google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: ਇਸ ਗੱਲ ਦਾ ਜੁਆਬ ਲੇਖਕ ਕਿਉਂ ਦੇਵੇ?

Saturday 11 September 2021

ਇਸ ਗੱਲ ਦਾ ਜੁਆਬ ਲੇਖਕ ਕਿਉਂ ਦੇਵੇ?

 ਦੋਹਾਂ ਨੇ ਘਰੋਂ ਭੱਜ ਕੇ ਕਿਹੜਾ ਮੈਦਾਨ ਫਤਹਿ ਕਰ ਲਿਆ?


"ਕੁੱਖ ਦਾ ਕਤਲ" ਰਿਸ਼ੀ ਗੁਲਾਟੀ ਹੁਰਾਂ ਦੀ 14 ਸਾਲ ਪਹਿਲਾਂ ਲਿਖੀ ਗਈ ਕਹਾਣੀ ਹੈ ਪਰ ਹੁਣ ਲੰਮੇ ਵਕਫ਼ੇ ਮਗਰੋਂ ਫੇਸਬੁੱਕ ਤੇ ਵੀ ਪੋਸਟ ਕੀਤੀ ਗਈ ਹੈ ਹਾਲ ਹੀ ਵਿੱਚ 9 ਸਤੰਬਰ 2021 ਨੂੰ ਬਾਅਦ ਦੁਪਹਿਰ 1:23 ਵਜੇ। ਦਿਲਚਸਪ ਗੱਲ ਇਹ ਹੈ ਕਿ ਇਸਦੀ ਪ੍ਰਸੰਗਕਤਾ ਅੱਜ ਵੀ ਕਾਇਮ ਹੈ। ਅਜਿਹੀਆਂ ਘਟਨਾਵਾਂ ਅੱਜ ਵੀ ਹੁੰਦੀਆਂ ਹਨ। ਚਾਰ ਦਿਨਾਂ ਦੇ ਬੁਖਾਰ ਵਾਲੇ "ਇਸ਼ਕ" ਅਤੇ "ਪ੍ਰੇਮ" ਦੇ ਨਾਂਅ ਤੇ ਸਾਰੇ ਘਰ ਪਰਿਵਾਰ ਦੇ ਸਾਰੇ ਸੁਪਨੇ ਚਕਨਾਚੂਰ ਕਰ ਦਿੱਤੇ ਜਾਂਦੇ ਹਨ। ਆਪਣੀ ਜ਼ਿੰਦਗੀ ਵੀ ਬਰਬਾਦ ਕਰ ਲਈ ਜਾਂਦੀ ਹੈ ਅਤੇ ਦੂਜੇ ਦੀ ਵੀ। ਸਮਾਜ ਦੇ ਇੱਕ ਹਿੱਸੇ ਵੱਲੋਂ ਅਖੌਤੀ ਪ੍ਰਗਤੀਸ਼ੀਲਤਾ ਵਾਲੀ ਰੌਸ਼ਨੀ ਅਧੀਨ ਇਸਨੂੰ "ਆਜ਼ਾਦੀ" ਦੇ ਨਾਂਅ ਤੇ ਜਾਇਜ਼ ਵੀ ਠਹਿਰਾਇਆ ਜਾਂਦਾ ਹੈ ਅਤੇ ਕਿਹਾ ਜਾਂਦਾ ਹੈ ਕਿ ਇਸ ਵਿੱਚ ਗਲਤ ਹੀ ਕੀ ਸੀ? ਕਹਾਣੀ "ਕੁੱਖ ਦਾ ਕਤਲ" ਇਥੇ ਕਲਿੱਕ ਕਰ ਕੇ ਵੀ ਪੜ੍ਹ ਸਕਦੇ ਹੋ 

ਸਮਾਜ ਸੁਧਾਰ ਜਾਂ ਸਮਾਜ ਬਦਲਣ ਵਾਲੀ ਕਿਸੇ ਵੀ ਤਰ੍ਹਾਂ ਦੀ ਵਿਚਾਰਧਾਰਾ ਤੋਂ ਨਿਰਲੇਪ ਰਹਿ ਕੇ ਲਿਖੀ ਗਈ ਹੈ। ਇਹ ਕਹਾਣੀ ਸ਼ੁੱਧ ਤੌਰ ਤੇ ਉਹਨਾਂ ਕੋੜੀਆਂ ਹਕੀਕਤਾਂ ਦੀ ਗੱਲ ਕਰਦੀ ਹੈ ਜਿਹੜੀਆਂ ਅੱਜ ਵੀ ਸਮਾਜ ਵਿੱਚ ਮੌਜੂਦ ਹਨ। ਇਹ ਇੱਕ ਸ਼ੀਸ਼ਾ ਦਿਖਾਉਂਦੀ ਹੈ ਜਿਸ ਨੂੰ ਹਿੰਦੀ ਵਾਲੇ ਆਈਨਾ ਵੀ ਕਹਿੰਦੇ ਹਨ ਅਤੇ ਦਰਪਣ ਵੀ। ਇਸ ਤਰ੍ਹਾਂ ਸ਼ੀਸ਼ਾ ਦਿਖਾਉਂਣ ਤੋਂ ਬਾਅਦ ਇਹ ਬਾਕੀ ਸਭ ਕੁਝ ਸਮਾਜ ਤੇ ਛੱਡ ਦੇਂਦੀ ਹੈ। ਸਾਡੇ ਮੰਨਣ ਜਾਂ ਨਾ ਮੰਨਣ ਨਾਲ ਹਕੀਕਤ ਬਦਲਣ ਨਹੀਂ ਲੱਗੀ ਹਾਂ ਮਨਾਂ ਦੇ ਭਰਮ ਭਾਵੇਂ ਵੱਧ ਜਾਣ। ਇਹਨਾਂ ਕੌੜੀਆਂ ਹਕੀਕਤਾਂ ਤੇ ਪਰਦਾਪੋਸ਼ੀ ਤਾਂ ਬਹੁਤ ਸਾਰਿਆਂ ਨੇ ਕੀਤੀ ਹੋਣੀ ਹੈ ਪਰ ਇਹਨਾਂ ਨੂੰ ਬਦਲਣ ਲਈ ਜੱਥੇਬੰਦਕ ਤੌਰ ਤੇ ਕੋਈ ਠੋਸ ਹੰਭਲਾ ਸ਼ਾਇਦ ਕਿਸੇ ਨੇ ਨਹੀਂ ਮਾਰਿਆ। ਇੱਕਾ ਦੁੱਕਾ ਵਿਅਕਤੀਗਤ ਜਤਨ ਜ਼ਰੂਰ ਹੋਏ ਹੋਣੇ ਹਨ ਅਤੇ ਉਹਨਾਂ ਦਾ ਅਸਰ ਵੀ ਜ਼ਰੂਰ ਪਿਆ ਹੋਣਾ ਹੈ। ਇਸ ਕਹਾਣੀ ਵਿਚਲੀ ਸਾਰੀ ਬੇਬਸੀ ਦਾ ਕਾਰਨ ਵੀ ਕਮਜ਼ੋਰ ਆਰਥਿਕਤਾ ਹੀ ਕੇਂਦਰੀ ਪਹਿਲੂ ਬਣ ਕੇ ਉਘੜਦੀ ਹੈ। ਕਮਜ਼ੋਰ ਆਰਥਿਕਤਾ ਅਕਸਰ ਮਾੜੇ ਦਿਨ ਹੀ ਦਿਖਾਉਂਦੀ ਹੈ ਉਸਨੂੰ ਸਿਰਫ ਨਾਅਰਿਆਂ ਨਾਲ ਨਹੀਂ ਬਦਲਿਆ ਜਾ ਸਕਦਾ ਹਾਂ ਨਾਅਰਿਆਂ ਵਾਲੇ ਵਿਚਾਰਾਂ ਨਾਲ ਵਿਹਲਾ ਮਨ ਸ਼ੈਤਾਨ ਦਾ ਘਰ ਵਾਲੀ ਉਸ ਮਨੋਸਥਿਤੀ ਨੂੰ ਜ਼ਰੂਰ ਬਦਲਿਆ ਜਾ ਸਕਦਾ ਹੈ ਜਿਸਦਾ ਸ਼ਿਕਾਰ ਰਾਣੋ ਪੜ੍ਹੀ ਲਿਖੀ ਹੋ ਕੇ ਵੀ ਬਣ ਗਈ। ਉਸਨੇ ਆਪਣੇ ਪ੍ਰੇਮੀ ਨਾਇਕ ਰਾਜੇਸ਼ ਵਾਂਗ ਘਰ ਦੀਆਂ ਹਾਲਤਾਂ ਬਾਰੇ ਕਿਓਂ ਨ ਸੋਚਿਆ? ਮਾੜੀਆਂ ਹਾਲਤਾਂ ਵਾਲੇ ਘਰ ਵਿੱਚ ਪੜ੍ਹਾਈ ਕਰ ਕੇ ਵੀ ਉਸਦੇ ਦਿਲ ਦਿਮਾਗ ਵਿੱਚ ਇਹ ਖਿਆਲ ਕਿਓਂ ਨਾ ਜਾਗਿਆ ਕਿ ਕਰਜ਼ੇ ਚੁੱਕ ਚੁੱਕ ਕੀਤੀ ਪੜ੍ਹਾਈ ਮਗਰੋਂ ਹੁਣ ਘਰ ਪਰਿਵਾਰ ਦਾ ਕੀ ਬਣੂ? ਮੈਨੂੰ ਪੁੱਤਾਂ ਵਾਂਗ ਪੜ੍ਹਾਉਣ ਵਾਲੇ ਮਾਂ ਪਿਓ ਦਾ ਕੀ ਬਣੂ? ਉਸਨੂੰ ਇਹ ਖਿਆਲ ਕਿਓਂ ਨਾ ਆਇਆ ਜਿਸ ਬਾਰੇ ਇਹ ਗੀਤ ਬਹੁਤ ਹਰਮਨ ਪਿਆਰਾ ਹੋਇਆ ਸੀ--

ਭੂਖ ਔਰ ਪਿਆਸ ਕੀ ਮਾਰੀ ਹੁਈ ਇਸ ਦੁਨੀਆ ਮੇਂ; 

ਇਸ਼ਕ ਹੀ ਏਕ ਹਕੀਕਤ ਨਹੀਂ ਕੁਛ ਔਰ ਭੀ ਹੈ!

ਫਿਰ ਵੀ ਕਹਾਣੀ ਸਮਾਜ ਦੇ ਪੀੜਿਤ ਵਰਗ ਨਾਲ ਜੁੜੇ ਬਹੁਤ ਸਾਰੇ ਲੋਕਾਂ ਦੀ ਹਾਲਤ ਬਿਆਨ ਕਰਦੀ ਹੈ। ਵਿਚਾਰਧਾਰਕ ਸੇਧ ਦੇਣ ਦੇ ਨਾਂਅ  ਹੇਠ ਕਹਾਣੀ ਵਿਚ ਕੋਈ ਜਬਰੀ ਮੋੜਾ ਨਹੀਂ ਲਿਆਂਦਾ ਗਿਆ। ਸਮਾਜ ਸੁਧਾਰ ਦਾ ਖੋਖਲਾ ਜਿਹਾ ਕੋਈ ਫਰੇਮ ਵੀ ਨਹੀਂ ਪਾਇਆ ਗਿਆ। ਨਾ ਹੀ ਕਿਸੇ ਵਾਦ ਜਾਂ ਫਲਸਫੇ ਵਾਲਾ ਕਿਸੇ ਵਿਸ਼ੇਸ਼ ਰੰਗ ਦਾ ਕੋਈ ਚਸ਼ਮਾ ਚੜ੍ਹਾਇਆ ਗਿਆ ਹੈ। ਇਸ ਵਿਚਲਾ ਬਹੁਤ ਕੁਝ ਸਚ ਹੈ ਅਤੇ ਇਸ ਸਚ ਨੂੰ ਬਦਲਣ ਲਈ ਕੁਝ ਕਰਨਾ ਪੈਣਾ ਹੈ ਜਿਹੜਾ ਸਿਰਫ ਨਾਅਰੇ ਮਾਰ ਕੇ ਨਹੀਂ ਹੋਣਾ। ਨਾਅਰੇ ਵੀ ਤਾਂ ਹੁਣ ਸਿਰਫ ਸਿਆਸੀ ਜਿਹੇ ਬਣ ਕੇ ਰਹਿ ਗਏ ਹਨ।  ਇਹ ਨਾਅਰੇ ਹੁਣ ਸਮਾਜਿਕ ਤਬਦੀਲੀ ਦਾ ਕੋਈ ਰਸਤਾ ਨਹੀਂ ਦਿਖਾਉਂਦੇ। ਇਸਦੀ ਮੰਗ ਵੀ ਨਹੀਂ ਕਰਦੇ। ਸਿਰਫ ਅਤੇ ਸਿਰਫ ਸਿਆਸੀ ਸੱਤਾ ਬਦਲਣ ਦੀ ਗੱਲ ਕਰਦੇ ਹਨ। ਸਿਸਟਮ ਜਾਂ ਢਾਂਚਾ ਨਹੀਂ ਬਦਲਦੇ। ਇੱਕ ਝੰਡਾ ਹਟਾ ਦਿਓ ਤੇ ਦੂਜਾ ਝੰਡਾ ਲੈ ਆਓ। ਇੱਕ ਪਾਰਟੀ ਹਟਾ ਦਿਓ ਅਤੇ ਦੂਜੀ ਪਾਰਟੀ ਲੈ ਆਓ। ਸਮਾਜ ਦੀਆਂ ਹਾਲਤਾਂ ਕੌਣ ਬਦਲੇਗਾ ਇਸਦੀ ਗਾਰੰਟੀ ਕੋਈ ਮੰਗਦਾ ਹੀ ਨਹੀਂ ਦੇਣੀ ਤਾਂ ਕਿਸੇ ਨੇ ਕੀ ਹੈ? ਸ਼ਾਇਦ ਇਹ ਨਾਅਰੇ ਮਜਬੂਰ ਲੋਕਾਂ ਵੱਲੋਂ ਆਪਣੀ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਵੱਲੋਂ ਬਣ ਕੇ ਆਏ ਹੁੰਦੇ ਹਨ ਜਿਹਨਾਂ ਵਿਚ ਕਿਸੇ ਵੀ ਸਥਾਨਕ ਮਸਲੇ ਦੀ ਕੋਈ ਗੱਲ ਨਹੀਂ ਹੁੰਦੀ ਨਿਜੀ ਮਸਲਿਆਂ ਦੀ ਤਾਂ ਗੱਲ ਹੀ ਕੀ ਹੋਣੀ ਹੈ? ਜਦਕਿ ਦਰਦ ਦਾ ਅਹਿਸਾਸ ਨਿੱਜ ਤੋਂ ਹੀ ਵਿਕਸਿਤ ਹੋ ਕੇ ਸਮਾਜ ਤੱਕ ਪਹੁੰਚਦਾ ਹੈ। ਬਕੌਲ ਡਾ. ਰਣਧੀਰ ਸਿੰਘ ਚੰਦ-

ਇੱਕ ਬਿੰਦੂ ਫੈਲ ਕੇ ਦਾਇਰੇ ਬਰਾਬਰ ਹੋ ਗਿਆ;

ਤੇਰਾ ਗਮ ਕਤਰੇ ਜਿਹਾ ਸੀ, ਹੁਣ ਸਮੁੰਦਰ ਹੀ ਗਿਆ!

ਇਸ ਕਹਾਣੀ ਬਾਰੇ ਇੱਕ ਪਾਠਕਾ ਗੁਰਵਿੰਦਰ ਕੌਰ ਨੇ ਟਿੱਪਣੀ ਕਰਦਿਆਂ ਪੁੱਛਿਆ ਹੈ ਕਿ ਆਖਿਰ ਇਸਦਾ Moral ਕੀ ਹੈ? ਕਹਾਣੀ ਪੜ੍ਹ ਕੇ ਅਸੀਂ ਕਿਸ ਸਿੱਟੇ ਤੇ ਪੁੱਜਦੇ ਹਾਂ? ਇਸ ਪਾਠਕਾ ਦਾ ਇਤਰਾਜ਼ ਹੈ ਕਿ ਇਹ ਕਹਾਣੀ ਸਮਾਜ ਵਿੱਚ ਭਰੂਣ ਹੱਤਿਆ ਵਾਲੇ ਗਲਤ ਸੁਨੇਹੇ ਨੂੰ ਫੈਲਾਉਂਦੀ ਹੈ? ਕੀ ਕਿਸੇ ਕੁੜੀ ਨੂੰ ਆਪਣਾ ਜੀਵਨਸਾਥੀ ਚੁਣਨ ਦਾ ਹੱਕ ਨਹੀਂ?

ਇਸਦੇ ਜੁਆਬ ਵਿੱਚ ਲੇਖਕ ਰਿਸ਼ੀ ਗੁਲਾਟੀ ਕਹਿੰਦੇ ਹਨ:

ਚੌਦਾਂ ਸਾਲ ਪਹਿਲਾਂ ਜਦੋਂ ਇਹ ਕਹਾਣੀ ਲਿਖੀ ਸੀ, ਉਦੋਂ ਵੀ ਮੈਨੂੰ ਅਜਿਹੇ ਸੁਆਲਾਂ ਦਾ ਸਾਹਮਣਾ ਕਰਨਾ ਪਿਆ ਸੀ। ਪਿਛਲੇ ਦਿਨੀਂ ਇੱਕ ਵਿਲਕਦੇ ਪਿਓ ਦੀ ਵੀਡੀਓ ਸਭ ਨੇ ਵੇਖੀ ਹੋਵੇਗੀ, ਪਰ ਚੌਦਾਂ ਸਾਲ ਪਹਿਲਾਂ ਜੋ ਵਾਕਿਆ ਵੇਖ ਕੇ ਇਸ ਕਹਾਣੀ ਦਾ ਪਲਾਟ ਸਿਰਜਿਆ ਸੀ, ਉਹ ਇਹ ਵੀਡੀਓ ਵੇਖ ਕੇ ਜ਼ਿਹਨ ਵਿਚ ਮੁੜ ਤਾਜ਼ਾ ਹੋ ਗਿਆ।
ਲੇਖਕ ਨੂੰ ਕਟਿਹਰੇ ਵਿਚ ਤਾਂ ਹੀ ਖੜਾ ਕੀਤਾ ਜਾ ਸਕਦਾ ਹੈ, ਜੇਕਰ ਉਹ ਕੋਈ ਸਟੇਟਮੈਂਟ ਦੇ ਰਿਹਾ ਹੋਵੇ। ਇਸ ਕਹਾਣੀ ਵਿਚ 'ਕੁੱਖ ਦੇ ਕਤਲ' ਵਾਲੀ ਗੱਲ 'ਲੇਖਕ ਨਹੀਂ', ਉਹ ਦੁਖਿਆਰਾ ਪਿਓ ਕਰ ਰਿਹਾ ਹੈ, ਜਿਸ ਦੀ ਜੁਆਨ ਧੀ ਘਰੋਂ ਭੱਜ ਗਈ ਹੈ ਅਤੇ ਇਸੇ ਕਾਰਣ ਉਸਦੀ ਘਰ ਵਾਲੀ ਦੁਨੀਆ ਤੋਂ ਵਿਦਾ ਹੋ ਗਈ ਹੈ।
ਹੁਣ ਇਹ ਸੁਆਲ ਪੈਦਾ ਹੁੰਦਾ ਹੈ ਕਿ ਕੀ ਇਹ ਸਾਰੇ ਹਾਲਾਤ ਪੈਦਾ ਹੋਣ ਪਿੱਛੇ ਰਾਣੋ ਦੀ ਜ਼ਿੰਮੇਵਾਰੀ ਹੈ? ਕੀ ਉਹ ਆਪਣੀ ਮਰਜ਼ੀ ਨਾਲ ਜੀਵਨਸਾਥੀ ਚੁਣਨ ਦਾ ਹੱਕ ਨਹੀਂ ਰੱਖਦੀ?
ਇਸ ਗੱਲ ਦਾ ਜੁਆਬ ਲੇਖਕ ਕਿਉਂ ਦੇਵੇ? ਲੇਖਕ ਦਾ ਕੇਵਲ ਇੱਕ ਦਿਮਾਗ਼ ਹੈ, ਜਿਸਨੇ ਇਸ ਸਾਰੀ ਕਹਾਣੀ ਨੂੰ ਸਿਰਜਿਆ। ਪਾਠਕ ਹਜ਼ਾਰਾਂ ਜਾਂ ਇਸ ਤੋਂ ਵੀ ਵੱਧ ਗਿਣਤੀ ਦੇ ਹੋ ਸਕਦੇ ਹਨ। ਇਹ ਹਜ਼ਾਰਾਂ ਦਿਮਾਗ਼ ਮਿਲ ਕੇ ਵਿਚਾਰ ਕਰਨ ਕਿ ਰਾਣੋ ਜਿਸ ਸਮਾਜ ਵਿਚ ਵਿਚਰ ਰਹੀ ਸੀ, ਜੰਮੀ ਪਲੀ ਸੀ, ਕੀ ਉਸ ਸਮਾਜ ਵਿਚ ਘਰੋਂ ਭੱਜ ਕੇ ਵਿਆਹ ਕਰਵਾਉਣ ਨੂੰ ਮਾਨਤਾ ਮਿਲਦੀ ਹੈ, ਜੇਕਰ ਹਾਂ ਤਾਂ ਕਿੰਨੀ, ਜੇਕਰ ਨਹੀਂ ਤਾਂ ਕਿਉਂ? ਰਾਣੋ ਮਾਪਿਆਂ ਨੂੰ ਬੇਸ਼ੱਕ ਕੋਠੇ ਜਿੱਡੀ ਹੁੰਦੀ ਨਜ਼ਰ ਆਉਂਦੀ ਸੀ ਪਰ ਅਸਲ ਵਿਚ ਤਾਂ ਉਹ ਵੱਧ ਤੋਂ ਵੱਧ ਅਠਾਰਾਂ ਜਾਂ ਉਨੀਆਂ ਸਾਲਾਂ ਦੀ ਸੀ। ਉਮਰ ਦੇ ਇਸ ਦੌਰ ਵਿਚ ਉਸਨੂੰ ਵਿਆਹ ਕਰਵਾਉਣ ਦੀ, ਤੇ ਉਹ ਵੀ ਘਰੋਂ ਭੱਜ ਕੇ, ਕਾਹਦੀ ਕਾਹਲੀ ਸੀ? ਰਾਜੇਸ਼ ਵੀ ਤਾਂ ਅਜੇ ਬੇਰੋਜ਼ਗਾਰ ਸੀ। ਉਹ ਵੀ ਤਾਂ ਉਸਦੇ ਹਾਣ ਦਾ ਹੀ ਸੀ, ਸਾਲ-ਦੋ ਸਾਲ ਵੱਡਾ ਹੋਵੇਗਾ। ਉਸਦੇ ਮੋਢੇ ਵੀ ਤਾਂ ਕਬੀਲਦਾਰੀ ਦਾ ਭਾਰ ਚੁੱਕਣ ਜੋਗੇ ਨਹੀਂ ਸਨ। ਫਿਰ ਦੋਹਾਂ ਨੇ ਘਰੋਂ ਭੱਜ ਕੇ ਕਿਹੜਾ ਮੈਦਾਨ ਫਤਹਿ ਕਰ ਲਿਆ? ਇਸ਼ਕੇ ਦਾ ਬੁਖ਼ਾਰ ਤਾਂ ਦਰ-ਦਰ ਦੀਆਂ ਠੋਕਰਾਂ ਖਾ ਕੇ ਬੜੀ ਛੇਤੀ ਉਤਰ ਜਾਵੇਗਾ, ਪਰ ਜ਼ਿੰਦਗੀ ਕਿਵੇਂ ਬੀਤੇਗੀ? ਕੀ ਇਸ ਬਾਰੇ ਕੋਈ ਪਲਾਨ ਉਹਨਾਂ ਕੋਲ ਸੀ? ਬਿਲਕੁੱਲ ਨਹੀਂ।
ਉਹ ਦੋਵੇਂ ਤਾਂ ਆਪਣੇ ਮਾਪਿਆਂ ਨੂੰ ਵਿਆਹ ਲਈ ਰਾਜ਼ੀ ਕਰਨ ਦੇ ਕਾਬਿਲ ਵੀ ਨਹੀਂ ਸਨ। ਜੇਕਰ ਹੁੰਦੇ ਤਾਂ ਉਹਨਾਂ ਨੂੰ ਵੀ ਇਸ ਗੱਲ ਦਾ ਗਿਆਨ ਹੁੰਦਾ। ਜੇਕਰ ਉਹਨਾਂ ਦੀ ਸੋਚ ਇਨੀ ਹੀ ਮਚਿਉਰ ਹੁੰਦੀ ਤਾਂ ਉਹ ਇਹ ਕਦਮ ਕਦੇ ਨਾ ਚੁੱਕਦੇ। ਹੁਣ ਜੇਕਰ ਉਹਨਾਂ ਦੀ ਸੋਚ ਮਚਿਉਰ ਨਾ ਹੋਣ ਕਰਕੇ ਇਹ ਕਦਮ ਚੁੱਕ ਲਿਆ ਤਾਂ ਦੋਹਾਂ ਦੇ ਮਾਪਿਆਂ ਦੀ ਸਮਾਜ ਵਿਚ ਹੋਈ ਬਦਖੋਈ ਅਤੇ ਸੰਤੀ ਦੀ ਮੌਤ ਦੇ ਜ਼ਿੰਮੇਵਾਰ ਵੀ ਉਹੀ ਹਨ। ਜਿਨਾ ਕੁ ਤਜਰਬਾ ਆਪਣਾ ਸਭ ਦਾ ਇਸ ਸਮਾਜ ਵਿਚ ਵਿਚਰਨ ਦਾ ਹੋ ਚੁੱਕਿਆ ਹੈ, ਇਹ ਗੱਲ ਤਾਂ ਪੱਥਰ 'ਤੇ ਲਕੀਰ ਹੈ ਕਿ ਵਧੇਰੇ ਕਰਕੇ ਸਮਾਜ ਦੀਆਂ ਮਾਨਤਾਵਾਂ ਦੇ ਉਲਟ ਚੱਲਣਾ ਔਖਾ ਹੈ। ਸਮਾਜ ਤਾਂ ਛੱਡੋ, ਜੇਕਰ ਸਾਂਝਾ ਪਰਿਵਾਰ ਹੋਵੇ ਤਾਂ ਉਹਨਾਂ ਦਾ ਵਿਰੋਧ ਕਰਨਾ ਵੀ ਔਖਾ ਹੁੰਦਾ ਹੈ। ਚਲੋ ਸਾਰੀ ਗੱਲ ਛੱਡੋ! ਰਾਣੋ ਨੇ ਆਪਣੀ ਮਰਜ਼ੀ ਨਾਲ ਘਰ ਵਸਾਉਣ ਲਈ ਰਾਜੇਸ਼ ਨੂੰ ਮਜ਼ਬੂਰ ਕਰ ਦਿੱਤਾ, ਸਹੀ! ਆਪਣੀ ਜ਼ਿੰਦਗੀ ਖ਼ੁਦ ਜਿਉਣ ਦਾ ਹੌਸਲਾ ਕੀਤਾ, ਸਹੀ! ਪਰ ਜੋ ਕੁਝ ਉਸਦਾ ਬੇਕਸੂਰ ਪਿਓ ਭੁਗਤ ਰਿਹਾ ਹੈ, ਉਸਦਾ ਕੀ? ਕੀ ਉਸਦਾ ਕਸੂਰ ਇਹ ਹੈ ਕਿ ਉਸਨੇ ਆਪਣੀ ਸੋਚ ਤੋਂ ਅੱਗੇ ਵਧ ਕੇ ਆਪਣੀ ਧੀ ਨੂੰ ਪੈਰਾਂ ਸਿਰ ਕਰਨ ਦਾ ਫੈਸਲਾ ਕੀਤਾ? ਕੀ ਇਹ ਸਹੀ ਸੀ ਕਿ ਉਸਦਾ ਪਿਓ ਉਸਨੂੰ ਨਾ ਪੜ੍ਹਾਉਂਦਾ, ਉਹ ਘਰੇ ਹੀ ਰਹਿੰਦੀ, ਉਸਦੀ ਸੋਚ ਦਾ ਦਾਇਰਾ ਵਿਸ਼ਾਲ ਨਾ ਹੁੰਦਾ ਤੇ ਸਮਾਂ ਪਾ ਕੇ ਕਿਸੇ ਐਰੇ ਗੈਰੇ ਨੱਥੂ ਖੈਰੇ ਨਾਲ ਉਸਨੂੰ ਵਿਆਹ ਕੇ ਤੋਰ ਦਿੱਤਾ ਜਾਂਦਾ? ਮੁੜ ਉਹੀ ਚੱਕੀ ਗੇੜ ਉਸ ਨਾਲ ਵੀ ਸ਼ੁਰੂ ਹੋ ਜਾਂਦਾ, ਜੋ ਉਸਦੇ ਮਾਪਿਆਂ ਦਾ ਸੀ।
ਸੋ, ਜੇਕਰ ਕਹਾਣੀ ਨੂੰ ਪਾਤਰਾਂ ਦੇ ਨਾਲ-ਨਾਲ ਚੱਲਦਿਆਂ ਉਹਨਾਂ ਦੀ ਮਾਨਸਿਕਤਾ ਮੁਤਾਬਿਕ ਦੋਬਾਰਾ ਪੜ੍ਹੋਗੇ ਤਾਂ ਇਹ ਆਸ਼ਾ ਨਜ਼ਰ ਆਵੇਗਾ ਕਿ ਇਹ ਕਹਾਣੀ ਭਰੂਣ ਹੱਤਿਆ ਨੂੰ ਉਤਸ਼ਾਹਿਤ ਕਰਨ ਨਹੀਂ ਕਰਦੀ, ਬਲਕਿ ਨੌਜਵਾਨ ਪੀੜ੍ਹੀ ਨੂੰ ਆਪਣੀ ਅਕਲ ਨੂੰ ਹੱਥ ਮਾਰਨ ਦਾ ਸੰਦੇਸ਼ ਦਿੰਦੀ ਹੈ। ਸ਼ੁਕਰੀਆ!

ਡੈਸਕ ਇਨਪੁਟ: ਕੀ ਤੁਹਾਡੇ ਕੋਲ ਇਸ ਕਹਾਣੀ ਦਾ ਕੋਈ ਹੋਰ ਚੰਗੇਰਾ ਅੰਤ ਹੈ? ਜੇ ਹੈ ਤਾਂ ਕਿਰਪਾ ਕਰਕੇ ਜ਼ਰੂਰ ਲਿਖ ਭੇਜੋ। ਈਮੇਲ ਹੈ-medialink32@gmail.com

3 comments:

  1. ਇਹ ਕਹਾਣੀ ਨੂੰ ਮੈਂ ਵੀ ਪੜ੍ਹਿਆ । ਇਹ ਕਹਾਣੀ ਦੇ ਲੇਖਕ ਨੇ ਆਪਣੀ ਵਿਚਾਰਧਾਰਾ ਨੂੰ ਨਹੀਂ ਸਗੋਂ ਸਮਾਜ ਦੇ ਓਸ ਪਹਿਲੂ ਨੂੰ ਪੇਸ਼ ਕੀਤਾ ਹੈ ਜੋ ਕੁੜੀਆਂ ਦੀ ਭਰੂਣ ਹੱਤਿਆ ਦੀ ਇੱਕ ਖ਼ਾਸ ਵਜ੍ਹਾ ਹੈ । ਸਾਰੀ ਕਹਾਣੀ ਵਿੱਚ ਸਾਡੇ ਸਮਾਜ ਦਾ ਚਿਤਰਨ ਹੈ ਜਿਸ ਵਿੱਚ ਇੱਕ ਪਿਓ ਕੀ ਸੋਚਦਾ ਹੈ , ਮਾਂ ਕੀ ਸੋਚਦੀ ਹੈ । ਇੱਕ ਧੀ ਦੀਆਂ ਕੀ ਖਾਹਿਸ਼ਾਂ ਹਨ , ਕੀ ਬੰਦਿਸ਼ਾ ਹਨ

    ਇਸ ਸਭ ਰਿਸ਼ਤਿਆਂ ਦੇ ਤਾਣੇ ਬਾਣੇ ਦਾ ਉਹ ਮੰਜ਼ਰ ਹੈ ਜੋ ਸਾਡੇ ਆਲੇ ਦੁਆਲੇ ਰੋਜ਼ ਦੇਖਣ ਨੂੰ ਮਿਲਦਾ ਹੈ । ਇਸ ਕਹਾਣੀ ਵਿੱਚ ਕੋਈ ਸਮੱਸਿਆ ਦਾ ਕੋਈ ਹੱਲ ਨਹੀਂਹੈ , ਸਿਰਫ ਸਮੱਸਿਆ ਦਾ ਜ਼ਿਕਰ ਹੈ । ਜੋ ਜ਼ਰੂਰੀ ਵੀ ਬਣਦਾ ਹੈ , ਜੇਕਰ ਭਰੂਣ ਹੱਤਿਆ ਨੂੰ ਖਤਮ ਕਰਨਾ ਹੈ ਤਾਂ ਉਸ ਦੀ ਹਰ ਵਜ੍ਹਾ ਤੇ ਗ਼ੌਰ ਕਰਨਾ ਵੀ ਬਣਦਾ ਹੈ। ਫਿਰ ਹੀ ਅਸੀ ਉਸ ਦੇ ਹੱਲ ਵੱਲ ਵੱਧ ਸਕਦੇ ਹਾਂ ।

    ਕਹਾਣੀ ਵਿੱਚ ਇੱਕ ਸਮਾਜਿਕ ਮਰਜ਼ ਦਾ ਕਾਰਨ ਦੱਸਿਆ ਹੈ ਬਾਕੀ ਇਸ ਦਾ ਇਲਾਜ ਤਾਂ ਹੁਣ ਸਮਾਜ ਨੂੰ ਹੀ ਲੱਭਣਾ ਪਵੇਗਾ । ਕਿ ਉਸ ਨੇ ਪਿਓ ਦੀ ਸੋਚ ਬਦਲਣੀ ਆ , ਧੀ ਦੀ ਜਾਂ ਫਿਰ ਆਪਣੀ , ਜਿਸ ਨਾਲ ਭਰੂਣ ਹੱਤਿਆ ਨੂੰ ਰੋਕਿਆ ਜਾ ਸਕੇ ।

    ReplyDelete
    Replies
    1. ਸੰਮੀ ਜੀ ਸਮਾਜਿਕ ਤਬਦੀਲੀ ਲਈ ਤੁਸੀਂ ਜੋ ਕੁਝ ਕਿਹਾ ਉਹ ਬਹੁਤ ਅਰਥਪੂਰਨ ਹੈ..ਤੁਸੀਂ ਵੀ ਇਸ ਸਬੰਧੀ ਆਪਣੇ ਹੋਰ ਵਿਚਾਰ ਵਿਸਥਾਰ ਵਿਚ ਵੀ ਭੇਜਣ ਦੀ ਖੇਚਲ ਕਰਨਾ--

      Delete
  2. ਸ਼ੰਮੀ ਜੀ ਤੁਸੀਂ ਪਤੇ ਦੀਆਂ ਗੱਲਾ ਕਹੀਆਂ ਹਨ---ਇਹਨਾਂ ਅਨਮੋਲ ਵਿਚਾਰਾਂ ਲਈ ਤੁਹਾਡਾ ਸ਼ੁਕਰੀਆ....

    ReplyDelete