google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: ਕਿਸਾਨੀ ਖਿਲਾਫ ਸਾਜ਼ਿਸ਼ਾਂ ਦੇ ਭੇਦ ਖੁਲ੍ਹੇ ਲੇਖਕਾਂ ਦੇ ਅਜਲਾਸ ਵਿੱਚ

Sunday 12 September 2021

ਕਿਸਾਨੀ ਖਿਲਾਫ ਸਾਜ਼ਿਸ਼ਾਂ ਦੇ ਭੇਦ ਖੁਲ੍ਹੇ ਲੇਖਕਾਂ ਦੇ ਅਜਲਾਸ ਵਿੱਚ

 ਬਹੁਤ ਕੁਝ ਬੇਨਕਾਬ ਕੀਤਾ ਉਘੇ ਖੇਤੀ ਮਾਹਰ ਦਵਿੰਦਰ ਸ਼ਰਮਾ ਨੇ 

ਪ੍ਰਬੰਧ ਚਾਹੁੰਦਾ ਹੈ ਕਿਸਾਨ ਦੇ ਕਿੱਤੇ ਨੂੰ ਏਨਾ ਘਾਟੇ ਵਾਲਾ ਬਣਾ ਦਿਓ ਕਿ ਉਹ ਖੁਦ ਛੱਡ ਜਾਵੇ

*ਕੇਂਦਰੀ ਪੰਜਾਬੀ ਲੇਖਕ ਸਭਾ ਦਾ  ਡੇਢ ਸਾਲਾ ਇਜਲਾਸ
*ਦਿੱਤੇ ਤਿੰਨ ਸ‍ਾਹਿਤਕਾਰਾਂ ਦੀ ਯਾਦ ਵਿੱਚ ਤਿੰਨ ਪੁਰਸਕਾਰ

ਲੁਧਿਆਣਾ:12 ਸਤੰਬਰ 2021: (ਐਮ ਐਸ ਭਾਟੀਆ//ਸਾਹਿਤ ਸਕਰੀਨ)::

ਅੱਜ ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਆਪਣਾ ਪਹਿਲਾ ਡੇਢ ਸਾਲਾ ਇਜਲਾਸ ਪੰਜਾਬੀ ਭਵਨ ਲੁਧਿਆਣਾ  ਵਿਖੇ ਕੀਤਾ ਗਿਆ ਜਿਸ ਵਿੱਚ ਚਰਚਾ ਦਾ ਮੁਖ ਕੇਂਦਰੀ ਨੁਕਤਾ ਕਿਸਾਨੀ ਦਾ ਸੀ। ਕਿਸਾਨੀ ਦੇ ਖਿਲਾਫ ਚੱਲ ਰਹੀਆਂ ਸਾਜ਼ਿਸ਼ਾਂ ਨੂੰ ਲੇਖਕਾਂ ਦੇ ਇਸ ਸਮਾਗਮ ਦੌਰਾਨ ਪੂਰੀ ਤਰ੍ਹਾਂ ਬੇਨਕਾਬ ਕੀਤਾ ਗਿਆ। ਉਘੇ ਖੇਤੀ ਮਾਹਰ ਇਸ ਮੌਕੇ ਤੇ ਮੁਖ ਬੁਲਾਰੇ ਸਨ ਅਤੇ ਉਹਨਾਂ ਨੇ ਤੱਥਾਂ ਦੇ ਹਵਾਲੇ ਦੇ ਦੇ ਕੇ ਕਿਸਾਨੀ ਖਿਲਾਫ ਰਚੀਆਂ ਗਈਆਂ ਸਾਜ਼ਿਸ਼ਾਂ ਨੂੰ ਬੇਨਕਾਬ ਕੀਤਾ। 

ਅੱਜ ਦੇ ਅਜਲਾਸ ਬਾਰੇ ਜ਼ਿਕਰਯੋਗ ਹੈ ਕਿ ਸੰਵਿਧਾਨ ਅਨੁਸਾਰ ਹਰ ਮਿਆਦ ਵਿੱਚ ਦੋ ਇਜਲਾਸ ਹੋਣੇ ਹੁੰਦੇ ਹਨ। ਪ੍ਰਧਾਨਗੀ ਮੰਡਲ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਜਨਰਲ ਸਕੱਤਰ ਡਾ.ਸੁਖਦੇਵ ਸਿੰਘ ਸਿਰਸਾ, ਸੀ.ਮੀਤ ਪ੍ਰਧਾਨ ਡਾ.ਜੋਗਾ ਸਿੰਘ ਸਮੇਤ ਸ਼ਾਮਲ ਹੋਏ।ਲੇਖਕ ਖਰਾਬ ਮੌਸਮ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਪੁੱਜੇ।ਹੋਏ ਸਨ। ਕਿਤਾਬਾਂ ਵੀ ਰਿਲੀਜ਼ ਕੀਤੀਆਂ ਗਈਆਂ। 

ਸਮਾਗਮ ਨੂੰ  ਉੱਘੇ ਖੇਤੀ ਮਾਹਿਰ ਡਾ. ਦਵਿੰਦਰ ਸ਼ਰਮਾ ਨੇ ਵਿਸ਼ੇਸ ਤੌਰ ਸੰਬੋਧਨ ਕੀਤਾ। ਉਹਨਾਂ ਕਿਹਾ ਕਿ ਸਰਕਾਰੀ ਮੁਲਾਜ਼ਮਾਂ ਦੀ ਸਿਰਫ ਮੁੱਢਲੀ ਤਨਖਾਹ ਅਤੇ ਮਹਿੰਗਾਈ ਭੱਤਾ ਹੀ ਲੈ ਲਈਏ ਤਾਂ ਕਿਸਾਨ ਕਿਤੇ ਪਛੜ  ਜਾਂਦਾ ਹੈ। ਉਹਨਾਂ ਨੇ ਅੰਕੜੇ ਦੇ ਕੇ ਦੱਸਿਆ ਕਿ ਅਮਰੀਕਾ ਦੀ ਇਕ ਗਾਂ ਦੀ  ਖੁਰਾਕ  ਸਾਡੇ ਕਿਸਾਨ ਦੀ ਖੁਰਾਕ ਨਾਲੋਂ ਜਿਆਦਾ ਸੁਰੱਖਿਅਤ ਹੈ। ਡਾ. ਦਵਿੰਦਰ ਸ਼ਰਮਾ ਨੇ ਮੌਜੂਦਾ ਕਿਸਾਨੀ ਸੰਕਟ ਉਤੇ ਆਪਣਾ ਮੁਖ ਭਾਸ਼ਣ ਦਿੰਦਿਆਂ ਕਿਹਾ ਕਿ ਸਰਕਾਰਾਂ ਨੇ ਕਿਸਾਨਾਂ ਦੀ ਆਮਦਨ ਵਧਾਉਣ ਦੀਆਂ ਕੋਈ ਵੀ ਨੀਤੀਆਂ ਤਿਆਰ ਨਹੀਂ ਕੀਤੀਆਂ।ਉਹਨਾਂ 1975 ਤੋਂ 2020 ਤੱਕ ਦੇ ਸਰਕਾਰੀ ਅਤੇ ਕਾਰਪੋਰੇਟ ਖੇਤਰ ਦੀਆਂ ਤਨਖਾਹਾਂ ਦੇ ਤੱਥ ਦਿੰਦਿਆਂ ਸਪਸ਼ਟ ਕੀਤਾ ਕਿ ਜਿੱਥੇ ਸਰਕਾਰੀ ਤੇ ਕਾਰਪੋਰੇਟ ਖੇਤਰ 300 ਤੋਂ ਲੈ ਕੇ 1000 ਗੁਣਾ ਵਾਧਾ ਪ੍ਰਾਪਤ ਕਰ ਗਿਆ ਉੱਥੇ ਕਿਸਾਨੀ ਆਮਦਨ ਸਿਰਫ 19 ਗੁਣਾ ਵਧੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਘੱਟੋ ਘੱਟ ਸਮਰਥਨ ਮੁੱਲ,ਕਾਨੂੰਨੀ ਤੌਰ ਤੇ ਨਿਰਧਾਰਿਤ ਕਰੇ ਅਤੇ ਹਰ ਫਸਲ ਉਸ ਵਿੱਚ ਸ਼ਾਮਿਲ ਹੋਵੇ।

ਇਸ ਉਪਰੰਤ ਵਿਚਾਰ ਚਰਚਾ ਵਿੱਚ ਪੋ੍.ਕੇਵਲ ਕਲੋਟੀ, ਚਰਨ ਸਰਾਭਾ, ਡਾ ਜੋਗਾ ਸਿੰਘ, ਡਾ ਕਰਮਜੀਤ  ਸਿੰਘ ਤੇ ਮੱਖਣ ਕੁਹਾੜ ਨੇ ਭਾਗ ਲਿਆ। ਜਨਰਲ ਬਾਡੀ ਇਜਲਾਸ ਦੇ ਦੂਜੇ ਭਾਗ ਵਿੱਚ ਡਾ. ਸੁਖਦੇਵ ਸਿੰਘ ਸਿਰਸਾ ਨੇ ਕੇਂਦਰੀ ਸਭਾ ਦੇ ਪਿਛਲੇ ਕੰਮਾਂ ਦੀ ਰਿਪੋਰਟ ਪੇਸ਼ ਕੀਤੀ। ਰਿਪੋਰਟ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਗਿਆ। 

ਕੇਂਦਰੀ ਸਭਾ ਵੱਲੋਂ ਦਿੱਤੇ ਜਾਣ ਵਾਲੇ ਤਿੰਨ ਸਨਮਾਨ, ਗਿਆਨੀ ਹੀਰਾ ਸਿੰਘ ਦਰਦ, ਡਾ ਰਵਿੰਦਰ ਸਿੰਘ ਰਵੀ ਤੇ ਡਾ. ਐਸ ਤਰਸੇਮ, ਦੀ ਯਾਦ ਵਿਚ ਕ੍ਰਮਵਾਰ ਸ਼ੁਸ਼ੀਲ ਦੁਸ਼ਾਂਝ ,ਡਾ. ਸਰਬਜੀਤ ਸਿੰਘ ਅਤੇ ਗੁਰਬਚਨ ਸਿੰਘ ਭੁੱਲਰ ਨੂੰ ਭੇਂਟ ਕੀਤੇ ਗਏ। ਸਨਮਾਨਿਤ ਸ਼ਖ਼ਸੀਅਤਾਂ ਸਬੰਧੀ ਸਨਮਾਨ ਪੱਤਰ ਕ੍ਰਮਵਾਰ ਡਾ.ਕਰਮਜੀਤ ਸਿੰਘ, ਡਾ. ਅਰਵਿੰਦਰ ਕੌਰ 'ਕਾਕੜਾ' ਤੇ ਕੁਲਦੀਪ ਸਿੰਘ 'ਬੇਦੀ' ਨੇ ਪੜ੍ਹੇ। 

ਇਸ ਮੌਕੇ ਪੰਜਾਬ ਦੀਆਂ ਸਮੂਹ ਸਭਾਵਾਂ ਦੇ ਪ੍ਰਤਿਨਿਧ,ਕੇਂਦਰੀ ਸਭਾ ਦੇ ਸਮੂਹ ਅਹੁਦੇਦਾਰ ਅਤੇ ਕਾਰਜਕਾਰਨੀ ਮੈਂਬਰ ਹਾਜ਼ਰ ਸਨ।ਇਸ ਮੌਕੇ ਤਿੰਨ ਮਤੇ ਸਰਬ-ਸੰਮਤੀ ਨਾਲ ਪਾਸ ਕੀਤੇ ਗਏ ਜਿਨ੍ਹਾਂ ਵਿੱਚ 27 ਸਤੰਬਰ ਨੂੰ ਭਾਰਤ ਬੰਦ ਦਾ ਸਮਰਥਨ,ਬੇਰੁਜ਼ਗਾਰ ਅਧਿਆਪਕਾਂ ਨੂੰ ਪੱਕੇ ਕਰਨ ਅਤੇ ਪੰਜਾਬ ਯੂਨੀਵਰਸਿਟੀ ਦੇ ਲੋਕ-ਤੰਤਰੀ ਢਾਂਚੇ ਨੂੰ ਬਣਾਈ ਰੱਖਣਾ ਸ਼ਾਮਿਲ ਹੈ। ਇਜਲਾਸ ਵਿੱਚ ਕੇਂਦਰੀ ਸਭਾ ਦਾ ਪੰਜਾਬੀ ਲੇਖਕ ਅੰਕ 96 ਵੀ ਰਿਲੀਜ ਕੀਤਾ ਗਿਆ। ਡਾ ਜੋਗਾ ਸਿੰਘ ਨੇ ਆਏ ਹੋਏ ਸਮੂਹ ਲੇਖਕਾਂ ਦਾ ਧੰਨਵਾਦ ਕੀਤਾ। ਡਾ ਜੋਗਾ ਸਿੰਘ ਨੇ ਆਏ ਹੋਏ ਸਮੂਹ ਲੇਖਕਾਂ ਦਾ ਧੰਨਵਾਦ ਕੀਤਾ। ਕੁਲ ਮਿਲਾ ਕੇ ਇਹ ਇੱਕ ਸਫਲ ਅਜਲਾਸ ਰਿਹਾ।

ਉਂਝ ਤਾਂ ਬਹੁ ਗਿਣਤੀ ਲੇਖਕ ਲੋਕ ਅੰਦੋਲਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੁਰਦੇ ਹੀ ਆਏ ਹਨ ਪਰ ਜਾਂ ਤਾਂ ਇਹ ਇੱਕ ਦੁੱਕਾ ਵਿਅਕਤੀਗਤ ਵਰਗਾ ਪ੍ਰਭਾਵ ਹੁੰਦਾ ਸੀ ਤਾਂ ਜਾਂ ਫਿਰ ਟਰੇਡ ਯੂਨੀਅਨ ਦੇ ਸੱਦੇ ਵਰਗਾ। ਇਸ ਵਾਰ ਕੇਂਦਰੀ ਪੰਜਾਬੀ ਲੇਖਕ ਸਭਾ ਨੇ ਕਿਸਾਨੀ ਅਤੇ ਲੋਕ ਅੰਦੋਲਨਾਂ ਨਾਲ ਖੁੱਲ੍ਹ ਕੇ ਜੁੜਨ ਦੀ ਜੋ ਹਿੰਮਤ ਦਿਖਾਈ ਹੈ ਇਸਦੇ ਨੇੜ ਭਵਿੱਖ ਵਿੱਚ ਹੀ ਚੰਗੇ ਲੋਕਪੱਖੀ ਨਤੀਜੇ ਸਾਹਮਣੇ ਆਉਣਗੇ। ਜਿਹੜੇ ਕਲਮਕਾਰ ਅਜੇ ਵੀ ਕਿਸੇ ਦੁਬਿਧਾ ਵਿਚ ਹੋਣਗੇ ਉਹਨਾਂ ਨੂੰ ਇਸ ਨਾਲ ਪ੍ਰੇਰਨਾ ਮਿਲੇਗੀ।  ਆਉਣ ਵਾਲੇ ਦਿਨਾਂ ਵਿੱਚ ਕਿਸਾਨਾਂ ਦੇ ਨਾਲ ਲੇਖਕਾਂ ਦੇ ਹੋਰ ਵੱਡੇ ਕਾਫ਼ਿਲੇ ਤੁਰਨਗੇ। 

No comments:

Post a Comment