google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: ਦਿੱਲੀ ਦਾ ਤਖ਼ਤ ਖੁਸ਼ ਏ! ........//*ਕਸਤੂਰੀ ਲਾਲ

Friday 29 January 2021

ਦਿੱਲੀ ਦਾ ਤਖ਼ਤ ਖੁਸ਼ ਏ! ........//*ਕਸਤੂਰੀ ਲਾਲ

Friday: 29th January 2021 at 07:24 PM WhatsApp 

 ਲੋਟੂ ਢਾਣੀ ਢਿੱਡੋਂ ਖ਼ੁਸ਼ ਏ............ਹਾਕਮ ਦੀਆਂ ਪੰਜੇ ਘਿਓ 'ਚ ਨੇ 

ਇਹ ਤਸਵੀਰ ਫੇਸਬੁਕ ਤੋਂ ਧੰਨਵਾਦ ਸਹਿਤ 

ਲੋਕਪੱਖੀ ਕਲਾਕਾਰ ਕਿਰਤੀ ਕਸਤੂਰੀ ਲਾਲ 

26 ਜਨਵਰੀ ਗਣਤੰਤਰ ਪਰੇਡ,

ਕਿਸਾਨਾਂ ਦੀ ਟਰੈਕਟਰ ਪਰੇਡ,

ਟਿਕਟਿਕੀ ਤੇ ਨੀਝ ਲਾਕੇ ਬੈਠੀ,

ਕੁੱਲ ਜਹਾਨ ਦੀ ਲੋਕਾਈ ਦੇ,

ਵੇਂਹਦੇ ਵੇਂਹਦੇ, ਸੁੰਗੜ ਕੇ,

ਲਾਲ ਕਿਲ੍ਹੇ ਦੁਆਲ਼ੇ ਘੁੰਮ ਗਈ।

ਤਿਰੰਗੇ ਬਰਾਬਰ ਕੇਸਰੀ ਝੰਡਾ ਚੜ੍ਹਾਉਂਦੇ,

ਏਜੰਸੀਆਂ ਦੇ ਟੁੱਕੜਬੋਚ,

ਵਰਗਲਾਏ ਕੁੱਝ ਹੁਲੜਬਾਜ਼,

ਬਾਕੀ ਸਭ ਨਜ਼ਰਅੰਦਾਜ਼।

ਗੋਦੀ ਮੀਡੀਆ ਚੌਂਕ ਰਿਹੈ,

ਹਾਕਮ ਬਾਘੀਆਂ ਪਾ ਰਿਹੈ।

ਦਿੱਲੀ ਦਾ ਤਖ਼ਤ ਬਾਗ਼ੋਬਾਗ ਹੈ,

ਖਚਰਾ ਹੱਸਦੈ ਪਰਦੇ ਓਹਲੇ,

ਕੰਮ ਸੌਖਾਲਾ ਹੋ ਗਿਐ ਉਸਦਾ,

ਅੱਤਵਾਦੀ ਕਹੇ, ਦੇਸ਼ਧ੍ਰੋਹੀ ਆਖੇ,

ਜਾਂ ਵੱਖਵਾਦੀ,

ਜੋ ਮਰਜ਼ੀ ਨਾਂ-ਕੁਨਾਂ ਧਰੇ,

ਸੰਘਰਸ਼ੀ ਕਾਫ਼ਲਿਆਂ ਦੇ।

'ਦੇਸ਼ ਦਾ ਅਪਮਾਨ ਜਾਂ

ਤਿਰੰਗੇ ਦਾ ਨਿਰਾਦਰ,

ਕੂੜ ਪ੍ਰਚਾਰ ਦੀ, ਜੋ ਮਰਜ਼ੀ,

ਜਿੱਥੇ ਮਰਜ਼ੀ,ਝੱਗ ਸੁੱਟਦਾ ਫਿਰੇ।

ਝੂਠੇ ਕੇਸ ਪਾਏ, ਜੇਲ੍ਹੀਂ ਡੱਕੇ,

UAPA ਲਾਵੇ ਜਾਂ ਕੁੱਝ ਹੋਰ,

ਹਾਕਮ ਦੀਆਂ ਪੰਜੇ ਘਿਓ 'ਚ ਨੇ।

ਬਸੰਤੀ ਰੰਗ 'ਚ ਰੰਗੇ,

ਨਾਅਰੇ ਤੇ ਜੈਕਾਰੇ ਛੱਡਦੇ ਕਾਫ਼ਲੇ,

ਛੂਕਦੇ ਦਰਿਆ ਜਿਹੀ ਰਵਾਨੀ,

ਹਿਰਨਾਂ ਵਾਂਗ ਚੁੰਗੀਆਂ ਭਰਦਾ,

ਸੰਘਰਸ਼ ਦਾ ਸ਼ਾਂਤਮਈ ਸਰੂਪ,

ਪੰਜਾਬ, ਦੇਸ਼, ਦੁਨੀਆਂ ਦੇ ਵਿਹੜੇ

ਹਰ ਬਸ਼ਰ ਦੀ ਜ਼ੁਬਾਨ 'ਤੇ,

ਮਿਸ਼ਰੀ ਬਣ ਘੁਲ਼ ਰਹੀ,

ਸੰਘਰਸ਼ ਦੀ ਸਦਾਕਤ ਨਜ਼ਾਕਤ।

ਢੱਠੇ ਖੂਹ 'ਚ ਪਵੇ,  

ਟੁੱਕੜਬੋਚਾਂ ਨੇ ਤਿਰੰਗੇ ਬਰਾਬਰ, ਕੇਸਰੀ ਝੁਲਾ ਦਿੱਤਾ ਹੈ!

ਲੋਟੂ ਢਾਣੀ ਢਿੱਡੋਂ ਖ਼ੁਸ਼ ਏ। 

ਖੇਤੀ ਵਿਰੋਧੀ ਕਾਲ਼ੇ ਕਾਨੂੰਨਾਂ ਵਿਰੋਧੀ,

ਜਾਨ-ਹੂਲਵਾਂ ਸੰਘਰਸ਼,

ਮਾਣਮੱਤੀਆਂ ਸ਼ਹਾਦਤਾਂ,

ਸ਼ਾਨਾਮੱਤੇ ਸੰਘਰਸ਼ ਦੀ ਗਾਥਾ,

ਲੋਕਾਈ ਦੀਆਂ ਹਸਰਤਾਂ,

ਵੱਡੀਆਂ ਪ੍ਰਾਪਤੀਆਂ ਉੱਚੇ ਦਾਈਏ

ਪੈਰਾਂ ਥੱਲੇ ਰੌਂਦ ਕੇ, ਟੁੱਕੜਬੋਚਾਂ ਨੇ

ਤਿਰੰਗੇ ਬਰਾਬਰ ਕੇਸਰੀ ਚੜ੍ਹਾ ਦਿੱਤਾ ਹੈ........!

ਅੰਬਾਨੀਆਂ ਅਡਾਨੀਆਂ ਕਾਰਪੋਰੇਟ ਘਰਾਣਿਆਂ,

ਹੁਕਮਰਾਨਾਂ ਦਾ ਕੋੜਮਾ,

ਜਸ਼ਨ ਮਨਾ ਰਿਹਾ ਹੈ....

ਦਿੱਲੀ ਦਾ ਤਖ਼ਤ ਬੜਾ ਖੁਸ਼ ਏ।

                                   ਉਪਰੋਕਤ ਕਾਵਿ ਰਚਨਾ ਦਾ ਲੇਖਕ ਕਸਤੂਰੀ ਲਾਲ ਇੱਕ ਅਜਿਹਾ ਕਾਮ ਹੈ ਜਿਸਨੇ ਪਰਿਵਾਰ ਪਾਲਣ ਦਾ ਫਰਜ਼ ਅਦਾ ਕਰਦਿਆਂ ਇਹ ਗੱਲ ਕਦੇ ਨਹੀਂ ਭੁਲਾਈ ਕਿ ਦੇਸ਼ ਅਤੇ ਦੁਨੀਆ ਵੀ ਸਾਡੇ ਵੱਡੇ ਪਰਿਵਾਰ ਹਨ। ਜਦੋਂ ਕੋਈ ਪੂਰੇ ਦੇਸ਼ ਨੂੰ ਜਾਨ ਦੇਸ਼ ਦੇ ਲੋਕਾਂ ਨੂੰ ਕਿਸੇ ਪੂੰਜੀਪਤੀ ਘਰਾਣੇ ਦੇ ਪੈਰਾਂ ਤੇ ਰੱਖਣ ਦੀ ਸਾਜ਼ਿਸ਼ ਘੜਦਾ ਹੈ ਤਾਂ ਇਸ  ਦੇ  ਖਿਲਾਫ ਆਵਾਜ਼ ਉਠਾਉਣ ਵਾਲਿਆਂ ਵਿੱਚ ਕਸਤੂਰੀ ਲਾਲ ਵੀ ਸਰਗਰਮ ਹੁੰਦਾ ਹੈ। ਉਹ ਹਰ ਵਾਰ ਸਰਗਰਮ ਹੁੰਦਾ ਹੈ ਉਹ ਹੁਣ ਵੀ ਸਰਗਰਮ ਹੈ।  --ਰੈਕਟਰ ਕਥੂਰੀਆ 

No comments:

Post a Comment