੇਰੁਜ਼ਗਾਰੀ ਭੋਗਦਾ ਆਪਣੀ ਪਛਾਣ ਦੇ ਸੰਕਟਾਂ ਨਾਲ ਜੂਝਦਾ ਹੈ । ਇਨ੍ਹਾਂ ਸੰਕਟਾਂ ਦੇ ਮੋਚਨ ਲਈ ਆਖਿਰ ਉਹ ਬਾਬਾ ਸੋਹਨ ਸਿੰਘ ਭਕਨਾ , ਬੀਬੀ ਗੁਲਾਬ ਕੌਰ ਅਤੇ ਹੋਰ ਆਗੂਆਂ ਦੀ ਕੁਰਬਾਨੀ ਤੋਂ ਸੇਧ ਲੈਂਦਾ ਇਨ੍ਹਾਂ ਨਾਲ ਇਕ ਰਿਸ਼ਤਾ ਦੀ ਗੰਢ ਵਾਲੇ ਅਹਿਸਾਸ ਵਿੱਚੋਂ ਗੁਜ਼ਰਦਾ ਹੈ । ਇਨ੍ਹਾਂ ਕਹਾਣੀਆਂ ਵਿਚ ਲਾਲ ਸਿੰਘ ਇਕ ਪਾਸੇ ਇਨਕਲਾਬੀ ਚੇਤਨਾ ਵਾਲੇ ਪੰਜਾਬੀ ਬੰਦੇ ਦੀ ਜੁਝਾਰੂ ਤਾਸੀਰ ਨੂੰ ਪੇਸ਼ ਕਰਦਾ ਹੈ ਦੂਜੇ ਪਾਸੇ ਉਨ੍ਹਾਂ ਹਾਲਾਤ‘ਤੇ ਕਟਾਖ਼ਸ਼ ਕਰਦਾ ਹੈ ਜਿਨ੍ਹਾਂ ਕਰਕੇ ਉੱਚੇ ਆਦਰਸ਼ਾਂ ਲਈ  ਉੱਠਦੀਆਂ ਲਹਿਰਾਂ ਦੇ ਅਖੌਤੀ ਆਗੂ ਸੱਤਾ ਦੇ ‘ਲੂਣ ਦੇ ਪਹਾੜ ’ ਵਿੱਚ ਰਚ ਮਿਚ ਜਾਂਦੇ ਰਹੇ ਜਦ ਕਿ ਕੁਰਬਾਨੀਆਂ ਦੇਣ ਵਾਲੇ ਆਗੂਆਂ ਨੂੰ ਗੁੰਮਨਾਮੀ ਤੋਂ ਵੱਧ ਕੁਝ ਨਹੀ ਮਿਲਿਆ।  
ਲੇਖਕ ਦੀਆਂ ਕਹਾਣੀਆਂ ਨੇ ਵਰਤਮਾਨ ਦੇ ਨਵ ਪੂੰਜੀਵਾਦੀ ਸਮਾਜ ਵਿਚ ਸ਼ਹਿਰਾਂ ਅਤੇ ਕਸਬਿਆਂ ਵਿਚ ਉਸਰਦੀ ਖਪਤਵਾਦੀ ਜੀਵਨ ਜਾਂਚ ਨੂੰ ਵੀ ਆਪਣੀ ਕਥਾ ਚੇਤਨਾ ਦਾ ਹਿੱਸਾ ਬਣਾਇਆ ਹੈ । ਖ਼ਪਤਵਾਦੀ ਸਭਿਆਚਾਰ ਨੇ ਪੰਜਾਬੀਆਂ ਦੀ ਜ਼ਿੰਦਗੀ ਵਿੱਚ ਮੇਲੇ ਮਾਨਣ ਆਏ ਹੋਣ ਦੀ ਸੰਸਕ੍ਰਿਤਕ ਰੂੜ੍ਹੀ ਨੂੰ ਉਪਭੋਗਤਾਵਾਦ ਦੀ ਨਵੀਂ ਹਵਾ ਦਿੱਤੀ ਹੈ। ਲਾਲ ਸਿੰਘ ਕਿਰਤੀ ਸਭਿਆਚਾਰ ਵਾਲੇ ਪੰਜਾਬੀਆਂ ਦੀ ਨਵੀਂ ਉਪਭੋਗੀ ਜੀਵਨ ਜਾਂਚ ਪਿੱਛੇ ਕਾਰਪੋਰੇਟੀ ਪ੍ਰਬੰਧ ਦਾ ਜਾਣਕਾਰ ਹੈ। ਉਸਦੀਆਂ ਕਹਾਣੀਆਂ ਵਿਚ ਕਾਰਪੋਰੇਟ ਸੈਕਟਰ ਦਾ ਬਿੰਬ ਜੁਬਾੜ੍ਹੇ ਕਹਾਣੀ ਵਿੱਚ ‘ਜੁਬਾੜ੍ਹੇ ’ ਦੇ ਰੂਪਕ ਨਾਲ ਪੇਸ਼ ਹੋਇਆ ਹੈ। ਸੱਤਾ ਦਾ ਧਰਮ ਅਤੇ ਕਾਰਪੋਰੇਟ ਸੈਕਟਰ ਨਾਲ ਨਾਪਾਕ ਗਠਜੋੜ ਸਮੁੱਚੀ ਲੋਕਾਈ ਲਈ ਕਿੰਨਾ ਖਤਰਨਾਕ ਹੈ ਇਸਦੇ ਕਥਾ ਵੇਰਵੇ ਜੁਬਾੜੇ ਕਹਾਣੀ ਵਿਚ ਦਰਜ ਹਨ । ਕਾਰਪੋਰੇਟ ਸੈਕਟਰ ਨੇ ਕਿਸਾਨਾਂ ਦੀਆਂ ਉਪਜਾਊ ਜ਼ਮੀਨਾਂ ਵਿਚ ਮੈਰਿਜ ਪੈਲਸ , ਰਿਜ਼ੋਰਟ , ਮਾਲਜ਼ ਅਤੇ ਹਾਬੜ ਉਸਾਰੀ ਨੇ ਅਖੌਤੀ ਵਿਕਾਸ ਮਾਡਲ ਦਾ ਮਾਰੂ ਅਧਿਆਇ ਸ਼ੁਰੂ ਕਰ ਦਿੱਤਾ ਹੈ । ਕਹਾਣੀ ਵਿੱਚ ਜ਼ਮੀਨਾਂ ਦੇ ਉਜਾੜੇ, ਖੇਤੀ ਦੀ ਮੰਦਹਾਲੀ ਅਤੇ ਸਰਕਾਰਾਂ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਕਰਕੇ ਰਾਮਗੋਪਾਲ ਅਤੇ ਮਹਿੰਗਾ ਰਾਮ ਵਰਗੇ ਪਾਤਰ ਆਪਣੇ ਦੇਸ਼ ਵਿੱਚ ਇਕ ਬੇਗਾਨਗੀ ਦੇ ਅਹਿਸਾਸ ਵਿੱਚੋਂ ਗੁਜ਼ਰਦੇ ਹਨ ।ਕਹਾਣੀ ਵਿਚ ਕਾਰਪੋਰੇਟ ਸੈਕਟਰ ਦਾ ਵਰਤਾਰਾ ਕਸਬਿਆਂ ਅੰਦਰ ਛੋਟੇ ਵਪਾਰੀ , ਮਧਲੇ ਕਿਸਾਨ ਅਤੇ ਮਿਹਨਤਕਸ਼ ਵਰਗਾਂ  ਨੂੰ ਨਿਗਲਦਾ ਦਿਖਾਇਆ ਗਿਆ ਹੈ ਜਿਸ ਨਾਲ ਲੋਕਾਂ ਦੀ ਆਪਸੀ ਸਾਂਝ , ਮਿਲਵਰਤਨ ਅਤੇ ਸਹਿਹੋਂਦ ਦੀ ਭਾਵਨਾ ਖਤਮ ਹੁੰਦੀ ਦਿਸਦੀ ਹੈ । ਪੂੰਜੀਵਾਦੀ ਵਿਸ਼ਵੀਕਰਨ ਦਾ ਇਕ ਚਿਹਰਾ ਸਮਾਜਿਕ ਵਿਵਸਥਾ ਨੂੰ ਜੋੜਨ ਦੀ ਥਾਂ ਤੋੜਨ ਦੀ ਭੂਮਿਕਾ ਨਿਭਾਉੱਦਾ ਪੇਸ਼ ਕਰਕੇ ਲੇਖਕ ਨੇ ‘ਤੀਸਰਾ ਸ਼ਬਦ ’ ਕਹਾਣੀ ਵਿਚ ਜਾਤੀ ਵਿਵਸਥਾ ਨਾਲ ਉਪਜਦੇ ਮਾਨਸਿਕ ਸੰਤਾਪ ਦੀਆਂ ਤੰਦਾ ਫੜਨ ਦਾ ਯਤਨ ਕਰਕਾ ਹੈ । ਸਮਕਾਲ ਅੰਦਰ ਦਲਿਤ ਸੰਘਰਸ਼ ਜਿਸ ਕਿਸਮ ਦੇ ਜਾਤੀਗਤ ਟਕਰਾਅ ਅਤੇ ਧਾਰਮਿਕ ਘੁੰਮਣਘੇਰੀ, ਬੌਧਿਕ ਕੰਗਾਲੀ ਵਿਚਾਰਧਾਰਕ ਧੁੰਦਵਾਦ ਵਿੱਚੋ ਗੁਜ਼ਰ ਰਿਹਾ ਹੈ ਉਸਦਾ ਇਕ ਪੱਖ ‘ਤੀਸਰਾ ਸ਼ਬਦ ’ ਕਹਾਣੀ ਵਿਚ ਦਰਜ਼ ਹੈ । ਲੇਖਕ ਦਾ ਦਲਿਤ ਪਾਤਰ ਨੌਕਰੀਪੇਸ਼ਾ ਮੱਧਸ਼੍ਰੇਣੀ ਵਿੱਚੋਂ ਹੈ ਜਿਹੜਾ ਕਿ ਅਗਲੀ ਪੀੜ੍ਹੀ ਨੂੰ ਜਾਤੀ ਚੇਤਨਾ ਨਾਲੋਂ ਜਮਾਤੀ ਚੇਤਨਾ ਦੇ ਵੱਡੇ ਸੰਕਲਪ ਨਾਲ ਜੋੜ ਕੇ ਉਨ੍ਹਾਂ ਦਾ ਮੁਕਤੀ ਮਾਰਗ ਬਣਨ ਦਾ ਯਤਨ ਕਰਦਾ ਹੈ ।ਸਾਰੀ ਉਮਰ ਜਾਤੀਗਤ ਪਛਾਣ ਦੇ ਲੇਬਲ ਹੇਠਾਂ ਉਮਰ ਕੱਟ ਕੇ ਉਹ ਗੁੰਮਨਾਮੀ ਜ਼ਰੂਰ ਹੰਢਾਉਂਦਾ ਹੈ ਪਰ ਵਿਚਾਰਧਾਰਾ ਪੱਖੋਂ ਉਹ ਸਮਕਾਲੀ ਦੀ ਦਲਿਤ ਲਹਿਰ ਨੂੰ ਜਾਤਵਾਦੀ ਸਿਆਸਤ ਤੱਕ ਸਿਮਟਾ ਕੇ ਰੱਖਣ ਵਾਲੀ ਸੱਤਾਧਾਰੀ ਨੀਤੀ ਦਾ ਵੀ ਜਾਣੂੰ ਹੈ। ਲਾਲ ਸਿੰਘ ਦੀ ਇਸ ਕਹਾਣੀ ਦਾ ਕੇਂਦਰੀ ਪਾਤਰ ਬੇਸ਼ੱਕ ਸਮਕਾਲੀ ਦਲਿਤ ਕਹਾਣੀ ਦੇ ਚਰਚਿਤ ਪਾਤਰ ਵਾਂਗ ਸ਼ਹਿਰੀ ਮੱਧਵਰਗੀ ਸ਼੍ਰੇਣੀ ਵਿੱਚੋਂ ਹੈ ਪਰ ਇਹ ਪਾਤਰ ਦਲਿਤ ਕਹਾਣੀ ਦੇ ਰਵਾਇਤੀ ਪਾਤਰ ਵਾਂਗ ਰੈਡੀਕਲ ਵਿਰੋਧ ਵਾਲਾ ਨਹੀਂ ਸਗੋਂ ਚਿੰਤਨ ਕਰਦਾ ਹੋਇਆ ਧਰਮ ਅਤੇ ਰਾਜਨੀਤੀ ਦੀ ਸੱਤਾ ਵੱਲੋਂ ਲੋਕਾਂ ਨੂੰ ਇਕ ਦੂਜੇ ਤੋਂ ਤੋੜ ਕੇ ਰੱਖਣ ਵਾਲੀ ਵਿਚਾਰਧਾਰਾ ਦਾ ਜਾਣੂੰ ਹੈ ਦੂਜੇ ਪਾਸੇ ਦਲਿਤ ਲਹਿਰ ਵਿਚ ਪੈਦਾ ਹੋ ਰਹੇ ਬ੍ਰਾਹਮਣਵਾਦ ਦਾ ਵੀ ਨਿੰਦਕ ਹੈ ।
“....ਸਭ ਕੁਝ ਜਾਣਦਿਆਂ ਬੁਝਦਿਆਂ ਵੀ ਆਪਾਂ ਸਾਧਾਂ ਦੀ ਸਿਆਸਤ ਨੂੰ ਇਲਾਹੀ ਹੁਕਮ ਮੰਨ ਲਿਆ। ਇਕ ਪਾਸੇ ਤਾਂ ਆਪਾਂ ਆਪਣੇ ਉਪਰ ਥੋਪੇ ਗਏ ਜਾਤ ਪ੍ਰਬੰਧ ਤੋਂ ਬਾਗੀ ਹੋਣ ਲਈ ਤਰਲੋਮੱਛੀ ਹੋਈ ਬੈਠੇ ਆ , ਦੂਜੇ ਪਾਸੇ ਉਹਨਾਂ ਵਰਗਾ ਹੀ ਜਾਤ ਅਭਿਆਨ ਸਿਰ ‘ਤੇ ਚੁੱਕੀ ਫਿਰਦੇ ਆ। ....ਬੱਸ ਐਸੇ ਗੱਲੋਂ ਮਾਰ ਖਾਨੇ ਆਂ ਅਸੀਂ ਲੋਕੀਂ। “
 ਲਾਲ ਸਿੰਘ ਇਸ ਕਹਾਣੀ ਦਾ ਕੇਂਦਰੀ ਪਾਤਰ ਸਿਰਜਦਿਆ ਉਹ ਕਹਾਣੀਕਾਰ ਅਤੇ ਪਾਤਰ ਦੀ ਵਿੱਥ ਵੀ ਮਿਟਾ ਗਿਆ ਹੈ ।ਇਸ ਤੋਂ ਇਲਾਵਾ ਵੀ ਉਹ ਬਿਰਤਾਂਤਕਾਰੀ ਵਿਚ ਹੋਰ ਵੀ ਕਈ ਥਾਂ ਸਿੱਧਾ ਦਖ਼ਲ ਦਿੰਦਾ ਹੈ ਅਤੇ ਉਸਦੀ ਕਹਾਣੀ ਸਹਿਜਤਾ ਤੋਂ ਟੁੱਟ ਕੇ ਭਾਸ਼ਣੀ ਸੁਰ ਅਖ਼ਤਿਆਰ ਕਰ ਜਾਂਦੀ ਹੈ ।ਉਸਦੇ ਹੋਰ ਕਲਾ ਦੋਸ਼ਾਂ ਵਿੱਚ ਉਸਦੀ ਕਹਾਣੀ ਦਾ ਪਾਠਕ ਨਿਰੋਲ ਪਾੜਾ ਬਣ ਕੇ ਰਹਿ ਜਾਂਦਾ ਹੈ ਅਤੇ ਕਹਾਣੀ ਦੀਆਂ ਸਥਿਤੀਆਂ ਇੰਨੀਆਂ ਜਟਿਲ ਅਤੇ ਪੀਡੀਆਂ  ਹੋ ਜਾਂਦੀਆਂ ਹਨ ਕਿ ਪਾਠਕ ਦੀ ਆਪਣੀ ਕਲਪਨਾ ਸ਼ਕਤੀ ਮੌਨ ਹੋ ਜਾਂਦੀ ਹੈ । ਲਾਲ ਸਿੰਘ ਵਾਂਗ ਚੌਥੇ ਪੜਾਅ ਦੇ ਹੋਰ ਵੀ ਕਈ ਕਹਾਣੀਕਾਰ ਪਾਠਕਾਂ ਨੂੰ ਕਹਾਣੀ ਵਿਚ ਉਭਰਨ ਦਾ ਮੌਕਾ ਨਹੀ ਦਿੰਦੇ ਅਤੇ ਉੱਤਮ ਪੁਰਖੀ ਪ੍ਰਵਚਨ ਦੀਆਂ ਭਾਰੂ ਇਕਪਾਸੜੀ ਸੁਰਾਂ ਪੈਦਾ ਕਰਦੇ ਹਨ।
ਘੜਮੱਸ ਅਤੇ ਗੜਬੜੀ ਦੇ ਦੌਰ ਵਿਚ ਸਮਕਾਲੀ ਵਸਤੂ ਵਰਤਾਰਿਆਂ ਦੀ ਪੇਸ਼ਕਾਰੀ ਕਰਦਿਆਂ ਲਾਲ ਸਿੰਘ ਜਿਸ ਕਥਾ ਭਾਸ਼ਾ ਦੀ ਸਹਾਇਤਾ ਲੈਂਦਾ ਹੈ ਉਹ ਦੁਆਬੀ ਆਂਚਲਿਕਤਾ ਵਾਲੀ ਅਤੇ ਵਿਆਕਰਣ ਪੱਖੋਂ ਸਥਾਪਿਤ ਪ੍ਰਤਿਮਾਨਾਂ ਨੂੰ ਉਲੰਘਦੀ ਹੈ। ਸਮਾਸੀ ਸ਼ਬਦਾਂ ਦੀ ਵਰਤੋਂ ਕਰਕੇ ਉਹ ਗਲਪ ਦੀ ਭਾਸ਼ਾ ਦੇ ਨਵੇਂ ਪ੍ਰਯੋਗ ਕਰਦਾ ਹੈ। ਪਾਤਰਾਂ ਦੇ ਮੌਲਿਕ ਉਚਾਰ ਫੜਨ ਲਈ ਲੇਖਕ ਪਾਤਰਾਂ ਦੀ ਸਮਾਜਿਕ ਮਾਨਸਿਕ ਸਥਿਤੀ ਦੇ ਅਨੁਸਾਰ ਭਾਸ਼ਾ ਦੀ ਵਰਤੋਂ ਕਰਦਾ ਹੈ। ਲਾਲ ਸਿੰਘ ਦੇ ਕਥਾ ਪਾਤਰ ਟਾਕਰਵੇਂ ਬੋਲਾਂ ਨਾਲ ਭਰੇ ਪਏ ਹਨ, ਉਨ੍ਹਾਂ ਅੰਦਰ ਇਕੋ ਵਾਰ ਕਈ ਕਈ ਆਵਾਜ਼ਾਂ ਨਿਰੰਤਰ ਚੱਲਦੀਆਂ ਹਨ, ਇਹ ਸਮਕਾਲੀ ਬੰਦੇ ਦੀ ਹੋਣੀ ਹੈ ਜਿੱਥੇ ਪੰਜਾਬੀ ਬੰਦਾ ਸਾਲਮ ਸੂਰਤ ਸ਼ਖਸ਼ੀਅਤ ਦੀ ਥਾਂ ਖੰਡ ਖੰਡ ਹੋ ਕੇ ਵਿਚਰ ਰਿਹਾ ਹੈ। ਲਾਲ ਸਿੰਘ ਦੇ ਕਥਾ ਪਾਤਰ ਇਕ ਗੈਲਰੀ ਸਿਰਜਦੇ ਹਨ ਉਹ ਵਰਤਮਾਨ ਦੀਆਂ ਗੜਬੜੀਆਂ  ਵਿਚ ਗੁੰਮਨਾਮੀ , ਮੰਦਹਾਲੀ ਅਤੇ ਬੇਗਾਨਗੀ ਭਰੇ ਅਹਿਸਾਸਾਂ ਵਿੱਚੋਂ ਗੁਜ਼ਰਦੇ ਹਨ ਪਰ ਆਖਿਰ ਸਮਾਜਿਕ ਯਥਾਰਥ ਨੂੰ ਭੇਦਣ ਲਈ ਉੱਠ ਖੜੋਂਤੇ ਹਨ। ਇਸਦਾ ਕਾਰਨ ਲੇਖਕ ਦਾ ਮਾਰਕਸੀ ਚਿੰਤਨ ਵਿਚ ਵਿਸ਼ਵਾਸ਼ ਹੈ ਜਿਹੜਾ ਕਿ ਪ੍ਰਗਤੀਵਾਦ ਦੇ ਵਡੇਰੇ ਸੰਕਲਪ ਨੂੰ ਪ੍ਰਣਾਈ ਹੈ ਜਿਸ ਵਿਚ ਕਮਿਉਨਿਸਟ ਵਿਚਾਰਧਾਰਾ ਦਾ ਸੰਵਾਦ ਕਈ ਕੋਣਾਂ ਤੋਂ ਪੇਸ਼ ਹੈ ਇਸੇ ਲਈ ਉਸਦੀ ਕਹਾਣੀ ਟਾਕਰਵੇਂ ਬੋਲਾਂ, ਉਤੇਜ਼ਕ ਸੰਵਾਦਾਂ, ਪਾਤਰਾਂ ਦੀਆਂ ਮਨੋਬਚਨੀਆਂ ਅਤੇ ਇਤਿਹਾਸ ਦੇ ਇਨਕਲਾਬੀ ਕਾਂਡਾਂ ਤੋਂ ਪ੍ਰੇਰਨਾ ਲੈ ਕੇ ਇਤਿਹਾਸ ਅਤੇ ਵਰਤਮਾਨ ਵਿਚ ਸਾਹ ਲੈਂਦੀ ਪ੍ਰਤੀਤ ਹੁੰਦੀ ਹੈ ।ਲਾਲ ਸਿੰਘ ਦੀ ਕਹਾਣੀ  ਦੇ ਟੂਲ ਬਾਕਸ ਵਿਚ ਪੰਜਾਬੀ ਦੀ ਜੁਝਾਰੂ ਇਤਿਹਾਸਕਾਰੀ ਸਾਹ ਲੈਂਦੀ ਹੈ ।ਉਹ ਸਿੱਖ ਇਤਿਹਾਸ ਦੇ ਪ੍ਰਸੰਗਾਂ, 1857 ਦੇ ਗ਼ਦਰ , ਗ਼ਦਰੀ ਬਾਬਿਆਂ, ਬੱਬਰ ਅਕਾਲੀਆਂ ਅਤੇ ਆਜ਼ਾਦੀ ਦੇ ਹੋਰ ਪਰਵਾਨਿਆਂ ਦੀ ਮਨੁੱਖ ਨੂੰ ਗੁਲਾਮੀ ਤੋਂ ਮੁਕਤ ਕਰਨ ਦੀ ਭਾਵਨਾ ਦਾ ਸਿੱਧਾ ਬੁਲਾਰਾ ਹੈ। ਸੱਤਾ ਦੇ ਗਲਿਆਰਿਆਂ ਵਿਚ ਕਾਬਜ਼ ਆਗੂਆਂ , ਸਰਮਾਏਦਾਰੀ ਦਲਾਲਾਂ , ਅਖੌਤੀ ਧਾਰਮਿਕ ਰਹਿਬਰਾਂ ਦੀ ਤਿੱਕੜੀ ਦੇ ਗਠਜੋੜ ਨੂੰ ਉਹ ਵੰਗਾਰਦਾ ਹੈ ਅਤੇ ਵਿਕਾਸ ਮਾਡਲ ਦੀ ਥਾਂ ਕਾਰਪੋਰੇਟ ਘਰਾਣਿਆਂ ਵੱਲੋਂ ਦੇਸ਼ ਦੇ ਵਿਨਾਸ਼ ਮਾਡਲ ਦੀ ਬਣਾਈ ਜਾ ਰਹੀ ਰੂਪ ਰੇਖਾ ਪ੍ਰਤੀ ਪੂਰਨ ਸੁਚੇਤ ਹੈ । ਲਾਲ ਸਿੰਘ ਸਚਮੁੱਚ ਸਮਕਾਲੀ ਕਹਾਣੀ ਦਾ ਲਾਲ ਹੈ ਜਿਸਦਾ ਲਗਾਤਾਰ ਲਿਖਦੇ ਰਹਿਣਾ ਅਤੇ ਵਰਤਮਾਨ ਦੇ ਵਰਤਾਰਿਆਂ ਨਾਲ ਅਪਡੇਟ ਰਹਿ ਕੇ ਮਨੁੱਖ ਮਾਰੂ ਪ੍ਰਬੰਧ ਨੂੰ ਵੰਗਾਰਨਾ ਇਸ ਕਿਤਾਬ ਦੀ ਵੱਡੀ ਸਾਰਥਿਕਤਾ ਹੈ ।
ਸੰਪਰਕ – 9417586028
www.lalsinghdasuya.yolasite.com ( Link ਸੰਸਾਰ )