Tuesday: 21st September 2021 at 07:38 pm WhatsApp
ਦਿਲ ਲਗਾ ਕੇ ਬੜੇ ਹੀ ਧਿਆਨ ਨਾਲ ਸੁਣਿਓ
ਛਿੰਦਰ ਕੌਰ ਸਿਰਸਾ ਵਿੱਚ ਰੇਡੀਓ ਦੀ ਦੁਨੀਆ ਨਾਲ ਜੁੜੇ ਹੋਏ ਹਨ। ਆਵਾਜ਼ ਦੀ ਦੁਨੀਆ ਨਾਲ ਉਹਨਾਂ ਦਾ ਨੇੜਲਾ ਰਾਬਤਾ ਹੈ। ਦਿਲ ਦਰਿਆ ਸਮੁੰਦਰੋਂ ਡੂੰਘੇ ਵਾਲੀ ਅਵਸਥਾ ਨੂੰ ਅਨੁਭਵ ਕਰਦਿਆਂ ਕਰਦਿਆਂ ਬਾਹਰਲੀ ਦੁਨੀਆ ਦੇ ਦਿਲਾਂ ਤੇ ਦਸਤਕ ਦੇਣੀ ਅਤੇ ਉਹਨਾਂ ਦੀ ਥਾਹ ਪਾ ਲੈਣੀ ਉਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਆਉਂਦੀ ਹੈ। ਰੇਡੀਓ ਦੇ ਇਸ ਸੁਹਜ ਭਰੇ ਕਲਾਤਮਕ ਕਿੱਤੇ ਵਿੱਚ ਖਾਮੋਸ਼ੀ ਵੀ ਬੜੀ ਜ਼ਰੂਰੀ ਹੁੰਦੀ ਹੈ-ਜਿਸ ਨੂੰ ਅੰਗਰੇਜ਼ੀ ਵਾਲੇ ਕਹਿੰਦੇ ਹੁੰਦੇ ਨੇ ਪਿੰਨ ਡ੍ਰੌਪ ਸਾਈਲੈਂਸ। ਮੌਨ ਦੀ ਉਸ ਅਵਸਥਾ ਵਿੱਚ ਵੀ ਅਕਸਰ ਹੀ ਸੰਵਾਦ ਚੱਲਦੇ ਰਹਿੰਦੇ ਹਨ। ਮਾਈਕ ਸਾਹਮਣੇ ਬੋਲਣ ਵੇਲੇ ਵੀ ਅਕਸਰ ਉਹਨਾਂ ਸਰੋਤਿਆਂ ਨਾਲ ਗੱਲ ਹੁੰਦੀ ਰਹਿੰਦੀ ਹੈ ਜਿਹੜੇ ਆਮ ਤੌਰ ਤੇ ਅੱਖਾਂ ਸਾਹਮਣੇ ਨਹੀਂ ਹੁੰਦੇ। ਸਿਰਫ ਆਵਾਜ਼ ਦਾ ਹੀ ਰਾਬਤਾ ਹੁੰਦਾ ਹੈ। ਦਿਲ ਵਾਲਾ ਰਾਬਤਾ ਹੁੰਦਾ ਹੈ। ਰੂਹਾਂ ਦੀ ਪਛਾਣ ਹੁੰਦੀ ਹੈ। ਮੈਡੀਟੇਸ਼ਨ ਵਰਗੀ ਇਸ ਅਵਸਥਾ ਵਿੱਚੋਂ ਜਿਹੜੀਆਂ ਕਾਵਿ ਰਚਨਾਵਾਂ ਜਨਮ ਲੈਂਦੀਆਂ ਹਨ ਉਹ ਸੱਚਮੁੱਚ ਸ਼ਾਹਕਾਰ ਹੁੰਦੀਆਂ ਹਨ। ਉਹਨਾਂ ਵਿੱਚੋਂ ਹੀ ਹੈ ਇਹ ਰਚਨਾ ਵੀ ਇੱਕ ਸ਼ਾਹਕਾਰ। ਤੁਹਾਨੂੰ ਇਹ ਕਾਵਿ ਰਚਨਾ ਕਿਹੋ ਜਿਹੀ ਲੱਗੀ ਜ਼ਰੂਰ ਦੱਸਣਾ। ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ ਹੀ। ਜਲਦੀ ਹੀ ਸਾਂਝੀਆਂ ਕਰਾਂਗੇ ਛਿੰਦਰ ਕੌਰ ਹੁਰਾਂ ਦੀਆਂ ਹੋਰ ਰਚਨਾਵਾਂ ਵੀ। ਉਹਨਾਨੀ ਦੀਆਂ ਕਾਵਿ ਰਚਨਾਵਾਂ ਵੀ ਅਤੇ ਵਾਰਤਕ ਵੀ। --ਰੈਕਟਰ ਕਥੂਰੀਆ
ਖਾਮੋਸ਼ੀ ਦੀਆਂ ਅਵਾਜ਼ਾਂ ਨੂੰ ਪਕੜਦੀ ਛਿੰਦਰ ਕੌਰ ਦੀ ਨਵੀਂ ਕਾਵਿ ਰਚਨਾ
ਸ਼ਬਦਾਂ ‘ਚ ਰਲੀ ਨਮੀਂ
ਹੌਲੀ -ਹੌਲੀ ਘਟਣ ਲੱਗ ਗਈ
ਘੁੰਮ ਕੇ ਬ੍ਰਹਿਮੰਡ
ਆਪਣੇ ਆਪ ਤਕ ਅੱਪੜ ਗਈ
ਪਿਆਰ ਦਾ ਰੁੱਖ ਪਾਲਣ ਲਈ
ਜਿੰਦ ਅਰਘ ਹੋ ਗਈ
ਰੁਦਨ’ਚ ਨਿਰਮਲ ਹੋਈਆ ਅੱਖਾਂ
ਆਦਿ ਤੋਂ ਅੰਤ ਤਕ ਰਾਖ਼ਵੀਆਂ ਨੇ
ਕਿਸੇ ਪਹੁੰਚੇ ਫਕੀਰ ਦੀ ਫੂਕ ਵਜੇ
ਤਵੀਤ ਜਿਹੀ ਅਰਾਮਦਾਇਕ
ਤਾਸੀਰ ਹੋ ਗਈ
ਹਵਾ ਪਾਣੀ ਬਦਲ ਗਿਆ
ਤਲਿਸਮੀ ਦਿਨ ਤੇ ਤਲਿਸਮੀ
ਹਰ ਸ਼ਾਮ ਹੋ ਗਈ
ਅੱਬਲ ਤੇ ਆਉਂਦੀ ਨਹੀਂ ਉਦਾਸੀ
ਜੇ ਆਉਂਦੀ ਵੀ ਹੈ ਤੇ ਬਹੁਤਾ ਚਿਰ
ਠਹਿਰਦੀ ਨਹੀਂ
ਠੰਡੀ -ਮਿੱਠੀ ਛਾਂ ਵਾਲਾ ਰੁੱਖ ਕਰ ਲਿਆ
ਖ਼ੁਦ ਨੂੰ
ਉਮਰਾਂ ਲਈ ਰੁਕ ਗਈ ਹਾਂ
ਰਾਹੀਓਂ ਵਸਨੀਕ ਹੋ ਗਈ
ਓਹ ਮੂਰਤੀਕਾਰ ਵੀ ਵਧੀਆ
ਤੇ ਕਿਸਮਤਘਾੜਾ ਵੀ ਚੰਗਾ
ਬਖ਼ਸ਼ਿਸ਼ਾਂ ਦਾ ਮੌਸਮ ਹੋ ਗਿਆ
ਤੇ ਧਿਆਨ ਦੀ ਇਹ ਰੁੱਤ ਹੋ ਗਈ!
--ਛਿੰਦਰ ਕੌਰ
ਇਸ ਰਚਨਾ ਬਾਰੇ ਆਪਣੇ ਵਿਚਾਰ ਭੇਜਣਾ ਨਾ ਭੁੱਲਣਾ। ਤੁਸੀਂ ਇਥੇ ਇਸ ਰਚਨਾ ਦੇ ਅਖੀਰ ਵਿਛਕ ਦਿੱਤੇ ਕੁਮੈਂਟ ਬਾਕਸ ਵਿਚ ਆਪਣੀਆਂ ਟਿੱਪਣੀਆਂ ਟਾਈਪ ਕਰ ਸਕਦੇ ਹੋ। ਟਿੱਪਣੀਆਂ ਨਾਲ ਆਪਣਾ ਨਾਮ, ਸ਼ਹਿਰ ਦਾ ਨਾਮ ਅਤੇ ਮੋਬਾਈਲ ਨੰਬਰ ਵੀ ਦੇਣਾ।
No comments:
Post a Comment